ਉੱਘੇ ਫ਼ਿਲਮਕਾਰ ਸ਼ਿਆਮ ਬੈਨੇਗਲ ਦਾ ਦਿਹਾਂਤ

ਮੁੰਬਈ: ਮਸ਼ਹੂਰ ਫ਼ਿਲਮਕਾਰ ਸ਼ਿਆਮ ਬੈਨੇਗਲ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਬੈਨੇਗਲ ਦੀ ਬੇਟੀ ਪੀਆ ਬੈਨੇਗਲ ਨੇ ਇਹ ਜਾਣਕਾਰੀ ਦਿੱਤੀ।

ਬੈਨੇਗਲ ਨੂੰ 1970 ਤੇ 1980 ਦੇ ਦਹਾਕੇ ਵਿਚ ‘ਅੰਕੁਰ’, ‘ਨਿਸ਼ਾਂਤ’ ਅਤੇ ‘ਮੰਥਨ’ ਵਰਗੀਆਂ ਫਿਲਮਾਂ ਰਾਹੀਂ ਭਾਰਤੀ ਸਿਨੇਮਾ ਵਿਚ ਸਮਾਨੰਤਰ ਸਿਨੇਮਾ ਨੂੰ ਪੇਸ਼ ਕਰਨ ਦਾ ਸਿਹਰਾ ਜਾਂਦਾ ਹੈ। ਪੀਆ ਬੈਨੇਗਲ ਨੇ ਦੱਸਿਆ ਕਿ ਗੁਰਦੇ ਦੀ ਗੰਭੀਰ ਬਿਮਾਰੀ ਕਾਰਨ ਉਸ ਦੇ ਪਿਤਾ ਦਾ ਮੁੰਬਈ ਦੇ ਵੋਕਹਾਰਟ ਹਸਪਤਾਲ ਵਿਚ ਸ਼ਾਮ 6.38 ਵਜੇ ਦਿਹਾਂਤ ਹੋਇਆ। ਆਪਣੇ ਸ਼ਾਨਦਾਰ ਕਰੀਅਰ ਵਿਚ ਬੈਨੇਗਲ ਨੇ ‘ਭਾਰਤ ਏਕ ਖੋਜ’ ਅਤੇ ‘ਸੰਵਿਧਾਨ’ ਸਮੇਤ ਵਿਭਿੰਨ ਮੁੱਦਿਆਂ ‘ਤੇ ਫ਼ਿਲਮਾਂ, ਦਸਤਾਵੇਜ਼ੀ ਤੇ ਟੈਲੀਵਿਜ਼ਨ ਸੀਰੀਅਲ ਬਣਾਏ।
ਉਨ੍ਹਾਂ 14 ਦਸੰਬਰ ਨੂੰ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ । ਬੈਨੇਗਲ ਆਪਣੇ ਪਿੱਛੇ ਪਤਨੀ ਨੀਤਾ ਬੈਨੇਗਲ ਤੇ ਬੇਟੀ ਪੀਆ ਬੈਨੇਗਲ ਛੱਡ ਗਏ ਹਨ।