‘ਚੁਰਾਸੀ ਲੱਖ ਯਾਦਾਂ’ ਦੇ ਅੰਗ-ਸੰਗ ਵਿਚਰਦਿਆਂ

ਸਰਬਜੀਤ ਧਾਲੀਵਾਲ
ਸਾਰਾ ਆਲਾ-ਦੁਆਲਾ ਵੈਰਾਗ ਵਿਚ ਡੁਬਿਆ ਹੋਇਆ। ਕੌਮ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦੀ ਯਾਦ ਨੂੰ ਆਪਣੇ ਸੀਨੇ ਨਾਲ ਲਾਉਣ ਲਈ ਉਸ ਕੰਧ ਵਾਲੀ ਥਾਂ `ਤੇ ਨਤਮਸਕਤ ਹੋ ਰਹੀ ਹੈ ਜਿਥੇ ਉਨ੍ਹਾਂ ਨੂੰ ਜ਼ਿੰਦਾ ਨੀਹਾਂ `ਚ ਚਿਣ ਦਿੱਤਾ ਗਿਆ ਸੀ। ਮੀਂਹ ਤੋਂ ਬਾਅਦ ਸੀਤ ਹਵਾਵਾਂ ਚੱਲ ਰਹੀਆਂ ਹਨ।

ਪਰ ਇਨ੍ਹਾਂ ਦੀ ਕਿਸੇ ਨੂੰ ਵੀ ਪ੍ਰਵਾਹ ਨਹੀਂ। ਲੱਖਾਂ ਲੋਕ ਫਤਹਿਗੜ੍ਹ ਸਾਹਿਬ ਨੂੰ ਵਹੀਰਾਂ ਘੱਤੀ ਆ ਰਹੇ ਨੇ। ਗੁਰੂ ਦੇ ਲੰਗਰ ਅਟੁੱਟ ਵਰਤ ਰਹੇ ਨੇ। ਸਿੱਖ ਇਤਿਹਾਸ ਵਿਚ ਫਤਹਿਗੜ੍ਹ ਸਾਹਿਬ ਦੀ ਸਭਾ ਸਫ਼ਰ-ਏ-ਸ਼ਹਾਦਤ ਦਾ ਸਭ ਤੋਂ ਇਤਿਹਾਸਕ ਤੇ ਅਹਿਮ ਪੜਾਅ ਹੈ।
ਮੈਂ ਹੁਣੇ ਹੀ ਜਸਬੀਰ ਮੰਡ ਦੀ ਚੁਰਾਸੀ ਨਾਲ ਸੰਬੰਧਿਤ ਕਿਤਾਬ ਪੜ੍ਹ ਕੇ ਹਟਿਆਂ ਹਾਂ। ਉਹ ਚੁਰਾਸੀ ਜੋ ਸਿੱਖ ਕੌਮ ਦੇ ਚੇਤਿਆਂ `ਚ ਬਰਛੀ ਵਾਂਗ ਖੁੱਭਿਆ ਹੋਇਆ ਹੈ। ਚੁਰਾਸੀ ਸੁਣਦੇ ਸਾਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜ਼ਖਮੀ ਸਰੂਪ ਸਾਹਮਣੇ ਆ ਜਾਂਦਾ ਹੈ। ਇਸ ਸਦਮੇ ਦਾ ਵੈਰਾਗ ਤੇ ਯਾਦ ਪੂਰੀ ਦੀ ਪੂਰੀ ਕੌਮ ਦੀ ਰੂਹ ਨੂੰ ਤੜਫਾ ਦਿੰਦੀ ਹੈ। ਇਤਿਹਾਸਕਾਰਾਂ ਨੇ ਪੰਜਾਬ ਦੇ ਚੁਰਾਸੀ ਤੇ ਉਸਤੋਂ ਬਾਅਦ ਦੇ ਖੂਨ ਨਾਲ ਲੱਥ-ਪਥ ਹੋਏ ਦੌਰ ਨੂੰ ਕਲਮਬੰਦ ਕੀਤਾ ਹੈ ਤੇ ਕੁਝ ਕਰਨ ਲਗੇ ਹੋਏ ਨੇ। ਪੰਜਾਬੀ ਦੇ ਕੁੱਝ ਸਿਰਮੌਰ ਕਵੀਆਂ ਨੇ ਚੁਰਾਸੀ ਨੂੰ ਮੁੱਖ ਰੱਖ ਕੇ ਕਵਿਤਾਵਾਂ ਵੀ ਲਿਖੀਆਂ ਹਨ। ਪਰ ਇਸ ਵੇਲੇ ਜਿਸਦਾ ਜ਼ਿਕਰ ਪੰਜਾਬੀ ਸਾਹਿਤਕ ਹਲਕਿਆਂ `ਚ ਰੱਜ ਕੇ ਹੋ ਰਿਹਾ ਹੈ, ਉਹ ਹੈ ‘ਚੁਰਾਸੀ ਲੱਖ ਯਾਦਾਂ’। ਇਹ ਜਸਬੀਰ ਮੰਡ ਦਾ ਵੱਡੇ ਆਕਾਰ ਦਾ ਨਾਵਲ ਹੈ। ਹਾਲਾਂਕਿ ਨਾਵਲ ਕੁਝ ਹਫਤੇ ਪਹਿਲਾਂ ਹੀ ਛਪਿਆ ਹੈ ਪਰ ਇਸਦਾ ਜ਼ਿਕਰ ਹਰ ਵੱਡੀ ਪੰਜਾਬੀ ਸਾਹਿਤਕ ਮਹਿਫ਼ਲ `ਚ ਹੋਣ ਲੱਗ ਪਿਆ ਹੈ। ਪੰਜਾਬੀ ਸਾਹਿਤ ਦਾ ਆਲੋਚਨਾਤਮਕ ਅਧਿਐਨ ਕਰਨ ਵਾਲੇ ਇਸ ਨਾਵਲ ਤੋਂ ਪ੍ਰਭਾਵਿਤ ਹੋਏ ਨੇ।
