ਓਮ ਪ੍ਰਕਾਸ਼ ਚੌਟਾਲਾ ਨਹੀਂ ਰਹੇ

ਸਿਰਸਾ: ਤੇਜ਼ ਤਰਾਰ ਬੁਲਾਰੇ, ਕਿਸਾਨ-ਕਿਰਤੀ ਵਰਗ ਦੇ ਰਹਿਬਰ ਤੇ ਪੰਜ ਵਾਰ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਨਹੀਂ ਰਹੇ। ਸ਼ਨਿੱਚਰਵਾਰ ਸ਼ਾਮ ਨੂੰ ਉਹ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਤੇਜਾਖੇੜਾ ਫਾਰਮ ਹਾਊਸ ਲਾਗੇ ਖੇਤਾਂ ਵਿਚ ਹੋਏ ਸਸਕਾਰ ਮੌਕੇ ਪੂਰੇ ਸੂਬੇ ਨੇ ਆਪਣੇ ਆਗੂ ਨੂੰ ਅੰਤਮ ਵਿਦਾਈ ਦਿੱਤੀ।

ਚੌਟਾਲਾ ਦੇ ਦੋਵਾਂ ਪੁੱਤਰ ਅਭੈ ਤੇ ਅਜੈ ਚੌਟਾਲਾ ਨੇ ਮ੍ਰਿਤਕ ਦੇਹ ਨੂੰ ਅਗਨੀ ਦਿਖਾਈ। ਸਰਕਾਰੀ ਸਨਮਾਨਾਂ ਨਾਲ ਹੋਏ ਇਸ ਸਸਕਾਰ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਖੱਟਰ ਤੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਹੁੱਡਾ ਸਮੇਤ ਅਨੇਕਾਂ ਸੀਨੀਅਰ ਆਗੂ ਹਾਜ਼ਰ ਸਨ। ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿਚ ਲਪੇਟਿਆ ਗਿਆ ਸੀ। ਨਾਲ ਹੀ ਹਰੀ ਪੱਗ ਸਿਰ ‘ਤੇ ਸਜਾਈ ਗਈ ਸੀ। ਇਸ ਦੇ ਨਾਲ ਹੀ ਪਾਰਟੀ ਦਾ ਚੋਣ ਚਿੰਨ੍ਹ ਚਸ਼ਮਾ ਵੀ ਪਹਿਨਾਇਆ ਗਿਆ. ਸਵੇਰੇ ਸਾਢੇ ਦਸ ਵਜੇ ਉਨ੍ਹਾਂ ਦੀ ਦੇਹ ਅੰਤਮ ਦਰਸਨਾਂ ਲਈ ਫਾਰਮ ਹਾਊਸ ਵਿਚ ਰੱਖੀ ਗਈ ਸੀ। ਜਿਉਂ ਹੀ ਸ਼ਾਮ ਨੂੰ ਅਰਥੀ ਨੂੰ ਸਸਕਾਰ ਲਈ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਚੌਟਾਲਾ ਅਮਰ ਰਹੇ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਸਮਾਧੀ ਸਥਾਨ `ਤੇ
ਬਣੇਗੀ ਯਾਦਗਾਰ
ਓਪੀ ਚੌਟਾਲਾ ਦੀ ਸਮਾਧੀ ‘ਤੇ ਉਨ੍ਹਾਂ ਦੀ ਯਾਦਗਾਰ ਵੀ ਬਣਾਈ ਜਾਣੀ ਹੈ। ਉਨ੍ਹਾਂ ਨਮਿੱਤ ਰਸਮ ਪਗੜੀ 31 ਦਸੰਬਰ ਨੂੰ ਸਾਹਿਬ ਰਾਮ ਸਟੇਡੀਅਮ ਪਿੰਡ ਚੌਟਾਲਾ ਵਿਚ ਕੀਤੀ ਜਾਣੀ ਹੈ। ਪਰਿਵਾਰ ਮੁਤਾਬਕ ਇਸ ਸੰਬੰਧ ਵਿਚ ਤਿਆਰੀ ਅਰੰਭ ਕਰ ਦਿੱਤੀ ਗਈ ਹੈ।