ਮੜ੍ਹੀ ਦਾ ਦੀਵਾ: ਨਾਵਲ ਅਤੇ ਫ਼ਿਲਮ

ਤਰਸੇਮ ਬਸ਼ਰ
ਫੋਨ: 98141-63071
“ਮੜ੍ਹੀ ਦਾ ਦੀਵਾ” ਨੂੰ ਉਸ ਸਾਲ ਦੀ ਸਰਵਸ੍ਰੇਸ਼ਟ ਪੰਜਾਬੀ ਫੀਚਰ ਫ਼ਿਲਮ ਦਾ ਰਾਸ਼ਟਰੀ ਅਵਾਰਡ ਵੀ ਮਿਲਿਆ ਸੀ, ਇਸ ਨਾਲ ਬੜੇ ਵੱਡੇ ਨਾਮ ਜੁੜੇ ਹੋਏ ਸਨ ਮਸਲਨ ਰਾਜ ਬੱਬਰ,ਪੰਕਜ ਕਪੂਰ, ਦੀਪਤੀ ਨਵਲ, ਕੰਵਲਜੀਤ, ਪ੍ਰੀਕਸ਼ਤ ਸਾਹਨੀ ਤੇ ਹੋਰ । ਫ਼ਿਲਮ ਦਾ ਨਿਰਮਾਣ ਸਹਿਯੋਗ ਂਾਂਧਛ ਅਤੇ ਦੂਰਦਰਸ਼ਨ ਨੇ ਕੀਤਾ ਸੀ।

ਨਾਵਲ ਪਹਿਲਾਂ ਹੀ ਚਰਚਾ ਵਿੱਚ ਆ ਚੁੱਕਿਆ ਸੀ। ਇਸ ਬਾਰੇ ਨਾਨਕ ਸਿੰਘ ਹੋਰਾਂ ਦਾ ਕਥਨ ਸੀ ਕਿ ਨਾਵਲ ਪੜ੍ਹ ਕੇ ਰੂਹ ਨਸ਼ਿਆ ਗਈ ਹੈ। ਰਾਸ਼ਟਰੀ ਪੱਧਰ ਤੇ ਵੀ ਨਾਵਲ ਜ਼ਿਕਰ ਵਿੱਚ ਸੀ, ਲੋਕ ਇਸ ਨੂੰ ਮੁਨਸ਼ੀ ਪ੍ਰੇਮ ਚੰਦ ਦੀਆਂ ਲਿਖਤਾਂ ਦੇ ਬਰਾਬਰ ਤੱਕ ਕਹਿ ਰਹੇ ਸਨ। ਪ੍ਰਸਿੱਧ ਵਿਦਵਾਨ ਡਾਕਟਰ ਨਾਮਵਰ ਸਿੰਘ ਨੇ ਕਿਹਾ ਸੀ ਕਿ ਅਜਿਹਾ ਨਾਵਲ ਕਦੇ ਕਦੇ ਹੀ ਆਉਂਦਾ ਹੈ ਹੁਣ ਜਦੋਂ ਭਾਰਤੀ ਨਾਵਲ ਵਿਧਾ ਖੜੋਤ ਵਿੱਚ ਹੈ ਤਾਂ ਯਥਾਰਥ ਦੇ ਨੇੜੇ ਦਾ ਇਹ ਚਿਤਰਨ ਭਾਰਤੀ ਸਾਹਿਤ ਨੂੰ ਨਵੀਂ ਦਿਸ਼ਾ ਦੇਵੇਗਾ।
ਮੜ੍ਹੀ ਦਾ ਦੀਵਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ, ਰੂਸੀ ਭਾਸ਼ਾ ਵਿੱਚ ਅਨੁਵਾਦ ਹੋਣ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਸ ਦੀਆਂ ਪੰਜ ਲੱਖ ਕਾਪੀਆਂ ਵਿਕੀਆਂ ਸਨ।

ਮੜ੍ਹੀ ਦਾ ਦੀਵਾ ਆਜ਼ਾਦੀ ਉਪਰਾਂਤ ਮਾਲਵੇ ਦੇ ਪੇਂਡੂ ਜੀਵਨ, ਇਸ ਪਛੜੀ ਕਹੀ ਜਾਂਦੀ ਰਹਿਤਲ ਦੇ ਲੋਕਾਂ ਦਾ ਚਿਤਰਨ ਹੈ, ਬਦਲਦੇ ਹਾਲਾਤ ਕਿਸ ਤਰਾਂ ਲੋਕਾਂ ਦੇ ਜੀਵਨ ਨੂੰ, ਸਮਾਜਿਕ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਦੇ ਹਨ ਦਾ ਬਿਰਤਾਂਤ ਹੈ ਉੱਥੇ ਹੀ ਕਿਸਾਨ ਤੇ ਉਸ ਦੇ ਕਾਮੇ ਵਿਚਕਾਰ ਦੇ ਰਿਸ਼ਤੇ ਨੂੰ ਬੜੇ ਸੂਖਮ ਤਰੀਕੇ ਨਾਲ ਦਰਸਾਇਆ ਗਿਆ ਹੈ, ਬਦਲਦੇ ਹਾਲਾਤ ਤੇ ਭੌਤਿਕੀ ਜਰੂਰਤਾਂ ਇਸ ਰਿਸ਼ਤੇ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ, ਵੀ ਕਹਾਣੀ ਦਾ ਅਹਿਮ ਹਿੱਸਾ ਹੈ।