ਲੰਬਾ ਸਮਾਂ ਜਪਾਨ ਰਹਿਣ ਤੋਂ ਬਾਅਦ ਸ਼ਿਵਾਲਿਕ ਦੀਆਂ ਟਿੱਬੀਆਂ `ਚ ਵਸੇ ਰੋਪੜ ਜ਼ਿਲ੍ਹੇ ਦੇ ਪਿੰਡ ਹਿਰਦਾਪੁਰ ਵਿਚ ਰਹਿ ਰਿਹਾ ਜਸਬੀਰ ਮੰਡ ਪੰਜਾਬੀ ਸਾਹਿਤ ਦਾ ਵਿਸ਼ੇਸ਼ ਤੇ ਵੱਖਰਾ ਹਸਤਾਖਰ ਹੈ। ਉਹ ਸਾਧਾਰਨ ਕਿਸਮ ਦਾ ਸਾਹਿਤਕਾਰ ਨਹੀਂ ਹੈ। ਉਸਦੇ ਨਾਵਲ ਵਿਚ ਕੁਦਰਤ ਤੇ ਦਰਸ਼ਨ (ਫਿਲਾਸਫੀ) ਨਾਲ ਗੁੜੱਚ ਹੁੰਦੇ ਨੇ। ਇਹ ਉਸਦਾ ਛੇਵਾਂ ਨਾਵਲ ਹੈ ਤੇ ਇਸਨੇ ਉਸਨੂੰ ਪੰਜਾਬੀ ਸਾਹਿਤ ਦੇ ਸਿਖਰਲੇ ਡੰਡੇ `ਤੇ ਪਹੁੰਚਾ ਦਿੱਤਾ ਹੈ। ਇਸ ਤੋਂ ਪਹਿਲਾਂ ਉਸਦੇ ਦੋ ਹੋਰ ਨਾਵਲਾਂ – ‘ਬੋਲ ਮਰਦਾਨਿਆਂ’ ਤੇ ‘ਆਖਰੀ ਬਾਬੇ’ ਉਤੇ ਵੀ ਭਰਵੀਂ ਚਰਚਾ ਹੋਈ ਹੈ। ਉਸਦੇ ਨਵੇਂ ਨਾਵਲ ਨੇ ਵਿਸ਼ਵ ਵਿਦਿਆਲਿਆਂ `ਚ ਪੜ੍ਹਾ ਰਹੇ ਅਧਿਆਪਕਾਂ ਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਮੋਹਿਆ ਹੈ।
ਮੰਡ ਪੁੱਜ ਕੇ ਸੰਗਾਲੂ ਆਦਮੀ ਹੈ। ਉਸਨੂੰ ਪਿਛਲੀ ਕਤਾਰ `ਚ ਖੜ੍ਹ ਕੇ, ਬੈਠ ਕੇ ਸਕੂਨ ਮਿਲਦਾ ਹੈ। ਉਹ ਬਹੁਤ ਘੱਟ ਤੇ ਧੀਮਾ ਬੋਲਦਾ ਹੈ ਤੇ ਉਸਦੇ ਲਿਖਣ ਦੀ ਰਫਤਾਰ ਵੀ ਧੀਮੀ ਹੈ। ‘ਆਖਰੀ ਬਾਬੇ’ ਤੋਂ ਪੰਜ ਸਾਲ ਬਾਅਦ ਉਸਦਾ ਇਹ ਨਾਵਲ ਆਇਆ ਹੈ। ਕਿੱਤੇ ਵਜੋਂ ਉਹ ਕਿਸਾਨ ਹੈ ਤੇ ਉਸਨੂੰ ਆਪਣੀਆਂ ਟਿੱਬੀਆਂ ਨਾਲ ਅੰਤਾਂ ਦਾ ਮੋਹ ਹੈ। ਜ਼ਿਆਦਾ ਸਮਾਂ ਉਹ ਉਨ੍ਹਾਂ ਟਿੱਬੀਆਂ `ਚ ਹੀ ਕੰਮ ਕਰਦਾ ਬਿਤਾਉਂਦਾ ਹੈ। ਉਸਦੀ ਟਿੱਬੀਆਂ ਵਾਲੀ ਜ਼ਮੀਨ `ਚ ਖੈਰ ਦਾ ਜੰਗਲ ਹੈ ਜਿਸਦੀ ਰਾਖੀ ਲਈ ਉਸਨੇ ਕਈ ਫੁੱਟ ਉਚਾ ਮਚਾਨ ਬਣਾਇਆ ਹੋਇਆ। ਇਹ ਮਚਾਨ ਉਸਨੂੰ ਉਚੇ ਖੜ੍ਹ ਕੇ ਘਟਨਾਵਾਂ ਨੂੰ ਵੇਖਣ, ਵਿਚਾਰਨ ਤੇ ਲਿਖਣ ਦਾ ਬਲ ਬਖਸ਼ਦਾ ਹੈ।

‘ਚੁਰਾਸੀ ਲੱਖ ਯਾਦਾਂ’ ਪੜ੍ਹਦਿਆਂ ਮਨ `ਚ ਕਈ ਵਾਰ ਖਿਆਲ ਆਇਆ ਕਿ ਇੰਨੇ ਜਟਿਲ ਤੇ ਗੰਭੀਰ ਵਿਸ਼ੇ ਬਾਰੇ ਇੰਨੇ ਸਹਿਜ ਨਾਲ ਵੀ ਲਿਖਿਆ ਜਾ ਸਕਦਾ ਹੈ। ਕਿਤੇ ਕੋਈ ਮਾਰਕੇਬਾਜ਼ੀ ਨਹੀਂ। ਕਿਤੇ ਕੋਈ ਬੜ੍ਹਕ ਨਹੀਂ। ਕੋਈ ਉਤੇਜਨਾ ਨਹੀਂ ਤੇ ਨਾ ਹੀ ਤਲਖ਼ੀ। ਨਾਵਲ ਵਿਚ ਉਹ ਨਾ ਕਿਸੇ ਦੇ ਹੱਕ `ਚ ਭੁਗਤਦਾ ਹੈ ਤੇ ਨਾ ਹੀ ਕਿਸੇ ਦੇ ਵਿਰੁੱਧ। ਹਾਂ, ਕਈ ਵਾਰ ਭਾਵਨਾਵਾਂ ਦਾ ਜਵਾਰਭਾਟਾ ਵੱਡੀ ਹਲਚਲ ਜ਼ਰੂਰ ਪੈਦਾ ਕਰਦਾ ਹੈ। ਇਸ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੱਖ ਕੌਮ ਦੇ ਸਾਹਮਣੇ ਵੱਡੇ ਸਵਾਲ ਰੱਖਦਾ ਹੈ ਤੇ ਨਾਲ ਹੀ ਵੱਡੇ ਸੁਨੇਹੇ ਵੀ ਦਿੰਦਾ ਹੈ। ਮੰਡ ਜਵਾਨ ਕੁੜੀ ਨਾਲ ਖਾੜਕੂ ਮੁੰਡੇ ਦੇ ਪਿਆਰ ਦੀਆਂ ਤਰੰਗਾਂ ਨੂੰ ਏਨੀ ਨਿਰਮਲਤਾ ਨਾਲ ਬਿਆਨਦਾ ਹੈ ਕਿ ਨਾਵਲ `ਚ ਇਸ ਰਿਸ਼ਤੇ ਦੇ ਵਾਸ਼ਨਾ ਨੇੜੇ ਨਹੀਂ ਢੁਕਦੀ।
ਨਾਵਲ ਪੜ੍ਹਦੇ ਸਮੇਂ ਭਾਸ਼ਾ ਦੀ ਸਰਲਤਾ, ਸ਼ਾਲੀਨਤਾ ਤੇ ਖੂਬਸੂਰਤੀ ਮਿੱਠੀ-ਮਿੱਠੀ ਲੱਗਦੀ ਹੈ। ਮੰਡ ਨੂੰ ਆਪਣੀ ਪੁਆਧੀ ਬੋਲੀ ਤੇ ਆਪਣੇ ਘਾੜ ਦੇ ਇਲਾਕੇ ਨਾਲ ਲੋਹੜੇ ਦਾ ਪਿਆਰ ਹੈ। ਇਸੇ ਲਈ ਉਹ ਆਪਣੀ ਮਾਂ ਬੋਲੀ ਦੇ ਲਫਜ਼ ਤੇ ਲਹਿਜ਼ੇ ਨੂੰ ਨਾਵਲ `ਚ ਖੁੱਲ੍ਹ ਕੇ ਵਰਤਦਾ ਹੈ। ਕੁਦਰਤ, ਨਦੀਆਂ, ਖੇਤਾਂ, ਖੱਡਾਂ ਦੇ ਜ਼ਿਕਰ ਕਰਦਾ-ਕਰਦਾ ਮੰਡ ਪਤਾ ਹੀ ਨਹੀਂ ਲੱਗਣ ਦਿੰਦਾ ਕਿ ਕਿਹੜੇ ਵੇਲੇ ਉਹ ਡੂੰਘੇ ਸੰਵਾਦ ਛੋਹ ਲੈਂਦਾ ਹੈ। ਗੱਲ ਦੀ ਡੂੰਘਾਈ ਤਕ ਪਹੁੰਚਣ ਲਈ ਪੜ੍ਹਦੇ-ਪੜ੍ਹਦੇ ਕਈ ਵਾਰ ਉਸਦੀ ਇਕ ਲਾਈਨ `ਤੇ ਲੰਬਾ ਸਮਾਂ ਰੁਕਣਾ ਪੈਂਦਾ ਹੈ। ਕਈ ਉਸਦੇ ਬੜੇ ਹੀ ਸਹਿਜ ਨਾਲ ਰਚੇ ਸੰਵਾਦ ਕਾਂਬਾ ਛੇੜ ਦਿੰਦੇ ਨੇ, ਰੂਹ ਝੰਜੋੜ ਦਿੰਦੇ ਨੇ।
ਪੂਰਾ ਨਾਵਲ ਖਾੜਕੂ ਲਹਿਰ, ਹਿੰਸਾ ਤੇ ਹਿੰਸਕ ਵਰਤਾਰੇ ਦੇ ਮਨੋਵਿਗਿਆਨਕ ਪਹਿਲੂਆਂ ਬਾਰੇ ਹੈ। ਲਹਿਰ ਅੰਦਰਲੀ ਵਿਚਾਰਧਾਰਕ ਕਸ਼ਮਕਸ਼ ਬਾਰੇ ਹੈ। ਖਾੜਕੂ ਲਹਿਰ ਦੀਆਂ ਕਈ ਪਰਤਾਂ ਦੇ ਸਨਮੁਖ ਹੋ ਕੇ ਮੰਡ ਨੇ ਲਿਖਿਆ ਹੈ ਇਹ ਨਾਵਲ। ਇਹ ਪੰਜਾਬ `ਚ ਲੰਬੇ ਚੱਲੇ ਹਿੰਸਕ ਦੌਰ ਦੇ ਕਈ ਮਹੱਤਵਪੂਰਨ ਪਹਿਲੂਆਂ ਨੂੰ ਫੜਨ ਦਾ ਵੱਡਾ ਯਤਨ ਹੈ। ਹਿੰਸਾ ਦੋਪਾਸੜੀ ਸੀ। ਇਸ ਦੀ ਦਹਿਸ਼ਤ ਨੇ ਚਾਰ ਚੁਫੇਰੇ ਚੁੱਪ ਪਰੋਸ ਦਿੱਤੀ ਸੀ। ਨਾਵਲ ਦੇ ਬਹੁਤੇ ਪਾਤਰ ਖਾੜਕੂ ਤੇ ਉਨ੍ਹਾਂ ਦੇ ਪਰਿਵਾਰ, ਜਾਣਕਾਰ ਤੇ ਖਾੜਕੂਵਾਦ ਦਾ ਸ਼ਿਕਾਰ ਹੋਏ ਟੱਬਰ ਹਨ। ਇਸ ਦਾ ਮੁਖ ਪਾਤਰ ਅਮਰਪਾਲ ਹੈ। ਇਸਤੋਂ ਇਲਾਵਾ ਦੀਪਾ ਬਾਬਾ, ਜੈਲਾ ਬਾਬਾ, ਫਿਰਕੀ, ਝਿਲਮਿਲ ਤੇ ਕਈ ਹੋਰ ਲੜਕੇ ਹਨ। ਦੋ ਲੜਕੀਆਂ ਬਲਵੰਤ ਤੇ ਮਨਜੋਤ ਵੀ ਇਸ ਦੇ ਵਿਸ਼ੇਸ਼ ਪਾਤਰ ਹਨ। ਨਾਵਲ `ਚ ਇਹ ਖਾੜਕੂ ਰੋਪੜ ਜ਼ਿਲ੍ਹੇ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗਦੇ ਖੇਤਰ `ਚ ਵਿਚਰਦੇ ਨੇ। ਇਨ੍ਹਾਂ ਪਹਾੜੀਆਂ `ਚ ਹੀ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਹੈ। ਤੇ ਆਨੰਦਪੁਰ ਸਾਹਿਬ ਦੀ ਸੋਚ ਤੇ ਖ਼ਾਸ ਕਰਕੇ ਗੁਰੂਆਂ ਦੇ ਫਲਸਫੇ ਤੇ ਸ਼ਬਦ ਗੁਰੂ ਦਾ ਨਾਵਲ ਜਾਂ ਕਹਿ ਲਵੋ ਇਸ ਦੇ ਰਚਨਹਾਰੇ `ਤੇ ਗਹਿਰਾ ਅਸਰ ਹੈ। ਇਸ ਤੋਂ ਪਹਿਲਾਂ ਕਿ ਨਾਵਲ ਬਾਰੇ ਅੱਗੇ ਵਧਿਆ ਜਾਵੇ, ਮੈਨੂੰ ਲੱਗਦਾ ਹੈ ਕਿ ਇਸਦੇ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕੀਤੇ ਜਾਣ।
ਇਕ ਥਾਂ ਅਮਰਪਾਲ ਕਹਿੰਦਾ ਹੈ: “ਉਂਝ ਰਾਤਾਂ ਨਾਲ ਲਗਾਤਰ ਤੁਰਦਿਆਂ ਹਨੇਰਾ ਸਾਨੂੰ ਪਛਾਣਨ ਲੱਗ ਪਿਆ ਸੀ।”
ਉਹ ਅੱਗੇ ਕਹਿੰਦਾ ਹੈ: ”ਜਿਨ੍ਹਾਂ ਔਖਾ ਕਿਸੇ ਨੂੰ ਬਿਨ ਬੋਲਿਆਂ ਮਾਰਨਾ ਹੁੰਦਾ, ਉਨ੍ਹਾਂ ਔਖਾ ਕਿਸੇ ਨੂੰ ਚੁੱਪ-ਚਾਪ ਮਰਦੇ ਦੇਖਣਾ ਵੀ ਹੁੰਦਾ ਹੈ…ਗੋਲੀਆਂ ਦੀ ਅਵਾਜ ਵਿਚ ਜਿੰਨੇ ਤਰਲੇ ਸੁਣੇ ਸਨ, ਉੱਨੀਆਂ ਇਕੱਠੀਆਂ ਤਾਂ ਮੈਂ ਅਰਦਾਸਾਂ ਵੀ ਨਹੀਂ ਸਨ ਸੁਣੀਆਂ।
ਕੁਝ ਘਟਨਾਵਾਂ ਭਾਸ਼ਾ ਦੇ ਜੰਜਾਲ ਚ ਫਸਦੀਆਂ ਹੀ ਨਹੀਂ। ਉਹ ਜਾਂ ਤਾਂ ਦਿਸਦੀਆਂ ਨੇ ਜਾਂ ਸੁਣਦੀਆਂ ਨੇ।”
“ਤੂੰ ਭੂਆ ਨੂੰ ਪੁੱਛਿਆਂ ਨਹੀਂ ਕੇ ਭੈਣ ਕਹਾਉਣਾ ਕਿਉਂ ਨਹੀਂ ਚੰਗਾ ਲੱਗਦਾ?” ਜਵਾਬ: “ਅੱਜ ਕੱਲ੍ਹ ਵੀਰ ਬਹੁਤ ਛੇਤੀ ਵਿਛੜਦੇ ਨੇ…ਰਿਸ਼ਤਾ ਥੋੜਾ ਦੂਰ ਦਾ ਹੀ ਰੱਖੀਏ”।
“ਭੂਆ ਮੌਤ ਹੁਣ ਖਾਲੀ ਹੱਥ ਨਹੀਂ ਮੋੜਨੀ।” ਉਹ ਅਗੇ ਜਿਕਰ ਕਰਦਾ ਹੈ “ਹੁਣ ਅਸੀਂ ਉਟਾਂ ਵਾਲੀ ਧਰਤੀ ਉਪਰੋਂ ਲੰਘ ਰਹੇ ਸੀ, ਘਾੜ ਇਸ ਕਰਕੇ ਚੰਗਾ ਲੱਗਦਾ, ਇਹ ਨਾ-ਦਿਸਣ ਦੀ ਹਮਾਇਤ ਚ ਉਤਰ ਆਉਂਦਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਵੀ ਤਾਂ ਇਸਤਰਾਂ ਦੀ ਹੀ ਸੀ। ਜਦੋਂ ਸਿੰਘਾਂ ਦੇ ਸਿਰ ਦੇ ਮੁੱਲ ਪਏ; ਉਸ ਵੇਲੇ ਅਜੇਹੀ ਹੀ ਗੋਦ ਦੀ ਜਰੂਰਤ ਪਈ ਹੋਵੇਗੀ”।
“ਮੈਂ ਉਚਾਣਾਂ-ਨਿਵਾਣਾਂ ਚ ਪਲਿਆਂ ਹਾਂ…ਇਕੱਲੀ ਖੁਸ਼ੀ ਕਿੰਨੀ ਠੰਡੀ ਹੁੰਦੀ ਹੈ।”
ਇਕ ਖਾੜਕੂ ਕੁੜੀ ਅਮਰਪਾਲ ਦੀ ਮਾਂ ਨੂੰ ਮਿਲਣ ਆਉਂਦੀ ਹੈ।
ਮਾਂ ਉਹਨੂੰ ਕਹਿੰਦੀ ਹੈ “ਪੁੱਤ, ਤੂੰ ਫੌਜੀਆਂ ਮੰਗਣਾ (ਵਾਂਗਣ) ਆਉਂਦੀ ਚੰਗੀ ਲੱਗਦੀ ਐਂ? ਪੁੱਤ ਤੂੰ ਇਹ ਹੌਸਲੇ ਕਿਥੋਂ ਲੈ ਆਈ? ਕਿਸ ਤਰਾਂ ਤੁਸੀਂ ਮੁੜ ਨਹੀਂ ਸਕਦੇ?”
“ਨਹੀਂ ਬੀਬੀ ਇਹ ਤਾਂ ਉਹ ਫੌਜ ਏ ਜੀਹਦੀ ਪੈਨਸ਼ਨ ਮੌਤ ਨਾਲ ਹੀ ਲੱਗਣੀ ਹੈ।”
ਆਪਣੇ ਸਾਥੀ ਖਾੜਕੂ ਦਾ ਜ਼ਿਕਰ ਕਰਦਾ ਅਮਰਪਾਲ ਕਹਿੰਦਾ ਹੈ: ”ਮੈਂ ਧਿਆਨ ਨਾਲ ਮਨਜੀਤ ਵੱਲ ਵੇਖਿਆ, ਉਹਦੇ ਚਿਹਰੇ ਤੇ ਕਿੰਨੇ ਦੁੱਖ ਅਣ-ਵੰਗਾਰੇ ਪਏ ਸਨ…ਉਨ੍ਹਾਂ ਵਿਚ ਹੀ ਕਿਤੇ ਅਕਾਲ ਤਖ਼ਤ ਦੇ ਖੰਡਰਾਂ ਦੀ ਤਿਕੋਣ ਸੀ।”
”ਉਂਝ ਅਸੀਂ ਵਧਦੇ ਅੰਕੜਿਆਂ ਤੋਂ ਉਤੇਜਿਤ ਹੁੰਦੇ ਹੀ ਰਹਿੰਦੇ ਸਾਂ ਪਰ ਜਦੋਂ ਕੋਈ ਅੰਕੜਾ ਚੁਰਾਸੀ ਕੋਲ ਪਹੁੰਚਦਾ ਤਾਂ ਜਾਪਦਾ ਕੋਈ ਜਾਣ-ਬੁੱਝ ਕੇ ਗ਼ਲਤ ਗਿਣਤੀ ਦੱਸ ਰਿਹਾ ਹੈ। ਇਹ ਅੰਕੜਾ ਸਾਡੇ ਇਤਹਾਸ ਨਾਲ ਲੜ ਪਿਆ ਹੈ।”
ਅਮਰਪਾਲ ਦਾ ਸਾਥੀ ਦੀਪ ਨਦੀ ਦੇ ਕਿਨਾਰੇ ਬੈਠਾ ਕਹਿੰਦਾ “ਦੇਖ ਅਮਰਪਾਲ ਪਾਣੀ ਵਗਦਾ ਵਗਦਾ ਹੀ ਇਸ਼ਨਾਨ ਕਰ ਲੈਂਦਾ…ਥੋੜੀ ਦੇਰ ਪਹਿਲਾ ਜਿਹੜੀ ਨਦੀ ਗੰਧਲੇ ਪਾਣੀ ਨਾਲ ਮਿਟੀ ਰੰਗੀ ਹੋ ਗਈ ਸੀ, ਉਹ ਨਿਤਰਨੀ ਸ਼ੁਰੂ ਹੋ ਗਈ।”
