ਸਤਿਨਾਮ ਸਿੰਘ ਮਾਣਕ
ਬੀਤਣ ਵਾਲਾ ਹਰ ਵਰ੍ਹਾ ਬਹੁਤ ਸਾਰੀਆਂ ਚੰਗੀਆਂ ਮਾੜੀਆਂ ਯਾਦਾਂ ਸਾਡੇ ਪੱਲੇ ਵਿਚ ਪਾ ਕੇ ਰੁਖ਼ਸਤ ਹੋ ਜਾਂਦਾ ਹੈ। ਇਸ ਸੰਦਰਭ ਵਿਚ ਹੀ ਅਸੀਂ ਪੰਜਾਬ ਦੇ ਘਟਨਾਕ੍ਰਮਾਂ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ।
ਜੇਕਰ ਪੰਜਾਬ ਵਿਚ 2024 ਦੌਰਾਨ ਵਾਪਰੇ ਘਟਨਾਕ੍ਰਮਾਂ ‘ਤੇ ਨਜ਼ਰ ਮਾਰੀਏ ਤਾਂ ਇਸ ਬੀਤਣ ਵਾਲੇ ਸਾਲ ਨੂੰ ਕਿਸਾਨ ਅੰਦੋਲਨ (ਭਾਗ-2), ਚੋਣਾਂ, ਸ਼੍ਰੋਮਣੀ ਅਕਾਲੀ ਦਲ ਦੇ ਸੰਕਟ, ਗੈਂਗਸਟਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀਆਂ ਕਾਰਵਾਈਆਂ ਅਤੇ ਸਾਲ ਦੇ ਅਖ਼ੀਰ ਵਿਚ ਮਾਝੇ ਵਿਚ ਵੱਖ-ਵੱਖ ਥਾਣਿਆਂ ‘ਤੇ ਹੋਏ ਅਨੇਕਾਂ ਗ੍ਰਨੇਡ ਹਮਲਿਆਂ ਲਈ ਜਾਣਿਆ ਜਾਵੇਗਾ। ਇਸ ਤੋਂ ਇਲਾਵਾ ਇਹ ਸਾਲ ਹਰਿਆਣੇ ਨੂੰ ਚੰਡੀਗੜ੍ਹ ਵਿਚ ਨਵੀਂ ਵਿਧਾਨ ਸਭਾ ਬਣਾਉਣ ਲਈ ਕੇਂਦਰ ਵਲੋਂ ਜ਼ਮੀਨ ਦੇਣ ਦੇ ਯਤਨਾਂ ਅਤੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਵੀ ਚਰਚਿਤ ਰਹੇ।
ਕਿਸਾਨ ਅੰਦੋਲਨ
ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ। 2020 ਵਿਚ ਕਿਸਾਨ ਸੰਗਠਨਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ‘ਤੇ ਸਾਲ ਤੋਂ ਵੀ ਵੱਧ ਸਮੇਂ ਲਈ ਕੇਂਦਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਅਤੇ ਖੇਤੀ ਜਿਣਸਾਂ ਦੇ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਆਦਿ ਆਪਣੀਆਂ ਮੰਗਾਂ ਲਈ ਨਿਰੰਤਰ ਧਰਨੇ ਦੇ ਕੇ ਅੰਦੋਲਨ ਕੀਤਾ ਸੀ। ਕਿਸਾਨ ਅੰਦੋਲਨ ਸੰਬੰਧੀ ਕੇਂਦਰ ਸਰਕਾਰ ਨੇ ਲੰਮੇ ਸਮੇਂ ਤਕ ਚੁੱਪ ਅਖ਼ਤਿਆਰ ਕਰੀ ਰੱਖੀ ਪਰ ਅਖ਼ੀਰ ਵਿਚ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਸਭ ਪਰ ਖੇਤੀ ਜਿਣਸਾਂ ਦੇ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਕਿਸਾਨ ਕਰਜ਼ੇ ਅਤੇ ਕਿਸਾਨ ਅੰਦੋਲਨ ਸਮੇਂ ਕਿਸਾਨਾਂ ‘ਤੇ ਦਰਜ ਹੋਏ ਕੇਸ ਆਦਿ ਵਾਪਸ ਲੈਣ ਦੇ ਮੁੱਦੇ ਲਟਕਦੇ ਰਹੇ। ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ 12 ਫਰਵਰੀ ਨੂੰ ਦਿੱਲੀ ਜਾ ਕੇ ਮੁੜ ਤੋਂ ਅੰਦੋਲਨ ਸ਼ੁਰੂ ਕਰਨ ਲਈ ‘ਦਿੱਲੀ ਚਲੋ’ ਦਾ ਸੱਦਾ ਦਿੱਤਾ। ਪਰ ਇਸ ਵਾਰ ਕੇਂਦਰ ਸਰਕਾਰ ਅਤੇ ਹਰਿਆਣੇ ਦੀ ਸਰਕਾਰ ਨੇ ਆਪਸੀ ਤਾਲਮੇਲ ਕਰਕੇ ਅਤੇ ਵੱਡੀ ਪੱਧਰ ‘ਤੇ ਸ਼ੰਭੂ ਅਤੇ ਖਨੌਰੀ ਦੀਆਂ ਸਰਹੱਦਾਂ ‘ਤੇ ਸੁਰੱਖਿਆ ਦਲ ਤਾਇਨਾਤ ਕਰ ਦਿੱਤੇ। ਹਰਿਆਣੇ ਵਾਲੇ ਪਾਸੇ ਸੜਕਾਂ ‘ਤੇ ਕੰਕਰੀਟ ਦੀਆਂ ਦੀਵਾਰਾਂ ਉਸਾਰਨ ਦੇ ਨਾਲ-ਨਾਲ ਕੰਡਿਆਲੀਆਂ ਤਾਰਾਂ ਲਾਉਣ ਤੋਂ ਇਲਾਵਾ ਸੜਕਾਂ ‘ਤੇ ਵੱਡੀਆਂ-ਵੱਡੀਆਂ ਕਿੱਲਾਂ ਵੀ ਲਗਾ ਦਿੱਤੀਆਂ ਗਈਆਂ। ਕਿਸਾਨਾਂ ਨੇ ਸਾਲ ਭਰ ਕਈ ਵਾਰ ਅੱਗੇ ਵਧ ਕੇ ਦਿੱਲੀ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਸੁਰੱਖਿਆ ਦਲਾਂ ਨੇ ਸਖ਼ਤ ਗੋਲਾਬਾਰੀ ਕਰਕੇ ਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ। ਸੁਰੱਖਿਆ ਦਲਾਂ ਅਤੇ ਕਿਸਾਨਾਂ ਦਰਮਿਆਨ ਹੋਏ ਟਕਰਾਅ ਦੌਰਾਨ ਇਕ ਕਿਸਾਨ ਸ਼ੁਭਕਰਨ ਸਿੰਘ ਖਨੌਰੀ ਦੀ ਸਰਹੱਦ ‘ਤੇ ਗੋਲੀ ਲੱਗਣ ਨਾਲ ਮਾਰਿਆ ਗਿਆ ਅਤੇ ਅਨੇਕਾਂ ਕਿਸਾਨ ਸੁਰੱਖਿਆ ਦਲਾਂ ਦੀ ਸਮੇਂ-ਸਮੇਂ ਦੀ ਗੋਲਾਬਾਰੀ ਨਾਲ ਜ਼ਖ਼ਮੀ ਵੀ ਹੁੰਦੇ ਰਹੇ। ਕਈਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ। 12 ਫ਼ਰਵਰੀ ਤੋਂ ਹੀ ਪੰਜਾਬ ਤੇ ਹਰਿਆਣਾ ਵਿਚਕਾਰ ਮੁੱਖ ਸ਼ਾਹਮਾਰਗ ਤੋਂ ਸੜਕ ਆਵਾਜਾਈ ਵੀ ਠੱਪ ਹੋਈ ਪਈ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਇੰਜ ਲੰਮੇ ਸਮੇਂ ਤੋਂ ਇਕ ਰਾਜ ਨੇ ਦੂਜੇ ਰਾਜ ਦਾ ਕੌਮੀ ਰਾਜਧਾਨੀ ਵੱਲ ਜਾਣ ਦਾ ਰਸਤਾ ਰੋਕਿਆ ਹੋਇਆ ਹੈ। 28 ਨਵੰਬਰ ਨੂੰ ਪ੍ਰਸਿੱਧ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਦੀ ਸਰਹੱਦ ‘ਤੇ ਮਰਨ ਵਰਤ ਸ਼ੁਰੂ ਕਰ ਦਿੱਤਾ, ਜਿਹੜਾ ਕਿ ਇਹ ਸਤਰਾਂ ਲਿਖਣ ਤੱਕ ਜਾਰੀ ਹੈ। ਉਸ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸੰਬੰਧੀ ਸੁਪਰੀਮ ਕੋਰਟ ਵਿਚ ਵੀ ਕਈ ਵਾਰ ਸੁਣਵਾਈ ਹੋਈ ਅਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵਾਰ-ਵਾਰ ਆਦੇਸ਼ ਦਿੱਤੇ ਹਨ ਕਿ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇਣ ਲਈ ਕਿਸੇ ਹਸਪਤਾਲ ਵਿਚ ਦਾਖ਼ਲ ਕਰਵਾਵੇ ਪਰ ਅੰਦੋਲਨਕਾਰੀ ਕਿਸਾਨ ਸੰਗਠਨ ਇਸ ਲਈ ਸਹਿਮਤ ਨਹੀਂ ਹੋ ਰਹੇ। ਕਿਸਾਨ ਸੰਗਠਨਾਂ ਨੂੰ ਡਰ ਹੈ ਕਿ ਕਿਸੇ ਵੀ ਵੇਲੇ ਪੰਜਾਬ ਪੁਲਿਸ ਕਾਰਵਾਈ ਕਰਕੇ ਡੱਲੇਵਾਲ ਨੂੰ ਮੁੜ ਹਿਰਾਸਤ ਵਿਚ ਲੈ ਸਕਦੀ ਹੈ, ਜਿਸ ਤਰ੍ਹਾਂ ਕਿ ਉਸ ਨੇ ਇਕ ਵਾਰ ਪਹਿਲਾਂ ਵੀ ਉਸ ਨੂੰ ਹਿਰਾਸਤ ਵਿਚ ਲੈ ਕੇ ਲੁਧਿਆਣੇ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਸੀ। ਅਜਿਹੀ ਸੰਭਾਵਨਾ ਨੂੰ ਮੁੱਖ ਰੱਖ ਕੇ ਕਿਸਾਨ ਜਿਥੇ ਵੱਡੀ ਪੱਧਰ ‘ਤੇ ਖਨੌਰੀ ਦੀ ਸਰਹੱਦ ‘ਤੇ ਇਕੱਠੇ ਹੋ ਰਹੇ ਹਨ, ਉਥੇ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਵੱਲ ਕੇਂਦਰ ਸਰਕਾਰ ਦਾ ਧਿਆਨ ਦਵਾਉਣ ਲਈ 30 ਦਸੰਬਰ ਨੂੰ ਪੰਜਾਬ ਭਰ ਦੇ ਬੰਦ ਦਾ ਸੱਦਾ ਵੀ ਦਿੱਤਾ ਸੀ, ਜੋ ਕਿ ਕਾਫੀ ਹੱਦ ਤਕ ਸਫ਼ਲ ਰਿਹਾ, ਭਾਵੇਂ ਕਿ ਆਮ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਇਸ ਬੰਦ ਕਾਰਨ ਵੱਡੀ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ।
ਸ਼੍ਰੋਮਣੀ ਅਕਾਲੀ ਦਲ ਦਾ ਸੰਕਟ
100 ਸਾਲ ਤੋਂ ਵੱਧ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਵਿਚ ਵੱਡਾ ਰੋਲ ਰਿਹਾ ਹੈ ਅਤੇ ਸਿੱਖ ਪੰਥ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਵੀ ਜਿਸ ਪਾਰਟੀ ਨੇ ਵੱਡੇ ਸੰਘਰਸ਼ ਲੜੇ ਸਨ, ਉਹ ਪਾਰਟੀ ਇਕ ਤਰ੍ਹਾਂ ਨਾਲ ਅੱਜ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਲੜਾਈ ਲੜ ਰਹੀ ਹੈ। 2017 ਤੋਂ ਬਾਅਦ ਰਾਜ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਹੋਈਆਂ ਲਗਭਗ ਸਾਰੀਆਂ ਚੋਣਾਂ ਵਿਚ ਇਸ ਪਾਰਟੀ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ। 2022 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਪਾਰਟੀ ਨੂੰ ਸਿਰਫ਼ 3 ਸੀਟਾਂ ਪ੍ਰਾਪਤ ਹੋਈਆਂ ਸਨ ਅਤੇ ਇਸੇ ਤਰ੍ਹਾਂ 2024 ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਇਸ ਨੂੰ 1 ਸੀਟ ਪ੍ਰਾਪਤ ਹੋਈ ਹੈ। 