ਗਭਰੂ ਪੁੱਤ ਪੰਜਾਬ ਦੇ

ਬਲਜੀਤ ਬਾਸੀ
ਫੋਨ: 734-259-9353
ਪੰਜਾਬੀਆਂ ਨੂੰ ਆਪਣੇ ਗੱਭਰੂਆਂ ‘ਤੇ ਬਹੁਤ ਗੁਮਾਨ ਹੈ, ਉਨ੍ਹਾਂ ਨੂੰ ਲਗਦਾ ਹੈ ਗਭਰੂ ਪੰਜਾਬ ਦੇ ਹੀ ਹੁੰਦੇ ਹਨ, ਬਾਕੀ ਦੇਸ਼ ਵਿਚ ਤਾਂ ਬੁਢੇ ਠੇਰੇ, ਮਾੜਕੂ, ਜੁਆਕੜੇ ਹੀ ਵਸਦੇ ਹਨ, ਜਾਣੋਂ ਗਭਰੂ ਸ਼ਬਦ ਹੀ ਪੰਜਾਬੀ ਜਵਾਨਾਂ ਲਈ ਬਣਿਆ ਹੈ। ਹਰ ਪੰਜਾਬੀ ਗਾਇਕ ਨੇ ਗਭਰੂ ਦੀ ਸਲਾਹੁਤਾ ਕਰਦੇ ਗੀਤ ਗਏ ਹਨ। ਵਾਰਿਸ ਦੇ ਕਿੱਸੇ ਵਿਚ ਇਹ ਸ਼ਬਦ ਬਹੁਤ ਵਾਰੀ ਆਇਆ ਹੈ। ਗਭਰੂਆਂ ਦੇ ਲੱਛਣ ਦਰਸਾਉਂਦੀਆਂ ਕੁਝ ਕਾਵਿਕ ਝਲਕੀਆਂ ਪੇਸ਼ ਹਨ:
ਦਿਲ ਔਰਤਾਂ ਲੈਣ ਪਿਆਰ ਕਰਕੇ, ਇਹ ਗਭਰੂ ਮਿਰਗ ਹਨ ਸਰਾਂ ਦੇ ਨੀ।

ਤਦੋਂ ਰੰਨ ਬਦਖੂ ਨੂੰ ਅਕਲ ਆਵੇ, ਜਦੋਂ ਲੱਤ ਵੱਜਸ ਵਿਚ ਫਰਾਂ ਦੇ ਨੀ।
ਚੂਚਕ ਸਿਆਲ ਰਾਂਝਿਆਂ ਨੂੰ ਸ਼ਿਕਾਇਤ ਕਰਦਾ ਹੈ,
ਅਸਾਂ ਜੱਟ ਹੈ ਜਾਣ ਕੇ ਚਾਕ ਲਾਇਆ, ਦੇਈਏ ਤਰਾਹ ਜੇ ਜਾਣੀਏ ਗੁੰਡੜਾ ਜੇ।
ਇਹ ਗੱਭਰੂ ਘਰੋਂ ਕਿਉਂ ਕਢਿਆ ਜੇ, ਲੰਙਾ ਨਹੀਂ ਕੰਮਚੋਰ ਨਾ ਟੁੰਡੜਾ ਜੇ।
ਗਭਰੂਆਂ ਦੀ ਜਨੇਤ ਕਿਵੇਂ ਢੁਕਦੀ ਹੈ,
ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ, ਚੜ੍ਹੇ ਗਭਰੂ ਡੰਕ ਵਜਾਇ ਕੇ ਜੀ।
ਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ, ਦਾਰੂ ਪੀ ਕੇ ਧਰਗ ਵਜਾਇਕੇ ਜੀ।
ਵੀਹਵੀਂ ਸਦੀ ਦੇ ਧਨੀ ਰਾਮ ਚਾਤ੍ਰਿਕ ਵੀ ਗਭਰੂ ਨੂੰ ਖੂਬ ਵਡਿਆਉਂਦੇ ਹਨ,
ਸੌਚੀਂ ਖੇਡਦੇ ਗਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾ ਲਾਉਂਦੇ ਨੇ।
