ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਹਮੇਸ਼ਾ ਸੁਰਖੀਆਂ ਵਿਚ ਬਣੀ ਓ ਦੀ ਹੈ। ਇਕ ਵਾਰ ਫਿਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿਚ ਹੈ। ਪਿਛਲੇ ਕੁਝ ਸਮੇਂ ਤੋਂ ਪ੍ਰਸਿੱਧ ਮਾਡਲ ਐਮ. ਐਮ. ਏ. ਫਾਈਟਰ ਅਤੇ ਬਾਲੀਵੁੱਡ ਇਨਸਾਈਡਰ ਕਾਂਗਰਸ ਨੇਤਾ ਅਰਜਨ ਬਾਜਵਾ ਨਾਲ ਉਸ ਦੀ ਲਿੰਕਅਪ ਦੀਆਂ ਖ਼ਬਰਾਂ ਚੰਗੀਆਂ ਚਰਚਾ ਵਿਚ ਹਨ।
ਖ਼ਬਰਾਂ ਵੱਲ ਦੇਖੀਏ ਤਾਂ ਸਾਰਾ ਅਲੀ ਖਾਨ ਅੱਜਕੱਲ੍ਹ ਅਰਜਨ ਬਾਜਵਾ ਨੂੰ ਡੇਟ ਕਰ ਰਹੀ ਹੈ। ਅਕਸ਼ੈ ਕੁਮਾਰ ਦੀ ਫ਼ਿਲਮ ‘ਸਿੰਘ ਇਜ਼ ਬਲਿੰਗ’ (2015) ਵਿਚ ਸਹਾਇਕ ਦੇ ਤੋਰ `ਤੇ ਕੰਮ ਕਰ ਚੁੱਕੇ ਅਰਜਨ ਬਾਜਵਾ ਅਤੇ ਸਾਰਾ ਅਲੀ ਖਾਨ ਵਿਚਾਲੇ ਅਫੇਅਰ ਦੀਆਂ ਖ਼ਬਰਾਂ ਇਸ ਸਾਲ ਅਕਤੂਬਰ ਵਿਚ ਉਸ ਸਮੇਂ ਫੈਲਣੀਆਂ ਸ਼ੁਰੂ ਹੋਈਆਂ ਜਦੋਂ ਦੋਵਾਂ ਨੂੰ ਕੇਦਾਰਨਾਥ ਯਾਤਰਾ `ਤੇ ਇਕੱਠੇ ਦੇਖਿਆ ਗਿਆ। ਦੋਵਾਂ ਨੇ ਉਸ ਟਿੱਪ ਦੀਆਂ ਫੋਟੋਆਂ ਵੱਖ-ਵੱਖ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸਾਂਝੀਆਂ ਕੀਤੀਆਂ ਸਨ। ਕੇਦਾਰਨਾਥ ਯਾਤਰਾ ਤੋਂ ਬਾਅਦ ਅਰਜਨ ਬਾਜਵਾ ਅਤੇ ਸਾਰਾ ਅਲੀ ਖਾਨ ਹਾਲ ਹੀ ਵਿਚ ਰਾਜਸਥਾਨ ਵਿਚ ਫਿਰ ਤੋਂ ਇਕੱਠੇ ਘੁੰਮਦੇ ਹੋਏ ਨਜ਼ਰ ਆਏ। ਸਾਰਾ ਅਲੀ ਖਾਨ ਆਉਣ ਵਾਲੀ ਫ਼ਿਲਮ ‘ਸਕਾਈ ਫੋਰਸ’ ਵਿਚ ਅਕਸ਼ੈ ਕੁਮਾਰ ਦੇ ਨਾਲ ਦਿਸੇਗੀ। ਇਸ ਤੋਂ ਇਲਾਵਾ ਉਹ ਅਨੁਰਾਗ ਬਸੂ ਦੀ ਫ਼ਿਲਮ ‘ਮੈਟਰੋ ਇਨ ਦਿਨੋਂ’ ਵਿਚ ਆਦਿੱਤਿਆ ਰਾਏ ਕਪੂਰ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ਵਿਚ ਅਨੁਪਮ ਖੇਰ, ਪੰਕਜ ਤ੍ਰਿਪਾਠੀ, ਨੀਨਾ ਗੁਪਤਾ ਅਤੇ ਫਾਤਿਮਾ ਸਨਾ ਸ਼ੇਖ ਵੀ ਦਿਖਾਈ ਦੇਣਗੇ । ਸਾਰਾ ਅਲੀ ਖਾਨ ਆਯੁਸ਼ਮਾਨ ਖੁਰਾਣਾ ਦੇ ਨਾਲ ਇਕ ਅਨਟਾਈਟਲਡ ਸਪਾਈ ਕਾਮੇਡੀ ਫ਼ਿਲਮ ਵੀ ਕਰ ਰਹੀ ਹੈ। ਧਰਮਾ ਪ੍ਰੋਡਕਸ਼ਨ ਦੀ ਇਸ ਫ਼ਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਤੇਜ਼ੀ ਨਾਲ ਚੱਲ ਰਹੀ ਹੈ। ਸਾਰਾ ਅਲੀ ਖਾਨ ਨੇ ਫ਼ਿਲਮ ‘ਕੇਦਾਰਨਾਥ’ (2018) ਤੋਂ ਡੈਬਿਊ ਕੀਤਾ ਸੀ। ਇਸ ਫ਼ਿਲਮ ਵਿਚ ਉਹ ਸਵਰਗੀ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਸੀ। ਟਿਕਟ ਖਿੜਕੀ ਦੇ ਲਿਹਾਜ਼ ਨਾਲ ਫ਼ਿਲਮ ਬੇਸ਼ੱਕ ਹਿੱਟ ਨਹੀਂ ਸੀ, ਪਰ ਦਰਸ਼ਕਾਂ ਨੇ ਛੋਟੇ ਨਵਾਬ ਦੀ ਇਸ ਬੇਟੀ ਨੂੰ ਬਹੁਤ ਪਸੰਦ ਕੀਤਾ। ਰੋਹਿਤ ਸ਼ੈਟੀ ਦੀ ਫ਼ਿਲਮ ‘ਸਿੰਬਾ’ (2018) ਸਾਰਾ ਅਲੀ ਖਾਨ ਦੀ ਪਹਿਲੀ ਹਿੱਟ ਫ਼ਿਲਮ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਉਸ ਤੋਂ ਬਾਅਦ ਤੋਂ ਹੁਣ ਤੱਕ ਉਹ ‘ਲਵ ਆਜ ਕਲ’, ‘ਕੁਲੀ ਨੰਬਰ 1’, ‘ਅਤਰੰਗੀ ਰੇ’, ‘ਜ਼ਰਾ ਹਟ ਕੇ ਜ਼ਰਾ ਬਚ ਕੇ’, ‘ਮਰਡਰ ਮੁਬਾਰਕ’ ਵਰਗੀਆਂ ਕਈ ਫ਼ਿਲਮਾਂ ਵਿਚ ਨਜ਼ਰ ਆ ਚੁੱਕੀ ਹੈ। ਸਾਰਾ ਅਲੀ ਖਾਨ ਆਖਰੀ ਵਾਰ ਇਸ ਸਾਲ ਰਿਲੀਜ਼ ਹੋਈ ਫ਼ਿਲਮ ‘ਐ ਵਤਨ ਮੇਰੇ ਵਤਨ’ ਵਿਚ ਨਜ਼ਰ ਆਈ ਸੀ, ਪਰ ਇਸ ਫ਼ਿਲਮ ਦਾ ਟਿਕਟ ਖਿੜਕੀ `ਤੇ ਬੁਰੀ ਤਰ੍ਹਾਂ ਡੱਬਾ ਗੋਲ ਹੋ ਗਿਆ।