ਮੀਰੀ ਪੀਰੀ ਵਿਚ ਉਲਝੀ ਜਥੇਦਾਰੀ ਸੰਸਥਾ

ਬਲਕਾਰ ਸਿੰਘ ਪ੍ਰੋਫੈਸਰ
ਫਿਲਮ ਸ਼ੋਅਲੇ ਦੇ ਇਕ ਅੰਨ੍ਹੇ ਪਾਤਰ ਨੇ ਡਾਕੂਆਂ ਦੇ ਆਤੰਕਣ ਦੇ ਨਤੀਜੇ ਵਜੋਂ ਪਸਰੀ ਚੁੱਪ ਨੂੰ ਸਵਾਲ ਕੀਤਾ ਸੀ ਕਿ “ਏਨਾ ਸੰਨਾਟਾ ਕਿਉਂ ਹੈ ਭਾਈ”? ਏਸੇ ਹੀ ਸੁਰ ਵਿਚ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਨੇ ਹਮੀਰ ਸਿੰਘ ਨਾਲ ਕੀਤੀ ਇੰਟਰਵਿਊ ਵਿਚ ਕਿਹਾ ਸੀ ਕਿ ਪੰਜ ਪਿਆਰਿਆਂ ਵੱਲੋਂ ਦੋ ਦਸੰਬਰ 2024 ਨੂੰ ਲਏ ਗਏ ਫੈਸਲੇ ਨਾਲ ਕੋਈ ਵੀ ਸੰਤੁਸ਼ਟ ਕਿਉਂ ਨਹੀਂ ਹੈ?

ਇਸ ਦਾ ਜਵਾਬ ਹਜ਼ਾਰਾ ਸਿੰਘ ਮਿਸੀਸਾਗਾ ਕੈਨੇਡਾ ਨੇ ਆਪਣੇ ਲੇਖ “ਅਕਾਲ ਤਖਤ ਦੀ ਸਰਵੁਚਤਾ ਓਹਲੇ ਚੱਲ ਰਹੀ ਰਾਜਨੀਤੀ” ਵਿਚ ਸਾਹਮਣੇ ਲਿਆਂਦਾ ਹੈ। ਇਨ੍ਹਾਂ ਹਵਾਲਿਆਂ ਨਾਲ ਮੈਨੂੰ ਜਥੇਦਾਰੀ ਸੰਸਥਾ ਮੀਰੀ-ਪੀਰੀ ਦਾ ਉਲਝਿਆ ਹੋਇਆ ਪ੍ਰਗਟਾਵਾ ਲੱਗ ਰਹੀ ਹੈ। ਅਕਾਲ ਤਖਤ ਸਾਹਿਬ, ਸਿੱਖ ਸਿਧਾਂਤਕੀ ਹੈ ਅਤੇ ਜਥੇਦਾਰੀ ਸੰਸਥਾ ਏਸੇ ਦਾ ਪ੍ਰਬੰਧਕੀ ਵਰਤਾਰਾ ਹੈ। ਪ੍ਰਬੰਧਕੀ ਅਸਫਲਤਾ ਨੂੰ ਸਿਧਾਂਤਕੀ ਦੀ ਅਸਫਲਤਾ ਪਰਵਾਨ ਨਹੀਂ ਕਰਨਾ ਚਾਹੀਦਾ। ਇਸ ਵਾਸਤੇ ਇਹ ਸਮਝਣਾ ਪਵੇਗਾ ਕਿ ਅਕਾਲ ਤਖਤ ਸਾਹਿਬ ਦੀ ਸਿਧਾਂਤਕੀ, ਮੀਰੀ-ਪੀਰੀ ਦੇ ਪ੍ਰਗਟਾਵੇ ਵਜੋਂ ਕਿਉਂ ਤੇ ਕਿਵੇਂ ਸਾਹਮਣੇ ਆਈ?
