ਚੰਡੀਗੜ੍ਹ: ਪਿਛਲੇ ਇਕ ਦਹਾਕੇ ਵਿਚ ਪੰਜਾਬ ਦੀ ਲੱਖਾਂ ਏਕੜ ਜਰਖੇਜ਼ ਜ਼ਮੀਨ ਵਿਚ ਪੱਥਰ ਦੀਆਂ ਇਮਾਰਤਾਂ ਉੱਗ ਆਈਆਂ ਹਨ। ਇਸ ਨਾਲ ਪੰਜਾਬ ਦੀ ਪੈਦਾਵਾਰ ‘ਤੇ ਵੀ ਅਸਰ ਪਿਆ ਹੈ ਤੇ ਲੱਖਾਂ ਲੋਕ ਜ਼ਮੀਨ ਵਿਹੂਣੇ ਹੋ ਕੇ ਬੇਰੁਜ਼ਗਾਰ ਹੋ ਗਏ ਹਨ। ਸ਼ਹਿਰਾਂ ਤੇ ਕਸਬਿਆਂ ਦੁਆਲੇ ਜ਼ਮੀਨਾਂ ‘ਤੇ ਰਿਹਾਇਸ਼ੀ ਤੇ ਵਪਾਰਕ ਉਸਾਰੀਆਂ ਕਰਨ ਵਾਲੇ ਸਿਆਸੀ ਆਗੂ ਜਾਂ ਫਿਰ ਇਨ੍ਹਾਂ ਦੇ ਚਹੇਤੇ ਹੀ ਹਨ।
ਸੂਤਰਾਂ ਅਨੁਸਾਰ ਚੰਡੀਗੜ੍ਹ ਪੈਰੀਫੇਰੀ ਵਿਚ ਪੈਂਦੇ ਪਿੰਡਾਂ ਦੀ ਬੇਸ਼ਕੀਮਤੀ ਸ਼ਾਮਲਾਟ ਤੇ ਪੰਚਾਇਤੀ ਜ਼ਮੀਨ ਤੋਂ ਮਾਫੀਆ, ਸਿਆਸਤਦਾਨਾਂ ਤੇ ਨੌਕਰਸ਼ਾਹਾਂ ਦੇ ਕਬਜ਼ੇ ਹੇਠ ਹੈ। ਇਹ ਵੀ ਦੋਸ਼ ਲੱਗੇ ਹਨ ਕਿ ਕੁਝ ਪ੍ਰਭਾਵਸ਼ਾਲੀ ਸਿਆਸਤਦਾਨਾਂ ਨੇ ਨਿਊ ਚੰਡੀਗੜ੍ਹ ਵਜੋਂ ਜਾਣੇ ਜਾਂਦੇ ਮੁੱਲਾਂਪੁਰ ਨੇੜਲੇ ਕਈ ਪਿੰਡਾਂ ਦੀਆਂ ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ‘ਤੇ ਕਬਜ਼ੇ ਕਰ ਲਏ ਹਨ। ਇਨ੍ਹਾਂ ਪਿੰਡਾਂ ਵਿਚ ਜ਼ਮੀਨ ਦੀ ਕੀਮਤ 1æ5 ਕਰੋੜ ਤੋਂ ਤਿੰਨ ਕਰੋੜ ਰੁਪਏ ਪ੍ਰਤੀ ਏਕੜ ਵਿਚਾਲੇ ਹੈ।
ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ‘ਤੇ ਕਬਜ਼ਿਆਂ ਦਾ ਵਰਤਾਰਾ ਸਿਰਫ਼ ਚੰਡੀਗੜ੍ਹ ਤੱਕ ਮਹਿਦੂਦ ਨਹੀਂ ਹੈ। ਇਹ ਸਭ ਪੰਜਾਬ ਭਰ ਵਿਚ ਹੋ ਰਿਹਾ ਹੈ। ਪੰਜਾਬ ਵਿਚ ਕਈ ਪਿੰਡਾਂ ਵਿਚ ਛੱਪੜਾਂ ਤੇ ਹੱਡਾਰੋੜੀਆਂ ‘ਤੇ ਪ੍ਰਭਾਵਸ਼ਾਲੀ ਬੰਦਿਆਂ ਦਾ ਕਬਜ਼ਾ ਹੈ। ਇਹ ਵੀ ਰਿਪੋਰਟਾਂ ਹਨ ਕਿ ਕਈ ਥਾਵਾਂ ‘ਤੇ ਨਾਜਾਇਜ਼ ਕਬਜ਼ੇ ਹੇਠਲੀ ਪੰਚਾਇਤੀ ਤੇ ਸ਼ਾਮਲਾਟ ਜ਼ਮੀਨ ਨੂੰ ਅਗਾਂਹ ਵੇਚ ਦਿੱਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਕਬਜ਼ੇ ਹਟਾਉਣ ਤੋਂ ਸਰਕਾਰੀ ਅਧਿਕਾਰੀ ਖ਼ੁਦ ਨੂੰ ਬੇਵੱਸ ਦੱਸ ਰਹੇ ਹਨ।
ਉਂਜ ਤਾਂ ਪੰਜਾਬ ਦੇ ਹਰ ਸ਼ਹਿਰ ਤੇ ਕਸਬੇ ਇਹੋ ਕਹਾਣੀ ਹੈ ਪਰ ਚੰਡੀਗੜ੍ਹ ਤੇ ਲੁਧਿਆਣਾ ਦੁਆਲੇ ਇਸ ਦੀਆਂ ਸਭ ਤੋਂ ਵੱਡੀਆਂ ਉਦਾਰਹਣਾਂ ਵੇਖੀਆਂ ਜਾ ਸਕਦੀਆਂ ਹਨ। ਸੂਤਰਾਂ ਅਨੁਸਾਰ ਦੋ ਹਜ਼ਾਰ ਦੀ ਵਸੋਂ ਵਾਲਾ ਛੋਟਾ ਜਿਹਾ ਪਿੰਡ ਜ਼ੀਰਕਪੁਰ 12 ਸਾਲਾਂ ਵਿਚ ਤਕਰੀਬਨ ਦੋ ਲੱਖ ਦੀ ਆਬਾਦੀ ਵਾਲਾ ਪੰਜਾਬ ਦਾ ਸਭ ਤੋਂ ਤੇਜ਼ੀ ਨਾਲ ਉਭਰਦਾ ਸ਼ਹਿਰ ਬਣ ਗਿਆ ਹੈ। ਚੰਡੀਗੜ੍ਹ ਦੇ ਨਾਲ ਵਸੇ ਜ਼ੀਰਕਪੁਰ ਵਿਚ ਕਿਸੇ ਸਮੇਂ ਹਰ ਪਾਸੇ ਹਰੇ ਭਰੇ ਖੇਤ ਨਜ਼ਰ ਆਉਂਦੇ ਸਨ ਪਰ ਹੁਣ ਇਮਾਰਤਾਂ ਹੀ ਦਿਸਦੀਆਂ ਹਨ। ਪੰਜਾਬ ਸਰਕਾਰ ਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਸ਼ਾਸਨਕ ਅਧਿਕਾਰੀ ਇਸ ਸ਼ਹਿਰ ਨੂੰ ਹਰਿਆਣਾ ਦੇ ਗੁੜਗਾਓਂ ਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਦੀ ਤਰਜ ‘ਤੇ ਵਿਕਸਤ ਕਰਨ ਦਾ ਦਾਅਵਾ ਕਰਦੇ ਹਨ। ਇਸ ਸ਼ਹਿਰ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸੂਬੇ ਦੇ ਕਈ ਵੱਡੇ ਸਿਆਸੀ ਆਗੂਆਂ ਤੇ ਅਫ਼ਸਰਾਂ ਦੀਆਂ ਨਾਮੀ ਤੇ ਬੇਨਾਮੀ ਜ਼ਮੀਨਾਂ ਹਨ। ਇਸ ਸ਼ਹਿਰ ਦਾ ਵਿਸਤਾਰ ਐਨੀ ਤੇਜ਼ੀ ਨਾਲ ਹੋਇਆ ਕਿ ਇਥੇ ਅਣਅਧਿਕਾਰਤ ਕਲੋਨੀਆਂ ਦੀ ਭਰਮਾਰ ਹੋ ਗਈ ਜਿਨ੍ਹਾਂ ਵਿਚ ਸਹੂਲਤਾਂ ਨਾਂ-ਮਾਤਰ ਹਨ। ਸੂਤਰਾਂ ਮੁਤਾਬਕ ਇਥੇ 125 ਰਿਹਾਇਸ਼ੀ ਕਲੋਨੀਆਂ ਵਿਚੋਂ ਸਿਰਫ਼ 12 ਕਲੋਨੀਆਂ ਹੀ ਅਧਿਕਾਰਤ ਹਨ ਜਦੋਂਕਿ ਬਾਕੀ 113 ਕਲੋਨੀਆਂ ਅਣਅਧਿਕਾਰਤ ਹਨ। ਸ਼ਹਿਰ ਵਿਚ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ।
ਜਾਣਕਾਰੀ ਅਨੁਸਾਰ ਜ਼ੀਰਕਪੁਰ ਤੇ ਇਸ ਦੇ ਇਰਦ ਗਿਰਦ ਵਸਣ ਵਾਲੇ ਲੋਕਾਂ ਦੀ ਲਗਾਤਾਰ ਵਧਦੀ ਗਿਣਤੀ ਨੂੰ ਵੇਖਦਿਆਂ ਸਾਲ 1999 ਵਿਚ ਪਿੰਡ ਜ਼ੀਰਕਪੁਰ ਵਿਚ ਆਲੇ-ਦੁਆਲੇ ਦੇ ਸੱਤ ਪਿੰਡ ਜ਼ੀਰਕਪੁਰ, ਢਕੋਲੀ, ਹਿੰਮਤਗੜ੍ਹ (ਢਕੋਲਾ), ਬਲਟਾਣਾ, ਲੋਹਗੜ੍ਹ, ਬਿਸ਼ਨਪੁਰਾ ਨੂੰ ਰਲਾ ਕੇ ਨਗਰ ਪੰਚਾਇਤ ਦਾ ਦਰਜਾ ਦਿੱਤਾ ਗਿਆ। 2007 ਵਿਚ ਇਸ ਨੂੰ ਨਗਰ ਕੌਂਸਲ ਤੇ 2009 ਵਿਚ ਇਸ ਨੇ ‘ਏ’ ਕਲਾਸ ਨਗਰ ਕੌਂਸਲ ਦਾ ਦਰਜਾ ਹਾਸਲ ਕਰ ਲਿਆ।
ਨਗਰ ਕੌਂਸਲ ਜ਼ੀਰਕਪੁਰ ਵਿੱਚ ਇਸ ਸਮੇਂ ਜ਼ੀਰਕਪੁਰ, ਢਕੋਲੀ, ਹਿੰਮਤਗੜ੍ਹ (ਢਕੋਲਾ), ਬਲਟਾਣਾ, ਲੋਹਗੜ੍ਹ, ਪੀਰ ਮੁਛੱਲਾ, ਭਬਾਤ, ਬਿਸ਼ਨਗੜ੍ਹ, ਬਿਸ਼ਨਪੁਰਾ, ਗਾਜੀਪੁਰ, ਕਿਸ਼ਨਪੁਰਾ, ਰਾਮਗੜ੍ਹ ਭੁੱਡਾ, ਸਿੰਘਪੁਰਾ, ਨਾਭਾ ਸਾਹਿਬ, ਦਿਆਲਪੁਰਾ ਪਿੰਡ ਸ਼ਾਮਲ ਹਨ ਅਤੇ ਸਨੌਲੀ, ਛੱਤ, ਬਾਜ਼ੀਗਰ ਬਸਤੀ ਸਮੇਤ ਹੋਰ ਪਿੰਡ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ‘ਤੇ ਸਥਿਤ ਜ਼ੀਰਕਪੁਰ ਪਹਿਲਾਂ ਜ਼ਿਲ੍ਹਾ ਪਟਿਆਲਾ ਦਾ ਛੋਟਾ ਜਿਹਾ ਪਿੰਡ ਸੀ ਜਿਸ ਨੂੰ ਬਾਅਦ ਵਿਚ ਨਵੇਂ ਬਣੇ ਜ਼ਿਲ੍ਹਾ ਮੁਹਾਲੀ ਵਿਚ ਸ਼ਾਮਲ ਕਰ ਦਿੱਤਾ ਗਿਆ। ਜ਼ੀਰਕਪੁਰ ਪਹਿਲਾਂ ਬਨੂੜ ਹਲਕੇ ਅਧੀਨ ਆਉਂਦਾ ਸੀ ਤੇ ਸਾਲ 2010 ਦੀ ਨਵੀਂ ਹਲਕਾਬੰਦੀ ਦੌਰਾਨ ਇਸ ਨੂੰ ਨਵੇਂ ਹਲਕੇ ਡੇਰਾਬਸੀ ਵਿਚ ਸ਼ਾਮਲ ਕਰ ਦਿੱਤਾ ਗਿਆ।
Leave a Reply