ਤੁਹਾਡੀਆਂ (ਅਮੋਲਕ ਸਿੰਘ ਜੰਮੂ) ਦੀਆਂ ਯਾਦਾਂ ਲਗਾਤਾਰ ਛਪ ਰਹੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਸਾਹਿਤਕ ਸੁਹਜ ਸੁਆਦ ਪ੍ਰਾਪਤ ਹੁੰਦਾ ਹੈ। ਐਤਕਾਂ ‘ਪੰਜਾਬੀ ਟ੍ਰਿਬਿਊਨ’ ਦੇ ਨਾਇਕਾਂ ਅਤੇ ਖਲਨਾਇਕਾਂ ਨਾਲ ਸੁਹਣੀ ਵਾਕਫੀ ਕਰਵਾਈ ਹੈ। ਇਨ੍ਹਾਂ ਸਾਰੇ ਚਿਹਰਿਆਂ ਵਿਚੋਂ ਮੇਰਾ ਨੇੜਲਾ ਸਬੰਧ ਕਰਮਜੀਤ ਸਿੰਘ ਅਤੇ ਗੁਰਦਿਆਲ ਬਲ ਨਾਲ ਰਿਹਾ ਹੈ। ਕਰਮਜੀਤ ਦੀ ਸ਼ਖਸੀਅਤ ਵਿਚ ਮਿਠਾਸ ਹੈ, ਪੜ੍ਹਨ ਅਤੇ ਲਿਖਣ ਦੀ ਰੁਚੀ ਹੈ। ਉਸ ਨਾਲ ਮੇਰਾ ਕਦੀ ਤਕਰਾਰ ਨਹੀਂ ਹੋਇਆ ਕਿਉਂਕਿ ਮੈਂ ਇਹ ਮੰਨ ਲਿਆ ਹੋਇਆ ਹੈ ਕਿ ਉਹ ਮੈਥੋਂ ਵੱਡਾ ਹੈ। ਗੁਰਦਿਆਲ ਬਲ ਵਰਗਾ ਕਿਤਾਬਾਂ ਦਾ ਸ਼ੈਦਾਈ ਮੈਨੂੰ ਹੋਰ ਕੋਈ ਨਹੀਂ ਦਿੱਸਿਆ। ਇਕ ਦਿਨ ਮੈਂ ਉਹਨੂੰ ਦੱਸਿਆ ਕਿ ਵਿਭਾਗ ਵਾਸਤੇ ਚੰਡੀਗੜ੍ਹ ਬ੍ਰਾਊਜ਼ਰ ਪਾਸੋਂ ਕਿਤਾਬਾਂ ਖਰੀਦਣ ਚੱਲਿਆ ਹਾਂ। ਬਲ ਨੇ ਦਰਜਨ ਕਿਤਾਬਾਂ ਦੇ ਟਾਈਟਲ ਲਿਖਵਾ ਦਿਤੇ ਤੇ ਕਿਹਾ-ਫਲਾਣੇ ਲੇਖਕ ਦੀ ਸਟਾਲਿਨ ਉਪਰ ਲਿਖੀ ਕਿਤਾਬ ਮੇਰੇ ਵਾਸਤੇ ਲਿਆਈਂ। ਮੈਂ ਕਿਹਾ-ਤੁਹਾਡੇ ਕੋਲ ਸਟਾਲਿਨ ਉਪਰ ਇੱਕ ਕਿਤਾਬ ਪਈ ਤਾਂ ਹੈ। ਜਵਾਬ ਸੀ-ਇਕ ਨਹੀਂ, 12 ਕਿਤਾਬਾਂ ਪਈਆਂ ਹਨ। ਮੈਂ ਕਿਹਾ-ਫੇਰ ਹੋਰ ਕਿਸ ਕਾਰਨ ਲੈਣੀ? ਉਹ ਹੱਸ ਪਿਆ, “ਸਟਾਲਿਨ ਨੂੰ ਮੈਂ ਦੁਨੀਆਂ ਦੇ ਅੱਜ ਤੱਕ ਦੇ ਇਤਿਹਾਸ ਵਿਚ ਇਨਸਾਨੀਅਤ ਦਾ ਸਭ ਤੋਂ ਵੱਡਾ ਮੁਜਰਮ ਸਮਝਦਾ ਹਾਂ। ਉਸ ਨੇ ਅਕਹਿ ਕਿਸਮ ਦੇ ਸਾਰੇ ਜ਼ੁਲਮ ਕਾਰਲ ਮਾਰਕਸ ਦੇ ਨਾਂ ‘ਤੇ ਕੀਤੇ ਜਿਸ ਨੂੰ ਮੈਂ ਇਨਸਾਨੀਅਤ ਦਾ ਅੱਜ ਤੱਕ ਦਾ ਸਭ ਤੋਂ ਸੱਚਾ ਤੇ ਮਹਾਨ ਅਲੰਬਰਦਾਰ ਮੰਨਦਾ ਹਾਂ। ਕਾਲਜ ਦੇ ਦਿਨਾਂ ਤੋਂ ਹੀ ਮੇਰਾ ਇਹ ਵਿਸ਼ਵਾਸ ਪੱਕਾ ਹੋ ਗਿਆ ਸੀ। ਮੈਨੂੰ ਪਤਾ ਹੈ ਕਿ ਸਟਾਲਿਨ ਵਰਗਾ ਕਰੁਕ, ਕਾਮਰੇਡ ਲੈਨਿਨ ਦੇ ਤੌਖਲਿਆਂ ਦਾ ਕਿਸ ਤਰ੍ਹਾਂ ਲਾਹਾ ਲੈ ਕੇ ਸੱਤਾ ਹਥਿਆ ਗਿਆ ਸੀ। ਫਿਰ ਵੀ ਮੈਂ ਚੰਗੀ ਤਰ੍ਹਾਂ ਜਾਣਨਾ ਚਾਹੁੰਦਾ ਹਾਂ ਕਿ ਉਹ ਮਾਰਕਸ ਵਰਗੇ ਪੈਗੰਬਰ ਦੇ ਚਿੰਤਨ ਦੀਆਂ ਜੜ੍ਹਾਂ ਅੰਦਰ ਇੰਨਾ ਲੰਮਾ ਸਮਾਂ ਤੇਲ ਦੇਣ ਵਿਚ ਕਿਵੇਂ ਕਾਮਯਾਬ ਰਿਹਾ। ਇਸ ਲਈ ਸਟਾਲਿਨ ਬਾਰੇ ਲਿਖੀ ਜਾਣ ਵਾਲੀ ਹਰ ਨਵੀਂ ਕਿਤਾਬ ਪੜ੍ਹਨ ਦੀ ਕੋਸ਼ਿਸ਼ ਮੈਂ ਸਦਾ ਕਰਦਾ ਰਹਾਂਗਾ। ਇਹ ਮੇਰੀ ਜ਼ਿੰਦਗੀ ਦੇ ਕੇਂਦਰੀ ਸਰੋਕਾਰਾਂ ਵਿਚੋਂ ਇਕ ਹੈ।” ਜਿਨ੍ਹਾਂ ਵਡੇਰਿਆਂ ਉਪਰ ਮੈਂ ਕਿਤਾਬਾਂ ਲਿਖੀਆਂ, ਉਨ੍ਹਾਂ ਵਿਚੋਂ ਬਹੁਤਿਆਂ ਵਾਸਤੇ ਸਮੱਗਰੀ ਮੈਨੂੰ ਬਲ ਕੋਲੋਂ ਮਿਲੀ।
ਤੁਹਾਡਾ ਡਾæ ਦਿਲਗੀਰ ਨਾਲ ਨੇੜਤੇ ਦੇ ਦਿਨ ਵਾਲਾ ਕਾਲਮ ਵੀ ਦਿਲਚਸਪ ਸੀ। ਜਿਨ੍ਹੀ ਦਿਨੀਂ ਤੁਸੀਂ ਡਾæ ਦਿਲਗੀਰ ਨਾਲ ਰਹਿ ਰਹੇ ਸੀ, ਉਨ੍ਹੀਂ ਦਿਨੀਂ ਹੀ ਮੈਂ ਡਾæ ਭਗਵਾਨ ਸਿੰਘ ਮੋਕਲ ਦਾ ਰੂਮਮੇਟ ਸਾਂ। ਨਿਰੰਕਾਰੀ ਬਾਬੇ ਗੁਰਬਚਨ ਸਿੰਘ ਦੇ ਕਤਲ ਵਾਲੀ ਖ਼ਬਰ ਜਿਸ ਤਰ੍ਹਾਂ ਰਾਤ ਨੂੰ ਜਗਾ ਕੇ ਡਾæ ਦਿਲਗੀਰ ਨੇ ਤੁਹਾਨੂੰ ਸੁਣਾਈ ਸੀ ਅਤੇ ਇਸ ਬਾਰੇ ਤੁਹਾਡਾ ਜੋ ਪ੍ਰਤੀਕਰਮ ਹੋਇਆ, ਉਸ ਦਿਲਚਸਪ ਸੀ। ਸੱਚ ਤਾਂ ਇਹ ਹੈ ਕਿ ਉਹ ਖ਼ਬਰ ਬਾਹਲੇ ਸਿੱਖਾਂ ਨੇ ਇਕ-ਦੂਜੇ ਨੂੰ ਇਸੇ ਤਰ੍ਹਾਂ ਸੁਣਾਈ ਸੀ।
ਡਾæ ਗੁਰਤਰਨ ਸਿੰਘ ਦੇ ਲੇਖ ਉਪਰ ਜਿਹੜਾ ਮੇਰਾ ਪ੍ਰਤੀਕਰਮ ਛਪਿਆ ਹੈ, ਉਸ ਵਿਚ ਇਕ ਗਲਤੀ ਹੋ ਗਈ। ਮੇਰੇ ਰਾਹੀਂ ਮਹਿਬੂਬ ਸਾਹਿਬ ਦੀ ਜਿਹੜੀ ਕਿਤਾਬ ਰਿਲੀਜ਼ ਹੋਈ ਸੀ, ਉਹ ‘ਸਹਿਜੇ ਰਚਿਓ ਖਾਲਸਾ’ ਨਹੀਂ, ‘ਇਲਾਹੀ ਨਦਰ ਦੇ ਪੈਂਡੇ’ ਸੀ। ਇਸ ਭੁਲ ਲਈ ਪਾਠਕਾਂ ਤੋਂ ਖਿਮਾ ਦਾ ਜਾਚਕ ਹਾਂ।
-ਹਰਪਾਲ ਸਿੰਘ ਪੰਨੂ
Leave a Reply