ਪਾਤਰ ਸੁਭਾਵਿਕ ਅਤੇ ਸੱਚੇ ਪ੍ਰਤੀਤ ਹੁੰਦੇ ਹਨ, ਇਹ ਨਹੀਂ ਲੱਗਦਾ ਕਿ ਕਹਾਣੀ ਨੂੰ ਕਿਸੇ ਸਿੱਟੇ ਤੇ ਪਹੁੰਚਾਉਣ ਲਈ ਪਾਤਰਾਂ ਤੇ ਘਟਨਾਵਾਂ ਨੂੰ ਸਿਰਜਿਆ ਗਿਆ ਹੈ। ਜਿਵੇਂ ਮਾਲਵੇ ਚ ਉਸ ਸਮੇਂ ਔਰਤਾਂ ਦੀ ਅਜਿਹੀ ਸਥਿਤੀ ਨਹੀਂ ਸੀ ਕਿ ਉਹ ਆਪਣੀ ਮਰਜ਼ੀ ਨਾਲ ਜiLੰਦਗੀ ਬਸਰ ਕਰ ਸਕਣ, ਆਪਣੀ ਪਸੰਦ ਦਾ ਇਜ਼ਹਾਰ ਕਰ ਸਕੇ ਪਰ ਕਹਾਣੀ ਦੀ ਇਸਤਰੀ ਪਾਤਰ ਭਾਨੀ (ਦੀਪਤੀ ਨਵਲ) ਜਿਸ ਦਾ ਵਿਆਹ ਉਸ ਦੀ ਪਸੰਦ ਦੇ ਇਨਸਾਨ ਨਾਲ ਨਹੀਂ ਹੋਇਆ ਅਤੇ ਉਹ ਉਸਦੇ ਦੋਸਤ ਨੂੰ ਪਸੰਦ ਕਰਦੀ ਹੈ, ਉਹ ਇਸਦਾ ਇਜ਼ਹਾਰ ਵੀ ਕਰ ਦਿੰਦੀ ਹੈ ਤੇ ਦ੍ਰਿੜਤਾ ਨਾਲ ਆਪਣੀ ਮੁਹੱਬਤ ਤੇ ਖੜੀ ਵੀ ਰਹਿੰਦੀ ਹੈ।
ਉਹਨਾਂ ਸਾਲਾਂ ਦੇ ਹਾਲਾਤਾਂ ਵਿੱਚ ਔਰਤ ਲਈ ਇਹ ਆਸਾਨ ਨਹੀਂ ਸੀ, ਬੜਾ ਕਠਿਨ ਸੀ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਅਜਿਹਾ ਕੋਈ ਵੀ ਨਹੀਂ ਹੋ ਸਕਦਾ, ਹੁੰਦੇ ਵੀ ਹਨ। ਨਾਵਲ ਦਾ ਇਹ ਇਸਤਰੀ ਪਾਤਰ ਉਹਨਾਂ “ਵਿਰਲੇ ਲੋਕਾਂ“ ਵਿੱਚੋਂ ਹੀ ਲਿਆ ਗਿਆ ਇੱਕ ਪਾਤਰ ਹੈ ।
ਇਸੇ ਤਰ੍ਹਾਂ ਧਰਮ ਸਿੰਘ (ਜਿਸ ਦੀ ਭੂਮਿਕਾ ਪ੍ਰੀਕਸ਼ਤ ਸਾਹਨੀ ਨੇ ਨਿਭਾਈ ਹੈ ਅਤੇ ਸੰਵਾਦਾਂ ਵਿੱਚ ਆਵਾਜ਼ “ਸਰਦਾਰ ਸੋਹੀ “ਨੇ ਦਿੱਤੀ ਹੈ) ਜੋ ਖੁਦ ਜਿਮੀਦਾਰ ਹੈ ਜਿਸ ਕੋਲ ਨਾਵਲ ਦਾ ਮੁੱਖ ਪਾਤਰ ਜਗਸੀਰ ਕਾਮੇ ਦੇ ਤੌਰ ਤੇ ਕੰਮ ਕਰਦਾ ਹੈ, ਵੀ ਅਹਿਮ ਤੇ ਨਿਵੇਕਲਾ ਪਾਤਰ ਹੈ। ਉਹ ਕਾਮੇ ਅਤੇ ਕਿਸਾਨ ਦੇ ਰਿਸ਼ਤੇ ਵਿਚਲੀ ਮਾਸੂਮੀਅਤ ਨੂੰ ਸਾਂਭਣ ਦਾ ਯਤਨ ਕਰ ਰਿਹਾ ਹੈ, ਉਸਦੇ ਪਿਤਾ ਨੇ ਤੇ ਖੁਦ ਉਸ ਨੇ ਕਾਮੇ ਅਤੇ ਜiLਮੀਦਾਰ ਵਿਚਲੇ ਰਿਸ਼ਤੇ ਨੂੰ ਨੌਕਰ ਅਤੇ ਮਾਲਕ ਦਾ ਰਿਸ਼ਤਾ ਨਹੀਂ ਸਮਝਿਆ ਬਲਕਿ ਆਪਣੇ ਦੁੱਖ ਸੁੱਖ ਦਾ ਸਾਂਝੀ ਕਰਕੇ ਸਮਝਿਆ ਹੈ। ਆਪਣੇ ਪਿਤਾ ਦੇ ਕੌਲ ਨੂੰ, ਜੋ ਕਿ ਉਸ ਨੇ ਆਪਣੇ ਕਾਮੇ ਠੋਲੂ ਸਿੰਘ ਨਾਲ ਕੀਤਾ ਸੀ ਪੂਰਾ ਕਰਨਾ ਚਾਹੁੰਦਾ ਹੈ ਪਰ ਅਖੀਰ ਵਿੱਚ ਬਦਲਦੇ ਹਾਲਾਤਾਂ ਸਾਹਮਣੇ ਹਾਰ ਜਾਂਦਾ ਹੈ, ਵਾਅਦਾ ਪੂਰਾ ਨਾ ਹੋਣ ਦੇ ਕਾਰਨ ਉਸ ਅੰਦਰ ਗਹਿਰੀ ਨਮੋਸ਼ੀ ਆ ਜਾਂਦੀ ਹੈ ਅਤੇ ਉਹ ਘਰ ਬਾਰ ਤਿਆਗ ਕੇ ਚਲਾ ਜਾਂਦਾ ਹੈ।
ਇਸ ਇੱਕ ਪਾਤਰ ਦੇ ਜਰੀਏ ਸਾਨੂੰ ਆਪਣੇ ਵਿਰਸੇ ਵਿੱਚ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਅਹਿਮੀਅਤ ਨੂੰ ਜਾਨਣ ਦਾ ਮੌਕਾ ਮਿਲਦਾ ਹੈ। ਉਦੋਂ ਵੀ ਧਰਮ ਸਿੰਘ ਵਰਗੇ ਲੋਕ ਸਨ ਜੋ ਆਪਣੇ ਸਾਂਝੀ ਨੂੰ ਆਪਣੇ ਦੁੱਖ ਸੁੱਖ ਦਾ ਸਾਂਝੀ ਸਮਝਦੇ ਸਨ ਨਾ ਕਿ ਨੌਕਰ ਅਤੇ ਉਹਨਾਂ ਲਈ ਕਿਸੇ ਨਾਲ ਕੀਤੇ ਹੋਏ “ਕੌਲ“ਦੇ ਕੀ ਅਰਥ ਹੁੰਦੇ ਸਨ।
ਕੌਲ ਨਿਭਾਉਣ ਵਿੱਚ ਅਸਫਲ ਰਹਿਣ ਤੇ ਉਹ ਨਮੋਸ਼ੀ ਕਾਰਨ ਘਰ ਤੱਕ ਛੱਡ ਜਾਂਦਾ ਹੈ।

ਕਹਾਣੀ ਵਿੱਚ ਇਹ ਵੀ ਜ਼ਿਕਰਯੋਗ ਹੈ ਕਿ ਉਹ ਹਰ ਸਮੇਂ ਜਗਸੀਰ ਅਤੇ ਉਸਦੇ ਗਰੀਬ ਪਰਿਵਾਰ ਦੇ ਪੱਖ ਵਿੱਚ ਖੜਾ ਨਜ਼ਰ ਆਉਂਦਾ ਹੈ।
——————
ਜਿਵੇਂ ਕਿ ਆਰੰਭ ਚ ਲਿਖਿਆ ਹੈ ਕਿ ਕਹਾਣੀ ਮਾਲਵੇ ਜੇ ਪਿੰਡਾਂ ਦੀ ਰਹਿਤਲ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ, ਤੇ ਕਹਾਣੀ ਦਾ ਕਾਲ ਦੇਸ਼ ਆਜ਼ਾਦ ਹੋਣ ਤੋਂ ਕੁਝ ਸਾਲਾਂ ਬਾਅਦ ਦਾ ਹੈ। ਉਨਾਂ ਸਾਲਾਂ ਦਾ ਜਦੋਂ ਲੋਕਾਂ ਦੀ ਜੀਵਨ ਸ਼ੈਲੀ ਬਦਲ ਰਹੀ ਹੈ ਤਾਂ ਸਮਾਜਿਕ ਬਣਤਰ ਵਿੱਚ ਵੀ ਬਦਲਾਓ ਆ ਰਿਹਾ ਹੈ, ਆਧੁਨਿਕਤਾ ਸਹੂਲਤਾਂ ਪੈਰ ਪਸਾਰ ਰਹੀਆਂ ਹਨ, ਜਮੀਨਾਂ ਦੀ ਅਹਿਮੀਅਤ ਵੱਧ ਰਹੀ ਹੈ । ਠੋਲਾ ਸਿੰਘ ਆਪਣੇ ਹੀ ਪਿੰਡ ਦੇ ਇੱਕ ਜ਼ਿਮੀਂਦਾਰ ਨਾਲ ਬੜੇ ਸਾਲਾਂ ਤੋਂ ਸਾਂਝੀ (ਸੀਰੀ) ਰਲਿਆ ਹੈ, ਠੋਲਾ ਸਿੰਘ ਹੁਣ ਆਪ ਬੁੱਢਾ ਹੋ ਗਿਆ ਹੈ ਤੇ ਬਿਮਾਰ ਹੈ ਅਤੇ ਉਹ ਆਪਣੇ ਪੁੱਤਰ ਜਗਸੀਰ ਅਤੇ ਪਤਨੀ ਨਾਲ ਰਹਿੰਦਾ ਹੈ। ਜ਼ਿਮੀਂਦਾਰ ਦਾ ਵੀ ਹੁਣ ਸਵਰਗਵਾਸ ਹੋ ਚੁੱਕਿਆ ਹੈ ਸਾਰਾ ਕੰਮ ਉਸਦਾ ਪੁੱਤਰ ਧਰਮ ਸਿੰਘ ਦੇਖਦਾ ਹੈ। ਧਰਮ ਸਿੰਘ ਪਿਤਾ ਦੇ ਨਕਸ਼ੇ ਕਦਮ ਤੇ ਚੱਲਣ ਵਾਲਾ ਜਿਮੀਦਾਰ ਹੈ, ਮਨੁੱਖਤਾ ਦਾ ਹਾਮੀ। ਉਹ ਕਾਮੇ ਨੂੰ ਸਿਰਫ ਕਾਮਾ ਸਮਝਣ ਵਾਲੇ ਆਦਰਸ਼ਾਂ ਤੇ ਨਹੀਂ ਚੱਲਦਾ ਉਹ ਕਾਮੇ ਨੂੰ ਆਪਣੇ ਦੁੱਖ ਸੁੱਖ ਦਾ ਭਾਗੀਦਾਰ ਮੰਨਦਾ ਹੈ। ਕਿਉਂਕਿ ਠੋਲਾ ਸਿੰਘ ਬਿਮਾਰ ਹੈ ਤਾਂ ਹੁਣ ਉਸ ਦਾ ਪੁੱਤਰ ਜਗਸੀਰ ਉਹਨਾਂ ਦੇ ਕੰਮ ਕਰਦਾ ਹੈ। ਧਰਮ ਸਿੰਘ ਜਗਸੀਰ ਨਾਲ ਵੀ ਉਹੀ ਰਿਸ਼ਤਾ ਰੱਖਦਾ ਹੈ ਜੋ ਉਸਦਾ ਪਿਤਾ ਠੋਲਾ ਸਿੰਘ ਨਾਲ ਰੱਖਦਾ ਸੀ।
ਜਗਸੀਰ ਇੱਕ ਸੋਹਣਾ ਸਨੱਖਾ ਲੰਮਾ ਉੱਚਾ ਨੌਜਵਾਨ ਹੈ ਭਾਵੇਂ ਉਹ ਸ਼ਰਮੀਲੇ ਸੁਭਾਅ ਦਾ ਹੈ, ਸਾਫ ਦਿਲ ਦਾ ਵੀ ਹੈ। ਆਮ ਨੌਜਵਾਨਾਂ ਵਾਂਗ ਉਸ ਅੰਦਰ ਵੀ ਚਾਅ ਅੰਗੜਾਈ ਲੈ ਰਹੇ ਹਨ, ਪਿਤਾ ਠੋਲਾ ਸਿੰਘ ਬੀਮਾਰ ਹੈ ਇਸ ਲਈ ਉਸਦੀ ਵੀ ਇੱਛਾ ਹੈ ਕਿ ਜਗਸੀਰ ਦਾ ਵਿਆਹ ਹੋ ਜਾਵੇ ਉਸਦੀ ਮਾਤਾ ਵੀ ਚਾਹੁੰਦੀ ਹੈ ਪਰ ਜਗਸੀਰ ਦਾ ਵਿਆਹ ਛੇਤੀ ਹੋ ਜਾਵੇ, ਬਿਮਾਰ ਪਿਤਾ ਵਿਆਹ ਦੇਖ ਲਵੇ। ਪਰ ਇਹ ਆਸਾਨ ਨਹੀਂ….. ਕਿਉਂਕਿ ਠੋਲਾ ਸਿੰਘ ਨੇ ਵਿਆਹ ਕੁਝ ਅਜਿਹੇ ਹਾਲਾਤਾਂ ਵਿੱਚ ਕਰਾਇਆ ਸੀ ਕਿ ਕਿਹਾ ਜਾਂਦਾ ਹੈ ਕਿ ਉਸ ਦੀ ਪਤਨੀ ਭੱਜ ਕੇ ਉਸ ਨਾਲ ਆਈ ਹੈ ਅਤੇ ਉਦੋਂ ਦੇ ਸਮਾਜਿਕ ਹਾਲਾਤ ਵਿੱਚ ਇਹ ਗੱਲ ਬੜੀ ਮਹੱਤਵਪੂਰਨ ਤੇ ਬੁਰੀ ਮੰਨੀ ਜਾਂਦੀ ਸੀ। ਕਿਸੇ ਵੀ ਰਿਸ਼ਤੇ ਵਿੱਚ ਨਾਨਕਿਆਂ ਦਾ ਪੱਖ ਦੇਖਿਆ ਜਾਂਦਾ ਸੀ, ਇਸ ਪੱਖੋਂ ਠੋਲਾ ਸਿੰਘ ਦਾ ਸਮਾਜੀ ਜੀਵਨ ਸਮਾਜ ਦੀ ਨਿਗਹਾ ਵਿੱਚ ਦਾਗੀ ਸੀ ।
ਤੇ ਹਰ ਵਾਰ ਇਹ ਪੱਖ ਜਗਸੀਰ ਦੇ ਰਿਸ਼ਤੇ ਵੇਲੇ ਸਾਹਮਣੇ ਆ ਜਾਂਦਾ ਤੇ ਰਿਸ਼ਤਾ ਸਿਰੇ ਨਾ ਚੜਦਾ।
ਪਰ ਫਿਰ ਵੀ ਠੋਲਾ ਸਿੰਘ ਨੂੰ ਇਹ ਹੌਸਲਾ ਹੈ ਕਿ ਉਹ ਜਗਸੀਰ ਲਈ ਚਾਰ ਵਿੱਘੇ ਜਮੀਨ ਛੱਡ ਕੇ ਜਾਵੇਗਾ ਜੋ ਕਿ ਧਰਮ ਸਿੰਘ ਦੇ ਪਿਤਾ ਨੇ ਉਸ ਨੂੰ ਦੇ ਦਿੱਤੀ ਸੀ । ਦਿੱਤੀ ਭਾਵੇਂ ਜੁਬਾਨੀ ਕਲਾਮੀ ਸੀ ਪਰ ਚਿਰਾਂ ਤੋਂ ਉਹੀ ਵਾਹ ਰਿਹਾ ਸੀ। ਉਸ ਨੇ ਉਹਨਾਂ ਚਾਰ ਵਿਘਿਆਂ ਵਿੱਚ ਬਹੁਤ ਸਾਲ ਪਹਿਲਾਂ ਇਕ ਟਾਹਲੀ ਲਾ ਦਿੱਤੀ ਸੀ ਜਿਸ ਨੂੰ ਉਸ ਨੇ ਬੜੇ ਚਾਅ ਮੁਹੱਬਤ ਨਾਲ ਪਾਲਿਆ ਹੋਇਆ ਸੀ, ਇਸ ਤਰ੍ਹਾਂ ਉਸ ਨੇ ਇਹਨਾਂ ਚਾਰ ਵਿਘਿਆਂ ਨਾਲ ਆਪਣੇ ਮੇਰ ਪੈਦਾ ਕਰ ਲਈ ਸੀ। ਇਹਨਾਂ ਚਾਰ ਵਿਘਿਆਂ ਵਾਸਤੇ ਧਰਮ ਸਿੰਘ ਦਾ ਵੀ ਅਜਿਹਾ ਮੰਨਣਾ ਸੀ ਕਿ ਇਹ ਠੋਲਾ ਸਿੰਘ ਨੂੰ ਦਿੱਤੀ ਹੋਈ ਹੈ, ਉਸੇ ਦੀ ਹੈ ਭਾਵੇਂ ਕਿ ਲਿਖਤ ਪੜਤ ਕੋਈ ਨਹੀਂ ਹੋਈ, ਪਰ ਪਿਤਾ ਨੇ ਵਾਅਦਾ ਕੀਤਾ ਹੈ ਤਾਂ ਲੋਹੇ ਦੀ ਲਕੀਰ ਹੈ।
ਠੋਲਾ ਸਿੰਘ ਆਪਣੇ ਇਸ ਸੁਪਨੇ ਨੂੰ ਅਧੂਰਾ ਛੱਡ ਕੇ ਜਹਾਨੋ ਕੂਚ ਕਰ ਜਾਂਦਾ ਹੈ ਕਿ ਜਗਸੀਰ ਦਾ ਵਿਆਹ ਹੋ ਜਾਂਦਾ।
ਠੋਲਾ ਸਿੰਘ ਆਪਣੇ ਸਾਹ ਛੱਡਣ ਤੋਂ ਪਹਿਲਾਂ ਵਿੱਚ ਜਗਸੀਰ ਨੂੰ ਕਹਿੰਦਾ ਹੈ ਕਿ ਉਹ ਚਾਰ ਵਿੱਘਿਆਂ ਵਿੱਚ ਲੱਗੀ ਟਾਹਲੀ ਦੇ ਥੱਲੇ ਉਸਦੀ ਮਟੀ (ਮੜੀ) ਜ਼ਰੂਰ ਬਣਾਵੇ, ਮਰ ਰਹੇ ਪਿਤਾ ਦੇ ਇਹ ਕਹਿਣ ਪਿੱਛੇ ਦਰਅਸਲ ਇੱਕ ਲੁਕਿਆ ਮਕਸਦ ਹੈ, ਉਹ ਹੈ ਇਸ ਨਾਲ ਜਗਸੀਰ ਦਾ ਇਹਨਾਂ ਚਾਰ ਵਿਗਿਆ ਤੇ ਦਾਅਵਾ ਮਜ਼ਬੂਤ ਹੋਵੇਗਾ, ਮੇਰ ਹੋ ਜਾਏਗੀ । ਦਰਅਸਲ ਉਸ ਦੇ ਅੰਦਰ ਡਰ ਹੈ ਕਿ ਕਿਤੇ ਉਸ ਤੋਂ ਬਾਅਦ ਕੋਈ ਅਜਿਹੇ ਹਾਲਾਤ ਨਾ ਬਣ ਜਾਣ ਕਿ ਜਗਸੀਰ ਉਹਨਾਂ ਚਾਰ ਵਿਗਿਆ ਤੋਂ ਵਾਂਝਾ ਹੋ ਜਾਵੇ।
ਜਗਸੀਰ ਪਿਤਾ ਦੀ ਇੱਛਾ ਮੁਤਾਬਕ ਚਾਰ ਵਿਗੀਆਂ ਦੇ ਖੇਤ ਵਿੱਚ ਖੜੀ ਟਾਲੀ ਥੱਲੇ ਇੱਟਾਂ ਨਾਲ ਪਿਤਾ ਦੀ ਮੜੀ ਬਣਾ ਦਿੰਦਾ ਹੈ।
ਜ਼ਿੰਦਗੀ ਫਿਰ ਉਸੇ ਮਾਮੂਲ `ਤੇ ਚੱਲ ਪੈਂਦੀ ਹੈ।
ਪਿੰਡ ਵਿੱਚ ਜਗਸੀਰ ਦੋਸਤ ਨਿੱਕੇ (ਗੋਪੀ ਭੱਲਾ) ਦਾ ਵਿਆਹ ਹੁੰਦਾ ਹੈ। ਜਗਸੀਰ, ਨਿੱਕੇ ਦੀ ਨਵਵਿਆਹੀ ਦੁਲਹਨ ਭਾਨੀ ਨੂੰ ਬਹੁਤ ਪਸੰਦ ਕਰਦਾ ਹੈ, ਕੁਝ ਘਟਨਾਵਾਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਭਾਨੀ ਵੀ ਜਗਸੀਰ ਨੂੰ ਪਸੰਦ ਕਰਨ ਲੱਗ ਪੈਂਦੀ ਹੈ। ਪਰ ਜਲਦੀ ਹੀ ਭਾਨੀ ਦੇ ਘਰੇ ਪਤਾ ਲੱਗਣ ਤੇ ਕਲੇਸ਼ ਖੜਾ ਹੋ ਜਾਂਦਾ ਹੈ। ਉਸ ਦਾ ਪਤੀ ਨਿੱਕਾ ਭਾਨੀ ਨਾਲ ਕੁੱਟਮਾਰ ਕਰਦਾ ਹੈ।
ਗੁੱਸੇ ‘ਚ ਇੱਕ ਸ਼ਾਮ ਜਗਸੀਰ ਸ਼ਰਾਬ ਪੀ ਕੇ ਨਿੱਕੇ ਦੇ ਘਰ ਚਲਾ ਜਾਂਦਾ ਹੈ ਜਿਸ ਦੇ ਝਗੜੇ ਨੂੰ ਸਾਰੇ ਪਿੰਡ ਵਾਲੇ ਦੇਖਦੇ ਹਨ ਪਿੰਡ ਵਾਲਿਆਂ ਵਿੱਚ ਹੁਣ ਭਾਨੀ ਤੇ ਜਗਸੀਰ ਦੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਹਨ। ਜਗਸੀਰ ਦੀ ਮੁਹੱਬਤ ਵਿੱਚ ਪਾਕੀਜ਼ਗੀ ਹੈ, ਖਾਹਿਸ਼ਾਂ ਰਹਿਤ ਮੁਹੱਬਤ। ਉਹ ਪਾਸਾ ਵੱਟ ਜਾਂਦਾ ਹੈ।
ਸਮਾਂ ਬੀਤਦਾ ਹੈ, ਕਦੇ ਕਦਾਈ ਜਗਸੀਰ ਅਤੇ ਭਾਨੀ ਦਾ ਆਮਨਾਂ ਸਾਹਮਣਾ ਹੋ ਜਾਂਦਾ ਹੈ, ਤੇ ਭਾਨੀ ਉਸ ਨਾਲ ਦੁੱਖ ਸੁੱਖ ਵਡਾਉਣ ਦੀ ਗੱਲ ਕਰਦੀ ਹੈ, ਜਿਸ ਨੂੰ ਜਗਸੀਰ ਚੁੱਪ ਚਾਪ ਸੁਣਦਾ ਹੈ ਅੱਗੋਂ ਕੁਝ ਨਹੀਂ ਬੋਲਦਾ।
ਉਧਰ ਧਰਮ ਸਿੰਘ ਕੋਸiLਸ਼ ਕਰ ਰਿਹਾ ਹੈ ਕਿ ਜਗਸੀਰ ਦਾ ਵਿਆਹ ਹੋ ਜਾਵੇ, ਪਰ ਹਰ ਥਾਂ ਤੋਂ ਜਵਾਬ ਮਿਲ ਜਾਂਦਾ ਹੈ, ਉਸ ਦੇ ਮਾਤਾ ਪਿਤਾ ਦਾ ਪਿਛੋਕੜ ਹਰ ਵਾਰ ਕੰਧ ਬਣ ਕੇ ਉਸ ਦੀ ਕਿਸਮਤ ਵਿੱਚ ਖੜਾ ਹੋ ਜਾਂਦਾ ਹੈ।