2007 ਤੋਂ ਲੈ ਕੇ 2017 ਤਕ ਰਾਜ ਵਿਚ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਗੱਠਜੋੜ ਸਰਕਾਰ ਰਹੀ, ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨਾ, ਸਮੇਧ ਸੈਣੀ ਨੂੰ ਪੁਲਿਸ ਮੁਖੀ ਬਣਾਉਣ ਅਤੇ ਹੋਰ ਕਈ ਪ੍ਰਕਾਰ ਦੀਆਂ ਹੋਈਆਂ ਧਾਰਮਿਕ ਅਤੇ ਰਾਜਨੀਤਕ ਗਲਤੀਆਂ ਨੂੰ ਮੁੱਖ ਰੱਖ ਕੇ ਅਕਾਲੀ ਦਲ ਦੇ ਬਾਗ਼ੀ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਸ਼ਿਕਾਇਤ ਕਰ ਕੇ ਸੁਖਬੀਰ ਸਿੰਘ ਬਾਦਲ ਦੀ ਜਵਾਬਦੇਹੀ ਕਰਨ ਦੀ ਮੰਗ ਕੀਤੀ ਸੀ। ਜਿਸ ਨੂੰ ਮੁੱਖ ਰੱਖਦਿਆਂ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਤੇ ਉਸ ਸਮੇਂ ਮੰਤਰੀ ਮੰਡਲ ਵਿਚ ਸ਼ਾਮਿਲ ਰਹੇ ਹੋਰ ਅਕਾਲੀ ਨੇਤਾਵਾਂ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਸਾਬਕ ਸਿੰਘ ਸਾਹਿਬਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਤਨਖਾਹਾਂ (ਧਾਰਮਿਕ ਸਜ਼ਾ) ਲਗਾਈਆਂ ਅਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਕੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਬਣਾਈ ਗਈ ਇਕ ਸੱਤ ਮੈਂਬਰੀ ਕਮੇਟੀ ਰਾਹੀਂ ਨਵੀਂ ਭਰਤੀ ਕਰਕੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨ ਦਾ ਆਦੇਸ਼ ਦਿੱਤਾ। ਸਾਰੇ ਧੜਿਆਂ ਦੇ ਅਕਾਲੀ ਆਗੂਆਂ ਨੇ ਆਪਣੀ ਧਾਰਮਿਕ ਸਜ਼ਾ ਤਾਂ ਪੂਰੀ ਕਰ ਲਈ ਹੈ ਪਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ 7 ਮੈਂਬਰੀ ਕਮੇਟੀ ਦੀ ਅਗਵਾਈ ਵਿਚ ਨਵੀਂ ਭਰਤੀ ਕਰਵਾ ਕੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨ ਦੇ ਮਾਮਲੇ ਲਟਕੇ ਹੋਏ ਹਨ। ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਦਾ ਧੜਾ ਇਹ ਦਲੀਲ ਪੇਸ਼ ਕਰ ਰਿਹਾ ਹੈ ਕਿ ਅਜਿਹਾ ਕਰਨ ਨਾਲ ਚੋਣ ਕਮਿਸ਼ਨ ਅਕਾਲੀ ਦਲ ਦੀ ਮਾਨਤਾ ਰੱਦ ਕਰ ਸਕਦਾ ਹੈ। ਹਰਿਮੰਦਰ ਸਾਹਿਬ ਦੇ ਬਾਹਰਲੇ ਪਾਸੇ ਚੋਬਦਾਰ ਦੀ ਸੇਵਾ ਦੌਰਾਨ ਸੁਖਬੀਰ ਸਿੰਘ ਬਾਦਲ ‘ਤੇ ਖਾੜਕੂ ਪਿਛੋਕੜ ਵਾਲੇ ਨਰਾਇਣ ਸਿੰਘ ਚੌੜਾ ਵਲੋਂ ਕੀਤੇ ਕਾਤਲਾਨਾ ਹਮਲੇ, ਜਿਸ ਵਿਚ ਉਹ ਵਾਲ-ਵਾਲ ਬਚੇ, ਨੇ ਵੀ ਸਿਆਸੀ ਤੇ ਧਾਰਮਿਕ ਹਾਦਸਿਆਂ ਵਿਚ ਚਿੰਤਾ ‘ਪੈਦਾ ਕੀਤੀ ਸੀ। ਅਕਾਲੀ ਦਲ ਦੇ ਸੰਕਟ ਨੂੰ ਲੈ ਕੇ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿਚ ਆਉਣ ਵਾਲੇ ਸਮੇਂ ਵਿਚ ਮਤਭੇਦ ਹੋਰ ਵੀ ਤਿੱਖੇ ਹੋ ਸਕਦੇ ਹਨ ਅਤੇ ਅਕਾਲੀ ਦਲ ਦਾ ਇਹ ਸੰਕਟ ਫਿਲਹਾਲ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ।