ਲੋਕੀਂ ਖੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ।
ਤੀਜੇ ਮਹਲ ਅਮਰ ਦਾਸ ਨੇ ਗਭਰੂ ਸ਼ਬਦ ਵਰਤਿਆ ਹੈ, ‘ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ’। ਗੁਰੂ ਜੀ ਵਲੋਂ ਬ੍ਰਿਧ ਦੇ ਟਾਕਰੇ `ਤੇ ਗਭਰੂ ਸ਼ਬਦ ਵਰਤਣ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਗਭਰੂ ਸ਼ਬਦ ਜਵਾਨ ਦਾ ਹੀ ਅਰਥਾਵਾਂ ਹੈ। ਸ਼ਾਇਦ ਗਭਰੂ ਗ੍ਰਾਮੀਣ ਜਟਕਾ ਜਿਹਾ ਸ਼ਬਦ ਹੈ, ਜੋ ਪਿੰਡ ਦੇ ਖਾਂਦੇ-ਪੀਂਦੇ, ਰਿਸ਼ਟ- ਪੁਸ਼ਟ ਜਵਾਨਾਂ ਲਈ ਵਰਤਣਾ ਹੀ ਉਚਿਤ ਹੈ। ਇਹ ਸੱਚ ਹੈ ਕਿ ਠੇਠ ਪੰਜਾਬੀ ਦੇ ਸ਼ਬਦ ਪੰਜਾਬ ਦੇ ਪਿੰਡਾਂ ਵਿਚ ਹੀ ਬੋਲੇ ਜਾਂਦੇ ਹਨ, ਸਹੀ ਅਰਥਾਂ ਵਿਚ ਪੰਜਾਬੀ ਅਜੇ ਤੱਕ ਵੀ ਏਥੋਂ ਦੇ ਸ਼ਹਿਰੀਆਂ ਨੇ ਅਪਣਾਈ ਹੀ ਨਹੀਂ। ਆਮ ਤੌਰ `ਤੇ ਲੋਕਾਂ ਵਲੋਂ ਪੰਜਾਬੀ ਭਾਸ਼ਾ ਦੀ ਵਿਆਪਕ ਸਵੀਕਾਰਤਾ ਦੇ ਬਥੇਰੇ ਮਸਲੇ ਹਨ ਪਰ ਆਪਾਂ ਗਭਰੂ ਦੇ ਮਸਲੇ ਨੂੰ ਹੀ ਹੱਥ ਪਾਈਏ।
ਪਹਿਲਾਂ ਪੰਜਾਬੀਆਂ ਦਾ ਇਹ ਭੁਲੇਖਾ ਦੂਰ ਕਰ ਦੇਈਏ ਕਿ ਇਸ ਸ਼ਬਦ ‘ਤੇ ਸਿਰਫ ਉਨ੍ਹਾਂ ਦਾ ਏਕਾਧਿਕਾਰ ਹੈ। ਸੱਚੀ ਗੱਲ ਤਾਂ ਇਹ ਹੈ ਕਿ ਉਤਰੀ ਭਾਰਤ ਦੇ ਧੁਰ ਪੂਰਬ ਤੋਂ ਲੈ ਕੇ ਧੁਰ ਪੱਛਮ ਤੱਕ ਸਾਰੀਆਂ ਆਰਿਆਈ ਭਾਸ਼ਾਵਾਂ ਵਿਚ ਇਹ ਸ਼ਬਦ ਥੋੜ੍ਹੇ ਬਹੁਤੇ ਰੂਪ ਅਤੇ ਅਰਥ ਦੇ ਫਰਕ ਨਾਲ ਵਿਦਮਾਨ ਹੈ। ਮੁਨੀਰ ਸ਼ਿਕੋਹਾਬਾਦੀ ਦਾ ਉਰਦੂ ਸ਼ਿਅਰ ਹੈ,
ਸਿਲਸਿਲਾ ਗਬਰੂ ਮੁਸਲਮਾਂ ਕੀ ਅਦਾਵਤ ਕਾ ਮਿਟਾ
ਐ ਪਰੀ ਬੇ-ਪਰਦਾ ਹੋ ਕਰ ਸੁਬਹਾ-ਏ-ਜੁੱਨਾਰ ਤੋੜ।
