ਤਬਲਾ ਉਦਾਸ ਹੋਇਆ-ਉਸਤਾਦ ਜ਼ਾਕਿਰ ਹੁਸੈਨ ਨਹੀਂ ਰਹੇ

ਸਾਨ ਫਰਾਂਸਸਕੋ : ਤਬਲਾ ਵਾਦਕ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਉਸਤਾਦ ਜ਼ਾਕਿਰ ਹੁਸੈਨ ਦਾ ਦੇਹਾਂਤ ਹੋ ਗਿਆ । ਫੇਫੜੇ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝਦਿਆਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਸਾਨ ਫਰਾਂਸਿਸਕੋ ਵਿਖੇ ਇਲਾਜ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ।

9 ਮਾਰਚ 1951 ਨੂੰ ਮੁੰਬਈ ਜਨਮੇ ਉਸਤਾਦ ਜ਼ਾਕਿਰ ਹੁਸੈਨ ਨੇ ਸੇਂਟ ਮਾਈਕਲ ਹਾਈ ਸਕੂਲ ਤੋਂ ਦਸਵੀਂ ਅਤੇ ਸੇਂਟ ਜ਼ੇਵੀਅਰ ਕਾਲਜ ਤੋਂ ਗ੍ਰੈਜੂਏਸ਼ਨ ਪਾਸ ਕੀਤੀ ਸੀ। ਉਹ ਆਪਣੇ ਪਿੱਛੇ ਡਾਂਸਰ ਅਤੇ ਮੈਨੇਜਰ ਪਤਨੀ ਐਂਟੋਨੀਆ ਮੈਨਕੋਲਾ, ਦੋ ਧੀਆਂ ਅਨੀਸ਼ਾ ਕੁਰੈਸ਼ੀ ਤੇ ਇਜਾਬੇਲਾ ਕੁਰੈਸ਼ੀ ਛੱਡ ਗਏ ਹਨ। ਭਾਰਤੀ ਤਾਲ ਪਰੰਪਰਾ ਦੇ ਵਾਰਿਸ ਉੱਘੇ ਤਬਲਾ ਵਾਦਕ ਮਰਹੂਮ ਅੱਲਾ ਰੱਖਾ ਦੇ 73 ਸਾਲਾ ਪੁੱਤਰ ਜ਼ਾਕਿਰ ਹੁਸੈਨ ਨੂੰ ਦੇਸ਼ ਦੇ ਵਿਕਾਰੀ ਪੁਰਸਕਾਰ ਪਦਮਸ਼੍ਰੀ 1988, ਸੰਗੀਤ ਨਾਟਕ ਅਕੈਡਮੀ ਪੁਰਸਕਾਰ 1990, ਪਦਮ ਭੂਸ਼ਣ ਪੁਰਸਕਾਰ 2002 ਅਤੇ ਪਦਮ ਵਿਭੂਸ਼ਣ ਪੁਰਸਕਾਰ ਨਾਲ 2023 ਵਿੱਚ ਨਿਵਾਜਿਆ ਗਿਆ ਸੀ। ਇਸ ਦੇ ਨਾਲ ਉਹਨਾਂ ਨੂੰ ਤਿੰਨ ਕੌਮੀ ਪੁਰਸਕਾਰ ਵੀ ਪ੍ਰਾਪਤ ਹੋਏ ਸਨ। ਭਾਰਤ ਦੀ ਅਮੀਰ ਸੰਗੀਤ ਪਰੰਪਰਾ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਤਬਲਾ ਵਾਦਨ ਦਾ ਅਰਥ ਸਿਰਫ ਜ਼ਾਕਿਰ ਹੁਸੈਨ ਹੀ ਹੋ ਗਿਆ।
ਉਹ ਦੁਨੀਆਂ ਭਰ ਵਿੱਚ ਵਸਦੇ ਸੰਗੀਤ ਪ੍ਰੇਮੀਆਂ ਲਈ ਇੱਕ ਚਾਨਣ ਮੁਨਾਰਾ ਸਨ। ਜਿਹਨਾਂ ਤੋਂ ਆਉਣ ਵਾਲੀਆਂ ਸੰਗੀਤਕ ਨਸਲਾਂ ਨੂੰ ਹਮੇਸ਼ਾ ਅਗਵਾਈ ਮਿਲਦੀ ਰਹੇਗੀ।