ਪਿਆਰ ਦਾ ਪਾਤਰ: ਸੁਰਜੀਤ ਪਾਤਰ

ਡਾ.ਲਖਵਿੰਦਰ ਸਿੰਘ ਜੌਹਲ
ਫੋਨ: 94171-94812
ਸੁਰਜੀਤ ਪਾਤਰ ਪੰਜਾਬੀ ਸਾਹਿਤ ਦੀ ਉਹ ਸਰਬ ਪ੍ਰਮਾਣਿਤ ਸ਼ਖ਼ਸੀਅਤ ਸੀ, ਜਿਸ ਨੂੰ ਹਰ ਕੋਈ ਸਤਿਕਾਰ ਦਿੰਦਾ ਸੀ, ਪਿਆਰ ਕਰਦਾ ਸੀ ਤੇ ਉਸ ਤੋਂ ਅਗਵਾਈ ਲੈਂਦਾ ਸੀ। ਉਸ ਨੂੰ ਪੰਜਾਬੀ ਕਵਿਤਾ ਦੀਆਂ ਸਾਰੀਆਂ ਆਧੁਨਿਕ ਲਹਿਰਾਂ ਅਤੇ ਪ੍ਰਵਿਰਤੀਆਂ ਨਾਲ ਮੇਚ ਕੇ ਵੇਖੀਏ ਤਾਂ ਉਹ ਆਪਣੀ ਲੇਖਣੀ ਅਤੇ ਆਪਣੀ ਪੇਸ਼ਕਾਰੀ ਦੇ ਹਰਮਨ ਪਿਆਰੇ ਅੰਦਾਜ਼ ਕਰਕੇ, ਇੱਕ ਬੇਜੋੜ ਕਵੀ ਅਤੇ ਪਾਰਗਾਮੀ ਸੁਭਾਅ ਵਾਲੀ ਅਜਿਹੀ ਸੂਖਮ ਸ਼ਖ਼ਸੀਅਤ ਸੀ, ਜੋ ਚੰਗਾੜ ਭਰੇ ਸੰਘਣੇ ਜੰਗਲ ਵਿੱਚ ਵੀ ਸ਼ਾਂਤ ਵਗਦੇ ਦਰਿਆ ਵਰਗੀ ਸੀ। ‘ਹਵਾ ‘ਚ ਲਿਖੇ ਹਰਫ਼’ ਤੋਂ ‘ਇਹ ਬਾਤ ਨਿਰੀ ਏਨੀ ਹੀ ਨਹੀਂ’ ਤੱਕ ਫੈਲਿਆ ਹੋਇਆ ਉਹਨਾਂ ਦਾ ਸਾਹਿਤ ਸੰਸਾਰ, ਸ਼ਬਦਾਂ ਅਤੇ ਸੁਰਾਂ ਦਾ ਅਦਭੁਤ ਸੁਮੇਲ ਹੈ।

‘ਬੁੱਢੀ ਜਾਦੂਗਰਨੀ’, ‘ਪੁਲ’, ‘ਘਰਾਂ ਨੂੰ ਪਰਤਣਾ’ ਤੇ ‘ਘਰਰ ਘਰਰ’ ਵਰਗੀਆਂ ਦਮਦਾਰ ਕਵਿਤਾਵਾਂ ਦਾ ਇਹ ਰਚੇਤਾ, ਜਦੋਂ ਗ਼ਜ਼ਲੀਅਤਾ ਅਤੇ ਪ੍ਰਗੀਤਿਕਤਾ ਨੂੰ ਆਪਣੀ ਲੇਖਣੀ ਦੀ ਮੁੱਖ ਸੁਰ ਬਣਾਉਂਦਾ ਹੈ, ਤਾਂ ਉਸ ਦੀ ਰਚਨਾ ਪੰਜਾਬੀਆਂ ਦੀ ਰੂਹ ਦਾ ਰਾਗ ਪ੍ਰਤੀਤ ਹੁੰਦੀ ਹੈ।ਜਿਸ ਵਿੱਚ ਪੰਜਾਬੀਅਤ ਦੀ ਨਿਸ਼ਕਾਮਤਾ ਝਲਕਦੀ ਦਿਸਦੀ ਹੈ:-
ਹਮੇਸ਼ਾ ਲੋਚਿਆ ਬਣਨਾ
ਤੁਹਾਡੇ ਪਿਆਰ ਦੇ ਪਾਤਰ
ਕਦੇ ਨਾ ਸੋਚਿਆ ਆਪਾਂ ਕਿ
ਆਹ ਬਣਦੇ ਜਾਂ ਔਹ ਬਣਦੇ
ਅਜਿਹੀਆਂ ਸਰਲ ਸਾਦੇ ਸੁਭਾਅ ਵਾਲੀਆਂ ਗ਼ਜ਼ਲਾਂ ਲਿਖਣ ਵਾਲਾ ਸੁਰਜੀਤ ਪਾਤਰ ਜਦੋਂ ਸਮਾਜ, ਸੱਭਿਆਚਾਰ ਅਤੇ ਵਿਵਸਥਾ ਦੀਆਂ ਗਹਿਰੀਆਂ ਪਰਤਾਂ ਨੂੰ ਆਪਣੇ ਸੂਖ਼ਮ ਅੰਦਾਜ਼ ਨਾਲ ਕਲਮਬੱਧ ਕਰਦਾ ਹੈ ਤਾਂ ਕਾਵਿ ਰਸੀਆਂ ਦਾ ਧਿਆਨ ਖਿੱਚਦਾ ਹੋਇਆ ਮਕਬੂਲੀਅਤ ਦੇ ਚਰਮ ਤੱਕ ਪਹੁੰਚਦਾ ਹੈ।
ਕੋਲੰਬੀਆ ਦੇ ਵਿਸ਼ਵ ਕਵਿਤਾ ਉਤਸਵ ਵਿਚ ਭਾਰਤੀ ਕਵਿਤਾ ਦੀ ਪ੍ਰਤੀਨਿਧਤਾ ਕਰਨਾ, ਚੀਨ ਵਿਚ ਜਾਣ ਵਾਲੇ ਭਾਰਤੀ ਲੇਖਕਾਂ ਦੇ ਵਫ਼ਦ ਵਿਚ ਸ਼ਾਮਿਲ ਹੋਣਾ, ਨਿਊਯਾਰਕ ਦੀ ਲਿਟਰੇਚਰ ਕਾਨਫ਼ਰੰਸ ਵਿਚ ਭਾਰਤੀ ਕਵੀ ਵਜੋਂ ਸ਼ਾਮਿਲ ਹੋਣਾ, ਜਰਮਨ ਦੇ ਪੁਸਤਕ ਮੇਲੇ ਵਿਚ ਪੰਜਾਬੀ ਕਵੀ ਵਜੋਂ ਹਾਜ਼ਰੀ ਭਰਨੀ, ਆਬੂਧਾਬੀ ਦੇ ਵਿਸ਼ਵ ਪੁਸਤਕ ਮੇਲੇ ਵਿਚ ਭਾਰਤੀ ਸਾਹਿਤਕਾਰ ਵਜੋਂ ਉਸ ਨੂੰ ਬੁਲਾਏ ਜਾਣਾ, ਸੁਰਜੀਤ ਪਾਤਰ ਦੇ ਵੱਡੇ ਹਾਸਿਲ ਸਨ।
ਦੁਆਬੇ ਦੇ ਪਿੰਡ ਪੱਤੜ ਕਲਾਂ ਵਿੱਚ 14 ਜਨਵਰੀ, 1945 ਨੂੰ ਪੈਦਾ ਹੋਇਆ ਪਾਤਰ ਰੋਟੀ ਰੋਜ਼ੀ ਲਈ ਲੁਧਿਆਣਾ ਵਾਸੀ ਹੋ ਗਿਆ ਸੀ। ਐੱਮ.ਏ. ਪੰਜਾਬੀ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲਾ ਪਾਤਰ, ਐੱਮ.ਫਿਲ, ਪੀਐੱਚ.ਡੀ. ਤੱਕ ਪੜ੍ਹਿਆ ਅਤੇ ਫੇਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਸ ਨੂੰ ਆਨਰੇਰੀ ਡੀ.ਲਿੱਟ ਦੀ ਡਿਗਰੀ ਵੀ ਪ੍ਰਦਾਨ ਕੀਤੀ। ਪਰ ਅਜਿਹੀਆਂ ਡਿਗਰੀਆਂ ਅਤੇ ਸਨਮਾਨਾਂ ਤੋਂ ਬਹੁਤ ਉੱਚਾ ਪਾਤਰ ਸ਼ਾਇਰੀ ਦਾ ਅਜਿਹਾ ਦਰਿਆ ਸੀ, ਜਿਸ ਦੀ ਰਵਾਨੀ ਕਵਿਤਾ ਨੂੰ ਤੁਰਨਾ ਸਿਖਾਉਂਦੀ ਸੀ।
