ਸ. ਰਾਮ ਪ੍ਰਸਾਦ ਸਿੰਘ ਗਰੇਵਾਲ ਉਰਫ ਪਰਨਾਬ ਸਿੰਘ ਬ੍ਰਿਟਿਸ਼ ਸਾਮਰਾਜ ਦੇ 98 ਸਾਲ ਦੇ ਸ਼ਾਸਨ-ਕਾਲ ਦਾ ਇਕਲੌਤਾ ਅਜਿਹਾ ਭਾਰਤੀ ਆਈ.ਸੀ.ਐੱਸ. ਅਫਸਰ ਸੀ ਜਿਸਨੂੰ ਦੋ ਵਾਰ ਲਾਹੌਰ ਦਾ ਡਿਪਟੀ ਕਮਿਸ਼ਨਰ ਲੱਗਣ ਦਾ ਸ਼ਹੂਰ ਹਾਸਲ ਹੋਇਆ: ਪਹਿਲੀ ਵਾਰ 20 ਅਪਰੈਲ਼ 1933 ਤੋਂ 16 ਅਕਤੂਬਰ 1933 ਤੱਕ ਅਤੇ ਦੂਜੀ ਵਾਰ 5 ਮਈ 1934 ਤੋਂ 17 ਅਗਸਤ 1935 ਤੱਕ।
ਦੂਜੀ ਟਰਮ ਦਾ ਇਹ ਉਹ ਸਮਾਂ ਸੀ, ਜਦੋਂ ਉਸਨੇ ਲਾਹੌਰ ਦੇ ਸ਼ਹੀਦ ਗੰਜ ਗੁਰਦੁਆਰੇ ਦਾ ਮਾਮਲਾ ਏਨੀ ਸੂਝ-ਬੂਝ ਨਾਲ ਨਜਿੱਠਿਆ ਕਿ ਉਸਨੂੰ ਪ੍ਰਸ਼ਾਸਨਿਕ ਹਲਕਿਆਂ ਵਿਚ ਬੜੇ ਸੁਘੜ-ਸਿਆਣੇ ਅਫਸਰ ਕਰਕੇ ਜਾਣਿਆ ਜਾਣ ਲੱਗਾ। ਸੰਨ 1921 ਦੇ ਇਸ ਆਈ.ਸੀ.ਐੱਸ. ਅਫਸਰ ਦੀ ਏਥੇ ਤਾਇਨਾਤੀ ਦਾ ਮਕਸਦ ਤਾਂ ਕੁਝ ਹੋਰ ਸੀ ਪਰ ਮਸ਼ਹੂਰ ਉਹ ਹੋਰ ਕਾਰਨਾਂ ਕਰਕੇ ਹੋ ਗਿਆ। ਸੰਨ 1934 ਦੇ ਕਰੀਬ ਲਾਹੌਰ ਰੇਲਵੇ ਸਟੇਸ਼ਨ ਅਤੇ ਦਿੱਲੀ ਗੇਟ ਦੇ ਨਜ਼ਦੀਕ ਲੰਡਾ ਬਾਜ਼ਾਰ ਵਿਚ ਸਥਿਤ ਸ਼ਹੀਦ ਗੰਜ ਅਸਥਾਨ ਬਾਰੇ ਚੱਲ ਰਿਹਾ ਵਿਵਾਦਤ ਝਗੜਾ ਏਨੀ ਮਜ਼ਹਬੀ ਤੂਲ ਫੜ ਗਿਆ ਕਿ ਇਸ ਨੂੰ ਨਜਿੱਠਣ ਲਈ ਉਸ ਸਮੇਂ ਦੇ ਵਾਇਸਰਾਏ ਅਤੇ ਗਵਰਨਰ ਨੇ ਫੌਜ ਤੱਕ ਬੁਲਵਾ ਲੈਣ ਦਾ ਫੈਸਲਾ ਕਰ ਲਿਆ ਸੀ, ਪਰ ਬਤੌਰ ਡਿਪਟੀ ਕਮਿਸ਼ਨਰ ਪਰਨਾਬ ਸਿੰਘ ਇਸ ਫੈਸਲੇ ਵਿਰੁੱਧ ਅੜ ਗਿਆ ਜਿਵੇਂ 1965 ਦੇ ਹਿੰਦ-ਪਾਕਿ ਯੁੱਧ ਵਿਚ ਫੌਜਾਂ ਪਿਛਾਂਹ ਹਟਾਉਣ ਦੇ ਮਾਮਲੇ ਵਿਚ ਮੇਜਰ-ਜਨਰਲ ਹਰਬਖਸ਼ ਸਿੰਘ ਅੜ ਗਿਆ ਸੀ।
ਅਸਲ ਵਿਚ ਸ਼ਹੀਦ ਗੰਜ ਮਸਜਿਦ ਬਨਾਮ ਸ਼ਹੀਦ ਗੰਜ ਗੁਰਦੁਆਰਾ ਝਗੜਾ ਮੁੱਦਤ ਤੋਂ ਚੱਲਿਆ ਆ ਰਿਹਾ ਸੀ। ਮੁਸਲਮਾਨਾਂ ਅਨੁਸਾਰ ਇਹ ਮਸਜਿਦ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਦੇ ਮੌਕੇ ਕਿਸੇ ਅਬਦੁੱਲਾ ਖਾਨ ਵੱਲੋਂ ਪੀਰ ਕਾਕੂ ਸ਼ਾਹ ਦੇ ਮਕਬਰੇ ਦੇ ਅਹਾਤੇ ਵਿਚ ਬਣਾਈ ਗਈ ਸੀ ਜੋ ਕਿ ਸ਼ਾਹਜ਼ਾਦੇ ਦਾਰਾ ਸ਼ਿਕੋਹ ਦਾ ਖਾਨਸਾਮਾ ਸੀ ਅਤੇ ਬਾਅਦ ਵਿਚ ਕੋਤਵਾਲ ਤੱਕ ਦੇ ਅਹੁਦੇ ਤੱਕ ਪਹੁੰਚ ਗਿਆ। ਇਸ ਮਸਜਿਦ ਦੇ ਨੇੜੇ ਉਹ ਜਗ੍ਹਾ ਸੀ ਜਿੱਥੇ ਨਵਾਬ ਜ਼ਕਰੀਆ ਖਾਨ ਦੇ ਵੇਲੇ ਭਾਈ ਤਾਰੂ ਸਿੰਘ ਅਤੇ ਹੋਰ ਅਨੇਕ ਸਿੰਘਾਂ-ਸਿੰਘਣੀਆਂ ਨੂੰ ਤਸੀਹੇ ਦੇ ਦੇ ਕੇ ਕਤਲ ਕੀਤਾ ਗਿਆ ਸੀ। ਸੰਨ 1762 ਦੇ ਕਰੀਬ ਭੰਗੀ ਮਿਸਲ ਦੇ ਸਿੱਖਾਂ ਨੇ ਇਸ `ਤੇ ਕਬਜ਼ਾ ਕਰ ਕੇ ਇਸ ਜਗ੍ਹਾ `ਤੇ ਗੁਰਦੁਆਰਾ ਸ਼ਹੀਦ ਗੰਜ ਬਣਾ ਦਿੱਤਾ ਜਦੋਂ ਕਿ ਮਸੀਤ ਕਹੀ ਜਾਂਦੀ ਜਗ੍ਹਾ ਵਿਚ ਇਕ ਗਰੰਥੀ ਰਹਿੰਦਾ ਹੁੰਦਾ ਸੀ।
ਬ੍ਰਿਟਿਸ਼ ਰਾਜ ਦੇ ਸਮੇਂ ਇਕ ਨੂਰ ਮੁਹੰਮਦ ਨਾਂ ਦੇ ਵਿਅਕਤੀ ਨੇ 1850 ਵਿਚ ਇਹ ਦਾਅਵਾ ਕਰ ਦਿੱਤਾ ਕਿ ਇਸ ਜਗ੍ਹਾ ਦਾ ਮਾਲਕ ਉਹ ਹੈ ਪਰ ਉਸ ਦਾ ਦਿੱਤਾ ਗਿਆ ਸਬੂਤ ਅਦਾਲਤ ਵੱਲੋਂ ਰਿਜੈਕਟ ਕਰ ਦਿੱਤਾ ਗਿਆ। ਢੇਰ ਚਿਰ ਬਾਅਦ 1927 ਦੇ ਗਜ਼ਟ ਵਿਚ ਵੀ ਇਹ ਜਗ੍ਹਾ ਗੁਰਦੁਆਰਾ ਸ਼ਹੀਦ ਗੰਜ ਦੇ ਨਾਂ ਅੰਕਿਤ ਹੋਈ। ਸੰਨ 1930 ਦੀ ਇਕ ਜਜਮਂੈਟ ਵਿਚ ਵੀ ਇਹ ਜਗ੍ਹਾ ਗੁਰਦੁਆਰਾ ਸ਼ਹੀਦ ਗੰਜ ਦੱਸੀ ਗਈ ਸੀ, ਹਾਲਾਂਕਿ ਮੁਸਲਮਾਨਾਂ ਨੇ ਇਸ ਫੈਸਲੇ ਦੇ ਖ਼ਿਲਾਫ ਅਪੀਲ ਕਰ ਦਿੱਤੀ ਜੋ ਕਿ 1934 ਦੇ ਇੱਕ ਫੈਸਲੇ ਵਿਚ ਰਿਜੈਕਟ ਕਰ ਦਿੱਤੀ ਗਈ ਪਰ ਫਿਰ ਵੀ ਜਦ ਸਿੱਖਾਂ ਨੇ ਇਹ ਮਸੀਤ ਢਾਉਣੀ ਸ਼ੁਰੂ ਕੀਤੀ ਤਾਂ ਵੱਡਾ ਵਬਾਲ ਖੜ੍ਹਾ ਹੋ ਗਿਆ। ਮੁਸਲਮਾਨਾਂ ਵੱਲੋਂ ਬੰਦ ਰੱਖਿਆ ਗਿਆ, ਹੜਤਾਲਾਂ ਕੀਤੀਆਂ ਗਈਆਂ ਅਤੇ ਵੱਡੀ ਐਜੀਟੇਸ਼ਨ ਦਾ ਅਲਟੀਮੇਟਮ ਦਿੱਤਾ ਗਿਆ।
ਉਸ ਵੇਲੇ ਦੇ ਪੰਜਾਬ ਗਵਰਨਰ ਹਰਬਰਟ ਐਮਰਸਨ ਨੇ ਪਰਨਾਬ ਸਿੰਘ ਨੂੰ ਇਸ ਐਜੀਟੇਸ਼ਨ ਨੂੰ ਸੰਭਾਲਣ ਲਈ ਕਿਹਾ ਅਤੇ ਦੱਸਿਆ ਕਿ ਵਾਇਸਰਾਏ ਦੀ ਰਾਏ ਹੈ ਕਿ ਫੌਜ ਬੁਲਾ ਲਈ ਜਾਵੇ। ਇਸ ਹਾਲਾਤ ਵਿਚ ਪਰਨਾਬ ਸਿੰਘ ਨੇ ਤਤਕਾਲੀਨ ਅੰਗਰੇਜ਼ ਐੱਸ.ਐੱਸ.ਪੀ. ਡੈਨਸ ਕਿੱਲਬਰਨ ਨੂੰ ਕਿਹਾ ਕਿ ਉਹ ਕੇਵਲ ਉਸ ਦੇ ਦਿਸ਼ਾ-ਨਿਰਦੇਸ਼ ਮੰਨਣ ਨਾ ਕਿ ਗਵਰਨਰ ਜਾਂ ਵਾਇਸਰਾਏ ਦੇ। ਉਸਨੇ ਗਵਰਨਰ ਨੂੰ ਠੋਕ ਕੇ ਕਿਹਾ ਕਿ ਜੇ ਮੇਰੀ ਕੁਸ਼ਲਤਾ `ਤੇ ਵਿਸ਼ਵਾਸ ਨਹੀਂ ਤਾਂ ਮੈਨੂੰ ਏਥੋਂ ਬਦਲ ਦਿਓ। ਉਸਨੇ ਮੁਸਲਮਾਨਾਂ ਦੇ ਵਫਦ ਨੂੰ ਬੁਲਾ ਕੇ ਸਮਝਾਇਆ ਪਰ ਉਹ ਐਜੀਟੇਸ਼ਨ `ਤੇ ਅੜੇ ਹੋਏ ਸਨ। ਮੁਜ਼ਾਹਰੇ ਵਾਲੇ ਦਿਨ ਉਨ੍ਹਾਂ ਦੇ ਹੁਲੜਬਾਜ਼ੀ ਕਰਨ `ਤੇ ਉਸਨੇ ਸ਼ਰਾਰਤੀ ਅਨਸਰਾਂ ਦੀ ਪਹਿਚਾਣ ਕਰਦਿਆਂ ਬੁਰਕਾਨਸ਼ੀਂ ਔਰਤਾਂ ਦੇ ਪਿੱਛੇ ਲੁਕੇ ਸ਼ਰਾਰਤੀਆਂ ‘ਤੇ ਖੂਬ ਗੋਲੀ ਵਰਸਾਈ ਪਰ ਪੁਲੀਸ ਨੂੰ ਹੁਕਮ ਸੀ ਕਿ ਗੋਲੀਆਂ ਕੇਵਲ ਉਨ੍ਹਾਂ ਦੀਆਂ ਲੱਤਾਂ ਅਤੇ ਪੈਰਾਂ ਵਿਚ ਹੀ ਮਾਰੀਆਂ ਜਾਣ। ਵਂੇਹਦਿਆਂ ਹੀ ਵੇਂਹਦਿਆ 50,000 ਦੀ ਭੀੜ ਤਿੱਤਰ-ਬਿੱਤਰ ਹੋ ਗਈ। ਗੁਰਦੁਆਰੇ ਦਾ ਸੰਪੂਰਨ ਕੰਟਰੋਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ।
ਪਾਕਿਸਤਾਨ ਦੇ ਮਕਬੂਲ ਅੰਗਰੇਜ਼ੀ ਅਖਬਾਰ ‘ਡਾਅਨ’ ਵਿਚ 27 ਨਵੰਬਰ, 2016 ਨੂੰ ਛਪੇ ਇਕ ਆਰਟੀਕਲ ਵਿਚ ਜਨਾਬ ਮਜੀਦ ਸ਼ੇਖ ਕਹਿੰਦੇ ਹਨ ਕਿ ਬਹੁਤ ਸਾਰੇ ਪ੍ਰਬੰਧਕੀ ਵਿਸ਼ੇਸ਼ਗ ਇਹ ਮੰਨਦੇ ਹਨ ਕਿ ਜੇ ਸਿੱਖ ਡੀ.ਸੀ. ਪਰਨਾਬ ਸਿੰਘ ਦੀ ਜਗ੍ਹਾ ਓਥੇ ਕੋਈ ਅੰਗਰੇਜ਼ ਅਫਸਰ ਹੁੰਦਾ ਤਾਂ ਇਹ ਕਾਂਡ ਜਲਿ੍ਹਆਂਵਾਲੇ ਕਾਂਡ ਵਰਗਾ ਜਾਂ ਲਾਲਾ ਲਾਜਪਤ ਰਾਏ ਦੇ ਲਾਠੀ ਚਾਰਜ ਵਰਗਾ ਬਣ ਜਾਣਾ ਸੀ।
ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਪਰਨਾਬ ਸਿੰਘ ਦਾ ਜਨਮ ਪਹਿਲੀ ਜੂਨ 1896 ਨੂੰ ਮੌਜੂਦਾ ਮੱਧ ਪ੍ਰਦੇਸ਼ ਦੇ ਰੇਵਾ ਸਟੇਟ ਵਿਚ ਹੋਇਆ ਜਿੱਥੇ ਉਸਦਾ ਪਿਤਾ ਕਰਨਲ ਹੀਰਾ ਸਿੰਘ ਰੇਵਾ ਸਟੇਟ ਦੀਆਂ ਫੌਜਾਂ ਦਾ ਕਮਾਂਡਰ ਇਨ ਚੀਫ ਸੀ। ਖਾਲਸਾ ਕਾਲਜ ਵਿਚ ਗਰੈਜੂਏਸ਼ਨ ਕਰਨ ਉਪਰੰਤ ਦੋ ਸਾਲ 1914 ਤੋਂ 1916 ਤੱਕ ਉਹ ਬ੍ਰਿਟਿਸ਼ ਫੌਜ ਵਿਚ ਜਵਾਨ ਵਜੋਂ ਲੜਿਆ ਅਤੇ ਫਿਰ ਉਹ ਗਰੈਜੂਏਸ਼ਨ ਕਰਨ ਲਈ ਔਕਸਫੋਰਡ ਚਲਾ ਗਿਆ। ਇੰਡੀਅਨ ਰੇਲਵੇ ਸਰਵਿਸ ਵਿਚ ਅੱਵਲ ਰਹਿਣ ਉਪਰੰਤ ਉਹ ਇੰਡੀਅਨ ਸਿਵਲ ਸਰਵਿਸ ਲਈ ਚੁਣਿਆ ਗਿਆ।
