ਮਜੀਠੀਆ ਨੇ ਵੀ ਹੈਲੀਕਾਪਟਰ ਝੂਟਣ ਦੇ ਰਿਕਾਰਡ ਤੋੜੇ

ਚੰਡੀਗੜ੍ਹ: ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਇਨ੍ਹੀਂ ਦਿਨੀਂ ਸਰਕਾਰੀ ਹੈਲੀਕਾਪਟਰ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ। ਪੰਜਾਬ ਮੰਤਰੀ ਮੰਡਲ ਵਿਚ ਉਹ ਇਕੋ ਇਕ ਅਜਿਹੇ ਵਜ਼ੀਰ ਹਨ ਜਿਨ੍ਹਾਂ ਨੂੰ ਇਹ ਹੱਕ ਹਾਸਲ ਹੈ। ਪਹਿਲਾਂ ਤਾਂ ਮਾਲ ਮੰਤਰੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਦੇ ਕਦਾਈਂ ਹੀ ਕਰਦੇ ਸਨ ਪਰ ਸਤੰਬਰ ਤੇ ਅਕਤੂਬਰ ਮਹੀਨਿਆਂ ਦੇ 40 ਕੁ ਦਿਨ ਅਜਿਹੇ ਹਨ ਜਦੋਂ ਮਾਲ ਮੰਤਰੀ ਵਿਧਾਨ ਸਭਾ ਹਲਕੇ ਮਜੀਠਾ ਤੇ ਸੂਬੇ ਵਿਚ ਹੋਰ ਥਾਈਂ ਹੋਈਆਂ ਰਾਜਸੀ ਸਰਗਰਮੀਆਂ ਵਿਚ ਸ਼ਾਮਲ ਹੋਣ ਲਈ ਸਰਕਾਰੀ ਹੈਲੀਕਾਪਟਰ ‘ਤੇ ਸਵਾਰ ਹੋ ਕੇ ਗਏ।
ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸੂਤਰਾਂ ਅਨੁਸਾਰ ਸਤੰਬਰ ਦਾ ਮਹੀਨਾ ਸੂਬੇ ਦੇ ਇਤਿਹਾਸ ਵਿਚ ਅਜਿਹਾ ਮਹੀਨਾ ਸੀ ਜਦੋਂ ਹੈਲੀਕਾਪਟਰ ਦੀ ਵਰਤੋਂ ਤਕਰੀਬਨ 60 ਘੰਟੇ ਹੋਈ। ਆਮ ਤੌਰ ‘ਤੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ 25 ਤੋਂ 30 ਘੰਟਿਆਂ ਤੱਕ ਹੀ ਹੁੰਦੀ ਹੈ। ਨਿਯਮਾਂ ਮੁਤਾਬਕ ਸਰਕਾਰੀ ਹੈਲੀਕਾਪਟਰ ਦੀ ਸਹੂਲਤ ਗਵਰਨਰ ਸ਼ਿਵ ਰਾਜ ਪਾਟਿਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਹਨ। ਮਾਲ ਮੰਤਰੀ ਦੀਆਂ ਹਵਾਈ ਉਡਾਣਾਂ ਲਈ ਮੁੱਖ ਮੰਤਰੀ ਵਿਸ਼ੇਸ਼ ਤੌਰ ‘ਤੇ ਪ੍ਰਵਾਨਗੀ ਦਿੰਦੇ ਹਨ।
