ਕਾਫ਼ੀ ਸਮੇਂ ਤੋਂ ਉਡੀਕਿਆ ਜਾ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅਸਤੀਫ਼ਾ ਆਖਰਕਾਰ ਸੋਮਵਾਰ ਨੂੰ ਆ ਹੀ ਗਿਆ। ਪੰਜਾਬ ਦੇ ਲੋਕਾਂ ਨੂੰ ਇਸ ਅਸਤੀਫੇ ਨਾਲ ਨਿਰਾਸ਼ਾ ਹੋਈ ਹੈ।
ਉਹ ਇਸ ਕਰਕੇ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਜਿਵੇਂ ਭਾਰਤੀਆਂ ਦਾ ਤੇ ਖਾਸ ਤੌਰ `ਤੇ ਪੰਜਾਬੀਆਂ ਦਾ, ਅਤੇ ਉਹਦੇ ਤੋਂ ਵੀ ਵੱਧ ਸਿੱਖਾਂ ਨਾਲ ਬਹੁਤ ਨੇੜਲੇ ਲਗਾਓ ਵਾਲਾ ਮਹਿਸੂਸ ਹੁੰਦਾ ਸੀ। ਬੀਤੇ ਨੌਂ ਸਾਲ ਦੇ ਆਪਣੇ ਸ਼ਾਸ਼ਨਕਾਲ ਵਿਚ ਜਸਟਿਨ ਟਰੂਡੋ ਨੇ ਜੋ ਨੀਤੀਆਂ ਬਣਾਈਆਂ ਉਹ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਲਈ ਕਾਫ਼ੀ ਲਾਹੇਵੰਦ ਰਹੀਆਂ ਹਨ। ਸਿੱਖਾਂ ਨਾਲ ਤਾਂ ਟਰੂਡੋ ਦਾ ਲਗਾਓ ਕੁਝ ਵਧੇਰੇ ਹੀ ਨਜ਼ਰ ਆਉਂਦਾ ਰਿਹਾ ਹੈ। ਉਹ ਕਈ ਵਾਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵੀ ਆਇਆ ਜਾਂ ਇਧਰ ਉਧਰ ਕਈ ਵਾਰ ਸਿੱਖ ਦੋਸਤਾਂ ਨਾਲ ਫੋਟੋਆਂ ਵੀ ਖਿਚਵਾਉਂਦਾ ਰਿਹਾ ਹੈ।
ਉਸ ਦੇ ਅਸਤੀਫਾ ਦੇਣ ਦੇ ਕਾਰਨ ਨਿਹਾਰੀਏ ਤਾਂ ਕਈ ਵਿਸਥਾਰ ਸਾਹਮਣੇ ਆਉਂਦੇ ਹਨ। ਉਸ ਦੇ ਅਸਤੀਫਾ ਦੇਣ ਦਾ ਭਾਰਤ ਤੇ ਕੈਨੇਡਾ ਦੇ ਸੰਬੰਧਾਂ `ਤੇ ਕੀ ਅਸਰ ਪੈਣ ਦੀ ਸੰਭਾਵਨਾ ਹੋ ਸਕਦੀ ਹੈ? ਖਾਸ ਤੌਰ `ਤੇ ਉੱਥੇ ਵਸਦੇ ਸਾਢੇ ਦਸ ਲੱਖ ਦੇ ਕਰੀਬ ਪੰਜਾਬੀਆਂ ਉਤੇ ਅਤੇ ਸਿੱਖ ਡਾਇਸਪੋਰਾ ਜੋ ਉਥੇ ਰਹਿ ਰਿਹਾ ਹੈ ਉਹ ਕਿਵੇਂ ਮਹਿਸੂਸ ਕਰਦਾ ਹੈ? ਕਿਉਂਕਿ ਸਮਝਿਆ ਜਾਂਦਾ ਹੈ ਕਿ ਪਿਛਲੇ ਸਮੇਂ ਵਿਚ ਜਸਟਿਨ ਟਰੂਡੋ ਦੀਆਂ ਨੀਤੀਆਂ ਕਰਕੇ ਉੱਥੇ ਦੀ ਘਰੇਲੂ ਸਿਆਸਤ ਦਾ ਉਸ ਉਤੇ ਜੋ ਦਬਾਅ ਸੀ ਹੁਣ ਉਹ ਦਬਾਅ ਉਸ ਲਈ ਝੱਲਣਾ ਮੁਸ਼ਕਿਲ ਹੋ ਗਿਆ ਸੀ। ਸਥਾਨਕ ਵਸੋਂ ਨੂੰ ਉਸ ਬਾਰੇ ਸ਼ਿਕਾਇਤ ਸੀ ਉਸ ਦੀਆਂ ਨੀਤੀਆਂ ਨੇ ਬਿਨਾਂ ਮਤਲਬ ਕੈਨੇਡਾ ਵਿਚ ਜ਼ਿਆਦਾ ਬੰਦੇ ਲਿਆਉਣ ਦੇ ਰਾਹ ਖੋਲ੍ਹੇ, ਜਿਸ ਕਰਕੇ ਕੈਨੇਡਾ ਵਿਚ ਮਹਿੰਗਾਈ ਹੋ ਰਹੀ ਹੈ, ਵਪਾਰ ਵਿਚ ਦਿੱਕਤ ਆ ਰਹੀ ਹੈ। ਇਨ੍ਹਾਂ ਸਮੱਸਿਆਵਾਂ ਦੇ ਦਬਾਅ ਕਾਰਨ ਹੀ ਪਹਿਲਾਂ ਉਨ੍ਹਾਂ ਦੇ ਵਿੱਤ ਮੰਤਰੀ ਵਲੋਂ ਅਸਤੀਫਾ ਦਿੱਤਾ ਜਾ ਚੁੱਕਾ ਸੀ। ਇੱਕ ਹੋਰ ਪਾਰਟੀ, ਜਿਸ ਦਾ ਸੰਬੰਧ ਪੰਜਾਬ ਨਾਲ ਤੇ ਸਿੱਖਾਂ ਨਾਲ ਹੈ ਅਤੇ ਜਿਸ ਦਾ ਨਾਮ ਐਨ.ਡੀ.ਪੀ. ਹੈ, ਉਸ ਦੇ ਮੁਖੀ ਸਰਦਾਰ ਜਗਮੀਤ ਸਿੰਘ ਨੇ ਵੀ ਟਰੂਡੋ ਸਰਕਾਰ ਤੋਂ ਆਪਣੀ ਹਿਮਾਇਤ ਵਾਪਸ ਲੈ ਲਈ ਸੀ। ਉਨ੍ਹਾਂ ਨੇ ਟਰੂਡੋ ਸਰਕਾਰ ਵਿਰੁੱਧ 25 ਜਨਵਰੀ ਨੂੰ, ਨੋ ਕੌਨਫੀਡੈਂਸ ਮੋਸ਼ਨ ਲਿਆਉਣ ਦਾ ਐਲਾਨ ਵੀ ਕੀਤਾ ਹੋਇਆ ਸੀ। ਜਸਟਿਨ ਟਰੂਡੋ ਦੀ ਸਰਕਾਰ ਦਾ ਉਸ ਤੋਂ ਪਹਿਲਾਂ ਹੀ ਅਸਤੀਫ਼ਾ ਆ ਗਿਆ।
ਇਹਦੇ ਨਾਲ ਹੀ ਇਹ ਵੀ ਸਪੱਸ਼ਟ ਹੈ ਕਿ ਟਰੂਡੋ ਨੂੰ ਨਾ ਕੇਵਲ ਕੈਨੇਡਾ ਵਿਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਆਪਣੇ ਗਵਾਂਢੀ, ਸਭ ਤੋਂ ਤਾਕਤਵਰ ਮੁਲਕ ਅਮਰੀਕਾ ਵਲੋਂ ਵੀ ਚੰਗੀਆਂ ਖਬਰਾਂ ਨਹੀਂ ਆ ਰਹੀਆਂ। ਅਮਰੀਕਾ ਵਿਚ ਆਉਣ ਵਾਲੀ 20 ਜਨਵਰੀ ਨੂੰ ਬਣਨ ਵਾਲੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵਾਂ ਸ਼ਗੂਫਾ ਛੱਡ ਦਿੱਤਾ ਹੈ। ਵੈਸੇ ਤਾਂ ਉਹ ਟਰੂਡੋ ਬਾਰੇ ਪਿਛਲੇ ਸਮੇਂ ਦੌਰਾਨ ਵੀ ਲਗਾਤਾਰ ਬੋਲਦੇ ਆ ਰਹੇ ਨੇ। ਉਹ ਟਰੂਡੋ ਨੂੰ ਕਈ ਗੱਲਾਂ ਕਹਿੰਦੇ ਰਹੇ ਹਨ। ਹੁਣ ਤਾਂ ਉਹ ਇੱਥੋਂ ਤੱਕ ਕਹਿ ਗਏ ਕਿ ਕਿਉਂ ਨਾ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣਾ ਦਿੱਤਾ ਜਾਵੇ। ਨਾਲ ਹੀ ਉਸ ਨੇ ਇਹ ਵੀ ਕਹਿ ਦਿੱਤਾ ਕਿ ਜਸਟਿਨ ਟਰੂਡੋ ਚੰਗੇ ਗਵਰਨਰ ਸਾਬਿਤ ਹੋ ਸਕਦੇ ਹਨ। ਯਾਨਿ ਕਿ ਟਰੂਡੋ ਨੂੰ ਕੈਨੇਡਾ ਦਾ ਰਾਜਪਾਲ ਲਾ ਦਿਆਂਗੇ। ਟਰੰਪ ਦਾ ਕਹਿਣਾ ਹੈ ਕਿ ਕੈਨੇਡਾ ਅਮਰੀਕਾ ਨਾਲ ਰਹੇਗਾ ਤਾਂ ਚੀਨ ਤੋਂ ਵੀ ਸੁਰੱਖਿਅਤ ਰਹੇਗਾ।
ਇਸ ਤੋਂ ਵੀ ਅੱਗੇ ਵਧਦੇ ਹੋਏ ਟਰੰਪ ਨੇ ਕਿਹਾ ਕਿ ਤੁਹਾਡੀ ਅਗਵਾਈ ਵਿਚ ਅਮਰੀਕਾ ਦਾ ਸੋLਸ਼ਣ ਹੋ ਰਿਹਾ ਹੈ। ਅਮਰੀਕਾ ਦਾ ਬਿਜ਼ਨਸ ਤਬਾਹ ਹੋ ਰਿਹਾ ਹੈ। ਇਹਦਾ ਮਤਲਬ ਡਰ ਕਿਤੇ ਟਰੰਪ ਦੇ ਅੰਦਰ ਵੀ ਹੈ ਤੇ ਉਹ ਕਹਿੰਦਾ ਹੈ ਕਿ ਜੇ ਤੁਸੀਂ ਨਾ ਮੰਨੇ ਤਾਂ ਜਿੰਨਾ ਵੀ ਮਾਲ ਕੈਨੇਡਾ-ਅਮਰੀਕਾ ਵਿਚ ਇੰਪੋਰਟ ਕਰਦਾ ਭਾਵ ਜਿੰਨਾ ਕੈਨੇਡਾ ਰਾਹੀਂ ਅਮਰੀਕਾ ਨੂੰ ਕੋਈ ਸਾਜ਼ੋ-ਸਾਮਾਨ ਜਾਂਦਾ ਉਹਦੇ `ਤੇ 25% ਟੈਕਸ ਵਧਾ ਦਿਆਂਗੇ। ਮਤਲਬ ਫਿਰ ਕੀ ਹੋਏਗਾ ਕਿ ਜੇ 25% ਵਾਧੂ ਟੈਕਸ ਲੱਗ ਜਾਏਗਾ, ਤਾਂ ਕੈਨੇਡਾ ਦਾ ਮਾਲ ਇਧਰ ਦੀ ਜਾਣ ਦੀ ਬਜਾਇ ਕਿਤੋਂ ਹੋਰ ਪਾਸੇ ਤੋਂ ਜਾਊਗਾ। ਮਤਲਬ ਸਪੱਸ਼ਟ ਹੈ ਕਿ ਅਮਰੀਕਾ ਕੈਨੇਡਾ ਨੂੰ ਬਿਜ਼ਨਸ ਪੱਖੋਂ ਵੀ ਨੁਕਸਾਨ ਪਹੁੰਚਾਏਗਾ। ਇਹ ਗੱਲਾਂ ਆਪਣੇ ਆਪਣੇ ਦੇਸ਼ਾਂ ਦੀਆਂ ਹਨ, ਇੱਕ ਦੂਜੇ ਦੇ ਵਪਾਰ ਦੀਆਂ ਹਨ। ਇਹਦੇ ਨਾਲ ਵੀ ਦੋ ਚਾਰ ਹੋਣਾ ਪਵੇਗਾ। ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਲਈ ਇਹ ਸਭ ਵੱਡੀਆਂ ਵੰਗਾਰਾਂ ਹਨ। ਜੋ ਲਗਾਤਾਰ ਮੂੰਹ ਅੱਡੀ ਖੜ੍ਹੀਆਂ ਹਨ। ਇਹ ਵੰਗਾਰਾਂ ਨਾ ਕੈਨੇਡਾ ਦੇ ਮੂਲ ਵਾਸੀਆਂ ਨੂੰ ਚੈਨ ਦੀ ਨੀਂਦ ਸੌਣ ਦਿੰਦੀਆਂ ਹਨ ਅਤੇ ਨਾ ਪ੍ਰਵਾਸੀਆਂ ਨੂੰ ਅਮਨ ਚੈਨ ਨਾਲ ਉਸ ਧਰਤੀ `ਤੇ ਵਿਚਰਨ ਦਿੰਦੀਆਂ ਹਨ।
ਇਨ੍ਹਾਂ ਵੰਗਾਰਾਂ ਦੀ ਇਕ ਹੋਰ ਪਰਤ ਵੀ ਹੈ। ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ। ਸੰਨ 2023 ਤੋਂ ਚੱਲ ਰਿਹਾ ਇਹ ਮਾਮਲਾ 2024 ਵਿਚ ਆ ਕੇ ਦੁਬਾਰਾ ਭਖਦਾ ਹੈ। ਜਦੋਂ ਡਿਪਲੋਮੈਟ ਕੱਢ ਦਿੱਤੇ ਜਾਂਦੇ ਹਨ। ਅੱਧੀ ਦਰਜਨ ਡਿਪਲੋਮੈਟ ਕੈਨੇਡਾ ਕੱਢ ਦਿੰਦਾ ਹੈ। ਅੱਧੀ ਦਰਜਨ ਭਾਰਤ ਕੱਢ ਦਿੰਦਾ ਹੈ। ਵੀਜ਼ਾ ਸ਼ਰਤਾਂ ਸਖਤ ਹੋ ਜਾਂਦੀਆਂ ਹਨ। ਹੁਣ ਜਿੰਨੇ ਬੱਚੇ ਪੀ.ਆਰ. ਲਈ ਜਾ ਰਹੇ ਹਨ। ਪੀ.ਆਰ. ਦੇ ਨਿਯਮ ਸਖਤ ਹੋ ਗਏ ਹਨ। ਜਿਹੜੇ ਬਚਿਆਂ ਦੇ ਮਾਂ-ਬਾਪ ਜਾਂਦੇ ਸੀ, ਬੱਚਿਆਂ ਦੇ ਕੋਲ ਕਿਸੇ ਨਾ ਕਿਸੇ ਤਰੀਕੇ ਨਾਲ, ਉਨ੍ਹਾਂ ਦੇ ਜਾਣ `ਤੇ ਰੋਕਾਂ ਵਧ ਗਈਆਂ ਹਨ। ਨਿਯਮ ਬਦਲ ਦਿੱਤੇ ਗਏ ਹਨ। ਇਥੋਂ ਤੱਕ ਕਿ ਲਗਭਗ 30% ਵੀਜ਼ੇ ਰੱਦ ਹੋ ਗਏ ਹਨ। ਪਹਿਲਾਂ ਦੇ ਮੁਕਾਬਲੇ ਜਿਹੜੇ ਬੱਚੇ ਜਾ ਰਹੇ ਸਨ, ਹੁਣ ਇੱਕ ਨਵੀਂ ਸਮੱਸਿਆ ਹੋਰ ਵੀ ਹੈ ਕਿ ਜਿਹੜੇ ਬੱਚੇ ਪਹਿਲਾਂ ਗਏ ਹੋਏ ਹਨ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਰਹਿਣਾ ਚਾਹੁੰਦੇ ਹਨ ਪੀ.