ਗੁਲਜ਼ਾਰ ਸਿੰਘ ਸੰਧੂ
ਅੱਜ ਦੇ ਦਿਨ ਮੇਰੇ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪੰਡਤ ਨਹਿਰੂ ਦੀ ਗੱਲ ਕਰਨਾ ਆਪ-ਬੀਤੀ ਤੇ ਜੱਗਬੀਤੀ ਦੇ ਵਰਕੇ ਫਰੋਲਣਾ ਹੈ| ਮੈਂ ਦੇਸ਼ ਸੇਵਕ ਸਮਾਚਾਰ ਪੱਤਰ ਨੂੰ ਲੀਹੇ ਪਾਉਣ ਵਿਚ ਰੁੱਝਾ ਹੋਇਆ ਸਾਂ ਕਿ 1996 ਦੇ ਕਿਸੇ ਦਿਨ ਮੈਨੂੰ ਲਾਜਪਤ ਰਾਇ ਭਵਨ ਵਾਲਿਆਂ ਦਾ ਸੰਦੇਸ਼ ਆ ਗਿਆ ਕਿ ਉੱਥੇ ਕੋਈ ਕਾਨਫਰੰਸ ਹੋ ਰਹੀ ਹੈ ਤੇ ਮੈਂ ਉਸ ਵਿਚ ਹਾਜ਼ਰੀ ਭਰਨੀ ਹੈ| ਭਵਨ ਦੇ ਪਰਵੇਸ਼ ਦੁਆਰ ਪਹੁੰਚਿਆ ਤਾਂ ਕੁੱਝ ਜਾਣੇ ਪਹਿਚਾਣੇ ਚਿਹਰੇ ਗੱਲਾਂ ਕਰਦੇ ਮਿਲੇ| ਮੈਂ ਵੀ ਉਨ੍ਹਾਂ ਵਿਚ ਰਲ ਗਿਆ| ਅਚਾਨਕ ਹੀ ਬੋਲ ਸੁਣਾਈ ਦਿੱਤੇ, ‘ਮੁੱਖ ਮਹਿਮਾਨ ਆ ਗਏ ਹਨ, ਕੁਰਸੀਆਂ ਖਾਲੀ ਹਨ|
ਮੁੱਖ ਪ੍ਰਬੰਧਕ ਮੈਨੂੰ ਇਕ ਪਾਸੇ ਲਿਜਾ ਕੇ ਕਹਿਣ ਲੱਗਿਆ, ‘‘ਤੁਸੀਂ ਮੌਕਾ ਸਾਂਭੋ ਤੇ ਮੈਂ ਸਭਨਾਂ ਨੂੰ ਸੀਟਾਂ ਸਾਂਭਣ ਲਈ ਪਰੇਰਦਾ ਹਾਂ|’’ ਮੌਕੇ ਤੋਂ ਉਸਦਾ ਭਾਵ ਮਨਮੋਹਨ ਸਿੰਘ ਸੀ| ਮਨਮੋਹਨ ਸਿੰਘ ਕੇਂਦਰ ਦੇ ਵਿਤ ਮੰਤਰੀ ਸਨ ਉਨ੍ਹਾਂ ਨੇ ਉਦਘਾਟਨ ਕਰਨਾ ਸੀ ਤੇ ਉਹ ਦੋ-ਚਾਰ ਮਿੰਟ ਪਹਿਲਾਂ ਹੀ ਆ ਗਏ ਸਨ| ਮੈਂ ਉਨ੍ਹਾਂ ਨੂੰ ਅਗਲੀ ਸੀਟ ਉੱਤੇ ਬੈਠਾ ਕੇ ਉਨ੍ਹਾਂ ਦੇ ਕੋਲ ਬੈਠ ਗਿਆ| ‘‘ਮੈਂ ਤੁਹਾਡੇ ਵਿਦਿਆਰਥੀ ਨਾਲ ਦੇ ਸਾਥੀ ਸੁਰਜੀਤ ਹਾਂਸ ਦਾ ਦੋਸਤ ਹਾਂ’’ ਮੈਨੂੰ ਹੋਰ ਕੁੱਝ ਨਾ ਸੁੱਝਿਆ ਤਾਂ ਗੱਲ ਤੋਰਨ ਲਈ ਹਾਂਸ ਦਾ ਨਾਂ ਲਿਆ ਜਿਹੜਾ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਮਨਮੋਹਨ ਸਿੰਘ ਦੇ ਕਾਲਜ ਵਿਚ ਇਤਿਹਾਸ ਦੀ ਐਮ.ਏ. ਦਾ ਵਿਦਿਆਰਥੀ ਸੀ| ‘‘ਉਹ ਤਾਂ ਅੱਜ ਕਲ੍ਹ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਵਿਜ਼ਟਿੰਗ ਪ੍ਰੋਫੈਸਰ ਹਨ|’’ ਮਨਮੋਹਨ ਸਿੰਘ ਨੇ ਹਾਂਸ ਬਾਰੇ ਇਹ ਸ਼ਬਦ ਏਦਾਂ ਬੋਲੇ ਜਿਵੇਂ ਕੋਈ ਆਪਣੇ ਤੋਂ ਵੱਡੇ ਬੰਦੇ ਦੀ ਗੱਲ ਕਰਦਾ ਹੈ|
ਹਾਲ ਕਮਰਾ ਏਨਾ ਖਾਲੀ ਨਹੀਂ ਸੀ ਜਿੰਨਾ ਪ੍ਰਬੰਧਕਾਂ ਦੀ ਘਬਰਾਹਟ ਤੇ ਉਨ੍ਹਾਂ ਦੇ ਸਾਹਾਂ ਦੀ ਧੌਂਕਣੀ ਦਰਸਾ ਰਹੀ ਸੀ| 8-10 ਮਿੰਟ ਹੋਰ ਤੇ ਸਾਰੀਆਂ ਸੀਟਾਂ ਭਰ ਗਈਆਂ| ਮੈਂ ਤੇ ਡਾ. ਮਨਮੋਹਨ ਸਿੰਘ ਉਨ੍ਹਾਂ ਵੇਲਿਆਂ ਦੇ ਹੁਸ਼ਿਆਰਪੁਰ ਕਾਲਜ ਦੀਆਂ ਗੱਲਾਂ ਕਰਦੇ ਰਹੇ ਜਿਹੜਾ ਲਾਹੌਰ ਤੋਂ ਉੱਜੜ ਕੇ ਆਈ ਪੰਜਾਬ ਯੂਨੀਵਰਸਿਟੀ ਦਾ ਮੁੱਖ ਦਫਤਰ ਬਣ ਚੁੱਕਿਆ ਸੀ| ਡਾਕਟਰ ਸਾਹਬ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ ਪ੍ਰਸਿੱਧ ਕਲਾ ਪਾਰਖੂ ਤੇ ਆਰਟ ਹਿਸਟੋਰੀਅਨ ਬੀ ਐਨ ਗੋਸਵਾਮੀ ਵੀ ਆਈ.ਏ.ਐਸ. ਅਧਿਕਾਰੀ ਵਾਲੀ ਨੌਕਰੀ ਛੱਡ ਕੇ ਉਚੇਰੀ ਵਿਦਿਆ ਲਈ ਉਸ ਕਾਲਜ ਵਿਚ ਆ ਗਿਆ ਸੀ| ਮੈਂ ਦੱਸਿਆ ਕਿ ਖਾਲਸਾ ਕਾਲਜ ਮਾਹਲਪੁਰ ਵਾਲਾ ਯਸ਼ਦੀਪ ਬੈਂਸ ਵੀ ਉਨ੍ਹਾਂ ਵਾਲੇ ਕਾਲਜ ਦਾ ਵਿਦਿਆਰਥੀ ਸੀ, ਜਿਹੜਾ ਅਮਰੀਕਾ ਜਾ ਕੇ ਸ਼ੇਕਸਪੀਅਰ ਤੇ ਸਕਾਲਰ ਵਜੋਂ ਪ੍ਰਸਿੱਧ ਹੋਇਆ| ਇਨ੍ਹਾਂ ਸਾਰਿਆਂ ਦੀ ਪੜ੍ਹਾਈ ਦੇ ਵਿਸ਼ੇ ਤਾਂ ਵੱਖ-ਵੱਖ ਸਨ ਪਰ ਇੱਕ ਹੀ ਹੋਸਟਲ ਵਿਚ ਰਹਿੰਦੇ ਹੋਣ ਕਾਰਨ ਇੱਕ ਦੂਜੇ ਦੇ ਚੰਗੇ ਜਾਣੂ ਸਨ| ਖੂਬੀ ਇਹ ਕਿ ਉਨ੍ਹਾਂ ਦੀ ਗੱਲ ਕਰਦੇ ਸਮੇਂ ਡਾ. ਮਨਮੋਹਨ ਸਿੰਘ ਉਨ੍ਹਾਂ ਲਈ ਉੱਤਮੀ ਸੰਬੋਧਨ ਵਰਤ ਰਹੇ ਸਨ ਤੇ ਮੈਂ ਉੱਕਾ ਹੀ ਨਹੀਂ| ਜਦੋਂ ਤੱਕ ਮੈਨੂੰ ਆਪਣੀ ਅਣਗਹਿਲੀ ਦਾ ਅਹਿਸਾਸ ਹੋਇਆ ਪ੍ਰਬੰਧਕ ਉਨ੍ਹਾਂ ਨੂੰ ਮੰਚ ਉੱਤੇ ਲਿਜਾ ਚੁੱਕੇ ਸਨ| ਇਹ ਮੇਰੀ ਉਨ੍ਹਾਂ ਨਾਲ ਪਹਿਲੀ ਤੇ ਆਖਰੀ ਮਿਲਣੀ ਸੀ ਜਿਸ ਵਿਚ ਮੈਂ ਉਨ੍ਹਾਂ ਦੇ ਸਲੀਕੇ ਨੂੰ ਜਾਣਿਆ|
ਇਹ ਵੀ ਦੱਸ ਦਿਆਂ ਕਿ ਇਨ੍ਹਾਂ ਸੱਜਣਾ ਦੇ ਹੁਸ਼ਿਆਰਪੁਰ ਪੜ੍ਹਨ ਸਮੇਂ ਮੈਂ ਮਾਹਿਲਪੁਰ ਛੱਡ ਕੇ ਆਪਣੇ ਮਾਮਿਆਂ ਕੋਲ ਦਿੱਲੀ ਜਾ ਚੁੱਕਿਆ ਸਾਂ ਭਾਵੇਂ ਹੁਸ਼ਿਆਰਪੁਰ ਉਥੋਂ 20 ਕਿਲੋਮੀਟਰ ਹੀ ਸੀ ਪਰ ਮੇਰੇ ਬਾਪੂ ਜੀ ਨੂੰ ਮਾਹਿਲਪੁਰ ਤੱਕ ਪਿੰਡ ਤੋਂ ਸਾਈਕਲ ਉੱਤੇ ਜਾਣਾ ਤਾਂ ਗਵਾਰਾ ਸੀ ਪਰ ਹੁਸ਼ਿਆਰਪੁਰ ਪੜ੍ਹਨ ਲਈ ਹੋਸਟਲ ਵਿਚ ਰਹਿਣ ਦਾ ਖਰਚਾ ਉੱਕਾ ਹੀ ਨਹੀਂ| ਬਾਪੂ ਜੀ ਰੋਜ਼ੀ ਰੋਟੀ ਲਈ ਊਠਾਂ ਉਤੇ ਸਾਮਾਨ ਢੋਂਦੇ ਸਨ, ਮਨਮੋਹਨ ਸਿੰਘ ਦੇ ਪਿਤਾ ਕਰਿਆਨੇ ਦੀ ਦੁਕਾਨ ਕਰਦੇ ਸਨ ਤੇ ਗੋਸਵਾਮੀ ਦਾ ਪਰਿਵਾਰ ਵੀ ਮਨਮੋਹਨ ਸਿੰਘ ਵਾਂਗ ਪਾਕਿਸਤਾਨ ਤੋਂ ਉੱਜੜ ਕੇ ਆਇਆ ਸੀ ਪਰ ਉਸਦੇ ਪਿਤਾ ਜੀ ਹੁਸ਼ਿਆਰਪੁਰ ਜੱਜ ਲਗੇ ਹੋਏ ਸਨ| ਯਸ਼ਦੀਪ ਬੈਂਸ ਜਿਹੜਾ ਮੇਰੇ ਬੀ.ਏ. ਕਰਦੇ ਸਮੇਂ ਉਥੋਂ ਐਫ.ਏ. ਕਰ ਰਿਹਾ ਸੀ ਦੇ ਪਿਤਾ ਗੁਰਬਚਨ ਸਿੰਘ ਦੀ ਮਾਹਿਲਪੁਰ ਵਿਚ ਚੋਖੀ ਜਾਇਦਾਦ ਸੀ ਤੇ ਬਾਬੂ ਜੀ ਵਜੋਂ ਜਾਣੇ ਜਾਂਦੇ ਸਨ| ਏਧਰ ਹਾਂਸ ਦੇ ਪਿਤਾ ਗੋਰੀ ਸਰਕਾਰ ਵੇਲੇ ਨਹਿਰਾਂ ਦੇ ਓਵਰਸੀਅਰ ਸਨ|
ਇਹ ਸਬੱਬ ਦੀ ਗੱਲ ਹੈ ਕਿ ਮਨਮੋਹਨ ਸਿੰਘ ਦੇ ਅਕਾਲ ਚਲਾਣੇ ਤੋਂ ਇੱਕ ਦਿਨ ਪਹਿਲਾਂ ਭਾਰਤ ਨੂੰ ਮਾਰੂਤੀ 800 ਵਰਗੀ ਸੋਹਣੀ ਸੁਨੱਖੀ ਕਾਰ ਦੇਣ ਵਾਲਾ ਓਧਾਮੂ ਸ਼ਜੀਕੀ ਵੀ 94 ਸਾਲ ਦੀ ਉਮਰ ਭੋਗ ਕੇ ਤੁਰ ਗਿਆ ਤੇ ਚਾਰ ਦਿਨ ਪਿੱਛੋਂ ਅਮਰੀਕਾ ਦਾ ਸੌ ਸਾਲਾ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਵੀ| ਇਨ੍ਹਾਂ ਸਭਨਾਂ ਨੇ 2024 ਦੇ ਅੰਤਮ ਸਪਤਾਹ ਨੂੰ ਮਹਾਨ ਸ਼ਖ਼ਸੀਅਤਾਂ ਤੋਰਨ ਵਾਲਾ ਬਣਾ ਦਿੱਤਾ| ਇਨ੍ਹਾਂ ਵਿਚੋਂ ਮਨਮੋਹਨ ਸਿੰਘ ਇਕੱਲਾ ਹੀ ਸੀ ਜਿਸ ਨੇ ਪਾਕਿਸਤਾਨ ਦੇ ਨਿੱਕੇ ਜਿਹੇ ਪਿੰਡ ਵਿਚ ਜਨਮ ਲੈ ਕੇ ਆਪਣੀ ਬੁੱਧੀ ਵਿਵੇਕ ਸਦਕਾ ਵਜ਼ੀਫੇ ਪ੍ਰਾਪਤ ਕਰਦਿਆਂ ਆਕਸਫੋਰਡ ਤੇ ਕੈਂਬਰਿਜ ਤੋਂ ਵਿਦਿਆ ਪ੍ਰਾਪਤ ਕੀਤੀ| ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀ ਰਹੇ| ਪਲਾਨਿੰਗ ਕਮਿਸ਼ਨ, ਭਾਰਤੀ ਰਿਜ਼ਰਵ ਬੈਂਕ, ਯੂਨੀਵਰਸਿਟੀ ਗਰਾਂਟਸ ਕਮਿਸ਼ਨ, ਅੰਤਰਰਾਸ਼ਟਰੀ ਸਾਊਥ ਕਮਿਸ਼ਨ ਜੇਨੀਵਾ ਤੇ ਇੱਕ ਪ੍ਰਮੁੱਖ ਲੋਕਤੰਤਰ ਦੇ ਦੋ ਵਾਰ ਪ੍ਰਧਾਨ ਮੰਤਰੀ ਵਜੋਂ| ਇਨ੍ਹਾਂ ਵਿਚ 1995 ਵਾਲਾ ਇੰਡੀਅਨ ਸਾਇੰਸ ਕਾਂਗਰਸ ਵਾਲਾ ਜਵਾਹਰ ਲਾਲ ਨਹਿਰੂ ਪੁਰਸਕਾਰ ਵੀ ਸ਼ਾਮਲ ਕਰ ਲਈਏ ਤਾਂ ਮਿਰਜ਼ਾ ਗਾਲਿਬ ਦਾ ਸ਼ਿਅਰ ਚੇਤੇ ਆ ਜਾਵੇਗਾ:
ਮੰਜ਼ਿਰ ਏਕ ਬੁਲੰਦੀ ਪਰ ਔਰ ਹਮ ਬਨਾ ਸਕਤੇ
ਅਰਸ਼ ਸੇ ਇਧਰ ਹੋਤਾ ਕਾਸ਼ ਕਿ ਮਕਾਂ ਅਪਨਾ
ਪੰਡਤ ਜਵਾਹਰ ਲਾਲ ਨਹਿਰੂ ਦੇ ਦੇਹਾਂਤ ਸਮੇਂ ਮੈਂ ਬੱਸ ਰਾਹੀਂ ਪਟਿਆਲਾ ਤੋਂ ਦਿੱਲੀ ਜਾ ਰਿਹਾ ਸਾਂ| 27 ਮਈ ਦਾ ਤਪਸ਼ ਭਰਿਆ ਦਿਨ ਸੀ| ਅੰਬਾਲਾ ਤੋਂ ਚੜ੍ਹਨ ਵਾਲੇ ਟਿਕਟ ਚੈੱਕਰ ਨੇ ਤਪਸ਼ ਹੋਰ ਵੀ ਤੇਜ਼ ਕਰ ਦਿੱਤੀ| ਉਹ ਕਿਸੇ ਗੱਲੋਂ ਕੰਡਕਟਰ ਤੋਂ ਖਫਾ ਸੀ ਤੇ ਬੱਸ ਵਿਚ ਪ੍ਰਵੇਸ਼ ਕਰਦੇ ਸਾਰ ਉਹਦੇ ਉੱਤੇ ਵਰ੍ਹ ਪਿਆ| ਸਵਾਰੀਆਂ ਨੇ ਗਰਮੀ ਦਾ ਵਾਸਤਾ ਪਾ ਕੇ ਉਸਨੂੰ ਠੰਢਾ ਕੀਤਾ ਤਾਂ ਬੱਸ ਸ਼ਾਹਾਬਾਦ ਮਾਰਕੰਡਾ ਲੰਘ ਚੁੱਕੀ ਸੀ| ਇਸ ਤੋਂ ਪਿੱਛੋਂ ਤੁਹਾਨੂੰ ਪਤੈ ਪੰਡਤ ਜੀ ਚੱਲ ਵੱਸੇ ਹਨ? ਉਸਦੇ ਵਾਕ ਨੇ ਸਾਰੇ ਮਾਹੌਲ ਨੂੰ ਸ਼ਾਂਤ ਕਰ ਦਿੱਤਾ| ‘‘ਕਿਹੜੇ ਪੰਡਤ ਜੀ?’’ ਕਿਸੇ ਦੀ ਮਰੀ ਜਿਹੀ ਆਵਾਜ਼ ਆਈ| ‘‘ਆਪਣੇ ਪ੍ਰਧਾਨ ਮੰਤਰੀ ਪੰਡਤ ਨਹਿਰੂ|’’
ਚੈੱਕਰ ਨੇ ਸਹਿਜ ਨਾਲ ਉੱਤਰ ਦਿੱਤਾ| ਇਹ ਸੁਣਦੇ ਸਾਰ ਡਰਾਈਵਰ ਨੇ ਬਰੇਕਾਂ ਲਾ ਕੇ ਬੱਸ ਸੜਕ ਦੇ ਖੱਬੇ ਹੱਥ ਖੜ੍ਹੀ ਕਰ ਦਿੱਤੀ ਤੇ ਸਾਰੇ ਮਾਹੌਲ ਮੁਰਦੇਹਾਣੀ ਛਾ ਗਈ| ਸਵਾਰੀਆਂ ਦੇ ਮਨਾਂ ਵਿਚ ਡਰਾਈਵਰ ਦਾ ਇਹਤਰਾਮ ਸੀ| ਬੱਸ ਦੇ ਮੁੜ ਚਲਦਿਆਂ ਸਾਰ ਪੰਡਤ ਨਹਿਰੂ ਦੀ ਉਸਤਤ ਵਿਚ ਏਨੀਆਂ ਗੱਲਾਂ ਹੋਈਆਂ ਕਿ ਹਰ ਕਿਸੇ ਨੂੰ ਗਰਮੀ ਦੀ ਤਪਸ਼ ਭੁੱਲ ਗਈ| ਪਤਾ ਹੀ ਨਹੀਂ ਲਗਿਆ ਕਦ ਪਾਣੀਪਤ ਪਹੁੰਚ ਗਏ| ਉਦੋਂ ਏਥੇ ਅੱਜ ਵਾਲਾ ਫਲਾਈ ਓਵਰ ਨਹੀਂ ਸੀ ਬਣਿਆ| ਕੀ ਵੇਖਦੇ ਹਾਂ ਕਿ ਖੱਬੇ ਸੱਜੇ ਦੀਆਂ ਦੁਕਾਨਾਂ ਬੰਦ ਹਨ ਤੇ ਸਾਰੇ ਵਸਨੀਕ ਇੱਕ ਵੱਡੇ ਜਲੂਸ ਦੇ ਰੂਪ ਵਿਚ ਤੁਰ ਰਹੇ ਹਨ|
ਇੱਕ ਵੱਡਾ ਜਲੂਸ ਚੁਪਚਾਪ ਜਾ ਰਿਹਾ ਸੀ ਕਿ ਡਰਾਈਵਰ ਨੇ ਅਚਾਨਕ ਬਰੇਕਾਂ ਲਾ ਕੇ ਪਹਿਲਾਂ ਵਾਂਗ ਹੀ ਬੱਸ ਰੋਕ ਲਈ| ਭੀੜ ਦਾ ਕੋਈ ਅੰਤ ਨਹੀਂ ਸੀ| ਮੈਂ ਵੇਖਿਆ ਕਿ ਜਲੂਸ ਵਾਲੇ ਡਰਾਈਵਰ ਨੂੰ ਹੇਠਾਂ ਵਲ ਖਿੱਚਦੇ ਹੋਏ ਅਬਾ-ਤਬਾ ਬੋਲ ਰਹੇ ਸਨ| ਇਹ ਵੀ ਕਿ ਉਸਨੇ ਹੌਰਨ ਕਿਉਂ ਵਜਾਇਆ ਸੀ| ਡਰਾਈਵਰ ਸਿੱਖ ਸੀ ਤੇ ਅਸੀਂ ਹਰਿਆਣਾ ਦੇ ਉਸ ਗੜ੍ਹ ਵਿਚੋਂ ਲੰਘ ਰਹੇ ਸਾਂ ਜਿੱਥੇ ਪੰਜਾਬੀ ਸੂਬੇ ਦੀ ਮੰਗ ਕਾਰਨ ਹਰਿਆਣਵੀ ਹਿੰਦੂ ਸਿੱਖਾਂ ਨੂੰ ਵੇਖ ਨਹੀਂ ਸਨ ਸੁਖਾਂਦੇ| ਡਰਾਈਵਰ ਨੂੰ ਕੋਈ ਵੀ ਆਂਚ ਆ ਸਕਦੀ ਸੀ| ਉਸ ਡਰਾਈਵਰ ਨੂੰ ਜਿਸਦਾ ਪੰਡਤ ਜੀ ਪ੍ਰਤੀ ਮੋਹ ਤੇ ਸਤਿਕਾਰ ਅਸੀਂ ਅੱਧਾ ਪੌਣਾ ਘੰਟਾ ਪਹਿਲਾਂ ਹੀ ਤੱਕਿਆ ਸੀ|