ਜਗਸੀਰ, ਕਾਮਿਆਂ ਦਾ ਲੜਕਾ ਹੈ ਪਛੜੇ ਹੋਏ ਘਰ ਦਾ ਬੱਚਾ ਪਰ ਉਹ ਧਰਮ ਸਿੰਘ ਦਾ ਬਹੁਤ ਸਤਿਕਾਰ ਕਰਦਾ ਹੈ, ਧਰਮ ਸਿੰਘ ਦਾ ਉਸ ਨੂੰ ਬਾਪ ਵਰਗਾ ਆਸਰਾ ਹੈ। ਉਧਰ ਧਰਮ ਸਿੰਘ ਦਾ ਆਪਣਾ ਪੁੱਤ ਭੰਤਾ (ਕੰਵਲਜੀਤ) ਹੁਣ ਕੰਮਾਂਕਾਰਾਂ ਵਿੱਚ ਦਿਲਚਸਪੀ ਲੈਣ ਲੱਗ ਗਿਆ ਹੈ। ਉਸ ਨੂੰ ਉਹ ਚਾਰ ਵਿੱਘੇ ਚੁਭ ਰਹੇ ਹਨ ਜੋ ਉਸਦੇ ਵੱਡਿਆਂ ਨੇ ਜਗਸੀਰ ਦੇ ਪਿਤਾ ਨੂੰ ਦਿੱਤੇ ਸਨ ਅਤੇ ਹੁਣ ਭੰਤੇ ਦੇ ਪਿਤਾ ਧਰਮ ਸਿੰਘ ਨੇ ਜਗਸੀਰ ਨੂੰ ਦੇ ਦਿੱਤੇ ਹਨ। ਜ਼ਮੀਨਾਂ ਦੀ ਕਦਰ ਵੱਧ ਗਈ ਹੈ ਤਾਂ ਕੀਮਤ ਵੀ ਵਧ ਗਈ ਹੈ। ਪਿੰਡਾਂ ਵਿੱਚ ਬਿਜਲੀ ਦੇ ਖੰਭੇ ਲੱਗਣ ਲੱਗੇ ਪਏ ਹਨ, ਇਸ ਨਾਲ ਕਈ ਤਰ੍ਹਾਂ ਦੇ ਹੋਰ ਬਦਲਾਓ ਵੀ ਆਉਣ ਲੱਗੇ ਹਨ।
ਧਰਮ ਸਿੰਘ ਦੀ ਪਤਨੀ ਵੀ ਆਪਣੇ ਪੁੱਤ ਭੰਤੇ ਦੀ ਹਮਾਇਤ ਵਿੱਚ ਹੈ ਉਹ ਧਰਮ ਸਿੰਘ ਨੂੰ ਭਲਾ ਬੁਰਾ ਕਹਿੰਦੀ ਹੈ, ਕਹਿੰਦੀ ਹੈ ਕਿ ਕਿਉਂ ਉਹ ਨੌਕਰਾਂ ਨੂੰ ਜਮੀਨ ਦੇ ਰਿਹਾ ਹੈ। ਧਰਮ ਸਿੰਘ ਬਹੁਤ ਸਮਝਾਉਂਦਾ ਹੈ ਕਿ ਪਿਤਾ ਪੁਰਖਿਆਂ ਨੇ ਜਮੀਨ ਦਿੱਤੀ ਹੋਈ ਹੈ ਹੁਣ ਵਾਪਸ ਨਹੀਂ ਲੈ ਸਕਦੇ, ਆਖਰ ਪੁਰਖਿਆਂ ਦੀ ਦਿੱਤੀ ਹੋਈ ਜ਼ੁਬਾਨ ਵੀ ਕੋਈ ਕੀਮਤ ਰੱਖਦੀ ਹੈ ਕਿ ਨਹੀਂ ਪਰ ਉਹ ਮਾਂ ਪੁੱਤ ਆਪਣੀ ਜਿੱLਦ `ਤੇ ਬਜ਼ਿੱਦ ਹਨ।
ਭੰਤਾ ਕਿਸੇ ਵੀ ਤਰ੍ਹਾਂ ਉਹ ਚਾਰ ਵਿੱਗੇ ਵਾਪਸ ਲੈਣਾ ਚਾਹੁੰਦਾ ਹੈ ਉਹ ਸਾਜਿਸ਼ ਕਰਕੇ ਖੇਤ ਵਿਚਲੀ ਟਾਹਲੀ ਨੂੰ ਵਡਵਾ ਦਿੰਦਾ ਹੈ। ਉਹ ਟਾਲੀ ਸਿਰਫ ਇੱਕ ਦਰਖਤ ਨਹੀਂ ਸੀ ਉਹ ਜਗਸੀਰ ਤੇ ਉਸਦੇ ਪਿਤਾ ਦੀ ਹੋਂਦ ਨਾਲ ਜੁੜਿਆ ਹੋਇਆ ਇੱਕ ਦਰਖਤ ਸੀ ਜਿਸ ਨਾਲ ਉਸ ਪਰਿਵਾਰ ਦਾ ਭਾਵਨਾਵਾਂ ਸਮੇਤ ਬਹੁਤ ਕੁਝ ਜੁੜਿਆ ਹੋਇਆ ਸੀ। ਜੁਗਸੀਰ ਭਾਵੇਂ ਭਾਰੀ ਸਦਮਾ ਲੱਗਦਾ ਹੈ ਪਰ ਉਹ ਚੁੱਪ ਰਹਿੰਦਾ ਹੈ,। ਟਾਹਲੀ ਵੱਡੇ ਜਾਣ ਤੋਂ ਬਾਅਦ ਉਹ ਆਪਣੇ ਪਿਉ ਦੀ ਮਟੀ ਦੀਆਂ ਇੱਟਾਂ ਆਪਣੇ ਘਰ ਲੈ ਆਂਦਾ ਹੈ। ਜਗਸੀਰ ਦੀ ਮਾਤਾ ਜੋ ਹੁਣ ਬਿਰਧ ਅਤੇ ਬੀਮਾਰ ਹੈ ਇਹ ਹਾਲਾਤ ਦੇਖ ਕੇ ਹੋਰ ਬਿਮਾਰ ਹੋ ਜਾਂਦੀ ਹੈ। ਭਾਵੇਂ ਉਹ ਉਲਾਂਭਾ ਲੈ ਕੇ ਧਰਮ ਸਿੰਘ ਕੋਲ ਵੀ ਜਾਂਦੀ ਹੈ ਪਰ ਧਰਮ ਸਿੰਘ ਉਸ ਨੂੰ ਭਰੋਸੇ ਤੋਂ ਇਲਾਵਾ ਕੁਝ ਨਹੀਂ ਦੇ ਸਕਦਾ। ਹਾਲਾਤ ਉਸ ਤੇ ਵਸੋਂ ਬਾਹਰ ਹੁੰਦੇ ਜਾ ਰਹੇ ਹਨ।
ਕਾਮਿਆਂ ਦੇ ਮੁੰਡੇ ਜਗਸੀਰ ਦਾ ਟੁੱਟਣਾ ਹਾਲੇ ਬਾਕੀ ਸੀ।
ਫਸਲ ਆਉਣ ਵੇਲੇ ਭੰਤਾ ਉਹਨਾਂ ਚਾਰ ਵਿਗਿਆਨ ਦੀ ਫਸਲ ਵੀ ਵੇਚਣ ਵਾਸਤੇ ਲੱਦ ਲੈਂਦਾ ਹੈ ਜੋ ਜਗਸੀਰ ਨੂੰ ਦਿੱਤੇ ਹੋਏ ਸਨ।
ਇਹ ਜਗਸੀਰ ਨਾਲ ਬਹੁਤ ਵੱਡੀ ਜ਼ਿਆਦਤੀ ਸੀ ਜਗਸੀਰ ਵਿਰੋਧਤਾ ਕਰਦਾ ਹੈ ਪਰ ਉਹ ਭੰਤੇ ਤੇ ਹੱਥ ਨਹੀਂ ਚੁੱਕਦਾ ਭਾਵੇਂ ਕਿ ਭੰਤਾ ਉਸ ਨਾਲ ਮਾਰ ਕੁੱਟ ਵੀ ਕਰ ਲੈਂਦਾ ਹੈ।
ਇਸ ਧੱਕੇ ਨਾਲ ਜਗਸੀਰ ਅੰਦਰੋਂ ਟੁੱਟ ਚੁੱਕਿਆ ਹੈ ਤੇ ਫਿਰ ਮਾਂ ਵੀ ਦੁੱਖ ਦੀ ਮਾਰੀ ਜਹਾਨੋਂ ਕੂਚ ਕਰ ਜਾਂਦੀ ਹੈ।
ਧਰਮ ਸਿੰਘ ਹਾਲੇ ਵੀ ਆਪਣੇ ਕੌਲ ਦੇ ਉੱਪਰ ਖੜਾ ਹੈ, ਉਹ ਫਸਲ ਦੇ ਪੈਸੇ ਲਿਆ ਕੇ ਜਗਸੀਰ ਨੂੰ ਦੇ ਦਿੰਦਾ ਹੈ, ਤੇ ਉਹ ਜਗਸੀਰ ਨੂੰ ਹਾਲਾਤ ਵਧੀਆ ਹੋਣ ਦਾ ਹੌਸਲਾ ਵੀ ਦਿੰਦਾ ਹੈ। ਜਗਸੀਰ ਨਾਲ ਹੋਈ ਜ਼ਿਆਦਤੀ ਕਾਰਨ ਧਰਮ ਸਿੰਘ ਬਹੁਤ ਦੁਖੀ ਹੈ ਉਹ ਪਤਨੀ ਅਤੇ ਪੁੱਤ ਨੂੰ ਨਹੀਂ ਸਮਝਾ ਸਕਦਾ ਤਾਂ ਨਮੋਸ਼ੀ ਦੇ ਚਲਦਿਆਂ ਉਹ ਬਿਨਾਂ ਦੱਸਿਓ ਘਰ ਛੱਡ ਕੇ ਚਲਾ ਜਾਂਦਾ ਹੈ ।
ਧਰਮ ਸਿੰਘ ਦੇ ਘਰ ਛੱਡਣ ਤੋਂ ਬਾਅਦ ਜਗਸੀਰ ਹੋਰ ਬੇਸਹਾਰਾ ਹੋ ਜਾਂਦਾ ਹੈ, ਕਿਉਂਕਿ ਹੁਣ ਉਸਦੀ ਮਾਂ ਵੀ ਨਹੀਂ ਰਹੀ ਹੈ।
ਜ਼ਮੀਨ ਵੀ ਨਹੀਂ ਰਹੀ ਤੇ ਉਸਦੇ ਆਪਣੇ ਵੀ ਸਾਥ ਛੱਡਦੇ ਜਾ ਰਹੇ ਹਨ, ਅਜਿਹੀ ਸਥਿਤੀ ਵਿੱਚ ਉਸ ਦਾ ਇੱਕੋ ਸਾਥੀ ਹੈ ਉਸ ਦਾ ਲੰਗੋਟੀਆ ਯਾਰ “ਰੌਣਕੀ “।
ਰੌਣਕੀ ਵੀ ਇਕੱਲਾ ਹੈ ਉਹ ਅਮਲ ਕਰਦਾ ਹੈ, ਘਰ ਵਾਲੀ ਛੱਡ ਕੇ ਜਾ ਚੁੱਕੀ ਹੈ। ਰੌਣਕੀ ਦਾ ਕਿਰਦਾਰ ਪੰਕਜ ਕਪੂਰ ਨੇ ਨਿਭਾਇਆ ਹੈ ਤੇ ਬਹੁਤ ਸ਼ਾਨਦਾਰ ਨਿਭਾਇਆ ਹੈ। ਉਸ ਦੀ ਬੋਲੀ ਵਿੱਚ ਮਾਲਵੇ ਦੀ ਪੁੱਠ ਹੈ। ਉਹ ਜਗਸੀਰ ਨੂੰ ਹੌਸਲਾ ਦਿੰਦਾ ਹੈ ਅਤੇ ਉਸਦੀ ਬਿਮਾਰੀ ਵਾਸਤੇ ਤਰੱਦਦ ਕਰਦਾ ਹੈ ਪਰ ਹਕੀਮ ਉਸਨੂੰ ਦੱਸ ਦਿੰਦਾ ਹੈ ਕਿ ਜਗਸੀਰ ਨਸ਼ੇ ਅਤੇ ਭੁੱਖ ਦੇ ਕਾਰਨ ਹੁਣ ਜਿਆਦਾ ਦੇਰ ਨਹੀਂ ਜ਼ਿੰਦਾ ਨਹੀਂ ਰਹਿ ਸਕਦਾ।
ਆਖਰੀ ਸਮੇਂ ਵਿੱਚ ਰੌਣਕੀ ਅਤੇ ਜਗਸੀਰ ਗੱਲਾਂ ਕਰਦੇ ਹਨ। ਫ਼ਿਲਮ ਦੇ ਇਹ ਦ੍ਰਿਸ਼ ਬੜੇ ਮਾਰਮਿਕ ਹਨ। ਰੌਣਕੀ ਰੱਬ ਨੂੰ ਉਲਾਂਭੇ ਦਿੰਦਾ ਹੈ ਕਿ ਉਸ ਕੋਲ ਦਇਆ ਤਰਸ ਨਾ ਦੀ ਕੋਈ ਚੀਜ਼ ਨਹੀਂ ਹੈ, ਉਹ ਗਰੀਬਾਂ ਦਾ ਹਾਮੀ ਹੀ ਨਹੀਂ, ਉਹ ਸਾਰੇ ਦੁੱਖ ਗਰੀਬਾਂ ਦੀ ਝੋਲੀ ਪਾਉਂਦਾ ਹੈ ਆਦਿ।
ਜਗਸੀਰ ਬਿਮਾਰ ਹੈ ਅਤੇ ਉਸ ਦੀ ਆਵਾਜ਼ ਵਿੱਚ ਬਹੁਤ ਕਮਜ਼ੋਰੀ ਹੈ ਜਿਸ ਕਾਰਨ ਰੌਣਕੀ ਅੰਦਰੋਂ ਡਰਿਆ ਹੁੰਦਾ ਹੈ।
ਜਗਸੀਰ, ਰੌਣਕੀ ਨੂੰ ਕਹਿੰਦਾ ਹੈ ਕਿ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਉਹ ਉਸ ਦੀ ਮਟੀ ਬਣਾ ਦੇਵੇ ਤੇ ਹੁਣ ਦੁਨੀਆਂ ਵਿੱਚ ਭਾਨੀ ਹੀ ਹੈ ਜੋ ਉਸਨੂੰ ਆਪਣਾ ਸਮਝਦੀ ਹੈ ਉਹ ਭਾਨੀ ਨੂੰ ਕਹਿ ਦੇਵੇ ਕਿ ਉਹ ਮੇਰੇ ਬਾਦ ਮੇਰੀ ਮੜ੍ਹੀ `ਤੇ ਦੀਵਾ ਜਗਾ ਦਿਆ ਕਰੇ।
ਰੌਣਕੀ ਭਰੇ ਮਨ ਨਾਲ ਉਸ ਦੀਆਂ ਗੱਲਾਂ ਦੀ ਹਾਮੀ ਭਰ ਦਿੰਦਾ ਹੈ, ਅਤੇ ਜਗਸੀਰ ਨੂੰ ਮਰਦਿਆਂ ਹੋਇਆਂ ਦੇਖਦਾ ਹੈ। ਉਹ ਖੁਦ ਵੀ ਤਾਂ ਇਕੱਲਾ ਹੀ ਹੈ ਇੱਕ ਜਗਸੀਰ ਹੀ ਸੀ ਜਿਸ ਦਾ ਉਸਨੂੰ ਸਾਥ ਮਿਲਿਆ ਹੋਇਆ ਸੀ। ਉਸ ਦਾ ਵੀ ਹੋਰ ਸੰਗੀ ਸਾਥੀ ਕੋਈ ਨਹੀਂ ਸੀ।
ਰੌਣਕੀ ਜਗਸੀਰ ਵਾਸਤੇ ਦਵਾਈ ਦੀਆਂ ਪੁੜੀਆਂ ਲੈਣ ਗਿਆ ਹੁੰਦਾ ਹੈ ਪਰ ਜਦੋਂ ਵਾਪਸ ਆਉਂਦਾ ਹੈ ਤਾਂ ਜਗਸੀਰ ਇਸ ਦੁਨੀਆ ਤੋਂ ਜਾ ਚੁੱਕਿਆ ਹੁੰਦਾ ਹੈ।
ਦੁੱਖਾਂ ਦੀ ਇਕ ਲੰਮੀ ਕਹਾਣੀ ਖਤਮ ਹੋ ਗਈ ਹੁੰਦੀ ਹੈ।
ਫ਼ਿਲਮ ਦੇ ਅਖੀਰਲੇ ਦ੍ਰਿਸ਼ਾਂ ਵਿੱਚ ਰੌਣਕੀ ਮੜ੍ਹੀ ਬਣਾਉਂਦਾ ਹੋਇਆ ਨਜ਼ਰ ਆਉਂਦਾ ਹੈ ਅਤੇ ਤੇ ਫਿਰ ਭਾਨੀ ਉਸ ਮੜ੍ਹੀ `ਤੇ ਦੀਵਾ ਬਾਲਦੀ ਵੀ ਨਜ਼ਰ ਆਉਂਦੀ ਹੈ।
ਮੜ੍ਹੀ `ਤੇ ਦੀਵਾ ਬਾਲ ਕੇ ਜਾ ਰਹੀ ਭਾਨੀ `ਤੇ ਫ਼ਿਲਮ ਖਤਮ ਹੋ ਜਾਂਦੀ ਹੈ।
———
ਮੜ੍ਹੀ ਦਾ ਦੀਵਾ, ਪੰਜਾਬੀ ਫ਼ਿਲਮ ਜਗਤ ਦੀ ਬਿਹਤਰੀਨ ਫ਼ਿਲਮ ਕਹੀ ਜਾ ਸਕਦੀ ਹੈ ਇਸ ਵਿੱਚ ਸਾਰੇ ਅਦਾਕਾਰਾਂ ਦੀ ਅਦਾਕਾਰੀ ਬੇਮਿਸਾਲ ਸੀ। ਰਾਜ ਬੱਬਰ ਭਾਵੇਂ ਹਿੰਦੀ ਫ਼ਿਲਮ ਜਗਤ ਦੇ ਵੀ ਸਫਲ ਕਲਾਕਾਰ ਹਨ, ਪਰ ਇਹ ਉਹਨਾਂ ਦੀ ਜ਼ਿੰਦਗੀ ਦੀ ਬਿਹਤਰੀਨ ਪੇਸ਼ਕਾਰੀ ਹੈ, ਪੰਕਜ ਕਪੂਰ ਦੀਪਤੀ ਨਵਲ ਪ੍ਰੀਕਸ਼ਤ ਸਾਨੀ, ਹਰਭਜਨ ਜਬਲ ਭਾਵੇਂ ਛੋਟੀਆਂ ਭੂਮਿਕਾਵਾਂ ਵਿੱਚ ਹਨ, ਪਰ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਕਮਾਲ ਹਨ।
ਫ਼ਿਲਮ ਦਾ ਇੱਕ ਮਹੱਤਵਪੂਰਨ ਪੱਖ ਇਲਾਕਈ ਬੋਲੀ ਦਾ ਵੀ ਹੈ, ਬੋਲੀ ਸੁਭਾਵਿਕ ਮਲਵਈ ਬੋਲੀ ਹੈ ਅਤੇ ਪਹਿਰਾਵਾ ਵੀ ਸਥਾਨਕ ਪਰਿਵੇਸ਼ ਅਨੁਸਾਰ ਢੁਕਵਾਂ। ਫ਼ਿਲਮ ਹਰ ਪੱਖੋਂ ਮਜ਼ਬੂਤ ਹੈ, ਭਾਵੇਂ ਉਹ ਪਾਤਰਾਂ ਦੀ ਵੇਸ਼ ਭੂਸਾ ਹੋਵੇ ਜਾਂ ਰਹਿਣ ਸਹਿਣ, ਬੋਲੀ ਜਾਂ ਫਿਰ ਖੇਤ, ਪਿੰਡ ਅਤੇ ਘਰ ਦੇ ਦ੍ਰਿਸ਼।
ਫ਼ਿਲਮ ਵਿੱਚ ਸੰਗੀਤ ਮਹਿੰਦਰਜੀਤ ਸਿੰਘ ਦਾ ਹੈ, ਫ਼ਿਲਮ ਦੀ ਸੰਪਾਦਨਾ ਸੁਭਾਸ਼ ਸਹਿਗਲ ਨੇ ਕੀਤੀ ਹੈ।