ਲਿਲੀ ਟਰਨਰ ਦੇ ਕੋਸ਼ ਤੋਂ ਹੋਰ ਭਾLਸ਼ਾਵਾਂ ਵਿਚ ਇਸ ਸ਼ਬਦ ਦੀ ਇਸ ਪ੍ਰਕਾਰ ਟੋਹ ਮਿਲਦੀ ਹੈ:
ਕਸ਼ਮੀਰੀ ਗੋਬੁਰ = ਮੁੰਡਾ, ਸਿੰਧੀ ਗਭਿਰੂ= ਨੌਜਵਾਨ, ਗਭੂਰੂ= ਪੰਜ ਛੇ ਸਾਲ ਦਾ ਮੁੰਡਾ, ਲਹਿੰਦਾ ਗਭਰੂ = ਸਰਬਾਲਾ, ਲਹਿੰਦਾ ਗਭਰੂ = ਪਤੀ, ਪੱਛਮੀ ਪਹਾੜੀ ਪਾਦ ਗੋਭਰ =ਪੁੱਤਰ, ਨੈਪਾਲੀ ਗਬੜੁ 10 ਤੋਂ ਸੋਲਾਂ ਸਾਲ ਦਾ ਮੁੰਡਾ, ਕਿਸ਼ੋਰ, ਅਸਾਮੀ ਗਾਭਰੂ = ਬਾਲਗ, ਬਾਲਗ ਕੁੜੀ, ਮੁਟਿਆਰ, ਗਭੁਰਾ =ਮੁੰਡਾ, ਬੰਗਾਲੀ ਗਾਬੁਰ = ਨੌਜਵਾਨ, ਬਿਹਾਰੀ ਗਭਰੂ = ਲਾੜਾ, ਭੋਜਪੁਰੀ ਗਭਰੂ = ਜਵਾਨ, ਹਿੰਦੀ ਗਬਰੂ = ਬਚਗਾਨਾ, ਲਾੜਾ।
ਉਪਰੋਕਤ ਸੂਚੀ ਤੋਂ ਪ੍ਰਤੱਖ ਹੈ ਕਿ ਗਭਰੂ ਜਿਹੇ ਸ਼ਬਦ ਵਿਚ ਪੰਜ-ਛੇ ਸਾਲ ਦੇ ਬੱਚੇ ਤੋਂ ਲੈ ਕੇ ਬਾਲਗ ਅਵਸਥਾ ਤੱਕ ਦੇ ਭਾਵੇ ਮਿਲਦੇ ਹਨ। ਇਸ ਤੋਂ ਪੰਜਾਬੀਆਂ ਵਲੋਂ ਗਭਰੂ ਸ਼ਬਦ ਦੇ ਝੂਠੇ ਮਾਣ ਦਾ ਪਰਦਾ ਵੀ ਫਾਸ਼ ਹੋ ਜਾਂਦਾ ਹੈ। ਸਪੱਸ਼ਟਤਾ ਲਈ ਗਭਰੂ ਦੇ ਨਿਰੁਕਤਕ ਅਰਥਾਂ ਬਾਰੇ ਜਾਨਣਾ ਜ਼ਰੂਰੀ ਹੈ। ਇਸ ਦੀ ਉਤਪਤੀ ਬਾਰੇ ਇੱਕ ਆਮ ਧਾਰਨਾ ਹੈ ਕਿ ਇਹ ‘ਗਰਭਕਰੂ’ ਦਾ ਸੰਕੁਚਤ ਰੂਪ ਹੈ ਜਿਸ ਦਾ ਮਤਲਬ ਹੋਇਆ ਉਹ ਨਰ ਜੋ ਗਰਭ ਕਰਨ (ਫੂਹੜ ਜਿਹੀ ਭਾਸ਼ਾ ਵਿਚ ਢਿਡ ਕਰਨ) ਦੀ ਉਮਰ ਦਾ ਹੋ ਗਿਆ ਹੋਵੇ। ਅਸੀਂ ਇਸ ਨੂੰ ਹਾਸੋ-ਹੀਣੀ ਵਿਆਖਿਆ ਨਹੀਂ ਕਹਿ ਸਕਦੇ ਕਿਉਂਕਿ ਲੌਕਿਕ ਪੱਧਰ `ਤੇ ਹਰ ਸ਼ਬਦ ਦੀ ਸਤਹੀ ਵਿਆਖਿਆ ਹੀ ਹੋਇਆ ਕਰਦੀ ਹੈ। ਨਾਲੇ ਜਿਵੇਂ ਅੱਗੇ ਜਾ ਕੇ ਦੇਖਾਂਗੇ, ਇਸ ਵਿਚ ਵੀ ਅਰਧ ਸਚਾਈ ਹੈ। ‘ਮਹਾਨ ਕੋਸ਼’ ਅਨੁਸਾਰ ਗਭਰੂ, “ਗਰਵ ਹੈ ਜਿਸ ਨੂੰ ਰੂਪ ਦਾ, ਜੁਆਨ. ਤਰੁਣ ‘ਕਿਆ ਗਭਰੂ ਕਿਆ ਬਿਰਧ ਹੈ?’ (ਮ3 ਵਾਰ ਸੋਰ)”। ਐਨ ਏਹੀ ਵਿਆਖਿਆ ਐਸ. ਜੀ. ਜੀ. ਐਸ. ਦੇ ਗੁਰਮੁਖੀ/ਹਿੰਦੀ ਪੰਜਾਬੀ ਤੋਂ ਪੰਜਾਬੀ ਅੰਗ੍ਰੇਜ਼ੀ/ਹਿੰਦੀ ਕੋਸ਼ ਨੇ ਕੀਤੀ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਕੋਸ਼ਾਂ ਨੇ ਗਭਰੂ ਸ਼ਬਦ ਨੂੰ ਮਾਣ ਫਖਰ ਦੇ ਅਰਥਾਂ ਵਾਲੇ ‘ਗਰਵ’ ਸ਼ਬਦ, ਜਿਸ ਦਾ ਪੰਜਾਬੀ ਰੂਪ ਗਰਬ ਵੀ ਹੈ, ਨਾਲ ਜੋੜਿਆ ਹੈ। ਇਸ ਹਿਸਾਬ ਨਾਲ ਗਰਵ ਤੋਂ ਗਭਰੂ ਬਣਨ ਲੱਗਿਆਂ ਦੋ ਤਬਦੀਲੀਆਂ ਆਈਆਂ ਹੋਣਗੀਆਂ। ਵਰਣ-ਵਿਪਰੈ ਹੋਇਆ ਹੈ ਅਰਥਾਤ ਵ ਤੇ ਰ ਧੁਨੀਆਂ ਨੇ ਆਪਸ ਵਿਚ ਥਾਂ ਬਦਲੀ ਕੀਤੀ ਹੈ। 2. ਵ ਧੁਨੀ ਭ ਵਿਚ ਬਦਲੀ ਹੈ। ਕੋਸ਼ਕਾਰਾਂ ਨੇ ਲੱਖਣ ਲਾਇਆ ਪ੍ਰਤੀਤ ਹੁੰਦਾ ਹੈ ਕਿ ‘ਗਭਰੂ’ ਸ਼ਬਦ ‘ਗਰਵੂ’ ਤੋਂ ਬਣਿਆ ਹੋਵੇਗਾ। ਪਰ ਗਰਵੂ ਤਾਂ ਕੋਈ ਸ਼ਬਦ ਨਹੀਂ ਹੈ।
ਇੱਕ ਹੋਰ ਨਮੂਨਾ ਹਿੰਦੀ ਤੇ ਉਰਦੂ ਕੋਸ਼ਕਾਰਾਂ ਵਲੋਂ ਸਾਹਮਣੇ ਆਉਂਦਾ ਹੈ। ਹਿੰਦੀ ਦੇ ਸਭ ਤੋਂ ਪੁਰਾਣੇ ਤੇ ਵੱਡੇ ਕੋਸ਼ ‘ਸ਼ਬਦ ਸਾਗਰ’ ਨੇ ਫਾਰਸੀ ਵੱਲ ਇਸ਼ਾਰਾ ਕੀਤਾ ਹੈ। ਉਸ ਅਨੁਸਾਰ ਗਬਰੂ/ਗਭਰੂ ਫਾਰਸੀ ‘ਖੂਬਰੂ’ ਤੋਂ ਵਿਗੜਿਆ ਹੈ। ਉਹ ਦਿੱਲੀ ਦੇ 18ਵੀਂ ਸਦੀ ਦੇ ਕਵੀ ਘਨਾਨੰਦ ਦੀ ਇੱਕ ਤੁਕ ਪੇਸ਼ ਕਰਦੇ ਹਨ, ‘ਅਸਾਨੂੰ ਚੇਟਕ ਲਾਇ ਗਿਆ, ਕੀ ਕਰਾਂ ਕੁਛ ਹੋਰ ਨਾ ਸੁਝਦਾ; ਸਾਂਵਲਾ ਸੋਹਨ ਮੋਹਤ, ਇਤ ਵੱਲ ਆਇ ਗਿਆ’। ਏਥੇ ਕੋਸ਼ ਅਨੁਸਾਰ ਸ਼ਬਦ ਦੇ ਮੁੱਖ ਭਾਵ (ਕ੍ਰਿਸ਼ਨ) ਦੇ ਸੁਹਣਾ ਹੋਣ ਵੱਲ ਹੀ ਸੰਕੇਤ ਹੈ। ਗਭਰੂ ਦੀ ਅਜਿਹੀ ਵਿਆਖਿਆ ਵੱਲ ਕੁਝ ਇੱਕ ਕੋਸ਼ਕਾਰਾਂ ਅਤੇ ਭਾਸ਼ਾ-ਵਿਗਿਆਨੀਆਂ ਨੇ ਸੁਵੱਲੀ ਨLਜ਼ਰ ਰੱਖੀ ਹੈ। ਫਾਰਸੀ ਵਿਚ ਖੂਬਰੂ ਸ਼ਬਦ ਹੈ ਜੋ ਖੂਬ + ਰੂ ਤੋਂ ਬਣਿਆ ਹੈ। ਇਸ ਤੋਂ ਬਣੇ ਭਾਵਵਾਚਕ ਨਾਂਵ ‘ਖੁਬਰੂਈ’ ਦਾ ਅਰਥ ਹੈ ਸੁੰਦਰਤਾ, ਖੂਬਸੂਰਤੀ। ਇਸ ਦੇ ਸ਼ਾਬਦਿਕ ਅਰਥ ਬਣਦੇ ਹਨ, ਸੁੰਦਰ ਹੈ ਜਿਸ ਦਾ ਮੂੰਹ। ‘ਖੂਬ’ ਸੰਸਕ੍ਰਿਤ ਵਲੋਂ ‘ਸ਼ੁਭ’ ਦਾ ਸਜਾਤੀ ਹੈ ਅਤੇ ‘ਰੂ’ ਸੰਸਕ੍ਰਿਤ ਵਲੋਂ ‘ਰੂਪ’ ਦਾ। ਹੋਰ ਮਿਸਾਲ ਦੇਖੋ, ‘ਰੂ-ਬ-ਰੂ’ = ਇੱਕ ਦੂਜੇ ਵੱਲ ਮੂੰਹ ਕਰ ਕੇ, ਆਹਮਣੇ-ਸਾਹਮਣੇ। ਪਰ ਫਾਰਸੀ ਵਲੋਂ ਆਏ ਹੋਣ ਦੀ ਇਹ ਵਿਆਖਿਆ ਦਰੁਸਤ ਨਹੀਂ। ਪ੍ਰਾਚੀਨ ਵਿਚ ਫਾਰਸੀ ਦੀ ਖ ਧੁਨੀ ਹਿੰਦ-ਆਰਿਆਈ ਭਾਸ਼ਾਵਾਂ ਵਿਚ ਸ ਵਿਚ ਬਦਲਦੀ ਹੈ ਜਿਵੇਂ ਫਾਰਸੀ ਖੁਰਸ਼ੀਦ = ਸੰਸਕ੍ਰਿਤ ਸੂਰਯ; ਫਾਰਸੀ ਖੁਦ = ਸੰਸਕ੍ਰਿਤ ਸਵਤ। ਦੂਜੇ ਪਾਸੇ ਜੇ ਇਹ ਸ਼ਬਦ ਹਾਲੀਆ ਵਿਚ ਹੀ ਏਧਰਲੀਆਂ ਭਾਸ਼ਾਵਾਂ ਵਿਚ ਆਇਆ ਹੁੰਦਾ ਤਾਂ ਇਸ ਦਾ ਰੂਪ ਖੂਬਰੂ ਹੀ ਰਹਿਣਾ ਸੀ। ਧਿਆਨ ਦਿਓ, ਏਧਰ ਖੂਬ ਸ਼ਬਦ ਖੂਬ ਹੀ ਰਹਿੰਦਾ ਹੈ ਤਾਂ ਖੂਬਰੂ ਨੂੰ ਗਭਰੂ ਬਣਨ ਦੀ ਕੀ ਲੋੜ ਪਈ ਸੀ? ਅੰਦਾਜ਼ਾ ਲਾ ਸਕਦੇ ਹਾਂ ਕਿ ਖੂਬਰੂ ਪਹਿਲਾਂ ਗੁਬਰੂ ਬਣਿਆ ਹੋਵੇਗਾ ਫਿਰ ਗਬਰੂ/ਗਭਰੂ ਆਦਿ।
ਇਸ ਸ਼ਬਦ ਦੀ ਸਭ ਤੋਂ ਤਾਰਕਿਕ ਵਿਆਖਿਆ ਇਸ ਨੂੰ ਗਰਭ ਸ਼ਬਦ ਨਾਲ ਜੋੜਨ ਵਿਚ ਹੈ ਪਰ ਜਿਵੇਂ ਅਸੀਂ ਅੱਗੇ ਚੱਲ ਕੇ ਵੇਖਾਂਗੇ, ਇਹ ਸਬੰਧ ਵੀ ਕੋਸ਼ਾਂ ਅਨੁਸਾਰ ਦੋ-ਤਿੰਨ ਤਰ੍ਹਾਂ ਜੋੜਿਆ ਜਾਂਦਾ ਹੈ। ਇਸ ਪ੍ਰਸੰਗ ਵਿਚ ਗਰਭਕਰੂ ਵਾਲੀ ਵਿਆਖਿਆ ਸਚਾਈ ਦੇ ਕੁਝ ਕੁਝ ਨਜ਼ਦੀਕ ਹੈ। ਗਿਆਨੀ ਹਜ਼ਾਰਾ ਸਿੰਘ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਕੋਸ਼’ ਵਿਚ ਇਸ ਸ਼ਬਦ ਨੂੰ ਇਸ ਤਰ੍ਹਾਂ ਨਿਪਟਾਇਆ ਗਿਆ ਹੈ, ‘’ਗਭਰੂ (ਸੰ.। ਪੰਜਾਬੀ ਗਭੇ*, ਗਭਲਾ, ਗਭਰਾ=ਵਿਚਕਾਰਲਾ) ਬਾਲ ਜੁਆਨੀ ਤੇ ਬ੍ਰਿਧਾਪਨ ਤਿੰਨਾਂ ਉਮਰਾਂ ਵਿਚੋਂ ਵਿਚਕਾਰਲੀ ਉਮਰ ਦਾ। ਵਿਚਕਾਰਲੀ ਉਮਰ ਜੁਆਨੀ ਹੈ, ਸੋ ਗਭਰੂ ਜੁਆਨ ਨੂੰ ਆਖਦੇ ਹਨ। ਗਭਰੂ ਦੇ ਰੂਪਾਂਤਰ ਇਤਨੇ ਹਨ- ਗਭਰੂ, ਗਭਰੇਟਾ, ਗਭਰੋਟ, ਗਭਰੋਟਾ, ਗਭਰੋਡ, ਗਭਰੂਟ। ਯਥਾ ‘ਕਿਆ ਗਭਰੂ ਕਿਆ ਬ੍ਰਿਧ ਹੈ”। ਇਸ ਤਰ੍ਹਾਂ ਇਹ ਵਿਆਖਿਆ ਗਭਰੂ ਸ਼ਬਦ ਦੇ ਅਰਥਾਂ ਨੂੰ ਮਨੁੱਖ ਦੀ ਗਭਲੀ ਉਮਰ ਨਾਲ ਜੋੜਦੀ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਵਾਨੀ ਦੀ ਉਮਰ ਵਾਕਈ ਵਿਚਕਾਰਲੀ ਹੁੰਦੀ ਹੈ, ਭਾਰਤ ਦੇ ਆਸ਼ਰਮ ਸਿਧਾਂਤ ਅਨੁਸਾਰ ਤਾਂ ਗ੍ਰਹਿ-ਆਸ਼ਰਮ ਦੀ ਆਯੂ ਵਿਚਕਾਰਲੀ ਆਯੂ ਹੈ।
ਪਰ ਮੇਰੀ ਜਾਚੇ ਇਸ ਸ਼ਬਦ ਦੀ ਸਭ ਤੋਂ ਢੁਕਵੀਂ ਵਿਆਖਿਆ ਪਲੈਟਸ ਦੇ ਹਿੰਦੁਸਤਾਨੀ-ਅੰਗਰੇਜ਼ੀ ਕੋਸ਼ ਵਿਚ ਮਿਲਦੀ ਹੈ। ਇਸ ਅਨੁਸਾਰ ਹਿੰਦੁਸਤਾਨੀ ਗਬਰੂ ਸ਼ਬਦ ਅੰਤਮ ਤੌਰ ‘ਤੇ ਸੰਸਕ੍ਰਿਤ ਗਰਭ+ਰੂਪ ਤੋਂ ਬਣਿਆ ਹੈ ਜਿਸ ਦਾ ਪਰਾਕ੍ਰਿਤ ਰੂਪ ਗਰਭ+ਰੂਵੋ ਹੈ। ਲਿਲੀ ਟਰਨਰ ਦਾ ਹਿੰਦ-ਆਰਿਆਈ ਭਾਸ਼ਾਵਾਂ ਦਾ ਨਿਰੁਕਤ ਕੋਸ਼ ਵੀ ਏਧਰ ਹੀ ਇਸ਼ਾਰਾ ਕਰਦਾ ਹੈ। ਪਰ ਇਸ ਸੰਯੁਕਤ ਸ਼ਬਦ ਦੀ ਘੁੰਡੀ ਕਿਸੇ ਨੇ ਨਹੀਂ ਖੋਲ੍ਹੀ। ਇਸ ਕਾਰਜ ਲਈ ਗਰਭ ਸ਼ਬਦ ਦਾ ਅਰਥ-ਪਸਾਰਾ ਸਮਝਣਾ ਜ਼ਰੂਰੀ ਹੈ। ਸੰਸਕ੍ਰਿਤ ਵਿਚ ਇਸ ਸ਼ਬਦ ਦੇ ਮੁੱਖ ਅਰਥ ਇਸ ਪ੍ਰਕਾਰ ਹਨ 1 ਕੁੱਖ, ਪੇਟ, ਢਿਡ, 2 ਭਰੂਣ, ਪੇਟ ਵਿਚਲਾ ਬੱਚਾ, ਗਰਭ ਅਵਸਥਾ, ੳਮੈਦਵਾਰੀ, ਹਮਲ 3. ਪੰਛੀਆਂ ਦਾ ਬੱਚਾ, ਬੋਟ 4. ਕਿਸੇ ਚੀਜ਼ ਦਾ ਅੰਦਰਲਾ ਭਾਗ, ਗੱਭਾ 5. ਅੰਦਰਲੇ ਕਮਰੇ। ਆਪਟੇ ਦੇ ਸੰਸਕ੍ਰਿਤ ਸ਼ਬਦ ਕੋਸ਼ ਵਿਚ ‘ਗਰਭਰੂਪ’ ਸ਼ਬਦ ਦਾ ਅਰਥਾਪਣ ਇਸ ਤਰ੍ਹਾਂ ਕੀਤਾ ਗਿਆ ਹੈ, ‘ਬਚਗਾਨਾ, ਜਵਾਕੜਾ, ਜਵਾਨਾਂ ਜਿਹਾ’। ਕੋਸ਼ ਵਿਚਲੇ ਸੰਸਕ੍ਰਿਤ ਭਾਸ਼ਾ ਵਿਚ ਦਿੱਤੇ ਅਰਥ ਦਾ ਪੰਜਾਬੀ ਉਲੱਥਾ ਇਸ ਪ੍ਰਕਾਰ ਹੈ, ‘ਜਿਸ ਦਾ ਲਾਵਣਯ ਗਰਭ ਤੋਂ ਬਾਹਰ ਆਈ ਦੇਹ ਜਿਹਾ ਸੁਕੋਮਲ ਪ੍ਰਤੀਤ ਹੋਵੇ ਅਜਿਹੇ ਤਰੁਣ ਕਿਸ਼ੋਰੀ ਨਵ ਯੁਵਕ ਨੂੰ ਗਬਰੂ ਕਿਹਾ ਗਿਆ ਹੈ।” ‘ਬਚਗਾਨਾ’ ਤੇ ‘ਜਵਾਨਾਂ ਜਿਹਾ’ ਅਰਥਾਂ ਵਿਚ ਆਯੂ ਦੇ ਹਿਸਾਬ ਨਾਲ ਵਿਰੋਧਤਾਈ ਦਿਸਦੀ ਹੈ। ਅਸਲ ਵਿਚ ਨਿਰੁਕਤਕ ਤੌਰ ‘ਤੇ ਗਭਰੂ ਉਹ ਨਹੀਂ ਜੋ ਬਚਪਨ ਅਤੇ ਬੁਢਾਪੇ ਦੇ ਵਿਚਕਾਰਲੇ ਦੌਰ ਵਿਚ ਜੀਅ ਰਿਹਾ ਹੈ ਬਲਕਿ ਉਹ ਹੈ ਜੋ ਦਿੱਖ ਵਜੋਂ ਗਰਭ ਅਰਥਾਤ ਭਰੂਣ ਜੈਸਾ ਹੈ। ਪੈਦਾ ਹੁੰਦਾ ਬੱਚਾ ਸਲੋਨਾ, ਲਵਾ, ਮੁਲਾਇਮ, ਨਾਜ਼ੁਕ ਜਿਹਾ ਹੁੰਦਾ ਹੈ ਅਤੇ ਜਵਾਨੀ ਵਿਚ ਵੀ ਲੜਕਿਆਂ ਦੀ ਅਜਿਹੀ ਹੀ ਆਭਾ ਹੁੰਦੀ ਹੈ। ਇਹ ਗੱਲ ਵੱਖਰੀ ਹੈ ਕਿ ਪੰਜਾਬੀਆਂ ਦੇ ਸਰੀਰਕ ਬਲ ‘ਤੇ ਜ਼ੋਰ ਦੇਣ ਵਾਲੇ ਸੁਭਾਅ ਅਨੁਸਾਰ ਇਸ ਸ਼ਬਦ ਵਿਚ ਅਜਿਹੇ ਪਸਾਰ ਆਏ ਹਨ।
