ਨਵਦੀਪ ਸਿੰਘ ਗਿੱਲ
ਹਾਕੀ ਖੇਡ ਵਿੱਚ ਪੁਰਸ਼ਾਂ ਦੇ ਮੁਕਾਬਲਿਆਂ ਵਿੱਚ ਪੰਜਾਬੀਆਂ ਨੇ ਹਮੇਸ਼ਾਂ ਹੀ ਝੰਡੇ ਗੱਡੇ ਹਨ। ਔਰਤਾਂ ਦੇ ਮੁਕਾਬਲੇ ਪੁਰਸ਼ਾਂ ਵਿੱਚ ਪੰਜਾਬ ਨੇ ਕਈ ਸੰਸਾਰ ਜੇਤੂ ਖਿਡਾਰੀ ਪੈਦਾ ਕੀਤੇ ਹਨ ਪਰ ਫਿਰ ਵੀ ਕੁਝ ਕੁ ਮਹਿਲਾ ਖਿਡਾਰਨਾਂ ਅਜਿਹੀਆਂ ਹੋਈਆਂ ਹਨ ਜਿਹੜੀਆਂ ਹਾਕੀ ਦੀ ਖੇਡ ਵਿੱਚ ਪੰਜਾਬ ਨੂੰ ਸੰਸਾਰ ਪ੍ਰਸਿੱਧੀ ਉਤੇ ਲੈ ਕੇ ਗਈਆਂ ਹਨ। ਅਜਿਹੀ ਹੀ ਹਾਕੀ ਖਿਡਾਰਨ ਮਨਜਿੰਦਰ ਕੌਰ ਹੈ ਜਿਸ ਦਾ ਜਨਮ 17 ਜੁਲਾਈ 1975 ਨੂੰ ਹੋਇਆ।
ਰਾਸ਼ਟਰੀ ਪੱਧਰ ਤੇ ਪੰਜਾਬ ਅਤੇ ਉੱਤਰੀ ਰੇਲਵੇ ਵੱਲੋਂ ਖੇਡਣ ਵਾਲੀ ਮਨਜਿੰਦਰ ਫਾਰਵਰਡ ਪੰਕਤੀ ਵਿੱਚ ਖੇਡਦੀ ਹੋਈ ਭਾਰਤੀ ਟੀਮ ਦੇ ਹਮਲਿਆਂ ਦੀ ਮੋਢੀ ਹੁੰਦੀ ਹੈ। ਅੰਤਰਰਾਸ਼ਟਰੀ ਮੱਧਰ ਤੇ 1991 ਤੋ ਮੱਲਾਂ ਮਾਰਨ ਵਾਲੀ ਮਨਜਿੰਦਰ 16 ਸਾਲ ਦੀ ਉਮਰ ਵਿੱਚ ਹੀ ਆਪਣੀ ਖੇਡ ਦੀ ਸਿਖਰ ਉਤੇ ਸੀ। ਇੱਕ ਦਹਾਕੇ ਤੋ ਉੱਪਰ ਹਾਕੀ ਤੇ ਰਾਜ ਕਰਨ ਵਾਲੀ ਮਨਜਿੰਦਰ ਇੱਕ ਵਿਸ਼ਵ ਕੱਪ, ਤਿੰਨ ਏਸ਼ਿਆਈ ਖੇਡਾਂ, ਦੋ-ਦੋ ਏਸ਼ੀਆ ਕੱਪ ਤੇ ਰਾਸ਼ਟਰਮੰਡਲ ਖੇਡਾਂ ਤੋਂ ਇਲਾਵਾ ਹੋਰ ਅਨੇਕਾਂ ਟੂਰਨਾਮੈਂਟ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ। ਐਫ.ਆਈ.ਐਚ. ਇੰਟਰ ਨੈਸ਼ਨਲ ਕੱਪ, ਅੰਤਰ ਮਹਾਂਦੀਪੀ ਕੱਪ ਖੇਡ ਚੁੱਕੀ ਮਨਜਿੰਦਰ 1998 ਵਿੱਚ ਯੂਰੋਪ ਤੇ ਅਮਰੀਕਾ ਦੇ ਟੂਰ ਤੇ ਭਾਰਤੀ ਟੀਮ ਦੀ ਕਪਤਾਨੀ ਵੀ ਕਰ ਚੁੱਕੀ ਹੈ। 1993 ਦੇ ਏਸ਼ੀਆ ਕੱਪ ਵਿੱਚ ਸਿੰਘਾਪੁਰ ਖਿਲਾਫ ਹੈਟ ਟਰਿੱਕ ਮਾਰਨ ਵਾਲੀ ਮਨਜਿੰਦਰ ਪਹਿਲੀ ਭਾਰਤੀ ਖਿਡਾਰਨ ਹੈ ਜਿਸ ਨੇ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਹੈਟ ਟਰਿੱਕ ਲਗਾਈ ਹੋਵੇ।