ਕਿਉਂ ਦਾ ਸੰਖੇਪ ਜਵਾਬ ਇਹ ਹੈ ਕਿ ਮੀਰੀ-ਪੀਰੀ ਨੂੰ ਭਗਤੀ ਤੇ ਸ਼ਕਤੀ ਦੀ ਨਿਰੰਤਰਤਾ ਵਿਚ ਸਮਝਣ ਅਤੇ ਸਮਝਾਉਣ ਦੀ ਥਾਂ ਧਰਮ ਅਤੇ ਸਿਆਸਤ ਨੂੰ ਇਕ ਦੂਜੇ ਵਾਸਤੇ ਵਰਤਣ ਦੀ ਸਿਆਸਤ ਮੰਨ ਲਿਆ ਗਿਆ ਹੈ। ਕਿਵੇਂ ਦਾ ਆਰੰਭ 1920 ਵਿਚ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਸੰਗਤ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਤ ਕਰ ਕੇ ਅਤੇ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਥਾਪਤ ਕਰ ਕੇ ਸਿੰਘਾਂ ਦੇ ਬੋਲਬਾਲਿਆਂ ਵਾਸਤੇ ਹੋਇਆ ਸੀ। ਉਸ ਵੇਲੇ ਇਹ ਸਮਝ ਭਾਰੂ ਸੀ ਕਿ ਦੋਹਾਂ ਸੰਸਥਾਵਾਂ ਨੂੰ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕ ਦੂਜੇ ਦੀ ਪੂਰਕਤਾ ਵਾਸਤੇ ਚਲਾਇਆ ਜਾਣਾ ਚਾਹੀਦਾ ਹੈ। ਜਿਵੇਂ ਗੁਰਗੱਦੀ `ਤੇ ਬਿਰਾਜਮਾਨ ਹੋਣ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਮੀਰੀ ਅਤੇ ਪੀਰੀ ਦੀਆਂ ਪ੍ਰਤੀਨਿਧ ਦੋ ਤਲਵਾਰਾਂ ਪਹਿਨੀਆਂ ਗਈਆਂ ਸਨ, ਉਸ ਦਾ ਪ੍ਰਸੰਗ ਸਥਾਪਨ ਕਰਣ ਦੀ ਥਾਂ ਧਰਮ ਅਤੇ ਰਾਜਨੀਤੀ ਨੂੰ ਇਕ ਹੀ ਸਮਝ ਲੈਣ ਦੀ ਸੌਖ ਸਿਆਸਤ ਦੇ ਰੂਪ ਵਿਚ ਸਾਹਮਣੇ ਆਉਂਦੀ ਗਈ ਹੈ। ਸਿੱਖੀ ਵਿਚ ਬੰਦੇ ਨੂੰ ਉਸ ਤਰ੍ਹਾਂ ਧਰਮ ਪ੍ਰਤੀਨਿਧ ਨਹੀਂ ਸਮਝਿਆ ਗਿਆ ਸੀ, ਜਿਸ ਤਰ੍ਹਾਂ ਪੈਗੰਬਰੀ ਅਤੇ ਅਵਤਾਰੀ ਵਰਤਾਰਿਆਂ ਵਿਚ ਸਮਝਿਆ ਜਾਂਦਾ ਰਿਹਾ ਸੀ। ਸਿੱਖੀ, ਸੰਪੂਰਨ ਜੀਵਨ ਦਾ ਧਰਮ ਹੋਣ ਕਰਕੇ ਜ਼ਿੰਦਗੀ ਨਾਲ ਜੁੜੇ ਸਾਰੇ ਵਰਤਾਰਿਆਂ ਨਾਲ ਨਿਭਣ ਦੀ ਜਾਚ ਸਿਖਾਉਂਦੀ ਹੈ। ਇਸ ਸਿਧਾਂਤਕੀ ਨੂੰ ਵੱਖ-ਵੱਖ ਵਰਤਾਰਿਆਂ ਵਿਚ ਸਹਿਜ ਸਥਾਪਨ ਦੀ ਵਿਧੀ ਜਾਂ ਮਾਡਲ ਵਜੋਂ ਸਮਝਿਆ ਸਮਝਾਇਆ ਜਾ ਸਕਦਾ ਹੈ। ਇਸ ਦਾ ਆਧਾਰ ਇਹ ਹੈ ਕਿ ਕਿਸੇ ਕਿਸਮ ਦੇ ਉਲਾਰ ਦਾ ਸਹਿਜ ਸਥਾਪਨ ਕਰਨਾ ਹੀ ਗੁਰਮਤਿ ਹੈ। ਸਿੱਖੀ ਵਿਚ ਤਾਂ ਅਧਿਆਤਮਕ ਉਲਾਰ ਦੀ ਵੀ ਆਗਿਆ ਨਹੀਂ ਹੈ ਅਤੇ ਏਸੇ ਦਾ ਪ੍ਰਗਾਟਾਵਾ “ਸਗਲ ਧਰਮ ਮਹਿ ਗ੍ਰਹਿਸਤ ਪ੍ਰਧਾਨ” ਰਾਹੀਂ ਕੀਤਾ ਗਿਆ ਸੀ। ਆਮ ਜੀਵਨ ਨਾਲ ਜੁੜੀ ਉਸ ਸਿਆਸਤ ਨਾਲ ਵੀ ਗੁਰੂ ਸਾਹਿਬ ਨਿਭਦੇ ਰਹੇ ਸਨ, ਜਿਸ ਨਾਲ ਸਹਿਮਤ ਵੀ ਨਹੀਂ ਸਨ। ਅਸਹਿਮਤੀ ਨਾਲ ਨਿਭਣ ਦੀ ਗੁਰਮਤੀ ਜਾਚ, ਸਿਆਸਤ ਦੇ ਪੈਰੋਂ ਅੱਖੋਂ ਓਹਲੇ ਹੁੰਦੀ ਗਈ ਸੀ ਅਤੇ ਇਹੀ ਮਰਨ ਮਾਰਨ ਦੀ ਸਿਆਸਤ ਤੱਕ ਪਹੁੰਚ ਗਈ ਹੈ।
1920 ਤੋਂ 2024 ਤੱਕ ਦੀ ਅਕਾਲੀ ਸਿਆਸਤ ਜਿਥੇ ਪਹੁੰਚ ਗਈ ਹੈ, ਉਸ ਨੂੰ ਮੇਰੇ ਅਧਿਆਪਕ ਧਰਮਾਨੰਤ ਸਿੰਘ ਦੀ ਕਿਸੇ ਹੋਰ ਪ੍ਰਸੰਗ ਵਿਚ ਕੀਤੀ ਟਿਪਣੀ ਦੇ ਹਵਾਲੇ ਨਾਲ ਸਮਝਿਆ ਸਮਝਾਇਆ ਜਾ ਸਕਦਾ ਹੈ ਕਿ ਜੇ ਸਮੇਂ ਦੇ ਹਾਣ ਦਾ ਹੋ ਕੇ ਨ ਤੁਰੀਏ ਤਾਂ ਵਜੂਦ ਸਮੋਈਆਂ ਕਮਜ਼ੋਰੀਆਂ ਦੀ ਭੇਰ ਚੜ੍ਹਨ ਤੋਂ ਨਹੀਂ ਬਚਿਆ ਜਾ ਸਕਦਾ- “ਵਿਦਿਆ ਦੇ ਪੂਰਨ ਅੰਧਕਾਰ ਵਿੱਚ ਲੋਕੀਂ ਅੱਜ ਕੱਲ ਦੇ ਵਿਦਵਾਨਾਂ ਤੋਂ ਵਧੀਕ ਜਤੀ, ਸਤੀ, ਸੰਤੋਖੀ ਸਨ। ਦੁਰਾਚਾਰ ਨਾਲ ਲਿਬੜੇ ਹੋਏ ਓਦੋਂ ਦੇ ਪ੍ਰਗਟ ਦੁਰਾਚਾਰੀ ਇਸ ਸਮੇਂ ਦੇ ਦੰਭੀ ਮੋਮਨਾ ਤੋਂ ਅਮਿਤ ਉਚ ਆਚਾਰਵਾਨ ਸਨ। ਗੁਰਬਤ ਤੋਂ ਬੁਰੀ ਤਰ੍ਹਾਂ ਮਾਰੇ ਹੋਏ ਦਲਿਦ੍ਰੀ ਕੰਗਾਲਾਂ ਦੇ ਹਿਰਦੇ ਓਦੋਂ ਅੱਜ ਕੱਲ ਦੇ ਰਈਸਾਂ ਤੋਂ ਬੇਓੜਕ ਹੱਦ ਤੱਕ ਵਿਸ਼ਾਲ ਸਨ, ਬਚਨ ਪਾਲਕ ਸਨ,ਦੇਸ਼ ਭਗਤ ਸਨ ਤੇ ਧਰਮ ਹਿਤਕਾਰੀ ਸਨ। ਓਦੋਂ ਜਾਤਿ, ਗੋਤ,ਵਰਣ ਸਭ ਕੁਝ ਸੀ; ਪਰ ਜਾਤਿ, ਗੋਤ ਵਰਣ ਦੀ ਦੁਰਗੰਧ ਨ ਸੀ। ਓਦੋਂ ਦੀਨ, ਮਤ ਯਾ ਮਜ਼ਹਬ ਦੇ ਅਜ਼ੀਮ, ਬੇਨਜ਼ੀਰ ਗੁਲਸ਼ਨ ਵਿਚ, ਰੂਹਾਨੀ ਫੁੱਲਾਂ ਨੂੰ ਮਹਿਕਾਣ ਵਾਲੀ, ਨਸੀਮੇ ਸੁਬਹਾਨੀ ਤਾਂ ਜ਼ਰੂਰ ਚੱਲਦੀ ਸੀ, ਪਰ ਪਰਸਪਰ ਪ੍ਰੇਮ ਦੀਆਂ ਕੋਮਲ ਕਲੀਆਂ ਨੂੰ ਤੋੜ ਫੋੜਕੇ ਪੈਰਾਂ ਵਿਚ ਰੁਲਾਣ ਵਾਲੀ, ਇਨਸਾਨੀਅਤ ਦੀਆਂ ਨੂਰੀ ਅੱਖਾਂ ਵਿਚ ਫੋਕੀ ਜ਼ਿਦ ਦਾ ਘੱਟਾ ਪਾਣ ਵਾਲੀ ਤੇ ਇਨਸਾਨ ਨੂੰ ਅੰਨ੍ਹੇ ਹੈਵਾਨ ਬਣਾਣ ਵਾਲੀ ਅਜੇ ਜ਼ਾਲਿਮ ਤਅੱਸਬ ਦੀ ਹਨੇਰੀ ਨ ਝੁਲੀ ਸੀ”।
ਇਹ ਹਵਾਲਾ ਇਹ ਯਾਦ ਰੱਖਣ ਲਈ ਦਿੱਤਾ ਹੈ ਕਿ ਬਾਕੀਆਂ ਵਾਂਗ ਗੁਰੂ ਕੇ ਵੀ ਕਿਥੋਂ ਕਿਥੇ ਪਹੁੰਚ ਗਏ ਹਨ? ਪਹਿਲਾਂ ਸਾਡੀ ਸਿਆਸਤ ਦੇ ਪੈਰੋਂ ਤਾਕਤ ਹਾਸਲ ਕਰਨ ਦੀ ਦੌੜ ਵਿਚ ਭਾਈਚਾਰੇ ਦੀ ਨਾਜਾਇਜ਼ ਵਰਤੋਂ ਕਰਦੇ ਕਰਦੇ ਆਗੂ ਹੋਣ ਦਾ ਨੈਤਿਕ ਹੱਕ ਗਵਾ ਬੈਠੇ ਹਨ। ਸਹਿਜ ਦੀ ਥਾਂ ਉਲਾਰ ਦਾ ਸ਼ਿਕਾਰ ਹੋ ਗਿਆ ਆਮ ਬੰਦਾ ਦਸੰਬਰੀ ਰਾਹ ਨਾਲ ਤੁਰਨ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਰਾਹ ਵਿਚ ਸਿਆਸੀ ਟੋਏ ਪੁੱਟ ਕੇ ਰਾਹ ਹੀ ਰੋਕ ਦਿੱਤਾ ਗਿਆ। ਇਹ ਵੀ ਪਤਾ ਲੱਗਣੋਂ ਹਟ ਗਿਆ ਹੈ ਕਿ ਕੌਣ ਜਿੱਤਿਆ ਤੇ ਕੌਣ ਹਾਰਿਆ ਹੈ? ਸਿਆਸਤਦਾਨ ਹਾਰ ਵਿਚੋਂ ਜਿੱਤ ਲੱਭਣ ਦੀਆਂ ਤਿਫਲ ਤਸੱਲੀਆਂ ਵਿਚ ਉਲਝੇ ਹੋਏ ਹਨ ਅਤੇ ਸੋਸ਼ਲ ਮੀਡੀਆ ਭੰਡੀ ਪਰਚਾਰ ਦੀ ਦੁਕਾਨਦਾਰੀ ਕਰੀ ਜਾ ਰਿਹਾ ਹੈ। ਭੈਅ ਦੀ ਸਿਆਸਤ ਦੀ ਥਾਂ ਭਰਮ ਦਾ ਜੰਗਪਲੰਗ ਮੌਸਮੀ ਧੁੰਦ ਵਾਂਗ ਪਸਰਨ ਲੱਗ ਪਿਆ ਹੈ। ਕਹਿਣ ਨੂੰ ਤਾਂ ਸਾਰੇ ਜਥੇਦਾਰੀ ਸੰਸਥਾ ਦੇ ਨਾਲ ਹਨ, ਪਰ ਸਿਆਸਤ ਦੇ ਪੈਰੋਂ ਜਥੇਦਾਰੀ ਸੰਸਥਾ ਦੇ ਕਰਮਸ਼ੀਲ ਹੋ ਸਕਣ ਦੇ ਸਾਰੇ ਰਾਹ ਰੁਕੇ ਹੋਏ ਨਜ਼ਰ ਆ ਰਹੇ ਹਨ। ਵਿਰਾਸਤੀ ਜਲੌਅ ਸਿਆਸੀ ਮੰਡੀ ਵਿਚ ਵਿਕਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਸਿਆਸਤਦਾਨਾਂ ਨੂੰ ਕੌਣ ਸਮਝਾਵੇ ਕਿ ਗੰਢਿਆਂ ਦੇ ਗਾਹਕਾਂ ਨੂੰ ਹੀਰੇ ਵੇਚਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸੰਕਟ ਵਿਚ ਸੰਘਰਸ਼ ਦੀ ਸਿਆਸਤ ਦੀਆਂ ਪ੍ਰਾਪਤ ਪੈੜਾਂ ਵੀ ਕਿਸੇ ਕੰਮ ਨਹੀਂ ਆ ਰਹੀਆਂ। ਲੱਗਦਾ ਹੈ ਕਿ ਕਲਪਨਾ ਦੇ ਘੋੜੇ `ਤੇ ਚੜ੍ਹ ਕੇ ਹੀ ਇਸ ਸਿਆਸੀ ਚਿੱਕੜ ਵਿਚੋਂ ਬਾਹਰ ਆਇਆ ਜਾ ਸਕਦਾ ਹੈ। ਸਿਆਸਤ ਰਾਹੀਂ ਅਤੇ ਸਿਆਸਤ ਵਾਸਤੇ ਗੁਰਦੁਆਰਿਆਂ ਵਿਚ ਵੜ ਗਏ ਸਿਆਸਤਦਾਨਾਂ ਨੂੰ ਬਾਹਰ ਕੱਢੇ ਬਿਨਾਂ ਮੱਥਾ ਟੇਕਣਾ ਵੀ ਮੁਸ਼ਕਲ ਹੁੰਦਾ ਜਾਏਗਾ।
