ਗ਼ਦਰੀਆਂ ਦੇ ਸਿਰੜ ਤੇ ਸਿਦਕ ਦੀਆਂ ਜੜ੍ਹਾਂ

ਭਾਰਤੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਘੋਲ ‘ਗਦਰ ਲਹਿਰ’ ਦਾ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ। 20ਵੀਂ ਸਦੀ ਦੇ ਆਰੰਭ ਵਿਚ ਇਨ੍ਹਾਂ ਗਦਰੀਆਂ ਨੇ ਅੰਗਰੇਜ਼ੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਇਨ੍ਹਾਂ ਗਦਰੀਆਂ ਦੀ ਚਰਚਾ ਗਾਹੇ-ਬਗਾਹੇ ਹੁੰਦੀ ਰਹੀ ਹੈ ਅਤੇ ਸੰਜੀਦਾ ਜੁਝਾਰੂ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਅਗਾਂਹ ਤੋਰਨ ਦੇ ਆਹਰ ਵਿਚ ਵੀ ਲੱਗੇ ਰਹੇ ਹਨ। ਹੁਣ ਸ਼ਤਾਬਦੀ ਮੌਕੇ ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ ਯੋਗਦਾਨ ਬਾਰੇ ਚਰਚਾ ਇਕ ਵਾਰ ਫਿਰ ਭਰਪੂਰ ਰੂਪ ਵਿਚ ਛਿੜੀ ਹੈ ਪਰ ਕੁਝ ਵਿਦਵਾਨ ਗਦਰੀਆਂ ਨੂੰ ਮਹਿਜ਼ ਸਿੱਖਾਂ ਤੱਕ ਸੀਮਤ ਕਰ ਰਹੇ ਹਨ। ਇਸ ਨੁਕਤਾ-ਨਿਗ੍ਹਾ ਤੋਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਦਾ ਲੰਮਾ ਲੇਖ ਪਹਿਲਾਂ ਪਾਠਕਾਂ ਦੀ ਨਜ਼ਰ ਕੀਤਾ ਜਾ ਚੁੱਕਾ ਹੈ। ਇਸ ਅੰਕ ਤੋਂ ਅਸੀਂ ਡਾæ ਸਰਬਜੀਤ ਸਿੰਘ ਦੀ ਲੇਖ ਲੜੀ ਛਾਪ ਰਹੇ ਹਾਂ। ਇਸ ਬਾਰੇ ਆਏ ਵਿਚਾਰਾਂ ਨੂੰ ਪਰਚੇ ਵਿਚ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਡਾæ ਸਰਬਜੀਤ ਸਿੰਘ
ਫੋਨ: 91-98155-74144
2013 ਗ਼ਦਰ ਲਹਿਰ ਦਾ ਸ਼ਤਾਬਦੀ ਵਰ੍ਹਾ ਹੈ। ਪੰਜਾਬ ਤੋਂ ਬਾਹਰ ਕੈਨੇਡਾ ਅਤੇ ਅਮਰੀਕਾ ਵਿਚ ਵਿਸ਼ੇਸ ਤੌਰ ‘ਤੇ ਅਤੇ ਹੋਰ ਮੁਲਕਾਂ ਵਿਚ ਵੀ ਇਹ ਵਰ੍ਹਾ ਜਸ਼ਨ ਅਤੇ ਚਿੰਤਨ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਸੈਮੀਨਾਰ, ਕਾਨਫਰੰਸਾਂ, ਨਾਟਕ ਮੰਚਣ, ਰਸਾਲਿਆਂ ਦਾ ਸੰਪਾਦਨ, ਪੁਸਤਕਾਂ ਦਾ ਪ੍ਰਕਾਸ਼ਨ, ਸੀæਡੀਜ਼ ਆਦਿ ਕਿੰਨੇ ਹੀ ਰੂਪ ਗ਼ਦਰ ਲਹਿਰ ਦੀ ਮਹੱਤਤਾ ਨੂੰ ਦਰਸਾਉਣ ਵਾਲੇ ਵੰਨ-ਸੁਵੰਨੇ ਰੂਪ ਹਨ ਪਰ ਇਨ੍ਹਾਂ ਵਿਚ ਇੱਕ ਗੱਲ ਬਹੁਤ ਤਿੱਖੇ ਰੂਪ ਵਿਚ ਰੜਕਦੀ ਹੈ ਕਿ ਗ਼ਦਰ ਲਹਿਰ ਰਾਹੀਂ ਜੋ ਭਾਰਤੀ ਆਜ਼ਾਦੀ ਦੇ ਇਤਿਹਾਸ ਦੀ ਪੁਨਰ-ਚਿੰਤਨ ਦੀ ਜ਼ਰੂਰਤ ਹੈ ਅਤੇ ਗ਼ਦਰ ਲਹਿਰ ਸਮੇਂ ਰਚੇ ਗਏ ਸਾਹਿਤ ਦੇ ਮੁੱਲ ਤੇ ਮੁਲੰਕਣ ਦੀ ਜ਼ਰੂਰਤ ਹੈ, ਉਹ ਇਸ ਵਿਚੋਂ ਗ਼ੈਰ-ਹਾਜ਼ਰ ਹੈ। ਭਾਰਤ ਦੀ ਆਜ਼ਾਦੀ ਬਾਰੇ ਲਿਖੇ ਗਏ ਬੁਰਜ਼ਵਾ ਇਤਿਹਾਸਕਾਰਾਂ ਦੇ ਇਤਿਹਾਸ ਨੂੰ ਵੀ ਛੱਡ ਦੇਈਏ, ਹੁਣ ਤੱਕ ਪ੍ਰਗਤੀਵਾਦੀ ਚਿੰਤਕਾਂ ਦੁਆਰਾ ਲਿਖੇ ਗਏ ਇਤਿਹਾਸਾਂ ਵਿਚ ਵੀ ਇਸ ਲਹਿਰ ਦਾ ਜੋ ਮੌਲਿਕ ਸਰੂਪ ਹੈ, ਉਹ ਉਭਰਵੇਂ ਰੂਪ ਵਿਚ ਕਿਧਰੇ ਦਿਖਾਈ ਨਹੀਂ ਦਿੰਦਾ। ਬਹੁਤਾ ਤੋਂ ਬਹੁਤਾ ਇਸ ਨੂੰ ਰਾਸ਼ਟਰਵਾਦੀ ਲਹਿਰ ਕਹਿ ਕੇ ਸਾਰ ਲਿਆ ਜਾਂਦਾ ਹੈ ਪਰ ਗ਼ਦਰ ਲਹਿਰ ਦੇ ਰਾਸ਼ਟਰਵਾਦ ਦੇ ਸੰਕਲਪ ਅਤੇ ਦ੍ਰਿਸ਼ਟੀ ਦਾ ਨਿਖੇੜਾ ਵੀ ਨਹੀਂ ਕੀਤਾ ਗਿਆ ਕਿ ਇਹ ਬੁਰਜ਼ਵਾ ਰਾਸ਼ਟਰਵਾਦ ਨਾਲੋਂ ਕਿਵੇਂ ਵੱਖਰੇ ਸਰੂਪ ਵਾਲਾ ਅਤੇ ਵਿਚਾਰਧਾਰਕ ਅੰਦਾਜ਼ ਵਾਲਾ ਹੈ? ਕੁਝ ਚਿੰਤਕ ਇਸ ਨੂੰ ਖਾੜਕੂ ਰਾਸ਼ਟਰਵਾਦ ਕਹਿ ਕੇ ਨਿਖੇੜਦੇ ਹਨ ਪਰ ਖਾੜਕੂ ਰਾਸ਼ਟਰਵਾਦ ਦੇ ਰੂਪ ਵਿਚ ਵੀ ਵਿਸ਼ਲੇਸ਼ਣ ਨਹੀਂ ਕੀਤਾ ਗਿਆ ਕਿ ਇਹ ਬੰਗਾਲੀ ਕ੍ਰਾਂਤੀਕਾਰੀਆਂ ਦੇ ਖਾੜਕੂ ਰਾਸ਼ਟਰਵਾਦ ਨਾਲੋਂ ਕਿਵੇਂ ਭਿੰਨ ਹੈ?
