ਸਿੱਖੀ ਸ਼ਹਾਦਤਾਂ ਨੂੰ ਸਮਰਪਿਤ: ਕਕਰੀਲੀਆਂ ਰਾਤਾਂ ਦਾ ਦਰਦ-ਨਾਮਾ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਸਿੱਖ ਇਤਿਹਾਸ ਵਿਚ ਪੋਹ ਮਾਘ ਦੀਆਂ ਕਕਰੀਲੀਆਂ ਰਾਤਾਂ ਦਾ ਜ਼ਿਕਰ ਬਹੁਤ ਅਹਿਮ। ਇਨ੍ਹਾਂ ਰਾਤਾਂ ਵਿਚ ਸਿੱਖ ਇਤਿਹਾਸ ਸ਼ਹਾਦਤਾਂ ਦੇ ਰੰਗ ਵਿਚ ਰੰਗਿਆ ਗਿਆ। ਇਨ੍ਹਾਂ ਰਾਤਾਂ ਵਿਚੋਂ ਹੀ ਇਹ ਜੱਗ ਜ਼ਾਹਿਰ ਹੋਇਆ ਕਿ ਜਿੰLਦਾ ਦਿਲ ਕੌਮਾਂ ਇੰਝ ਹੀ ਆਪਣੇ ਖ਼ੂਨ ਨਾਲ ਇਤਿਹਾਸ ਲਿਖਦੀਆਂ। ਇਹ ਯੱਖ ਰਾਤਾਂ ਸੀਨਿਆਂ ਵਿਚਲੀ ਮਘਦੀ ਜਵਾਲਾ ‘ਚ ਪਿਘਲ ਗਈਆਂ।

ਸਿੱਖਾਂ ਦੇ ਜੋਸ਼ ਤੇ ਜਜ਼ਬੇ ਸਾਹਵੇਂ ਨਤਮਸਤਕ ਹੋਈਆਂ। ਇਨ੍ਹਾਂ ਰਾਤਾਂ ਵਿਚਲੀਆਂ ਰਾਹਾਂ ਨੂੰ ਸਿੱਖੀ ਸੋਚ ਨੇ ਰੁਸ਼ਨਾਇਆ ਅਤੇ ਸ਼ਹਾਦਤਾਂ ਦਾ ਨਿਵੇਕਲਾ ਅਤੇ ਅਲੋਕਾਰੀ ਸਫ਼ਰ ਸ਼ੁਰੂ ਹੋਇਆ। ਇਸ ਸਫ਼ਰ ਵਿਚ ਇਹ ਵੀ ਸਾਬਤ ਹੋਇਆ ਕਿ ਸਰਬੰਸ ਦਾਨੀ ਬਣਨ ਲਈ ਸਾਰੇ ਪਰਿਵਾਰ ਨੂੰ ਵਾਰ ਕੇ ਰੱਬ ਦਾ ਸ਼ੁਕਰਾਨਾ ਕਰਨ ਦਾ ਵੱਲ ਆਉਣਾ ਚਾਹੀਦੈ।
ਕਕਰੀਲੀਆਂ ਰਾਤਾਂ ਵਿਚ ਸਭ ਤੋਂ ਪਹਿਲੀ ਉਹ ਰਾਤ ਸੀ ਜਦ ਗੁਰੂ ਗੋਬਿੰਦ ਸਿੰਘ ਨੇ ਚਾਲੀ ਸਿੱਖਾਂ ਵੱਲੋਂ ਬੇਦਾਵਾ ਦੇਣ ਅਤੇ ਲੰਮੀ ਘੇਰਾਬੰਦੀ ਤੋਂ ਬਾਅਦ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫ਼ੈਸਲਾ ਕੀਤਾ। ਕਿਲ੍ਹੇ ‘ਚੋਂ ਬਾਹਰ ਪੈਰ ਪੁੱਟਦਿਆਂ ਸਾਰ ਹੀ ਰਾਤ ਨੇ ਆਪਣਾ ਕਹਿਰਾਨਾ ਰੰਗ ਦਿਖਾਇਆ ਜਦ ਮੁਗ਼ਲ ਫ਼ੌਜਾਂ ਨੇ ਆਪਣੀਆਂ ਖਾਧੀਆਂ ਕਸਮਾਂ ਅਤੇ ਕੀਤੇ ਵਾਅਦਿਆਂ ਨੂੰ ਤੋੜ ਸਿੱਖਾਂ ਦੀ ਵਹੀਰ ‘ਤੇ ਹਮਲਾ ਕਰ ਦਿੱਤਾ। ਉਸ ਰਾਤ ਨੇ ਦੇਖਿਆ ਹੋਣਾ ਗੁਰੂ ਜੀ ਸਮੇਤ ਸਿੱਖਾਂ ਦੇ ਨੈਣਾਂ ਵਿਚਲਾ ਦ੍ਰਿਸ਼ ਕਿ ਆਪਣਾ ਘਰ ਛੱਡ ਕੇ ਬੇਘਰ ਹੋਣਾ ਕਿੰਨਾ ਅਸਹਿ ਅਤੇ ਦਰਦੀਲਾ ਹੁੰਦੈ। ਸਿੱਖ ਯੋਧਿਆਂ ਨੇ ਮੁਗ਼ਲ ਫ਼ੌਜਾਂ ਨੂੰ ਦਲੇਰੀ ਨਾਲ ਪਛਾੜਦਿਆਂ ਰਾਤ ਨੂੰ ਵੀ ਦਿਖਾ ਦਿੱਤਾ ਹੋਣਾ ਕਿ ਸਿੱਖ ਕਿਸ ਮਿੱਟੀ ਦੇ ਬਣੇ ਦਲੇਰੀ ਦਾ ਸਿਰਨਾਵਾਂ ਹਨ ਕਿ ਉਹ ਭੁੱਖਣਭਾਣੇ ਵੀ ਵੈਰੀਆਂ ਨੂੰ ਪਛਾੜ, ਆਪਣਾ ਸਫ਼ਰ ਜਾਰੀ ਰੱਖ ਸਕਦੇ। ਉਸ ਰਾਤ ਨੂੰ ਸ਼ਾਇਦ ਹੁਣ ਤੀਕ ਵੀ ਯਾਦ ਹੋਵੇਗੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਿੱਖਾਂ ਦੀ ਤੋਰ ਵਿਚਲੀ ਮੜਕ ਕਿ ਸ਼ੇਰ ਕੌਮਾਂ ਕਦੇ ਵੀ ਗਿੱਦੜ ਭਬਕੀਆਂ ਤੋਂ ਨਹੀਂ ਤ੍ਰਿਹੰਦੀਆਂ। ਉਨ੍ਹਾਂ ਦੇ ਕਦਮਾਂ ਵਿਚ ਉੱਗਿਆ ਸਫ਼ਰ ਹੀ ਉਨ੍ਹਾਂ ਦੀਆਂ ਮੰਜ਼ਲਾਂ ਨਿਸ਼ਚਿਤ ਕਰਦਾ।
ਸਿਆਲ ਦੀ ਉਹ ਕੇਹੀ ਰਾਤ ਸੀ ਜਦ ਬਾਰਸ਼ ਦਾ ਕਹਿਰ ਅਤੇ ਸਰਸਾ ਨਦੀ ਦੇ ਪਾਣੀ ਦਾ ਉਛਾਲ ਸਿੱਖਾਂ ਦੀ ਦ੍ਰਿੜ੍ਹਤਾ ਪਰਖਣ ਲਈ ਕਾਹਲਾ ਸੀ। ਨਦੀ ਦੀ ਹਠੀਲੀਆਂ ਅਤੇ ਮੂੰਹ-ਜ਼ੋਰ ਲਹਿਰਾਂ ਜਦ ਸਿੱਖਾਂ ਦੇ ਹਠ ਨਾਲ ਟਕਰਾਈਆਂ ਤਾਂ ਉਹ ਠਠੰਬਰ ਗਈਆਂ ਅਤੇ ਸਿੱਖਾਂ ਨੂੰ ਰਾਹ ਦੇ ਦਿੱਤਾ। ਭਾਵੇਂ ਸਰਸਾ ਨਦੀ ਵਿਚ ਉਸ ਰਾਤ ਨੂੰ ਬਹੁਤ ਸਾਰੇ ਹੱਥ ਲਿਖਤ ਗ੍ਰੰਥ ਅਤੇ ਸਿੱਖਾਂ ਦੀਆਂ ਅਨਮੋਲ ਨਿਸ਼ਾਨੀਆਂ ਵਹਿ ਗਈਆਂ ਪਰ ਨਦੀ ਸਿੱਖਾਂ ਦੇ ਹੌਸਲੇ ਤੇ ਹਠ ਦੇ ਆਵੇਗ ਨੂੰ ਠੱਲ੍ਹ ਨਾ ਸਕੀ।
ਇਸ ਰਾਤ ਦਾ ਸਭ ਤੋਂ ਵੱਡਾ ਕਹਿਰੀਲਾ ਦੁਖਾਂਤ ਸੀ ਗੁਰੂ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਵਿਚ ਵੰਡੇ ਜਾਣਾ ਅਤੇ ਵੱਖ ਵੱਖ ਦਿਸ਼ਾਵਾਂ ਨੂੰ ਤੁਰ ਪੈਣਾ। ਦਰਅਸਲ ਇਹ ਵਿਛੜਨਾ ਹੀ ਸਿੱਖੀ ਇਤਿਹਾਸ ਦੇ ਪੰਨਿਆਂ ਦਾ ਉਹ ਸੁਰਖ਼ ਪੰਨਾ ਬਣਨਾ ਸੀ ਜਿਸ ਨੂੰ ਪੜ੍ਹ ਕੇ ਹਰ ਸਿੱਖ ਦੇ ਮਨ ਵਿਚ ਰੋਹ ਅਤੇ ਸੋਚ ਵਿਚ ਸ਼ਹੀਦਾਂ ਪ੍ਰਤੀ ਅਕੀਦਤ ਨੇ ਜਨਮ ਲੈਣਾ ਸੀ। ਇਸ ਰਾਤ ਵਿਚ ਪਿਆ ਵਿਛੋੜਾ ਹੀ ਦਰਅਸਲ ਗੁਰੂ ਗੋਬਿੰਦ ਸਿੰਘ ਜੀ, ਉਸ ਦੇ ਪਰਿਵਾਰ ਅਤੇ ਸਿੱਖਾਂ ਲਈ ਪਰਖ ਦੀ ਘੜੀ ਸੀ ਜਿਸ ਨੇ ਸਿੱਖੀ ਸਿਧਾਂਤਾਂ ਪ੍ਰਤੀ ਸਿੱਖਾਂ ਦੀ ਨਿਸ਼ਠਾ ਅਤੇ ਬਹਾਦਰੀ ਦੇ ਕਿੱਸਿਆਂ ਨੂੰ ਲਿਖਣਾ ਸੀ। ਇਸ ਰਾਤ ਤੋਂ ਬਾਅਦ ਸਰਹਿੰਦ ਅਤੇ ਚਮਕੌਰ ਸਾਹਿਬ ਵਿਚ ਵਾਪਰੀਆਂ ਦਰਦਨਾਕ ਘਟਨਾਵਾਂ ਨੂੰ ਕਲਮਬੰਦ ਕਰਦਿਆਂ ਯਾਰ ਅੱਲ੍ਹਾ ਖਾਂ ਜੋਗੀ ਦੇ ਨੈਣਾਂ ਵਿਚ ਵਗਦੇ ਹੰਝੂਆਂ ਨੇ ਹੀ ਸਿਆਹੀ ਬਣ ਕੇ ਵਰਕਿਆਂ ‘ਤੇ ਫੈਲਣਾ ਸੀ।
ਇਸ ਰਾਤ ਵਿਚੋਂ ਹੀ ਉਸ ਰਾਤ ਦਾ ਆਗਮਨ ਹੋਇਆ ਜਦ ਗੁਰੂ ਗੋਬਿੰਦ ਸਿੰਘ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਮੇਤ ਕੁਝ ਸਿੱਖਾਂ ਨਾਲ ਚਮਕੌਰ ਦੀ ਕੱਚੀ ਗੜੀ ਵਿਚ ਸ਼ਰਨ ਲੈਣੀ ਅਤੇ ਪਿੱਛਾ ਕਰ ਰਹੀ ਮੁਗ਼ਲ ਫ਼ੌਜ ਨੂੰ ਸਾਹਵੇਂ ਹੋ ਕੇ ਟੱਕਰਨਾ ਸੀ। ਇਸ ਰਾਤ ਵਿਚੋਂ ਹੀ ਕੱਚੀ ਗੜੀ ਦੇ ਦੁਆਲੇ ਪਏ ਘੇਰੇ ਵਿਚ ਵੀ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਕੁਝ ਕੁ ਸਿੱਖਾਂ ਨੇ ਇਹ ਵੀ ਦਰਸਾਉਣਾ ਸੀ ਕਿ ‘ਕੱਲਾ ‘ਕੱਲਾ ਸਿੱਖ ਕਿਵੇਂ ਸਵਾ ਲੱਖ ਦਾ ਮੁਕਾਬਲਾ ਕਰ ਸਕਦੈ? ਕਿਵੇਂ ਕੋਈ ਬਾਪ ਆਪਣੇ ਨੌਜਵਾਨ ਪੁੱਤਰਾਂ ਨੂੰ ਸਿੱਖਾਂ ਵਾਂਗ ਤਿਆਰ ਬਰ ਤਿਆਰ ਕਰ ਜੰਗੇ ਮੈਦਾਨ ਵਿਚ ਤੋਰ, ਉਨ੍ਹਾਂ ਦੀ ਦਲੇਰੀ ਅਤੇ ਜੰਗਜੂ ਬਿਰਤੀ ਨੂੰ ਸਾਹਮਣੇ ਦੇਖਦਿਆਂ, ਸ਼ਹਾਦਤ ਨੂੰ ਅੱਖਾਂ ਸਾਹਵੇਂ ਦ੍ਰਿਸ਼ਟਮਾਨ ਕਰ ਸਕਦੈ? ਇਸ ਰਾਤ ਨੇ ਉਹ ਵੀ ਦ੍ਰਿਸ਼ ਦੇਖਿਆ ਹੋਵੇਗਾ ਜਦ ਗੁਰੂ ਜੀ ਨੇ ਪਿਆਰੇ ਸਿੱਖਾਂ ਅਤੇ ਸਾਹਿਬਜ਼ਾਦਿਆਂ ਦੀ ਮੈਦਾਨੇ ਜੰਗ ਵਿਚ ਦਿਖਾਈ ਬਹਾਦਰੀ ਅਤੇ ਤੀਰਾਂ ਨਾਲ ਵਿੰਨ੍ਹੀਂ ਹਿੱਕ ਨੂੰ ਦੇਖ ਕੇ ਖ਼ੁਦਾ ਦਾ ਸ਼ੁਕਰ ਕੀਤਾ ਹੋਵੇਗਾ। ਬੇਕਫ਼ਨੇ ਸਿੰਘਾਂ ਅਤੇ ਸਿੱਖਾਂ ਦੀਆਂ ਲਾਸ਼ਾਂ ‘ਤੇ ਕਫ਼ਨ ਪਾਉਣ ਅਤੇ ਇਨ੍ਹਾਂ ਨੂੰ ਆਪਣੇ ਵਿਚ ਸਮਾਉਣ ਲਈ ਕੁਦਰਤ ਨੂੰ ਅਰਦਾਸ ਕੀਤੀ ਹੋਵੇਗੀ।
ਰਾਤ ਨੇ ਇਹ ਵੀ ਜ਼ਰੂਰ ਅੱਖੀਂ ਦੇਖਿਆ ਹੋਵੇਗਾ ਕਿ ਗੁਰੂ ਪਾਤਸ਼ਾਹ ਸਿੱਖਾਂ ਦੇ ਹੁਕਮਨਾਮੇ ਸਾਹਵੇਂ ਸਿਰ ਝੁਕਾਉਂਦਿਆਂ ਅਤੇ ਜ਼ੁਲਮ ਖ਼ਿਲਾਫ਼ ਜੰਗ ਜਾਰੀ ਰੱਖਣ ਲਈ ਗੜੀ ਵਿਚੋਂ ਨਿਕਲਦਿਆਂ ਲਲਕਾਰਾ ਮਾਰਿਆ ਹੋਵੇਗਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਕਿਉਂਕਿ ਮਰਦ ਦਲੇਰ ਕਦੇ ਵੀ ਲੁੱਕ ਛਿਪ ਕੇ ਮੈਦਾਨ ਨਹੀਂ ਛੱਡਦੇ। ਲਲਕਾਰਾ ਸੁਣ ਕੇ ਬਿਰਖਾਂ ਤੋਂ ਉੱਡੇ ਪੰਛੀਆਂ ਦੇ ਪਰਾਂ ਦੇ ਸੰਗੀਤ ਵਿਚ ਕੁਦਰਤ ਨੇ ਗੁਰੂ ਜੀ ਦੀ ਬਹਾਦਰੀ ਅਤੇ ਦਲੇਰੀ ਦੀ ਉਸਤਤੀ ਵਿਚ ਗੁਣਗੁਣਾਇਆ ਹੋਵੇਗਾ।