ਮੈਂ ਮੌਕਾ ਸਾਂਭਣ ਲਈ ਦਖਲ ਦੇਣਾ ਚਾਹਿਆ ਤਾਂ ਥੱਲੇ ਉਤਰ ਕੇ ਕੀ ਵੇਖਦਾ ਹਾਂ ਕਿ ਸਿੱਖ ਡਰਾਈਵਰ ਨੂੰ ਸੀਟ ਤੋਂ ਥੱਲੇ ਵੱਲ ਖਿੱਚਣ ਵਾਲਿਆਂ ਵਿਚ ਸਿੱਖ ਬਹੁਤੇ ਸਨ ਤੇ ਹਿੰਦੂ ਘੱਟ| ਸ਼ਾਇਦ ਏਸ ਲਈ ਕਿ ਇਸ ਮੌਕੇ ਹਿੰਦੂਆਂ ਦਾ ਦਖਲ ਸਥਿਤੀ ਨੂੰ ਗਲਤ ਅਰਥ ਪ੍ਰਦਾਨ ਕਰ ਸਕਦਾ ਸੀ| ਇਹੋ ਜਿਹੇ ਵਿਚ ਬੱਸ ਤੋਂ ਥੱਲੇ ਉਤਰ ਕੇ ਉਨ੍ਹਾਂ ਨੂੰ ਸਮਝਾਉਣ ਦੀ ਸ਼ਕਤੀ ਵੀ ਮੈਨੂੰ ਮਾੜੀ ਖਬਰ ਸੁਣ ਕੇ ਸਿੱਖ ਡਰਾਈਵਰ ਵਲੋਂ ਬੱਸ ਖੜੀ ਕਰਨ ਤੋਂ ਮਿਲੀ ਸੀ| ਜਦ ਮੈਂ ਤੱਕਿਆ ਕਿ ਕਿਸੇ ਪ੍ਰਕਾਰ ਦੀ ਦੁਰਘਟਨਾ ਦੀ ਸੰਭਾਵਨਾ ਨਹੀਂ ਤਾਂ ਉਨ੍ਹੀਂ ਪੈਰੀਂ ਵਾਪਸ ਪਰਤ ਕੇ ਆਪਣੀ ਸੀਟ ਉੱਤੇ ਜਾ ਬੈਠਿਆ|
ਜੇ ਪੰਡਤ ਨਹਿਰੂ ਵਾਲੀ ਉਸ ਗੱਲ ਦਾ ਪ੍ਰਸੰਗ ਏਥੇ ਵੀ ਜੜਦਾ ਹੋਵੇ ਮੇਰਾ ਮਨ ਤਦ ਵੀ ਦੱਸੇ ਬਿਨਾਂ ਨਹੀਂ ਸੀ ਰਹਿ ਸਕਦਾ|
ਅੰਤਿਕਾ
ਇਸ ਵਰ੍ਹੇ ਦਾ ਰਾਸ਼ਟਰੀ ਸਾਹਿਤ ਅਕਾਡਮੀ ਪੁਰਸਕਾਰ ਜੇਤੂ ਹਿੰਦੀ ਸ਼ਾਇਰਾ ਗਗਨ ਗਿੱਲ।
ਪਿਤਾ ਨੇ ਕਿਹਾ
ਮੈਂ ਤੈਨੂੰ ਅਜੇ ਤੱਕ ਵਿਦਾ ਨਹੀਂ ਕੀਤਾ
ਤੂੰ ਮੇਰੇ ਅੰਦਰ ਹੈਂ
ਦੁੱਖ ਦੀ ਥਾਵੇਂ
…..
ਚਿੰਤਾ ਨਾ, ਕਰ
ਪਿਤਾ ਨੇ ਕਿਹਾ
ਹੁਣ ਦੁੱਖ ਹੀ ਤੇਰਾ ਪਿਤਾ ਹੈ
ਅਨੁਵਾਦ: ਅਮਰਜੀਤ ਕੌਂਕੇ
