ਕੇਹੀ ਟਰੰਪ ਦੀ ਕਰੇ ਤਾਰੀਫ਼ ਸ਼ਾਇਰ

ਬਲਜੀਤ ਬਾਸੀ
ਫੋਨ: 734-259-9353
ਹੀਰ ਦੇ ਹੁਸਨ ਦੀ ਸਿਫ਼ਤ ਕਰਨ ਲੱਗਿਆਂ ਵਾਰਿਸ ਸ਼ਾਹ ਦੇ ਅਲਫਾਜ਼, ‘’ਕੇਹੀ ਹੀਰ ਦੇ ਕਰੇ ਤਾਰੀਫ ਸ਼ਾਇਰ’’ ਅੱਜ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਰਾਸ਼ਟਰਪਤੀ `ਤੇ ਢੁਕਾਅ ਰਹੇ ਹਾਂ। ਇਸ ਦੇ ਦੂਹਰੇ ਕਾਰਨਾਂ ਦਾ ਤੁਹਾਨੂੰ ਵਿਚ ਜਿਹੇ ਜਾ ਕੇ ਪਤਾ ਲੱਗੇਗਾ। ਟਰੰਪ ਦੀਆਂ ਬਹੁਪੱਖੀ ਤਾਰੀਫ਼ਾਂ ਅਸੀਂ ਉਸਦੇ ਪਿਛਲੇ ਰਾਸ਼ਟਰਪਤੀ ਕਾਲ ਵਿਚ ਮਹਿਸੂਸ ਕਰ ਚੁੱਕੇ ਹਾਂ।

ਉਹ ਅਕਸਰ ਹੀ ਮੌਜ ਵਿਚ ਅਲੋਕਾਰ ਜਿਹੇ ਸ਼ਬਦ ਉਚਰਦਾ ਸੀ ਜੋ ਕਈ ਵਾਰੀ ਨਿਰਾਰਥਕ ਵੀ ਹੁੰਦੇ ਸਨ ਜਿਵੇਂ ਇੱਕ ਸ਼ਬਦ ਸੀ covfefe ਜਿਸ ਦਾ ਮਤਲਬ ਉਸ ਦਾ ਤਰਜਮਾਨ ਵੀ ਨਹੀਂ ਸੀ ਦੱਸ ਸਕਿਆ। ਇਹ ਟਰੰਪ ਦਾ ਕ੍ਰਿਸ਼ਮਾ ਹੀ ਸੀ ਕਿ ਪਿਛਲੀਆਂ ਚੋਣਾਂ ਹਾਰਨ ਤੋਂ ਬਾਅਦ ਵੀ ਉਸ ਨੇ ਗੱਦੀ `ਤੇ ਚੁੰਬੜੇ ਰਹਿਣ ਦਾ ਡਰਾਮਾ ਕੀਤਾ ਤੇ ਫਿਰ ਇਸ ਕਾਲੀ ਕਰਤੂਤ ਪਿਛੋਂ ਆਪਣੀ ਪਾਰਟੀ ਦਾ ਲਾਸਾਨੀ ਲੀਡਰ ਉਭਰ ਕੇ ਭਾਰੀ ਮੱਤ ਨਾਲ ਮੁੜ ਰਾਸ਼ਟਰਪਤੀ ਬਣਿਆ। ਹੁਣ ਉਹ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਚੱਕਰ ਵਿਚ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਰਿਆਸਤ ਬਣਾਉਣ ਅਤੇ ਗਰੀਨਲੈਂਡ ਤੇ ਪਾਨਾਮਾ ਨੂੰ ਹਥਿਆਉਣ ਦੀ ਪਲੱਥੇਬਾਜ਼ੀ ਕਰ ਰਿਹਾ ਹੈ। ਟਰੰਪ ਸਾਹਿਬ ਦੀ ਸਭ ਤੋਂ ਵੱਡੀ ਤਾਰੀਫ਼ ਹੈ ਕਿ ਉਹ ਜਦ ਵੀ ਤਾਕਤ ਵਿਚ ਆਉਂਦੇ ਜਾਂ ਆਉਣ ਵਾਲੇ ਹੁੰਦੇ ਹਨ, ਅਮਰੀਕਾ ਤੋਂ ਹੋਰ ਦੇਸ਼ਾਂ ਨੂੰ ਦਰਾਮਦ ਹੋਣ ਵਾਲੀਆਂ ਵਸਤਾਂ `ਤੇ ਸੀਮਾ ਸ਼ੁਲਕ ਘਟਾਉਣ ਦਾ ਜ਼ੋਰ ਪਾਉਂਦੇ ਹਨ। ਉਹ ਹੋਰ ਦੇਸ਼ਾ ਨੂੰ ਅਮਰੀਕਾ ਤੋਂ ਆਯਾਤੀ ਵਸਤਾਂ `ਤੇ ਅਜਿਹਾ ਸ਼ੁਲਕ ਘੱਟ ਕਰਨ ਦੀ ਧਮਕੀ ਤੱਕ ਦੇ ਦਿੰਦੇ ਹਨ। ਚਲੋ ਸੀਮਾ ਸ਼ੁਲਕ ਜਿਹੇ ਕਿਤਾਬੀ ਸ਼ਬਦ ਦੀ ਥਾਂ ਕੌਮਾਂਤਰੀ ਮਹਿਸੂਲ ਦੇ ਅਰਥਾਂ ਵਾਲਾ ਦੁਨੀਆਂ ਭਰ ਵਿਚ ਪ੍ਰਚੱਲਤ ਅੰਗ੍ਰੇਜ਼ੀ ਪਦ ਟੈਰਿਫ਼ ਹੀ ਵਰਤ ਲੈਂਦੇ ਹਾਂ ਜੋ ਟਰੰਪ ਦਾ ਮਨ ਭਾਉਂਦਾ ਬੋਲ ਅਤੇ ਸ਼ਸਤਰ ਵੀ ਹੈ। ਚੋਣ ਮੁਹਿੰਮ ਦੌਰਾਨ ਉਸ ਨੇ ਐਵੇਂ ਨਹੀਂ ਕਿਹਾ ਸੀ, ‘’ਟੈਰਿਫ ਡਿਕਸ਼ਨਰੀ ਦਾ ਸਭ ਤੋਂ ਸੁੰਦਰ ਸ਼ਬਦ ਹੈ’’। ਸੋ ਟਰੰਪ ਦੀ ਸਭ ਤੋਂ ਵੱਡੀ ਤਾਰੀਫ਼ ਹੈ ਕਿ ਉਹ ਟੈਰਿਫ਼ ਦੀ ਪੈਰਵਾਈ ਨਹੀਂ ਛੱਡਦੇ।
ਟੈਰਿਫ਼ ‘ਤੇ ਇਹ ਜ਼ੋਰ ਅੰਤਰਰਾਸ਼ਟਰੀ ਸਬੰਧਾਂ ਦੇ ਪ੍ਰਸੰਗ ਵਿਚ ਅਮਰੀਕੀ ਇਤਿਹਾਸ ਦਾ ਬਹੁਤ ਪੁਰਾਣਾ ਤੇ ਬਹੁ-ਚਰਚਿਤ ਵਿਸ਼ਾ ਰਿਹਾ ਹੈ। ਪਿੱਛੇ ਜਾਈਏ ਤਾਂ 1789 ਵਿਚ ਕਾਂਗਰਸ ਦੀ ਪਹਿਲੀ ਬੈਠਕ ਵਿਚ ਹੀ ਟੈਰਿਫ਼ ਕਾਨੂੰਨ ਪਾਸ ਕਰ ਦਿੱਤਾ ਗਿਆ ਸੀ ਜਿਸ ਦਾ ਮੁੱਖ ਮਕਸਦ ਦੇਸ਼ ਦੇ ਉਦਯੋਗ ਦੀ ਸੁਰੱਖਿਆ ਅਤੇ ਵਪਾਰ ਵਿਸਤਾਰ ਕਰ ਕੇ ਮਾਲਗੁਜ਼ਾਰੀ ਵਧਾਉਣਾ ਸੀ। ਉਨੀ੍ਹਵੀਂ ਸਦੀ ਦੇ ਸ਼ੁਰੂ ਤੱਕ ਅਮਰੀਕੀ ਆਰਥਿਕਤਾ ਨੂੰ ਇਸ ਨੀਤੀ ਦਾ ਚੋਖਾ ਲਾਭ ਪੁੱਜਾ। ਅੰਤਰਰਾਸ਼ਟਰੀ ਆਰਥਿਕ-ਵਪਾਰਕ ਹਾਲਤਾਂ ਦੇ ਉਤਰਾਅ-ਚੜ੍ਹਾਅ ਅਨੁਸਾਰ ਟੈਰਿਫ਼ ‘ਤੇ ਜ਼ੋਰ ਵਧਦਾ ਘਟਦਾ ਰਿਹਾ ਪਰ ਹੁਣ ਟਰੰਪ ਨੇ ਦੇਸ਼ ਦੀਆਂ ਨੌਕਰੀਆਂ ਅਤੇ ਉਦਯੋਗ ਬਚਾਉਣ ਦੇ ਬਹਾਨੇ ਇਸ ਨੂੰ ਹੋਰ ਚੁੱਕ ਲਿਆ ਹੈ। ਖੈਰ, ਟੈਰਿਫ਼ ਦੋ-ਧਾਰੀ ਤਲਵਾਰ ਹੁੰਦਾ ਹੈ, ਇਸ ਦੇ ਦੇਸ਼-ਦੇਸ਼ਾਂਤਰੀ ਨਤੀਜੇ ਅਣਕਿਆਸੇ ਹੋ ਸਕਦੇ ਹਨ।
ਸਬੱਬੀਂ ਟੈਰਿਫ਼ ਸ਼ਬਦ ਅੰਤਮ ਤੌਰ ‘ਤੇ ਜਾਣੇ-ਪਛਾਣੇ ਲਫਜ਼ ‘ਤਾਰੀਫ਼’ ਦਾ ਹੀ ਅੰਗ੍ਰੇਜ਼ੀਕ੍ਰਿਤ ਰੁਪਾਂਤਰ ਹੈ ਜੋ ਮੁਢਲੇ ਤੌਰ ‘ਤੇ ਅਰਬੀ ਭਾਸ਼ਾ ਦਾ ਹੈ। ਇਸ ਜ਼ਬਾਨ ਵਿਚ ਤਾਰੀਫ਼ ਦਾ ਮੁੱਖ ਅਰਥ ਹੈ, ਪਰਿਭਾਸ਼ਾ, ਪਛਾਣ, ਜਾਣ-ਪਛਾਣ, ਪਰਿਚੈ, ਸ਼ਨਾਖ਼ਤ। ਅੰਗਰੇਜ਼ੀ ਵਿਚ ਇਹ ਸ਼ਬਦ ਟੈਰਿਫ਼ ਦਾ ਰੂਪ ਲੈ ਕੇ ਇਤਾਲਵੀ ਭਾਸ਼ਾ ਰਾਹੀਂ ਆਇਆ। ਮੱਧ ਕਾਲ ਵਿਚ ਸਪੇਨ-ਪੁਰਤਗਾਲ ਦਾ ਇਲਾਕਾ ਅਰਬੀ ਮੂਰਾਂ ਦੇ ਅਧੀਨ ਰਿਹਾ ਹੈ। ਇਸ ਦੌਰਾਨ ਅਨੇਕਾਂ ਅਰਬੀ ਦੇ ਸ਼ਬਦ ਸਪੈਨਿਸ਼, ਪੁਰਤਗੀਜ਼ ਤੇ ਇਤਾਲਵੀ ਭਾਸ਼ਾਵਾਂ ਵਿਚ ਦਾਖਲ ਹੋਏ। ਕੁਝ ਇੱਕ ਦਾ ਅਸੀਂ ਇਨ੍ਹਾਂ ਪੰਨਿਆਂ ਵਿਚ ਜ਼ਿਕਰ ਕਰ ਆਏ ਹਾਂ। ਇਸ ਸਮੇਂ ਦੌਰਾਨ ਭੂ-ਮੱਧਸਾਗਰ ਦਾ ਲੰਬਾ ਚੌੜਾ ਤੱਟਵਰਤੀ ਖਿੱਤਾ ਜਹਾਜ਼ਰਾਨੀ ਰਾਹੀਂ ਹੁੰਦੇ ਕੌਮਾਂਤਰੀ ਵਪਾਰ ਦਾ ਕੇਂਦਰ ਹੁੰਦਾ ਸੀ। ਇਸ ਖਿੱਤੇ ਵਿਚ ਵਿਭਿੰਨ ਦੇਸ਼ਾ ਦੇ ਵਿਭਿੰਨ ਭਾਸ਼ਾਈ ਸੌਦਾਗਰਾਂ ਨੇ ਸਭ ਨੂੰ ਸਮਝ ਆਉਣ ਵਾਲੀ ਇੱਕ ਮਿਲਗੋਭੀ ਜਿਹੀ ਭਾਸ਼ਾ ਸਿਰਜ ਲਈ ਜਿਸ ਨੂੰ ਲਿੰਗੂਆ ਫਰੈਂਕਾ ਕਿਹਾ ਜਾਂਦਾ ਸੀ। ਇਸ ਵਿਚ ਵਧੇਰੇ ਸ਼ਬਦ ਇਤਾਲਵੀ ਭਾਸ਼ਾ ਦੇ ਸਨ ਪਰ ਸਪੈਨਿਸ਼ ਤੇ ਪੁਰਤਗਾਲੀ ਭਾਸ਼ਾ ਦਾ ਵੀ ਕਾਫੀ ਛੱਟਾ ਸੀ। ਇਸ ਵਿਚ ਭਾਰਤੀ ਵਪਾਰੀਆਂ ਦਾ ਯੋਗਦਾਨ ਸੀ, ਛੀਂਟ (ਇੱਕ ਕੱਪੜਾ)। ਅਰਬੀ ਭਾਸ਼ਾ ਦਾ ‘ਤਾਰੀਫ਼ਅL’ ਸ਼ਬਦ ਤੁਰਕੀ ਰਾਹੀਂ ਇਤਾਲਵੀ ਵਿਚ ਹੁੰਦਾ ਹੋਇਆ ਇਸ ਮਿਲਗੋਭੀ ਭਾਸ਼ਾ ਵਿਚ ਜਾ ਰਲਿਆ ਕਿਉਂਕਿ ਇਸ ਖਿੱਤੇ ਵਿਚ ਅਰਬੀਆਂ ਦਾ ਬੋਲਬਾਲਾ ਸੀ। ਇਸ ਤੱਟਵਰਤੀ ਖਿੱਤੇ ਦੀਆਂ ਬੰਦਰਗਾਹਾਂ ਵਿਚ ਇਕ ਸੂਚੀ ਲਾਈ ਜਾਂਦੀ ਸੀ ਜਿਸ ਵਿਚ ਤਜਾਰਤੀ ਉਤਪਾਦਾਂ ਦੀ ਕੀਮਤ ਅਤੇ ਸਥਾਨਕ ਸਰਕਾਰ ਵਲੋਂ ਇਸ ‘ਤੇ ਲਾਏ ਜਾਂਦੇ ਮਹਿਸੂਲ ਦੀ ਕੀਮਤ ਵੀ ਦੱਸੀ ਹੁੰਦੀ ਸੀ। ਇਹ ਵਪਾਰੀਆਂ ਅਤੇ ਮਲਾਹਾਂ ਲਈ ਸਹੂਲਤ ਸੀ ਜਿਸ ਤੋਂ ਉਨ੍ਹਾਂ ਨੂੰ ਆਪਣੀਆਂ ਪਸੰਦੀਦਾ ਚੀਜ਼ਾਂ ਦੇ ਭਾਅ ਦਾ ਪਤਾ ਲੱਗ ਜਾਂਦਾ ਸੀ। ਉਂਝ ਇਹ ਟੈਕਸ ਰੋਮਨ ਸਾਮਰਾਜ ਦੇ ਵੇਲੇ ਤੋਂ ਹੀ ਭੂ-ਮੱਧਸਾਗਰੀ ਦੇਸ਼ਾਂ ਤੋਂ ਬਾਹਰਲੇ ਦੇਸ਼ਾਂ ਦੇ ਵਪਾਰੀਆਂ ਦੀਆਂ ਵਸਤਾਂ ‘ਤੇ ਲਗਦਾ ਰਿਹਾ ਸੀ।
‘ਤਾਰੀਫ਼ਅL’ ਸ਼ਬਦ ਟੈਰਿਫ਼ ਬਣ ਕੇ ਅੰਗਰੇਜ਼ੀ ਸਮੇਤ ਹੋਰ ਦੁਨੀਆ ਭਰ ਦੀਆਂ ਬੋਲੀਆਂ ਵਿਚ ਦਾਖਿਲ ਹੋ ਗਿਆ। ਕੁਝ ਭਾਸ਼ਾਵਾਂ ਜਿਵੇਂ ਅੰਗਰੇਜ਼ੀ ਵਿਚ ‘ਤ’ ਧੁਨੀ ਨਹੀਂ ਹੈ ਇਸ ਲਈ ਏਥੇ ‘ਤਾਰੀਫ਼ਅ’ ‘ਟੈਰਿਫ਼’ ਦਾ ਰੂਪ ਧਾਰ ਗਿਆ। ਸਮੇਂ ਦੇ ਗੇੜ ਨਾਲ ਇਹ ਸ਼ਬਦ ਦੂਜੇ ਦੇਸ਼ਾਂ ਤੋਂ ਆਯਾਤ-ਨਿਰਯਾਤ `ਤੇ ਲਾਏ ਜਾਂਦੇ ਮਹਿਸੂਲ ਲਈ ਹੀ ਇੱਕ ਤਰ੍ਹਾਂ ਰੂੜ ਹੋ ਗਿਆ। ਸਾਮਰਾਜੀ ਅਮਰੀਕਾ ਨੂੰ ਇਸ ਲੁਭਾਵਣੇ ਤੇ ਲਾਭਾਵਣੇ ਸ਼ਬਦ ਰਾਹੀਂ ਪ੍ਰਗਟਾਏ ਜਾਂਦੇ ਸੰਕਲਪ ਨੇ ਸਭ ਤੋਂ ਵੱਧ ਖਿੱਚਿਆ ਕਿਉਂਕਿ ਇਸ ਦੁਆਰਾ ਹੋਰ ਦੇਸ਼ਾਂ ਤੋਂ ਆਯਾਤ `ਤੇ ਕਾਬੂ ਪਾ ਕੇ ਆਪਣੀ ਸਰਦਾਰੀ ਕਾਇਮ ਰੱਖੀ ਜਾ ਸਕਦੀ ਹੈ। ਹੁਣ ਜਾਣ ਲਈਏ ਕਿ ਅਰਬੀ ‘ਤਾਰੀਫ਼ਅ’ ਸ਼ਬਦ ਜੋ ਕਿ ਅਸਲ ਵਿਚ ਤੁਰਕ ਭਾਸ਼ਾ ਵਿਚ ਬਣੇ ‘ਤੈਰਿਫੇ’ ਰਾਹੀਂ ਪ੍ਰਚੱਲਤ ਹੋਇਆ, ਨੇ ‘ਨਿਰਖ ਸੂਚੀ’ ਜਾਂ ‘ਕੀਮਤ ਸਾਰਣੀ’ ਜਿਹੇ ਅਰਥ ਕਿਵੇਂ ਧਾਰਨ ਕੀਤੇ। ‘ਤਾਰੀਫਅ’ ਸ਼ਬਦ ਮੁਢਲੇ ਤੌਰ `ਤੇ ਅਰਬੀ ਸ਼ਬਦ ‘ਅਰਫ਼’(ਐਨL-ਰੇ-ਫ਼ੇ) ਤੋਂ ਬਣਿਆ ਜਿਸ ਵਿਚ ਜਾਨਣ, ਪਤਾ ਲੱਗਣ, ਵਾਕਿਫ ਹੋਣ ਦੇ ਭਾਵ ਹਨ। ਅਰਬੀ ਵਿਚ ਕਿਸੇ ਸ਼ਬਦ ਜਾਂ ਧਾਤੂ ਅੱਗੇ ‘ਤ’ ਅਗੇਤਰਲਾ ਦੇਣ ਨਾਲ ਹੋਰ ਸ਼ਬਦ ਬਣ ਜਾਂਦੇ ਹਨ ਜਿਨ੍ਹਾਂ ਦੀ ਵਿਆਕਰਣਕ ਸ਼੍ਰੇਣੀ ਵੀ ਤੇ ਕੁਝ ਕੁਝ ਭਾਵ ਵੀ ਬਦਲ ਜਾਂਦੇ ਹਨ। ਸੋ ‘ਜਾਨਣਾ’ ਦੇ ਭਾਵਾਂ ਵਾਲੇ ‘ਅਰਫ਼’ ਸ਼ਬਦ ਦੇ ‘ਤਾਰੀਫ਼ਅ’ ਵਿਚ ਬਦਲ ਜਾਣ ਨਾਲ ਇਸ ਦੇ ਸ਼ਾਬਦਿਕ ਅਰਥ ਨਿਕਲੇ ‘ਜਿਸ ਤੋਂ ਜਾਣਕਾਰੀ ਮਿਲਦੀ ਹੋਵੇ’। ਅਰਥ-ਸੰਕੁਚਨ ਨਾਲ ਅਗਲੇਰਾ ਅਰਥ ਬਣਿਆ ‘ਜਿਸ ਤੋਂ ਚੀਜ਼ਾਂ ਦੇ ਭਾਅ ਦਾ ਪਤਾ ਲਗਦਾ ਹੈ’, ਨਿਰਖ ਸੂਚੀ, ਕੀਮਤਾਂ ਦਾ ਵੇਰਵਾ। ਹੋਰ ਭਾਸ਼ਾਵਾਂ ਵਿਚ ਇਹ ਸ਼ਬਦ ਦੋ ਵੱਖਰੇ ਪਰ ਜੁੜਵੇਂ ਅਰਥਾਂ ਵਿਚ ਪਾਟ ਗਿਆ ਯਾਨੀ ਪਹਿਲਾ ਚੀਜ਼ਾਂ ਦੇ ਭਾਅ ਅਤੇ ਦੂਜਾ ਆਯਾਤ `ਤੇ ਲਗਦਾ ਮਹਿਸੂਲ। ਮਸਲਨ ਫਰਾਂਸ ਵਿਚ ਇਸਦਾ ਮਤਲਬ ਹੈ, ਭਾੜੇ ਦੀ ਸੂਚੀ; ਫਰਾਂਸੀਸੀ ਵਿਚ ਟੈਕਸੀ ਦੇ ਕਿਰਾਇਆਂ ਲਈ ਏਹੀ ਸ਼ਬਦ ਹੈ। ਪਰ ਅਮਰੀਕੀਆਂ ਨੇ ਪਹਿਲਾ ਅਰਥ ਸਾਂਭ ਰੱਖਿਆ। ਉਧਰ ਜਨਮਦਾਤੀ ਅਰਬੀ ਭਾਸ਼ਾ ਵਿਚ ‘ਤਾਰੀਫਅ’ ਦੇ ਹੋਰ ਵੀ ਮਿਲਦੇ ਜੁਲਦੇ ਅਰਥ ਹਨ ਜਿਨ੍ਹਾਂ ਨੂੰ ਆਪਸ ਵਿਚ ਸੌਖਿਆਂ ਹੀ ਜੋੜਿਆ ਜਾ ਸਕਦਾ ਹੈ ਜਿਵੇਂ ਪਰਿਭਾਸ਼ਾ, ਪਛਾਣ, ਜਾਣ-ਪਛਾਣ, ਪਰਿਚੈ, ਵਾਕਫੀਅਤ, ਸੂਚਨਾ। ਅਰਬੀ ਦੇ’ ਅਰਫ਼’ ਤੋਂ ਹੋਰ ਸ਼ਬਦ ਬਣੇ ਹਨ ਆਰਿਫ (ਜਾਣਕਾਰ), ਤੁਆਰਫ (ਜਾਣ-ਪਛਾਣ), ਮਆਰਫਤ (ਆਤਮ ਗਿਆਨ) ਆਦਿ।
