ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਓਹਲੇ ਚੱਲ ਰਿਹਾ ਰਾਜਨੀਤਕ ਖੇਲ!

ਹਜਾਰਾ ਸਿੰਘ ਮਿਸੀਸਾਗਾ
ਫੋਨ: (647)685-5997
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰLੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੂੰ ਲੈ ਕੇ ਸਥਿਤੀ ਕਾਫੀ ਵਾਦ-ਵਿਵਾਦ ਵਾਲੀ ਬਣੀ ਹੋਈ ਹੈ। ਹਜ਼ਾਰਾ ਸਿੰਘ ਮਿਸੀਸਾਗਾ ਨੇ ਇਸ ਸਾਰੇ ਘਟਨਾਕ੍ਰਮ ਦਾ ਲੇਖਾ-ਜੋਖਾ ਆਪਣੇ ਇਸ ਲੇਖ ਵਿਚ ਕੀਤਾ ਹੈ। ‘ਪੰਜਾਬ ਟਾਈਮਜ਼’ ਦਾ ਇਸ ਵਿਚ ਦਰਜ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਅਗਲੇ ਦਿਨਾਂ ਦੌਰਾਨ ਇਸ ਵਿਸ਼ੇ `ਤੇ ਆਉਣ ਵਾਲੇ ਹੋਰਨਾਂ ਵਿਚਾਰਾਂ ਨੂੰ ਵੀ ਢੁਕਵੀਂ ਥਾਂ ਦਿੱਤੀ ਜਾਵੇਗੀ। -ਸੰਪਾਦਕ

ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਘਟਨਾਕ੍ਰਮ ਨਿਰੋਲ ਸਿਆਸੀ ਹੈ। ਇਹ ਖੇਲ ਦੁਨੀਆਂ ਭਰ ਵਿਚ ਫੈਲੀਆਂ ਸਿੱਖ ਸੰਗਤਾਂ ਅੰਦਰ ਗੁਰੂ ਸਾਹਿਬਾਨ ਪ੍ਰਤੀ ਅਥਾਹ ਅਤੇ ਅਸੀਮ ਸ਼ਰਧਾ ਨੂੰ ਵਰਤਦਿਆਂ ਸ੍ਰੀ ਅਕਾਲ ਤਖਤ ਦੀ ਸਰਵਉੱਚਤਾ ਓਹਲੇ ਖੇਲਿ੍ਹਆ ਜਾ ਰਿਹਾ ਹੋਣ ਕਾਰਨ ਧਾਰਮਿਕ ਮਾਮਲਾ ਹੋਣ ਦਾ ਭੁਲੇਖਾ ਪਾਉਂਦਾ ਹੈ, ਪਰ ਅਸਲ ਵਿਚ ਇਹ ਸਿਆਸੀ ‘ਰੀਵਾਈਵਲ’ ਅਤੇ ‘ਸਰਵਾਈਵਲ’ ਦੇ ਘੋਲ ਦੇ ਲੰਮੇ ਸਮੇ ਤੋਂ ਚਲਦੇ ਆ ਰਹੇ ਤਿਕੜਮਬਾਜ਼ ਸਿਲਸਿਲੇ ਦੀ ਗਾਥਾ ਦਾ ਹੀ ਅਗ਼ਲਾ ਕਾਂਡ ਹੈ। ਆਪਣੇ ਸਿਆਸੀ ਵਿਰੋਧੀਆਂ ਦਾ ਸਿਰ ਕੱਪਣ ਲਈ ਅਕਾਲ ਤਖਤ ਨੂੰ ਹਥਿਆਰ ਵਜੋਂ ਵਰਤਣ ਦੀ ਕੁਰੀਤੀ ਕਾਫੀ ਪੁਰਾਣੀ ਹੈ। 1984 ਤੋਂ ਬਾਅਦ ਖਾੜਕੂ ਸਿਆਸਤ ਨੇ ਰਵਾਇਤੀ ਅਕਾਲੀਆਂ ਦੀ ਥਾਂ ਲੈਣ ਲਈ ਅਕਾਲ ਤਖਤ ਦੀ ਬੇਦਰੇਗ ਵਰਤੋਂ ਕੀਤੀ। ਅਕਾਲੀ ਰਾਜਨੀਤੀ ਅੰਦਰ ਬਰਨਾਲੇ ਨੂੰ ਬੱਦੂ ਕਰਨ ਲਈ ਅਕਾਲ ਤਖਤ ਨੂੰ ਵਰਤਿਆ ਗਿਆ। ਫਿਰ ਬਾਦਲ ਵਿਰੋਧੀ ਧੜਿਆਂ ਨੇ ਬਾਦਲ ਨੂੰ ਸਿੱਖ ਸਿਆਸਤ ਵਿਚੋਂ ਭਜਾਉਣ ਲਈ ਅਕਾਲ ਤਖਤ ਨੂੰ ਵਰਤਿਆ। ਬਾਦਲ ਸਰਵਾਈਵ ਕਰ ਗਿਆ। ਹਾਲਾਤ ਬਦਲੇ, ਅਕਾਲ ਤਖਤ ਨੂੰ ਸਰਵਉੱਚ ਕਹਿ ਕੇ ਪ੍ਰਚਾਰਿਆ ਗਿਆ ਕੁਤਕਾ ਬਾਦਲ ਹੱਥ ਆ ਗਿਆ। ਉਸਨੇ ਫਿਰ ਉਸੇ ਹਥਿਆਰ ਨਾਲ ਹੀ ਬਾਕੀ ਦੇ ਧੜੇ, ਜੋ ਅਕਾਲ ਤਖਤ ਸਰਵਉੱਚ, ਅਕਾਲ ਤਖਤ ਸਰਵਉੱਚ ਕੂਕਦੇ ਹੁੰਦੇ ਸਨ, ਸਭ ਨਿੱਸਲ ਕਰ ਦਿੱਤੇ। ਕੋਈ ਕੁਸਕੁਣ ਜੋਗਾ ਨਾ ਛੱਡਿਆ। ਬਾਦਲ ‘ਤੇ ਅਕਾਲ ਤਖਤ ਦੀ ਦੁਰਵਰਤੋਂ ਦੇ ਦੋਸ਼ ਲੱਗੇ। ਅਕਾਲ ਤਖਤ ਨੂੰ ਗੈਰ ਸਿਧਾਂਤਕ ਤੌਰ ‘ਤੇ ਸਰਵਉੱਚ ਕਹਿ ਕੇ, ਜਥੇਦਾਰ ਨੂੰ ਸਰਵਉੱਚ ਕਹਿਣ ਦੀ ਪਿਰਤ ਬਾਰੇ ਵਿਦਵਾਨਾਂ ਨੇ ਮਹਿਸੂਸ ਤਾਂ ਜ਼ਰੂਰ ਕੀਤਾ ਕਿ ਕੁੱਝ ਗਲਤ ਹੋ ਰਿਹਾ ਹੈ, ਪਰ ਇਸ ਆਪ ਸਹੇੜੀ ਮੁਸੀਬਤ ਦਾ ਮੁਨਾਸਿਬ ਹੱਲ ਲੱਭਣ ਲਈ ਬਹੁਤਾ ਕੁੱਝ ਨਾ ਕਰ ਸਕੇ। ਅਸਲ ਵਿਚ ਬਹੁਤੇ ਸ੍ਰੀ ਅਕਾਲ ਤਖਤ ਨੂੰ ਹਥਿਆ ਕੇ ਵਿਰੋਧੀਆਂ ਦੀਆਂ ਰੜਕਾਂ ਕੱਢਣ ਬਾਰੇ ਹੀ ਸੋਚਦੇ ਰਹੇ।
ਜਦ ਬਾਦਲਾਂ ਦੀ ਤਾਕਤ ਦਾ ਸਿਤਾਰਾ ਸਿਖਰ ‘ਤੇ ਸੀ ਤਾਂ ਜਥੇਦਾਰਾਂ ਨੇ ਵੱਖਰੀਆਂ ਸੁਰਾਂ ਕੱਢਣ ਵਾਲਿਆਂ ਨੂੰ ਥੋਕ ਵਿਚ ਛੇਕਿਆ। ਦਮਦਮੀ ਟਕਸਾਲ ਦਾ ਬਾਦਲਾਂ ਨਾਲ ਗੱਠਜੋੜ ਹੋਣ ਕਾਰਨ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ, ਕੈਲੰਡਰ ਦੀ ਹਮਾਇਤ ਕਰਨ ਵਾਲੇ, ਦਮਦਮੀ ਟਕਸਾਲ ਦੀਆਂ ਧਾਰਨਾਵਾਂ ਤੋਂ ਵੱਖਰੀ ਧਾਰਨਾ ਰੱਖਣ ਵਾਲੇ ਅਤੇ ਬਾਦਲ ਦਲ ਦੀ ਸਿਆਸੀ ਨੁਕਤਾਚੀਨੀ ਕਰਨ ਵਾਲਿਆਂ ਦੇ ਸਿਰਾਂ ‘ਤੇ ਜਥੇਦਾਰਾਂ ਦੀ ‘ਸਰਵਉੱਚਤਾ’ ਦਾ ਕਾਲ ਕੂਕਿਆ। ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਰਾਗੀ, ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਸਪੋਸਕਮੈਨ ਦੇ ਜੋਗਿੰਦਰ ਸਿੰਘ, ਇਤਹਾਸਕਾਰ ਦਿਲਗੀਰ ਆਦਿ ਪੰਥ ਵਿਚੋਂ ਛੇਕ ਦਿੱਤੇ ਗਏ। ਢੱਡਰੀਆਂ ਵਾਲੇ ਦੇ ਦੀਵਾਨ ਬੰਦ ਕਰਵਾ ਦਿੱਤੇ ਗਏ, ਗੁਰਤੇਜ ਸਿੰਘ ਦੀ ਪ੍ਰੋ. ਆਫ ਸਿਖਇਜ਼ਮ ਦੀ ਉਪਾਧੀ ਵਾਪਿਸ ਲੈ ਲਈ ਗਈ। ਦਿੱਲੀ ਵਾਲੇ ਸਰਨਿਆਂ ਦੀਆਂ ਪੇਸ਼ੀਆਂ ਪਈਆਂ। ਕਹਿਣ ਨੂੰ ਜਥੇਦਾਰ ਸਰਵਉੱਚ ਸਨ ਪਰ ਇਸ ਦੌਰ ਵਿਚ ਸੁੱਕੇ ਉਹ ਵੀ ਨਾ ਬਚੇ। ਜਥੇਦਾਰ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ, ਜਥੇਦਾਰ ਵੇਦਾਂਤੀ, ਪੋ. ਮਨਜੀਤ ਸਿੰਘ, ਜਥੇਦਾਰ ਨੰਦਗੜ, ਜਥੇਦਾਰ ਗੁਰਬਚਨ ਸਿੰਘ ਆਦਿ ਨੂੰ ਜਿਸ ਤਰ੍ਹਾਂ ਕੱਢਿਆ ਗਿਆ, ਸਰਕਾਰ ਉਸ ਤਰੀਕੇ ਕਿਸੇ ਚਪੜਾਸੀ ਨੂੰ ਵੀ ਨਹੀਂ ਕੱਢ ਸਕਦੀ। ਲੋਕਾਂ ਨੂੰ ਕੁੱਝ ਕੁੱਝ ਸਮਝ ਆਈ ਕਿ ਇਹ ਤਾਂ ਜਥੇਦਾਰਾਂ ਨੂੰ ਵਰਤ ਕੇ ਸੁੱਟ ਦੇਣ ਵਾਲੀ ਗੱਲ ਹੋਈ। ਸਰਵਉੱਚਤਾ ਦਾ ਹੀਜ਼-ਪਿਆਜ਼ ਜਾਹਿਰ ਹੋ ਗਿਆ। ਲੋਕਾਂ ਨੂੰ ਸਮਝ ਆਇਆ ਕਿ ਸਰਵਉੱਚ ਜਥੇਦਾਰ ਨਹੀਂ, ਉਨ੍ਹਾਂ ਨੂੰ ਲਾਉਣ ਅਤੇ ਲਾਹੁਣ ਵਾਲੇ ਹਨ। ਪਰ ਸਿੱਖਾਂ ਨੂੰ ਆਪਣੇ ਵਿਰੋਧੀਆਂ ਦੀਆਂ ਰੜਕਾਂ ਜਥੇਦਾਰ ਰਾਹੀਂ ਕਢਵਾਉਣ ਵਾਲੀ ਪਈ ਆਦਤ ਕਾਰਨ ਦੇਸ਼-ਵਿਦੇਸ਼ ਦੇ ਸਿੱਖ ਆਪਣੀਆਂ ਕਿੜਾਂ ਵਾਲੀਆਂ ਸ਼ਿਕਾਇਤਾਂ ਲੈ ਕੇ ਅਕਾਲ ਤਖਤ ਵੱਲ ਭੱਜਦੇ ਰਹੇ। ਅਕਾਲ ਤਖਤ ਵੱਲੋਂ ਚੋਣਵੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਦਾ ਸਿਲਸਿਲਾ ਵੀ ਜਾਰੀ ਰਿਹਾ। ਅਕਾਲ ਤਖਤ ਵੱਲ ਲਿਖੀ ਚਿੱਠੀ ਦਾ ਜਵਾਬ ਤਾਂ ਕਿਸੇ ਵਿਰਲੇ ਨੂੰ ਹੀ ਮਿਲਿਆ ਹੋਊ ਪਰ ਸਿੱਖਾਂ ਵੱਲੋਂ ਸ਼ਿਕਾਇਤਾਂ ਲਾਉਣ ਦੀ ਆਦਤ ਨੂੰ ਬਹੁਤਾ ਫਰਕ ਨਾ ਪਿਆ। ਵਾਰਿਸ ਸ਼ਾਹ ਨੇ ਠੀਕ ਹੀ ਕਿਹਾ ਸੀ , ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।’
ਪਰ ਜਿਵੇਂ ਦਇਆ ਸਿੰਘ ਆਰਿਫ ਨੇ ਕਿਹਾ ਸੀ ਕਿ ਗੁੱਡੀ ਸਦਾ ਅਸਮਾਨ ਨਾ ਚੜੀ ਰਹਿਣੀ। ਬਾਦਲਾਂ ਦੀਆਂ ਸਿਆਸੀ ਗਲਤੀਆਂ ਅਤੇ ਇੰਤਜਾਮੀਆਂ ਫੈਲਸੂਫੀਆਂ ਕਾਰਨ ਲੋਕਾਂ ਦਾ ਇਨ੍ਹਾਂ ਤੋਂ ਮੋਹ ਭੰਗ ਹੋ ਗਿਆ। 2017 ਅਤੇ 2022 ਦੀਆਂ ਚੋਣਾਂ ਵਿਚ ਬਾਦਲ ਬੁਰੀ ਤਰਾਂ ਹਾਰ ਗਏ। ਹੋਰ ਤਾਂ ਹੋਰ ਕਦੇ ਵੀ ਚੋਣ ਨਾ ਹਾਰਨ ਵਾਲਾ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਹਾਰ ਗਿਆ। ਸੱਤਾ ਦੀ ਔੜ ਲੰਮੀ ਹੁੰਦੀ ਦੇਖ ਕੇ ਅਕਾਲੀ ‘ਰਾਜਕੁਮਾਰ’ ਬੇਚੈਨ ਹੋ ਗਏ। ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋ ਗਈ, ਸੁਖਬੀਰ ਬਾਦਲ ਦਾ ਸਿਆਸੀ ਕ੍ਰਿਸ਼ਮਾ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਠੁੱਸ ਹੋ ਗਿਆ ।
ਸੱਤਾ ਲਈ ਮੱਛੀ ਵਾਂਗ ਤੜਪਦੇ ਹੋਏ ‘ਅਕਾਲੀ ਰਾਜਕੁਮਾਰ’ (ਬਜ਼ੁਰਗ ਅਕਾਲੀਆਂ ਦੀ ਮਾਡਰਨ ਆਰਾਮਪ੍ਰਸਤ ਔਲਾਦ ਅਤੇ ਦੋਹਤ-ਪੋਤ) ਅਕਾਲ ਤਖਤ ਜਾ ਪਹੁੰਚੇ। ਬੇਅਸੂਲੀ ਸਿਆਸਤ ਦੇ ਇਹ ਵਪਾਰੀ ਅਕਾਲ ਤਖਤ ‘ਤੇ ਮਨ ਦੀ ਸਫਾਈ ਲਈ ਨਹੀਂ, ਸਗੋਂ ਅਕਾਲ ਤਖਤ ਨੂੰ ਆਪਣੀ ਚਤੁਰ ਬੁੱਧੀ ਨਾਲ ਵਰਤ ਕੇ ਮੁੜ ਸੱਤਾ ਹਾਸਲ ਕਰਨ ਦੇ ਰਾਹ ਪੈਣ ਦਾ ਆਹਰ-ਪਾਹਰ ਕਰਨ ਲਈ ਗਏ ਸਨ। ਇਨ੍ਹਾਂ ਦੀ ਬੁੱਧੀ ਇਨ੍ਹਾਂ ਨੂੰ ਕਾਇਲ ਕਰੀ ਬੈਠੀ ਸੀ ਕਿ ਲੋਕਾਂ ਨੂੰ (ਖਾਸ ਕਰਕੇ ਸਿੱਖਾਂ ਨੂੰ) ਬੇਵਕੂਫ ਬਣਾਉਣਾ ਕੋਈ ਔਖਾ ਕੰਮ ਨਹੀਂ ਹੈ। ਸੱਤਾ ਦੇ ਸੁਖ ਵਿਚ ਪਲੇ ਸਿੱਖ ਸਰੋਕਾਰਾਂ ਤੋਂ ਕੋਰੇ ਇਹ ਅਕਾਲੀ ਰਾਜਕੁਮਾਰ ਸਿਆਸਤ ਨੂੰ ਸਿਆਸੀ ਤਿਕੜਮਬਾਜੀ ਤੋਂ ਵੱਧ ਨਹੀਂ ਜਾਣਦੇ। ਇੱਕ ਧੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਲਈ ਸ੍ਰੀ ਅਕਾਲ ਤਖਤ ‘ਤੇ ਸ਼ਿਕਾਇਤ ਲਾ ਰਿਹਾ ਸੀ ਅਤੇ ਸੁਖਬੀਰ ਬਾਦਲ ਆਪਣੇ ਧੜੇ ਨਾਲ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੀਆਂ ਗੱਲਾਂ ਕਰ ਰਿਹਾ ਸੀ। ਦੋਹਾਂ ਧੜਿਆਂ ਦੇ ਲੋਕ ਹੀ ਚਤੁਰਾਈ ਨਾਲ ਅਕਾਲ ਤਖਤ ਦੀ ਵਰਤੋਂ ਨਾਲ ਨਾਤ੍ਹੇ-ਧੋਤੇ ਬਣਨ ਦੀ ਕੋਸਿਸ਼ ਕਰ ਰਹੇ ਸਨ। ਲੋਕਾਂ ਦੀ ਨਜ਼ਰ ਵਿਚ ਅਕਾਲ ਤਖਤ ‘ਤੇ ਭੁੱਲਾਂ ਬਖਸਾਉਣ ਲਈ ਜਾਣ ਵਾਲੇ ਇਹ ਦੋਨੋਂ ਧੜਿਆਂ ਦੀ ਖਸਲਤ, ‘ਨਾਵਿ੍ਹਣ ਚਲੈ ਤੀਰਥੀਂ, ਮਨ ਖੋਟੈ ਤਨਿ ਚੋਰ’, ਤੋਂ ਵੱਧ ਨਹੀਂ ਸੀ।
ਮਸਲਾ ਤਾਂ ਸਿਆਸਤ ਅਤੇ ਸਿਆਸੀ ਜਥੇਬੰਦਕ ਢਾਂਚੇ ਨੂੰ ਦਰੁਸਤ ਕਰਨ ਦਾ ਸੀ ਪਰ ਇਹ ਸਭ ਕੁੱਝ ਨੂੰ ਧਾਰਮਿਕ ਉਕਾਈਆਂ ਦੀ ਚਾਦਰ ਵਿਚ ਲਪੇਟਣ ਦੇ ਦਾਅ ਵਜੋਂ ਅਕਾਲ ਤਖਤ ‘ਤੇ ਚਲੇ ਗਏ। ਗੱਲ, ‘ਲੋਹੇ ਕੇਰੀ ਨਾਵਰੀ ਪਾਹਨ ਗਰੂਆ ਭਾਰ, ਸਿਰ ਮੇਂ ਵਿਸ਼ ਕੀ ਪੋਟਰੀ ਉਤਰਨ ਚਾਹੈ ਪਾਰ’ ਵਾਲੀ ਹੋਈ। ਇਸ ਅਨਾੜੀਪੁਣੇ ਵਾਲੇ ਕਦਮ ਨਾਲ ਪਿਛਲੀਆਂ ਖੁਨਾਮੀਆਂ ਦੇ ਕੱਚੇ ਚਿੱਠੇ ਫਿਰ ਤਾਜੇ ਹੋਣੇ ਸ਼ੁਰੂ ਹੋ ਗਏ। ਦਿੱਤੀਆਂ ਜਾਣ ਵਾਲੀਆਂ ਸਫਾਈਆਂ ਦੇ ਚੀਰ-ਫਾੜ ਵਿਚੋਂ ਲੋਕ ਇਨ੍ਹਾਂ ਦੇ ਦੰਭ ਨਿਤਾਰਨ ਲੱਗੇ ਅਤੇ ਹੋਰ ਸਵਾਲ ਖੜ੍ਹੇ ਕਰਨ ਲੱਗੇ। ‘ਵਾਰਿਸ ਸ਼ਾਹ ਮੀਆਂ ਸੱਚ ਝੂਠ ਵਿਚੋਂ, ਪਾਪ ਕੱਢਦਾ ਪੁੰਨ ਨਿਤਾਰਦਾ ਈ।’ ਜਿਹੜੇ ਪਾਪ ਢਕਣ ਲਈ ਅਕਾਲ ਤਖਤ ਦਾ ਓਹਲਾ ਵਰਤਣ ਦਾ ਯਤਨ ਕੀਤਾ ਸੀ, ਉਹ ਇੱਕ ਵਾਰ ਫੇਰ ਨਿੱਤਰ ਕੇ ਸਾਹਮਣੇ ਆਉਣ ਲੱਗ ਪਏ। ਅਕਾਲ ਤਖਤ ਦਾ ਜਥੇਦਾਰ ਸਰਵਉੱਚਤਾ ਦੇ ਭਰਮ ਵਿਚ ਅਕਾਲੀ ਸਿਆਸਤ ਦੀ ਸ਼ਿਕਾਇਤ ਦੇ ਤੱਤੇ ਆਲੂ ਝੋਲੀ ਪਵਾ ਬੈਠਾ। ਜਦ ਸ਼ਿਕਾਇਤ ਦੀ ਲੰਬਾਈ ਚੌੜਾਈ ਮਾਲੂਮ ਹੋਈ ਤਾਂ ਪਤਾ ਲੱਗਾ ਕਿ ਮੁਕੱਦਮਾ ਸਰਵਉੱਚਤਾ ਦੀ ਸ਼ਕਤੀ ਨਾਲੋਂ ਕਿਤੇ ਵੱਧ ਭਾਰਾ ਹੈ। ਜਥੇਦਾਰਾਂ ਨੂੰ ਮਹਿਸੂਸ ਹੋਇਆ ਕਿ ਜੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਨਾ ਹੋ ਸਕਿਆ ਤਾਂ ਹੋਣ ਵਾਲੀ ਤੋਏ-ਤੋਏ ਤੋਂ ਕੋਈ ਨਹੀਂ ਬਚਾ ਸਕੇਗਾ। ਜਥੇਦਾਰ ਸੋਚੀਂ ਪੈ ਗਏ ਅਤੇ ਸੁਖਬੀਰ ਹੋਰੀਂ ਜਲਦੀ ਨਾਲ ਮਾਫੀ ਲੈ ਕੇ ਵਿਹਲੇ ਹੋਣ ਲਈ ਬਿਹਬਲ ਹੋ ਗਏ।
ਹੁਣ ਚੰਡੀਗੜ੍ਹ ਅਤੇ ਪਟਿਆਲੇ ਵਾਲੇ ਬੁੱਧੀਜੀਵੀਆਂ ਦਾ ਤੀਸਰਾ ਪੰਥ ਸਰਗਰਮ ਹੋ ਗਿਆ। ਇਸ ਤੀਸਰੇ ਪੰਥ ਦੇ ਬੁੱਧੀਜੀਵੀਆਂ ਵਿਚੋਂ ਸ. ਗੁਰਤੇਜ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਸਰਵਉੱਚ ਮੰਨਣ ਜਾਂ ਕਹਿਣ ਦੇ ਵਿਚਾਰ ਨੂੰ ਅਜੇ ਕੁਝ ਹੀ ਸਾਲ ਪਹਿਲਾਂ ਰੱਦ ਕਰਦੇ ਆ ਰਹੇ ਸਨ। ਇਨ੍ਹਾਂ ਦਾ ਵਿਚਾਰ ਸੀ ਕਿ ਸਾਰੇ ਸਿੱਖ ਬਰਾਬਰ ਹਨ, ਸਰਵਉੱਚਤਾ ਵਾਲੀ ਗੱਲ ਸਿਧਾਂਤਕ ਤੌਰ ‘ਤੇ ਗਲਤ ਹੈ। ਜਥੇਦਾਰਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਕਿਸੇ ਨੂੰ ਤਲਬ ਕਰਨ ਜਾਂ ਪੰਥ ਵਿਚੋਂ ਛੇਕ ਸਕਣ। ਹੁਣ ਜਦ ਸੁਖਬੀਰ ਬਾਦਲ ਆਪਣੀ ਸਾਰੀ ਟੀਮ ਨਾਲ ਅਕਾਲ ਤਖਤ ਦੇ ਜਾਲ ਵਿਚ ਆਪੇ ਹੀ ਉਲਝ ਗਿਆ ਤਾਂ ਗੁਸਤਾਖੀ ਮੁਆਫ, ਤੀਸਰੇ ਪੰਥ ਨੇ ਅਕਾਲ ਤਖਤ ਦੇ ਜਥੇਦਾਰ ਕੋਲੋਂ ਖੂਹ ਵਿਚ ਪਿਆ ਵਹਿੜਕਾ ਖੱਸੀ ਕਰਾਉਣ ਦੇ ਦਾਅ ਵਜੋਂ ਜਥੇਦਾਰ ਨੂੰ ਤਕੜਾ ਕਰਨ ਦਾ ਵਿਢ ਵਿਢ ਦਿਤਾ। ‘ਪੰਜਾਬ ਟੈLਲੀਵਿਜ਼ਨ’ ਦੇ ਪਲੇਟਫਾਰਮ ਤੋਂ ਸ. ਜਗਤਾਰ ਸਿੰਘ ਵਰਗੇ ਬਹੁਤੇ ਕੱਦਾਵਰ ਸੀਨੀਅਰ ਸਿੱਖ ਜਰਨਲਿਸਟ ਦੀ ਪੂਰੇ ਜਹਾਦੀ ਜਲੌਅ ਨਾਲ ਇਸੇ ਪੰਥ ਦੀ ਸੁਖਬੀਰ ਵਿਰੋਧੀ ਸ਼ੋਰੀਲੀ ਮੁਹਿੰਮ ਵਿਚ ਸ਼ਾਮਲ ਹੋ ਗਏ। ਜਥੇਦਾਰਾਂ ਨੂੰ ਵਡਿਆ ਕੇ ਅਕਾਲੀ ਫੂਲਾ ਸਿੰਘ ਬਣਨ ਦੀ ਜ਼ੋਰਦਾਰ ਪ੍ਰੇਰਨਾ ਕੀਤੀ ਜਾਣ ਲੱਗੀ। ਚੰਡੀਗੜ੍ਹ ਵਾਲੇ ਬੁਧੀਜੀਵੀਆਂ ਵਲੋਂ ਬਾਰੀਕ ਬੁਧ ਸਾਬਕਾ ਜਥੇਦਾਰ ਪੋ੍ਰ. ਮਨਜੀਤ ਸਿੰਘ ਨੂੰ ਅਗੇ ਲਾ ਕੇ ਜਥੇਦਾਰਾਂ ਨੂੰ ਬਾਰ-ਬਾਰ ਸਮਝਾਇਆ ਗਿਆ ਕਿ ਹੁਣ ਤੁਸੀਂ ਵਾਕਿਆ ਹੀ ‘ਸਰਵਉੱਚ’ ਹੋ। ਹੁਣ ਕਮਜ਼ੋਰ ਹੋਏ ਅਕਾਲੀ ਤੁਹਾਨੂੰ ਲਾਹ ਨਹੀਂ ਸਕਣਗੇ। ਜਥੇਦਾਰਾਂ ਨੇ ਕੁੱਝ ਹੌਂਸਲਾ ਫੜਿਆ। ਟੈਸਟ ਫਾਇਰ ਵਜੋਂ ਵਿਰਸਾ ਸਿੰਘ ਵਲਟੋਹਾ ‘ਤੇ ਨਿਸ਼ਾਨਾ ਸੇਧਿਆ ਗਿਆ। ਨਿਸ਼ਾਨਾ ਤਾਂ ਲੱਗ ਗਿਆ ਪਰ ਨਾਲ ਹੀ ਜਥੇਦਾਰਾਂ ਦੀ ‘ਸਰਵਉੱਚਤਾ’ ਨੂੰ ਝਟਕਾ ਲਗਦਾ ਵੀ ਸਭ ਨੇ ਵੇਖਿਆ। ਜਿਸ ਕਾਰਨ ਜਥੇਦਾਰਾਂ ਨੂੰ ਜਥੇਦਾਰੀ ਵਾਲਾ ਕੰਮ ਔਖਾ ਔਖਾ ਲੱਗਣ ਲੱਗਾ ਅਤੇ ਸ਼ਿਕਾਇਤ ਦਾ ਨਿਪਟਾਰਾ ਕਈ ਮਹੀਨੇ ਲਮਕ ਗਿਆ।
ਖੈਰ! ਦੋ ਸਾਬਕਾ ਜਥੇਦਾਰਾਂ ਅਤੇ ਚੰਡੀਗੜ੍ਹੀਏ ਸਿੱਖ ਬੁੱਧੀਜੀਵੀਆਂ ਦੀ ਨਿਰੰਤਰ ਸਰਗਰਮ ਹਮਾਇਤ ਕਰਕੇ ਜਥੇਦਾਰ ਵੀ ਹੌਂਸਲਾ ਫੜ ਗਏ। ਤੀਸਰੇ ਪੰਥ ਦੇ ਕੁਝ ਅਹਿਮ ਰੁਕਣ, ਜੋ ਅਕਾਲ ਤਖਤ ਦੇ ਜਥੇਦਾਰ ਦੀ ਸਰਵਉੱਚਤਾ ਵਾਲੀ ਧਾਰਨਾ ਨੂੰ ਨਾਕਾਰ ਚੁੱਕੇ ਸਨ, ਹੁਣ ਉਸੇ ਜਥੇਦਾਰ ਨੂੰ ਪਰਸੂ ਰਾਮ ਦੇ ਕੁਹਾੜੇ ਵਜੋਂ ਵਰਤ ਕੇ ਮੌਜੂਦਾ ਅਕਾਲੀ ਦਲ ਨੂੰ ਫਨਾਹ ਕਰ ਕੇ ਨਵੀਂ ਪਾਰਟੀ ਅਤੇ ਨਵੀਂ ਸਿਆਸਤ ਸਿਰਜਣ ਦੇ ਸਾਧਨ ਵਜੋਂ ਵੇਖ ਰਹੇ ਸਨ। ਇਸ ਲਈ ਅਕਾਲੀ ਦਲ ਤਾਂ ਖਤਮ ਹੈ, ਅਕਾਲੀ ਤਾਂ ‘ਪੰਜਾਬੀ ਪਾਰਟੀ’ ਬਣ ਚੁੱਕੇ ਹਨ, ਜਿਹੜਾ ਅਕਾਲੀ ਦਲ ਅਕਾਲ ਤਖਤ ‘ਤੇ ਬਣਿਆ ਸੀ ਉਹ ਤਾਂ ਚਲਾਣਾ ਕਰ ਚੁੱਕਾ ਹੈ-ਆਦਿ ਬਿਰਤਾਂਤ ਉਜਾਗਰ ਕੀਤੇ ਗਏ। ਨਾਲ ਦੀ ਨਾਲ ਜਥੇਦਾਰ ਨੂੰ ਨਵੀਂ ਭਰਤੀ ਕਰਕੇ ਨਵਾਂ ਅਕਾਲੀ ਦਲ ਸਿਰਜਣ ਵਾਸਤੇ ਉਪਰਾਲੇ ਕਰਨ ਦੀ ਭਰਪੂਰ ਪ੍ਰੇਰਨਾ ਕੀਤੀ ਗਈ। ਅਕਾਲ ਤਖਤ ਦੀ ਸਰਵਉੱਚਤਾ ਵਾਲੇ ਬਿਆਨੀਏ ਨੂੰ ਨਵੇਂ ਰੂਪ ਵਿਚ ਪੇਸ਼ ਕਰਦਿਆਂ ਮਨਜਿੰਦਰ ਸਿੰਘ ਸਿਰਸੇ ਵੱਲੋਂ ਅਕਾਲ ਤਖਤ ਅੱਗੇ ਪੇਸ਼ ਨਾ ਹੋਣ ਵਾਲੇ ਬਿਆਨ ਨੂੰ ਨਾਦਾਨੀ, ਬੇਵਕੂਫੀ ਅਤੇ ਸਫਾਏ ਹਸਤੀ ਤੋਂ ਮਿਟ ਜਾਣ ਦੇ ਰਾਹ ਤੁਰਨ ਵਾਲਾ ਆਖਿਆ ਗਿਆ।
ਅਖ਼ੀਰ 2 ਦਸੰਬਰ 2024 ਦਾ ਦਿਨ ਆ ਗਿਆ। ਸੁਖਬੀਰ ਸਿੰਘ ਬਾਦਲ ਅਤੇ ਬਾਦਲ ਸਰਕਾਰ ਵਿਚ ਰਹੇ ਮੰਤਰੀ ਅਕਾਲ ਤਖਤ ਅੱਗੇ ਪੇਸ਼ ਹੋ ਗਏ। ਪਿਛਲੇ ਸਮੇਂ ਵਿਚ ਰਹੀਆਂ ਸਰਕਾਰਾਂ ਦੇ ਸਮੇਂ ਦੌਰਾਨ ਕੀਤੇ ਗੁਨਾਹਾਂ ਦਾ ਜਿਕਰ ਹੋਇਆ। ਜਿਨ੍ਹਾਂ ਵਿਚ ਬੇਅਦਬੀ ਦੇ ਕੇਸ ਹੱਲ ਨਾ ਕਰ ਸਕਣਾ, ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣਾ, ਡੇਰਾ ਸੱਚਾ ਸੌਦਾ ਨੂੰ ਮਾਫੀ ਦੇਣ ਲਈ ਸਿੰਘ ਸਾਹਿਬਾਂ ‘ਤੇ ਦਬਾਅ ਪਾਉਣ ਆਦਿ ਵਰਗੇ ਬਹੁਚਰਚਿਤ ਮਾਮਲਿਆਂ ਬਾਰੇ ਸੁਖਬੀਰ ਬਾਦਲ ਨੇ ਸਿਰ ਝੁਕਾ ਕੇ ਗੁਨਾਹ ਕਬੂਲੇ। ਫਿਰ ਲੰਗਰ, ਗੁਸਲਖਾਨਿਆਂ ਦੀ ਸਫਾਈ, ਗੁਰਬਾਣੀ ਸੁਣਨ ਦੀ ਸਜ਼ਾ ਲਾਈ ਗਈ। ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਦਰਬਾਰ ਸਾਹਿਬ ਮੋਹਰੇ ਬਰਛਾ ਫੜਕੇ ਪਹਿਰਾ ਦੇਣ ਦੀ ਸਜ਼ਾ ਸੁਣਾਈ ਗਈ। ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਖਰ ਏ ਕੌਮ ਅਵਾਰਡ ਵਾਪਿਸ ਲੈ ਲਿਆ ਗਿਆ। ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਅਯੋਗ ਕਰਾਰ ਦੇ ਕੇ ਨਵਾਂ ਅਕਾਲੀ ਬਣਾਉਣ ਵਾਸਤੇ ਸੱਤ ਮੈਂਬਰੀ ਕਮੇਟੀ ਦਾ ਐਲਾਨ ਵੀ ਕਰ ਦਿੱਤਾ ਗਿਆ।
ਦੋ ਦਸੰਬਰ ਦਾ ਇਹ ਦਿਨ ਇਤਹਾਸਕ ਹੋ ਨਿਬੜਿਆ। ਅਜਮੇਰ ਸਿੰਘ ਵਰਗੇ ਗੁਸੈਲ ਸਿੱਖ ਚਿੰਤਕ ਨੂੰ ਪਿਛਲੇ ਅੱਧੀ ਸਦੀ ਦੇ ਉਸਦੇ ਰਾਜਸੀ ਜੀਵਨ ਦੌਰਾਨ ਪਹਿਲੀ ਵਾਰ ਕਲੇਜੇ ਠੰਡ ਪੈਂਦੀ ਮਹਿਸੂਸ ਹੋਈ। ਉਸ ਅਤੇ ਕਰਮਜੀਤ ਸਿੰਘ ਵਰਗੇ ਬਹੁਤ ਸਾਰੇ ਬੁੱਧੀਜੀਵੀਆਂ ਅਤੇ ਸਿੱਖਾਂ ਨੂੰ ਇਸ ਦਿਨ ਦਾ ਘਟਨਾਕਰਮ ਅਕਾਲ ਤਖਤ ਦੇ ਰੁਤਬੇ ਦੀ ਮੁੜ ਬਹਾਲੀ ਵਜੋਂ ਨਜ਼ਰ ਆਇਆ। ਉਨ੍ਹਾਂ ਨੂੰ ਅਕਾਲੀ ਲੀਡਰਾਂ ਦਾ ਹੰਕਾਰ ਰੁਲਦਾ ਨਜ਼ਰ ਆਇਆ ਅਤੇ ਚਿਰਾਂ ਤੋਂ ਵਿਸਾਰੀ ਗਈ ਪੰਥ ਦੀ ਹਸਤੀ ਮੁੜ ਲੀਡਰਾਂ ਤੋਂ ਉਚੇਰੀ ਹੋ ਗਈ ਜਾਪੀ। ਤੀਸਰੇ ਪੰਥ ਦੇ ਬੁੱਧੀਜੀਵੀ ਅਕਾਲੀਆਂ ਦੀਆਂ ਗਲਤੀਆਂ ਗਿਣਾਉਣ ਨਾਲੋਂ ਉਨ੍ਹਾਂ ਨੂੰ ਸਿਆਸੀ ਮੈਦਾਨ ਵਿਚੋਂ ਬਾਹਰ ਕੱਢਣ ਵਾਲੇ ਆਦੇਸ਼ ‘ਤੇ ਕੇਂਦਰਿਤ ਹੋ ਕੇ ਜਥੇਦਾਰ ਕੋਲੋਂ ਅਕਾਲੀ ਦਲ ਦੀ ਮੁੜ ਸਿਰਜਣਾ ਦੇ ਅਮਲ ਨੂੰ ਹੋਰ ਸਪੱਸ਼ਟ ਅਤੇ ਤੇਜ ਕਰਨ ਦੀ ਮੰਗ ਕਰਨ ਲੱਗ ਪਏ। ਸਿੱਖਾਂ ਗਲੋਂ ਗੁਲਾਮੀ ਲਾਹੁਣ ਦੇ ਨਾਹਰੇ ਹੇਠ ਸਰਗਰਮ ਪੰਥ ਦੀ ਧਾਰਾ ਨੇ ਅਕਾਲੀਆਂ ਦੇ ਗਿਣਾਏ ਗੁਨਾਹਾਂ ਦੀ ਥਾਂ ਨਾ ਗਿਣਾਏ ਗਏ ਗੁਨਾਹਾਂ ਦੀ ਗੱਲ ਤੋਰ ਲਈ, ਸਜ਼ਾ ਨੂੰ ਮਾਮੂਲੀ ਅਤੇ ਸਿਆਸਤ ਵਿਚ ਮੁੜ ਸਥਾਪਿਤ ਹੋਣ ਦੇ ਯਤਨ ਵਾਲਾ ਡਰਾਮਾ ਦੱਸਿਆ। ਚਾਰ ਦਸੰਬਰ ਨੂੰ ਖਾੜਕੂ ਸਿਆਸਤ ਦੇ ਨੁਮਾਇੰਦੇ ਨਰਾਇਣ ਸਿੰਘ ਚੌੜਾ ਨੇ ਦਰਬਾਰ ਸਾਹਿਬ ਸਾਹਮਣੇ ਹੱਥ ਵਿਚ ਬਰਛਾ ਫੜੀ ਵੀਲ੍ਹ ਚੇਅਰ ‘ਤੇ ਬੈਠੇ ਸੁਖਬੀਰ ਵੱਲ ਗੋਲੀ ਚਲਾ ਕੇ ਦੋ ਦਿਨ ਪਹਿਲਾਂ ਅਕਾਲ ਤਖਤ ‘ਤੇ ਵਾਪਰੇ ਇਤਹਾਸਕ ਘਟਨਾਕਰਮ ਬਾਰੇ ਆਪਣਾ ਰੋਸ ਅਤੇ ਅਸਹਿਮਤੀ ਦਰਜ਼ ਕਰਵਾ ਦਿੱਤੀ। ਸਿੰਘ ਸਾਹਿਬ ਨੇ ਗੋਲੀ ਦੀ ਇਸ ਘਟਨਾ ਨੂੰ ਅਕਾਲ ਤਖਤ ਦੇ ਆਦੇਸ਼ ‘ਤੇ ਗੋਲੀ ਚਲਾਉਣਾ ਦੱਸਿਆ ਅਤੇ ਇਸ ਕਾਰਵਾਈ ਨੇ ਦੋ ਦਸੰਬਰ ਨੂੰ ਜਥੇਦਾਰਾਂ ਦੀ ਮੁੜ ਬਹਾਲ ਹੋਈ ਹਸਤੀ ਦੇ ਪਰਚਮ ਨੂੰ ਬੁਲੰਦੀ ਤੋਂ ਹੇਠਾਂ ਸਰਕਾਉਣ ਦਾ ਸਿਲਸਿਲਾ ਸੁਰੂ ਕਰ ਦਿੱਤਾ। ਸ਼ਰੋਮਣੀ ਕਮੇਟੀ ਵੱਲੋਂ ਚੌੜਾ ਨੂੰ ਪੰਥ ਵਿਚ ਛੇਕਣ ਦੀ ਮੰਗ ਕੀਤੀ ਗਈ। ਦਲ ਖਾਲਸਾ ਸਮੇਤ ਦੇਸ਼-ਵਿਦੇਸ਼ ਦੀਆਂ ਖਾਲਿਸਤਾਨੀ ਸਿਆਸਤ ਕਰਨ ਵਾਲੀਆਂ ਕਈ ਜਥੇਬੰਦੀਆਂ ਚੌੜਾ ਦੀ ਹਮਾਇਤ ਵਿਚ ਆ ਗਏ। ਉਨ੍ਹਾਂ ਨੇ ਇਸ ਨੂੰ ਸਿੱਖ ਪੰਥ ਦੇ ਗੁੱਸੇ ਦਾ ਪ੍ਰਗਟਾਵਾ ਅਤੇ ਬਾਦਲਾਂ ਦੀ ਪੰਥਕ ਸਿਆਸਤ ਤੇ ਮੁੜ ਕਾਬਜ਼ ਹੋਣ ਲਈ ਕੀਤੀ ਜਾ ਰਹੀ ਡਰਾਮੇਬਾਜੀ ਦਾ ਪਰਦਾਫਾਸ਼ ਕਰਨ ਵਾਲਾ ਇਤਹਾਸਕ ਕਰਮ ਕਹਿ ਕੇ ਵਡਿਆਇਆ। ਸ਼੍ਰੋਮਣੀ ਕਮੇਟੀ ਦੀ ਮੰਗ ਦੇ ਮੁਕਾਬਲੇ ਸੁਖਬੀਰ ਨੂੰ ਪੰਥ ਵਿਚੋਂ ਛੇਕਣ ਅਤੇ ਭਾਈ ਚੌੜਾ ਨੂੰ ਫਖਰ-ਏ-ਕੌਮ ਦਿੱਤੇ ਜਾਣ ਦਾ ਐਲਾਨ ਕਰ ਦਿੱਤਾ।
