ਬੂਟਾ ਸਿੰਘ ਮਹਿਮੂਦਪੁਰ
ਭਾਜਪਾ ਦੇ ਲਗਾਤਾਰ ਤੀਜੀ ਵਾਰ ਮੁਲਕ ਦੀ ਸੱਤਾ ’ਚ ਆਉਣ ਨਾਲ ਘੱਟ-ਗਿਣਤੀਆਂ ਦਾ ਭਵਿੱਖ ਹੋਰ ਜ਼ਿਆਦਾ ਅਨਿਸ਼ਚਿਤ ਹੋ ਗਿਆ ਹੈ| ਸੱਤਾਧਾਰੀ ਧਿਰ ਦੀ ਰਾਜਨੀਤੀ ਮੁਸਲਿਮ ਵਿਰੋਧੀ ਨਫ਼ਰਤ ਅਤੇ ਹਿੰਸਾ ਦੁਆਲੇ ਘੁੰਮਦੀ ਦੇਖੀ ਜਾ ਸਕਦੀ ਹੈ|
ਇਸੇ ਤਰ੍ਹਾਂ ਦੀ ਇਕ ਨਫ਼ਰਤ ਫੈਲਾਉਣ ਵਾਲੀ ਮੁਹਿੰਮ ਪਿਛਲੇ ਦਿਨੀਂ ਦੇਖਣ ’ਚ ਆਈ| ਅਜਿਹੀ ਨਫ਼ਰਤ ਦੇ ਪ੍ਰਚਾਰ ਸਮੇਂ ਭਾਰਤ ਦੀ ਪੁਲਿਸ ਤੇ ਪ੍ਰਸ਼ਾਸਨ ਬੇਹਰਕਤ ਨਜ਼ਰ ਆਉਂਦੇ ਹਨ| ਇਨ੍ਹਾਂ ਵੱਖ-ਵੱਖ ਪਰਤਾਂ ਦੀ ਚਰਚਾ ਇਸ ਲੇਖ ਵਿਚ ਕੀਤੀ ਗਈ ਹੈ| – ਸੰਪਾਦਕ
2024 ’ਚ ਸੰਘ ਬਰਗੇਡ ਦੇ ਤੀਜੀ ਵਾਰ ਸੱਤਾ ਵਿਚ ਆਉਣ ’ਚ ਫਿਰਕੂ ਪਾਲਾਬੰਦੀ ਦੀ ਸਿਆਸਤ ਵੱਲੋਂ ਖ਼ਾਸ ਭੂਮਿਕਾ ਨਿਭਾਉਣਾ ਜੱਗ ਜ਼ਾਹਿਰ ਹਕੀਕਤ ਹੈ| ਦਸ ਸਾਲਾਂ ’ਚ ਭਗਵਾਂ ਹਕੂਮਤ ਦੀਆਂ ਖੁੱਲ੍ਹੇਆਮ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦੇ ਬਾਵਜੂਦ ਭਾਜਪਾ ਦੇ ਚਾਣਕਿਆ ਹਿੰਦੂਆਂ ਨੂੰ ਧਰਮ ਦੇ ਨਾਮ ’ਤੇ ਵਰਗਲਾਉਣ ਅਤੇ ਅਵਾਮ ਦੀ ਵਧ ਰਹੀ ਆਰਥਿਕ ਬਦਹਾਲੀ ਅਤੇ ਨਾਬਰਾਬਰੀ ਤੋਂ ਧਿਆਨ ਹਟਾਉਣ ’ਚ ਕਾਮਯਾਬ ਹੋ ਗਏ| ਪਹਿਲਾਂ ਜਿੰਨੀਆਂ ਬਹੁਗਿਣਤੀ ਸੀਟਾਂ ਨਾ ਜਿੱਤ ਸਕਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਇਸ ਵਾਰ ਮੋਦੀ-ਅਮਿਤ ਸ਼ਾਹ ਵਜ਼ਾਰਤ ਲੋਕ ਸਭਾ ’ਚ ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਅੱਗੇ ਵਧਾਉਣ ਦੀ ਦਿਸ਼ਾ ’ਚ ਪਹਿਲਾਂ ਵਰਗੇ ਧੱਕੜ ਫ਼ੈਸਲੇ ਨਹੀਂ ਲੈ ਸਕੇਗੀ| ਇਹ ਰਾਜਨੀਤਕ ਜਾਇਜ਼ਾ ਗ਼ਲਤ ਸਿੱਧ ਹੋਇਆ ਕਿਉਂਕਿ ਆਰਐੱਸਐੱਸ-ਭਾਜਪਾ ਆਪਣੇ ਹਿੰਦੂ ਰਾਸ਼ਟਰ ਦੇ ਰਾਜਨੀਤਕ ਪ੍ਰੋਜੈਕਟ ਨੂੰ ਅੱਗੇ ਵਧਾਉਣ ਤੋਂ ਭੋਰਾ ਵੀ ਪਿੱਛੇ ਨਹੀਂ ਹਟੇ ਹਨ| ਆਪਣੀ ਜਕੜ ਨੂੰ ਹੋਰ ਮਜ਼ਬੂਤ ਕਰਨ ਲਈ ਸੰਘ ਦੇ ਵੱਖ-ਵੱਖ ਵਿੰਗ ਹੋਰ ਵੀ ਤੇਜ਼ੀ ਨਾਲ ਨਫ਼ਰਤ ਫੈਲਾਉਂਦੇ ਦੇਖੇ ਜਾ ਸਕਦੇ ਹਨ| ਇਸੇ ਦੀ ਕੜੀ ਵਜੋਂ, ਦਸੰਬਰ 2024 ’ਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਪੂਰੇ ਭਾਰਤ ਵਿਚ ‘ਸ਼ੌਰੀਆ ਦਿਵਸ’ ਯਾਤਰਾਵਾਂ ਜਥੇਬੰਦ ਕੀਤੀਆਂ ਗਈਆਂ| ਬਿਹਾਰ, ਹਰਿਆਣਾ, ਓੜੀਸਾ, ਅਸਾਮ, ਗੋਆ, ਰਾਜਸਥਾਨ ਅਤੇ ਮਹਾਰਾਸ਼ਟਰ ’ਚ ਅਜਿਹੀ ਇਕ-ਇਕ ਯਾਤਰਾ ਆਯੋਜਤ ਕੀਤੀ ਗਈ ਜਦਕਿ ਮੱਧ ਪ੍ਰਦੇਸ਼ ’ਚ ਛੇ, ਉਤਰਾਖੰਡ ’ਚ ਤਿੰਨ ਅਤੇ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ ਨੌ ਸ਼ੌਰੀਆ ਯਾਤਰਾਵਾਂ ਕੱਢੀਆਂ ਗਈਆਂ|
ਫਿਰਕੂ ਸਦਭਾਵਨਾ ਲਈ ਸਰਗਰਮ ਕਾਰਕੁਨਾਂ ਦੇ ਗਰੁੱਪ ‘ਸਬਰੰਗ ਇੰਡੀਆ’ ਨੇ ਇਨ੍ਹਾਂ ਯਾਤਰਾਵਾਂ ਦੇ ਵੇਰਵੇ ਇਕੱਠੇ ਕਰ ਕੇ ਜੋ ਰਿਪੋਰਟ ਤਿਆਰ ਕੀਤੀ ਹੈ ਉਸ ਉੱਪਰ ਸਰਸਰੀ ਨਜ਼ਰ ਮਾਰਿਆਂ ਸਾਫ਼ ਪਤਾ ਲੱਗਦਾ ਹੈ ਕਿ ਇਹ ਯਾਤਰਾਵਾਂ ਧਾਰਮਿਕ ਫਿਰਕਿਆਂ, ਖ਼ਾਸ ਕਰਕੇ ਮੁਸਲਮਾਨਾਂ ਅਤੇ ਹਿੰਦੂਆਂ ਦਰਮਿਆਨ ਬੇਵਿਸ਼ਵਾਸੀ ਪੈਦਾ ਕਰ ਕੇ ਟਕਰਾਅ ਖੜ੍ਹੇ ਕਰਨ, ਸਦੀਆਂ ਤੋਂ ਚਲੀ ਆ ਰਹੀ ਫਿਰਕੂ ਸਦਭਾਵਨਾ ਨੂੰ ਸੱਟ ਮਾਰ ਕੇ ਫਿਰਕੂ ਵੈਰ ਪਵਾਉਣ ਅਤੇ ਮੁਸਲਮਾਨਾਂ ਦੀ ਵਤਨਪ੍ਰਸਤੀ ਉੱਪਰ ਸ਼ੱਕ ਖੜ੍ਹੇ ਕਰ ਕੇ ਉਨ੍ਹਾਂ ਨੂੰ ਬਹੁਗਿਣਤੀ ਨਾਲੋਂ ਅਲੱਗ-ਥਲੱਗ ਕਰਨ ਵੱਲ ਸੇਧਤ ਸਨ| ਅਜਿਹੇ ਆਯੋਜਨਾਂ ਰਾਹੀਂ ਇਤਿਹਾਸਕ ਘਟਨਾਵਾਂ ਨੂੰ ਤੋੜ-ਮਰੋੜ ਕੇ ਇਕ ਖ਼ਾਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਮੁਸਲਮਾਨ ਤਾਂ ਬੇਹੱਦ ਧੋਖੇਬਾਜ਼, ਦੇਸ਼ਧੋ੍ਰਹੀ, ਜਮਾਂਦਰੂ ਤੌਰ ’ਤੇ ਹਿੰਸਕ, ਸਾਜ਼ਿਸ਼ੀ ਅਤੇ ਸ਼ੈਤਾਨ ਧਾਰਮਿਕ ਫਿਰਕਾ ਹੈ ਜਿਸ ਉੱਪਰ ਬਿਲਕੁਲ ਯਕੀਨ ਨਹੀਂ ਕੀਤਾ ਜਾ ਸਕਦਾ| ਕਿ ਹਿੰਦੂ ਸ਼ਾਂਤ ਸੁਭਾਅ ਦੇ, ਦੇਸ਼ਪ੍ਰੇਮੀ ਅਤੇ ਨਿਰਛਲ ਹਨ| ਕਿ ਸਾਰੇ ਪੁਆੜੇ ਦੀ ਜੜ੍ਹ ਮੁਸਲਮਾਨ ਹਨ ਅਤੇ ਹਿੰਦੂਆਂ ਨੂੰ ਉਨ੍ਹਾਂ ਦੀਆਂ ਸਾਜ਼ਿਸ਼ਾਂ ਤੋਂ ਚੁਕੰਨੇ ਰਹਿਣਾ ਚਾਹੀਦਾ ਹੈ|
ਇਸ ਬਿਰਤਾਂਤ ਨੂੰ ਹਿੰਦੂ ਫਿਰਕੇ ਦੇ ਮਨਾਂ ’ਚ ਕੁੱਟ-ਕੁੱਟ ਕੇ ਭਰਨ ਲਈ ਵੱਖ-ਵੱਖ ਥਾਵਾਂ ਉੱਪਰ ਮੁਸਲਮਾਨਾਂ ਦੇ ਖ਼ਿਲਾਫ਼ ਲਗਭਗ ਇੱਕੋ ਤਰਜ਼ ਦਾ ਹਿੰਸਕ ਅਤੇ ਫਿਰਕੂ ਪ੍ਰਚਾਰ ਯਾਤਰਾ ਮੁਹਿੰਮ ਦੀ ਖ਼ਾਸੀਅਤ ਰਿਹਾ| ਬਾਬਰੀ ਮਸਜਿਦ ਨੂੰ ਤੋੜਨ ਦੇ ਸ਼ਰਮਨਾਕ ਕਾਂਡ ਨੂੰ ਹਿੰਦੂਆਂ ਦੀ ‘ਬਹਾਦਰੀ’ ਦੀ ਮਿਸਾਲ ਬਣਾ ਕੇ ਗੁਣਗਾਣ ਕੀਤਾ ਗਿਆ| ਭਾਸ਼ਣ ਸਿਰਫ਼ ਇਸ ਗੁਣਗਾਣ ਤੱਕ ਸੀਮਤ ਨਹੀਂ ਸਨ, ਇਹ ਐਲਾਨ ਵੀ ਦੁਹਰਾਏ ਗਏ ਕਿ ਇਹ ਤਾਂ ਸਿਰਫ਼ ‘ਝਾਂਕੀ’ ਹੈ, ਮਥੁਰਾ, ਕਾਸ਼ੀ ਆਦਿ ਅਜੇ ਬਾਕੀ ਹਨ| ਮੰਦਸੌਰ, ਇੰਦੌਰ ਅਤੇ ਸੀਤਾਮਊ ਵਰਗੇ ਸ਼ਹਿਰਾਂ ’ਚ ਕੀਤੇ ਇਕੱਠਾਂ ’ਚ ਸ਼ਾਮਲ ਹਜੂਮ ਨੇ ਬਾਬਰੀ ਮਸਜਿਦ ਨੂੰ ਤੋੜਨ ਦੀ ਜੈ-ਜੈਕਾਰ ਕੀਤੀ ਅਤੇ ਕਾਸ਼ੀ ਤੇ ਮਥੁਰਾ ਦੀਆਂ ਮਸਜਿਦਾਂ ਵਰਗੇ ਹੋਰ ਧਾਰਮਿਕ ਸਥਾਨਾਂ ਉੱਪਰ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਦੇ ਸੱਦੇ ਦਿੱਤੇ| ਇਸ ਬਿਰਤਾਂਤ ਅਨੁਸਾਰ ਬਾਬਰੀ ਮਸਜਿਦ ਤੋੜਨ ਦਾ ਮੁਜਰਮਾਨਾ ਕਾਰਾ ਧਾਰਮਿਕ ਕਾਰਜ ਹੈ ਅਤੇ ਹਿੰਦੂਆਂ ਨੇ ਅਜਿਹਾ ਕਰਕੇ ਆਪਣਾ ਖੁੱਸਿਆ ਗੌਰਵ ਮੁੜ ਹਾਸਲ ਕੀਤਾ ਹੈ|
ਭਾਸ਼ਣਾਂ ’ਚ ਕਿਹਾ ਗਿਆ ਕਿ ਮੁਸਲਮਾਨ ਹਿੰਦੂ ਫਿਰਕੇ ਦੀ ਹੋਂਦ ਲਈ ਖਤਰਾ ਹਨ ਕਿਉਂਕਿ ਉਹ ‘ਲਵ ਜਹਾਦ’, ‘ਭੂਮੀ ਜਹਾਦ’, ‘ਖੇਲ ਜਹਾਦ’ ਆਦਿ ਵੀ ਵੱਡੀ ਸਾਜ਼ਿਸ਼ ’ਚ ਲੱਗੇ ਹੋਏ ਹਨ| ਹਿੰਦੂਤਵੀ ਬੁਲਾਰਿਆਂ ਨੇ ਮੁਸਲਮਾਨਾਂ ਨੂੰ ਹਮਲਾਵਰਾਂ ਦੇ ਰੂਪ ’ਚ ਪੇਸ਼ ਕੀਤਾ ਅਤੇ ਉਨ੍ਹਾਂ ਪ੍ਰਤੀ ‘ਸਲੀਪਰ ਸੈੱਲ’, ‘ਜਹਾਦੀ ਆਬਾਦੀ’ ਜਾਂ ‘ਆਤੰਕਵਾਦੀ’ ਵਰਗੇ ਸ਼ਬਦ ਵਰਤ ਕੇ ਉਨ੍ਹਾਂ ਨੂੰ ਦੇਸ਼ਧੋ੍ਰਹੀ ਤਾਕਤ ਬਣਾ ਕੇ ਪੇਸ਼ ਕੀਤਾ ਗਿਆ| ਕੁਝ ਥਾਵਾਂ ’ਤੇ ਤਾਂ ਭਾਸ਼ਣ ਦੇਣ ਵਾਲਿਆਂ ਵੱਲੋਂ ਭਾਰਤ ’ਚੋਂ ਮੁਸਲਮਾਨਾਂ ਨੂੰ ਕੱਢਣ ਲਈ ਹਿੰਸਕ ਸੱਦੇ ਵੀ ਦਿੱਤੇ ਗਏ| ਕਈ ਬੁਲਾਰਿਆਂ ਨੇ ਹਿੰਦੂਆਂ ਨੂੰ ਸ਼ਰੇਆਮ ਹਿੰਸਾ ਲਈ ਉਕਸਾਇਆ ਅਤੇ ਹਿੰਦੂਆਂ ਨੂੰ ਹਥਿਆਰ ਚੁੱਕਣ ਅਤੇ ਕਥਿਤ ਮੁਸਲਮਾਨ ਖ਼ਤਰੇ ਵਿਰੁੱਧ ਧਰਮ ਦੀ ਰੱਖਿਆ ਕਰਨ ਦੇ ਸੱਦੇ ਦਿੱਤੇ| ਰੈਲੀਆਂ ’ਚ ਬੁਲਾਰੇ ਸ਼ਰੇਆਮ ਹਿੰਸਾ ਨੂੰ ਪ੍ਰੋਮੋਟ ਕਰਦੇ ਅਤੇ ਸ਼ਾਮਲ ਹਜੂਮ ਤਲਵਾਰਾਂ, ਤ੍ਰਿਸ਼ੂਲ ਅਤੇ ਹੋਰ ਹਥਿਆਰ ਲਹਿਰਾਉਂਦੇ ਦੇਖੇ ਗਏ| ਗੋਆ ਦੇ ਕਰਚੇਰੇਮ ਅਤੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਬੁਲਾਰਿਆਂ ਨੇ ਮੁਸਲਮਾਨਾਂ ਵਿਰੁੱਧ ਹਿੰਸਕ ਬਦਲਾ ਲੈਣ ਦੇ ਸੱਦੇ ਦਿੱਤੇ ਜਦਕਿ ਉਤਰਾਖੰਡ ਦੇ ਰੁਦਰਪੁਰ ’ਚ ਇਕ ਆਗੂ ਨੇ ਮੁਸਲਮਾਨ ਬਹੁਗਿਣਤੀ ਖੇਤਰਾਂ ਨੂੰ ‘ਸਲੀਪਰ ਸੈੱਲ’ ਦੱਸਿਆ ਜਿਨ੍ਹਾਂ ਨੂੰ ਖਤਮ ਕਰਨਾ ਹੀ ਹਿੰਦੂਆਂ ਦੇ ਹਿਤ ’ਚ ਹੈ| ਧਾਮਪੁਰ ਅਤੇ ਸੀਤਾਪੁਰ ਦੇ ਇਕੱਠਾਂ ’ਚ ਮੁਸਲਮਾਨਾਂ ਦਾ ਕਤਲੇਆਮ ਕਰਨ ਦੇ ਸੱਦੇ ਦਿੱਤੇ ਗਏ| ਇਹ ਸਭ ਹਿੰਦੂ ਭਾਈਚਾਰੇ ਦੀ ਇਹ ਸੋਚ ਬਣਾਉਣ ਲਈ ਹੈ ਕਿ ਮੁਸਲਮਾਨਾਂ, ਈਸਾਈਆਂ ਵਿਰੁੱਧ ਧਰਮ ਦੇ ਨਾਮ ’ਤੇ ਹਿੰਸਾ ਜਾਇਜ਼ ਹੈ ਕਿਉਂਕਿ ਇਹ ਹਿੰਦੂ ਧਰਮ ਦੀ ਰੱਖਿਆ ਲਈ ਹੈ|
ਮੁਸਲਮਾਨ ਵਿਰੋਧੀ ਭਾਸ਼ਣਾਂ ’ਚ ਇਕ ਉੱਘੜਵੀਂ ਚੀਜ਼ ਸਾਜ਼ਿਸ਼ ਸਿਧਾਂਤਾਂ ਦਾ ਪ੍ਰਚਾਰ ਹੈ| ਸੰਘੀ ਆਗੂ ‘ਲਵ ਜਹਾਦ’ ਦੇ ਝੂਠੇ ਬਿਰਤਾਂਤ ਰਾਹੀਂ ਇਹ ਦਾਅਵਾ ਕਰਦੇ ਹਨ ਕਿ ਮੁਸਲਮਾਨ ਮਰਦ ਗਿਣ-ਮਿੱਥ ਕੇ ਹਿੰਦੂ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ| ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਆਦਿ ਦੇ ਕਾਰਕੁਨ ਇਸ ਬਹਾਨੇ ਮੁਸਲਮਾਨ ਨੌਜਵਾਨਾਂ ਦੀ ਕੁੱਟ-ਮਾਰ ਕਰਦੇ ਅਤੇ ਇਕੱਠੇ ਘੁੰਮਦੇ ਮੁੰਡੇ-ਕੁੜੀਆਂ ਨੂੰ ਪ੍ਰੇਸ਼ਾਨ ਕਰਦੇ ਵੀ ਦੇਖੇ ਜਾ ਸਕਦੇ ਹਨ| ਕੁਝ ਭਾਜਪਾ ਸਰਕਾਰਾਂ ਨੇ ਤਾਂ ‘ਲਵ ਜਹਾਦ’ ਨਾਲ ਨਜਿੱਠਣ ਲਈ ਪੁਲਿਸ ਦੇ ‘ਰੋਮੀਓ ਸੁਕਐਡ’ ਵੀ ਬਣਾਏ ਹੋਏ ਹਨ| ਇਹ ਡਰ ਵੀ ਲਗਾਤਾਰ ਫੈਲਾਇਆ ਜਾ ਰਿਹਾ ਹੈ ਕਿ ਮੁਸਲਮਾਨ ਮੁਲਕ ਦੀ ‘ਵਸੋਂ ਬਣਤਰ ਬਦਲਣ’ ਦੀ ਸਾਜ਼ਿਸ਼ ਤਹਿਤ ਵੱਧ ਬੱਚੇ ਜੰਮ ਰਹੇ ਹਨ ਅਤੇ ਇਸ ਨਾਲ ਹਿੰਦੂਆਂ ਦਾ ਭਵਿੱਖ ਖ਼ਤਰੇ ’ਚ ਹੈ| ਇਹ ਵੀ ਕਿ ਜੇ ਹਿੰਦੂਆਂ ਨੇ ਵੱਧ ਬੱਚੇ ਜੰਮ ਕੇ ਇਸ ਨੂੰ ਨਾ ਰੋਕਿਆ ਤਾਂ ਮੁਸਲਮਾਨ ਹਿੰਦੂਆਂ ਨਾਲੋਂ ਆਪਣੀ ਵਸੋਂ ਵਧਾ ਕੇ ਭਾਰਤ ਦੇ ਰਾਜ-ਭਾਗ ਉੱਪਰ ਕਾਬਜ਼ ਹੋ ਜਾਣਗੇ| ਇਹ ਸਿੱਧੇ ਤੌਰ ’ਤੇ ਹਿੰਦੂਆਂ ’ਚ ਡਰ ਅਤੇ ਸ਼ੱਕ ਪੈਦਾ ਕਰਕੇ ਬੇਵਿਸ਼ਵਾਸੀ ਅਤੇ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼ ਹੈ|
ਲੰਮੇ ਸਮੇਂ ਤੋਂ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਹਿੰਦੂਆਂ ਨੂੰ ਇਹ ਜਚਾਉਣ ਦੀ ਮੁਹਿੰਮ ਚਲਾ ਰਹੀਆਂ ਹਨ ਕਿ ਦੋਨੋਂ ਫਿਰਕੇ ਮੌਲਿਕ ਰੂਪ ’ਚ ਬੇਮੇਲ ਹੋਣ ਕਰਕੇ ਹਿੰਦੂ-ਮੁਸਲਿਮ ਇਕੱਠੇ ਨਹੀਂ ਰਹਿ ਸਕਦੇ| (ਪਿਛਲੇ ਸਮੇਂ ’ਚ ਮੁਸਲਮਾਨਾਂ ਨੂੰ ਹਿੰਦੂ ਇਲਾਕੇ ’ਚ ਮਕਾਨ ਵਗੈਰਾ ਖ਼ਰੀਦਣ ਤੋਂ ਰੋਕਣ ਦੀਆਂ ਰਿਪੋਰਟਾਂ ਵੀ ਆਈਆਂ ਹਨ ਅਤੇ ਮੁਸਲਮਾਨ ਬਹੁਗਿਣਤੀ ਇਲਾਕਿਆਂ ਨੂੰ ‘ਮਿੰਨੀ ਪਾਕਿਸਤਾਨ’ ਕਹਿ ਕੇ ਭੰਡਿਆ ਜਾਂਦਾ ਹੈ|) ਇਸੇ ਤਹਿਤ ਸੀਤਾਪੁਰ ’ਚ ਇਕ ਬੁਲਾਰੇ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ‘ਆਦਿ-ਜੁਗਾਦਿ ਤੋਂ ਵਿਰੋਧੀ’ ਅਤੇ ‘ਦੋ ਵੱਖ-ਵੱਖ ਸੱਭਿਅਤਾਵਾਂ’ ਦੇ ਨੁਮਾਇੰਦਿਆਂ ਦੇ ਰੂਪ ’ਚ ਪੇਸ਼ ਕੀਤਾ| ਇਹ ‘ਅਸੀਂ ਬਨਾਮ ਉਹ’ ਦੀ ਧਾਰਨਾ ਬਣਾਉਣ ਦੀ ਸੋਝੀ-ਸਮਝੀ ਚਾਲ ਹੈ ਜਿਸ ਨੂੰ ਭਾਰਤੀ ਸਮਾਜ ਦੀ ਨਸਲੀ-ਸੱਭਿਆਚਾਰਕ ਵੰਨ-ਸੁਵੰਨਤਾ ਦੀ ਸਹਿਹੋਂਦ ਨੂੰ ਰੱਦ ਕਰਕੇ ਇਕਹਿਰੇ ‘ਹਿੰਦੂ ਰਾਸ਼ਟਰ’ ਨੂੰ ਸਹੀ ਠਹਿਰਾਉਣ ਲਈ ਵਰਤਿਆ ਜਾ ਰਿਹਾ ਹੈ| ਅਜਿਹੇ ਭਾਸ਼ਣਾਂ ਦੇ ਵਿਆਪਕ ਬਿਰਤਾਂਤ ਦੇ ਕੇਂਦਰ ’ਚ ਹਿੰਦੂਆਂ ਨੂੰ ਸਰਵਉੱਚ ਮੰਨਣ ਦੀ ਹਿੰਦੂਤਵ ਦੀ ਰਾਜਨੀਤਕ ਵਿਚਾਰਧਾਰਾ ਹੈ ਜੋ ਭਾਰਤ ਨੂੰ ਸਿਰਫ਼ ਹਿੰਦੂ ਰਾਸ਼ਟਰ ਦੇ ਰੂਪ ’ਚ ਪਰਿਭਾਸ਼ਿਤ ਕਰਨਾ ਚਾਹੁੰਦੀ ਹੈ| ਇਸ ਵਿਚਾਰਧਾਰਾ ਦੀ ਵਰਤੋਂ ਮੁਸਲਮਾਨਾਂ ਦਾ ਬਾਈਕਾਟ ਕਰਨ ਅਤੇ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕਣ ਨੂੰ ਸਹੀ ਠਹਿਰਾਉਣ ਲਈ ਕੀਤੀ ਜਾਂਦੀ ਹੈ, ਜਿਸ ਵਿਚ ਮੁਸਲਮਾਨ ਕਾਰੋਬਾਰਾਂ ਦੇ ਆਰਥਿਕ ਬਾਈਕਾਟ ਦੇ ਸੱਦੇ ਵੀ ਦਿੱਤੇ ਜਾਂਦੇ ਹਨ ਜਿਵੇਂ ਕਿ ਰਾਜਸਥਾਨ ਦੇ ਬੁਲੰਦਾ ਵਿਚ ਦੇਖਿਆ ਗਿਆ| ਭਾਸ਼ਣਾਂ ਵਿਚ ਮੁਸਲਮਾਨਾਂ ਨੂੰ ‘ਬਾਹਰਲੇ’ ਦੱਸਿਆ ਗਿਆ ਜਿਨ੍ਹਾਂ ਨੂੰ ਜਾਂ ਤਾਂ ਧਰਮ ਬਦਲ ਲੈਣਾ ਚਾਹੀਦਾ ਹੈ ਜਾਂ ਦੇਸ਼ ਛੱਡ ਦੇਣਾ ਚਾਹੀਦਾ ਹੈ| ਇਸ ਜ਼ਹਿਰੀਲੀ ਮੁਹਿੰਮ ਨਾਲ ਘੱਟ-ਗਿਣਤੀ ਮੁਸਲਮਾਨ ਫਿਰਕੇ ਨੂੰ ਖ਼ਾਸ ਤੌਰ ’ਤੇ ਅਲੱਗ-ਥਲੱਗ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਉਹ ਦੋਇਮ ਦਰਜੇ ਦੇ ਨਾਗਰਿਕ ਹਨ ਅਤੇ ਉਨ੍ਹਾਂ ਦਾ ਭਵਿੱਖ ਬਹੁਗਿਣਤੀ ਫਿਰਕੇ ਦੇ ਰਹਿਮ ’ਤੇ ਨਿਰਭਰ ਹੈ| ਇਸ ਲਈ ਉਨ੍ਹਾਂ ਨੂੰ ਕੱਟੜ ਬਹੁਗਿਣਤੀਵਾਦੀ ਹਜੂਮ ਦੀਆਂ ਮਨਮਾਨੀਆਂ ਨੂੰ ਨਿਰਵਿਰੋਧ ਕਬੂਲ ਕਰ ਲੈਣਾ ਚਾਹੀਦਾ ਹੈ|
ਇਨ੍ਹਾਂ ਵੇਰਵਿਆਂ ਤੋਂ ਇਸ ਤੌਖਲੇ ਦੀ ਪੁਸ਼ਟੀ ਹੁੰਦੀ ਹੈ ਕਿ ਭਗਵਾ ਹਕੂਮਤ ਹੇਠ ਭਾਰਤੀ ਸਿਆਸਤ ਅਤੇ ਸਮਾਜ ਅੰਦਰ ਹਿੰਦੂਤਵਵਾਦੀ ਵਿਚਾਰਧਾਰਾ ਦਾ ਰਸੂਖ਼ ਅਤੇ ਦਬਦਬਾ ਕਿੰਨਾ ਵਧ ਚੁੱਕਾ ਹੈ| ਸੰਘ ਪਰਿਵਾਰ ਦੀਆਂ ਜਥੇਬੰਦੀਆਂ ਮੁਸਲਮਾਨ ਘੱਟਗਿਣਤੀ ਵਿਰੁੱਧ ਵੱਧ ਤੋਂ ਵੱਧ ਜ਼ਹਿਰੀਲਾ ਮਾਹੌਲ ਬਣਾ ਕੇ ਉਨ੍ਹਾਂ ਨੂੰ ਬਹੁਗਿਣਤੀ ਹਿੰਦੂ ਫਿਰਕੇ ਤੋਂ ਅਲੱਗ-ਥਲੱਗ ਕਰਨ ਅਤੇ ਉਨ੍ਹਾਂ ਦੇ ਬਾਈਕਾਟ ਦੇ ਹਾਲਾਤ ਬਣਾਉਣ ਲਈ ਯਤਨਸ਼ੀਲ ਹਨ| ਪੁਰਾਤਨ ਜ਼ਮਾਨੇ ਦੇ ਮੁਸਲਮਾਨ ਧਾੜਵੀਆਂ/ਹੁਕਮਰਾਨਾਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਵਾਰ-ਵਾਰ ਦੁਹਰਾਈਆਂ ਜਾਂਦੀਆਂ ਹਨ ਤਾਂ ਜੋ ਗ਼ੈਰਮੁਸਲਮਾਨ ਵਸੋਂ ’ਚ ਮੁਸਲਮਾਨਾਂ ਨੂੰ ‘ਬਾਹਰਲੇ’ ਸਮਝਣ ਦੀ ਹਿੰਦੂਤਵਵਾਦੀ ਰਾਜਨੀਤਕ ਵਿਚਾਰਧਾਰਾ ਸਥਾਪਤ ਹੋ ਜਾਵੇ, ਪੂਰੇ ਫਿਰਕੇ ਪ੍ਰਤੀ ਬੇਵਿਸ਼ਵਾਸੀ ਤੇ ਨਫ਼ਰਤ ਉੱਭਰੇ ਅਤੇ ਫਿਰ ਉਸ ਮਾਹੌਲ ’ਚ ਉਨ੍ਹਾਂ ਵਿਰੁੱਧ ਬਹੁਗਿਣਤੀਵਾਦੀ ਹਿੰਸਾ ਨੂੰ ਉਕਸਾਉਣਾ ਸੌਖਾ ਹੋ ਜਾਵੇ| ਅਜਿਹਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਜਿੱਥੇ ਘੱਟਗਿਣਤੀਆਂ ਵਿਰੁੱਧ ਨਫ਼ਰਤ ਅਤੇ ਹਿੰਸਾ ਤੇਜ਼ੀ ਨਾਲ ਆਮ ਹੁੰਦੀ ਜਾਂਦੀ ਹੈ|
ਇਹ ਗੱਲ ਵੀ ਗ਼ੌਰ ਕਰਨ ਵਾਲੀ ਹੈ ਕਿ ਸਿਰਫ਼ ਸੰਘ ਪਰਿਵਾਰ ਦੀਆਂ ਹੋਰ ਜਥੇਬੰਦੀਆਂ ਦੇ ਆਗੂ ਹੀ ਜ਼ਹਿਰੀਲੇ ਭਾਸ਼ਣ ਨਹੀਂ ਦਿੰਦੇ, ਜਿਨ੍ਹਾਂ ਨੂੰ ਅਕਸਰ ਹੀ ਸੰਘ ਤੇ ਭਾਜਪਾ ‘ਹਾਸ਼ੀਏ ਉੱਪਰਲੇ ਅਨਸਰ’ ਕਹਿ ਕੇ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਸਗੋਂ ‘ਚੁਣੇ ਹੋਏ’ ਵਿਧਾਇਕਾਂ/ਸਾਂਸਦਾਂ ਸਮੇਤ ਸੱਤਾਧਾਰੀ ਭਾਜਪਾ ਦੇ ਆਗੂ ਵੀ ਕਈ ਸਮਾਗਮਾਂ ’ਚ ਸਰਗਰਮ ਭੂਮਿਕਾ ਨਿਭਾਉਂਦੇ ਹਨ| ‘ਸ਼ੌਰੀਆ’ ਯਾਤਰਾਵਾਂ ਦੀ ਮੁਹਿੰਮ ’ਚ ਅਜਿਹਾ ਜ਼ਹਿਰੀਲਾ ਅਤੇ ਹਿੰਸਕ ਪ੍ਰਚਾਰ ਕਰਨ ਵਾਲਿਆਂ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਆਗੂਆਂ ਦੇ ਨਾਲ ਚੁਣੇ ਹੋਏ ਵਿਧਾਇਕਾਂ ਸਹਿਤ ਸੱਤਾਧਾਰੀ ਧਿਰ ਦੇ ਆਗੂ ਵੀ ਸਨ ਜੋ ਆਪਣੇ ਭਾਸ਼ਣਾਂ ’ਚ ਮੁਸਲਮਾਨਾਂ ਦੀਆਂ ਪੁਰਾਤਨ ਅਤੀਤ ਦੀਆਂ ਕਥਿਤ ਜ਼ਿਆਦਤੀਆਂ ਨੂੰ ਉਭਾਰ ਕੇ ਪੇਸ਼ ਕਰਦੇ ਰਹੇ, ਮੁਸਲਿਮ ‘ਸਾਜ਼ਿਸ਼ ਸਿਧਾਂਤਾਂ’ ਦਾ ਨਿਰਅਧਾਰ ਡਰ ਫੈਲਾਉਂਦੇ ਰਹੇ ਅਤੇ ਭੀੜ ਨੂੰ ਹਥਿਆਰ ਚੁੱਕਣ ਲਈ ਵੀ ਉਕਸਾਉਂਦੇ ਰਹੇ|
ਹਿੰਦੂਤਵ ਦੀ ਰਾਜਨੀਤਕ ਵਿਚਾਰਧਾਰਾ ਦੀ ਸਮਝ ਰੱਖਦੇ ਹਿੱਸਿਆਂ ਅਤੇ ਬਹੁਗਿਣਤੀਵਾਦੀ ਸਿਆਸਤ ਦੇ ਲਗਾਤਾਰ ਜ਼ੁਲਮਾਂ ਦਾ ਸਾਹਮਣਾ ਕਰ ਰਹੇ ਘੱਟਗਿਣਤੀ ਮਜ਼ਲੂਮ ਹਿੱਸਿਆਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਹਿੰਦੂਆਂ ਦੀ ‘ਬੀਰਤਾ’ ਦੀ ਜੈ-ਜੈਕਾਰ ਕਰਨ ਵਾਲੇ ਇਹ ਆਯੋਜਨ ਅਕਸਰ ਹੀ ਧਰਮ ਅਤੇ ਇਤਿਹਾਸ ਨੂੰ ਮੁਸਲਮਾਨ ਵਿਰੁੱਧ ਹਥਿਆਰ ਬਣਾ ਕੇ ਵਰਤਦੇ ਹਨ| ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤਣ ਲਈ ਇਨ੍ਹਾਂ ਫਿਰਕੂ ਰਾਜਨੀਤਕ ਆਯੋਜਨਾਂ ਨੂੰ ਅਕਸਰ ਹੀ ਧਾਰਮਿਕ ਯਾਤਰਾ ਅਤੇ ਸ਼ੋਭਾ ਯਾਤਰਾ ਵਰਗੇ ਧਾਰਮਿਕ ਖਿੱਚ ਵਾਲੇ ਨਾਮ ਦਿੱਤੇ ਜਾਂਦੇ ਹਨ| ਮੁਲਕ ਵਿਚ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਅਤੇ ਫਿਰਕੂ ਉਕਸਾਵੇ ਦੀ ਵਧ ਰਹੀ ਕਾਂਗ ਧਾਰਮਿਕ ਜਲੂਸਾਂ ਅਤੇ ਰੈਲੀਆਂ ’ਚ ਸਭ ਤੋਂ ਉੱਘੜਵੇਂ ਰੂਪ ’ਚ ਦੇਖੀ ਜਾ ਸਕਦੀ ਹੈ| ਧਾਰਮਿਕ ‘ਗੌਰਵ’ ਅਤੇ ‘ਹਿੰਦੂ ਏਕਤਾ’ ਦਾ ਪ੍ਰਦਰਸ਼ਨ ਕਰਨ ਲਈ ਅਜਿਹੇ ਆਯੋਜਨ ਧਾਰਮਿਕ ਘੱਟਗਿਣਤੀ ਭਾਈਚਾਰਿਆਂ ਖ਼ਾਸ ਕਰਕੇ ਮੁਸਲਮਾਨਾਂ ਵਿਰੁੱਧ ਭੜਕਾਊ ਹਿੰਸਕ ਬਿਆਨਬਾਜ਼ੀ ਲਈ ਕੱਟੜਪੰਥੀ ਅਤੇ ਨਫ਼ਰਤ ਫੈਲਾਊ ਤਾਕਤਾਂ ਦੇ ਮਨਭਾਉਂਦੇ ਮੰਚ ਹਨ| ਇਨ੍ਹਾਂ ਪ੍ਰੋਗਰਾਮਾਂ ਨੂੰ ਜਥੇਬੰਦ ਕਰਨ ਵਾਲੇ ਅਤੇ ਇਨ੍ਹਾਂ ਨੂੰ ਸੰਬੋਧਨ ਕਰਨ ਵਾਲੇ ਆਗੂ ਇਨ੍ਹਾਂ ਮੰਚਾਂ ਨੂੰ ਸ਼ਰੇਆਮ ਹਿੰਸਾ ਦੇ ਸੱਦੇ ਦੇਣ, ਘੱਟ-ਗਿਣਤੀਆਂ ਨੂੰ ਬਦਨਾਮ ਕਰਨ ਅਤੇ ਹਿੰਦੂਤਵ ਦੀ ਜ਼ਹਿਰੀਲੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਵਰਤਦੇ ਹਨ|
ਇਸ ਤੋਂ ਵੀ ਜ਼ਿਆਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਫਿਰਕੂ ਨਫ਼ਰਤ ਦਾ ਛੱਟਾ ਦਿੰਦੇ ਇਹ ਅਖਾਉਤੀ ਧਾਰਮਿਕ ਇਕੱਠ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੀ ਸਰਗਰਮ ਮਿਲੀਭੁਗਤ ਨਾਲ ਜਥੇਬੰਦ ਕੀਤੇ ਜਾ ਰਹੇ ਹਨ| ਬੇਸ਼ੱਕ ਫਿਰਕਿਆਂ ਦਰਮਿਆਨ ਸਦਭਾਵਨਾ ਨੂੰ ਬਰਕਰਾਰ ਰੱਖਣ ਅਤੇ ਫਿਰਕੂ ਨਫ਼ਰਤ ਤੇ ਹਿੰਸਾ ਨੂੰ ਭੜਕਾਉਣ ਤੋਂ ਰੋਕਣ ਲਈ ਕਈ ਕਾਨੂੰਨ ਬਣੇ ਹੋਏ ਹਨ, ਪਰ ਸਟੇਟ ਦੇ ਵੱਖ-ਵੱਖ ਅਦਾਰਿਆਂ ਵਿਚ ਹਿੰਦੂਤਵਵਾਦੀ ਵਿਚਾਰਧਾਰਾ ਨੇ ਡੂੰਘੀ ਘੁਸਪੈਠ ਕਰ ਲਈ ਹੈ| ਇਸ ਕਾਰਨ ਜਿਨ੍ਹਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਹੈ, ਉਹ ਕਿਸੇ ਇੱਕਾ-ਦੁੱਕਾ ਮਿਸਾਲ ਨੂੰ ਛੱਡ ਕੇ ਇਨ੍ਹਾਂ ਪ੍ਰੋਗਰਾਮਾਂ ਨੂੰ ਸਿਰਫ਼ ਮਨਜ਼ੂਰੀ ਹੀ ਨਹੀਂ ਦਿੰਦੇ ਸਗੋਂ ਇਨ੍ਹਾਂ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਸਰਗਰਮ ਸਹਿਯੋਗ ਵੀ ਦਿੰਦੇ ਹਨ ਅਤੇ ਸੁਰੱਖਿਆ ਦੇ ਕੇ ਇਨ੍ਹਾਂ ਦੀ ਢਾਲ ਵੀ ਬਣਦੇ ਹਨ| ਦੂਜੇ ਪਾਸੇ, ਪੁਲਿਸ ਅਧਿਕਾਰੀ ਅਜਿਹੇ ਫਿਰਕੂ ਅਨਸਰਾਂ ਦੀ ਸ਼ਿਕਾਇਤ ’ਤੇ ਮਾਮੂਲੀ ਪੋਸਟਾਂ ਬਦਲੇ ਧਰਮ-ਨਿਰਪੱਖ ਵਿਅਕਤੀਆਂ ਅਤੇ ਮੁਸਲਮਾਨਾਂ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਸੰਗੀਨ ਪਰਚੇ ਦਰਜ ਕਰਨ ’ਚ ਭੋਰਾ ਦੇਰ ਨਹੀਂ ਲਾਉਂਦੇ| ਕਾਨੂੰਨਾਂ ਦਾ ਮਜ਼ਾਕ ਉਡਾਉਣ ਵਾਲੇ ਇਨ੍ਹਾਂ ਆਯੋਜਨਾਂ ਨੂੰ ਸਥਾਨਕ ਪੁਲਿਸ ਬਾਕਾਇਦਗੀ ਨਾਲ ਮਨਜ਼ੂਰੀ ਦਿੰਦੀ ਹੈ, ਲੋੜ ਪੈਣ ’ਤੇ ਮਜ਼ਲੂਮ ਮੁਸਲਮਾਨ ਘੱਟਗਿਣਤੀ ਦੇ ਵਿਰੋਧ ਨੂੰ ਕੁਚਲਣ ਲਈ ਹਕੂਮਤੀ ਦਹਿਸ਼ਤ ਅਤੇ ਤਾਕਤ ਦੀ ਖੁੱਲ੍ਹੀ ਵਰਤੋਂ ਵੀ ਕਰਦੀ ਹੈ ਜੋ ਇਸ ਨਿੱਤ ਦੀ ਫਿਰਕੂ ਗੁੰਡਾਗਰਦੀ ਦੇ ਸਤਾਏ ਕਈ ਵਾਰ ਵਿਰੋਧ ’ਚ ਡਟ ਜਾਂਦੇ ਹਨ| ਫਿਰਕੂ ਹਿੰਸਾ ਦਾ ਪ੍ਰਚਾਰ ਕਰਨ ਵਾਲੇ ਅਜਿਹੇ ਸਮਾਗਮਾਂ ਪ੍ਰਤੀ ਅੱਖਾਂ ਮੀਟ ਲੈਣ ਤੋਂ ਵੀ ਅੱਗੇ ਜਾ ਕੇ ਇਨ੍ਹਾਂ ’ਚ ਸਟੇਟ ਦੀ ਮਿਲੀਭੁਗਤ ਦਾ ਇਕ ਸਾਂਝਾ ਪੈਟਰਨ ਮੁਲਕ ਦੇ ਜ਼ਿਆਦਾਤਰ ਹਿੱਸਿਆਂ ’ਚ ਵਾਰ-ਵਾਰ ਦੇਖਣ ਨੂੰ ਮਿਲਦਾ ਹੈ| ਪੁਲਿਸ ਅਤੇ ਪ੍ਰਸ਼ਾਸਨ ਸੰਵਿਧਾਨ ਅਨੁਸਾਰ ਕੰਮ ਕਰਨ ਦੀ ਰਸਮੀ ਸਹੁੰ ਤਾਂ ਚੁੱਕਦਾ ਹੈ ਪਰ ਹਕੀਕਤ ’ਚ ਇਹ ਸੱਤਾਧਾਰੀ ਧਿਰ ਦੀਆਂ ਇਛਾਵਾਂ ਅਨੁਸਾਰ ਕੰਮ ਕਰਦਾ ਹੈ| ਭਗਵਾ ਹਕੂਮਤ ਹੇਠ ਤਾਂ ਇਸ ਨੇ ਨਾਮਨਿਹਾਦ ਨਿਰਪੱਖਤਾ ਦਾ ਮਖੌਟਾ ਵੀ ਲਾਹ ਸੁੱਟਿਆ ਹੈ| ਇਸਦਾ ਡੂੰਘਾ ਰਾਜਨੀਤੀਕਰਨ ਹੀ ਨਹੀਂ, ਫਿਰਕੂਕਰਨ ਵੀ ਹੋ ਚੁੱਕਾ ਹੈ|
ਦੂਜੇ ਪਾਸੇ, ਅਜਿਹੀਆਂ ਮੁਹਿੰਮਾਂ ਸੱਤਾਧਾਰੀ ਧਿਰ ਦੀ ਗਿਣੀ-ਮਿਥੀ ਯੁੱਧਨੀਤੀ ਦਾ ਹਿੱਸਾ ਹੈ ਜੋ ਡੂੰਘੀ ਹੋ ਰਹੀ ਫਿਰਕੂ ਵੰਡ ਦਾ ਭਰਪੂਰ ਲਾਹਾ ਲੈਂਦੇ ਹਨ| ਭਾਜਪਾ ਅਤੇ ਉਸਦੇ ਸਹਿਯੋਗੀ ਗਰੁੱਪ, ਲੰਮੇ ਸਮੇਂ ਤੋਂ ਹਿੰਦੂ-ਮੁਸਲਮਾਨ ਵਿਰੋਧ ਨੂੰ ਵਧਾਉਣ ਅਤੇ ਖ਼ੁਦ ਨੂੰ ਹਿੰਦੂ ਪਛਾਣ ਦੇ ਵਾਹਦ ਰਖਵਾਲੇ ਦੇ ਰੂਪ ’ਚ ਪੇਸ਼ ਕਰਕੇ ਆਪਣੇ ਸਮਾਜਿਕ ਅਧਾਰ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇ ਹਨ| ਅਜਿਹੀਆਂ ਯਾਤਰਾਵਾਂ ਦਾ ਲਗਾਤਾਰ ਹੋਣਾ ਇਸ ਵਿਆਪਕ ਰਾਜਨੀਤਕ ਯੁੱਧਨੀਤੀ ਦਾ ਹਿੱਸਾ ਹੈ, ਜਿਸ ਵਿਚ ਹਮਾਇਤ ਜੁਟਾਉਣ ਅਤੇ ਅਸਹਿਮਤੀ ਨੂੰ ਦਬਾਉਣ ਲਈ ਨਫ਼ਰਤ ਨੂੰ ਹਥਿਆਰ ਬਣਾਇਆ ਜਾਂਦਾ ਹੈ| ਇਸਦੇ ਨਤੀਜੇ ਬੇਹੱਦ ਪ੍ਰੇਸ਼ਾਨ ਕਰਨ ਵਾਲੇ ਹਨ| ਭਾਰਤ ਦੇ ਸੰਵਿਧਾਨ ’ਚ ਦਰਜ ਧਰਮ-ਨਿਰਪੱਖ ਮੁੱਲਾਂ ਨੂੰ ਬਰਕਰਾਰ ਰੱਖਣ ਦੀ ਬਜਾਏ, ਅਜਿਹੇ ਆਯੋਜਨ ਡਰ, ਅਲਹਿਦਗੀ ਅਤੇ ਹਿੰਸਕ ਪਾਲਾਬੰਦੀ ਦੇ ਜ਼ਹਿਰੀਲੇ ਮਾਹੌਲ ਨੂੰ ਤਾਕਤ ਬਖ਼ਸ਼ਦੇ ਹਨ, ਜਿੱਥੇ ਮੁਸਲਮਾਨਾਂ ਨੂੰ ਤੇਜ਼ੀ ਨਾਲ ਅੰਦਰੂਨੀ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਫਿਰ ਉਨ੍ਹਾਂ ਨੂੰ ਰਾਜ ਦੀ ਸਰਪ੍ਰਸਤੀ ਵਾਲੀ ਹਿੰਸਾ ਦਾ ਖਾਜਾ ਬਣਾਇਆ ਜਾਂਦਾ ਹੈ|
ਬੇਸ਼ੱਕ ਸਮਾਜੀ ਹਕੀਕਤ ਦੇ ਦਬਾਅ ਕਾਰਨ ਭਾਜਪਾ ਅਤੇ ਸੰਘ ਘੱਟ-ਗਿਣਤੀਆਂ ਅਤੇ ਹਾਸ਼ੀਏ ’ਤੇ ਧੱਕੇ ਸਮਾਜੀ ਸਮੂਹਾਂ ਵਿਚਲੇ ਇਕ ਨਿੱਕੇ ਜਹੇ ਹਿੱਸੇ ਨੂੰ ਆਪਣੇ ਨਾਲ ਜੋੜ ਕੇ ਉਨ੍ਹਾਂ ਨੂੰ ਮਹੱਤਵ ਦੇਣ ਦਾ ਢੌਂਗ ਰਚਣ ਲਈ ਮਜਬੂਰ ਹਨ, ਪਰ ਹਿੰਦੂਤਵ ਦੀ ਵਿਚਾਰਧਾਰਾ ’ਚ ਘੱਟ-ਗਿਣਤੀਆਂ ਲਈ ਕੋਈ ਜਗ੍ਹਾ ਨਹੀਂ ਹੈ| ਜਦੋਂ ਇਸ ਵਿਚਾਰਧਾਰਾ ਦੀ ਨੁਮਾਇੰਦਗੀ ਕਰਦੀ ਸਿਆਸਤ ਅਗਾਂਹਵਧੂ ਅਤੇ ਉਦਾਰਵਾਦੀ ਵਿਚਾਰਧਾਰਾਵਾਂ ਦੀਆਂ ਕਮਜ਼ੋਰੀਆਂ ਦਾ ਲਾਹਾ ਲੈ ਕੇ ਦਸ ਸਾਲ ਤੋਂ ਲਗਾਤਾਰ ਕੇਂਦਰੀ ਸੱਤਾ ਉੱਪਰ ਕਾਬਜ਼ ਹੈ ਤਾਂ ਮੁਲਕ ’ਚ ਅਜਿਹਾ ਮਾਹੌਲ ਬਣਨਾ ਹੈਰਾਨੀਜਨਕ ਨਹੀਂ ਹੈ ਜਿੱਥੇ ਸਟੇਟ ਨਫ਼ਰਤ, ਡਰ, ਬੇਵਿਸ਼ਵਾਸੀ ਅਤੇ ਹਿੰਸਾ ਨੂੰ ਵਧਾਉਣ-ਫੈਲਾਉਣ ’ਚ ਭਾਈਵਾਲ ਬਣਿਆ ਹੋਇਆ ਹੈ| ਧਰਮ-ਨਿਰਪੱਖ, ਫਿਰਕੂ ਸਦਭਾਵਨਾ ਵਾਲੇ ਮਾਹੌਲ ਨੂੰ ਲਗਾਤਾਰ ਖ਼ੋਰਾ ਲਾ ਕੇ ਫਿਰਕੂ ਪਾੜਾ ਅਤੇ ਨਫ਼ਰਤ ਬੀਜੀ ਜਾ ਰਹੀ ਹੈ ਤਾਂ ਜੋ ਪੱਕੀ ਫਿਰਕੂ ਪਾਲਾਬੰਦੀ ਦੁਆਰਾ ਸੰਘ ਬਰਗੇਡ ਸੱਤਾ ਉੱਪਰ ਬੇਰੋਕ-ਟੋਕ ਕਬਜ਼ਾ ਬਰਕਰਾਰ ਰੱਖ ਸਕੇ|