ਇਸਲਾਮੀ ਹਕੂਮਤਾਂ ਦੌਰਾਨ ਫਾਰਸੀ ਰਾਹੀਂ ਹੁੰਦਾ ਹੋਇਆ ‘ਤਾਰੀਫ਼ਅ’ ਉਰਦੂ, ਪੰਜਾਬੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਘੁਲ-ਮਿਲ ਗਿਆ ਪਰ ‘ਤਾਰੀਫ਼’ ਦੇ ਉਚਾਰਨ ਵਜੋਂ ਤੇ ਇਸ ਦੇ ਮੁੱਖ ਅਰਥ ਹਨ, ਉਸਤਤ, ਵਡਿਆਈ, ਸਲਾਹੁਤਾ, ਗੁਣ। ਤਾਰੀਫ਼ ਦੇ ਟਾਕਰੇ `ਤੇ ਟੈਰਿਫ ਸ਼ਬਦ ਪਹਿਲਾਂ ਦੱਸੇ ਅਰਥਾਂ ਅਨੁਸਾਰ ਅੱਜ-ਕਲ੍ਹ ਸਾਡੀਆਂ ਭਾਸ਼ਾਵਾਂ ਵਿਚ ਵਰਤਿਆ ਜਾਣ ਲੱਗਾ ਹੈ। ਹਾਂ, ਅੰਗਰੇਜ਼ਾਂ ਦੇ ਰਾਜ ਸਮੇਂ ਭਾਰਤੀ ਅੰਗਰੇਜ਼ੀ ਸਾਹਿਤ ਵਿਚ ਟੈਰਿਫ਼ ਜ਼ਰੂਰ ਚਲਦਾ ਸੀ। ਪੰਜਾਬੀ ਵਿਚ ਆਮ ਬੋਲ ਚਾਲ ਵਿਚ ਇਹ ‘ਤਰੀਫ਼’ ਵਜੋਂ ਵਰਤਿਆ ਜਾਂਦਾ ਹੈ। ਡੋਗਰ ਜੱਟਾਂ ਦੀਆਂ ਤਰੀਫ਼ਾਂ ਦੇ ਪੁਲ ਬੰਨ੍ਹਦਿਆਂ ਵਾਰਿਸ ਸ਼ਾਹ ਲਿਖਦੇ ਹਨ,
ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ, ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇ।
ਤਰਕ ਕੌਲ ਹਦੀਸ ਦੇ ਨਿਤ ਕਰਦੇ, ਚੋਰੀ ਯਾਰੀਆਂ ਵਿਆਜ ਕਮਾਂਵਦੇ ਜੇ।
ਜੇਹੇ ਆਪ ਥੀਵਣ ਤੇਹੀਆਂ ਔਰਤਾਂ ਨੇ, ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇ।
ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ, ਉਸ ਦੀ ਵੱਡੀ ਤਾਰੀਫ਼ ਸੁਣਾਂਵਦੇ ਜੇ।
ਅਰਫ਼ ਤੋਂ ਜਾਣਕਾਰ ਦੇ ਅਰਥਾਂ ਵਿਚ ਬਣਿਆ ‘ਆਰਿਫ਼’ ਸ਼ਬਦ ਪੰਜਾਬੀ ਕਵਿਤਾ ਵਿਚ ਕਾਫੀ ਮਿਲਦਾ ਹੈ,
ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ।
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ।
ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ।
ਮੀਆਂ ਮੁਹੰਮਦ ਬਖਸ਼ ਸ਼ੇਖ ਫਰੀਦ ਜੀ ਬਾਰੇ ਫਰਮਾਉਂਦੇ ਹਨ,
ਸ਼ਾਇਰ ਬਹੁਤ ਪੰਜਾਬ ਜ਼ਿਮੀਂ ਦੇ, ਹੋਏ ਦਾਨਸ਼ ਵਾਲੇ।
ਕਾਫ਼ੀ-ਬਾਰਾਂਮਾਹ ਜਿਨ੍ਹਾਂ ਦੇ ਦੋਹੜੇ ਬੈਂਤ ਉਜਾਲੇ।
ਅੱਵਲ ਸ਼ੇਖ ਫ਼ਰੀਦ ਸ਼ਕਰਗੰਜ, ਆਰਫ ਅਹਿਲ ਵਲਾਯਤ।
ਹਿਕ ਹਿਕ ਸੁਖ਼ਨ ਜ਼ਬਾਨ ਉਹਦੀ ਦਾ, ਰਾਹਬਰ ਕਰੇ ਹਦਾਇਤ।
ਹੋਰ ਸੁਣੋ,
ਬੁੱਲ੍ਹਾ ਸ਼ਹੁ ਇਨਾਇਤ ਆਰਫ਼ ਹੈ, ਉਹ ਦਿਲ ਮੇਰੇ ਦਾ ਵਾਰਸ ਹੈ।
ਮੈਂ ਲੋਹਾ ਤੇ ਉਹ ਪਾਰਸ ਹੈ, ਤੁਸੀਂ ਓਸੇ ਦੇ ਸੰਗ ਖੱਸਦੇ ਹੋ।
ਬਹੁਤ ਸਾਰੇ ਪੰਜਾਬੀ ਕਵੀਆਂ ਨੇ ਆਰਿਫ਼ ਸ਼ਬਦ ਨੂੰ ਤਖੱਲਸ ਵਜੋਂ ਵੀ ਵਰਤਿਆ ਹੈ ਜਿਵੇਂ ਸਾਧੂ ਦਇਆ ਸਿੰਘ ਆਰਿਫ, ਕਿਸ਼ਨ ਸਿੰਘ ਆਰਿਫ, ਪਾਲ ਸਿੰਘ ਆਰਿਫ। ਕਈਆਂ ਦਾ ਪਹਿਲਾ ਨਾਂ ਹੀ ਆਰਿਫ਼ ਹੈ ਜਿਵੇਂ ਆਰਿਫ ਲੋਹਾਰ, ਆਰਿਫ਼ ਦੀਨ। ਆਰਿਫਾ ਖਾਨੁਮ ਸ਼ੇਰਵਾਨੀ ਇੱਕ ਧੜੱਲੇਦਾਰ ਪੱਤਰਕਾਰ ਹੈ। ‘ਅਰਫ਼’ ਤੋਂ ਬਣਿਆ ਪਰਿਚੈ ਦੇ ਅਰਥਾਂ ਵਾਲਾ ਹੋਰ ਸ਼ਬਦ ਹੈ ‘ਤੁਆਰਫ਼’ ਜੋ ਰਸਮੀ ਪੰਜਾਬੀ ਵਿਚ ਖੂਬ ਪ੍ਰਚੱਲਤ ਹੈ ਪਰ ਪੰਜਾਬੀ ਕਵਿਤਾ ਵਿਚ ਇਹ ਘੱਟ ਹੀ ਫਿੱਟ ਹੋਇਆ ਹੈ। ਪੰਜਾਬ ਦੇ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਦਾ ਸਹਾਰਾ ਲੈਂਦੇ ਹਾਂ,
ਤੁਆਰਫ ਰੋਗ ਹੋ ਜਾਏ ਤੋ ਉਸ ਕੋ ਭੂਲਨਾ ਬੇਹਤਰ।
ਤੁਅੱਲਕ ਬੋਝ ਬਨ ਜਾਏ ਉਸ ਕੋ ਤੋੜਨਾ ਅੱਛਾ।
ਵੋਹ ਅਫਸਾਨਾ ਜਿਸੇ ਅਨਜਾਮ ਤਕ ਲਾਨਾ ਨਾ ਹੋ ਮੁਮਕਿਨ।
ਉਸੇ ਇੱਕ ਖ਼ੂਬਸੂਰਤ ਮੋੜ ਦੇਕਰ ਛੋੜਨਾ ਅੱਛਾ।
ਅਰਫ਼ ਤੋਂ ਮਸ਼ਹੂਰ, ਜਾਣਿਆ ਜਾਂਦਾ, ਦੂਜਾ ਨਾਂ, ਦੇ ਅਰਥਾਂ ਵਾਲਾ ਸ਼ਬਦ ਬਣਿਆ ‘ਉਰਫ਼’ ਜਿਵੇਂ ਜੀਵਨ ਸਿੰਘ ਉਰਫ਼ ਭਾਈ ਜੈਤਾ। ‘ਅਰਫ਼’ ਦੇਮ ਅਗੇਤਰ ਲਾ ਕੇ ਮਾਰਫ਼ਤ/ਮਅਰਫ਼ਤ ਸ਼ਬਦ ਵਿਉਤਪਤ ਹੋਇਆ। ਇਸ ਦਾ ਲਫ਼ਜ਼ੀ ਮਾਅਨਾ ਤਾਂ ਗਿਆਨ, ਬੋਧ ਹੀ ਹੈ ਪਰ ਇਹ ਬਹੁਤਾ ਇਸਲਾਮੀ ਖਾਸ ਤੌਰ `ਤੇ ਸੂਫੀ ਮਤ ਦਾ ਇੱਕ ਰੂਹਾਨੀ ਲਕਬ ਬਣ ਗਿਆ ਹੈ। ਸੂਫੀ ਸੰਪਰਦਾਇ ਵਿਚ ਸਾਧਨਾ ਦੀਆਂ ਚਾਰ ਅਵਸਥਾਵਾਂ ਵਿਚੋਂ ਤੀਜੀ ਵਿਚ ਸਾਧਕ ਆਪਣੇ ਗੁਰੂ ਜਾਂ ਪੀਰ ਦੇ ਉਪਦੇਸ਼ ਅਤੇ ਸਿੱਖਿਆ ਨਾਲ ਗਿਆਨੀ ਹੋ ਜਾਂਦਾ ਹੈ ਜਿਸ ਨੂੰ ਮਾਰਫ਼ਤ ਕਿਹਾ ਜਾਂਦਾ ਹੈ। ਹਾਫਿਜ਼ ਬਰਖ਼ੁਰਦਾਰ ਦੇ ਮਿਰਜ਼ਾਂ ਸਾਹਿਬਾਂ ਵਿਚ ਸਾਹਿਬਾਂ ਦੇ ਬੋਲ ਹਨ,
ਕਲਮਾਂ ਲਿਖਣ ਵਾਲੀਆ ਲੱਖ ਇਸ਼ਕੇ ਦੀ ਗੱਲ।
ਕਲਮਿਓਂ ਇਸ਼ਕ ਅਗੇਤਰਾ ਮਾਰਫ਼ਤ ਜੀਂ ਵੱਲ।
ਬੁੱਤਾਂ ਬਣ ਗਈਆਂ ਢੇਰੀਆਂ ਬੈਠੀ ਮਿਰਜ਼ਾ ਮੁੱਲ।
ਮਿਰਜ਼ਾ ਤੇ ਮੈਂ ਪੀਂਘ ਤੇ ਵਿਚ ਕੁੜਤੀ ਦੀ ਠੱਲ।
ਗੁਰੂ ਅਰਜਨ ਦੇਵ ਨੇ ਇਹ ਸ਼ਬਦ ਆਤਮਕ ਜੀਵਨ ਦੀ ਸੂਝ ਦੇ ਅਰਥਾਂ ਵਿਚ ਵਰਤਿਆ ਹੈ, ‘ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ’। ਇਸ ਦਾ ਇੱਕ ਅਰਥ ਰਾਹੀਂ, ਦੁਆਰਾ, ਜ਼ਰੀਆ ਵੀ ਹੈ। ਆਮ ਭਾਸ਼ਾ ਵਿਚ ਅਸੀਂ ਇਸ ਸ਼ਬਦ ਦੀ ਵਰਤੋਂ ਚਿੱਠੀ ਦੇ ਪਤੇ ਵਿਚ ‘ਰਾਹੀਂ’ ਦੇ ਅਰਥਾਂ ਵਿਚ ਵਰਤਦੇ ਰਹੇ ਹਾਂ। ਏਥੇ ਭਾਵ ਹੁੰਦਾ ਹੈ ਉਸ ਬੰਦੇ ਰਾਹੀਂ ਜੋ ਨਗਰ ਵਿਚ ਆਮ ਜਾਣਿਆ ਜਾਂਦਾ ਹੋਵੇ। ਇਹ ਸ਼ਬਦ ਡਾਕੀਏ ਦੀ ਸਹੂਲਤ ਲਈ ਲਿਖਿਆ ਜਾਂਦਾ ਹੈ। ਜਿਵੇਂ ‘ਮਿਲੇ ਮੋਹਨ ਸਿੰਘ ਮਾਰਫਤ ਜਸਵੰਤ ਸਿੰਘ ਲੰਬੜਦਾਰ, ਪੱਤੀ ਨੀਏ ਵਾਲ ਪਿੰਡ ਬੰਡਾਲਾ, ਜ਼ਿਲਾ ਜਲੰਧਰ’। ਕਬੂਤਰਾਂ ਦੀ ਮਾਰਫਤ ਵੀ ਪੈਗਾਮ ਭੇਜੇ ਜਾਂਦੇ ਰਹੇ ਹਨ।