ਨਵੀਂ ਦਿੱਲੀ – ਲੋਕ ਸਭਾ ‘ਚ ਜ਼ੋਰਦਾਰ ਬਹਿਸ ਦੇ ਬਾਅਦ ਅੱਜ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ਤੇ ਵਿਧਾਨ ਚੋਣਾਂ ਇਕੋ ਵੇਲੇ ਕਰਵਾਉਣ ਸੰਬੰਧੀ ‘ਇਕ ਰਾਸ਼ਟਰ ਇਕ ਚੋਣ’ ਸੰਵਿਧਾਨਕ ਸੋਧ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ। ਵਿਰੋਧੀ ਪਾਰਟੀਆਂ ਨੇ ਕੇਂਦਰ ਦੇ ਇਸ ਕਦਮ ਨੂੰ ‘ਤਾਨਾਸ਼ਾਹੀ’ ਕਰਾਰ ਦਿੱਤਾ।
ਜਦੋਂਕਿ ਕਾਨੂੰਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਾਨੂੰਨ ਸੂਬਿਆਂ ਨੂੰ ਪ੍ਰਾਪਤ ਸ਼ਕਤੀਆਂ ਨਾਲ ਛੇੜਛਾੜ ਨਹੀਂ ਕਰੇਗਾ। ਸੰਵਿਧਾਨ (129ਵਾਂ) ਸੋਧ ਬਿੱਲ ਨੂੰ ਮੇਘਵਾਲ ਨੇ ਕਰੀਬ 90 ਮਿੰਟ ਦੀ ਬਹਿਸ ਅਤੇ ਬਿੱਲ ‘ਤੇ ਪਈਆਂ ਵੋਟਾਂ ਦੇ ਬਾਅਦ ਲੋਕ ਸਭਾ ‘ਚ ਪੇਸ਼ ਕੀਤਾ। ਬਿੱਲ ਦੇ ਹੱਕ ‘ਚ 269 ਭਠੇ ਦਿਤਝਯ ‘ਸ 198 ਦੇਟਾਂ ਪਈਆਂ। ਬਿੱਲ ਪੇਸ਼ ਕਰਨ ਤੋਂ ਪਹਿਲਾਂ ਵਿਰੋਧੀ ਧਿਰਾਂ ਨੇ ਵੋਟਿੰਗ ਦੀ ਮੰਗ ਕੀਤੀ ਸੀ। ਬਿੱਲ ਨੂੰ ਪਾਸ ਕਰਵਾਉਣ ਲਈ ਸਦਨ ‘ਚ ਦੋ-ਤਿਹਾਈ ਬਹੁਮਤ ਜ਼ਰੂਰੀ ਹੈ। ਬਿੱਲ ਲਈ ਪਹਿਲਾਂ ਇਲੈਕਟ੍ਰਾਨਿਕ ਵੋਟਿੰਗ ਕਰਵਾਈ ਦੇ ਬਾਅਦ ਫਿਰ ਪਰਚੀਆਂ ਨਾਲ ਵੋਟਿੰਗ ਹੋਈ। ਇਲੈਕਟ੍ਰਾਨਿਕ ਵੋਟਿੰਗ ਤੇ ਪੇਪਰ ਸਲਿੱਪਾਂ ਦੀ ਗਿਣਤੀ ਮਗਰੋਂ ਬਿੱਲ ਹੇਠਲੇ ਸਦਨ ‘ਚ ਪੇਸ਼ ਕੀਤਾ ਗਿਆ। ਇਹ ਪਹਿਲੀ ਵਾਰ ਸੀ ਜਦੋਂ ਨਵੇਂ ਸੰਸਦ ਭਵਨ ਵਿਚ ਲੋਕ ਸਭਾ ‘ਚ ਇਲੈਕਟ੍ਰਾਨਿਕ ਵੋਟਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਗਈ ਹੈ। ਬਿੱਲ ਨੂੰ ਵਿਆਪਕ ਵਿਚਾਰ ਚਰਚਾ ਲਈ ਦੋਵੇਂ ਸਦਨਾਂ ਦੀ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ) ਕੋਲ ਭੇਜ ਦਿੱਤਾ ਗਿਆ ਹੈ। ਮੇਘਵਾਲ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਬਿੱਲ ਵਿਆਪਕ ਵਿਚਾਰ ਚਰਚਾ ਲਈ ਸੰਸਦ ਦੀ ਸਾਂਝੀ ਕਮੇਟੀ ਨੂੰ ਸੌਂਪਣ ਦੀ ਗੁਜ਼ਾਰਿਸ਼ ਕੀਤੀ ਸੀ। ਕੇਂਦਰੀ ਮੰਤਰੀ ਵਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ 2024 ਵੀ ਪੇਸ਼ ਕੀਤਾ ਗਿਆ, ਜਿਸ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ- ਕਸ਼ਮੀਰ, ਪੁਡੂਚੇਰੀ ਤੇ ਦਿੱਲੀ ਦੇ ਕੌਮੀ ਰਾਜਧਾਨੀ ਖੇਤਰ ਦੀ ਮਿਆਦ ਨੂੰ ਹੋਰਨਾਂ ਸੂਬਾਈ ਵਿਧਾਨ ਸਭਾਵਾਂ ਦੇ ਬਰਾਬਰ ਲਿਆਉਣ ਦੀ ਵਿਵਸਥਾ ਹੈ।
