-ਜਤਿੰਦਰ ਪਨੂੰ
ਫੋਨ: 91-98140-68455
ਆਜ਼ਾਦੀ ਤੋਂ ਬਾਅਦ ਬਣੀ ਦਿੱਲੀ ਦੀ ਪਹਿਲੀ ਵਿਧਾਨ ਸਭਾ ਪੰਡਿਤ ਜਵਾਹਰ ਲਾਲ ਨਹਿਰੂ ਦੇ ਵੇਲੇ ਮਸਾਂ ਚਾਰ ਸਾਲ ਦੀ ਮਿਆਦ ਪੂਰੀ ਹੋਣ ‘ਤੇ ਤੋੜ ਦਿੱਤੀ ਗਈ ਸੀ। ਉਸ ਪਿੱਛੋਂ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਵੇਲੇ ਇਹ ਵਿਧਾਨ ਸਭਾ ਦੋਬਾਰਾ ਬਣ ਸਕੀ ਸੀ। ਇਸ ਦੌਰਾਨ ਇਹ ਸ਼ਹਿਰ ਇਸ ਦੇਸ਼ ਦੀ ਰਾਜਧਾਨੀ ਹੁੰਦੇ ਹੋਏ ਵੀ ਆਪ ਕਿਸੇ ਚੁਣੀ ਹੋਈ ਸਰਕਾਰ ਦੇ ਅਧੀਨ ਨਾ ਹੋ ਕੇ ਕੇਂਦਰ ਦੇ ਸਿੱਧੇ ਪ੍ਰਬੰਧ ਦਾ ਖੇਤਰ ਹੁੰਦਾ ਸੀ ਤੇ ਜਿਹੜੀਆਂ ਪਾਰਟੀਆਂ ਇਸ ਦੀ ਆਪਣੀ ਅਸੈਂਬਲੀ ਹੋਣ ਦਾ ਪੱਖ ਲੈਂਦੀਆਂ ਸਨ, ਕੇਂਦਰ ਦੀ ਕਮਾਨ ਆਪਣੇ ਹੱਥ ਆਉਣ ਉਤੇ ਉਹ ਵੀ ਇਸ ਤੋਂ ਕੰਨੀ ਕਤਰਾ ਜਾਂਦੀਆਂ ਸਨ। ਜਦੋਂ ਵੀਹ ਕੁ ਸਾਲ ਪਹਿਲਾਂ ਵਿਧਾਨ ਸਭਾ ਬਹਾਲ ਹੋਈ ਤੇ ਦਿੱਲੀ ਦੇ ਲੋਕਾਂ ਨੇ ਪਹਿਲੀ ਵਾਰ ਵੋਟਾਂ ਪਾਉਣੀਆਂ ਸਨ, ਉਦੋਂ ਭਾਰਤੀ ਜਨਤਾ ਪਾਰਟੀ ਨੇ ਇਹ ਨਾਅਰਾ ਦਿੱਤਾ ਕਿ ਜੇ ਅਸੀਂ ਦਿੱਲੀ ਜਿੱਤ ਲਈ ਤਾਂ ਭਾਰਤ ਵੀ ਜਿੱਤ ਲਵਾਂਗੇ, ਕਿਉਂਕਿ ਇਹ ‘ਮਿੰਨੀ ਹਿੰਦੁਸਤਾਨ’ ਹੈ। ਕੇਂਦਰ ਵਿਚ ਉਦੋਂ ਚੱਲ ਰਹੀ ਕਾਂਗਰਸ ਦੀ ਨਰਸਿਮਹਾ ਰਾਓ ਸਰਕਾਰ ਦੀ ਬਦਨਾਮੀ ਹੁਣ ਵਾਲੀ ਸਰਕਾਰ ਤੋਂ ਵੀ ਬਹੁਤ ਵੱਧ ਸੀ। ਭਾਜਪਾ ਆਗੂ ਇਹ ਜਾਣਦੇ ਸਨ ਕਿ ਇਸ ਦਾ ਸਭ ਤੋਂ ਵੱਧ ਅਸਰ ਦਿੱਲੀ ਵਿਚ ਹੋਵੇਗਾ ਤੇ ਇਥੇ ਹਰ ਰਾਜ ਤੋਂ ਆਏ ਲੋਕ ਵੱਸਦੇ ਹੋਣ ਕਰ ਕੇ ਇਹੋ ਮੁਹਿੰਮ ਸਾਰੇ ਦੇਸ਼ ਅੰਦਰ ਪੁਚਾਈ ਜਾ ਸਕੇਗੀ। ਇਸ ਵਿਚ ਉਹ ਕਾਫੀ ਹੱਦ ਤੱਕ ਸਫਲ ਵੀ ਰਹੇ ਅਤੇ ਦਿੱਲੀ ਵਿਚ ਉਨ੍ਹਾਂ ਦਾ ਮਦਨ ਲਾਲ ਖੁਰਾਣਾ ਮੁੱਖ ਮੰਤਰੀ ਬਣਨ ਪਿੱਛੋਂ ਪਾਰਲੀਮੈਂਟ ਚੋਣਾਂ ਵਿਚ ਭਾਜਪਾ ਤੇਰਾਂ ਦਿਨਾਂ ਦੀ ਸਰਕਾਰ ਬਣਾਉਣ ਦਾ ਦਾਅ ਵੀ ਖੇਡ ਗਈ ਸੀ।