ਮਨਜਿੰਦਰ ਨੇ ਪਹਿਲੀ ਵੱਡੀ ਪ੍ਰਾਪਤੀ 1998 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਹਾਸਲ ਕੀਤੀ ਜਦੋਂ ਮਨਜਿੰਦਰ ਦੀ ਬਦੌਲਤ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਮਨਜਿੰਦਰ ਦੀ ਸਟਿੱਕ ਨੇ 4 ਗੋਲ ਵੀ ਕੀਤੇ। 1999 ਦੇ ਏਸ਼ੀਆ ਕੱਪ ਵਿੱਚ ਮਨਜਿੰਦਰ ਦੇ ਤਿੰਨ ਗੋਲਾਂ ਦੀ ਬਦੌਲਤ ਭਾਰਤ ਨੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ।ਲੰਬੇ ਸਮੇਂ ਤੋਂ ਖਿਤਾਬੀ ਜਿੱਤਾਂ ਨੂੰ ਤਰਸ ਰਹੀ ਭਾਰਤੀ ਮਹਿਲਾ ਹਾਕੀ ਟੀਮ ਨੇ 2002 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।ਭਾਰਤੀ ਮਹਿਲਾ ਹਾਕੀ ਦੀਆਂ ਸੁਨਹਿਰੀ ਪ੍ਰਾਪਤੀਆਂ ਵਿੱਚੋਂ ਇਹ ਸਭ ਤੋਂ ਸਿਖਰਲੀ ਪ੍ਰਾਪਤੀ ਹੈ। ਇਸ ਇਤਿਹਾਸਕ ਜਿੱਤ ਵਿੱਚ ਮਨਜਿੰਦਰ ਕੌਰ ਭਾਰਤੀ ਟੀਮ ਦੀ ਮੁੱਖ ਖਿਡਾਰਨ ਸੀ। ਰਾਸ਼ਟਰਮੰਡਲ ਖੇਡਾਂ ਦੀ ਜਿੱਤ ਤੋ ਬਾਅਦ ਐਨ. ਆਈ. ਐਸ. ਪਟਿਆਲੇ ਵਿਖੇ ਮਨਜਿੰਦਰ ਅਤੇ ਭਾਰਤੀ ਟੀਮ ਦੇ ਕੋਚ ਗੁਰਦਿਆਲ ਸਿੰਘ ਭੰਗੂ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਤਾਂ ਉਦੋਂ ਉਨ੍ਹਾਂ ਦੱਸਿਆ ਕਿ ਮਨਜਿੰਦਰ ਨਿੱਜੀ ਖੇਡ ਤੋਂ ਇਲਾਵਾ ਵਿਰੋਧੀ ਟੀਮ ਉੱਪਰ ਹਮਲਿਆਂ ਵਿਚ ਬਹੁਤ ਸਹਾਈ ਹੁੰਦੀ ਹੈ।
ਕੌਮਾਂਤਰੀ ਪੱਧਰ ਉਤੇ ਮਨਜਿੰਦਰ 2002 ਵਿੱਚ ਚੈਂਪੀਅਨ ਚੈਲੇਂਜ ਟੂਰਨਾਮੈਂਟ ਵਿੱਚ ਭਾਰਤ ਲਈ ਕਾਂਸੀ ਦਾ ਤਮਗ਼ਾ ਜਿੱਤ ਚੁੱਕੀ ਹੈ। ਰਾਸ਼ਟਰੀ ਪੱਧਰ ਤੇ ਵੀ ਮਨਜਿੰਦਰ ਆਪਣੀਆਂ ਟੀਮਾਂ ਨੂੰ ਵੱਡੀਆਂ ਜਿੱਤਾਂ ਦੁਆ ਚੁੱਕੀ ਹੈ।
ਤਿੰਨ ਸੀਨੀਅਰ ਨੈਸ਼ਨਲ ਜਿੱਤਣ ਵਾਲੀ ਮਨਜਿੰਦਰ ਰੇਲਵੇ ਨੂੰ ਫੈਡਰੇਸ਼ਨ ਕੱਪ ਅਤੇ ਇੰਟਰ ਰੇਲਵੇ ਚੈਪੀਅਨਸ਼ਿਪ ਵੀ ਜਿਤਾ ਚੁੱਕੀ ਹੈ। ਮਨਜਿੰਦਰ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਵਿੱਚ ਪੰਜਾਬ ਦੀ ਅਜਿਹੀ ਫਾਰਵਰਡ ਨਹੀਂ ਆਈ ਜਿਸ ਨੇ ਇੰਨੀਆਂ ਪ੍ਰਾਪਤੀਆਂ ਖੱਟੀਆਂ ਹੋਣ।
-0-