ਸੋਚ `ਚ ਡੁਬਿਆ ਅਮਰਪਾਲ ਕਹਿ ਰਿਹਾ: ”ਅਸੀਂ ਆਪਣੇ ਸਦਮਿਆਂ ਦੇ ਵਿਰਾਗ ਵੇਖੇ ਤੇ ਫਿਰ ਜਦੋਂ ਕੋਈ ਰਾਹ ਨਾ ਮਿਲਿਆ ਤਾਂ ਉਨ੍ਹਾਂ ਨੂੰ ਘਿਰਣਾ ਦਾ ਰਾਹ ਵਿਖਾਇਆ। …ਚੰਗਿਆੜੇ ਲੋਹੇ ਨੂੰ ਵੀ ਜੋੜ ਦਿੰਦੇ ਨੇ ਅਮਰਪਾਲ, ਉਸਦੇ ਸਾਥੀ ਦਾ ਬਾਪੂ ਕਹਿੰਦਾ ਹੈ।
ਇਕ ਥਾਂ ਅਮਰਪਾਲ ਕਹਿੰਦਾ ਹੈ: ”ਜੰਗਲ ਮੈਨੂੰ ਅੱਜ-ਕਲ ਸੁਨਸਾਨ ਜਿਹੀ ਚਿਤਾਵਨੀ ਨਹੀਂ ਲੱਗਦਾ, ਜਿਵੇਂ ਕੁਝ ਸਾਲ ਪਹਿਲਾਂ ਲੱਗਦਾ ਸੀ। ਸ਼ਾਇਦ ਸਾਡਾ ਕੋਈ ਜਾਂਗਲੀਪਣਾ ਜੰਗਲ ਨੂੰ ਭਾਅ ਗਿਆ ਹੋਵੇ।”

ਜਿਸ ਤਰ੍ਹਾਂ ਮੰਡ ਖਾੜਕੂ ਮੁੰਡਿਆਂ `ਚ ਹੁੰਦੀ ਬਹਿਸ ਨੂੰ ਚਿਤਰਦਾ ਹੈ, ਉਹ ਨਿਰਾ ਦਰਸ਼ਨ ਹੀ ਲੱਗਦਾ ਹੈ।
ਇਕ ਦਿਨ ਮਨਜੀਤ ਤੇ ਦੀਪ ਬਾਬੇ `ਚ ਬਹਿਸ ਹੋ ਜਾਂਦੀ ਹੈ।
ਮਨਜੀਤ ਕਹਿੰਦਾ ਹੈ “ਜੇਕਰ ਸੰਤ ਭਿੰਡਰਾਂਵਾਲੇ ਨਾ ਹੁੰਦਾ ਤਾਂ ਸਿੱਖੀ ਨੇ ਇਕ ਵਾਰ ਫਿਰ ਸਹਿਮ ਜਾਣਾ ਸੀ ਦੀਪ ਬਾਬੇ”।
ਦੀਪ ਜਵਾਬ `ਚ ਕਹਿੰਦਾ ਹੈ “ਕਦੋਂ ਸਹਿਮੀ ਹੈ ਸਿੱਖੀ? ਤੂੰ ਇਹ ਕਿਉਂ ਸੋਚਿਆ?
“ਹੋਰ ਕਿਆ ਸੋਚਾਂ?” ਮਨਜੀਤ ਪੁੱਛਦਾ।
ਦੀਪ ਬੋਲਦਾ: “ਤੂੰ ਦਸ਼ਮੇਸ਼ ਕੋਲ ਕਿਉਂ ਨਹੀਂ ਰੁਕਿਆ? ਤੇਰਾ ਡਰ ਹੁਣ ਕੋਈ ਹੋਰ ਦੂਰ ਕਰੇਗਾ? ਕਲਗੀਆਂ ਆਲੇ ਤੋਂ ਬਿਨਾਂ।”
ਮਨਜੀਤ ਜਵਾਬ `ਚ ਕਹਿੰਦਾ ਹੈ “ਪਰ ਸੰਤਾਂ ਦਾ ਡਰ ਵੀ ਤਾਂ ਦਸ਼ਮੇਸ਼ ਨੇ ਹੀ ਦੂਰ ਕਰਿਆ ਹੋਣਾ।”
ਦੀਪ ਕਹਿੰਦਾ “ਤੂੰ ਆਪਣਾ ਭਰੋਸਾ ਕਿਉਂ ਖੋਹਿਆ?”
“ਨਹੀਂ ਖੋਹਿਆ, ਸੂਰਬੀਰਾਂ ਨੂੰ ਯਾਦ ਕਰਨਾ ਕਿਆ ਗ਼ਲਤ ਹੈ”, ਮਨਜੀਤ ਨੇ ਕਿਹਾ।
ਦੀਪ ਮਨਜੀਤ ਨੂੰ ਸਮਝਾਉਂਦਾ ਹੈ “ਤੇਰੀ ਯਾਦ ਦਸ਼ਮੇਸ਼ ਕੋਲ ਹੈ, ਤੇਰਾ ਮਾਰਗ ਦਸ਼ਮੇਸ਼ ਕੋਲ ਹੈ।”
“ਮੈਨੂੰ ਤੇਰੀ ਟੇਡੀ ਗੱਲ ਸਮਝ ਨਹੀਂ ਆਉਂਦੀ ਦੀਪ ਬਾਬੇ।”
ਦੀਪ ਅੱਗੋਂ ਕਹਿੰਦਾ “ਆਪਣਾ ਕਾਲਜਾ ਦਸ਼ਮੇਸ਼ ਅਗੇ ਰੱਖ, ਹਿੱਕ ਨਹੀਂ, ਇਹ ਨਾਨਕ ਦਾ ਘਰ ਹੈ।”
ਇਕ ਥਾਂ ਅਗ ਬਲਦੀ ਵੇਖ ਕੇ ਦੀਪ ਬਾਬਾ ਕਹਿੰਦਾ ਹੈ “ਦੇਖ ਬਈ ਸਿੰਘਾ ਇਤਿਹਾਸ ਦੀਆਂ ਕੁਝ ਝਲਕਾਂ ਇਨ੍ਹਾਂ ਅੰਗਿਆਰਿਆਂ ਵਰਗੀਆਂ ਹੀ ਹੁੰਦੀਆਂ, ਪਤਾ ਹੁੰਦਾ ਕੇ ਅਸੀਂ ਥੋੜੀ ਦੇਰ ਬਾਦ ਬੁੱਝ ਜਾਣਾ…ਫਿਰ ਵੀ ਅੱਗ ਕੋਲੋਂ ਜਜਬਾਤੀ ਹੋ ਕੇ ਉਡ ਉਡ ਪੈਂਦੀਆਂ।”
ਦੀਪ ਬਾਬਾ ਵਾਪਰ ਚੁਕੇ ਤੇ ਵਾਪਰ ਰਹੇ ਲਈ ਫ਼ਿਕਰਮੰਦ ਹੋਇਆ ਖਾੜਕੂਆਂ ਦੇ ਇਕ ਗਰੁੱਪ ਨਾਲ ਸੰਵਾਦ ਰਚਾਉਂਦਾ ਕਹਿੰਦਾ ਹੈ “ਸਭ ਕਿੰਝ ਤੁਹਾਡੇ ਹੱਥਾਂ ਤੋਂ ਬਾਹਰ ਕਿਵੇਂ ਚਲਾ ਗਿਆ?”