ਚੋਣਾਂ ਵਿਚ ਪਾਰਟੀਆਂ ਦੀ ਕਾਰਗੁਜ਼ਾਰੀ
ਇਸ ਸਾਲ ਵਿਚ ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਜਿਸ ਵਿਚ ਕਾਂਗਰਸ ਪਾਰਟੀ ਨੇ 13 ਵਿਚੋਂ 7, ਆਮ ਆਦਮੀ ਪਾਰਟੀ ਨੇ 13 ਵਿਚੋਂ 3 ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਪ੍ਰਾਪਤ ਕੀਤੀ। ਪੰਜਾਬ ਦੀ ਸਿਆਸਤ ਨੇ ਲੋਕ ਸਭਾ ਚੋਣਾਂ ਸਮੇਂ ਇਕ ਦਿਲਚਸਪ ਮੋੜ ਇਹ ਕੱਟਿਆ ਕਿ ਖਡੂਰ ਸਾਹਿਬ ਤੋਂ ਪੰਜਾਬ ਦੇ ਵਾਰਿਸ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ ਨੇ 4 ਲੱਖ ਤੋਂ ਵੱਧ ਵੋਟਾਂ ਲੈ ਕੇ ਵੱਡੀ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਹਲਕਾ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ (ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕਰਨ ਦੇ ਇਕ ਦੋਸ਼ੀ ਸ. ਬੇਅੰਤ ਸਿੰਘ ਦੇ ਪੁੱਤਰ ਹਨ) ਨੇ ਸਫ਼ਲਤਾ ਹਾਸਿਲ ਕੀਤੀ। ਉਪਰੋਕਤ ਦੋਹਾਂ ਉਮੀਦਵਾਰਾਂ ਦੀ ਜਿੱਤ ਨਾਲ ਰਾਜ ਦੇ ਸਿਆਸੀ ਹਲਕਿਆਂ ਵਿਚ ਹਲਚਲ ਮਚ ਗਈ ਅਤੇ ਕੁਝ ਸਿਆਸੀ ਮਾਹਿਰਾਂ ਵਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੀ ਆਉਣ ਵਾਲੇ ਸਮੇਂ ਦੀ ਧਾਰਮਿਕ ਅਤੇ ਰਾਜਨੀਤਕ ਸਿਆਸਤ ਵਿਚ ਗਰਮ ਦਲੀਏ ਇਕ ਵਾਰ ਫਿਰ ਤਾਕਤ ਬਣ ਕੇ ਉੱਭਰ ਸਕਦੇ ਹਨ। ਬਿਨਾਂ ਸ਼ੱਕ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਸੀ ਪਰ ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ 4 ਉਪ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਸੰਤੁਸ਼ਟੀਜਨਕ ਨਹੀਂ ਰਹੀ। ਪਾਰਟੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਲੰਧਰ ਪੱਛਮੀ ਤੋਂ ਉਪ ਚੋਣ ਹਾਰ ਗਈ। ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਚਾਰ ਵਿਧਾਨ ਸਭਾ ਹਲਕਿਆਂ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਅਤੇ ਹੁਸ਼ਿਆਰਪੁਰ ਆਦਿ ਹਲਕਿਆਂ ਤੋਂ ਹੋਈਆਂ ਉਪ ਚੋਣਾਂ ਵਿਚ ਸਿਰਫ਼ ਬਰਨਾਲੇ ਦੀ ਸੀਟ ਤੋਂ ਹੀ ਜਿੱਤ ਪ੍ਰਾਪਤ ਕਰ ਸਕੀ। ਇਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਵਿਚ ਪਾਰਟੀ ਦੀ ਬਣੀ ਚੜ੍ਹਤ ਉਪ ਚੋਣਾਂ ਵਿਚ ਮੱਧਮ ਪੈਂਦੀ ਨਜ਼ਰ ਆਈ। ਸੱਤਾਧਾਰੀ ਆਮ ਆਦਮੀ ਪਾਰਟੀ ਜਿਸ ਦੀ ਲੋਕ ਸਭਾ ਦੀਆਂ ਚੋਣਾਂ ਵਿਚ ਕਾਰਗੁਜ਼ਾਰੀ ਚੰਗੀ ਨਹੀਂ ਸੀ ਰਹੀ ਉਹ ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ ਵਿਚੋਂ ਜਲੰਧਰ ਪੱਛਮੀ ਸਮੇਤ 4 ਸੀਟਾਂ ਜਿੱਤਣ ਵਿਚ ਸਫ਼ਲ ਰਹੀ। ਇਸ ਤਰ੍ਹਾਂ ਕਰਕੇ ਪਾਰਟੀ ਨੇ ਇਕ ਵਾਰ ਫਿਰ ਆਪਣੀ ਖੋਹੀ ਹੋਈ ਸਾਖ਼ ਕੁਝ ਹੱਦ ਤਕ ਬਹਾਲ ਕਰ ਲਈ।
ਇਸੇ ਸਾਲ ਪੰਜਾਬ ਵਿਚ ਪੰਚਾਇਤਾਂ, ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਵੀ ਚੋਣਾਂ ਹੋਈਆਂ, ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਸਰਕਾਰੀ ਮਸ਼ੀਨਰੀ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਧੱਕੇ ਨਾਲ ਕਾਗਜ਼ ਰੱਦ ਕਰਨ ਆਦਿ ਦੇ ਗੰਭੀਰ ਦੋਸ਼ ਲੱਗੇ, ਅਨੇਕਾਂ ਮਾਮਲੇ ਅਦਾਲਤਾਂ ਵਿਚ ਵੀ ਗਏ ਪਰ ਫਿਰ ਵੀ ਪੰਚਾਇਤੀ ਚੋਣਾਂ ਵਿਚ ਅਤੇ ਬਾਅਦ ਵਿਚ 5 ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਨਾਲੋਂ ਬਿਹਤਰ ਸਥਿਤੀ ਵਿਚ ਰਹੀ। ਅੰਮ੍ਰਿਤਸਰ ਅਤੇ ਫਗਵਾੜੇ ਦੀਆਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਤੋਂ ਬਿਹਤਰ ਰਹੀ।
ਅਮਨ ਕਾਨੂੰਨ ਦੀ ਸਥਿਤੀ ਤੇ ਅਪਰਾਧ
ਜੇਕਰ ਅਮਨ ਕਾਨੂੰਨ ਤੇ ਅਪਰਾਧਾਂ ਦੇ ਪੱਖ ਤੋਂ ਪੰਜਾਬ ਦੇ ਘਟਨਾਕ੍ਰਮਾਂ ਨੂੰ ਦੇਖੀਏ ਤਾਂ ਬੜੇ ਚਿੰਤਾਜਨਕ ਦ੍ਰਿਸ਼ ਅੱਖਾਂ ਦੇ ਸਾਹਮਣੇ ਉੱਭਰਦੇ ਹਨ। ਸਾਲ ਭਰ ਗੈਂਗਸਟਰਾਂ ਅਤੇ ਅਪਰਾਧੀਆਂ ਦੀਆਂ ਕਾਰਵਾਈਆਂ ਜਾਰੀ ਰਹੀਆਂ। ਬੈਂਕ, ਪੈਟਰੋਲ ਪੰਪ ਅਤੇ ਲੋਕਾਂ ਦੇ ਨਿੱਜੀ ਕਾਰੋਬਾਰੀ ਅਦਾਰੇ ਅਪਰਾਧੀਆਂ ਦਾ ਨਿਸ਼ਾਨਾ ਬਣਦੇ ਰਹੇ। ਗੈਂਗਸਟਰ ਸ਼ਰ੍ਹੇਆਮ ਨਿੱਜੀ ਕਾਰੋਬਾਰਾਂ ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕਰਦੇ ਰਹੇ ਅਤੇ ਵਪਾਰੀਆਂ ਤੇ ਸਨਅਤਕਾਰਾਂ ਦੀਆਂ ਜਾਨਾਂ ਵੀ ਲੈਂਦੇ ਰਹੇ। ਬਾਅਦ ‘ਚ ਅਜਿਹੀ ਦਹਿਸ਼ਤ ਦਾ ਲਾਭ ਉਠਾਉਂਦਿਆਂ ਕਾਰੋਬਾਰੀਆਂ ਤੇ ਸਨਅਤਕਾਰਾਂ ਤੋਂ ਫਿਰੌਤੀਆਂ ਉਗਰਾਹੂੰਦੇ ਰਹੇ। ਪੁਲਿਸ ਨੇ ਬਹੁਤ ਸਾਰੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ। ਅਨੇਕਾਂ ਵਾਰ ਅਪਰਾਧੀ ਗਿਰੋਹ ਪੁਲਿਸ ਨਾਲ ਹੋਏ ਕਥਿਤ ਮੁਕਾਬਲਿਆਂ ਵਿਚ ਜ਼ਖ਼ਮੀ ਹੋਏ ਅਤੇ ਕੁਝ ਮਾਰੇ ਵੀ ਗਏ ਪਰ ਫਿਰ ਵੀ ਇਹ ਸਿਲਸਿਲਾ ਰੁਕਦਾ ਨਜ਼ਰ ਨਹੀਂ ਆਇਆ। ਦੂਜੇ ਪਾਸੇ ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਵਿਚ ਭਾਵੇਂ ਪੰਜਾਬ ਪੁਲਿਸ ਅਤੇ ਸਰਹੱਦੀ ਸੁਰੱਖਿਆ ਦਲ (ਬੀ.ਐਸ.ਐਫ.) ਵਲੋਂ ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਡਰੋਨਾਂ ਰਾਹੀਂ ਹੁੰਦੀ ਰਹੀ ਤਸਕਰੀ ਨੂੰ ਰੋਕਣ ਲਈ ਸਾਲ ਭਰ ਪੂਰੀ ਵਾਹ ਲਾਈ, ਚੋਖੀਆਂ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਪਰ ਇਸ ਦੇ ਬਾਵਜੂਦ ਪਾਕਿਸਤਾਨ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਰੀ ਹੈ। ਇਸ ਸਾਲ ਸਰਹੱਦੀ ਸੁਰੱਖਿਆ ਦਲ ਨੇ ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਵਿਚ ਡਰੋਨ ਵਿਰੋਧੀ ਤਕਨੀਕੀ ਯੰਤਰ ਤਾਇਨਾਤ ਕੀਤੇ, ਜਿਸ ਦੇ ਸਿੱਟੇ ਵਜੋਂ 290 ਦੇ ਲਗਭਗ ਡਰੋਨ ਗਿਰਾਉਣ ਵਿਚ ਸੁਰੱਖਿਆ ਦਲ ਕਾਮਯਾਬ ਰਹੇ ਅਤੇ 300 ਕਿਲੋ ਤੋਂ ਵੱਧ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ। ਰਾਜ ਵਿਚ 97 ਦੇ ਲਗਭਗ ਤਸਕਰਾਂ ਨੂੰ ਵੀ ਸਰਹੱਦੀ ਸੁਰੱਖਿਆ ਦਲਾਂ ਵਲੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਸਾਲ ਤਸਕਰਾਂ ਤੇ ਅਪਰਾਧੀਆਂ ਤੋਂ 37 ਪਿਸਤੌਲ, 428 ਕਾਰਤੂਸ ਅਤੇ 48 ਕਾਰਤੂਸਾਂ ਦੇ ਮੈਗਜ਼ੀਨ ਵੀ ਬਰਾਮਦ ਕੀਤੇ ਗਏ। ਇਸ ਸਾਲ ਦੇ ਅਖ਼ੀਰ ਵਿਚ ਮਾਝੇ ਦੇ ਵੱਖ-ਵੱਖ ਥਾਣਿਆਂ ‘ਤੇ ਗ੍ਰਨੇਡ ਹਮਲੇ ਹੋਏ। ਇਨ੍ਹਾਂ ਵਿਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਰਾਜ ਵਿਚ ਇਨ੍ਹਾਂ ਨਾਲ ਵੱਡੀ ਪੱਧਰ ‘ਤੇ ਸੁਰੱਖਿਆ ਸੰਬੰਧੀ ਲੋਕਾਂ ਵਿਚ ਚਿੰਤਾ ਪੈਦਾ ਹੋਈ ਹੈ। ਸਰਕਾਰ ਇਨ੍ਹਾਂ ਘਟਨਾਵਾਂ ਪਿੱਛੇ ਵਿਦੇਸ਼ੀ ਭਾਰਤ ਵਿਰੋਧੀ ਸ਼ਕਤੀਆਂ ਦਾ ਹੱਥ ਸਮਝਦੀ ਹੈ, ਜੋ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅਜਿਹੀਾਂ ਕਾਰਵਾਈਆਂ ਕਰਵਾ ਰਹੀਆਂ ਹਨ।
ਜੇਕਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਇਸ ਸਾਲ ਦੀ ਕਾਰਗੁਜ਼ਾਰੀ ‘ਤੇ ਇਕ ਨਜ਼ਰ ਮਾਰੀਏ ਤਾਂ ਸਰਕਾਰ ਨੇ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਇਹ ਦਰਸਾਈ ਹੈ ਕਿ ਉਸ ਨੇ ਸਾਲ 2024 ਤਕ 12809 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਹਨ ਅਤੇ ਇਸ ਵਿਚੋਂ 6 ਹਜ਼ਾਰ ਏਕੜ 2024-25 ਵਿਚ ਠੇਕੇ ‘ਤੇ ਦਿੱਤੀ ਹੈ, ਜਿਸ ਤੋਂ ਸਾਲਾਨਾ ਸਰਕਾਰ ਨੂੰ 10.36 ਕਰੋੜ ਦੀ ਆਮਦਨ ਪ੍ਰਾਪਤ ਹੋ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਆਪਣੇ ਪ੍ਰੋਗਰਾਮ ਨੂੰ ਵੀ ਇਸ ਸਾਲ ਜਾਰੀ ਰੱਖਿਆ ਹੈ ਅਤੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਆਪਣੇ ਮੁਹੱਲਾ ਕਲੀਨਿਕਾਂ ਵਿਚ ਸਿਹਤ ਸੇਵਾਵਾਂ ਅਤੇ ਸਕੂਲ ਆਫ਼ ਐਮੀਨੈਂਸ ਦੇ ਰੂਪ ਵਿਚ ਸਿੱਖਿਆ ਸੇਵਾਵਾਂ ਨੂੰ ਪਹਿਲਾਂ ਤੋਂ ਹੋਰ ਬਿਹਤਰ ਬਣਾਉਣ ਦੇ ਵੀ ਦਾਅਵੇ ਕੀਤੇ ਗਏ ਹਨ। ਇਸ ਸਾਲ ਵਿਚ ਲੁਧਿਆਣੇ ਦੇ ਬੁੱਢੇ ਨਾਲੇ ਨੂੰ ਸਾਫ਼ ਕਰਵਾਉਣ ਲਈ ਅਮਿਤੋਜ ਮਾਨ ਤੇ ਲੱਖਾ ਸਧਾਣਾ ਦੀ ਅਗਵਾਈ ਵਿਚ ਕੁਦਰਤ ਪ੍ਰੇਮੀਆਂ ਵਲੋਂ ਕਾਲੇ ਪਾਣੀਆਂ ਦਾ ਮੋਰਚਾ ਲਾਇਆ ਗਿਆ। ਲੁਧਿਆਣੇ ਵਿਚ ਸਮੇਂ-ਸਮੇਂ ਵੱਡੀ ਗਿਣਤੀ ਵਿਚ ਲੋਕ ਬੁੱਢੇ ਨਾਲੇ ਤੇ ਹੋਰ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਾਉਣ ਲਈ ਅੰਦੋਲਨ ਕਰਦੇ ਨਜ਼ਰ ਆਏ। ਸਾਹਿਤਕ ਹਲਕਿਆਂ ਲਈ ਇਹ ਸਾਲ ਇਸ ਲਈ ਮਾੜਾ ਰਿਹਾ ਕਿਉਂਕਿ ਪੰਜਾਬੀਆਂ ਦੇ ਹਰਮਨ ਪਿਆਰੇ ਸ਼ਾਇਰ ਸੁਰਜੀਤ ਪਾਤਰ ਸਦੀਵੀ ਵਿਛੋੜਾ ਦੇ ਗਏ।
ਜੇਕਰ ਸਮੁੱਚੇ ਤੌਰ ‘ਤੇ ਪੰਜਾਬ ਦੇ 2024 ਦੇ ਘਟਨਾਕ੍ਰਮਾਂ ਨੂੰ ਦੇਖੀਏ ਤਾਂ ਤਸਵੀਰ ਕੁਝ ਆਸ਼ਾਵਾਦੀ ਨਹੀਂ ਉੱਭਰਦੀ। ਪੰਜਾਬ ਇਸ ਸਮੇਂ ਬੇਰੁਜ਼ਗਾਰੀ, ਅਮਨ ਕਾਨੂੰਨ ਦੀ ਖ਼ਰਾਬ ਹਾਲਤ, ਖੇਤੀ ਸੰਕਟ, ਵਾਤਾਵਰਨ ਸੰਕਟ (ਖ਼ਾਸ ਕਰ ਕੇ ਧਰਤੀ ਹੇਠਲੇ ਪਾਣੀ ਦਾ ਤੇਜ਼ੀ ਨਾਲ ਹੇਠਾਂ ਜਾਣਾ ਅਤੇ ਨਦੀਆਂ ਨਾਲਿਆਂ ਦੇ ਪਾਣੀ ਦਾ ਪ੍ਰਦੂਸ਼ਿਤ ਹੋਣਾ) ਆਦਿ ਵਰਗੇ ਵੱਡੇ ਸੰਕਟਾਂ ਨਾਲ ਜੂਝ ਰਿਹਾ ਹੈ। ਦੁੱਖ ਤੇ ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਤੋਂ ਲੈ ਕੇ ਰਾਜ ਸਰਕਾਰ ਤੱਕ ਇਨ੍ਹਾਂ ਸੰਕਟਾਂ ਤੋਂ ਸਾਰੇ ਜਾਣੂ ਹੋਣ ਦੇ ਬਾਵਜੂਦ ਪੰਜਾਬ ਨੂੰ ਇਨ੍ਹਾਂ ‘ਚੋਂ ਕੱਢਣ ਲਈ ਕੋਈ ਕਾਰਗਰ ਯੋਜਨਾਬੰਦੀ ਕਰਦੇ ਨਜ਼ਰ ਨਹੀਂ ਆ ਰਹੇ। ਪੰਜਾਬ ਦਾ ਭਵਿੱਖ ਅਨਿਸਚਿਤ ਹੀ ਬਣਿਆ ਹੋਇਆ ਹੈ।
-0-