ਇਨ੍ਹਾਂ ਸਭ ਨਾਲੋਂ ਵੱਡਾ ਸੰਕਟ ਇਹ ਹੈ ਕਿ ਗ਼ਦਰ ਲਹਿਰ ਨੂੰ ਲਗਾਤਾਰਤਾ ਵਿਚ ਨਾ ਦੇਖਣਾ। ਜੋ ਚਿੰਤਕ ਗ਼ਦਰ ਲਹਿਰ ਨੂੰ 1913-14 ਦੇ ਬਿੰਦੂ ਉਤੇ ਖੜ੍ਹੋ ਕੇ ਹੀ ਦੇਖਦੇ ਹਨ, ਉਨ੍ਹਾਂ ਦੀ ਸਭ ਤੋਂ ਵੱਡੀ ਸੀਮਾ ਹੀ ਇਹ ਹੈ ਕਿ ਇਸ ਨੂੰ ਉਹ ਇਤਿਹਾਸਕ ਘਟਨਾ ਦੇ ਰੂਪ ਵਿਚ ਹੀ ਦੇਖ ਰਹੇ ਹਨ। ਇਸ ਘਟਨਾ ਦੇ ਆਧਾਰ ‘ਤੇ ਉਸ ਦੇ ਅਸਫ਼ਲ ਹੋ ਜਾਣ ਦੇ ਕਾਰਨਾਂ ਦੀ ਤਲਾਸ਼ ਵਿਚ ਹੀ ਆਪਣੀ ਸਾਰੀ ਸ਼ਕਤੀ ਜਾਇਆ ਕਰ ਦਿੰਦੇ ਹਨ। ਦੂਜਾ ਇਹ ਵੀ ਹੈ ਕਿ 1913-14 ਦੇ ਬਿੰਦੂ ‘ਤੇ ਖੜ੍ਹੋ ਕੇ ਗ਼ਦਰ ਲਹਿਰ ਨੂੰ ਗਤੀ-ਰਹਿਤ ਵਰਤਾਰਾ ਬਣਾ ਦਿੰਦੇ ਹਨ। ਇਹ ਵਰਤਾਰਾ ਬਣਾਉਣ ਪਿੱਛੇ ਉਨ੍ਹਾਂ ਦੇ ਜਾਂ ਤਾਂ ਜਮਾਤੀ ਹਿੱਤ ਹਨ ਜਾਂ ਇਸ ਤੋਂ ਵੀ ਅਗਾਂਹ ਫਿਰਕਾਪ੍ਰਸਤ ਹਿੱਤ ਹਨ ਕਿਉਂਕਿ ਜਦੋਂ ਉਹ ਗ਼ਦਰ ਲਹਿਰ ਨੂੰ ਲਗਾਤਾਰਤਾ ਵਿਚ ਦੇਖਣਗੇ ਤਾਂ ਉਨ੍ਹਾਂ ਦੇ ਜਮਾਤੀ ਅਤੇ ਫਿਰਕਾਪ੍ਰਸਤ ਹਿੱਤ ਖੇਰੂੰ-ਖੇਰੂੰ ਹੋ ਜਾਣਗੇ; ਉਹ ਇਸ ਲਈ ਕਿ ਗ਼ਦਰ ਲਹਿਰ ਜੋ ਆਰੰਭਲੇ ਪੜਾਅ ਉਪਰ ਰਾਸ਼ਟਰਵਾਦ ਦੇ ਵਿਚਾਰਧਾਰਕ ਸੂਤਰ ਉਪਰ ਦ੍ਰਿੜਤਾ ਨਾਲ ਪਹਿਰਾ ਦਿੰਦੀ ਹੈ, ਉਹ ਆਪਣੇ ਅਗਲੇ ਪੜਾਅ ਵਿਚ ਕੌਮਾਂਤਰੀਵਾਦ ਦੇ ਸੰਕਲਪ ਨੂੰ ਪ੍ਰਣਾਉਂਦੀ ਹੈ। ਇਹੋ ਕਾਰਨ ਹੈ ਕਿ 1913-14 ਦਾ ਗ਼ਦਰ ਲਹਿਰ ਦਾ ਆਗ਼ਾਜ਼ ਬਿੰਦੂ ਆਪਣੇ ਅਗਲੇ ਵਿਕਾਸ ਵਿਚ ਉਨ੍ਹਾਂ ਤੱਤਾਂ, ਪਹਿਲੂਆਂ ਅਤੇ ਪਾਸਾਰਾਂ ਨੂੰ ਵਡੇਰੇ ਪ੍ਰਸੰਗ ਵਿਚ ਰਾਸ਼ਟਰਵਾਦ ਤੋਂ ਕੌਮਾਂਤਰੀਵਾਦ ਤੱਕ ਵਿਸਤਾਰ ਦਿੰਦਾ ਹੈ। ਇਹ ਤਰਕ ਉਨ੍ਹਾਂ ਗ਼ਦਰੀ ਬਾਬਿਆਂ ਦਾ ਜੀਵੰਤ ਪ੍ਰਮਾਣ ਹੈ ਜੋ ਕਾਲੇਪਾਣੀਆਂ ਤੇ ਹੋਰ ਜੇਲ੍ਹਾਂ ਦੀਆਂ ਸਖ਼ਤ ਸਜ਼ਾਵਾਂ ਭੁਗਤਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਉਪਰੰਤ ਬੁਰਜ਼ਵਾ ਪ੍ਰਬੰਧ ਨਾਲ ਗਹਿ-ਗੱਚ ਸੰਘਰਸ਼ ਦੀ ਪ੍ਰਕਿਰਿਆ ਵਿਚ ਰਹਿੰਦੇ ਹਨ। 1913-14 ਦੇ ਬਿੰਦੂ ‘ਤੇ ਖੜੋਣ ਵਾਲਿਆਂ ਦੀ ਸੀਮਾ ਇਹ ਹੈ ਕਿ ਉਹ ਗ਼ਦਰ ਲਹਿਰ ਨੂੰ ਘਟਨਾ ਸਵੀਕਾਰ ਕਰਦੇ ਹਨ ਪਰ ਪ੍ਰਾਪਤੀ ਇਹ ਸਮਝਦੇ ਹਨ ਕਿ ਗ਼ਦਰ ਲਹਿਰ ਨੂੰ ਉਹ ਕੁਝ ‘ਸਿੱਧ’ ਕਰਨ ਦਾ ਯਤਨ ਕਰਦੇ ਹਨ ਜੋ ਬੁਨਿਆਦੀ ਤੌਰ ‘ਤੇ ਇਹ ਲਹਿਰ ਹੈ ਹੀ ਨਹੀਂ।