ਸੂਤਰਾਂ ਅਨੁਸਾਰ ਮਜੀਠੀਆ ਚਾਰ ਸਤੰਬਰ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਫੱਤੂ ਭਿੱਲਾ, ਅੱਠ ਸਤੰਬਰ ਨੂੰ ਮੁਕਤਸਰ ਤੋਂ ਫੱਤੂ ਭਿੱਲਾ, ਨੌਂ ਸਤੰਬਰ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੇ ਉਸ ਤੋਂ ਅਗਲੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਗਏ। ਪੰਜਾਬ ਸਰਕਾਰ ਦਾ ਆਪਣਾ ਹੈਲੀਕਾਪਟਰ ਮੁਹੱਈਆ ਨਾ ਹੋਣ ਕਾਰਨ ਵਿਭਾਗ ਨੇ 14 ਸਤੰਬਰ ਨੂੰ ਮੱਤੇਵਾਲ, ਫੱਤੂ ਭਿੱਲਾ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋਰਨੀਂ ਥਾਈਂ ਜਾਣ ਲਈ ‘ਇੰਡੀਆ ਫਲਾਈ ਸੇਫ਼’ ਕੰਪਨੀ ਦਾ ਹੈਲੀਕਾਪਟਰ ਕਿਰਾਏ ‘ਤੇ ਲੈ ਕੇ ਦਿੱਤਾ।
ਇਸੇ ਤਰ੍ਹਾਂ ਮਜੀਠੀਆ ਨੇ 30 ਸਤੰਬਰ ਨੂੰ ਚੰਡੀਗੜ੍ਹ ਤੋਂ ਕਾਲਝਰਾਨੀ ਲਈ ਵੀ ਹੈਲੀਕਾਪਟਰ ਦੀ ਵਰਤੋਂ ਕੀਤੀ। ਮਾਲ ਮੰਤਰੀ ਚਾਰ ਅਕਤੂਬਰ ਨੂੰ ਚੰਡੀਗੜ੍ਹ ਦੇ ਨਜ਼ਦੀਕ ਨਵਾਂਸ਼ਹਿਰ ਵਿਚ ਇਕ ਸਿਆਸੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਸਰਕਾਰੀ ਹੈਲੀਕਾਪਟਰ ‘ਤੇ ਗਏ। ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈਲੀਕਾਪਟਰ ਦੀ ਵਰਤੋਂ ਕਰਨ ਲਈ ਵਿਸ਼ੇਸ਼ ਤੌਰ ‘ਤੇ ਇਜਾਜ਼ਤ ਦਿੰਦੇ ਹਨ ਪਰ ਪਿਛਲੇ 40-50 ਦਿਨਾਂ ਵਿਚ ਉਨ੍ਹਾਂ ਹੈਲੀਕਾਪਟਰ ਦੀ ਵਰਤੋਂ ਨਹੀਂ ਕੀਤੀ।
ਪੰਜਾਬ ਸਰਕਾਰ ਵੱਲੋਂ ਜੇਕਰ ਹੈਲੀਕਾਪਟਰ ਕਿਰਾਏ ‘ਤੇ ਲਿਆ ਜਾਂਦਾ ਹੈ ਤਾਂ ਇਸ ਹੈਲੀਕਾਪਟਰ ਦਾ ਅੰਦਾਜ਼ਨ ਕਿਰਾਇਆ ਪੌਣੇ ਦੋ ਲੱਖ ਰੁਪਏ ਪ੍ਰਤੀ ਘੰਟਾ ਪੈਂਦਾ ਹੈ। ਸਰਕਾਰ ਨੇ ਜਿਹੜਾ ਆਪਣਾ ਹੈਲੀਕਾਪਟਰ ਖ਼ਰੀਦਿਆ ਹੈ ਉਸ ਦੀ ਖ਼ਰਚਾ 80 ਹਜ਼ਾਰ ਰੁਪਏ ਪ੍ਰਤੀ ਘੰਟਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਜਦੋਂ ਆਪਣਾ ਹੈਲੀਕਾਪਟਰ ਖ਼ਰੀਦਿਆ ਸੀ ਤਾਂ ਇਹ ਤਰਕ ਦਿੱਤਾ ਗਿਆ ਸੀ ਕਿ ਕਿਰਾਏ ਦਾ ਹੈਲੀਕਾਪਟਰ ਸਰਕਾਰੀ ਖ਼ਜ਼ਾਨੇ ‘ਤੇ ਜ਼ਿਆਦਾ ਭਾਰੂ ਪੈਂਦਾ ਹੈ। ਸਰਕਾਰ ਨੇ ਇਸ ਹੈਲੀਕਾਪਟਰ ‘ਤੇ 38 ਕਰੋੜ ਰੁਪਏ ਖਰਚੇ ਸਨ। ਅਪਰੈਲ ਮਹੀਨੇ ਤੋਂ ਸਰਕਾਰੀ ਹੈਲੀਕਾਪਟਰ ਉਡਣਾ ਸ਼ੁਰੂ ਹੋ ਗਿਆ ਸੀ।