ਗਰਭ ਸ਼ਬਦ ਵਿਚੋਂ ਰ ਧੁਨੀ ਅਲੋਪ ਹੋਣ ਨਾਲ ‘ਗੱਭ’ ਸ਼ਬਦ ਬਣਦਾ ਹੈ ਜਿਸ ਵਿਚ ਵੀ ਦੋਨੋਂ ਮੁਖ ਅਰਥ ਗਰਭ ਅਵਸਥਾ, ਹਮਲ ਅਤੇ ਵਿਚਕਾਰ, ਅੰਦਰ ਦੇ ਭਾਵ ਕਾਇਮ ਰਹਿੰਦੇ ਹਨ। ਪਰ ਗਰਭ ਕਰਨ ਵਾਲੇ ਸ਼ਬਦ ‘ਗੱਭਣ, ਗੱਭਣ ਕਰਨ’ ਆਮ ਤੌਰ `ਤੇ ਪਸ਼ੂਆਂ ਦੇ ਪ੍ਰਸੰਗ ਵਿਚ ਵਰਤੇ ਜਾਂਦੇ ਹਨ, ਇਸਤਰੀਆਂ ਲਈ ਇਹ ਸ਼ਬਦ ‘ਢਿਡ ਕਰਨਾ’ ਦੀ ਤਰ੍ਹਾਂ ਅਪਮਾਨਜਨਕ ਸਮਝੇ ਜਾਂਦੇ ਹਨ। ‘ਗੱਭ’ ਦਾ ਦੂਜਾ ਅਰਥ ਵਿਚਕਾਰ, ਮੱਧ ਹੈ ਜੋ ਪੰਜਾਬੀ ਵਿਚ ਆਮ ਵਰਤਿਆ ਜਾਂਦਾ ਹੈ, ਖਾਸ ਤੌਰ `ਤੇ ਇਸ ਦਾ ਵਿਸ਼ੇਸ਼ਣ ਰੂਪ ਗੱਭਾ, ਗਭਲਾ। ਗਰਭ ਜਾਂ ਗੱਭ ਸ਼ਬਦ ਵਿਚ ਵਿਚਕਾਰ ਜਾਂ ਅੰਦਰਲਾ ਦਾ ਭਾਵ ਇਸ ਕਰਕੇ ਆਇਆ ਕਿਉਂਕਿ ਇਹ ਅੰਗ ਸਰੀਰ ਦੇ ਅੰਦਰ ਜਾਂ ਵਿਚਕਾਰ ਸਥਿਤ ਹੁੰਦਾ ਹੈ।
ਪਾਲੀ ਭਾਸ਼ਾ ਦੇ ਕੋਸ਼ ਤੇ ਕੁਝ ਹੋਰ ਸਰੋਤਾਂ ਤੋਂ ਮੈਨੂੰ ਗਰਭ ਸ਼ਬਦ ਦੇ ਭਾਰੋਪੀ ਹੋਣ ਦੀ ਟੋਹ ਵੀ ਮਿਲੀ ਹੈ ਜਿਸ ਦਾ ਭਾਰੋਪੀ ਮੂਲ *gelb(h) ਜਿਹਾ ਹੈ। ਇਸ ਦੇ ਹੋਰ ਭਾਸ਼ਾਵਾਂ ਵਿਚ ਸਜਾਤੀ ਸ਼ਬਦ ਦੱਸੇ ਜਾਂਦੇ ਹਨ ਜਿਵੇਂ ਲਾਤੀਨੀ ਗਲਬ, ਪੁਰਾਣੀ ਜਰਮੈਨਿਕ ਕਲਬਮ, ਗੌਥਿਕ, ਕਲਬੋ, ਜਰਮਨ ਕਲਬ ਅਤੇ ਅੰਤ ਵਿਚ ਬਛੜੇ ਦੇ ਅਰਥਾਂ ਵਾਲਾ ਜਾਣਿਆ ਪਛਾਣਿਆ ਅੰਗ੍ਰੇਜ਼ੀ ਸ਼ਬਦ ਕਾਫ਼ (calf)। ਇਨ੍ਹਾਂ ਸਾਰੇ ਸ਼ਬਦਾਂ ਵਿਚ ਗਰਭ, ਕੁੱਖ, ਭਰੂਣ, ਜਾਨਵਰ ਦਾ ਬੱਚਾ, ਬੋਟ ਆਦਿ ਦੇ ਭਾਵ ਹਨ। ਪਰ ਸਾਡੇ ਗਰਭ ਸ਼ਬਦ ਨੂੰ ਹੋਰ ਭਾਸ਼ਾਵਾਂ ਦੇ ਇਨ੍ਹਾਂ ਸ਼ਬਦਾਂ ਦੇ ਸਜਾਤੀ ਠਹਿਰਾਉਣ ਵਿਚ ਕੁਝ ਧੁਨੀ ਸਬੰਧੀ ਦਿੱਕਤਾਂ ਹਨ ਜਿਸ ਕਰਕੇ ਇਸ ਪਾਸੇ ਅਜੇ ਹੋਰ ਖੋਜ ਦੀ ਲੋੜ ਹੈ।