“ਬਾਬਾ ਅਸੀਂ ਸਮਝਿਆ ਸੀ ਇਹ ਅਕਾਲ ਤਖ਼ਤ ਦੇ ਢਾਹੁਣ ਦਾ ਗੁਸਾ ਹੈ, ਉਤਰ ਜਾਵੇਗਾ, ਗੁਰੂ ਆਪੇ ਠੰਡ ਬਖਸ਼ ਦੇਵੇਗਾ।…ਕਿਸੇ ਨੂੰ ਦੁੱਖ ਵਿਚ ਤੜਫਦਾ ਵੇਖ ਕੇ ਝਿੜਕਿਆ ਵੀ ਤਾਂ ਨਹੀਂ ਜਾ ਸਕਦਾ।
“… ਪਰ ਕੋਈ ਆਪਣੀ ਘਿਰਣਾ ਨੂੰ ਅਕਾਲ ਤਖ਼ਤ ਦੇ ਸਦਮੇ ਵਿਚ ਰਲਾ ਲਵੇਗਾ, ਇਹ ਸਾਨੂੰ ਪਤਾ ਨਹੀਂ ਸੀ।” ਇਕ ਪਿੱਛੇ ਖੜਾ ਜਥੇਦਾਰ ਬੋਲਿਆ।
“ਸਾਰੇ ਗੁਸੈਲ ਸਿੰਘ ਆਪਣੇ ਆਪ ਨੂੰ ਵਾਪਸ ਨਹੀਂ ਮੋੜ ਸਕੇ।” ਠੀਕ ਏ ਅਸੀਂ ਮੰਨਦੇ ਹਾਂ, ਸਿਖਾਂ ਲਈ ਇਹ ਸਹਿਣਯੋਗ ਸਦਮਾ ਨਹੀਂ ਸੀ।
“ਇਕ ਸਦਮਾ ਗੁਰੂ ਦੀ ਸ਼ਰਨ ਵਿਚ ਵੀ ਲੈ ਕੇ ਜਾਣਾ ਸੀ, ਸੱਚੇ ਪਾਤਸ਼ਾਹ ਦੇ ਹੁਕਮ ਦੀ ਉਡੀਕ ਕਿਉਂ ਨਹੀਂ ਕੀਤੀ”, ਦੀਪ ਬਾਬੇ ਨੇ ਕਿਹਾ।
“…ਸਟੇਟ ਤੇ ਖਾੜਕੂਆਂ ਕੋਲੋਂ ਲੋਕ ਇਕੋ ਜਿੰਨਾ ਡਰਨ? ਇਹ ਢਾਰਸ ਤੁਸੀਂ ਕਿਥੋਂ ਸਿਖੀ”, ਬਾਬਾ ਦੀਪ ਜਜ਼ਬਾਤੀ ਹੋਇਆ ਕਹਿੰਦਾ ਹੈ।
ਪਰ ਹੁਣ ਜਿਨ੍ਹਾਂ ਨੂੰ ਅਸੀਂ ਮੋੜਨਾ ਚਾਹੁੰਦੇ ਹਾਂ, ਉਹ ਸਾਡੇ ਹੱਥ `ਚੋਂ ਨਿਕਲ ਚੁੱਕੇ ਨੇ। ਸਾਡਾ ਹੋਣਾ ਹੱਤਿਆਵਾਂ ਨਾਲ ਹੀ ਜੋੜ ਦਿੱਤਾ ਗਿਆ।

ਅਮਰਪਾਲ ਨੂੰ ਮਨਜੀਤ ਤੇ ਝਿਲਮਿਲ ਨਾਲ ਗੱਲ ਕਰਦੇ ਹੋਏ ਦੀਪ ਬਾਬੇ ਦੀ ਉਹ ਗੱਲ ਯਾਦ ਆਉਂਦੀ ਹੈ ਜਦੋਂ ਉਹਨੇ ਕਿਹਾ ਸੀ “ਪੰਜਾਬ ਇਕ ਹੋਰ ਦਿਸ਼ਾਹੀਣ ਨਾਇਕ ਦੀ ਤਲਾਸ਼ ਉਪਰ ਨਿਕਲ ਪਿਆ ਹੈ।” ਇਹ ਕਹਿ ਕੇ ਦੀਪ ਬਾਬਾ ਉਠ ਕੇ ਚਲਾ ਗਿਆ ਸੀ।
ਜੈਲੇ ਬਾਬੇ ਨੇ ਇਸ `ਤੇ ਟਿਪਣੀ ਕਰਦੇ ਹੋਏ ਕਿਹਾ ਸੀ “ਜ਼ਿਆਦਾ ਅਕਲ ਵੀ ਬੰਦੇ ਨੂੰ ਬੈਠਣ ਨਹੀਂ ਦਿੰਦੀ।”
ਨਾਵਲ ਦੀ ਇਕ ਪਾਤਰ ਲੜਕੀ ਮਨਜੋਤ ਹੈ। ਖਾੜਕੂ ਉਸਦੇ ਸਾਰੇ ਪਰਿਵਾਰ ਨੂੰ ਇਸ ਸ਼ੱਕ `ਚ ਮਾਰ ਦਿੰਦੇ ਨੇ ਕੇ ਉਨ੍ਹਾਂ ਦੇ ਘਰ ਦਾ ਇਕ ਬੰਦਾ ਕੈਟ ਬਣਿਆ ਹੋਇਆ ਸੀ ।