ਇਥੇ ਇਕ ਨੁਕਤਾ ਬਹੁਤ ਮਹੱਤਵਪੂਰਨ ਹੈ ਕਿ ਪਿਛਲੇ ਸਮੇਂ ਵਿਚ ਗ਼ਦਰ ਲਹਿਰ ਬਾਰੇ ਕੁਝ ਤੱਥ ਨਵੇਂ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਗ਼ਦਰੀ ਬਾਬਿਆਂ ਦੀਆਂ ਲਿਖਤਾਂ, ਡਾਇਰੀਆਂ, ਬਿਆਨ, ਸਾਜ਼ਿਸ਼ ਕੇਸਾਂ ਦੀਆਂ ਕਾਰਵਾਈਆਂ ਆਦਿਕ ਸ਼ਾਮਲ ਹਨ। ਇਨ੍ਹਾਂ ਨਾਲ ਗ਼ਦਰ ਲਹਿਰ ਦੀ ਵਿਚਾਰਧਾਰਕ ਸੰਘਣਤਾ ਅਤੇ ਗ਼ਦਰ ਲਹਿਰ ਦੇ ਵਿਸ਼ਾਲ ਪਾਸਾਰੇ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਮਿਸਾਲ ਦੇ ਤੌਰ ‘ਤੇ ਸਿੰਘਾਪੁਰ ਦੀ ਬਗ਼ਾਵਤ, ਅਫ਼ਰੀਕਾ ਵਿਚ ਗ਼ਦਰ ਲਹਿਰ ਦੇ ਤੱਥ, ਕਾਬਲ ਦਾ ਸੈਂਟਰ ਆਦਿਕ ਉਹ ਪਹਿਲੂ ਹਨ ਜੋ ਗ਼ਦਰ ਲਹਿਰ ਦੇ ਪੁਨਰ ਮੁਲੰਕਣ ਦੀ ਮੰਗ ਕਰਦੇ ਹਨ। ਗ਼ਦਰ ਲਹਿਰ ਦਾ ਪੁਨਰ-ਮੁਲੰਕਣ ਕਰਦਿਆਂ ਇਕ ਨਿਖੇੜਾ ਹੋਰ ਵੀ ਕਰਨ ਦੀ ਜ਼ਰੂਰਤ ਹੈ ਕਿ ਅਮਰੀਕਾ, ਕੈਨੇਡਾ ਅਤੇ ਪੂਰਬੀ ਏਸ਼ੀਆ ਦੇ ਮੁਲਕਾਂ ਤੋਂ ਆਏ ਗ਼ਦਰੀਆਂ ਤੋਂ ਬਿਨਾਂ ਭਾਰਤ ਅੰਦਰ ਗ਼ਦਰ ਵਿਚ ਹਿੱਸਾ ਲੈਣ ਵਾਲਾ ਇਕ ਸਮੂਹ ਬਰਤਾਨਵੀ ਬਸਤੀਵਾਦ ਦੇ ਵਿਰੁੱਧ ਧਾਰਮਿਕ ਦ੍ਰਿਸ਼ਟੀ ਤੋਂ ਸ਼ਾਮਲ ਹੁੰਦਾ ਹੈ। ਇਹ ਲੋਕ ਦਿੱਲੀ ਵਿਚ ਬਰਤਾਨਵੀ ਸਾਮਰਾਜ ਵੱਲੋਂ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੇ ਜਾਣ ਕਰ ਕੇ ਔਖੇ ਸਨ। ਇਹ ਸਮੂਹ ਗ਼ਦਰ ਤੋਂ ਪਹਿਲਾਂ ਹੀ ਆਪਣੇ ਦੀਵਾਨ ਲਗਾ ਕੇ ਵਿਰੋਧ ਦੇ ਮਤੇ ਸਰਕਾਰ ਨੂੰ ਭੇਜ ਰਿਹਾ ਸੀ। ਇਹ ਸਮੂਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ ਅਗਵਾਈ ਹੇਠ ਕਿਰਿਆਸ਼ੀਲ ਸੀ।
ਗ਼ਦਰ ਲਹਿਰ ਦੀ ਮੌਲਿਕ ਅਤੇ ਇਤਿਹਾਸਕ ਪਛਾਣ ਕਰਨ ਲਈ ਇਸ ਮਹੱਤਵਪੂਰਨ ਤੱਥ ਤੋਂ ਉੱਕਾ ਹੀ ਅੱਖ ਨਹੀਂ ਫੇਰੀ ਜਾ ਸਕਦੀ ਕਿ ਇਹ ਆਪਣੇ ਉਦੈ ਸਮੇਂ ਕਮਿਊਨਿਸਟ ਲਹਿਰ ਨਹੀਂ ਹੈ। ਜੇ ਕੋਈ ਇਸ ਨੂੰ ਆਪਣੇ ਉਦੈ ਸਮੇਂ ਕਮਿਊਨਿਸਟ ਲਹਿਰ ਸਿੱਧ ਕਰਨ ਦੀ ਜ਼ਿੱਦ ਕਰੇਗਾ, ਉਹ ਇਸ ਲਹਿਰ ਦੀ ਮੌਲਿਕਤਾ ਅਤੇ ਸਰੂਪ ਨੂੰ ਗੰਧਲਾ ਕਰ ਦੇਵੇਗਾ। ਦੂਜਾ, ਜੇ ਕੋਈ ਇਸ ਲਹਿਰ ਨੂੰ ਸਿੱਖ ਬਹੁ-ਗਿਣਤੀ ਕਰ ਕੇ ਸਿੱਖ ਲਹਿਰ ਜਾਂ ਸਿੱਖੀ ਦੀ ਲਹਿਰ ਕਹੇਗਾ, ਉਹ ਗ਼ਦਰ ਲਹਿਰ ਦੀ ਇਤਿਹਾਸਕ ਮਹੱਤਤਾ ਨੂੰ ਹੀ ਖਾਰਜ ਨਹੀਂ ਕਰੇਗਾ, ਸਗੋਂ ਗ਼ਦਰ ਲਹਿਰ ਨੂੰ ਐਨਾ ਸੀਮਤ ਕਰ ਦੇਵੇਗਾ ਅਤੇ ਸੰਗੋੜ ਦੇਵੇਗਾ ਕਿ ਇਹ ਆਪਣੇ ਮੂਲ ਅਰਥਾਂ ਅਤੇ ਮੂਲ ਉਦੇਸ਼ਾਂ ਤੋਂ ਹੀ ਭਟਕ ਜਾਵੇਗੀ ਕਿਉਂਕਿ ਗ਼ਦਰ ਲਹਿਰ ਕਿਸੇ ਧਾਰਮਿਕ ਪੁਨਰ-ਸੁਰਜੀਤੀ ਦੀ ਲਹਿਰ ਉੱਕਾ ਹੀ ਨਹੀਂ ਹੈ। ਇਸ ਕਰ ਕੇ ਇਸ ਤੱਥ ਤੋਂ ਸਪਸ਼ਟ ਹੋਣ ਦੀ ਜ਼ਰੂਰਤ ਹੈ ਕਿ ਆਰੰਭ ਵੇਲੇ ਗ਼ਦਰ ਲਹਿਰ ਕੋਲ ਨਾ ਤਾਂ ਕਮਿਊਨਿਸਟ ਫ਼ਲਸਫ਼ੇ ਵਾਲੇ ਸਮਾਜਵਾਦ ਦਾ ਉਦੇਸ਼ ਹੈ ਅਤੇ ਨਾ ਹੀ ਖ਼ਾਲਸਾ ਰਾਜ ਦੀ ਖੋ ਚੁੱਕੀ ਸੌਵਰਨਿਟੀ ਦੀ ਪੁਨਰ-ਸਥਾਪਨਾ ਦਾ ਸੁਪਨਾ ਹੈ। ਇਹ ਲਹਿਰ ਆਪਣੇ ਉਦੈ ਸਮੇਂ ਧਰਮ ਨਿਰਪੱਖ ਰਾਸ਼ਟਰਵਾਦੀ ਲਹਿਰ ਹੈ। ਇਹ ਕਿਆਸ ਕੀਤਾ ਜਾ ਸਕਦਾ ਹੈ ਕਿ ਜੇ ਗ਼ਦਰ ਪਾਰਟੀ ਦੇ ਮੁੱਢਲੇ ਰਾਸ਼ਟਰਵਾਦੀ ਅਸੂਲਾਂ ਅਨੁਸਾਰ ਦੇਸ਼ ਆਜ਼ਾਦ ਹੁੰਦਾ ਤਾਂ ਧਰਮ ਦੇ ਆਧਾਰ ਉਤੇ ਪਾਕਿਸਤਾਨ ਦੀ ਅੱਜ ਬਿਲਕੁਲ ਹੋਂਦ ਨਾ ਹੁੰਦੀ। ਗ਼ਦਰ ਲਹਿਰ ਦੇ ਇਤਿਹਾਸਕ ਤੱਥ ਹੀ ਇਸ ਗੱਲ ਦੀ ਦੱਸ ਪਾਉਂਦੇ ਹਨ ਕਿ ਗ਼ਦਰ ਲਹਿਰ ਅਮਰੀਕਾ-ਕੈਨੇਡਾ ਦੇ ਨਸਲਵਾਦੀ ਵਰਤਾਰੇ ਕਾਰਨ ਭਾਰਤੀ ਲੋਕਾਂ ਦੇ ਬੇਇੱਜ਼ਤ ਅਤੇ ਅਪਮਾਨਿਤ ਹੋਣ ਵਿਚੋਂ ਉਦੈ ਹੁੰਦੀ ਹੈ:
ਦੇਸ ਪੈਣ ਧੱਕੇ, ਬਾਹਰ ਮਿਲੇ ਢੋਈ ਨਾ,
ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ।
ਇਉਂ ਇਹ ਉਹ ਲੋਕ ਹਨ ਜਿਨ੍ਹਾਂ ਦੇ ਕੈਨੇਡਾ ਵਿਚ ਬਰਤਾਨਵੀ ਰਿਆਇਆ ਹੋਣ ਦੇ ਭਰਮ ਟੁੱਟਦੇ ਹਨ ਅਤੇ ਅਮਰੀਕਾ ਵਿਚ 1907 ਵਿਚ ਵਾਸ਼ਿੰਗਟਨ ਸਟੇਟ ਦੇ ਬਲਿੰਘਮ ਸ਼ਹਿਰ ਵਿਚ ਪੰਜ ਸੌ ਗੋਰਿਆਂ ਦੇ ਨਸਲਵਾਦੀ ਹਮਲੇ ਕਾਰਨ ਆਪਣੀ ਗੁਲਾਮੀ ਦਾ ਅਹਿਸਾਸ ਜਾਗਦਾ ਹੈ। ਇਉਂ ਅਮਰੀਕਾ-ਕੈਨੇਡਾ ਦੀਆਂ ਜ਼ਮੀਨੀ ਹਕੀਕਤਾਂ ਭਾਰਤੀ ਪਰਵਾਸੀਆਂ ਨੂੰ ਇਕ ਪਲੇਟਫਾਰਮ ‘ਤੇ ਇਕੱਠਾ ਹੋਣ ਦੀਆਂ ਜ਼ਾਮਨ ਬਣਦੀਆਂ ਹਨ। ਇਥੇ ਇਹ ਨੁਕਤਾ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਕੈਨੇਡਾ ਅਤੇ ਵਿਸ਼ੇਸ਼ ਰੂਪ ਵਿਚ ਅਮਰੀਕਾ ਦੀ ਆਜ਼ਾਦੀ ਭਾਰਤੀ ਪਰਵਾਸੀਆਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਹੈ। ਇਹੋ ਜਿਹੀ ਆਜ਼ਾਦੀ ਦਾ ਸੁਪਨਾ ਪਾਲ ਕੇ ਇਹ ਗ਼ਦਰੀ ਬਰਤਾਨਵੀ ਬਸਤੀਵਾਦ ਨੂੰ ਨੇਸਤੋ-ਨਾਬੂਦ ਕਰ ਕੇ ਭਾਰਤ ਅੰਦਰ ‘ਪੰਚਾਇਤੀ ਰਾਜ’ (੍ਰeਪੁਬਲਚਿ) ਸਿਰਜਣਾ ਚਾਹੁੰਦੇ ਹਨ। ਇਸ ਕਰ ਕੇ ਹੀ ਗ਼ਦਰ ਦੀ ਭਾਰਤੀ ਇਤਿਹਾਸ ਵਿਚ ਮਹੱਤਤਾ ਹੈ ਕਿ ਇਸ ਨੇ ਪਹਿਲੀ ਵਾਰ ਬਰਤਾਨਵੀ ਬਸਤੀਵਾਦ ਦੀ ਥਾਂ ਆਧੁਨਿਕ ਸਰੂਪ ਵਾਲੇ ‘ਰਾਸ਼ਟਰੀ ਰਾਜ’ ਦਾ ਸੁਪਨਾ ਲਿਆ ਜਦ ਕਿ ਭਾਰਤ ਅੰਦਰ ਉਸ ਵੇਲੇ ਤੱਕ ਸੰਘਰਸ਼ ਕਰ ਰਹੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਕੋਲ ‘ਰਾਸ਼ਟਰੀ ਰਾਜ’ ਦਾ ਕੋਈ ਸੁਪਨਾ ਨਹੀਂ ਸੀ ਜਿਸ ਵਿਚ ਪੂਰਨ ਰਾਜਸੀ ਤੇ ਆਰਥਿਕ ਆਜ਼ਾਦੀ ਦਾ ਮਸਲਾ ਹੋਵੇ। ਧਰਮ ਦੇ ਆਧਾਰ ‘ਤੇ ਲਏ ਜਾਣ ਵਾਲੇ ਰਾਮ ਰਾਜ ਜਾਂ ਖ਼ਾਲਸਾ ਰਾਜ ਦੇ ਸੁਪਨੇ ਅਸਲੋਂ ਹੀ ਨਿਸੱਤੇ ਹੋ ਗਏ ਸਨ, ਕਿਉਂਕਿ 1857 ਦੇ ਗ਼ਦਰ ਤੋਂ ਬਾਅਦ ਬਰਤਾਨਵੀ ਬਸਤੀਵਾਦ ਨੇ ਧਰਮ, ਇਲਾਕਾ ਅਤੇ ਭਾਸ਼ਾ ਦੀ ਜੋ ਸ਼ਤਰੰਜੀ ਚਾਲ ਖੇਡੀ, ਉਸ ਨਾਲ ਭਾਰਤ ਅੰਦਰ ਧਰਮ ਬਚਾਉਣ ਲਈ ਧਾਰਮਿਕ ਸੁਧਾਰਾਂ ਦੀਆਂ ਲਹਿਰਾਂ ‘ਆਤਮ ਸੁਰੱਖਿਆ’ ਵਿਚ ਗੁੰਮਣ-ਗੁਆਚਣ ਲੱਗ ਪਈਆਂ ਸਨ। ਇਸ ਸ਼ਤਰੰਜੀ ਚਾਲ ਵਿਚ ਧਰਮਾਂ ਦੇ ਅੰਦਰਲਾ ਆਰਥਿਕ ਰੂਪ ਵਿਚ ਸ਼ਕਤੀਸ਼ਾਲੀ ਵਰਗ ਬਰਤਾਨਵੀ ਸਾਮਰਾਜ ਦੀ ਪਿੱਠ ‘ਤੇ ਪਹਿਰੇਦਾਰ ਬਣ ਕੇ ਖੜ੍ਹਾ ਹੋ ਜਾਂਦਾ ਹੈ। ਇਸ ਕਰ ਕੇ ਗ਼ਦਰ ਲਹਿਰ ਆਧੁਨਿਕ ਵਿਚਾਰਾਂ ਵਾਲੀ ਨਵੀਨ ਰਾਸ਼ਟਰਵਾਦੀ ਲਹਿਰ ਬਣਦੀ ਹੈ, ਨਾ ਕਿ ਧਾਰਮਿਕ ਅਵਸ਼ੇਸ਼ਾਂ ਵਾਲੀ ਅਤੇ ਕਮਿਊਨਿਸਟ ਉਦੇਸ਼ਾਂ ਵਾਲੀ।
ਗ਼ਦਰ ਲਹਿਰ ਬਾਰੇ ਹੋਈ ਖੋਜ ਅਤੇ ਇਤਿਹਾਸਕ ਸਿਧਾਂਤਕਾਰੀ ਬਾਰੇ ਕਾਫ਼ੀ ਮਤਭੇਦ ਹਨ ਪਰ ਇਸੇ ਵਿਚ ਇਕ ਮਹੱਤਵਪੂਰਨ ਅੰਤਰ-ਦ੍ਰਿਸ਼ਟੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ; ਕਿਉਂਕਿ ਇਸ ਅੰਤਰ-ਦ੍ਰਿਸ਼ਟੀ ਨਾਲ ਸਿਰਫ਼ ਗ਼ਦਰੀਆਂ ਦੇ ਸੁਭਾਅ ਦੀ ਹੀ ਪ੍ਰਮਾਣਿਕ ਨਿਸ਼ਾਨਦੇਹੀ ਨਹੀਂ ਹੁੰਦੀ ਸਗੋਂ ਇਸ ਨਾਲ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਦੀਆਂ ਵੀ ਕਈ ਗੁੰਝਲਾਂ ਸੁਲਝਣੀਆਂ ਹਨ। ਇਹ ਅੰਤਰ-ਦ੍ਰਿਸ਼ਟੀ ਹੈ ਮਾਨਵ-ਵਿਗਿਆਨਕ ਪੱਖ ਤੋਂ ਪੰਜਾਬੀਆਂ ਦੀ ਮੂਲ ਨਸਲ ਦੀ ਪਛਾਣ, ਕਿਉਂਕਿ ਮਨੁੱਖੀ ਨਸਲਾਂ ਦੇ ਗੁਣ ਸਦੀਆਂ ਤੋਂ ਹੋਰ ਨਸਲਾਂ ਦੇ ਮਿਲਾਪ ਬਾਅਦ ਵੀ ਜੀਵੰਤ ਰਹਿੰਦੇ ਹਨ ਜਿਹੜੇ ਕਿਸੇ ਭਾਈਚਾਰੇ ਦੇ ਵਿਸ਼ੇਸ਼ ਸੁਭਾਅ ਨੂੰ ਸਿਰਜਦੇ ਹੋਏ ਵੱਖਰੇ ਗੁਣ ਅਤੇ ਵਿਸ਼ੇਸ਼ਤਾਵਾਂ ਬਣ ਜਾਂਦੇ ਹਨ। ਇਹ ਗੁਣ ਅੱਗਿਉਂ ਭਾਈਚਾਰਿਆਂ ਦੀਆਂ ਸਿਰਜੀਆਂ ਸਮਾਜਕ, ਰਾਜਨੀਤਕ, ਸਭਿਆਚਾਰਕ, ਨੈਤਿਕ, ਧਾਰਮਿਕ ਰਵਾਇਤਾਂ ਵਿਚ ਪ੍ਰਵਾਹਤ ਹੋ ਜਾਂਦੇ ਹਨ ਜਿਨ੍ਹਾਂ ਕਰ ਕੇ ਭਾਈਚਾਰਿਆਂ ਦੀ ਸਭਿਆਚਾਰਕ ਪਛਾਣ ਬਣਦੀ ਹੁੰਦੀ ਹੈ। ਇਹ ਪਛਾਣ ਐਨੀ ਮੌਲਿਕ ਅਤੇ ਸ਼ਕਤੀਸ਼ਾਲੀ ਬਣ ਜਾਂਦੀ ਹੈ ਕਿ ਦੂਜੇ ਭਾਈਚਾਰਿਆਂ ਨਾਲੋਂ ਭਾਈਚਾਰੇ ਅਸਲੋਂ ਹੀ ਵੱਖਰੇ, ਬੇਜੋੜ ਅਤੇ ਵਿਰੋਧੀ ਪ੍ਰਤੀਤ ਹੋਣ ਲੱਗ ਜਾਂਦੇ ਹਨ ਪਰ ਅਸੀਂ ਕਿਸੇ ਵਰਤਾਰੇ ਦਾ ਅਧਿਐਨ ਕਰਨ ਸਮੇਂ ਇਨ੍ਹਾਂ ਮੂਲ ਨਸਲੀ ਗੁਣਾਂ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਾਂ ਅਤੇ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਾਂ ਕਿ ਵਰਤਾਰੇ ਪਿੱਛੇ ਕਿਸੇ ਭਾਈਚਾਰੇ ਦੀਆਂ ਰਵਾਇਤਾਂ ਜਾਂ ਉਸ ਦੀ ਮੂਲ ਭਾਵਨਾ ਪਈ ਹੈ ਜਿਹੜੀ ਸਮਾਜਕ, ਧਾਰਮਿਕ, ਰਾਜਸੀ ਜਾਂ ਸਭਿਆਚਾਰਕ ਹੋ ਸਕਦੀ ਹੈ। ਇਸ ਭੁਲੇਖੇ ਅਤੇ ਭੁੱਲ ਨਾਲ ਅਸੀਂ ਵਰਤਾਰਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਗ਼ਲਤ ਵਿਚਾਰਧਾਰਕ ਪੁਜੀਸ਼ਨ ਗ੍ਰਹਿਣ ਕਰ ਲੈਂਦੇ ਹਾਂ। ਗ਼ਦਰ ਲਹਿਰ ਦੇ ਅਧਿਐਨ ਵੇਲੇ ਵੀ ਅਸੀਂ ਇਸ ਕਰ ਕੇ ਗ਼ਦਰੀਆਂ ਦੇ ਸੁਭਾਅ ਅਤੇ ਵਿਸ਼ੇਸ਼ ਲੱਛਣਾਂ ਨੂੰ ਕਿਸੇ ਧਾਰਮਿਕ ਜਾਂ ਸਭਿਆਚਾਰਕ ਰਵਾਇਤ ਨਾਲ ਨੱਥੀ ਕਰ ਦਿੰਦੇ ਹਾਂ ਅਤੇ ਗ਼ਦਰੀਆਂ ਦੀ ਸਿਰਲੱਥ ਕੁਰਬਾਨੀ, ਦ੍ਰਿੜਤਾ ਅਤੇ ਬਹਾਦਰੀ ਨੂੰ ਉਨ੍ਹਾਂ ਦੇ ਨਸਲੀ ਗੁਣਾਂ ਦੀ ਬਜਾਏ ਜਾਂ ਤਾਂ ਸਿੱਖ ਧਰਮ ‘ਚੋਂ ਤਲਾਸ਼ਣ ਲੱਗ ਜਾਂਦੇ ਹਾਂ ਜਾਂ ਪੰਜਾਬੀ ਸਭਿਆਚਾਰ ਦੇ ਸਰਬ ਸਾਂਝੇ ਵਿਰਸੇ ਵਿਚੋਂ। ਪੰਜਾਬੀ ਭਾਈਚਾਰੇ ਦੀ ਆਜ਼ਾਦ ਤਬੀਅਤ, ਨਾਬਰੀ ਵਾਲੀ ਬਿਰਤੀ ਅਤੇ ਜੰਗਜੂ ਭਾਵਨਾ ਦੀਆਂ ਜੜ੍ਹਾਂ ਉਨ੍ਹਾਂ ਦੀ ਸੇਥੀਅਨ ਨਸਲ ਵਿਚ ਪਈਆਂ ਹਨ। ਸ਼ ਜਗਜੀਤ ਸਿੰਘ ਨੇ ਗ਼ਦਰੀਆਂ ਦੇ ਇਸ ਸੁਭਾਅ ਨੂੰ ਤਲਾਸ਼ਦਿਆਂ ਆਪਣੀ ਪੁਸਤਕ ‘ਗ਼ਦਰ ਪਾਰਟੀ ਲਹਿਰ’ ਵਿਚ ਵਿਸ਼ੇਸ਼ ਤੌਰ ‘ਤੇ ਇਸ ਮਸਲੇ ਨੂੰ ਅਧਿਐਨ ਹੇਠ ਲਿਆਂਦਾ ਸੀ। ਇਸ ਉਪਰੰਤ ਗ਼ਦਰੀਆਂ ਬਾਰੇ ਕੀਤੀ ਗਈ ਬਹੁਤੀ ਚਰਚਾ ਵਿਚ ਪੰਜਾਬੀਆਂ ਦੀ ਸੇਥੀਅਨ ਨਸਲ ਦਾ ਮਸਲਾ ਦਰਕਿਨਾਰ ਹੀ ਰਿਹਾ ਪਰ ਪੰਜਾਬੀਆਂ ਦੇ ਇਸ ਮੂਲ ਸੁਭਾਅ ਦੀ ਇਤਿਹਾਸਕ ਨਿਸ਼ਾਨਦੇਹੀ ਅਤੇ ਡੂੰਘੀ ਪੜ੍ਹਤ ਸਤਨਾਮ ਚਾਨਾ ਨੇ ਆਪਣੀ ਪੁਸਤਕ ‘ਸਿੱਖ ਫ਼ਲਸਫ਼ੇ ਦਾ ਰਾਜਨੀਤਕ ਏਜੰਡਾ ਅਤੇ ਪੰਜਾਬ ਕਮਿਊਨ’ ਵਿਚ ਤਿਆਰ ਕੀਤੀ। ਨਸਲ-ਦ੍ਰਿਸ਼ਟੀ ਤੋਂ ਜਿਸ ਤਰ੍ਹਾਂ ਸਿੱਖ ਸਿਧਾਂਤਾਂ ਅਤੇ ਸਰਬੱਤ ਦੇ ਭਲੇ ਦੀ ਤਲਾਸ਼ ਕੀਤੀ ਗਈ ਹੈ, ਉਹ ਆਪਣੇ-ਆਪ ਵਿਚ ਹੀ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਡਾæ ਨਿਰਮਲ ਸਿੰਘ ਮਾਨ ਨੇ ਆਪਣੀ ਪੁਸਤਕ ‘ਦੇਸ਼ ਭਗਤ ਗ਼ਦਰੀ ਪਾਖਰ ਸਿੰਘ ਚੂਹੜਚੱਕ’ ਵਿਚ ਪੰਜਾਬੀਆਂ ਦੇ ਇਹੋ ਜਿਹੇ ਸੁਭਾਅ ਅਤੇ ਬਿਰਤੀ ਦੀ ਤਲਾਸ਼ ਕੀਤੀ ਹੈ। ਇਉਂ ਇਹ ਪੁਸਤਕ ਅਤੇ ਉਪਰੋਕਤ ਹਵਾਲਾ ਪੁਸਤਕਾਂ ਤੋਂ ਬਾਅਦ ਇਹ ਸਿੱਧ ਹੋ ਜਾਂਦਾ ਹੈ ਕਿ ਗ਼ਦਰੀ ਬਾਬੇ ਜਿਸ ਦਲੇਰੀ ਨਾਲ ਗ਼ਦਰ ਵਿਚ ਹਿੱਸਾ ਲੈਂਦੇ ਹਨ, ਉਹ ਇਨ੍ਹਾਂ ਦੇ ਨਸਲੀ ਗੁਣਾਂ ਸਦਕਾ ਹੈ। ਦੂਜਾ ਇਸ ਨਾਲ ਪੰਜਾਬ ਦੇ ਉਸ ਸੰਕਲਪ ਦਾ ਭਰਮ-ਜਾਲ ਵੀ ਟੁੱਟ ਜਾਂਦਾ ਹੈ ਜਿਸ ਨੂੰ ਪ੍ਰੋæ ਪੂਰਨ ਸਿੰਘ ਸਥਾਪਤ ਕਰਦਾ ਹੈ। ਇਉਂ ਪੰਜਾਬੀਆਂ ਦੇ ਨਾਬਰੀ ਦੇ ਸੁਭਾਅ ਨੇ ਆਪਣੇ ਯੁੱਗ ਦੀਆਂ ਸਥਾਪਤ ਮਰਿਯਾਦਾਵਾਂ, ਮਾਨਤਾਵਾਂ ਅਤੇ ਸਥਾਪਨਾਵਾਂ ਨਾਲ ਖਹਿ ਕੇ ਸੰਘਰਸ਼ ਕਰ ਕੇ ਆਪਣੀਆਂ ਰਵਾਇਤਾਂ ਸਿਰਜੀਆਂ ਹਨ। ਇਨ੍ਹਾਂ ਰਵਾਇਤਾਂ ਦਾ ਮੂਲ ਪੰਜਾਬੀਆਂ ਦੇ ਸੁਭਾਅ ਨਾਲ ਦਵੰਦਾਤਮਕ ਰਿਸ਼ਤੇ ਦੀ ਲੰਮੀ ਤੇ ਜੀਵੰਤ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ।
ਗ਼ਦਰ ਲਹਿਰ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਦੇ ਦੋ ਮੁੱਖ ਮਤ ਸਾਹਮਣੇ ਆਏ ਹਨ। ਇਕ ਮਤ ਤਾਂ ਰਾਸ਼ਟਰਵਾਦ ਨਾਲ ਸੰਬੰਧਤ ਹੈ ਜਿਸ ਵਿਚ ਸੋਹਣ ਸਿੰਘ ਜੋਸ਼, ਗੁਰਚਰਨ ਸਿੰਘ ਸਹਿੰਸਰਾ, ਜਗਜੀਤ ਸਿੰਘ, ਹਰੀਸ਼ ਕੇæ ਪੁਰੀ, ਰਾਮ ਸਿੰਘ ਮਜੀਠਾ ਅਤੇ ਖੁਦ ਗ਼ਦਰੀ ਬਾਬੇ ਸ਼ਾਮਲ ਹਨ। ਦੂਜਾ ਮਤ ਇਹ ਹੈ ਕਿ ਗ਼ਦਰ ਲਹਿਰ ਸਿੱਖ ਲਹਿਰ ਸੀ। ਇਨ੍ਹਾਂ ਵਿਚ ਹਰਜੋਤ ਉਬਰਾਏ, ਪਰਮਬੀਰ ਸਿੰਘ ਗਿੱਲ, ਅਜਮੇਰ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਹਨ। ਇਨ੍ਹਾਂ ਵਿਚੋਂ ਹੀ ਕੁਝ ਸਿੱਖ ਚਿੰਤਕ ਡਾæ ਪਿਰਥੀਪਾਲ ਸਿੰਘ ਕਪੂਰ ਵਰਗੇ ਇਸ ਦੀਆਂ ਜੜ੍ਹਾਂ ਤਾਂ ਸਿੱਖੀ ‘ਚੋਂ ਤਲਾਸ਼ਦੇ ਹਨ ਪਰ ‘ਆਜ਼ਾਦੀ ਦੀ ਲਹਿਰ ਨੂੰ ਮੰਨਦੇ ਧਰਮ ਨਿਰਪੱਖ ਚਿਹਰੇ’ ਵਾਲੀ ਹਨ। ਦੂਜੇ ਮਤ ਵਾਲੇ ਸੋਚਵਾਨਾਂ ਦੀ ਸਮੱਸਿਆ ਹੀ ਇਹੋ ਹੈ ਕਿ ਇਹ ਗ਼ਦਰ ਲਹਿਰ ਨੂੰ 1913-14 ਦੇ ਆਗ਼ਾਜ਼ ਬਿੰਦੂ ਉਪਰ ਹੀ ਟਿਕਾ ਕੇ ਦੇਖਦੇ ਹਨ। ਇਉਂ ਉਨ੍ਹਾਂ ਲਈ ਗ਼ਦਰ ਲਹਿਰ, ਲਹਿਰ ਨਹੀਂ ਅਤੇ ਗ਼ਦਰ ਪਾਰਟੀ, ਪਾਰਟੀ ਨਹੀਂ ਸਗੋਂ ਘਟਨਾ ਹੈ। ਇਸ ਤੋਂ ਪਾਰ ਨਾ ਜਾਣ ਵਿਚ ਹੀ ਉਨ੍ਹਾਂ ਦੀ ਸਮੱਸਿਆ ਹੈ, ਕਿਉਂਕਿ ਉਨ੍ਹਾਂ ਲਈ ਗ਼ਦਰ ਪਾਰਟੀ ਦਾ ਗ਼ਦਰ 1913-14 ਵਿਚ ਹੀ ਖ਼ਤਮ ਹੋ ਜਾਂਦਾ ਹੈ, ਜਦੋਂ ਕਿ ਹਕੀਕਤ ਇਹ ਹੈ ਕਿ ਬਾਬਾ ਸੋਹਣ ਸਿੰਘ ਭਕਨਾ, ਭਾਈ ਸੰਤੋਖ ਸਿੰਘ, ਭਾਈ ਰਤਨ ਸਿੰਘ, ਬਾਬਾ ਗੁਰਮੁਖ ਸਿੰਘ ਲਲਤੋਂ ਵਰਗੇ ਕਿੰਨੇ ਗ਼ਦਰੀ ਹਨ ਜੋ ਆਪਣੇ ਅੰਤਮ ਸਮੇਂ ਤੱਕ ਸੰਘਰਸ਼ ਵਿਚ ਗਹਿ-ਗੱਚ ਰਹਿੰਦੇ ਹਨ। ਇਨ੍ਹਾਂ ਦੀ ਇਸ ਸਮੱਸਿਆ ਦੀ ਧੁਰੀ ਇਥੇ ਇਸ ਲਈ ਟਿਕੀ ਹੋਈ ਹੈ ਕਿ ਗ਼ਦਰ ਪਾਰਟੀ/ਲਹਿਰ ਦਾ ਵਿਕਾਸ ਇਨ੍ਹਾਂ ਨੂੰ ਗ਼ਦਰ ਲਹਿਰ ਨੂੰ ਸਿੱਖ ਲਹਿਰ ਕਹਿਣ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਕਰ ਕੇ ਇਨ੍ਹਾਂ ਲਈ ਬਾਬਾ ਭਗਤ ਸਿੰਘ ਬਿਲਗਾ ਵਰਗਾ ਗ਼ਦਰੀ ਵੀ ਗ਼ਦਰੀ ਨਹੀਂ ਰਹਿੰਦਾ ਜਿਹੜਾ ਅਰਜਨਟੀਨਾ ਵਿਚ ਗ਼ਦਰ ਪਾਰਟੀ ਦਾ ਆਗੂ ਹੀ ਨਹੀਂ, ਰੂਹੇ-ਰਵਾਂ ਵੀ ਹੈ। ਗ਼ਦਰ ਲਹਿਰ ਨੂੰ ਸਿੱਖ ਲਹਿਰ ਕਹਿਣ ਵਾਲੇ ਵਿਸ਼ਲੇਸ਼ਣਕਾਰ ਇਤਿਹਾਸ ਪ੍ਰਤੀ ਹੀ ਖੰਡਿਤ ਰਵੱਈਏ ਵਾਲੇ ਹਨ। ਇਸ ਲਈ ਇਨ੍ਹਾਂ ਨਾਲ ਤਾਂ ਸੰਵਾਦ ਦੀ ਵੀ ਸੰਭਾਵਨਾ ਨਹੀਂ ਬਣਦੀ, ਫਿਰ ਵੀ ਇਨ੍ਹਾਂ ਦੁਆਰਾ ਸਥਾਪਤ ਕੀਤੀਆਂ ਧਾਰਨਾਵਾਂ ਦੀ ਪੁਣ-ਛਾਣ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਇਹ ਕਿਸ ਆਧਾਰ ਉਤੇ ਗ਼ਦਰ ਲਹਿਰ ਨੂੰ ਸਿੱਖ ਲਹਿਰ ਬਣਾਉਣ ਦੀ ਜ਼ਿਦ ਕਰ ਰਹੇ ਹਨ।
(ਚਲਦਾ)

Be the first to comment

Leave a Reply

Your email address will not be published.