ਉਸ ਦੀ ਰਚਨਾਕਾਰੀ ਗ਼ਜ਼ਲਾਂ, ਗੀਤਾਂ, ਕਵਿਤਾਵਾਂ, ਨਾਟਕਾਂ ਅਤੇ ਵਾਰਤਕ ਦਾ ਉਹ ਖ਼ਜ਼ਾਨਾ ਹਨ, ਜਿਸ ਦੀ ਚਮਕ ਵਰਤਮਾਨ ਦੇ ਨਾਲ-ਨਾਲ ਭਵਿੱਖ ਨੂੰ ਵੀ ਰੁਸ਼ਨਾ ਦੇਣ ਦੀ ਸਮਰੱਥਾ ਰੱਖਦੀ ਹੈ। ਉਹ ਜਦੋਂ ਆਪਣੀਆਂ ਗ਼ਜ਼ਲਾਂ ਨਾਲ ਇਕਸੁਰ ਹੋ ਕੇ ਦਰਸ਼ਕਾਂ/ਸਰੋਤਿਆਂ ਸਾਹਮਣੇ ਹਾਜ਼ਰ ਹੁੰਦਾ ਤਾਂ ਸਮਾਂ ਠਹਿਰ ਜਾਂਦਾ ਸੀ। ਉਸ ਨਾਲ ਮੇਰੀ ਪਹਿਲੀ ਮੁਲਾਕਾਤ 1972 ਵਿੱਚ ਹੋਈ ਸੀ… ਫੇਰ ਦੂਰਦਰਸ਼ਨ ਦੇ ਅਨੇਕਾਂ ਪ੍ਰੋਗਰਾਮਾਂ ਨਾਲ ਸੁਰਜੀਤ ਪਾਤਰ ਦਾ ਜੜਾਓ ਰਿਹਾ। ਕਦੇ ਸੂਰਜ ਦਾ ਸਿਰਨਾਵਾਂ, ਕਦੇ ਕਾਵਿਸ਼ਾਰ, ਕਦੇ ਲੋਕ ਰੰਗ ਤੇ ਫੇਰ ਰੂਬਰੂ ਉਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਹੈ, ਜਿਨ੍ਹਾਂ ਦਾ ਕਦੇ ਉਹ ਸੰਚਾਲਕ ਰਿਹਾ ਅਤੇ ਕਦੇ ਪ੍ਰਤੀਭਾਗੀ।ਇਹ ਸਾਲ ਮੈਨੂੰ ਉਸ ਦੇ ਨੇੜੇ ਨੇੜੇ ਵਿਚਰਨ ਦਾ ਮੌਕਾ ਦਿੰਦੇ ਰਹੇ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਉਹ ਪ੍ਰਧਾਨ ਰਿਹਾ ਅਤੇ ਫੇਰ 2017 ਵਿਚ ਉਸ ਨੂੰ ਪੰਜਾਬ ਕਲਾ ਪਰਿਸ਼ਦ ਦਾ ਚੇਅਰਮੈਨ ਬਣਾ ਦਿੱਤਾ ਗਿਆ। ਇਨ੍ਹਾਂ ਸਾਲਾਂ ਵਿਚ ਉਸ ਨੂੰ ਹੋਰ ਨੇੜਿਓਂ ਤੱਕਣ ਦਾ ਮੌਕਾ ਮਿਲਿਆ। ਉਸ ਦੀ ਅਗਵਾਈ ਵਿਚ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਦੇ ਅਹੁਦੇ ਉੱਤੇ ਰਹਿੰਦਿਆਂ ਉਸ ਦੀ ਸ਼ਖ਼ਸੀਅਤ ਦੇ ਉਹ ਗਹਿਰੇ ਰੰਗ ਵੀ ਅਤਿ ਨੇੜੇ ਤੋਂ ਵੇਖਦਿਆਂ ਅਨੁਭਵ ਦੀ ਜੋ ਅਮੀਰੀ, ਮੈਂ ਇਨ੍ਹਾਂ ਸਾਲਾਂ ਵਿਚ ਗ੍ਰਹਿਣ ਕੀਤੀ, ਉਹ ਮੇਰਾ ਬੇਹੱਦ ਵਡਮੁੱਲਾ ਸਰਮਾਇਆ ਹੈ। ਪੇਚੀਦਾ ਤੋਂ ਪੇਚੀਦਾ ਮਸਲਿਆਂ ਨੂੰ ਮਿੱਠੀ ਮੁਸਕਾਨ ਨਾਲ ਟਾਲ ਦੇਣਾ, ਉਸ ਦਾ ਮੀਰੀ ਗੁਣ ਸੀ। ਤਲਖ਼ੀ ਭਰੇ ਮਾਹੌਲ ਵਿੱਚ ਵੀ ਚਾਰ ਚੁਫ਼ੇਰੇ ਭੁੜਕ ਰਹੀਆਂ ਮਿਰਚਾਂ ਨੂੰ ਮਿਸ਼ਰੀ ਬਣਾ ਦੇਣ ਦੀ ਕਲਾ ਉਸ ਨੂੰ ਆਉਂਦੀ ਸੀ। ਉਹ ਅਸਹਿਮਤੀ ਨੂੰ ਸਹਿਮਤੀ, ਅਸਹਿਜਤਾ ਨੂੰ ਸਹਿਜਤਾ, ਅਤੇ ਤਲਖ਼ੀ ਨੂੰ ਤਰਲਤਾ ਵਿਚ ਬਦਲਣ ਵਾਲੀ ਸ਼ਖ਼ਸੀਅਤ ਸੀ…।