ਅੱਜ ਇਹੋ ਗੱਲਾਂ ਦਿੱਲੀ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਕਹਿ ਰਿਹਾ ਹੈ। ਭਾਜਪਾ ਵਾਲੇ ਉਸ ਵਕਤ ਕੇਂਦਰ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਰੌਲਾ ਵੀ ਪਾਉਂਦੇ ਸਨ, ਪਰ ਬਹੁਤਾ ਜ਼ੋਰ ਉਨ੍ਹਾਂ ਦਾ ਇਸ ਗੱਲ ਉਤੇ ਸੀ ਕਿ ਅਯੁੱਧਿਆ ਵਿਚ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਬਣਾਉਣਾ ਹੈ। ਭ੍ਰਿਸ਼ਟਾਚਾਰ ਦੇ ਸਤਾਏ ਹੋਏ ਲੋਕ ਵੀ ਉਨ੍ਹਾਂ ਨਾਲ ਜੁੜੇ ਸਨ, ਪਰ ਬਹੁਤਾ ਅਸਰ ਇਸ ਗੱਲ ਨੇ ਪਾਇਆ ਸੀ ਕਿ ਉਨ੍ਹਾਂ ਬਾਬਰੀ ਮਸਜਿਦ ਨੂੰ ਨਰਸਿਮਹਾ ਰਾਓ ਦੇ ਪਹਿਲੇ ਸਾਲ ਵੇਲੇ ਉਸ ਨਾਲ ਸੈਨਤ ਮਿਲਾ ਕੇ ਟੱਕ ਜਾ ਲਾਇਆ ਤੇ ਦੂਸਰੇ ਸਾਲ ਮਸਜਿਦ ਨੂੰ ਮਲਬਾ ਬਣਾ ਦਿੱਤਾ ਸੀ। ਉਸ ਵਕਤ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਕਾਫੀ ਹੱਦ ਤੱਕ ਭਾਜਪਾ ਦੇ ਹੱਕ ਵਿਚ ਉਲਾਰ ਸਨ ਤੇ ਦੂਸਰਾ ਭਾਈਚਾਰਾ ਇਸ ਦੇ ਵਿਰੋਧ ਵਿਚ ਇੱਕ-ਤਰਫਾ ਚੱਲਣ ਦੀ ਥਾਂ ਕਾਂਗਰਸ ਵੱਲ ਵੀ ਸ਼ੱਕ ਨਾਲ ਵੇਖ ਰਿਹਾ ਸੀ। ਭਾਜਪਾ ਇਸ ਹਾਲਤ ਵਿਚ ਸਥਿਤੀ ਦਾ ਉਹ ਲਾਭ ਲੈ ਗਈ ਸੀ, ਜਿਹੜਾ ਕੇਜਰੀਵਾਲ ਨੂੰ ਨਹੀਂ ਮਿਲ ਸਕਦਾ। ਉਸ ਨੂੰ ਸਿਰਫ ਇੱਕੋ ਨੁਕਤੇ ਉਤੇ, ਭ੍ਰਿਸ਼ਟਾਚਾਰ ਦੇ ਵਿਰੋਧ ਦੇ ਨੁਕਤੇ ਉਤੇ, ਲੋਕਾਂ ਦੀ ਦੁਖਦੀ ਰਗ ਉਤੇ ਹੱਥ ਰੱਖਣਾ ਪੈ ਰਿਹਾ ਹੈ ਤੇ ਇਹ ਇਕਲੌਤਾ ਨੁਕਤਾ ਉਸ ਨੂੰ ਪਾਰ ਲਾ ਸਕਦਾ ਹੈ, ਇਸ ਵਿਚ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੈ।
ਇਸ ਗੱਲ ‘ਤੇ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਅਰਵਿੰਦ ਕੇਜਰੀਵਾਲ ਪਿਛਲੀਆਂ ਸਾਰੀਆਂ ਧਿਰਾਂ ਤੋਂ ਵੱਖਰੀ ਰਾਜਨੀਤੀ ਕਰਨ ਤੁਰਿਆ ਤਾਂ ਉਸ ਦੇ ਨਾਲ ਲੋਕ ਵੀ ਵੱਖਰੀ ਕਿਸਮ ਦੇ ਜੁੜਦੇ ਨਜ਼ਰ ਆਏ ਹਨ। ਕੋਈ ਵਿੱਦਿਆ ਦੇ ਖੇਤਰ ਦਾ ਬਹੁਤ ਵੱਡਾ ਨਾਮ ਹੈ ਤੇ ਕੋਈ ਡਾਕਟਰ ਜਾਂ ਇੰਜੀਨੀਅਰ ਹੈ, ਜਿਨ੍ਹਾਂ ਨੂੰ ਲੋਕ ਸਤਿਕਾਰ ਨਾਲ ਵੇਖਦੇ ਤੇ ਚਾਹੁੰਦੇ ਹਨ ਕਿ ਇਹੋ ਜਿਹੇ ਲੋਕ ਅੱਗੇ ਆਉਣੇ ਚਾਹੀਦੇ ਹਨ। ਇਹ ਸੁਫਨੇ ਵਰਗੀ ਸਥਿਤੀ ਹੈ। ਜਦੋਂ ਸੁਫਨੇ ਤੋਂ ਬਾਹਰ ਨਿਕਲੀਏ ਤਾਂ ਹਕੀਕਤਾਂ ਅਸਲੋਂ ਵੱਖਰੀਆਂ ਹੁੰਦੀਆਂ ਹਨ। ਅਸੀਂ ਕਈ ਲੋਕ ਇਹੋ ਜਿਹੇ ਵੇਖੇ ਹਨ, ਜਿਨ੍ਹਾਂ ਦਾ ਸਤਿਕਾਰ ਬੜਾ ਸੀ, ਪਰ ਚੋਣਾਂ ਵਿਚ ਲੋਕਾਂ ਨੇ ਗੋਡੀਂ ਹੱਥ ਉਨ੍ਹਾਂ ਦੇ ਲਾ ਕੇ ਵੋਟਾਂ ਉਨ੍ਹਾਂ ਦੇ ਵਿਰੋਧੀਆਂ ਨੂੰ ਪਾ ਦਿੱਤੀਆਂ ਸਨ। ਇੱਕ ਵਾਰੀ ਕਿਸੇ ਚੋਣ ਵਿਚ ਇਹ ਗੱਲ ਵੀ ਚੱਲੀ ਸੀ ਕਿ ਜਲਸੇ ਵੇਖੇ ਜਾਣ ਤਾਂ ਸਭ ਤੋਂ ਵੱਧ ਲੋਕ ਕਾਮਰੇਡਾਂ ਦੇ ਮੂਹਰੇ ਬੈਠੇ ਹੁੰਦੇ ਹਨ, ਪਰ ਵੋਟਾਂ ਉਨ੍ਹਾਂ ਦੀ ਥਾਂ ਦੂਸਰਿਆਂ ਨੂੰ ਪਾ ਦਿੰਦੇ ਹਨ। ਉਦੋਂ ਚੋਣ ਵਿਸ਼ਲੇਸ਼ਣਾਂ ਦੇ ਇੱਕ ਮਾਹਰ ਨੇ ਮਜ਼ਾਕ ਨਾਲ ਕਿਹਾ ਸੀ ਕਿ ਕਾਮਰੇਡ ਇਨ੍ਹਾਂ ਜਲਸਿਆਂ ਵਿਚ ਆਪਣੇ ਦੇਸ਼ ਦੀ ਏਨੀ ਅਸਲੀ ਤਸਵੀਰ ਪੇਸ਼ ਕਰਦੇ ਹਨ ਕਿ ਲੋਕਾਂ ਨੂੰ ਕਾਂਗਰਸ ਪਾਰਟੀ ਜਾਂ ਉਸ ਦੇ ਵਿਰੋਧੀਆਂ ਵਿਚੋਂ ਘੱਟ ਪਾਪੀ ਜਾਪਦਾ ਉਮੀਦਵਾਰ ਚੁਣਨ ਦੀ ਸੌਖ ਹੋ ਜਾਂਦੀ ਹੈ। ਅੱਜਕੱਲ੍ਹ ਇਹੋ ਕੁਝ ਅਰਵਿੰਦ ਕੇਜਰੀਵਾਲ ਦੇ ਭਾਸ਼ਣਾਂ ਬਾਰੇ ਕਿਹਾ ਜਾ ਰਿਹਾ ਹੈ। ਉਹ ਜਦੋਂ ਵੀ ਬੋਲਦਾ ਹੈ ਤਾਂ ਕਾਂਗਰਸ ਅਤੇ ਭਾਜਪਾ ਦੋਵਾਂ ਦੇ ਆਗੂਆਂ ਦੇ ਸਾਰੇ ਵਰਕੇ ਉਥੱਲ ਦੇਂਦਾ ਹੈ ਤੇ ਲੋਕ ਇਹ ਪੜ੍ਹਨ ਵਿਚ ਸੌਖ ਮਹਿਸੂਸ ਕਰਦੇ ਹਨ ਕਿ ਦੋਵਾਂ ਵਿਚੋਂ ਵੱਧ ਦਾਗ ਕਿਸ ਦੇ ਚਿਹਰੇ ਉਤੇ ਹਨ ਤੇ ਘੱਟ ਕਿਸ ਦੇ? ਭਾਰਤ ਦੇ ਲੋਕ-ਰਾਜ ਦੀ ਇਹ ਵੀ ਇੱਕ ਤਰ੍ਹਾਂ ਦੀ ‘ਸੇਵਾ’ ਕਹੀ ਜਾ ਸਕਦੀ ਹੈ, ਜਿਹੜੀ ਉਹ ਕਰ ਰਿਹਾ ਹੈ।
ਜਿੱਥੋਂ ਤੱਕ ਚੋਣਾਂ ਵੇਲੇ ਵੋਟਾਂ ਪਾਉਣ ਦਾ ਸਬੰਧ ਹੈ, ਲੋਕ ਹੁਣ ਇਹ ਵੱਡੀ ਗੱਲ ਨਹੀਂ ਮੰਨਦੇ ਕਿ ਫਲਾਣੀ ਪਾਰਟੀ ਜਿੱਤ ਗਈ ਤਾਂ ਮੁਲਕ ਦੀ ਹਾਲਤ ਸੁਧਾਰ ਦੇਵੇਗੀ, ਸਗੋਂ ਇਹ ਵੇਖਣ ਲੱਗ ਪਏ ਹਨ ਕਿ ਫਲਾਣਾ ਲੀਡਰ ਜਿੱਤ ਗਿਆ ਤਾਂ ਸਾਡਾ ਫਲਾਣਾ ਕੰਮ ਕਰਵਾ ਦੇਵੇਗਾ। ਲੱਖਾਂ ਲੋਕ ਇਥੇ ਝੁੱਗੀ-ਝੌਂਪੜੀ ਵਿਚ ਜਾਂ ਉਸ ਵਰਗੇ ਉਨ੍ਹਾਂ ਘਰਾਂ ਵਿਚ ਰਹਿੰਦੇ ਹਨ, ਜਿਨ੍ਹਾਂ ਨੂੰ ਘਰ ਕਹਿਣਾ ਘਰ ਸ਼ਬਦ ਦੀ ਬੇਇੱਜ਼ਤੀ ਕਹੀ ਜਾ ਸਕਦੀ ਹੈ। ਉਹ ਲੋਕ ਆਪਣੀ ਗਲੀ ਵਿਚੋਂ ਇੱਕ ਗੰਦੀ ਨਾਲੀ ਕੱਢਣ ਲਈ ਚੋਣਾਂ ਦੇ ਦਿਨਾਂ ਵਿਚ ਕਿਸੇ ਉਮੀਦਵਾਰ ਵੱਲੋਂ ਚੁੱਪ ਕਰ ਕੇ ਫੜਾਏ ਪੰਜ ਹਜ਼ਾਰ ਰੁਪਏ ਵੀ ਬਹੁਤ ਵੱਡੀ ਗੱਲ ਸਮਝ ਲੈਂਦੇ ਹਨ। ਲੋਕ ਤਾਂ ਇਹ ਵੀ ਵੇਖਦੇ ਹਨ ਕਿ ਜੇ ਕੱਲ੍ਹ ਨੂੰ ਅੱਧੀ ਰਾਤ ਕੰਮ ਤੋਂ ਮੁੜਦੇ ਘਰ ਦੇ ਕਿਸੇ ਜੀਅ ਨੂੰ ਕੋਈ ਪੁਲਿਸ ਵਾਲਾ ਫੜ ਕੇ ਥਾਣੇ ਲੈ ਗਿਆ ਤਾਂ ਇਦਾਂ ਦੇ ਵਕਤ ਉਨ੍ਹਾਂ ਨਾਲ ਫਲਾਣਾ ਤੁਰ ਪੈਂਦਾ ਹੈ, ਭਾਵੇਂ ਪਹਿਲਾਂ ਫੜਾਇਆ ਵੀ ਉਸ ਬੰਦੇ ਨੇ ਆਪ ਹੀ ਹੋਵੇ। ਇਨ੍ਹਾਂ ਗੱਲਾਂ ਨੇ ਲੋਕ-ਰਾਜ ਦੀ ਚੋਣ ਪ੍ਰਕਿਰਿਆ ਨੂੰ ਅਸਲੀ ਲੀਹ ਉਤੋਂ ਲਾਹ ਕੇ ਇਹੋ ਜਿਹੇ ਔਝੜੇ ਰਾਹ ਪਾ ਲਿਆ ਹੈ, ਜਿੱਥੋਂ ਇਸ ਨੂੰ ਮੋੜਾ ਪੈਣਾ ਕਿਸੇ ਇਨਕਲਾਬ ਤੋਂ ਘੱਟ ਨਹੀਂ ਤੇ ਇਨਕਲਾਬ ਦੇ ਹਾਲਾਤ ਅਜੇ ਨਹੀਂ ਬਣੇ।
ਅਸੀਂ ਪਿਛਲੇ ਸਮੇਂ ਵਿਚ ਬਹੁਤ ਸਾਰੇ ਚੋਣ ਸਰਵੇਖਣ ਵੇਖੇ ਹਨ, ਜਿਨ੍ਹਾਂ ਵਿਚ ਕਦੀ ਇੱਕ ਪਾਰਟੀ ਜਿੱਤਦੀ ਤੇ ਕਦੀ ਦੂਸਰੀ ਅੱਗੇ ਨਿਕਲਦੀ ਵਿਖਾਈ ਦੇਂਦੀ ਹੈ। ਅਰਵਿੰਦ ਕੇਜਰੀਵਾਲ ਦੇ ਨਾਲ ਇੱਕ ਨਵਾਂ ਖੜਾ ਹੋਇਆ ਆਗੂ ਯੋਗਿੰਦਰ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਚੋਣ ਸਰਵੇਖਣਾਂ ਦੇ ਮਾਹਰ ਵਜੋਂ ਲੋਕਾਂ ਸਾਹਮਣੇ ਪੇਸ਼ ਹੁੰਦਾ ਰਿਹਾ ਹੈ ਤੇ ਇਹ ਚਰਚਾ ਉਸ ਦੇ ਸਾਹਮਣੇ ਕਈ ਵਾਰੀ ਚੱਲ ਚੁੱਕੀ ਹੈ ਕਿ ਸਰਵੇਖਣ ਕਈ ਵਾਰੀ ਸਾਈ ਦੇ ਕੇ ਵੀ ਬਣਵਾਏ ਜਾਂਦੇ ਹਨ। ਹੁਣ ਜਦੋਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇੱਕ ਸਰਵੇਖਣ ਵਿਚ ਭਾਜਪਾ ਜਿੱਤ ਗਈ ਤੇ ਕਾਂਗਰਸ ਦੂਸਰੇ ਨੰਬਰ ਉਤੇ ਰੱਖ ਕੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਮਸਾਂ ਅੱਧੀ ਦਰਜਨ ਸੀਟਾਂ ਤੱਕ ਜਿੱਤਦੀ ਦੱਸਿਆ ਗਿਆ ਸੀ। ਦੂਸਰੇ ਸਰਵੇਖਣ ਵਿਚ ਕੇਜਰੀਵਾਲ ਨੂੰ ਸ਼ੀਲਾ ਦੀਕਸ਼ਤ ਤੋਂ ਬਾਅਦ ਸਭ ਤੋਂ ਹਰਮਨ ਪਿਆਰਾ ਆਗੂ ਬਣਾ ਕੇ ਪੇਸ਼ ਕੀਤਾ ਗਿਆ ਤੇ ਭਾਜਪਾ ਦਾ ਵਿਜੇ ਗੋਇਲ ਤੀਸਰੀ ਥਾਂ ਦੱਸਿਆ ਗਿਆ, ਜਿਸ ਵਿਚ ਕੁਝ ਸੱਚਾਈ ਵੀ ਜਾਪਦੀ ਸੀ। ਤੀਸਰੇ ਵਿਚ ਕੇਜਰੀਵਾਲ ਨੂੰ ਸਭ ਤੋਂ ਵੱਧ ਪਸੰਦ ਵਾਲਾ ਦੱਸ ਕੇ ਦੂਸਰੀ ਥਾਂ ਸ਼ੀਲਾ ਦੀਕਸ਼ਤ ਦਾ ਨੰਬਰ ਲਾ ਦਿੱਤਾ ਗਿਆ ਤੇ ਸੀਟਾਂ ਕੇਜਰੀਵਾਲ ਦੀ ਨਵੀਂ ਬਣੀ ਪਾਰਟੀ ਲਈ ਵਧਾ ਕੇ ਅੱਠਾਂ ਤੋਂ ਅਠਾਰਾਂ ਤੇ ਫਿਰ ਬਾਈ ਕਰ ਦਿੱਤੀਆਂ ਗਈਆਂ। ਕੰਮ ਤਾਂ ਇਹ ਵੀ ਕਾਫੀ ਸੀ, ਪਰ ਕੇਜਰੀਵਾਲ ਦੀ ਤਸੱਲੀ ਨਾ ਹੋਈ ਤੇ ਉਸ ਨੇ ਅਗਲਾ ਛੜੱਪਾ ਮਾਰ ਕੇ ਆਪਣਾ ਕਰਵਾਇਆ ਸਰਵੇਖਣ ਪੇਸ਼ ਕਰ ਦਿੱਤਾ, ਜਿਸ ਵਿਚ ਉਸ ਦੀ ‘ਆਮ ਆਦਮ ਪਾਰਟੀ’ ਨੂੰ ਇਕੱਲੀ ਨੂੰ ਅਸੈਂਬਲੀ ਵਿਚ ਬਹੁ-ਸੰਮਤੀ ਮਿਲਦੀ ਵਿਖਾ ਦਿੱਤੀ ਗਈ ਹੈ। ਇਸ ਨਾਲ ਉਸ ਦਾ ਪ੍ਰਭਾਵ ਚੰਗਾ ਨਹੀਂ ਗਿਆ। ਬਾਕੀ ਪਾਰਟੀਆਂ ਵਾਲੇ ਪੈਸੇ ਦੇ ਕੇ ਜਿੱਦਾਂ ਦੇ ਸਰਵੇਖਣ ਬਣਵਾਉਂਦੇ ਹਨ, ਇਹ ਵੀ ਉਹੋ ਕੁਝ ਕਰਦਾ ਨਜ਼ਰ ਆਇਆ ਹੈ।
ਸਮੱਸਿਆ ਕੇਜਰੀਵਾਲ ਦੀ ਇਹ ਹੈ ਕਿ ਉਸ ਕੋਲ ਕਦੀ ਦਿੱਲੀ ਦੀਆਂ ਸੱਤਰ ਸੀਟਾਂ ਲਈ ਇੱਕ ਸੌ ਚਾਲੀ ਤੋਂ ਵੱਧ ਉਮੀਦਵਾਰ ਜਾਪਦੇ ਹਨ ਤੇ ਕਦੀ ਸੱਤਰਾਂ ਲਈ ਪੈਂਤੀ ਵੀ ਨਹੀਂ ਰਹਿੰਦੇ ਜਾਪਦੇ। ਉਹ ਕਹਿੰਦਾ ਹੈ ਕਿ ਉਸ ਕੋਲ ਆਗੂ ਬਹੁਤ ਹਨ, ਪਰ ਉਸ ਨੇ ਕਿਸੇ ਨੂੰ ਆਪ ਉਮੀਦਵਾਰ ਨਹੀਂ ਬਣਾਉਣਾ, ਸਬੰਧਤ ਹਲਕੇ ਵਿਚੋਂ ਉਸ ਪਾਰਟੀ ਦੇ ਮੈਂਬਰ ਜਿਸ ਨੂੰ ਬਹੁਤਾ ਪਸੰਦ ਕਰਨਗੇ, ਉਹੋ ਹੋਵੇਗਾ। ਇੱਕ ਹਲਕੇ ਤੋਂ ਉਸ ਦੀ ਪਾਰਟੀ ਦਾ ਉਮੀਦਵਾਰ ਚੁਣਿਆ ਗਿਆ ਤਾਂ ਸਾਰਾ ਕੁਝ ਆਰਾਮ ਨਾਲ ਹੋ ਜਾਣ ਮਗਰੋਂ ਪਤਾ ਲੱਗਾ ਕਿ ਜਿਹੜਾ ਉਮੀਦਵਾਰ ਚੁਣਿਆ ਹੈ, ਉਸ ਨੇ ਆਪਣੀ ਟਿਕਟ ਯਕੀਨੀ ਬਣਾਉਣ ਲਈ ਨਾਲ ਵਾਲੇ ਹਲਕੇ ਤੋਂ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ-ਮਿੱਤਰਾਂ ਨੂੰ ਇਸ ਹਲਕੇ ਤੋਂ ਪਾਰਟੀ ਦੇ ਮੈਂਬਰ ਬਣਾ ਕੇ ਇਥੇ ਮੀਟਿੰਗ ਵਿਚ ਲਿਆ ਬਿਠਾਇਆ ਸੀ। ਹੁਣ ਉਸ ਦੀ ਟਿਕਟ ਦਾ ਰੌਲਾ ਪੈ ਗਿਆ ਹੈ। ਇੱਕ ਹੋਰ ਹਲਕੇ ਤੋਂ ਇੱਕ ਬੰਦਾ ਉਸ ਪਾਰਟੀ ਦਾ ਉਮੀਦਵਾਰ ਮੰਨ ਲਿਆ ਗਿਆ ਤੇ ਪਿੱਛੋਂ ਕਿਸੇ ਨੇ ਉਸ ਦੀ ਸ਼ਿਕਾਇਤ ਕਰ ਦਿੱਤੀ ਕਿ ਇਸ ਨੇ ਚੋਣ ਕਮਿਸ਼ਨ ਨੂੰ ਧੋਖਾ ਦੇਣਾ ਹੀ ਹੈ, ਤੁਹਾਨੂੰ ਵੀ ਦੇ ਗਿਆ ਹੈ। ਜਦੋਂ ਇਸ ਨੇ ਪਾਰਟੀ ਦਾ ਉਮੀਦਵਾਰ ਬਣਨ ਦੀ ਅਰਜ਼ੀ ਦਿੱਤੀ, ਉਸ ਵਿਚ ਇਹ ਨਹੀਂ ਦੱਸਿਆ ਕਿ ਇਸ ਦੇ ਖਿਲਾਫ ਕਈ ਕੇਸ ਵੀ ਚੱਲ ਰਹੇ ਹਨ। ਸ਼ਿਕਾਇਤ ਸੱਚੀ ਨਿਕਲਣ ਦੇ ਬਾਅਦ ਉਸ ਦੀ ਟਿਕਟ ਉਤੇ ਕਾਟਾ ਮਾਰ ਦਿੱਤਾ ਗਿਆ ਹੈ। ਅਗਲੇ ਦਿਨਾਂ ਵਿਚ ਏਦਾਂ ਦੇ ਹੋਰ ਵੀ ਕਈ ਨਿਕਲ ਸਕਦੇ ਹਨ।
ਅਰਵਿੰਦ ਕੇਜਰੀਵਾਲ ਇਸ ਵਕਤ ਉਸ ਤਰ੍ਹਾਂ ਦੇ ਹੁਲਾਰੇ ਵਿਚ ਹੈ, ਜਿਸ ਤਰ੍ਹਾਂ ਦਾ ਦੋ ਸਾਲ ਪਹਿਲਾਂ ਪੰਜਾਬ ਵਿਚ ਮਨਪ੍ਰੀਤ ਸਿੰਘ ਬਾਦਲ ਨੂੰ ਸੀ। ਖਟਕੜ ਕਲਾਂ ਅਤੇ ਢੁੱਡੀਕੇ ਵਿਚ ਮਨਪ੍ਰੀਤ ਸਿੰਘ ਬਾਦਲ ਦੇ ਲਾਮਿਸਾਲ ਇਕੱਠ ਹੋਏ ਤਾਂ ਕਾਂਗਰਸੀ ਤੇ ਅਕਾਲੀ ਦੋਵੇਂ ਧਿਰਾਂ ਵਾਲੇ ਪਿੱਛੇ ਰਹਿ ਗਏ ਜਾਪਦੇ ਸਨ। ਇਥੇ ਹੀ ਠਿੱਬੀ ਲੱਗ ਗਈ ਸੀ। ਖਟਕੜ ਕਲਾਂ ਦੇ ਇਕੱਠ ਵਿਚ ਚਾਰ ਇਹੋ ਜਿਹੇ ਅਕਾਲੀ ਆਗੂਆਂ ਨੇ ਆਪਣੇ ਬੰਦੇ ਭੇਜੇ ਸਨ, ਜਿਨ੍ਹਾਂ ਨੂੰ ਬਾਦਲ ਅਕਾਲੀ ਦਲ ਦੀ ਟਿਕਟ ਚਾਹੀਦੀ ਸੀ ਤੇ ਅੱਗੋਂ ਹਾਂ ਨਹੀਂ ਸੀ ਹੁੰਦੀ, ਪਰ ਉਹ ਆਪ ਉਸ ਦਿਨ ਪੰਜਾਬ ਤੋਂ ਬਾਹਰ ਰਹੇ ਸਨ। ਇਹ ਗੱਲ ਬਾਦਲ ਬਾਪ-ਬੇਟੇ ਤੱਕ ਵੀ ਪਹੁੰਚ ਗਈ ਤੇ ਉਨ੍ਹਾਂ ਨੇ ਸੱਦ ਕੇ ਕਹਿ ਦਿੱਤਾ ਕਿ ਤੁਹਾਨੂੰ ਟਿਕਟ ਦਿੱਤੀ ਜਾ ਰਹੀ ਹੈ। ਬੰਦੇ ਭੇਜੇ ਹੀ ਇਸ ਲਈ ਸਨ ਕਿ ਬਾਦਲ ਬਾਪ-ਬੇਟੇ ਨੂੰ ਦੱਸਿਆ ਜਾਵੇ ਕਿ ਟਿਕਟ ਨਾ ਮਿਲੀ ਤਾਂ ਅਸੀਂ ਮਨਪ੍ਰੀਤ ਸਿੰਘ ਬਾਦਲ ਨਾਲ ਜਾ ਸਕਦੇ ਹਾਂ। ਢੁੱਡੀਕੇ ਦੀ ਰੈਲੀ ਵਿਚ ਤਿੰਨ ਲੀਡਰਾਂ ਨੇ ਕਾਂਗਰਸ ਦੀ ਟਿਕਟ ਲਈ ਇਹੋ ਖੇਖਣ ਕੀਤਾ ਅਤੇ ਆਪਣੇ ਬੰਦੇ ਮਨਪ੍ਰੀਤ ਸਿੰਘ ਬਾਦਲ ਦੇ ਪਿੱਛੇ ਤੋਰ ਦਿੱਤੇ ਸਨ। ਇਸ ਨਾਲ ਕਾਂਗਰਸ ਲੀਡਰਸ਼ਿਪ ਚਿੰਤਾ ਵਿਚ ਪੈ ਗਈ। ਜਦੋਂ ਉਨ੍ਹਾਂ ਨੂੰ ਸੱਦ ਕੇ ਇਹ ਸਮਝਾ ਦਿੱਤਾ ਗਿਆ ਕਿ ਟਿਕਟ ਤੁਹਾਨੂੰ ਮਿਲ ਜਾਣੀ ਹੈ, ਅਗਲੇ ਦਿਨਾਂ ਵਿਚ ਮਨਪ੍ਰੀਤ ਸਿੰਘ ਭਾਸ਼ਣ ਕਰਦਾ ਰਹਿ ਗਿਆ ਸੀ ਤੇ ਉਸ ਦੇ ਭਾਸ਼ਣ ਸੁਣ ਕੇ ਤਾੜੀਆਂ ਮਾਰਨ ਵਾਲੇ ਕੁਝ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਦਾਬਾਦ ਕਰੀ ਜਾਂਦੇ ਸਨ ਤੇ ਕੁਝ ਬਾਦਲ ਬਾਪ-ਬੇਟੇ ਦੇ ਪੈਰੀਂ ਹੱਥ ਲਾਉਣ ਲਈ ਕਤਾਰਾਂ ਬੰਨ੍ਹ ਕੇ ਖੜੇ ਸਨ।
ਆਖਰੀ ਗੱਲ ਇਹ ਕਿ ਦੋਵਾਂ ਪਾਰਟੀਆਂ ਨੇ ਕੁਝ ਬੰਦੇ ਗਿਣ-ਮਿਥ ਕੇ ਆਪ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਤੋਰੇ ਸਨ, ਤਾਂ ਕਿ ਇਹ ਪਤਾ ਲੱਗਦਾ ਰਹੇ ਕਿ ਉਸ ਦੀ ਰਣਨੀਤੀ ਕੀ ਹੈ? ਜਦੋਂ ਅਖਾੜਾ ਮਘ ਪਿਆ, ਉਹ ਬੰਦੇ ਅਸਲੀ ਅੱਡੇ ਉਤੇ ਵਾਪਸ ਜਾ ਪਹੁੰਚੇ ਤੇ ਉਧਰੋਂ ਟਿਕਟ ਲੈ ਕੇ ਚੋਣਾਂ ਲੜਦੇ ਫਿਰਦੇ ਸਨ। ਹੁਣ ਕੁਝ ਲੋਕ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਇਹੋ ਜਿਹੇ ਹਨ, ਜਿਹੜੇ ਕਾਂਗਰਸ ਜਾਂ ਭਾਜਪਾ ਨਾਲ ਨੇੜ ਰੱਖਣ ਵਾਲੇ ਹਨ। ਹਵਾਈ ਗੁਬਾਰੇ ਨੂੰ ਬੇਗਾਨੀ ਫੂਕ ਉਤੇ ਹਵਾ ਵਿਚ ਉਡਦਾ ਵੇਖਣ ਨਾਲ ਆਦਮੀ ਦੇ ਪੈਰ ਜ਼ਮੀਨ ਤੋਂ ਉਖੜ ਸਕਦੇ ਹਨ। ਮਨਪ੍ਰੀਤ ਸਿੰਘ ਬਾਦਲ ਨੂੰ ਬੇਗਾਨੀ ਫੂਕ ਨਾਲ ਉਡਦੇ ਗੁਬਾਰਿਆਂ ਨੇ ਡੋਬ ਦਿੱਤਾ ਸੀ, ਇਹੋ ਕੁਝ ਹੁਣ ਦਿੱਲੀ ਵਿਚ ਹੋ ਰਿਹਾ ਹੈ। ਅਰਵਿੰਦ ਕੇਜਰੀਵਾਲ ਦੀ ਪਾਰਟੀ ਕੁਝ ਕਾਰਗੁਜ਼ਾਰੀ ਵਿਖਾ ਜਾਵੇ ਤੇ ਦੇਸ਼ ਲਈ ਇਹ ਸੱਦਾ ਦੇਣ ਜੋਗੀ ਬਣ ਜਾਵੇ ਕਿ ‘ਮਿੰਨੀ ਹਿੰਦੁਸਤਾਨ’ ਦਿੱਲੀ ਦੇ ਲੋਕਾਂ ਦਾ ਆਹ ਫਤਵਾ ਹੈ, ਤਾਂ ਸਾਨੂੰ ਖੁਸ਼ੀ ਹੋਵੇਗੀ, ਪਰ ਪਿਛਲੇ ਤਜਰਬੇ ਇਸ ਦੀ ਸ਼ਾਹਦੀ ਨਹੀਂ ਭਰ ਰਹੇ।
Leave a Reply