ਉਹ ਬੜਾ ਸਾਹਸੀ ਅਫਸਰ ਸੀ ਅਤੇ ਗਰੀਬ-ਗੁਰਬੇ ਦਾ ਖ਼ਿਆਲ ਰੱਖਦਾ ਸੀ। ਇੱਕ ਵਾਰ ਫਿਰੋਜ਼ਪੁਰ ਦੇ ਡੀ.ਸੀ. ਹੁੰਦਿਆਂ ਉਸਨੇ ਅਤੇ ਇੱਕ ਅੰਗਰੇਜ਼ ਐੱਸ.ਪੀ. ਨੇ ਇੱਕ ਡਾਕੂ ਦੇ ਮਗਰ ਦੌੜ ਕੇ ਉਸ ਨੂੰ ਮਾਰ ਮੁਕਾਇਆ ਸੀ ਅਤੇ ਉਸ ਵੱਲੋਂ ਅਗਵਾ ਕੀਤੀ ਲੜਕੀ ਨੂੰ ਘਰਦਿਆਂ ਤੱਕ ਪੁਜਦਾ ਕਰ ਕੇ ਖੂਬ ਪ੍ਰਸ਼ੰਸਾ ਖੱਟੀ ਸੀ। ਜਿੱਥੇ-ਜਿੱਥੇ ਉਸਨੇ ਆਪਣੀਆਂ ਸੇਵਾਵਾਂ ਨਿਭਾਈਆਂ ਉਥੇ ਉਥੇ ਹੀ ਉਸਨੇ ਪਾਰਕ ਅਤੇ ਹਸਪਤਾਲ ਬਣਵਾਏ ਅਤੇ ਲੇਡੀਜ਼ ਕਲੱਬ ਬਣਾਉਣ ਉੱਤੇ ਜ਼ੋਰ ਦਿੱਤਾ।
ਉਹ ਦਿੱਲੀ ਅਤੇ ਸ਼ਿਮਲੇ ਦਾ ਡੀ.ਸੀ. ਬਣਨ ਵਾਲਾ ਵੀ ਪਹਿਲਾ ਭਾਰਤੀ ਸੀ। ਡੀ.ਸੀ. ਸ਼ਿਮਲਾ ਹੁੰਦਿਆਂ ਹੀ ਉਸਨੂੰ ਲੂਕੀਮੀਆ ਹੋ ਗਿਆ ਅਤੇ ਦੋ ਸਾਲ ਇਸ ਬਿਮਾਰੀ ਨਾਲ ਘੁਲਦਿਆਂ 16 ਜੂਨ, 1939 ਨੂੰ ਉਹ ਸਵਰਗ ਸਿਧਾਰ ਗਿਆ। ਉਸਦਾ ਸਸਕਾਰ ਵੀ ਉਸਦੇ ਜੱਦੀ ਪਿੰਡ ਨਾਰੰਗਵਾਲ ਹੀ ਕੀਤਾ ਗਿਆ। ਉਸਦੇ ਪਿੰਡ ਭਾਵੇਂ ਉਸਦੇ ਨਾਂ `ਤੇ ਕੋਈ ਸਮਾਰਕ ਜਾਂ ਸੰਸਥਾ ਨਹੀਂ ਪਰ ਮਿੰਟਗੁਮਰੀ (ਸਾਹੀਵਾਲ) ਵਿਖੇ ਉਸਦੇ ਨਾਂ `ਤੇ ਜਿੰਮਖਾਨਾ ਕਲੱਬ ਹੈ ਅਤੇ ਫਾਜ਼ਲਿਕਾ ਵਿਖੇ ਉਸਦੇ ਨਾਂ `ਤੇ ਇੱਕ ਵੱਡੇ ਪਾਰਕ ਦਾ ਨਾਂ ਪਰਤਾਬ ਬਾਗ ਬੋਲਦਾ ਹੈ।
ਡਾ. ਆਸਾ ਸਿੰਘ ਘੁੰਮਣ
ਫੋਨ: 97798-53245