ਸਿਆਸਤ ਦੇ ਪਿੜ ਵਿਚੋਂ ਖਾੜਕੂ ਸਿਆਸੀ ਬਦਲ ਨੂੰ ਪੰਜਾਬ ਨੇ ਹੁੰਗਾਰਾ ਨਹੀਂ ਭਰਿਆ ਸੀ ਅਤੇ ਅਕਾਲੀ ਦਲ ਦੀ ਸਿਆਸਤ ਦਾ ਰਾਹ ਸਿੱਖ ਸੰਗਤ ਨੇ ਰੋਕ ਦਿਤਾ ਹੈ। ਆਪੇ ਫਾਥੜੀ ਸਿਆਸਤ ਨੂੰ ਕੌਣ ਛੁਡਾ ਸਕਦਾ ਹੈ। ਜਥੇਦਾਰੀ ਸੰਸਥਾ ਨੂੰ ਇਸ ਵਰਤਾਰੇ ਦਾ ਭਾਈਵਾਲ ਬਣਾਉਣ ਦੀ ਸਿਆਸਤ ਨੂੰ ਵੀ ਹੁੰਗਾਰਾ ਨਹੀਂ ਮਿਲ ਰਿਹਾ। ਗੁਰਮਤੀ ਨਿਰਭਉ ਦੇ ਵਾਰਸ, ਚੁਫੇਰੇ ਖਿਲਰੇ ਭੈਅ ਵਿਚ ਉਲਝਦੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ, ਅਕਾਲੀ ਦਲ ਦੇ ਭੈਅ ਵਿਚ ਹੈ, ਅਕਾਲੀ ਦਲ, ਅਕਾਲ ਤਖਤ ਦੇ ਭੈਅ ਵਿਚ ਹੈ ਅਤੇ ਅਕਾਲ ਤਖਤ ਨੂੰ ਸ਼੍ਰੋਮਣੀ ਕਮੇਟੀ ਦਾ ਭੈਅ ਸਤਾਈ ਜਾ ਰਿਹਾ ਹੈ। ਇਹ ਤਿੰਨੇ ਸੰਸਥਾਵਾਂ, ਸੰਗਤ ਤੋਂ ਡਰੀ ਜਾ ਰਹੀਆਂ ਹਨ। ਇਸ ਸਿਆਸੀ ਚੱਕਰਵਿਹੂ ਵਿਚੋਂ ਬਾਹਰ ਨਿਕਲਣ ਦੀ ਜ਼ਿੰਮੇਵਾਰੀ ਗੁਰਦੁਆਰੇ ਮੱਥਾ ਟੇਕ ਕੇ ਗੁਰੂ ਨੂੰ ਨਹੀਂ ਸੌਂਪੀ ਜਾ ਸਕਦੀ ਕਿਉਂਕਿ ਬਾਣੀ ਨਾਲੋਂ ਟੁੱਟ ਕੇ ਪੈਦਾ ਹੋਈ ਇਸ ਹਾਲਤ ਵਿਚੋਂ ਬਾਣੀ ਦੀ ਅਗਵਾਈ ਵਿਚ ਹੀ ਨਿਕਲਿਆ ਜਾ ਸਕਦਾ ਹੈ। ਪ੍ਰੋ. ਪੂਰਨ ਸਿੰਘ, ਜੋ ਸਿਆਸਤ ਨੂੰ ਚਤੁਰ-ਚਲਾਕੀ ਦੀ ਚੰਚਲ ਖੇਡ ਮੰਨਦਾ ਹੈ, ਦੀ ਟਿਪਣੀ ਨਾਲ ਗਲ ਪੈ ਗਈ ਸਿਆਸਤ ਬਾਰੇ ਸੋਚ ਕੇ ਅੱਗੇ ਵਧਿਆ ਜਾ ਸਕਦਾ ਹੈ- “ਇਸ ਸੰਸਾਰ ਵਿਚ ਮਨੁੱਖ ਨੂੰ ਸੱਚੇ ਅਰਥਾਂ ਦੇ ਲੋਕਤੰਤਰ ਨੂੰ ਮਾਣਨ ਲਈ ਅੰਤਰ-ਵਰਤੀ ਹੋਣਾ ਪਵੇਗਾ ਅਤੇ ਆਤਮਿਕ ਤੌਰ `ਤੇ ਦੈਵੀ ਕੁਲੀਨ-ਤੰਤਰ ਨੂੰ ਅਪਨਾਉਣਾ ਪਵੇਗਾ। ਗੁਰੂ ਨਾਨਕ ਦੀ ਆਤਮਿਕ-ਚੇਤਨਾ ਦੀ ਗੂੜ੍ਹੀ ਛਾਂ ਵਿਚ ਹੀ ਸੱਚੇ ਲੋਕ-ਤੰਤਰ ਦਾ ਵਾਸ ਹੈ”।