ਉਸ ਕਕਰੀਲੀ ਰਾਤ ਨੂੰ ਕੇਹਾ ਆਲਮ ਹੋਵੇਗਾ
ਜਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਨੂੰ ਤੁਰਨ ਲੱਗਿਆਂ
ਕੱਚੀ ਗੜੀ ਨੂੰ ਨਦਰਿ ਨਿਹਾਲ ਕੀਤਾ ਹੋਵੇਗਾ
ਜਿਸ ਨੇ ਕੱਚੀ ਹੋ ਕੇ ਵੀ ਪੱਕੀ ਵਰਗਾ ਸਾਥ ਨਿਭਾਇਆ।

ਉਨ੍ਹਾਂ ਦੇ ਲਲਕਾਰੇ ਨਾਲ
ਹਵਾ ਤਾਂ ਹੁਲਾਸੀ ਗਈ ਹੋਵੇਗੀ
ਦਰਖ਼ਤਾਂ ਚੌਰ ਕੀਤਾ ਹੋਵੇਗਾ
ਪਰਿੰਦਿਆਂ ਸੋਹਲੇ ਗਾਏ ਹੋਣਗੇ
ਚਾਨਣੀ ਪੈਰੀਂ ਵਿਛੀ ਹੋਵੇਗੀ
ਅਤੇ ਨੰਗੇ ਪੈਰਾਂ ਦੀ ਛੋਹ ਨਾਲ
ਸਰੂਰਿਆ ਗਿਆ ਹੋਵੇਗਾ ਜੰਗ ਦਾ ਮੈਦਾਨ।

ਤੁਰਿਆ ਜਾਂਦਾ ਗੁਰ-ਬਾਬਾ
ਸਾਹਿਬਜ਼ਾਦਿਆਂ ਤੇ ਸਿੰਘਾਂ ਦੀਆਂ ਬੇਕਫ਼ਨੀਆਂ ਲਾਸ਼ਾਂ ਨਿਹਾਰਦਾ
ਹਿੱਕ ਤੇ ਲੱਗੇ ਫੱਟ ਅਤੇ ਸੀਨੇ ‘ਚ ਖੁੱਭੇ ਤੀਰ ਗਿਣਦਾ
ਲਾਡਲਿਆਂ ਦੇ ਚਿਹਰਿਆਂ ‘ਚੋਂ
ਸ਼ਹਾਦਤ ਦਾ ਸ਼ੁਕਰਾਨਾ ਤਾਂ ਜ਼ਰੂਰ ਪੜ੍ਹਦਾ ਹੋਵੇਗਾ
ਤੇ ਫਿਰ ਅਸਮਾਨ ਵੱਲ ਦੇਖਿਆ ਹੋਵੇਗਾ
ਤਾਂ ਹੀ ਉਨ੍ਹਾਂ ਮਾਛੀਵਾੜੇ ਵਿਚ ਪਰਵਰਦਿਗਾਰ ਨੂੰ ਪਰਵਾਰ ਹੁੰਦਿਆਂ,
‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਉਚਾਰਿਆ ਸੀ।

ਗੁਰੂ ਜੀ ਨੂੰ ਤੁਰੇ ਜਾਂਦਿਆਂ ਦੇਖ ਕੇ
ਤਾਰੇ ਜ਼ਰੂਰ ਰਸ਼ਕ ਕਰਦੇ ਹੋਣਗੇ
ਕਿ
ਕੇਹਾ ਕਮਾਲ!
ਪੁੱਤ ਤੇ ਸਿੰਘ ਵਾਰ ਕੇ ਵੀ
ਚਿਹਰੇ ‘ਤੇ ਜਲਾਲ।

ਉਨ੍ਹਾਂ ਦੀ ਪੈੜਚਾਲ ਦੀ ਰਾਗਣੀ ‘ਚ
ਰਾਤ ਦੀ ਚੁੱਪ ਨੇ ਗੁਰ-ਉਸਤਤ ਦਾ ਗੀਤ ਗਾਇਆ ਹੋਵੇਗਾ
ਤੇ ਉਹ ਕਕਰੀਲੀ ਰਾਤ ਸਦੀਆਂ ਤੀਕ
ਖ਼ੁਦ ਨੂੰ ਵਡਿਆਉਂਦੀ ਰਹੇਗੀ
ਕਿ ਰਾਤ ਦੇ ਪਿੰਡੇ ‘ਤੇ ਇਤਿਹਾਸ ਇੰਝ ਵੀ ਲਿਖਿਆ ਜਾਂਦਾ।

ਕਕਰੀਲੀਆਂ ਰਾਤਾਂ ਵਿਚੋਂ ਹੀ ਉੱਗੀ ਸੀ ਖਿਦਰਾਣੇ ਦੀ ਢਾਬ ਹੋਈ ਗਹਿਗੱਚ ਲੜਾਈ ਜਿਸ ਵਿਚ ਬੇਦਾਵਾ ਦੇ ਕੇ ਆਏ ਸਿੰਘਾਂ ਨੇ ਗੁਰੂ ਕੋਲੋਂ ਭੁੱਲ ਬਖ਼ਸ਼ਾਉਣ ਲਈ ਮਾਈ ਭਾਗੋ ਦੀ ਕਮਾਨ ਹੇਠ ਮੁਗ਼ਲ ਫ਼ੌਜਾਂ ਨੂੰ ਇਹ ਦਰਸਾ ਦਿੱਤਾ ਕਿ ਸਿੰਘਾਂ ਦੀ ਦਲੇਰ ਕੌਮ ਸ਼ੇਰਾਂ ਦੀ ਕੌਮ ਹੈ। ਉਹ ਆਪਣੇ ਗੁਰੂ ਦੇ ਅਕੀਦੇ ਲਈ ਜਾਨ ਕੁਰਬਾਨ ਕਰਨ ਲੱਗਿਆ ਪਲ ਵੀ ਨਹੀਂ ਲਾਉਂਦੇ। ਉਹ ਕੇਹਾ ਦ੍ਰਿਸ਼ ਹੋਵੇਗਾ ਜਦ ਜੰਗ ਦੇ ਲਹੂ ਰੱਤੇ ਮੈਦਾਨ ਵਿਚ ਆਖ਼ਰੀ ਸਾਹ ਲੈ ਰਹੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿਚ ਲੈ ਕੇ ਗੁਰੂ ਜੀ ਨੇ ਦੁਲਾਰਦਿਆਂ ਉਸ ਦੀ ਆਖ਼ਰੀ ਇੱਛਾ ਦੀ ਪੂਰਤੀ ਲਈ ਕਮਰਕੱਸੇ ਵਿਚੋਂ ਬੇਦਾਵੇ ਨੂੰ ਕੱਢ ਕੇ ਪਾੜਿਆ ਹੋਵੇਗਾ। ਟੁੱਟੀ ਗੰਢੀ ਦਾ ਵਰਦਾਨ ਆਪਣੇ ਚਾਲੀ ਮੁਕਤਿਆਂ ਦੇ ਨਾਮ ਕਰਕੇ, ਸਾਬੋ ਕੀ ਤਲਵੰਡੀ ਵੱਲ ਨੂੰ ਚਾਲੇ ਪਾਏ ਹੋਣਗੇ।
ਯਾਦ ਰਹੇ ਕਿ ਬੜਾ ਸਹਿਜ ਹੁੰਦੈ ਕਿਸੇ ਬੇਇਤਬਾਰੇ ‘ਤੇ ਯਕੀਨ ਨਾ ਕਰਨਾ। ਪਰ ਬੜਾ ਅਸਹਿਜ ਸੀ ਕੁਰਾਨ ਦੀ ਝੂਠੀ ਕਸਮ ‘ਤੇ ਇਤਬਾਰ ਕਰਕੇ ਆਪਣੇ ਘਰ ਨੂੰ ਅਲਵਿਦਾ ਕਹਿ ਦੇਣਾ।
ਬੜਾ ਸਹਿਜ ਹੁੰਦਾ ਬਿਫਰੇ ਪਾਣੀਆਂ ਨੂੰ ਦੇਖ ਕੇ ਸਹਿਮ ਜਾਣਾ। ਪਰ ਬੜਾ ਅਸਹਿਜ ਸੀ ਵਹਿੰਦੀ ਮੌਤ ਨੂੰ ਗਲਵੱਕੜੀ ਪਾਉਣ ਲਈ ਲਹਿਰਾਂ ਦੀ ਹਿੱਕ ‘ਤੇ ਤੈਰ ਜਾਣਾ।
ਬੜਾ ਸਹਿਜ ਹੁੰਦਾ ਗੜ੍ਹੀ ਦੀਆਂ ਕੱਚੀਆਂ ਕੰਧਾਂ ‘ਚੋਂ ਆਪਣੇ ਮਰਸੀਏ ਦੇ ਨਕਸ਼ ਚਿਤਾਰਨੇ। ਪਰ ਬੜਾ ਅਸਹਿਜ ਸੀ ਕੱਚੀ ਗੜੀ ਨੂੰ ਬਕਤਰਬੰਦ ਬਣਾ ਕੇ ਦੁਸ਼ਮਣ ਲਈ ਲਲਕਾਰ ਬਣ ਜਾਣਾ।
ਬੜਾ ਸਹਿਜ ਹੁੰਦਾ ਚੁਫੇਰੇ ਦਨਦਨਾਉਂਦੀ ਮੌਤ ਸਾਹਵੇਂ ਖੌਫ਼ਜ਼ਦਾ ਹੋ ਜਾਣਾ । ਪਰ ਬੜਾ ਅਸਹਿਜ ਸੀ ਜਾਨ ਤੋਂ ਵੀ ਵੱਧ ਪਿਆਰਿਆਂ ਦਾ ਅੱਖਾਂ ਸਾਹਵੇਂ ਨੇਜ਼ਿਆਂ ਅਤੇ ਬਰਛਿਆਂ ਵਿਚ ਪਰੋਏ ਜਾਣਾ। ਬੜਾ ਸਹਿਜ ਹੁੰਦਾ ਆਪਣਿਆਂ ਦੀਆਂ ਲਾਸ਼ਾਂ ‘ਤੇ ਅੱਗ ਦੇ ਕੀਰਨੇ ਪਾਉਣਾ। ਪਰ ਬੜਾ ਅਸਹਿਜ ਸੀ ਆਪਣਿਆਂ ਦੀਆਂ ਬੇਕੱਫਣ ਲਾਸ਼ਾਂ ਵਿਚੋਂ ਭਾਣੇ ‘ਚ ਰਹਿੰਦਿਆਂ ਗੁਜਰ ਜਾਣਾ।