ਭਾਸ਼ਾ ਵਿਭਾਗ ਪੰਜਾਬ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਅਕਾਦਮੀ ਦਿੱਲੀ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰਾਂ ਦੇ ਨਾਲ-ਨਾਲ ਉਸ ਨੂੰ ‘ਪੰਚਨਦ’ ਅਤੇ ‘ਸਰਸਵਤੀ ਪੁਰਸਕਾਰ’ ਵਰਗੇ ਕੌਮੀ ਪੁਰਸਕਾਰ ਵੀ ਮਿਲ ਚੁੱਕੇ ਸਨ। ਦੇਸ਼ ਦਾ ਵਕਾਰੀ ਪੁਰਸਕਾਰ ਪਦਮਸ਼੍ਰੀ ਪੁਰਸਕਾਰ ਵੀ ਉਸ ਦੀ ਝੋਲੀ ਵਿਚ ਸੀ।… ਸਾਹਿਤਕ ਮੰਚਾਂ ਉੱਤੇ ਉਹ ਸ਼ਿਵ ਕੁਮਾਰ ਦਾ ਜਾਨਸ਼ੀਨ ਸੀ, ਕਵਿਤਾ ਦੀ ਸਰਬੰਗਤਾ ਵਿਚ ਉਹ ਪ੍ਰੋ. ਮੋਹਣ ਸਿੰਘ ਦਾ ਪੂਰਕ ਸੀ, ਪ੍ਰਗਤੀਵਾਦੀ ਧਾਰਾ ਵਿਚ ਉਹ ਪਾਸ਼ ਦਾ ਸਮਾਨੰਤਰੀ ਸੀ ਅਤੇ ਨਵੀ ਪੰਜਾਬੀ ਕਵਿਤਾ ਵਿਚ ਉਹ ਅਜਿਹਾ ਬੇਜੋੜ ਕਵੀ ਸੀ, ਜਿਸ ਦੀ ਕਿਸੇ ਵੀ ਸਮਾਗਮ ਵਿਚ ਹਾਜ਼ਰੀ ਦਿਨ ਦੇ ਸੂਰਜ ਅਤੇ ਰਾਤ ਦੇ ਚੰਦਰਮਾ ਵਰਗੀ ਸੀ…। ਉਸ ਦੀ ਬਹੁਤ ਪਿਆਰੀ ਗ਼ਜ਼ਲ ਨੂੰ ਯਾਦ ਕਰਦਿਆਂ ਇਉਂ ਲੱਗ ਰਿਹਾ ਹੈ, ਜਿਵੇਂ ਉਹ ਕਹਿ ਰਿਹਾ ਹੋਵੇ… ਉਦਾਸ ਨਾ ਹੋਣਾ… ਆਸ ਦਾ ਪੱਲਾ ਫੜੀ ਰੱਖਣਾ…

ਜੇ ਆਈ ਪਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ਵਿਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ…

ਕਿਸੇ ਵੀ ਸ਼ੀਸ਼ੇ ‘ਚ ਅਕਸ ਆਪਣਾ
ਗੰਧਲਦਾ ਤੱਕ ਨਾ ਉਦਾਸ ਹੋਈਂ
ਸੱਜਣ ਦੀ ਨਿਰਮਲ ਨਦਰ ‘ਚ ਹਰਦਮ
ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ

ਇਸ ਤਰ੍ਹਾਂ ਦੀ ਆਸ ਭਰਪੂਰ ਅਰਥਵਾਨ ਸ਼ਾਇਰੀ ਲਿਖਣ ਵਾਲੇ ਪਾਤਰ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਨਿਕਾਸ ਅਤੇ ਵਿਕਾਸ ਦੇ ਚੌਖਟੇ ਵਿੱਚ ਰੱਖ ਕੇ ਨਿਹਾਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਜਦੋਂ ਜਦੋਂ ਵੀ ਪੰਜਾਬੀ ਕਵਿਤਾ ਨਵਾਂ ਵਿਚਾਰ ਅਤੇ ਨਵਾਂ ਅੰਦਾਜ਼ ਲੈ ਕੇ ਆਈ ਤਾਂ ਪ੍ਰੋ. ਪੂਰਨ ਸਿੰਘ, ਪਾਸ਼ ਅਤੇ ਲਾਲ ਸਿੰਘ ਦਿਲ ਦੇ ਰੂਪ ਵਿੱਚ ਬੇਹੱਦ ਪ੍ਰਵਾਨ ਹੋਈ। ਪਰ ਇਸ ਦੇ ਨਾਲ ਹੀ ਜਦੋਂ ਜਦੋਂ ਨਵੀਂ ਪੰਜਾਬੀ ਕਵਿਤਾ ਲੈਅ-ਬੱਧ ਪ੍ਰਗੀਤਕਤਾ ਅਤੇ ਵਿਚਾਰਾਂ ਦੇ ਖੁੱਲ੍ਹੇਪਨ ਦਾ ਸਮਤੋਲ ਲੈ ਕੇ ਹਾਜ਼ਰ ਹੋਈ, ਤਾਂ ਬਾਵਾ ਬਲਵੰਤ, ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਹਰਭਜਨ ਸਿੰਘ ਰਾਹੀਂ ਆਪਣਾ ਸਨਮਾਨਯੋਗ ਸਥਾਨ ਹਾਸਿਲ ਕਰਨ ਵਿੱਚ ਵੀ ਸਫਲ ਰਹੀ। …ਤੇ ਫੇਰ ਸ਼ਿਵ ਕੁਮਾਰ, ਸੰਤ ਰਾਮ ਉਦਾਸੀ ਅਤੇ ਸੁਰਜੀਤ ਪਾਤਰ ਪੰਜਾਬੀ ਕਵਿਤਾ ਦੇ ਅਜੇਹੇ ਅਪਵਾਦ ਹਨ, ਜਿਨ੍ਹਾਂ ਦੀ ਸੁਰੀਲੀ ਆਵਾਜ਼ ਅਤੇ ਪੇਸ਼ਕਾਰੀ ਦੇ ਅੰਦਾਜ਼ ਨੇ, ਉਨ੍ਹਾਂ ਦੀ ਕਵਿਤਾ ਵਿਚਲੀ ਪ੍ਰਗੀਤਕਤਾ, ਲੈਅ-ਬੱਧਤਾ ਅਤੇ ਰਵਾਨੀ ਨੂੰ ਸਟੇਜੀ ਮੁਹਾਰਤ ਦਾ ਤਾਜ ਪਹਿਨਾ ਕੇ ਮਕਬੂਲੀਅਤ ਦੀਆਂ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ। ਸੁਰਜੀਤ ਪਾਤਰ ਦੀ ਮਕਬੂਲੀਅਤ ਦੇ ਇਸ ਸਿਖਰ ਨੂੰ, ਨਵੀਂ ਪੰਜਾਬੀ ਕਵਿਤਾ ਦੀ ਸਿਰਜਣਾਤਮਿਕਤਾ ਨਾਲ ਮੇਚ ਕੇ ਵੇਖਣਾ, ਨਵੀਂ ਸਮੀਖਿਆਕਾਰੀ ਲਈ ਇਕ ਵੰਗਾਰ ਹੋਵੇਗਾ।