ਅਮਰਪਾਲ ਦੇ ਕਹਿਣ `ਤੇ ਮਨਜੋਤ ਨੂੰ ਛੱਡ ਦਿੱਤਾ ਗਿਆ ਸੀ। ਉਹ ਆਪਣੀ ਨਾਨੀ ਨਾਲ ਰਹਿੰਦੀ ਹੈ। ਅਮਰਪਾਲ ਨੂੰ ਮਨਜੋਤ ਨਾਲ ਲਗਾਅ ਹੋ ਜਾਂਦਾ ਹੈ, ਉਹ ਉਸਨੂੰ ਵਾਰ ਵਾਰ ਯਾਦ ਆਉਂਦੀ ਹੈ। ਉਹ ਉਸਨੂੰ ਨਾਲ ਲੈ ਕੇ ਜਾਣ ਲਈ ਆਉਂਦਾ ਹੈ। ਉਸ ਸਮੇਂ ਉਸ ਨਾਲ ਕੁਝ ਹੋਰ ਖਾੜਕੂ ਵੀ ਹੁੰਦੇ ਨੇ।
ਸਾਹਮਣੇ ਆਉਂਦੀ ਮਨਜੋਤ ਨੂੰ ਅਮਰਪਾਲ ਕਹਿੰਦਾ “ਮੈਂ ਤੈਨੂੰ ਲੈਣ ਆਇਆਂ।”
ਪ੍ਰਤੀਕਰਮ `ਚ ਉਸਦੀ ਨਾਨੀ ਜੋ ਬੋਲਦੀ ਹੈ, ਉਹ ਦਿਲ ਕੰਬਾਉਣ ਵਾਲਾ ਹੈ। ਨਾਨੀ ਕਹਿੰਦੀ ਹੈ “ਵੇ ਘਰ ਨੂੰ ਸਮਾਧ ਨਾ ਬਣਾਓ, ਵੇ ਇਕ ਨੂੰ ਤਾਂ ਬਖਸ਼ ਦਿਓ… ਵੇ ਕੋਈ ਧੂਫ ਬੱਤੀ ਵਾਲਾ ਵੀ ਰਹਿਣ ਦਿਓ।” ਅਚਾਨਕ ਨਾਨੀ ਅਮਰਪਾਲ ਦੀ ਬਾਂਹ ਫੜ ਲੈਂਦੀ ਹੈ।
ਅਮਰਪਾਲ ਨੂੰ ਲੱਗਦਾ ਕਿ ਉਹ ਉਸਨੂੰ ਗਲੋਂ ਫੜ ਲਵੇਗੀ।
ਨਾਨੀ ਅਮਰਪਾਲ ਨੂੰ ਪੁੱਛਦੀ ਹੈ “ਕਿੰਨੀਆਂ ਮਾਵਾਂ ਨੂੰ ਰੁਆਇਆ? ਚੱਲ ਪੁੱਤ ਬਣ ਕੇ ਦੱਸ ਜਾ।”
ਫਿਰ ਨਾਨੀ ਨੇ ਅਮਰਪਾਲ ਦੇ ਅੱਗੇ ਹੋ ਕੇ ਦੁਹਤੜਾ ਮਾਰਿਆ ਤੇ ਕਿਹਾ “ਇਹ ਕੁੜੀ ਤਾਂ ਟੁੱਟੇ ਮਨਾਂ ਦੀ ਧਰਮਸ਼ਾਲਾ ਏ ਪੁੱਤ।”
ਅਮਰਪਾਲ ਆਪਣੇ ਸਾਥੀ ਖਾੜਕੂ ਫਿਰਕੀ ਦਾ ਜ਼ਿਕਰ ਕਰਦੇ ਹੋਏ ਆਪਣੇ ਤੇ ਸਾਥੀਆਂ ਦੇ ਵਿਆਕਤਵ ਦਾ ਵਿਸ਼ਲੇਸ਼ਣ ਕਰਦੇ ਹੋਏ ਕਹਿੰਦਾ ਹੈ “ਫਿਰਕੀ ਨੂੰ ਅੱਜ ਕਲ ਔਸਤ ਬੰਦੇ ਵਾਂਗ ਗੱਲਾਂ ਕਰਨੀਆਂ ਆਪਣੀ ਹੇਠੀ ਜਾਪਦੀ ਸੀ।”
ਅਸੀਂ ਸਭ ਇਸ ਦੌਰ `ਚੋਂ ਲੰਘ ਕੇ ਆਏ ਸਾਂ। ਫਿਰ ਇਕ ਸਮਾਂ ਆਉਂਦਾ ਹੈ ਜਦੋਂ ਆਪਣੀ ਅਸਹਿਜਤਾ ਦਾ ਦਬਾਅ ਝੱਲ ਨਹੀਂ ਹੁੰਦਾ।
ਇਥੋਂ ਦੋ ਕਿਸਮ ਦੀਆਂ ਆਦਤਾਂ ਵਾਲੇ ਸਿੰਘਾਂ ਦੀ ਬਣਤਰ ਸ਼ੁਰੂ ਹੋ ਜਾਂਦੀ ਹੈ। ਜੋ ਸਹਿਜਤਾ ਤੋਂ ਥਿੜਕ ਜਾਵੇ ਉਹ ਜੈਲਾ ਬਾਬਾ ਬਣ ਜਾਂਦਾ ਹੈ ਤੇ ਜੋ ਸਹਿਜਤਾ `ਚ ਸੰਭਲ ਜਾਵੇ ਉਹ ਦੀਪ ਬਾਬਾ, ਝਿਲਮਿਲ ਬਣ ਜਾਂਦੇ ਨੇ।
ਇਕ ਦਿਨ ਅਮਰਪਾਲ ਤੇ ਮਨਜੀਤ ਇਕ ਅੰਮ੍ਰਿਤਧਾਰੀ ਸਿੰਘ ਦੇ ਘਰ ਰੋਟੀ ਖਾ ਰਹੇ ਹੁੰਦੇ ਨੇ ਤਾਂ ਘਰ ਦਾ ਮੁਖੀ ਪੁੱਛਦਾ ਐ “ਖਾਲਸਾ ਜੀ ਇਹ ਲੜਾਈ ਹੋਰ ਕਿੰਨੀ ਦੇਰ ਲੜਨੀ ਏ?”
