ਸ਼੍ਰੋਮਣੀ ਕਮੇਟੀ ਸਰਹਿੰਦ ਦੀ ਦੀਵਾਰ ਦੀ ਮਹਾਨਤਾ ਤੋਂ ਬੇਖਬਰ

ਫ਼ਤਿਹਗੜ੍ਹ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਦੀ ਬੇਮਿਸਾਲ ਸ਼ਹਾਦਤ ਦੀ ਨਿਸ਼ਾਨੀ Ḕਸਰਹਿੰਦ ਦੀ ਦੀਵਾਰ’ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਣ ਮਰਿਆਦਾ ਭੁੱਲ ਗਈ ਹੈ। ਸਿੱਖਾਂ ਦੀ ਆਸਥਾ ਦਾ ਪ੍ਰਤੀਕ ਇਸ ਦੀਵਾਰ ‘ਤੇ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਪੱਖੇ, ਘੜੀ ਤੇ ਬਿਜਲੀ ਦੇ ਪਲੱਗ ਗੱਡ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਗੁਰਦੁਆਰਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਸ਼ਹੀਦੀ ਅਸਥਾਨ ‘ਤੇ ਗੁਰਮਿਤ ਦੇ ਉਲਟ ਨਿਭਾਈਆਂ ਜਾ ਰਹੀਆਂ ਰਹੁਰੀਤਾਂ ਦਾ ਮਾਮਲਾ ਕਮੇਟੀ ਕੋਲ ਲਿਖਤੀ ਤੌਰ ‘ਤੇ ਉਠਾਇਆ ਜਾ ਚੁੱਕਾ ਹੈ।
ਬਾਬਾ ਜ਼ੋਰਾਵਰ ਸਿੰਘ (ਨੌਂ ਸਾਲ) ਤੇ ਫ਼ਤਹਿ ਸਿੰਘ ( ਸੱਤ ਸਾਲ) ਨੂੰ 26 ਦਸੰਬਰ, 1703 ਨੂੰ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਥਾਂ ਨੂੰ ਸ਼ਹੀਦੀ ਅਸਥਾਨ ਦਾ ਨਾਂ ਦਿੱਤਾ ਗਿਆ ਹੈ। ਇਹ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਦੇ ਭੋਰੇ ਵਿਚ ਸੁਸ਼ੋਭਿਤ ਹੈ। ਇਸ ਅਸਥਾਨ ਦੇ ਚਾਰ ਦਰਵਾਜ਼ੇ ਹਨ। ਇਕ ਪਾਸੇ ਥੜੇ ‘ਤੇ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕੀਤਾ ਗਿਆ ਹੈ। ਇਸ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਸੰਗਤ ਦੇ ਮੱਥਾ ਟੇਕਣ ਵਾਸਤੇ ਦਰਵਾਜ਼ਾ ਹੈ ਜਦੋਂਕਿ ਦੂਜੇ ਦੋ ਦਰਵਾਜ਼ਿਆਂ ਵਿਚ ਅਖੰਡ ਪਾਠ ਸਾਹਿਬ ਚੱਲ ਰਹੇ ਹਨ। ਇਨ੍ਹਾਂ ਚੌਹਾਂ ਦਰਵਾਜ਼ਿਆਂ ਦੇ ਵਿਚਾਲੇ ਬਣੀਆਂ ਨਾਨਕਸ਼ਾਹੀ ਇੱਟਾਂ ਦੀਆਂ ਪੁਰਾਤਨ ਤੇ ਇਤਿਹਾਸਕ ਦੀਵਾਰਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੰਗਤ ਇਸ ਦੇ ਦਰਸ਼ਨ ਕਰਨ ਨੂੰ ਆਪਣੇ ਵੱਡੇ ਭਾਗ ਸਮਝਦੀ ਹੈ ਪਰ ਸ਼੍ਰੋਮਣੀ ਕਮੇਟੀ ਮਰਿਆਦਾ ਦੇ ਉਲਟ ਜਾ ਕੇ ਆਪਣੀ ਜ਼ਿੰਮੇਵਾਰੀ ਤੋਂ ਦੂਰ ਜਾ ਰਹੀ ਹੈ।
ਸ਼ਹੀਦੀ ਅਸਥਾਨ ਦੀਆਂ ਦੀਵਾਰਾਂ ਬਾਰੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ 1763 ਵਿਚ ਭਾਈ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਮੁੜ ਪ੍ਰਗਟ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸਿੱਖ ਸੰਗਤ ਦੇ ਜਜ਼ਬਾਤ ਤੇ ਸ਼ਰਧਾ ਨਾਲ ਜੁੜੀ ਇਸ ਦੀਵਾਰ ਨੂੰ ਬਣਦਾ ਮਾਣ ਸਤਿਕਾਰ ਦੇਣਾ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਹੈ। ਇਨ੍ਹਾਂ ਦੀਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ Ḕਕੌਫੀ ਕਲਰ’ ਕਰਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਮਰਜ਼ੀ ਦੇ ਰੰਗ ਦਾ ਪੋਚਾ ਫੇਰ ਦਿੱਤਾ ਜਾਂਦਾ ਰਿਹਾ ਹੈ। ਕੌਫੀ ਕਲਰ ਦੀ ਦੀਵਾਰ ‘ਤੇ ਟੰਗੀ ਚਿੱਟੇ ਰੰਗ ਦੀ ਘੜੀ ਤੇ ਬਿਜਲੀ ਦਾ ਸਾਮਾਨ ਸੰਗਤ ਦੀ ਸ਼ਰਧਾ ਭਾਵਨਾ ਨੂੰ ਸੱਟ ਮਾਰ ਰਿਹਾ ਹੈ। ਸ਼ਹੀਦੀ ਅਸਥਾਨ ‘ਤੇ ਬੈਠੇ ਸੇਵਾਦਾਰ ਨੇ ਕਿਹਾ ਕਿ ਰੌਸ਼ਨੀ ਦੇ ਪ੍ਰਬੰਧ ਲਈ ਅਜਿਹਾ ਕੀਤਾ ਗਿਆ ਹੈ।
_____________________________________
ਕਈ ਹੋਰ ਅਸਥਾਨਾਂ ਦੀ ਨਹੀਂ ਹੋਈ ਸੰਭਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜੇ ਕਈ ਪਾਤਰਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਣ ਪ੍ਰਤੀ ਵੀ ਅਵੇਸਲਾਪਣ ਦਿਖਾਇਆ ਜਾ ਰਿਹਾ ਹੈ। ਇਤਿਹਾਸ ਮੁਤਾਬਕ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣਨ ਤੋਂ ਪਹਿਲਾਂ ਮੋਰਿੰਡੇ ਤੋਂ ਰੱਥ ਰਾਹੀਂ ਇਥੇ ਲਿਆਂਦਾ ਸੀ ਜਿਸ ਥਾਂ ‘ਤੇ ਇਹ ਰੱਥ ਰੁਕਿਆ ਉਸ ਥਾਂ ਗੁਰਦੁਆਰਾ ਸਾਹਿਬ ਤਾਂ ਬਣਾ ਦਿੱਤਾ ਗਿਆ ਹੈ ਪਰ ਉਸ ਥਾਂ ਨੂੰ ਇਸ ਤੋਂ ਬਾਹਰ ਰੱਖ ਲਿਆ ਗਿਆ ਹੈ।
ਭਾਈ ਸਦਨਾ ਜਿਨ੍ਹਾਂ ਦਾ ਇਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ, ਦਾ ਵੀ ਸਬੰਧ ਫ਼ਤਹਿਗੜ੍ਹ ਸਾਹਿਬ ਨਾਲ ਹੈ ਪਰ ਉਨ੍ਹਾਂ ਦੀ ਯਾਦਗਾਰੀ ਮਸੀਤ ਤੋਂ ਬਿਨਾਂ ਅੱਗੇ ਖੋਜ ਦੀ ਲੋੜ ਨਹੀਂ ਸਮਝੀ ਗਈ। ਸਾਹਿਬਜ਼ਾਦਿਆਂ ਦੀ ਦੇਹ ਦਾ ਸਸਕਾਰ ਕਰਨ ਵਾਲੇ ਭਾਈ ਤਰਲੋਕਾ ਤੇ ਭਾਈ ਰਾਮਾ ਦੀ ਕੁਰਬਾਨੀ ਦਾ ਇਤਿਹਾਸ ਵੀ ਜੀਵਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਵਾਜੀਦ ਖ਼ਾਨ ਦੀ ਬੇਗਮ ਜੈਨਾ ਤੇ ਬਾਬਾ ਜੋਤੀ ਰਾਮ ਮਹਿਰਾ ਬਾਰੇ ਨਾ ਲਿਖਿਆ ਗਿਆ ਤਾਂ ਇਨ੍ਹਾਂ ਦੀ ਕੁਰਬਾਨੀ ਵੀ ਗੁੱਝੀ ਰਹਿ ਜਾਵੇਗੀ। ਬੀਬੀ ਜੈਨਾ ਨੇ ਵਜੀਦ ਖ਼ਾਨ ਤੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਨਾ ਕਰਨ ਦਾ ਪ੍ਰਣ ਲਿਆ ਸੀ ਜਦੋਂਕਿ ਬਾਬਾ ਮਹਿਰਾ ਗੁਰੂ ਦੇ ਲਾਲਾਂ ਨੂੰ ਦੁੱਧ ਛਕਾਉਣ ਦੀ ਸੇਵਾ ਕਰਦੇ ਰਹੇ ਸਨ।
ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਲਿਖੇ ਪੱਤਰ ਬਾਰੇ ਤਾਂ ਕੁਝ ਕਹਿਣ ਤੋਂ ਨਾਂਹ ਕਰ ਦਿੱਤੀ ਹੈ ਪਰ ਉਨ੍ਹਾਂ ਦਾ ਏਨਾ ਜ਼ਰੂਰ ਕਹਿਣਾ ਹੈ ਕਿ ਉਹ ਗਰੁਮਿਤ ਮਰਿਆਦਾ ਦੇ ਉਲਟ ਹੋਣ ਵਾਲੀ ਹਰ ਰਸਮ ਦਾ ਵਿਰੋਧ ਕਰਦੇ ਹਨ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਜਿਸ ਅਸਥਾਨ ਨੂੰ ਸੰਗਤ ਨਤਮਸਤਕ ਹੋਣ ਜਾਂਦੀ ਹੈ, ਉਸ ਦੀ ਸੰਭਾਲ ਕਰਨਾ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਤੁਰੰਤ ਰਿਪੋਰਟ ਲੈ ਕੇ ਕਾਰਵਾਈ ਕਰਨਗੇ।

Be the first to comment

Leave a Reply

Your email address will not be published.