ਉੱਘੀ ਪੰਜਾਬੀ ਕਵਿਤਰੀ ਪਾਲ ਕੌਰ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ

ਨਵੀਂ ਦਿੱਲੀ: ਉੱਘੀ ਪੰਜਾਬੀ ਕਵਿਤਰੀ ਪਾਲ ਕੌਰ ਦੀ ਕਾਵਿ-ਪੁਸਤਕ ‘ਸੁਣ ਗੁਣਵੰਤਾ ਸੁਣ ਬੁਧਿਵੰਤਾ’ ਦੀ ਪੰਜਾਬੀ ਦੇ ਸਾਹਿਤ ਅਕਾਦਮੀ ਪੁਰਸਕਾਰ ਲਈ ਚੋਣ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਤਹਿਤ ਕੰਮ ਕਰਦੀ ਸਿਰਮੌਰ ਰਾਸ਼ਟਰੀ ਸੰਸਥਾ ਸਾਹਿਤ ਅਕਾਦਮੀ ਵੱਲੋਂ ਹਰ ਵਰ੍ਹੇ ਦਿੱਤੇ ਜਾਂਦੇ ਸਾਹਿਤ ਅਕਾਦਮੀ ਐਵਾਰਡਾਂ ਦਾ ਸਾਲ 2024 ਲਈ ਐਲਾਨ ਹੋ ਚੁੱਕਿਆ ਹੈ।

ਪੰਜਾਬੀ ਭਾਸ਼ਾ ਲਈ ਇਸ ਸਾਲ ਲਈ ਇਹ ਪੁਰਸਕਾਰ 67 ਵਰਿ੍ਹਆਂ ਦੀ ਉੱਘੀ ਕਵਿਤਰੀ ਪਾਲ ਕੌਰ ਨੂੰ ਉਹਨਾਂ ਦੀ ਕਿਤਾਬ .‘ਸੁਣ ਗੁਣਵੰਤਾ ਸੁਣ ਬੁਧਿਵੰਤਾ’ ਲਈ ਦਿੱਤਾ ਗਿਆ ਹੈ। ਉਹਨਾਂ ਦੀ ਇਹ ਕਿਤਾਬ ਸਾਲ 2022’ਚ ਆੱਟਮ ਆਰਟ ਪ੍ਰਕਾਸ਼ਨ ਪਟਿਆਲਾ ਨੇ ਛਾਪੀ ਸੀ।
ਜ਼ਿਕਰਯੋਗ ਹੈ ਕਿ ਐਵਾਰਡ ਵਾਲੇ ਸਾਲ ਤੋਂ ਪਿਛਲੇ ਪੰਜ ਸਾਲਾਂ ਦੇ ਅੰਦਰ-ਅੰਦਰ ਪ੍ਰਕਾਸ਼ਿਤ 24 ਭਾਸ਼ਾਵਾਂ ਦੀਆਂ ਪੁਸਤਕਾਂ ਲਈ ਇਹ ਐਵਾਰਡ ਦਿੱਤੇ ਜਾਂਦੇ ਹਨ। ਇਹਨਾਂ ਵਿੱਚੋਂ 22 ਭਾਸ਼ਾਵਾਂ ਭਾਰਤੀ ਸੰਵਿਧਾਨ ਦੇ ਅੱਠਵੇਂ ਅਧਿਆਇ ਵਿੱਚ ਸ਼ਾਮਲ ਹਨ। ਬਾਕੀ ਦੋ ਭਾਸ਼ਾਵਾਂ ਅੰਗਰੇਜ਼ੀ ਤੇ ਰਾਜਸਥਾਨੀ ਹਨ। ਇਨਾਮ ਵਿੱਚ ਇੱਕ ਉਕਰਿਆ ਸਨਮਾਨ ਪੱਤਰ, ਸ਼ਾਲ ਅਤੇ ਇੱਕ ਲੱਖ ਰੁਪਏ ਦਾ ਇਨਾਮ ਸ਼ਾਮਲ ਹੁੰਦੇ ਹਨ।
ਸਾਲ 2024 ਲਈ ਅਜੇ 24 `ਚੋਂ 21 ਭਾਸ਼ਾਵਾਂ ਲਈ ਇਹ ਪੁਰਸਕਾਰ ਐਲਾਨੇ ਗਏ ਹਨ, ਬੰਗਾਲੀ, ਡੋਗਰੀ ਤੇ ਉਰਦੂ ਭਾਸ਼ਾਵਾਂ ਲਈ ਇਸ ਦਾ ਐਲਾਨ ਬਾਅਦ’ਚ ਕੀਤਾ ਜਾਵੇਗਾ। ਇਹ ਪੁਰਸਕਾਰ 8 ਮਾਰਚ 2025 ਨੂੰ ਨਵੀਂ ਦਿੱਲੀ ਵਿਖੇ ਦਿੱਤੇ ਜਾਣਗੇ।
ਪਟਿਆਲੇ ਜ਼ਿਲ੍ਹੇ ਦੇ ਪਿੰਡ ਕੌਲ ਮਾਜਰਾ ‘ਚ ਜਨਮੀ ਪਾਲ ਕੌਰ ਨੇ ਆਪਣੀ ਬੀ. ਏ.ਦੀ ਪੜ੍ਹਾਈ ਮੈਮ. ਸੀ. ਐਮ. ਡੀ.ਏ. ਵੀ.ਕਾਲਜ ਚੰਡੀਗੜ੍ਹ ਤੋਂ ਅਤੇ ਐੱਮ.ਏ. (ਪੰਜਾਬੀ) ਤੇ ਪੀ. ਐੱਚ. ਡੀ. ਕੁਰੂਕਸ਼ੇਤਰ ਯੂਨੀਵਟਸਿਟੀ ਕੁਰੂਕਸ਼ੇਤਰ ਤੋਂ ਕੀਤੀਆਂ। ਉਹਨਾਂ ਲੰਮਾ ਸਮਾਂ ਐੱਸ. ਏ. ਜੈਨ ਕਾਲਜ ਅੰਬਾਲਾ ਵਿਖੇ ਪੜ੍ਹਾਇਆ। ਹੁਣ ਤੱਕ ਉਹਨਾਂ ਦੇ 10 ਕਾਵਿ ਸੰਗ੍ਰਹਿ ਆ ਚੁੱਕੇ ਹਨ।ਇਸ ਤੋਂ ਬਿਨਾਂ ਉਹ ਕਈ ਆਲੋਚਨਾ ਤੇ ਸੰਪਾਦਿਤ ਪੁਸਤਕਾਂ ਵੀ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ।
ਇਸ ਚੋਣ ਲਈ ‘ਪੰਜਾਬ ਟਾਈਮਜ਼’ ਵਲੋਂ ਉਹਨਾਂ ਨੂੰ ਹਾਰਦਿਕ ਮੁਬਾਰਕਬਾਦ।