ਆਰ. ਲੈਣਾ ਚਾਹੁੰਦੇ ਹਨ ਉਨ੍ਹਾਂ ਦੇ ਵਰਕ ਪਰਮਿਟ ਵੀ ਲਗਭਗ ਖਤਮ ਹੋ ਗਏ ਹਨ। ਜਿਹੜਾ ਪੜ੍ਹਾਈ ਕਰਨ ਲਈ ਪਹਿਲਾਂ ਜਾਂਦੇ ਹਨ, ਕੁਝ ਸਾਲ ਲਈ। ਵਰਕ ਪਰਮਿਟ ਤਿੰਨ ਚਾਰ ਸਾਲ ਦੇ ਮਿਲੇ ਸਨ, ਉਹ ਵੀ ਖਤਮ ਹੋ ਰਹੇ ਹਨ। ਖਤਰਨਾਕ ਪਹਿਲੂ ਇਹ ਹੈ ਕਿ ਉਨ੍ਹਾਂ `ਚੋਂ 13 ਹਜ਼ਾਰ ਦੇ ਕਰੀਬ ਬੱਚੇ ਸਿਆਸੀ ਸ਼ਰਨ ਵਾਸਤੇ ਅਪਲਾਈ ਕਰਦੇ ਹਨ। ਜਦੋਂ ਹੁਣ ਹੋਰ ਕੋਈ ਤਰੀਕਾ ਨਾ ਵਰਤ ਕੇ ਉਨ੍ਹਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਭਾਰਤ ਵਿਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਉਥੋਂ ਦੇ ਵਕੀਲ ਕੀ ਕਰਦੇ ਹਨ ? ਜਿਹੜੇ ਪੈਸੇ ਵੀ ਵਾਧੂ ਖਾਂਦੇ ਹਨ ਅਤੇ ਉਹ ਕਹਿੰਦੇ ਹਨ ਕਿ ਉੱਥੇ ਪ੍ਰੋਟੈਸਟ ਕਰੋ ਕਿਰਪਾਨਾਂ ਵੀ ਖਿੱਚੋ। ਉਸ ਤਰ੍ਹਾਂ ਦੀਆਂ ਕਰਵਾਈਆਂ ਕਰੋ ਜਿਹੜੀਆਂ ਕਰਵਾਈਆਂ `ਤੇ ਭਾਰਤ ਇਤਰਾਜ਼ ਕਰਦਾ ਹੋਵੇ। ਇਨ੍ਹਾਂ ਸਭ ਕਰਵਾਈਆਂ ਦੀਆਂ ਫੋਟੋਆਂ ਛਪਣੀਆਂ ਚਾਹੀਦੀਆਂ ਹਨ। ਉਹ ਫੋਟੋਆਂ ਤੁਹਾਡੇ ਕੇਸਾਂ ਦੇ ਨਾਲ ਲੱਗਣਗੀਆਂ ਜਿਹਦੇ ਕਰਕੇ ਇਹ ਹਿੰਸਕ ਪ੍ਰਦਰਸ਼ਨ ਹੁੰਦੇ ਹਨ। ਇਸ ਸਾਰੇ ਮਾਮਲੇ ਵਿਚ ਭਾਰਤ ਨੇ ਬੇਹੱਦ ਇਤਰਾਜ਼ ਕੀਤਾ ਸੀ। ਕਿ ਤੁਸੀਂ ਕੈਨੇਡਾ ਦੀ ਧਰਤੀ `ਤੇ ਸਾਡੇ ਖ਼ਿਲਾਫ ਸਾਜ਼ਿਸ਼ ਕਰਾ ਰਹੇ ਹੋ, ਹਾਲਾਂਕਿ ਇਹ ਡਿਬੇਟ ਚੱਲਦੀ ਹੈ। ਭਾਰਤ ਦਾ ਆਪਣਾ ਪੱਖ ਹੈ। ਕੈਨੇਡਾ ਦਾ ਆਪਣਾ ਪੱਖ ਹੈ। ਵੈਸੇ ਇਹ ਦੋ ਅਲੱਗ ਅਲੱਗ ਨਜ਼ਰੀਏ ਤੋਂ ਚੱਲ ਰਹੀਆਂ ਲੋਕਤੰਤਰ ਪ੍ਰਣਾਲੀਆਂ ਦਾ ਭਵਿੱਖ ਕੀ ਹੋਵੇਗਾ? ਇਹ ਵੇਖਣ ਵਾਲੀ ਗੱਲ ਹੋਵੇਗੀ।