______________________________
ਸਰਕਾਰ ਦੀ ਫਜ਼ੂਲ ਖ਼ਰਚੀ ਦੇ ਆਡਿਟ ਦੀ ਮੰਗ
ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਬਾਦਲ ਸਰਕਾਰ ਵੱਲੋਂ ਕੀਤੀ ਜਾ ਰਹੀ ਫਜ਼ੂਲ ਖ਼ਰਚੀ ਬਾਰੇ ਵਿਸ਼ੇਸ਼ ਆਡਿਟ ਕਰਵਾਉਣ ਦੀ ਮੰਗ ਕੀਤੀ। ਇਸ ਲੜੀ ਹੇਠ ਕਲੋਨੀਆਂ ਦੀ ਰੈਗੂਲਰਲਾਈਜੇਸ਼ਨ ਫੀਸ, ਖੁਰਾਕਾਂ ‘ਤੇ ਵਾਧੂ ਸੈੱਸ, ਮੈਰਿਜ ਪੈਲੇਸਾਂ ਦੇ ਰੈਗੂਰਲਾਈਜੇਸ਼ਨ ‘ਤੇ ਵੈਟ ਤੇ ਡੀਲਰਾਂ ‘ਤੇ ਪ੍ਰੋਸੈਸਿੰਗ ਫੀਸ ਲਾਗੂ ਹੋ ਚੁੱਕੀ ਹੈ। ਪਾਰਟੀ ਬੁਲਾਰੇ ਰਾਜਨਬੀਰ ਸਿੰਘ ਦਾ ਕਹਿਣ ਹੈ ਕਿ ਪੰਜਾਬ ਸਰਕਾਰ ਵੱਲੋਂ ਲਾਏ ਗਏ ਵਾਧੂ ਟੈਕਸਾਂ ਨਾਲ ਮਹਿੰਗਾਈ ਵਧੇਗੀ। ਦੂਜੇ ਪਾਸੇ ਸਰਕਾਰੀ ਪੈਸੇ ਨੂੰ ਸੰਗਤ ਦਰਸ਼ਨ ਵਰਗੇ ਗੈਰ ਫਾਇਦੇਮੰਦ ਪ੍ਰੋਗਰਾਮਾਂ ‘ਤੇ ਖ਼ਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਜਿਵੇਂ ਹਰਿਆਣਾ ਵਿਚ ਖਪਤਕਾਰ ਵਸਤਾਂ ‘ਤੇ ਵੈਟ ਦੀ ਘੱਟੋ-ਘੱਟ ਦਰ 4æ5 ਪ੍ਰਤੀਸ਼ਤ ਹੈ ਜਦਕਿ ਪੰਜਾਬ ਵਿਚ ਇਹ 5æ5 ਫੀਸਦੀ ਪਹੁੰਚ ਚੁੱਕੀ ਹੈ। ਹੁਣ ਪੰਜਾਬ ਸਰਕਾਰ ਨੇ ਕੋਲਡ ਡ੍ਰਿੰਕਸ ‘ਤੇ ਟੈਕਸਾਂ ਨੂੰ 14æ5 ਤੋਂ 22æ5 ਫੀਸਦੀ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਹਰਜ਼ਾਨਾ ਆਮ ਲੋਕਾਂ ਨੂੰ ਭਰਨਾ ਪੈ ਰਿਹਾ ਹੈ ਤੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਲਈ ਕਈ ਵਾਰ ਅਦਾਇਗੀ ਕਰਨੀ ਪਏਗੀ।

Be the first to comment

Leave a Reply

Your email address will not be published.