ਚਾਲੀ ਸੇਰੀ ਗੱਲ

ਬਲਜੀਤ ਬਾਸੀ
ਫੋਨ: 734-259-9353
ਕੋਵਿਡ ਦਾ ਭਿਆਨਕ ਦੌਰ ਕਦੋਂ ਦਾ ਲੰਘ ਚੁੱਕਾ ਹੈ ਪਰ ਅਜੇ ਵੀ ਉਸ ਦੀ ਅਤਿਤਾਈ ਯਾਦ ਕਰਕੇ ਝੁਣਝੁਣੀ ਛਿੜਨ ਲਗਦੀ ਹੈ। ਸ਼ਾਇਦ ਹੀ ਕੋਈ ਹੋਵੇਗਾ ਜਿਸ ਨੇ ਇਸ ਚੰਦਰੀ ਬੀਮਾਰੀ ਦਾ ਕੌੜਾ ਅਨੁਭਵ ਨਾ ਹੰਢਾਇਆ ਹੋਵੇ। ਅਨੇਕਾਂ ਦੇ ਮਿੱਤਰ ਪਿਆਰੇ ਇਸ ਬੀਮਾਰੀ ਨੇ ਨਿਗਲ ਲਏ। ਮੈਂ ਖੁਦ ਘੱਟੋ-ਘੱਟ ਤਿੰਨ ਵਾਰੀ ਇਸ ਦਾ ਸ਼ਿLਕਾਰ ਹੋਇਆ ਪਰ ਅਮਰ ਹੋਣੋਂ ਬਚਿਆ ਰਿਹਾ।

ਹਸਪਤਾਲ ਵਿਚ ਮੇਰਾ ਬੇਟਾ ਕੰਮ ਕਰਦਾ ਸੀ। ਉਸ ਨੇ ਕੋਵਿਡ ਦੇ ਸੈਂਕੜੇ ਮਰੀਜ਼ਾਂ ਨੂੰ ਸਾਹ ਦਿਵਾਏ, ਪਰ ਬਹੁਤੇ ਤੜਫਦੇ-ਤੜਫਦੇ ਜਹਾਨੋਂ ਤੁਰ ਗਏ। ਸਾਡੀ ਜਾਨ ਹਮੇਸ਼ਾ ਸੂਲੀ ‘ਤੇ ਟੰਗੀ ਰਹਿੰਦੀ ਸੀ। ਇਸ ਵਿਸ਼ਵਮਾਰੀ ਨੇ ਸਾਡੇ ਸਮਾਜਕ ਤੇ ਕਾਰੋਬਾਰੀ ਜੀਵਨ ਵਿਚ ਸਭ ਤੋਂ ਵੱਡੀ ਸਿਫਤੀ ਤਬਦੀਲੀ ਲਿਆਂਦੀ: ਦੁਨੀਆ ਭਰ ਦੀ ਆਰਥਕਤਾ ਦਾ ਭੱਠਾ ਬੈਠਿਆ, ਕੰਮਕਾਜੀ ਲੋਕਾਂ ਨੂੰ ਘਰ ‘ਤੋਂ ਕੰਮ ਕਰਨ ਲਾ ਦਿੱਤਾ। ਉਨ੍ਹਾਂ ਦਿਨਾਂ ਵਿਚ ਇਸ ਬੀਮਾਰੀ ਨਾਲ ਸਬੰਧਤ ਸਭ ਭਾਸਾਵਾਂ ਵਿਚ ਕੁਝ ਇੱਕ ਨਵੇਂ ਸ਼ਬਦ ਚੱਲੇ ਤੇ ਕੁਝ ਪੁਰਾਣੇ ਮੁੜ ਪ੍ਰਚਲਤ ਹੋਏ। ਇਸ ਦਾ ਨਾਂ ਕੋਵਿਡ ਜਾਂ ਕਰੋਨਾਵਾਇਰਸ ਤਾਂ ਹਰ ਇੱਕ ਦੀ ਜ਼ਬਾਨ `ਤੇ ਹੀ ਚੜ੍ਹ ਗਿਆ। ਹੋਰ ਨਿਤ ਦਰਪੇਸ਼ ਹੋਣ ਵਾਲੇ ਅੰਗ੍ਰੇਜ਼ੀ ਸ਼ਬਦ ਸਨ: ਸੋਸ਼ਲ ਡਿਸਟੈਂਸਿੰਗ, ਸੋਸ਼ਲ ਆਈਸੋਲੇਸ਼ਨ, ਕਰੋਨਾਵਾਇਰਸ, ਕਵੌਰੰਟੀਨ, ਮਾਸਕ, ਹੈਂਡ ਸੈਨੇਟਾਇਜ਼ਰ ਆਦਿ। ਪੰਜਾਬੀ ਅਖਬਾਰਾਂ ਨੇ ਕੁਝ ਇੱਕ ਦੇ ਪੰਜਾਬੀ ਰੂਪ ਲਭੇ, ਕੁਝ ਦੇ ਨਵੇਂ ਘੜ ਲਏ ਜਿਵੇਂ ਸਮਾਜਕ ਦੂਰੀ, ਇਕਾਂਤਵਾਸ, ਕੁਰਾਟੀਨ ਪਰ ਬਾਕੀ ਦੇ ਜਿਉਂ ਦੇ ਤਿਉਂ ਅਪਣਾ ਲਏ।