“ਜਦ ਤਕ ਜਿਤੀ ਨਹੀਂ ਜਾਂਦੀ।”
ਘਰ ਦਾ ਮੁਖੀ ਬੋਲਦਾ “ਹੁਣ ਤਾਂ ਦਰਬਾਰ ਸਾਹਿਬ `ਤੇ ਹਮਲਾ ਕਰਨ ਵਾਲੇ ਵੀ ਨਹੀਂ ਰਹੇ।”

ਇਕ ਥਾਂ ਮੰਡ ‘ਸ਼ਹੀਦ’ ਬਾਰੇ ਇਕ ਪਾਤਰ ਰਾਹੀਂ ਕਹਿੰਦਾ ਹੈ “ਉਹ ਸਮਝਦੇ ਸਨ ਸ਼ਹੀਦ ਉਹ ਹੁੰਦਾ ਹੈ, ਜੋ ਟੀਚੇ ਤੋਂ ਪਹਿਲਾਂ ਮਰ ਜਾਵੇ। ਟੀਚਾ ਪਾਉਣ ਵਾਲਾ ਤਾਂ ਕੋਈ ਅਗਲਾ ਚੇਹਰਾ ਹੋਵੇਗਾ, ਜੋ ਉਨ੍ਹਾਂ ਲਈ ਸ਼ਰਧਾ ਦੇ ਫੁੱਲ ਚੜ੍ਹਾਵੇਗਾ।
ਅਸੀਂ ਸਾਹਸ ਨੂੰ ਦਾਰਸ਼ਨਿਕ ਰੂਪ ਨਹੀਂ ਸੀ ਦੇ ਸਕੇ। ਇਹ ਸਾਹਸ ਸਵੈ-ਰੱਖਿਆ ਵਰਗੀ ਪ੍ਰਣਾਲੀ ਕੋਲ ਆ ਕੇ ਬੌਂਦਲ ਗਿਆ ਸੀ। ਅਸੀਂ ਸਾਹਸ ਸਿਰਫ ਜ਼ਾਲਮ ਦੇ ਖਾਤਮੇ ਲਈ ਵਰਤਿਆ। ਉਹਨੇ ਪਲਟਵਾਰ ਕਰਨਾ ਹੀ ਸੀ। ਤੇ ਉਹ ਕਰ ਦਿੱਤਾ।
ਦਰਬਾਰ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਅਮਰਪਾਲ ਨੂੰ ਮਨਜੋਤ ਇਹ ਕਹਿ ਕੇ ਝੰਜੋੜ ਦਿੰਦੀ ਹੈ “ਜਿਸ ਦਿਨ ਤੁਸੀਂ ਮੇਰੀ ਜਾਨ ਬਖਸ਼ੀ ਤੀ, ਮੈਨੂੰ ਪਤਾ ਲੱਗ ਗਿਆ ਤਾਂ ਤੁਸੀਂ ਮੈਨੂੰ ਛੱਡਣਾ ਨਹੀਂ”
ਕਿਉਂ?” ਤੁਸੀਂ ਮੈਨੂੰ ਆਪਣੇ ਲਈ ਬਖਸ਼ਿਆ ਤਾਂ…ਮੇਰੇ ਲਈ ਨਹੀਂ।’
ਕਈ ਵਾਰੀ ਅਮਰਪਾਲ ਆਪਣੇ ਆਪ ਨਾਲ ਗੱਲਾਂ ਕਰਦਾ ਸੋਚਦਾ ਹੈ “ਮੈਂ ਅਤਿਆਚਾਰੀ ਬਣੇ ਰਹਿਣਾ ਹੈ ਜਾਂ ਅਤਿਆਚਾਰੀ ਨੂੰ ਖਤਮ ਕਰਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ।” ਇਕ ਹੋਰ ਡਾਇਲਾਗ ਦੇਖੋ: ਬਾਬਾ ਦੀਪ ਕਹਿੰਦਾ ਹੈ “ਸਾਡੇ ਕੋਲ ਸਦਮਿਆਂ ਤੋਂ ਬਿਨਾ ਜੀਵਨ ਦੇ ਨਗਾਰੇ ਵੀ ਵੱਜਦੇ ਸੁਣਦੇ ਨੇ।
…ਤੁਸੀਂ ਹਰ ਸ਼ਹਾਦਤ ਤੋਂ ਬਾਅਦ ਗੁਸੈਲ ਹੋਣ ਲੱਗ ਪਏ ਹੋ। ਉਨ੍ਹਾਂ ਜੀਵਨ ਦੀ ਜਾਗਤੀ ਜੋਤ ਵਿਖਾਉਣ ਲਈ ਜਾਨਾ ਵਾਰੀਆਂ।
…”ਸਿੱਖੀ ਪ੍ਰੇਮ ਹੈ…ਇਸ ਜੋਤ ਦਾ ਧੂੰਆਂ ਨਹੀਂ ਨਿਕਲਦਾ। ਸਿੱਖੀ ਸਤਾ ਉਪਰ ਨਹੀਂ, ਸਾਧਨਾ ਉਪਰ ਟਿਕੀ ਹੈ।”
“ਮੈਨੂੰ ਇਤਿਹਾਸ ਵਿਚ ਪਏ ਅਧੂਰੇ ਕ੍ਰੋਧ ਬਹੁਤ ਸਤਾਉਂਦੇ ਨੇ। ਇਹ ਛੱਡ ਕੇ ਤੁਰਦਾ ਹਾਂ ਤਾਂ ਉਹ ਕਾਇਰ ਕਹਿਣ ਲੱਗ ਪੈਣਗੇ…ਠੀਕ ਅਜੇਹੇ ਵੇਲੇ ਮੇਰੀਆਂ ਯਾਦਾਂ ਦੀ ਖੁਦਮੁਖਤਿਆਰੀ ਅਕਾਲ ਤਖ਼ਤ ਕੋਲ ਆ ਕੇ ਕਿਉਂ ਕੰਬਦੀ ਹੈ? ਉਹ ਕਿਹੜੀ ਯਾਦ ਹੈ ਜਿਸਨੂੰ ਗੁਰੂ ਦੀ ਝਿੜਕ ਪੈਣੀ ਚਾਹੀਦੀ ਹੈ।
ਸ਼ਬਦ ਗੁਰੂ ਤੋਂ ਬਿਨਾਂ ਨਿਡਰ ਹੋਣ ਦਾ ਕਸ਼ਟ ਵੀ ਭੋਗਣਾ ਪੈਂਦਾ ਹੈ।
“ਬੇਬੇ ਅਸੀਂ ਦਰਸ਼ਨ ਦਾ ਬਦਲਾ ਲੈ ਲਿਆ।”
ਬੇਬੇ ਅੱਗੋਂ ਬੋਲਦੀ ਹੈ “ਵੇ ਤੁਸੀਂ ਮੇਰੇ ਪੁੱਤ ਦਾ ਕਿਸੇ ਹੋਰ ਦੇ ਪੁੱਤ ਨੂੰ ਮਾਰ ਕੇ ਬਦਲਾ ਲਿਆ …ਵੇ ਕੋਈ ਦੁੱਖ ਰੱਬ ਵਾਸਤੇ ਵੀ ਛੱਡ ਦਿਓ,
ਤੁਸੀਂ ਤਾਂ ਜਮ੍ਹਾ ਹੀ ਵੇਹਲਾ ਕਰਤਾ ਉਹ ਚੰਦਰਾ।
ਇਹ ਇਕ ਅਜਿਹਾ ਨਾਵਲ ਹੈ ਜੋ ਚੇਤਨਾ ਨੂੰ ਉਗਾਸਾ ਦਿੰਦਾ ਹੈ। ਇਸ ਨਾਵਲ ਨੂੰ ਪੜ੍ਹਨਾ ਆਪਣੇ ਆਪ `ਚ ਵੱਡੀ ਬੌਧਿਕ ਚੁਣੌਤੀ ਹੈ। ਇਸ ਚੁਣੌਤੀ ਨੂੰ ਬੁਧੀਜੀਵੀ ਤੇ ਪੰਜਾਬ ਨਾਲ ਸਰੋਕਾਰ ਰੱਖਣ ਵਾਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ।