ਬਲਜੀਤ ਬਾਸੀ
ਫੋਨ: 734-259-9353
ਖਬਰ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕ, ਖਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਸਰਕਾਰ ਨੇ ਮਰਵਾਉਣ ਦੀ ਸਾਜ਼ਿਸ਼ ਰਚੀ ਪਰ ਉਹ ਕਾਮਯਾਬ ਨਾ ਹੋ ਸਕੀ। ਪਹਿਲਾਂ ਕੈਨੇਡਾ ਦੇ ਹਰਦੀਪ ਸਿੰਘ ਨਿਝਰ ਦੇ ਕਤਲ ਬਾਰੇ ਵੀ ਏਹੀ ਦੋਸ਼ ਕੈਨੇਡਾ ਸਰਕਾਰ ਨੇ ਲਾਇਆ ਸੀ।
ਭਾਰਤੀ ਨਾਗਰਿਕ ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਵਿਰੁਧ ਅਮਰੀਕੀ ਨਿਆਂ ਵਿਭਾਗ ਨੇ ਪੈਸੇ ਬਦਲੇ ਕਤਲ ਮਾਮਲਾ ਦਰਜ ਕਰਨ ਦਾ ਐਲਾਨ ਕੀਤਾ ਹੈ। ਏਥੇ ਵਰਤੀ ਉਕਤੀ ‘ਪੈਸੇ ਬਦਲੇ ਕਤਲ’ ਅੰਗ੍ਰੇਜ਼ੀ ‘ਕੌਂਟਰੈਕਟ ਕਿਲਿੰਗ’ ਦਾ ਹੀ ਅਖਬਾਰੀ ਤਰਜਮਾ ਹੈ। ਇਸ ਆਸ਼ੇ ਲਈ ‘ਭਾੜੇ ਦਾ ਕਤਲ’ ਮੁਹਾਵਰਾ ਵੀ ਚਲਦਾ ਹੈ ਪਰ ਕੁਝ ਦਹਾਕਿਆਂ ਤੋਂ ‘ਸੁਪਾਰੀ ਕਤਲ’ ਵਧੇਰੇ ਪ੍ਰਚੱਲਤ ਹੋ ਰਿਹਾ ਹੈ। ਬਕੌਲ ਮਹਾਨ ਕੋਸ਼ ‘ਸੁਪਾਰੀ ਓਹੀ ਗੋਲ ਕਰੜਾ ਫਲ ਹੈ ਜਿਸ ਨੂੰ ਕੁਤਰ ਕੇ ਪਾਨ ਵਿਚ ਪਾਇਆ ਜਾਂਦਾ ਹੈ, ‘ਪਾਨ ਸੁਪਾਰੀ ਖਾਤੀਆਂ ਮੁਖਿ ਬੀੜੀਆਂ ਲਾਈਆਂ’- ਗੁਰੂ ਰਾਮ ਦਾਸ’। ਸੁਪਾਰੀ ਦਾ ਪੇੜ ਨਾਰੀਅਲ ਵਰਗਾ ਹੁੰਦਾ ਹੈ ਤੇ ਹੈ ਵੀ ਇਸੇ ਜੱਦ ਵਿਚੋਂ। ਇਹ ਫਿਲਪਾਈਨ ਦਾ ਜੱਦੀ ਦਰਖਤ ਹੈ ਜੋ ਬੀਜਾਂ ਰਾਹੀਂ ਫੈਲਦਾ-ਫੈਲਦਾ ਸਦੀਆਂ ਪਾ ਕੇ ਦੂਰ-ਦੁਰਾਡੇ ਦੇਸ਼ਾਂ ਵਿਚ ਪਹੁੰਚ ਗਿਆ। ਇਸ ਫਲ ਦੀ ਗਿਟਕ ਨੂੰ ਕੁਤਰ ਕੇ ਅਤੇ ਪਾਨ ਪੱਤੇ ਵਿਚ ਪਾ ਕੇ ਬੀੜਾ ਬਣਾਇਆ ਜਾਂਦਾ ਹੈ ਜਿਸ ਨੂੰ ਆਮ ਭਾਸ਼ਾ ਵਿਚ ਪਾਨ ਹੀ ਕਿਹਾ ਜਾਂਦਾ ਹੈ। ਬਾਜ਼ਾਰੀ ਪੱਧਰ `ਤੇ ਪਾਨ ਬੀੜੇ ਦਾ ਸੁੱਕਾ ਬਦਲ ਪਾਨ ਮਸਾਲਾ ਅਤੇ ਗੁਟਕਾ ਬਣਾਏ ਜਾਂਦੇ ਹਨ ਜਿਨ੍ਹਾਂ ਵਿਚ ਸੁਪਾਰੀ ਦੇ ਬੁਰਾਦੇ ਸਮੇਤ ਪਾਨ ਵਾਲੇ ਹੋਰ ਮਸਾਲੇ ਮਿਲਾਏ ਜਾਂਦੇ ਹਨ। ਇਨ੍ਹਾਂ ਦੇ ਸ਼ੌਕੀਨ ਇਸ ਨੂੰ ਚਬਾ-ਚਬਾ ਕੇ ਖੂਬ ਖੁਮਾਰੀ ਵਿਚ ਰਹਿੰਦੇ ਹਨ ਕਿਉਂਕਿ ਇਹ ਨੀਮ-ਨਸ਼ਾਵਰ ਅਤੇ ਉਤੇਜਕ ਹੁੰਦੇ ਹਨ। ਆਯੁਰਵੇਦ ਪ੍ਰਣਾਲੀ ਸੁਪਾਰੀ ਨੂੰ ਕਈ ਬੀਮਾਰੀਆਂ ਲਈ ਬੇਹੱਦ ਮੁਫੀਦ ਦੱਸਦੀ ਹੈ। ਕਾਹਨ ਸਿੰਘ ਜੀ ਬੇਮਤਲਬ ਵੈਦ ਹੋਣ ਦਾ ਵਿਖਾਵਾ ਵੀ ਕਰਦੇ ਹਨ। ਉਨ੍ਹਾਂ ਦੇ ‘ਮਹਾਨ ਕੋਸ਼’ ਮੁਤਾਬਿਕ, ‘ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ, ਮੁਖ ਦੇ ਵਿਕਾਰਾਂ ਨੂੰ ਹਟਾਉਂਦੀ ਹੈ, ਦੰਦਾਂ ਨੂੰ ਮਜ਼ਬੂਤ ਕਰਦੀ ਹੈ ਅਤੇ ਮਣੀ ਨੂੰ ਗਾੜ੍ਹਾ ਕਰਦੀ ਹੈ। ਸੁਪਾਰੀ ਦੇ ਫੁੱਲ ਬੱਚਿਆਂ ਦੇ ਦਸਤ ਬੰਦ ਕਰਨ ਲਈ ਜੇ ਉਬਾਲ ਕੇ ਦਿੱਤੇ ਜਾਣ ਤਾਂ ਬਹੁਤ ਗੁਣਕਾਰੀ ਹਨ’। ਡਾਕਟਰੀ ਪੜਤਾਲ ਅਨੁਸਾਰ ਇਹ ਨਿਕ-ਸੁਕ ਕੈਂਸਰਜਨਕ ਹੈ ਇਸ ਲਈ ਬਚਣਯੋਗ ਹੈ। ਮਰਦ ਲਿੰਗ ਦੇ ਅਗਲੇ ਭਾਗ ਨੂੰ ਵੀ ਸੁਪਾਰੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਸ਼ਕਲ ਸੁਪਾਰੀ ਨਾਲ ਮਿਲਦੀ ਹੈ।
ਸੁਪਾਰੀ ਸ਼ਬਦ ਦੀ ਮੈਨੂੰ ਕੋਈ ਬਹੁਤੀ ਤਸੱਲੀਬਖਸ਼ ਵਿਉਤਪਤੀ ਨਹੀਂ ਮਿਲੀ। ‘ਸ਼ਬਦ ਸਾਗਰ’ ਅਨੁਸਾਰ ਇਹ ਸੰਸਕ੍ਰਿਤ ‘ਸੁ+ਪ੍ਰਿਯ’ ਤੋਂ ਬਣਿਆ, ਇਸ ਵਿਆਖਿਆ ਅਨੁਸਾਰ ਸੁਪਾਰੀ ਨੂੰ ਬਹੁਤ ਪਿਆਰੀ ਚੀਜ਼ ਸਮਝਿਆ ਗਿਆ ਹੈ। ਮਰਾਠੀ ਦੇ ਇਕ ਸ੍ਰੋਤ ਅਨੁਸਾਰ ਇਹ ਸੁ+ਪਾਰ ਤੋਂ ਬਣਿਆ, ਮਰਾਠੀ ਵਿਚ ‘ਪਾਰ’ ਗਿਟਕ ਨੂੰ ਕਿਹਾ ਜਾਂਦਾ ਹੈ। ਇਹ ਵਿਆਖਿਆ ਕੁਝ ਕੁਝ ਸਾਰਥਕ ਲਗਦੀ ਹੈ ਪਰ ਸਾਡਾ ਸਰੋਕਾਰ ‘ਭਾੜੇ ਦਾ ਕਤਲ ਕਰਵਾਉਣ’ ਦੇ ਅਰਥਾਂ ਵਾਲੀ ਉਕਤੀ ‘ਸੁਪਾਰੀ ਦੇਣਾ’ ਦੀ ਫੋਲਾ-ਫਾਲੀ ਕਰਨਾ ਹੈ। ਮੁੰਬਈ ਪੁਲੀਸ ਦੇ ਰਿਟਾਇਰਡ ਏਐਸਪੀ ਵਸੰਤ ਢੋਬਲੇ ਨੇ ‘ਇੰਡੀਅਨ ਐਕਸਪ੍ਰੈਸ’ ਵਿਚ ਦਿੱਤੀ ਇੰਟਰਵਿਊ ਵਿਚ ਇਸ ਬਾਰੇ ਖੋਜ ਭਰੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦਾ ਸਬੰਧ ਮਰਾਠੀ ਸਮਾਜ ਵਿਚ ਵਿਆਹ ਸਮੇਂ ਪ੍ਰਾਹੁਣਿਆਂ ਨੂੰ ਸੱਦਾ ਪੱਤਰ ਦੀ ਥਾਂ ਪਾਨ ਸੁਪਾਰੀ ਭੇਜਣ ਦੀ ਰੀਤ ਨਾਲ ਹੈ। ਇਹ ਉਕਤੀ ਅਸਲ ਵਿਚ ਅਪਰਾਧ ਜਗਤ ਵਿਚ ਵੀ ਪ੍ਰਚੱਲਤ ਸੀ। ਭਾੜੇ ਦੇ ਕਤਲ ਦੇ ਨਾਲ-ਨਾਲ ਇਸ ਤੋਂ ਕਿਸੇ ਦੀ ਮਾਨਹਾਨੀ ਕਰਨ ਜਾਂ ਕੋਈ ਵੀ ਗੈਰਕਾਨੂੰਨੀ ਕੰਮ ਕਢਵਾਉਣ ਦੇ ਅਰਥ ਵੀ ਲਏ ਜਾਂਦੇ ਹਨ। ਡੀਲ ਪੱਕੀ ਹੋਣ ਦੀ ਸੂਰਤ ਵਿਚ ਮਰਾਠੀ ਵਿਚ ਕਿਹਾ ਜਾਂਦਾ ਹੈ, ‘ਕਾਮਚੀ ਸੁਪਾਰੀ ਆਲੀ ਆਹੇ’ (ਕੰਮ ਲਈ ਸੁਪਾਰੀ ਮਿਲ ਗਈ ਹੈ)। ਢੋਬਲੇ ਨੇ ਦੱਸਿਆ ਕਿ ਉਸ ਸਮੇਂ ਮਹਾਂਰਾਸ਼ਟਰ ਦੇ ਬਹੁਤੇ ਪੁਲਸੀਏ ਪਿੰਡਾਂ ਤੋਂ ਹੀ ਭਰਤੀ ਹੁੰਦੇ ਸਨ। ਕਿਸੇ ਦੇ ਕਤਲ ਦੇ ਸਬੰਧ ਵਿਚ ਇਹ ਪੁਲਸੀਏ ਆਪੋ ਵਿਚ ਕੁਝ ਇਸ ਤਰ੍ਹਾਂ ਦੀ ਵਾਰਤਾਲਾਪ ਕਰਦੇ ਸਨ, ‘ਉਸ ਕਾ ਸੁਪਾਰੀ ਇਸ ਨੇ ਦੀਆ।’ ਅਰਥਾਤ ਫਲਾਣੇ ਨੂੰ ਮਾਰਨ ਦਾ ਭਾੜਾ ਫਲਾਣੇ ਨੇ ਦਿੱਤਾ। ਜਦ ਮੁੰਬਈ ਵਿਚ ਹੌਲਨਾਕ ਅਪਰਾਧ ਜ਼ੋਰਾਂ `ਤੇ ਹੋਣ ਲੱਗ ਪਏ ਤਾਂ ਇਹ ਪਦ ਹੋਰ ਵੀ ਵਧੇਰੇ ਵਰਤਿਆ ਜਾਣ ਲੱਗਾ। ਅਪਰਾਧ ਫਿਲਮਾਂ ਵਿਚ ਇਸ ਸ਼ਬਦ ਦਾ ਖੂਬ ਪ੍ਰਯੋਗ ਹੋਣ ਲੱਗਾ। ਏਥੋਂ ਤੱਕ ਕਿ 2003 ਵਿਚ ‘ਸੁਪਾਰੀ’ ਨਾਂ ਦੀ ਫਿਲਮ ਵੀ ਬਣੀ ਜੋ ਸੁਪਾਰੀ ਦੇਣ ਦੇ ਇਰਦ-ਗਿਰਦ ਘੁੰਮਦੀ ਹੈ। ਹੌਲੀ ਹੌਲੀ ਇਹ ਉਕਤੀ ਦੇਸ਼ ਦੇ ਹੋਰ ਭਾਗਾਂ ਅਤੇ ਬੋਲੀਆਂ ਵਿਚ ਪ੍ਰਵੇਸ਼ ਕਰ ਗਈ।
ਹੁਸੈਨ ਜ਼ਾਇਦੀ ਰਚਿਤ ਪੁਸਤਕ ‘ਡੋਂਗਰੀ ਤੋਂ ਡੁਬਈ’ ਅਨੁਸਾਰ ਤੇ੍ਹਰਵੀਂ ਸਦੀ ਵਿਚ ਮੁੰਬਈ ਦੇ ਮਾਹੀਮ ਕਬੀਲੇ ਅਤੇ ਇਲਾਕੇ ਦਾ ਸਰਦਾਰ ਭੀਮ ਇਹ ਸ਼ਬਦ ਵਰਤਿਆ ਕਰਦਾ ਸੀ। ਭੀਮ ਨੇ ਜਦ ਕੋਈ ਜੋਖਮ ਭਰਿਆ ਕੰਮ ਕਰਵਾਉਣਾ ਹੁੰਦਾ ਸੀ ਤਾਂ ਉਹ ਆਪਣੇ ਯੋਧਿਆਂ ਨੂੰ ਆਪਣੇ ਕਿਲ੍ਹੇ ਵਿਚ ਬੁਲਾ ਲੈਂਦਾ ਸੀ। ਫਿਰ 36 ਪ੍ਰਕਾਰ ਦੇ ਭੋਜਨ ਖਵਾ ਕੇ ਉਨ੍ਹਾਂ ਸਾਹਮਣੇ ਇੱਕ ਪਾਨ ਸੁਪਾਰੀ ਦੀ ਤਸ਼ਤਰੀ ਰੱਖ ਦਿੰਦਾ ਸੀ। ਜਿਹੜਾ ਵੀ ਯੋਧਾ ਪਾਨ ਸੁਪਾਰੀ ਨੂੰ ਚੁੱਕ ਲੈਂਦਾ ਉਸੇ ਨੂੰ ਉਹ ਮੁਸ਼ਕਿਲ ਕਾਰਜ ਸਿਰੇ ਚੜ੍ਹਾਉਣ ਦਾ ਜ਼ਿੰਮਾ ਲਾ ਦਿੰਦਾ ਸੀ। 1980ਵਿਆਂ ਵਿਚ ਸਮਝਿਆ ਜਾਣ ਲੱਗਾ ਕਿ ਜਿਸ ਵਿਅਕਤੀ ਨੇ ਆਪਣੇ ਕਿਸੇ ਦੁਸ਼ਮਣ ਨੂੰ ਮਰਵਾਉਣਾ ਹੁੰਦਾ ਸੀ ਉਹ ਜ਼ਰੂਰ ਕਿਸੇ ਗੈਂਗ ਨੂੰ ਸੁਪਾਰੀ ਦਿੰਦਾ ਹੋਵੇਗਾ। ਸੁਪਾਰੀ ਦੀ ਰੁਪਿਆਂ ਵਿਚ ਕੀਮਤ ਇਸ ਗੱਲ ਤੋਂ ਤੈਅ ਹੁੰਦੀ ਸੀ ਕਿ ਕਤਲ ਕੀਤੇ ਜਾਣ ਵਾਲੇ ਵਿਅਕਤੀ ਦਾ ਰੁਤਬਾ ਕੀ ਹੈ ਅਤੇ ਕਤਲ ਦਾ ਅੰਜਾਮ ਕੀ ਹੋ ਸਕਦਾ ਹੈ। ਸੁਪਾਰੀ ਦੀ ਅਦਾਇਗੀ ਕਿਸ਼ਤਾਂ ਵਿਚ ਕੀਤੀ ਜਾਂਦੀ ਸੀ। ਆਖਰੀ ਕਿਸ਼ਤ ਕਤਲ ਹੋਣ ਤੋਂ ਬਾਅਦ ਹੀ ਕੀਤੀ ਜਾਂਦੀ ਸੀ। ਸੁਪਾਰੀ ਦੇਣ ਵਾਲਾ ਵਿਅਕਤੀ ਹੀ ਸੁਪਾਰੀਬਾਜ਼ਾਂ ਨੂੰ ਆਪਣੇ ਨਿਸ਼ਾਨੇ ਬਾਰੇ ਸਾਰੀ ਜਾਣਕਾਰੀ ਦਿੰਦਾ ਸੀ। ਮਸਲਨ ਉਹ ਬੰਦਾ ਕਿਥੇ ਹੈ, ਉਸ ਦੀਆਂ ਗਤੀਵਿਧੀਆਂ ਕੀ ਹਨ, ਉਸ ਨੂੰ ਮਾਰਨ ਦਾ ਢੁਕਵਾਂ ਥਾਂ ਤੇ ਸਮਾਂ ਕੀ ਹੋ ਸਕਦਾ ਹੈ ਆਦਿ। ਸੁਪਾਰੀ ਲੈਣ ਵਾਲੇ ਆਪਣੇ ਕੰਮ ਭੁਗਤਾਉਣ ਤੋਂ ਪਹਿਲਾਂ ਕੁਝ ਦਿਨ ਉਸ ਵਿਅਕਤੀ ਦਾ ਪਿੱਛਾ ਕਰਦੇ ਰਹਿੰਦੇ ਸਨ। ਇਸ ਪੁਸਤਕ ਵਿਚ ਕਈ ਸੁਪਾਰੀਆਂ ਦਾ ਜ਼ਿਕਰ ਹੈ।
ਪੁਸਤਕ ਅਨੁਸਾਰ 1969 ਵਿਚ ਅਪਰਾਧੀ ਹਾਜੀ ਮਸਤਾਨ ਨੇ ਇੱਕ ਹੋਰ ਅਪਰਾਧੀ ਯੂਸਫ਼ ਪਟੇਲ ਨੂੰ ਮਰਵਾਉਣ ਲਈ ਪਾਕਿਸਤਾਨੀਆਂ ਨੂੰ ਦਸ ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਪਰ ਅੰਗ ਰੱਖਿਅਕਾਂ ਦੀ ਚੌਕਸੀ ਕਾਰਨ ਇਹ ਯਤਨ ਸਿਰੇ ਨਾ ਚੜ੍ਹ ਸਕਿਆ। ਦਾਵੂਦ ਇਬਰਾਹੀਮ ਨੇ ਬਰਾਬਰ ਦੇ ਗੈਂਗਸਟਰ ਪਠਾਣ ਅਮੀਰਜ਼ਾਦਾ ਨੂੰ ਮਰਵਾਉਣ ਲਈ ਬੜਾ ਰਾਜਨ ਨੂੰ ਸੁਪਾਰੀ ਦਿੱਤੀ। ਸੰਗੀਤਕਾਰ ਗੁਲਸ਼ਨ ਕੁਮਾਰ ਨੂੰ ਵੀ ਅੰਧੇਰੀ ਦੇ ਇਕ ਮੰਦਿਰ ਦੇ ਬਾਹਰ 1997 ਵਿਚ ਸੁਪਾਰੀ ਦੇ ਕੇ ਮਰਵਾਇਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਦਾਵੂਦ ਦੇ ਭਰਾ ਅਨੀਸ ਇਬਰਾਹੀਮ ਨੇ ਇਹ ਕਤਲ ਪੱਚੀ ਲੱਖ ਦੀ ਸੁਪਾਰੀ ਦੇ ਕੇ ਕਰਵਾਇਆ। 2008 ਵਿਚ ਮਟਕਾ ਕਿੰਗ ਸੁਰੇਸ਼ ਭਗਤ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਦੇ ਕੇ ਮਾਰਿਆ। ਪੁਲਿਸ ਅਨੁਸਾਰ ਇਹ ਕਤਲ ਉਸ ਦੀ ਪਤਨੀ ਨੇ ਪੱਚੀ ਲੱਖ ਦੇ ਕੇ ਕਰਵਾਇਆ। ਪੰਨੂ ਨੂੰ ਭਾਰਤ ਵਲੋਂ ਮਰਵਾਉਣ ਦੀ ਸਾਜ਼ਿਸ਼ ਦੀ ਖਬਰ ‘ਨਿਊ ਯਾਰਕ ਟਾਇਮਜ਼’ ਵਿਚ ਛਪੀ ਤਾਂ ਭਾਰਤ ਦੇ ਜਹਾਜ਼ਰਾਨੀ ਮੰਤਰੀ ਨੇ ‘ਨਿਊ ਯਾਰਕ ਟਾਇਮਜ਼’ ਨੂੰ ਹੀ ‘ਸੁਪਾਰੀ ਮੀਡੀਆ’ ਗਰਦਾਨ ਦਿੱਤਾ।
ਚੁਣੌਤੀ ਕਬੂਲ ਕਰ ਕੇ ਵੱਡਾ ਕੰਮ ਵਿੱਢਣ ਦੇ ਅਰਥਾਂ ਵਿਚ ‘ਬੀੜਾ ਚੁੱਕਣਾ/ਉਠਾਉਣਾ’ ਮੁਹਾਵਰਾ ਸਰਵ-ਗਿਆਤ ਹੈ। ਇਸ ਮੁਹਾਵਰੇ ਪਿੱਛੇ ਸਦੀਆਂ ਪੁਰਾਣੀ ਇਕ ਰੀਤ ਦਾ ਹੱਥ ਹੈ ਜੋ ਖਾਸ ਤੌਰ `ਤੇ ਰਾਜਪੂਤਾਂ ਵਿਚ ਪ੍ਰਚੱਲਤ ਸੀ। ਪੁਰਾਣੇ ਜ਼ਮਾਨਿਆਂ ਵਿਚ ਕਈ ਵਾਰੀ ਰਾਜ ਵਿਚ ਕੋਈ ਬਹੁਤ ਹੀ ਜੋਖਮ ਵਾਲਾ ਕੰਮ ਕਰਨ ਲਈ ਕਿਸੇ ਵਿਸ਼ੇਸ਼ ਸੂਰਬੀਰ, ਬਹਾਦਰ, ਪੰਗੇਬਾਜ਼ ਦੀ ਅਚਾਨਕ ਲੋੜ ਪੈ ਜਾਂਦੀ ਸੀ ਤਾਂ ਸਾਰੇ ਰਾਜ ਵਿਚ ਇਸ ਆਸ਼ੇ ਦੀ ਡੌਂਡੀ ਪਿੱਟ ਦਿੱਤੀ ਜਾਂਦੀ ਸੀ। ਸ਼ਾਹੀ ਦਰਬਾਰ ਵਿਚ ਇਕ ਵਿਸ਼ੇਸ਼ ਸਥਾਨ `ਤੇ ਪਾਨ ਦਾ ਬੀੜਾ ਅਤੇ ਨੰਗੀ ਤਲਵਾਰ ਰੱਖ ਦਿੱਤੇ ਜਾਂਦੇ ਸਨ। ਜੋ ਵੀ ਵਿਅਕਤੀ ਇਸ ਚੁਣੌਤੀ ਨੂੰ ਸਵੀਕਾਰ ਕਰ ਲੈਂਦਾ ਸੀ, ਉਹ ਭਰੇ ਦਰਬਾਰ ਵਿਚ ਤਲਵਾਰ ਉਠਾ ਲੈਂਦਾ ਸੀ ਅਤੇ ਬੀੜਾ ਚੁੱਕ ਕੇ ਖਾ ਜਾਂਦਾ ਸੀ। ਇਸ ਕਾਰਵਾਈ ਪਿਛੋਂ ਉਸ ਵਲੋਂ ਆਪਣਾ ਕੰਮ ਕਰਨ ਲਈ ਮੁਹਿੰਮ ਵਿੱਢ ਦਿੱਤੀ ਜਾਂਦੀ ਸੀ। ਮੁਹਿੰਮ ਸਰ ਕਰ ਲੈਣ ਪਿੱਛੋਂ ਉਸ ਪਰਾਕ੍ਰਮੀ ਦਾ ਸਰਕਾਰੀ ਪੱਧਰ `ਤੇ ਪੂਰਾ ਆਦਰ ਸਤਿਕਾਰ ਕੀਤਾ ਜਾਂਦਾ ਸੀ। ਸਮਾਂ ਪੈਣ `ਤੇ ਬੀੜਾ ਚੁੱਕਣਾ ਜਾਂ ਉਠਾਉਣਾ ਇਕ ਮੁਹਾਵਰਾ ਬਣ ਗਿਆ। ਭਾਰਤੀ ਇਤਿਹਾਸ ਮਿਥਿਹਾਸ ਵਿਚ ਬੀੜਾ ਚੁਕਣ ਦੇ ਅਨੇਕਾਂ ਪ੍ਰਸੰਗ ਆਉਂਦੇ ਹਨ। ‘ਜੰਗਨਾਮਾ’ ਵਿਚ ਇਹ ਮੁਹਾਵਰਾ ਵਰਤਿਆ ਗਿਆ ਹੈ, “ਜੇ ਕੋ ਹੋਵੈ ਸੂਰਵੀਰ ਬੀੜਾ ਉਠਾਏ”। ਕਬੀਰ ਸਾਹਿਬ ਨੇ ਵੀ ਇਸ ਦੀ ਵਰਤੋਂ ਕੀਤੀ ਹੈ,
ਕਬੀਰਾ ਨਿੰਦਕ ਮਰ ਗਿਆ, ਅਬ ਕਿਆ ਕਹਿਏ ਜਾਇ।
ਐਸਾ ਕੋਈ ਨਾ ਮਿਲੇ, ਬੀੜਾ ਲਏ ਉਠਾਇ।
ਅਸਲ ਵਿਚ ਤਾਂ ‘ਸੁਪਾਰੀ ਦੇਣਾ’ ਜਿਹਾ ‘ਬੀੜਾ ਰੱਖਣਾ’ ਵੀ ਮੁਹਾਵਰਾ ਹੁੰਦਾ ਹੈ ਪਰ ਇਹ ਬਹੁਤਾ ਪ੍ਰਚੱਲਤ ਨਹੀਂ ਰਿਹਾ। ਇਸਦਾ ਅਰਥ ਹੈ, ਕਿਸੇ ਅੱਗੇ ਚੁਣੌਤੀ ਸੁੱਟਣੀ। ਇਸ ਮੁਹਾਵਰੇ ਦਾ ਪਿਛੋਕੜ ਵੀ ਬੀੜਾ ਚੁਕਣ ਵਾਲਾ ਹੀ ਹੈ ਅਰਥਾਤ ਜਦ ਔਖਾ ਕੰਮ ਕਰਨ ਵਾਲੇ ਲਈ ਬੀੜਾ ਰੱਖਿਆ ਜਾਂਦਾ ਹੈ ਤਾਂ ਇਹ ਉਸ ਲਈ ਚੁਣੌਤੀ ਸੁੱਟਣਾ ਹੀ ਹੈ। ਬੀੜਾ ਜਾਂ ਬੀਰਾ ਦੇਣਾ ਤੋਂ ਮੁਰਾਦ ਕਿਸੇ ਨੂੰ ਕੋਈ ਕੰਮ ਜਾਂ ਜ਼ਿਮੇਵਾਰੀ ਸੌਂਪਣਾ ਵੀ ਹੈ। ਇਸ ਤੋਂ ਨੱਚਣ ਗਾਉਣ ਵਾਲੇ/ਵਾਲੀ ਨੂੰ ਸਾਈ ਦੇਣ ਦਾ ਭਾਵ ਵੀ ਲਿਆ ਜਾਂਦਾ ਹੈ। ਪਾਨ ਦੇ ਬੀੜੇ ਨਾਲ ਹੋਰ ਵੀ ਬਹੁਤ ਸਾਰੀਆਂ ਰੀਤੀਆਂ ਜੁੜੀਆਂ ਹੋਈਆਂ ਹਨ। ਕਿਸੇ ਨੂੰ ਵਚਨ ਪਾਲਣ ਦੇ ਭਰੋਸੇ ਵਜੋਂ ਪਾਨ ਦਾ ਬੀੜਾ ਨਿਸ਼ਾਨੀ ਭੇਜੀ ਜਾਂਦੀ ਸੀ। ਕੁੜੀ ਦੇ ਬਾਪ ਵਲੋਂ ਮੰਗੇਤਰ ਦੇ ਘਰ ਸੱਤ ਪੱਤਿਆਂ ਵਾਲਾ ਬੀੜਾ ਭੇਜਿਆ ਜਾਂਦਾ ਸੀ ਜੋ ਸੰਕੇਤ ਹੈ ਕਿ ਕੁੜਮਾਈ ਪੱਕੀ ਹੈ। ਇਸਨੂੰ ਪਾਨ-ਖਿਲਾਈ ਵੀ ਕਿਹਾ ਜਾਂਦਾ ਹੈ। ‘ਪਾਨ ਲੈਣਾ’ ਦਾ ਮਤਲਬ ਕੋਈ ਕੰਮ ਕਰਨ ਲਈ ਰਜ਼ਾਮੰਦ ਹੋਣਾ ਹੈ। ਪਾਨ ਸੁਪਾਰੀ ਦੀ ਵਰਤੋਂ ਭਾਰਤੀ ਸੰਸਕ੍ਰਿਤੀ ਵਿਚ ਨਹੁੰ ਮਾਸ ਵਾਂਗ ਇਕੱਠੇ ਤੌਰ `ਤੇ ਕੀਤੀ ਜਾਂਦੀ ਰਹੀ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਦੋਵੇਂ ਸ਼ੈਆਂ ਇੱਕ ਦੂਜੇ ਤੋਂ ਅਟੁੱਟ ਹਨ। ਪਾਨ ਸੁਪਾਰੀ ਨੂੰ ਚੜ੍ਹਾਵੇ ਦੇ ਤੌਰ `ਤੇ ਪਵਿੱਤਰ ਰੀਤਾਂ ਵਿਚ ਵਰਤਿਆ ਜਾਂਦਾ ਹੈ ਤੇ ਸਮਾਜਿਕ ਰੀਤਾਂ ਰਸਮਾਂ ਜਿਵੇਂ ਵਿਆਹ ਸ਼ਾਦੀਆਂ ਆਦਿ ਵਿਚ ਭੇਟਾ ਜਾਂ ਸੱਦੇ ਦੇ ਪ੍ਰਤੀਕ ਵਜੋਂ ਲਗਭਗ ਸਾਰੇ ਭਾਰਤ ਵਿਚ ਹੀ ਪ੍ਰਚੱਲਤ ਹੈ। ਸਾਹਿਤ ਵਿਚ ਇਨ੍ਹਾਂ ਦੀ ਜੋੜੀ ਨੂੰ ਨਰ ਮਦੀਨ ਜਾਂ ਪ੍ਰੇਮੀ ਪ੍ਰੇਮਿਕਾ ਵਜੋਂ ਵੀ ਚਿਤਵਿਆ ਅਤੇ ਪ੍ਰਗਟਾਇਆ ਗਿਆ ਹੈ। ਸਿਤਮ ਦੀ ਗੱਲ ਹੈ ਕਿ ਭੇਟਾ ਵਜੋਂ ਸ਼ੁਭ ਭਾਵਾਂ ਦੀ ਪ੍ਰਤੀਕ ਜੋੜੀ ਪਾਨਸੁਪਾਰੀ ਸਮਾਂ ਪਾ ਕੇ ਕਤਲ ਕਰਾਉਣ ਦੇ ਭਾਵਾਂ ਨਾਲ ਜੁੜ ਗਈ ਤੇ ਇਸ ਦਾ ਸਿਹਰਾ ਮਹਾਰਾਸ਼ਟਰ ਦੇ ਸਿਰ ਬੱਝਾ।
ਸਿੱਖ ਧਰਮ ਦੇ ਇੱਕ ਪ੍ਰਚਾਰਕ ਸੁਖਪ੍ਰੀਤ ਸਿੰਘ ਉਗੋਕੇ ਨੇ ਆਪਣੇ ਇੱਕ ਵਿਖਿਆਨ ਵਿਚ ਕਿਸੇ ਹੋਰ ਪ੍ਰਚਾਰਕ ਦਾ ਜ਼ਿਕਰ ਕੀਤਾ ਜਿਸ ਨੇ ਕਿਸੇ ਸਟੇਜ ‘ਤੇ ਆਪਣੇ ਸਰੋਤਿਆਂ ਨੂੰ ਦੱਸਿਆ ਕਿ ‘ਬਾਬਾ ਦੀਪ ਸਿੰਘ ਨੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ’। ਉਗੋਕੇ ਨੇ ਏਥੇ ਧਾਰਮਿਕ ਕਾਰਜ ਦੇ ਪ੍ਰਸੰਗ ਵਿਚ ਬੀੜਾ ਚੁੱਕਣਾ ਮੁਹਾਵਰੇ ਦੀ ਵਰਤੋਂ ‘ਤੇ ਸਖ਼ਤ ਇਤਰਾਜ਼ ਕੀਤਾ ਹੈ ਕਿਉਂਕਿ ਪਾਨ ਦੇ ਬੀੜੇ ਵਿਚ ਤਮਾਖੂ ਹੁੰਦਾ ਹੈ ਜੋ ਸਿੱਖ ਧਰਮ ਅਨੁਸਾਰ ਵਿਵਰਜਿਤ ਹੈ। ਅਜਿਹਾ ਇਤਰਾਜ਼ ਸਰਾਸਰ ਨਾਜਾਇਜ਼ ਹੈ ਕਿਉਂਕਿ ਸ਼ਬਦਾਂ ਤੇ ਉਕਤੀਆਂ ਦੇ ਅਰਥ ਸਮਾਂ ਪਾ ਕੇ ਨਕਾਰਾਤਮਕ ਤੋਂ ਸਕਾਰਾਤਮਕ ਤੇ ਇਸ ਤੋਂ ਉਲਟ ਹੁੰਦੇ ਰਹਿੰਦੇ ਹਨ। ਅਸੀਂ ਅਜਿਹਾ ਇਤਰਾਜ਼ ਕਿਸ ਕਿਸ ਸ਼ਬਦ ਬਾਰੇ ਕਰਦੇ ਰਹਾਂਗੇ। ਉਪਰ ਅਸੀਂ ਦੇਖਿਆ ਕਿ ਕਬੀਰ ਨੇ ਵੀ ਇਹ ਮੁਹਾਵਰਾ ਵਰਤਿਆ ਹੈ। ਨਾਲੇ ਜ਼ਰੂਰੀ ਨਹੀਂ ਪਾਨ ਵਿਚ ਤਮਾਖੂ ਵਰਤਿਆ ਜਾਵੇ।