ਇੱਕ ਹੋਰ ਮੂੰਹ ਚੜ੍ਹਿਆ ਸ਼ਬਦ ਸੀ ਕੁਰਾਟੀਨ ਜੋ ਅੰਗ੍ਰੇਜ਼ੀ ਕਵੌਰੰਟੀਨ ਦਾ ਪੰਜਾਬੀਕ੍ਰਿਤ ਰੂਪ ਸੀ। ਅੱਜ ਮੈਂ ਇਸੇ ‘ਤੇ ਗੱਲ ਕਰਨੀ ਹੈ। ਪੰਜਾਬੀ ਤੋਂ ਇਲਾਵਾ ਸ਼ਾਇਦ ਹੀ ਭਾਰਤ ਦੀ ਕਿਸੇ ਭਾਸ਼ਾ ਨੇ ‘ਕੁਰਾਟੀਨ’ ਦੇ ਤੌਰ ‘ਤੇ ਇਹ ਸ਼ਬਦ ਅਪਣਾਇਆ ਹੋਵੇਗਾ ਕਿਉਂਕਿ ਇਤਿਹਾਸਕ ਤੌਰ ‘ਤੇ ਪੰਜਾਬੀ ਵਿਚ ਇਸ ਸ਼ਬਦ ਦੀ ਵਰਤੋਂ ਢੇਰ ਸਮਾਂ ਪਹਿਲਾਂ ਹੋ ਗਈ ਸੀ। ਇਕਾਂਤਵਾਸ ਅਤੇ ਕੁਰਾਟੀਨ ਵਿਚ ਮੋਟੇ ਤੌਰ ਤੇ ਫਰਕ ਇਹ ਹੈ ਕਿ ਪਹਿਲੇ ਅਧੀਨ ਮਰੀਜ਼ ਨੂੰ ਦੂਜਿਆਂ ਤੋਂ ਘਰ ਆਦਿ ਵਿਚ ਅੱਡ ਰੱਖਿਆ ਜਾਂਦਾ ਹੈ ਪਰ ਦੂਜੇ ਵਿਚ ਹੋਰ ਦੇਸ਼ਾਂ ਵਿਚੋਂ ਆਉਣ ਵਾਲੇ ਮੁਸਾਫਰਾਂ ਨੂੰ ਨਿਸਚਿਤ ਸਮੇਂ ਲਈ ਕਿਸੇ ਹੋਰ ਥਾਂ ‘ਤੇ ਇਕੱਲਿਆਂ ਰੱਖਣਾ ਹੁੰਦਾ ਸੀ। ਦੋਨਾਂ ਦਾ ਮਕਸਦ ਹੋਰਨਾਂ ਨੂੰ ਲਾਗ ਤੋਂ ਬੇਲਾਗ ਰੱਖਣਾ ਹੈ। ਕੁਝ ਸਮਾਂ ਪਾ ਕੇ ਦੋਨੋਂ ਸ਼ਬਦ ਆਮ ਸਮਝ ਵਜੋਂ ਰਲਗੱਡ ਹੀ ਹੋ ਗਏ। ਪੰਜਾਬੀ ਸ਼ਬਦਾਵਲੀ ਵਿਚ ਕੁਰਾਟੀਨ ਸ਼ਬਦ ਅੱਜ ਤੋਂ ਇਕ ਸਦੀ ਤੋਂ ਵੀ ਵਧ ਸਮਾਂ ਪਹਿਲਾਂ ਦਾਖਿਲ ਹੋ ਚੁੱਕਾ ਸੀ। ਅਮਰੀਕੀ ਮਹਾਂਦੀਪ ਪਹੁੰਚੇ ਪੰਜਾਬੀਆਂ ਨੂੰ ਏਥੋਂ ਦੀਆਂ ਸਨਫਰਾਂਸਿਸਕੋ, ਨਿਊਯਾਰਕ, ਵਿਕਟੋਰੀਆ ਆਦਿ ਬੰਦਰਗਾਹਾਂ ਰਾਹੀਂ ਧਰਤੀL ਦੇ ਅੰਦਰ ਵੜਨ ਤੋਂ ਪਹਿਲਾਂ ਕਈ ਕਈ ਦਿਨ ਕੁਰਾਟੀਨ ਵਿਚ ਰੱਖਿਆ ਜਾਂਦਾ ਸੀ। ਦਰਅਸਲ ਸਮੁੰਦਰੀ ਜਹਾਜ਼ ਦੇ ਇੱਕ ਹਿੱਸੇ ਵਿਚ ਮੁਸਾਫਰਾਂ ਨੂੰ ਬਿਠਾ ਕੇ ਜਹਾਜ਼ ਨੂੰ ਬੰਦਰਗਾਹ ਤੋਂ ਹਟਵੇਂ ਪਾਣੀਆਂ ਵਿਚ ਲਾ ਦਿੱਤਾ ਜਾਂਦਾ ਸੀ। ਇਹ ਅਮਲ ਕਈ ਦਿਨ ਜਾਰੀ ਰਹਿੰਦਾ ਸੀ ਅਤੇ ਇਸ ਦਾ ਮੰਤਵ ਸੀ ਕਿ ਜੇ ਕੋਈ ਛੂਤ ਲੱਗੀ ਬੀਮਾਰੀ ਵਾਲੇ ਮੁਸਾਫਰ ਆਏ ਹੋਣ, ਉਹ ਇਸ ਸਮੇਂ ਦੌਰਾਨ ਹੀ ਜਾਂ ਠੀਕ ਹੋ ਜਾਣਗੇ ਜਾਂ ਫਿਰ ਚਲਦੇ ਲੱਗਣਗੇ। ਸਿੱਟੇ ਵਜੋਂ ਉਹ ਦੇਸ਼ ਦੇ ਅੰਦਰ ਵੜ ਕੇ ਬੀਮਾਰੀ ਨਹੀਂ ਫੈਲਾ ਸਕਣਗੇ। ਕੁਰਾਟੀਨ ਸ਼ਬਦ ਗਦਰ ਪਾਰਟੀ ਦੇ ਪਰਚਿਆਂ ਵਿਚ ਛਪਿਆ ਤੇ ਦੂਰ-ਦੁਰਾਡੇ ਵਸਦੇ ਪੰਜਾਬੀਆਂ ਨੇ ਪੜ੍ਹ ਕੇ ਇਸ ਦਾ ਮਤਲਬ ਜਾਣਿਆ। ਕੁਝ ਇੱਕ ਥਾਵਾਂ ‘ਤੇ ਇਸ ਲਈ ਘੜਿਆ ਸ਼ਬਦ ਪੱਤਣ-ਰੋਕ ਵੀ ਮਿਲਦਾ ਹੈ। ਗਦਰ ਪਾਰਟੀ ਦੀਆਂ ਸਰਗਰਮੀਆਂ ਬਾਰੇ ਸੋਹਣ ਸਿੰਘ ਭਕਨਾ, ਜਸਵੰਤ ਸਿੰਘ ਜੱਸ, ਜਗਜੀਤ ਸਿੰਘ ਆਦਿ ਦੁਆਰਾ ਲਿਖੀਆਂ ਕਿਤਾਬਾਂ ਵਿਚ ਕੁਰਾਟੀਨ ਅਤੇ ਇਸ ਦੇ ਕਹਿਰ ਦਾ ਖੂਬ ਜ਼ਿਕਰ ਹੈ।
ਦੁਨੀਆਂ ਭਰ ਵਿਚ ਕੁਰਾਟੀਨ ਜਿਹੇ ਵਰਤਾਓ ਦਾ ਇਤਿਹਾਸ ਪੁਰਾਣਾ ਹੈ। ਬਾਈਬਲ ਵਿਚ ਅੱਜ ਤੋਂ 2700 ਸਾਲ ਪਹਿਲਾਂ ਕੋਹੜ ਕਾਰਨ ਚਮੜੀ ਰੋਗ ਪੀੜਤਾਂ ਨੂੰ ਵੱਖ ਰੱਖਣ ਦਾ ਜ਼ਿਕਰ ਮਿਲਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੰਦਾ ਬੋਲਣ ਵਾਲਿਆਂ ਨੂੰ ਸਜ਼ਾ ਵਜੋਂ ਵੀ ਵੱਖਰਾ ਰੱਖਿਆ ਜਾਂਦਾ ਸੀ। ਮਧਕਾਲੀ ਮੁਸਲਮਾਨੀ ਹਕੂਮਤਾਂ ਦੌਰਾਨ ਵੀ ਤਪਦਿਕ ਜਿਹੇ ਰੋਗੀਆਂ ਨੂੰ ਇਸ ਬੀਮਾਰੀ ਦੇ ਫੈਲਣ ਤੋਂ ਰੋਕਣ ਲਈ ਵੱਖਰਾ ਰੱਖਿਆ ਜਾਂਦਾ ਸੀ। ਮਸ਼ਹੂਰ ਹਕੀਮ ਇਬਨ ਸਿਨਾਅ ਨੇ ਇਸ ਅਮਲ ਦੀ ਜ਼ੋਰਦਾਰ ਸਿਫਾਰਿਸ਼ ਕੀਤੀ ਸੀ। ਸੋਲ੍ਹਵੀਂ ਸਦੀ ਦੇ ਉਸਮਾਨੀ ਰਾਜ ਵਿਚ ਪਲੇਗ ਵਾਲੇ ਇਲਾਕਿਆਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਕਈ ਕਈ ਦਿਨ ਕੁਰਾਟੀਨ ਦੀ ਸੇਵਾ ਕੀਤੀ ਜਾਂਦੀ ਸੀ। ਸਤ੍ਹਾਰਵੀਂ ਸਦੀ ਦੀ ਤੀਜੀ ਚੌਥਾਈ ਵਿਚ ਇੰਗਲੈਂਡ ਵਿਚ ਵਿਆਪਕ ਪਲੇਗ ਫੈਲ ਗਈ। ਇਸ ਦੀ ਸ਼ੁਰੂਆਤ ਇਯਾਮ ਨਾਮੀ ਪਿੰਡ ਤੋਂ ਹੋਈ ਜਿਸ ਕਾਰਨ ਸਾਰੇ ਵਾਸੀਆਂ ਨੂੰ ਕੁਰਾਟੀਨ ਦੀ ਸਜ਼ਾ ਭੁਗਤਣੀ ਪਈ। ਵਸਦਾ ਰਸਦਾ ਪਿੰਡ ਵੀਰਾਨ ਹੋ ਗਿਆ। ਅਖਬਾਰਾਂ ਤੇ ਨਾਵਲਾਂ ਰਾਹੀਂ ਇਹ ਪਿੰਡ ‘ਪਲੇਗ ਪਿੰਡ’ ਵਜੋਂ ਮਸ਼ਹੂਰ ਹੋ ਗਿਆ ਹੈ। ਸਮੇਂ ਦਾ ਗੇੜ ਦੇਖੋ, ਅੱਜ ਸੈਲਾਨੀਆਂ ਦੇ ਖਰਚਿਆਂ ‘ਤੇ ਨਿਰਭਰ ਇਹ ਪਿੰਡ ਆਪਣੇ ਭੂਤਕਾਲੀ ਦੁਖਾਂਤ ਦਾ ਖੱਟਿਆ ਖਾਂਦਾ ਹੈ। ਵਰਤਮਾਨ ਵਿਚ ਕਈ ਦੇਸ਼ਾਂ ਨੇ ਈਬੋਲਾ ਤੇ ਸਾਰਸ ਨਾਮੀੰ ਮਹਾਮਾਰੀਆਂ ਕਾਰਨ ਕੁਰਾਟੀਨ ਦੀ ਕਠੋਰਤਾ ਦਾ ਸੰਤਾਪ ਝੱਲਿਆ ਹੈ। ਪਰ ਹਾਲੀਆ 2020 ਦੇ ਕੋਵਿਡ ਸੰਕ੍ਰਮਣ ਦੀ ਮਾਰ ਸਰਵਵਿਆਪਕ ਰਹੀ। ਅੰਤਰਦੇਸ਼ੀ ਜਹਾਜ਼ਾਂ ਦੀ ਆਵਾਜਾਈ ਲੰਮੇ ਸਮੇਂ ਤੱਕ ਬੰਦ ਰਹੀ। ਜਿਹੜੇ ਯਾਤਰੂ ਆਏ ਵੀ, ਉਨ੍ਹਾਂ ਨੂੰ ਆਪਣੇ ਖਰਚਿਆਂ ਤੇ ਹੋਟਲਾਂ ਆਦਿ ਵਿਚ ਕਈ ਕਈ ਦਿਨ ਕੁਰਾਟੀਨ ਭੁਗਤਣਾ ਪਿਆ।
‘ਕੁਰਾਟੀਨ’ ਮੁਢਲੇ ਤੌਰ `ਤੇ ਇਤਾਲਵੀ ਭਾਸ਼ਾ ਦੇ ਵੀਨਸ ਸ਼ਹਿਰ ਦੀ ਉਪਭਾਸ਼ਾ ਦੇ ਸ਼ਬਦ ਤੁਅਰਅਨਟਅ ਗiੋਰਨi ਤੋਂ ਵਿਉਤਪਤ ਹੋਇਆ, ਜਿਸ ਦਾ ਸ਼ਾਬਦਿਕ ਅਰਥ ਹੈ ‘ਚਾਲੀ ਦਿਨ ਦਾ ਅਰਸਾ’। ਬੰਦਰਗਾਹ ਤੇ ਪੁੱਜਣ ਵਾਲੇ ਪਲੇਗ ਦੇ ਸ਼ੱਕੀ ਮੁਸਾਫਰਾਂ ਨੂੰ ਪਹਿਲੇ-ਪਹਿਲ ਚਾਲੀ ਦਿਨ ਵੱਖ ਰੱਖਿਆ ਜਾਂਦਾ ਸੀ ਕਿਉਂਕਿ ਨਤੀਜਾ ਕਢਿਆ ਗਿਆ ਸੀ ਕਿ ਪਲੇਗ ਦਾ ਰੋਗੀ ਚਾਲੀ ਦਿਨ ਤੱਕ ਜ਼ਿੰਦਾ ਰਹਿ ਸਕਦਾ ਹੈ। 14ਵੀਂ ਸਦੀ ਦੇ ਅਖੀਰ ਵਿਚ ਇਕ ਕਾਨੂੰਨ ਲਾਗੂ ਕੀਤਾ ਗਿਆ ਜਿਸ ਅਨੁਸਾਰ ਪਲੇਗ-ਮਾਰੇ ਦੇਸ਼ਾਂ ਵਿਚੋਂ ਆਉਣ ਵਾਲੇ ਜਹਾਜ਼ਾਂ ਨੂੰ ਚਾਲੀ ਦਿਨ ਲਈ ਬੰਦਰਗਾਹ ਤੋਂ ਪਰੇ ਰੱਖਿਆ ਜਾਣ ਲੱਗਾ। ਭਾਵੇਂ ਬਾਅਦ ਵਿਚ ਵੱਖ ਰੱਖਣ ਦੀ ਮਿਆਦ ਘਟਦੀ ਵਧਦੀ ਵੀ ਰਹੀ ਪਰ ਇਸ ਸਥਿਤੀ ਨੂੰ ਦਰਸਾਉਂਦਾ ਕੁਰਾਟੀਨ ਸ਼ਬਦ ਕਾਇਮ ਰਿਹਾL। ਇੰਗਲਂੈਡ ਵਿਚ ਇਕ ਰਿਵਾਜ ਅਨੁਸਾਰ ਵਿਧਵਾ ਦਾ ਇਹ ਅਧਿਕਾਰ ਹੁੰਦਾ ਸੀ ਕਿ ਉਹ ਪਤੀ ਦੇ ਮਰਨ ਤੋਂ ਚਾਲੀ ਦਿਨ ਬਾਅਦ ਤੱਕ ਪਤੀ ਦੇ ਘਰ ਰਹਿ ਸਕਦੀ ਸੀ। ਇਸ ਲਈ ਇਸ ਦੇਸ਼ ਵਿਚ ਕੁਰਾਟੀਨ ਜਿਹਾ ਸ਼ਬਦ ਵਿਧਵਾ ਦੇ ਇਸ ਅਧਿਕਾਰ ਲਈ ਪਹਿਲਾਂ ਵੀ ਵਰਤਿਆ ਜਾਂਦਾ ਸੀ।
ਕਈ ਸਮਾਜਾਂ ਵਿਚ ਚਾਲੀ ਦੀ ਸੰਖਿਆ ਜਾਂ ਸ਼ਬਦ ਦੀ ਧਾਰਮਕ/ਸਾਂਸਕ੍ਰਿਤਕ ਮਹੱਤਤਾ ਹੈ। ਮੋਟੇ ਤੌਰ ‘ਤੇ ਚਾਲੀ ਸ਼ਬਦ ਨਵਜੀਵਨ ਜਾਂ ਪਰਿਵਰਤਨ ਦਾ ਪ੍ਰਤੀਕ ਬਣਦਾ ਹੈ। ਬਾਈਬਲ ਅਨੁਸਾਰ ਪਰਲੈ ਚਾਲੀ ਦਿਨ ਰਹੀ। ਈਸਾ ਨੇ ਜੰਗਲ ਵਿਚ ਮਾਰੇ ਮਾਰੇ ਫਿਰਦਿਆਂ ਚਾਲੀ ਦਿਨ ਵਰਤ ਰੱਖਿਆ। ਈਸਾ ਪੁਨਰਜੀਵਤ ਹੋਣ ਪਿੱਛੋਂ ਸਵਰਗ ਵਿਚ ਜਾਣ ਤੋਂ ਪਹਿਲਾਂ ਚਾਲੀ ਦਿਨ ਆਪਣੇ ਚੇਲਿਆਂ ਸੰਗ ਘੁੰਮਿਆ ਫਿਰਿਆ। ਮੂਸਾ ਨੇ ਸੀਨਾ ਪਰਬਤ ‘ਤੇ ਕਈ ਵਾਰੀ ਚਾਲੀ ਚਾਲੀ ਦਿਨ ਬਿਤਾਏ। ਇਸ ਪਿੱਛੋਂ ਯਹੋਵਾ ਨੇ ਮੂਸਾ ਨੂੰ 10 ਇਲਹਾਮੀਆ ਹੁਕਮ ਭੇਜੇ। ਮੁਹੰਮਦ ਨੂੰ ਚਾਲੀ ਸਾਲ ਦੀ ਉਮਰ ਵਿਚ ਇਲਹਾਮ ਹੋਇਆ। ਕੁਰਾਨ ਅਨੁਸਾਰ ਮਨੁੱਖ ਚਾਲੀ ਸਾਲ ਦੀ ਉਮਰ ਵਿਚ ਪੋ੍ਰੜ ਹੁੰਦਾ ਹੈ। ਕਈ ਸਰਬਿਆਈ ਲੋਕਾਂ ਦਾ ਵਿਸ਼ਵਾਸ ਹੈ ਕਿ ਮੌਤ ਤੋਂ ਚਾਲੀ ਦਿਨ ਤੱਕ ਮਨੁੱਖ ਦੇ ਦੁਆਲੇ ਭੂਤ ਮੰਡਲਾਉਂਦੇ ਰਹਿੰਦੇ ਹਨ ਜਿਨ੍ਹਾਂ ਤੋਂ ਪ੍ਰਾਰਥਨਾਵਾਂ ਕਰਕੇ ਹੀ ਛੁਟਕਾਰਾ ਹੁੰਦਾ ਹੈ।
ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿਚ ਟਹਿਲਣਾ ਦੇ ਅਰਥਾਂ ਵਿਚ ਇੱਕ ਉਕਤੀ ਚਲਦੀ ਹੈ ‘ਚਹਿਲ ਕਦਮੀ’। ਮੈਨੂੰ ਹਾਲ ਵਿਚ ਹੀ ਪਤਾ ਲੱਗਾ ਕਿ ਇਸ ਉਕਤੀ ਵਿਚ ਵੀ ਚਾਲੀ ਦਾ ਫਾਰਸੀ ਰੂਪ ਚਹਿਲ ਬੋਲਦਾ ਹੈ ਤੇ ਇਸ ਪਿੱਛੇ ਇੱਕ ਇਸਲਾਮੀ ਵਹਿਮ ਜਾ ਵਿਸ਼ਵਾਸ ਕੰਮ ਕਰਦਾ ਹੈ ਜਿਸ ਅਨੁਸਾਰ ਮੁਰਦੇ ਨੂੰ ਦਫਨਾਉਣ ਪਿੱਛੋਂ ਫਾਤਿਹਾ ਪੜ੍ਹਿਆ ਜਾਂਦਾ ਹੈ। ਫਿਰ ਜਨਾਜ਼ੇ ‘ਤੇ ਆਏ ਲੋਕ ਕਬਰ ਤੋਂ ਚਾਲੀ ਕਦਮ ਪਿੱਛੇ ਮੁੜਦੇ ਹਨ ਅਤੇ ਕਬਰਿਸਤਾਨ ਦੇ ਸਾਰੇ ਮੁਰਦਿਆਂ ਦੇ ਨਾਮ ਫਾਤਿਹਾ ਪੜ੍ਹਦੇ ਹਨ। ਵਿਸ਼ਵਾਸ ਹੈ ਕਿ ਮੁੰਕਰ ਅਤੇ ਨਾਕਿਰ ਨਾਂ ਦੇ ਦੋ ਫਰਿਸ਼ਤੇ ਮੁਰਦੇ ਦਾ ਇਮਤਿਹਾਨ ਲੈਣ ਵਜੋਂ ਪੁਛ ਗਿੱਛ ਕਰਦੇ ਹਨ ਕਿ ਉਸ ਦਾ ਰੱਬ ਕਿਹੜਾ ਹੈ, ਉਹ ਕਿਸ ਪੈਗੰਬਰ ਨੂੰ ਮੰਨਦਾ ਹੈ ਅਤੇ ਉਸ ਦਾ ਧਰਮ ਕਿਹੜਾ ਹੈ। ‘ਚਹਿਲ ਕਦਮੀ’ ਇਸ ਇਮਤਿਹਾਨ ਦੀ ਘੜੀ ਮੁਰਦੇ ਦੀ ਸਹਾਈ ਹੁੰਦੀ ਹੈ।
ਹਿੰਦੂ ਸੰਸਕ੍ਰਿਤੀ ਵਿਚ ਚਾਲੀ ਸੰਖਿਆ ਦੀ ਮਹੱਤਤਾ ਜਾਨਣ ਤੋਂ ਪਹਿਲਾਂ ਇਸ ਸ਼ਬਦ ਦੀ ਵਿਉਤਪਤੀ ‘ਤੇ ਝਾਤ ਮਾਰ ਲਈਏ। ਚਾਲੀ ਸ਼ਬਦ ਭਾਰੋਪੀ ਖਾਸੇ ਵਾਲਾ ਹੈ ਤੇ ਇਸ ਦਾ ਭਾਰੋਪੀ ਮੂਲ * *kwetwer