ਬੜਾ ਅਸਹਿਜ ਹੁੰਦਾ ਸੀਨੇ ‘ਚ ਲੱਗੇ ਜ਼ਖ਼ਮਾਂ ਦੀ ਚੀਸ ਨਾਲ ਕੁਰਲਾਉਣਾ। ਪਰ ਬੜਾ ਸਹਿਜ ਸੀ ਟਿੰਡ ਦਾ ਸਿਰਹਾਣਾ ਲੈ ਠਰੀ ਰਾਤੇ ‘ਮਿੱਤਰ ਪਿਆਰੇ ਨੂੰ..‘ ਗੁਣਗੁਣਾਉਣਾ।
ਬੜਾ ਸਹਿਜ ਹੁੰਦਾ ਹਾਕਮ ਦੇ ਘੇਰੇ ‘ਚੋਂ ਨਿਕਲਣ ਲੱਗਿਆਂ ਡਰ ਜਾਣਾ। ਪਰ ਬੜਾ ਅਸਹਿਜ ਸੀ ਉੱਚ ਦਾ ਪੀਰ ਬਣ ਕੇ ਦੁਸ਼ਮਣਾਂ ਦੀ ਅੱਖੀਂ ਘੱਟਾ ਪਾਉਣਾ ਬੜਾ ਸਹਿਜ ਹੁੰਦਾ ਆਪਣੀਆਂ ਆਂਦਰਾਂ ਦੀ ਵਿਦਾਇਗੀ ‘ਤੇ ਅੱਥਰੂਆਂ ‘ਚ ਭਿੱਜ ਜਾਣਾ। ਪਰ ਬੜਾ ਸਹਿਜ ਸੀ, ਅਲੂੰਏਂ ਫੁੱਲਾਂ ਦੇ ਮਰੁੰਡੇ ਜਾਣ ‘ਤੇ ਜ਼ੁਲਮ ਨੂੰ ਧਰਤੀ ਤੋਂ ਮਿਟਾਉਣ ਦੀ ਕਸਮ ਖਾਣਾ।
ਬੜਾ ਸਹਿਜ ਹੁੰਦਾ ਹੈ ਮਾਸੂਮਾਂ ਦੀ ਰੱਤ ਨਾਲ ਲਿੱਬੜੇ ਹੱਥਾਂ ਨੂੰ ਸਦਾ ਲਈ ਪਤਾਲ ‘ਚ ਦਫ਼ਨਾ ਦੇਣਾ। ਪਰ ਬੜਾ ਅਸਹਿਜ ਸੀ ਆਪਣੇ ਮਨ ਨੂੰ ਹਰਫ਼ਾਂ ਦੇ ਹਵਾਲੇ ਕਰ ‘ਜ਼ਫ਼ਰਨਾਮਾ’ ਦੀ ਰਚਨਾ ਕਰਨਾ। ਬੜਾ ਸਹਿਜ ਹੁੰਦਾ ਭੀੜ ਪੈਣ ‘ਤੇ ਬੇਵਫ਼ਾ ਹੋਇਆਂ ਨੂੰ ਸਦਾ ਲਈ ਸੋਚ ‘ਚੋਂ ਮਨਫ਼ੀ ਕਰ ਦੇਣਾ। ਪਰ ਬੜਾ ਅਸਹਿਜ ਸੀ ਹਿੱਕ ਨਾਲ ਲਾ, ਹੱਥੀਂ ਬੇਦਾਵਾ ਪਾੜ ਕੇ ਖ਼ਿਤਾਬਾਂ ਦੀ ਬਖਸ਼ਿਸ ਕਰਨਾ।
ਬੜਾ ਸਹਿਜ ਹੁੰਦਾ ਪੀੜਾ ‘ਚੋਂ ਕਿਰਪਾਨਾਂ, ਬੰਦੂਕਾਂ ਅਤੇ ਬਦਲੇ ਦੀ ਕਾਸ਼ਤ ਕਰਨਾ। ਪਰ ਬੜਾ ਅਸਹਿਜ ਸੀ ਕਲਮਾਂ ਦੀ ਭਰਵੀਂ ਫ਼ਸਲ ਨਾਲ ਜ਼ਾਲਮ ਨੂੰ ਕੀਤੇ ਦਾ ਅਹਿਸਾਸ ਕਰਵਾਉਣਾ। ਅਸੀਂ ਸਾਰੇ ਹਾਂ ਸਹਿਜ ਵਰਤਾਰੇ ਦੀ ਪ੍ਰਯੋਗਸ਼ਾਲਾ ਪਰ ਸੰਤ ਸਿਪਾਹੀ ਸਨ ਅਸਹਿਜਤਾ ਦੀ ਅਧਾਰ ਸਿਲਾ।
ਕਕਰੀਲੀਆਂ ਰਾਤਾਂ ਵਿਚੋਂ ਸਭ ਤੋਂ ਭਿਆਨਕ ਅਤੇ ਦਰਦਵੰਤਾ ਸੀ ਮਾਤਾ ਗੁਜਰੀ ਦਾ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਨਾਲ ਸਰਸਾ ਨਦੀ ਦੇ ਕੰਢੇ ‘ਤੇ ਪਰਿਵਾਰ ਨਾਲੋਂ ਵਿਛੜਨਾ। ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਮੋਰਿੰਡੇ ਵੱਲ ਨੂੰ ਚਾਲੇ ਪਾਉਣਾ। ਸੀਤ ਹਵਾਵਾਂ ਨੇ ਉਸ ਰਾਤ ਜ਼ਰਾ ਵੀ ਰਹਿਮ ਨਾ ਕੀਤਾ। ਇਹ ਛੋਟੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਂ ਲਈ ਔਖੇ ਇਮਤਿਹਾਨ ਦਾ ਸਮਾਂ ਸੀ। ਰਾਤ ਦੇ ਕਹਿਰ ਨੂੰ ਵੰਗਾਰਦਿਆਂ ਆਪਣੀ ਤੋਰੇ ਤੁਰੇ ਜਾਣਾ, ਸਿੱਖ ਇਤਿਹਾਸ ਦਾ ਅਜੇਹਾ ਪੰਨਾ ਹੈ ਜਿਸ ਨੂੰ ਪੜ੍ਹ ਸੁਣ ਕੇ ਹਰ ਅੱਖ ਨਮ ਹੋ ਜਾਂਦੀ, ਸੋਚ ਸੁੰਨ ਹੋ ਜਾਂਦੀ ਅਤੇ ਮਨ ਵੈਰਾਗ ਨਾਲ ਭਰ ਜਾਂਦਾ ਅਤੇ ਚਿੱਤ ਹਤਾਸ਼ ਹੋ ਜਾਂਦਾ।
ਉਹ ਕੇਹੀ ਕਾਲੀ ਅਤੇ ਕਹਿਰ ਭਰੀ ਰਾਤ ਸੀ ਜਦ ਰਾਤ ਦੇ ਹਨੇਰੇ ਵਿਚ ਲਾਲਚੀ ਗੰਗੂ ਦੇ ਮਨ ਵਿਚ ਪੈਦਾ ਹੋਏ ਕਪਟ ਤੇ ਲਾਲਚ ਨੇ ਉਸ ਨੂੰ ਨਮਕ ਹਰਾਮੀ ਹੋਣ ਦੇ ਰਾਹ ਤੋਰ ਦਿੱਤਾ। ਉਸ ਰਾਤ ਨੇ ਵੀ ਗੰਗੂ ਬ੍ਰਾਹਮਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ। ਪਰ ਲਾਲਚ ਵਿਚ ਅੰਨ੍ਹੇ ਵਿਅਕਤੀ ਮਰੀ ਮੱਤ ਉਸ ਦੀਆਂ ਕਈ ਕੁਲਾਂ ਨੂੰ ਗਾਲ ਦਿੰਦੀ ਹੈ। ਲਾਲਚ-ਵੱਸ ਮਾਤਾ ਜੀ ਅਤੇ ਸਾਹਿਬਜਾਦਿਆਂ ਆਂ ਨੂੰ ਮੁਗ਼ਲਾਂ ਦੇ ਹਵਾਲੇ ਕਰਨਾ ਅਤੇ ਮੋਰਿੰਡਾ ਦੀ ਜੇਲ੍ਹ ਵਿਚ ਕੱਟੀ ਹੋਈ ਰਾਤ ਖ਼ੁਦ ‘ਤੇ ਸ਼ਰਮਿੰਦਾ ਹੁੰਦੀ ਗੰਗੂ ਨੂੰ ਲਾਹਨਤਾਂ ਤਾਂ ਜ਼ਰੂਰ ਪਾਉਂਦੀ ਹੋਵੇਗੀ। ਪਰ ਜੇਲ੍ਹ ਦੀ ਕੋਠੜੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਛੋਹ ਨਾਲ ਪਵਿੱਤਰ ਹੋਈ ਸਦੀਆਂ ਤੀਕ ਪੂਜਣਯੋਗ ਅਸਥਾਨ ਬਣੀ ਰਹੇਗੀ।
ਕਕਰੀਲੀਆਂ ਰਾਤਾਂ ਦਾ ਦਰਦ ਰੂਹ ਵਿਚ ਕੰਬਣੀ ਛੇੜ ਜਾਂਦਾ ਜਦ ਯਾਦ ਆਉਂਦੀ ਉਹ ਰਾਤ ਜਦ ਮਾਤਾ ਗੁਜਰੀ ਠੰਢੇ ਬੁਰਜ ਵਿਚ ਆਪਣੇ ਪੋਤਰਿਆਂ ਨੂੰ ਹਿੱਕ ਨਾਲ ਲਾ ਕੇ ਨਿੱਘ ਦੇ ਰਹੀ ਸੀ। ਆਪਣੇ ਪਤੀ ਅਤੇ ਸਹੁਰੇ ਗੁਰੂ ਅਰਜਨ ਦੇਵ ਜੀ ਦੀਆਂ ਸ਼ਹਾਦਤਾਂ ਦੀ ਕਥਾ ਸੁਣਾਉਂਦਿਆਂ ਉਹ ਲਾਡਲਿਆਂ ਦੇ ਸੀਨਿਆਂ ਵਿਚ ਰੋਹ ਦਾ ਸੇਕ ਭਰਦੀ, ਸਿੱਖੀ ਅਸੂਲਾਂ ਤੇ ਪਹਿਰਾ ਦੇਣ ਦੀ ਤਾਕੀਦ ਕਰਦੀ, ਉਨ੍ਹਾਂ ਦੇ ਮਨਾਂ ਵਿਚ ਸ਼ਹੀਦ ਹੋਣ ਦੀ ਤਤਪਰਤਾ ਜਾਗ ਵੀ ਲਾਉਂਦੀ ਹੋਵੇਗੀ। ਰਾਤ ਵਿਚ ਤਾਰਿਆਂ ਦੀ ਲੋਅ ਵਿਚ ਦਗਦਾ ਮਾਤਾ ਅਤੇ ਸਾਹਿਬਜ਼ਾਦਿਆਂ ਦੇ ਮੁਖੜੇ ਦਾ ਨੂਰ ਰਾਤ ਦੀ ਕੁੱਖ ਵਿਚ ਚਾਨਣ ਧਰਦਾ, ਇਹ ਸੰਦੇਸ਼ ਜ਼ਰੂਰ ਦਿੰਦਾ ਹੋਵੇਗਾ ਨਿੱਕੇ ਨਿੱਕੇ ਚਿਰਾਗ਼ਾਂ ਦਾ ਵਜੂਦ ਭਾਵੇਂ ਖ਼ਤਮ ਹੋ ਜਾਵੇਗਾ ਪਰ ਚਾਨਣ ਨੂੰ ਕੋਈ ਕਤਲ ਨਹੀਂ ਕਰ ਸਕਦਾ। ਇਸ ਚਾਨਣ ਨੇ ਸਦਾ ਸਿੱਖੀ ਪਰੰਪਰਾਵਾਂ ਅਤੇ ਸਿਧਾਂਤਾਂ ਨੂੰ ਜਿਊਂਦਾ ਰੱਖਣਾ। ਸਰਹਿੰਦ ਦੇ ਸੂਬੇਦਾਰ ਦੇ ਜ਼ੁਲਮ ਸਾਹਵੇਂ ਇਨ੍ਹਾਂ ਨੇ ਝੁਕਣਾ ਨਹੀਂ ਕਿਉਂਕਿ ਜਾਗਦੀ ਜ਼ਮੀਰ ਵਾਲੇ ਸਿਰ ਉੱਚਾ ਰੱਖਦੇ ਸਿਰਫ਼ ਮਰੀਆਂ ਜ਼ਮੀਰਾਂ ਵਾਲੇ ਹੀ ਸਿਰ ਝੁਕਾਉਂਦੇ। ਮੋਤੀ ਰਾਮ ਮਹਿਰਾ ਨੂੰ ਜ਼ਰੂਰ ਰਾਤ ਨੇ ਨੀਝ ਨਾਲ ਨਿਹਾਰਿਆ ਹੋਵੇਗਾ ਜਿਹੜਾ ਠਰੀਆਂ ਰਾਤਾਂ ਵਿਚ ਸਾਹਿਬਜ਼ਾਦਿਆਂ ਨੂੰ ਕੋਸਾ ਦੁੱਧ ਪਿਆਉਣ ਲਈ ਆਪਣੀ ਜਾਨ ਜੋਖ਼ਮ ਵਿਚ ਪਾਉਂਦਾ ਰਿਹਾ।
ਕਕਰੀਲੀਆਂ ਰਾਤਾਂ ਵਿਚ ਉਹ ਕਹਿਰਵਾਨ ਦਿਨ ਵੀ ਉੱਗਿਆ ਹੋਵੇਗਾ ਜਦ ਮਾਸੂਮ ਪਰ ਦਲੇਰ ਅਤੇ ਆਪਣੇ ਧਰਮ ਤੇ ਅਕੀਦੇ ਵਿਚ ਪਰਪੱਕ ਕਕਰੀਲਿਆਂ ਨੂੰ ਸ਼ਹੀਦ ਕੀਤਾ ਗਿਆ। ਸੱਚੇ ਸਿੱਖ ਦੀਵਾਨ ਟੋਡਰ ਮੱਲ ਨੇ ਧਰਤੀ ‘ਤੇ ਖੜੀਆਂ ਮੋਹਰਾਂ ਵਿਛਾ ਕੇ ਜ਼ਮੀਨ ਖ਼ਰੀਦ ਕੇ ਸ਼ਰਧਾ ਪੂਰਨ ਸਸਕਾਰ ਕੀਤਾ।
ਇਹ ਕਕਰੀਲੀਆਂ ਰਾਤਾਂ ਹਰ ਸਿੱਖ ਦੇ ਚੇਤੇ ਵਿਚ ਰੜਕ ਤੇ ਕਸਕ ਪੈਦਾ ਕਰਦੀਆਂ। ਉਨ੍ਹਾਂ ਰਾਤਾਂ ਵਿਚ ਵਰਤਿਆ ਭਾਵੀ ਬਿਰਤਾਂਤ ਅੱਖਾਂ ਸਾਹਵੇਂ ਉਜਾਗਰ ਹੋ ਜਾਂਦਾ ਅਤੇ ਅੱਖਾਂ ਵਿਚ ਹੰਝੂਆਂ ਦੀ ਨੈਂ ਵਹਿਣ ਲੱਗਦੀ। ਇਨ੍ਹਾਂ ਰਾਤਾਂ ਵਿਚੋਂ ਉੱਗੇ ਸਿੱਖ ਇਤਿਹਾਸ ਦੇ ਪੰਨੇ ਹੀ ਹਨ ਜਿਨ੍ਹਾਂ ਵਿਚ ਉੱਗੇ ਸ਼ਹਾਦਤੀ ਸੂਰਜਾਂ ਦੀ ਲੋਅ ਵਿਚ ਸਿੱਖ ਜਾਗਰਿਤ ਹੋ, ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਬਣੇ, ਇਸ ਦੀ ਪਹਿਰੇਦਾਰੀ ਵਿਚ ਸਭ ਕੁਝ ਨਿਛਾਵਰ ਕਰਨ ਲਈ ਹਰ ਪਲ ਤਤਪਰ ਰਹਿੰਦੇ।
ਸਿਜਦਾ ਹੈ ਇਨ੍ਹਾਂ ਕਕਰੀਲੀਆਂ ਰਾਤਾਂ ਵਿਚ ਚੰਨ-ਤਾਰਿਆਂ ਵਾਂਗ ਚਮਕਦੇ ਉਨ੍ਹਾਂ ਸ਼ਹੀਦ ਸੂਰਿਆਂ ਨੂੰ ਜਿਨ੍ਹਾਂ ਸਦਕਾ ਹਰ ਸਿੱਖ ਆਪਣੇ ਵਿਰਸੇ ‘ਤੇ ਨਾਜ਼ ਕਰਦਾ ਰਹੇਗਾ। ਇਹੀ ਸਿੱਖੀ ਦੀ ਵਿਰਾਸਤ ਦਾ ਮਾਣਮੱਤਾ ਖ਼ਜ਼ਾਨਾ ਹੈ।