ਹੈ ਜਿਸ ਦਾ ਅਰਥ ਹੈ ਚਾਰ, ਅੰਗ੍ਰੇਜ਼ੀ ਫੋਰ (four) ਅਤੇ ਲਾਤੀਨੀ Quattuor ਵੀ ਇਸੇ ਤੋਂ ਬਣੇ ਹਨ। ਸੰਸਕ੍ਰਿਤ ਵਿਚ ਇਸ ਦਾ ਰੂਪ ਹੈ ਚਤਵਰ। ਅਜੋਕੀ ਫਾਰਸੀ ਵਿਚ ਇਸ ਦਾ ਰੂਪ ਚਹਾਰ ਹੋਇਆ। ਚਾਲੀ ਦੇ ਅਰਥਾਂ ਵਾਲਾ ਸੰਸਕ੍ਰਿਤ ਚਤਵਾਰਿੰਸ਼ਤ ਇਸੇ ਤੋਂ ਬਣਿਆ। ਇਸ ਤੋਂ ਅੱਗੇ ਪਰਾਕ੍ਰਿਤ ਚੱਤਾਲੀਸਾ ਤੋਂ ਚਾਲੀਸ ਹੁੰਦਾ ਹੋਇਆ ਪੰਜਾਬੀ ਚਾਲੀ ਸਾਹਮਣੇ ਆਇਆ। ‘ਚਾਰ ਦੀ ਬਹਾਰ’ ਵਾਲੇ ਲੇਖ ਵਿਚ ਇਸ ਸ਼ਬਦ ਨਾਲ ਵਿਸਥਾਰ ਵਿਚ ਨਿਪਟਿਆ ਗਿਆ ਹੈ। ਕਈ ਹਿੰਦੂ ਪ੍ਰਾਰਥਨਾਵਾਂ ਵਿਚ ਸਲੋਕਾਂ ਦੀ ਗਿਣਤੀ ਚਾਲੀ ਹੈ ਇਸ ਲਈ ਉਨ੍ਹਾਂ ਨੂੰ ਚਾਲੀਸਾ ਕਿਹਾ ਜਾਂਦਾ ਹੈ, ਮਿਸਾਲ ਵਜੋਂ ਹਨੂਮਾਨ ਚਾਲੀਸਾ। ਕੁਝ ਹਿੰਦੂ ਫਿਰਕਿਆਂ ਵਿਚ ਚਾਲੀ ਦਿਨ ਲਈ ਵਰਤ ਰੱਖਿਆ ਜਾਂਦਾ ਹੈ। ਵਿਸ਼ਵਾਸ ਹੈ ਕਿ ਚਾਲੀ ਸਾਲ ਦੀ ਉਮਰ ਵਿਚ ਮਨੁੱਖ ਨੂੰ ਧੁੰਦਲਾ ਧੁੰਦਲਾ ਦਿਸਣ ਲੱਗ ਪੈਂਦਾ ਹੈ, ਇਸ ਦ੍ਰਿਸ਼ਟੀ ਰੋਗ ਨੂੰ ਚਾਲੀਸਾ ਕਿਹਾ ਜਾਂਦਾ ਹੈ। ਕਿਸੇ ਦੀ ਮੌਤ ਤੋਂ ਚਾਲੀ ਦਿਨ ਬਾਅਦ ਭੰਡਾਰਾ ਕਰਨ ਦੀ ਰਸਮ ਨੂੰ ਵੀ ਚਾਲੀਸਾ ਕਿਹਾ ਜਾਂਦਾ ਹੈ। ਪਰ ਪੰਜਾਬੀ ਚਿਲਾ/ਛਿਲਾ ਫਾਰਸੀ ਦੇ ਚਿੱਲਾ/ਚਿਹਲ ਸ਼ਬਦ ਦੇ ਵਿਕਸਿਤ ਰੂਪ ਹਨ ਜਿਸ ਦਾ ਅਰਥ ਵੀ ਚਾਰ ਹੈ। ਬੱਚਾ ਜਣਨ ਪਿਛੋਂ ਔਰਤਾਂ ਛਿਲਾ ਕੱਟਦੀਆਂ ਹਨ ਜਿਸ ਦੌਰਾਨ ਬੱਚੇ ਨੂੰ ਕਿਸੇ ਦੇ ਮੱਥੇ ਨਹੀਂ ਲੱਗਣ ਦਿੱਤਾ ਜਾਂਦਾ। ਜੱਚਾ ਟੁੱਟੇ-ਫੁੱਟੇ ਕਪੜੇ ਪਹਿਨਦੀ ਹੈ ਤੇ ਕੁਝ ਰਸਮਾਂ ਉਪਰੰਤ ਹੀ ਇਸ ਸੂਤਕ ਤੋਂ ਨਿਜਾਤ ਮਿਲਦੀ ਹੈ। ਰਵਾਇਤੀ ਤੌਰ ‘ਤੇ ਚਾਲੀ ਦਿਨ ਲਗਾਤਾਰ ਨਿਠ ਕੇ ਕੀਤੀ ਭਗਤੀ ਨੂੰ ਛਿਲਾ ਕਮਾਉਣਾ ਕਹਿੰਦੇ ਹਨ। ‘ਚਾਲੀ ਦਿਨ’ ਨਾਮੀ ਧੁੱਗਾ ਗੁਰਪ੍ਰੀਤ ਦਾ ਇੱਕ ਸਫਰਨਾਮਾ ਹੈ। ਇਸ ਵਿਚ ਵਰਣਿਤ ਚਾਲੀ ਦਿਨਾਂ ਦੀ ਯਾਤਰਾ ਨੂੰ ਆਲੋਚਕ ਆਤਮਜੀਤ ਪਰਿਵਰਤਨ, ਪਰਿਪੱਕਤਾ ਜਾਂ ਰੂਪਾਂਤਰਣ ਦੇ ਅਰਥਾਂ ਵਿਚ ਦੇਖਦਾ ਹੈ। ਅਸੀਂ ਵੀ ਚਾਲੀ ਸ਼ਬਦ ਦੀ ਸਭਿਆਚਾਰਕ ਵਰਤੋਂ ਪਿਛੇ ਏਹੀ ਭਾਵ ਸਮਝੇ ਹਨ। ‘ਛਿਲਾ ਕੱਟਣਾ’ ਮੁਹਾਵਰਾ ਵੀ ਬਣ ਚੁੱਕਾ ਹੈ ਅਰਥਾਤ ਔਖੇ ਦੌਰ ਵਿਚੋਂ ਲੰਘਣਾ। ਸੁਲਤਾਨ ਬਾਹੂ ਫਰਮਾਉਂਦੇ ਹਨ,
ਚਿੱਲਾ ਕੱਟਿਆ ਕੁਝ ਨਾ ਖੱਟਿਆ,
ਕੀ ਲਿਆ ਚਿੱਲੇ ਵੜ ਕੇ ਹੂ।
ਜਾਗ ਬਿਨਾਂ ਦੁੱਧ ਜੰਮਦੇ ਨਾ ਬਾਹੂ,
ਲਾਲ ਹੋਵਣ ਕੜ੍ਹ ਕੜ੍ਹ ਕੇ ਹੂ।
ਕੋਈ ਕਥਨ ਪੂਰੀ ਤਰਾਂ ਸੱਚਾ ਹੋਵੇ ਤਾਂ ਉਸ ਲਈ ਅਸੀਂ ਮੁਹਾਵਰੇ ਵਰਤਦੇ ਹਾਂ, ‘ਸੌ ਫੀ ਸਦੀ ਸੱਚ’, ‘ਵੀਹ ਵਿਸਵੇ ਸਹੀ’, ‘ਸੋਲਾਂ ਆਨੇ ਸੱਚ’। ਰੁਪਏ ਵਿਚ ਸੋਲਾਂ ਆਨੇ ਹੁੰਦੇ ਹਨ, ਇਸ ਲਈ ਸੋਲਾਂ ਆਨੇ ਸੱਚ ਦਾ ਮਤਲਬ ਜਿਵੇਂ ਰੁਪਏ ਵਿਚ ਪੂਰੇ ਸੋਲਾਂ ਆਨੇ ਹੁੰਦੇ ਹਨ, ਇਸ ਤੋਂ ਘਟ ਨਹੀਂ। ਇਸੇ ਤਰ੍ਹਾਂ ਵਿਘੇ ਵਿਚ ਵੀਹ ਵਿਸਵੇ ਹੁੰਦੇ ਹਨ। ਇਨ੍ਹਾਂ ਅਰਥਾਂ ਵਿਚ ਹੀ ਇੱਕ ਹੋਰ ਮੁਹਾਵਰਾ ਹੈ, ‘ਚਾਲੀ ਸੇਰੀ ਗੱਲ’। ਕੁਝ ਅਰਸਾ ਪਹਿਲਾਂ ਭਾਰ ਦੀ ਇੱਕ ਇਕਾਈ ਚਲਦੀ ਸੀ ਮਣ ਜੋ ਚਾਲੀ ਸੇਰਾਂ ਦਾ ਹੁੰਦਾ ਹੈ। ਸੋ ਚਾਲੀ ਸੇਰੀ ਗੱਲ ਦਾ ਅਰਥ ਵੀ ਬਣਿਆ, ਪੂਰਾ ਸੂਰਾ ਸੱਚ ਜਿਵੇਂ ਮਣ ਪੂਰੇ ਚਾਲੀ ਸੇਰਾਂ ਦਾ। ਇਸ ਦਾ ਇੱਕ ਵਿਗੜਿਆ ਰੂਪ ਮੈਂ ਚਾਲੀ ਸਿਰੇ ਵੀ ਪੜ੍ਹਿਆ ਹੈ।