ਤੀਸਰੇ ਪੰਥ ਦੇ ਬੁੱਧੀਜੀਵੀਆਂ ਦੀ ਸੋਚ ਦੇ ਐਨ ਉਲਟ ਅਕਾਲੀ ਦਲ ਦੀ ਕਮੇਟੀ ਨੇ ਸੁਖਬੀਰ ਦਾ ਅਸਤੀਫਾ ਪ੍ਰਵਾਨ ਕਰਨ ਦੀ ਥਾਂ ਜਥੇਦਾਰ ਕੋਲੋਂ ਹੋਰ ਮੋਹਲਤ ਮੰਗ ਲਈ ਅਤੇ ਆ ਰਹੀਆਂ ਸਿਵਿਕ ਚੋਣਾਂ ਲਈ ਸਰਗਰਮੀ ਸ਼ੁਰੂ ਕਰ ਦਿੱਤੀ। ਹੁਣ ਅਕਾਲੀ ਲੀਡਰ ਸਜ਼ਾ ਪੂਰੀ ਕਰਕੇ ਅਰਦਾਸ ਕਰਵਾ ਆਏ ਹਨ ਅਤੇ ਮੁੜ ਸਰਗਰਮ ਹੋ ਰਹੇ ਹਨ। ਨਵਾਂ ਅਕਾਲੀ ਦਲ ਸਿਰਜਣ ਦੀ ਉਮੀਦ ਲਾਈ ਬੈਠੀ ਧਿਰ ਜਥੇਦਾਰ ਤੇ ਅਕਾਲੀ ਦਲ ਨੂੰ ਮੁੜ ਜਥੇਬੰਦ ਕਰਨ ਵਾਲੇ ਆਦੇਸ਼ ਨੂੰ ਲਾਗੂ ਕਰਵਾਉਣ ਲਈ ਜ਼ੋਰ ਪਾ ਰਹੇ ਹਨ, ਪਰ ਜਥੇਦਾਰ ਇਸ ਬਾਰੇ ਬਹੁਤਾ ਉਤਸ਼ਾਹ ਨਹੀਂ ਦਿਖਾ ਰਹੇ। ਨਵਾਂ ਅਕਾਲੀ ਦਲ ਸਿਰਜਣ ਵਾਲੀਆਂ ਧਿਰਾਂ ਜਥੇਦਾਰ ਕੋਲੋਂ ਆਦੇਸ਼ ਲਾਗੂ ਕਰਵਾ ਕੇ ਮੌਜੂਦਾ ਲੀਡਰਸਿਪ ਨੂੰ ਘਰ ਬਿਠਾਉਣ ਵਿਚ ਤਾਂ ਭਾਵੇਂ ਕਾਮਯਾਬ ਨਾ ਹੋਣ ਪਰ ਅਕਾਲ ਤਖਤ ਵੱਲੋਂ ਮੌਜੂਦਾ ਲੀਡਰਸ਼ਿਪ ਨੂੰ ਅਯੋਗ ਕਰਾਰ ਦਿੱਤੇ ਜਾਣ ਵਾਲੇ ਆਦੇਸ਼ ਨੇ ਉਨ੍ਹਾਂ ਹੱਥ ਹਥਿਆਰ ਜ਼ਰੂਰ ਦੇ ਦਿੱਤਾ ਹੈ। ਜਿਸ ਨਾਲ ਉਹ ਸਰਵਾਈਵਲ ਲਈ ਹੱਥ ਪੈਰ ਮਾਰ ਰਹੇ ਅਕਾਲੀਆਂ ਨੂੰ ਅਕਾਲ ਤਖਤ ਵੱਲੋਂ ਅਯੋਗ ਕਰਾਰ ਦਿੱਤੇ ਹੋਏ ਕਹਿ ਕੇ ਉਨ੍ਹਾਂ ਦੇ ਪੈਰਾਂ ਹੇਠ ਅੱਗ ਬਾਲੀ ਰੱਖਣਗੇ। ਨਵੇਂ ਅਕਾਲੀ ਦਲ ਦੀ ਸਿਰਜਣਾ ਵਿਚ ਜਿੱਥੇ ਮੌਜੂਦਾ ਅਕਾਲੀ ਦਲ ਵੱਡਾ ਅੜਿੱਕਾ ਹੈ ਉੱਥੇ ਖਾਲਿਸਤਾਨੀ ਧਿਰਾਂ ਦੀ ਸਿਆਸਤ ਵੀ ਅਹਿਮ ਸਥਾਨ ਰੱਖਦੀ ਹੈ। ਸ. ਗੁਰਤੇਜ ਸਿੰਘ ਅਨੁਸਾਰ ਇੱਕਲਾ ਸਿਮਰਨਜੀਤ ਮਾਨ ਹੀ ਖਾਲਿਸਤਾਨੀ ਢੁੱਡ ਨਾਲ ਪੰਥਕ ਸਿਆਸਤ ਨੂੰ ਖਿਲਾਰਦਾ ਆ ਰਿਹਾ ਹੈ। ਜਾਣੇ ਪਛਾਣੇ-ਵਿਸ਼ਲੇਸ਼ਕ ਸ. ਮਾਲਵਿੰਦਰ ਸਿੰਘ ਮਾਲੀ ਦਾ ਕਹਿਣਾ ਵੀ ਅਹਿਮ ਹੈ ਕਿ ਜਿੱਥੇ ਬਾਕੀ ਗੱਲਾਂ ਵਿਚਾਰੀਆਂ ਜਾਂਦੀਆਂ ਹਨ, ਉੱਥੇ ਖਾਲਿਸਤਾਨੀ ਧਿਰਾਂ ਦੀ ਸਿਆਸਤ ਬਾਰੇ ਵੀ ਵਿਚਾਰ-ਵਟਾਂਦਰਾ ਹੋਣਾ ਜ਼ਰੂਰੀ ਹੈ। ਕਿਉਂਕਿ ਇਹ ਧਿਰਾਂ ਵੀ ਵੱਡਾ ਅਸਰ ਪਾਉਂਦੀਆਂ ਆ ਰਹੀਆਂ ਹਨ ਪਰ ਇਨ੍ਹਾਂ ਬਾਰੇ ਖੁਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ। ਇਨ੍ਹਾਂ ਬਾਰੇ ਗੱਲ ਕਰਨੀ ਅਤੇ ਇਨ੍ਹਾਂ ਨੂੰ ਨਵੇਂ ਸਿਆਸੀ ਚੌਖਟੇ ਵਿਚ ਸ਼ਾਮਿਲ ਕਰਨ ਦੇ ਯਤਨ ਕਰਨ ਦੀ ਸੋਚਣਾ ਸੌਖੇ ਕਾਰਿਜ ਨਹੀਂ ਹਨ। ਕਿਉਂਕਿ ਜਿਨ੍ਹਾਂ ਧਿਰਾਂ ਦਾ ਵਿਰੋਧ ਦਰਜ਼ ਕਰਾਉਣ ਦਾ ਤਰੀਕਾ ਵੀ ਗੋਲੀ ਦਾਗਣਾ ਹੋਵੇ, ਉਨ੍ਹਾਂ ਨਾਲ ਕਿਸੇ ਸਾਂਝੀ ਰਾਇ ਅਤੇ ਸਾਂਝੇ ਸਮਝੌਤੇ ਤੇ ਪਹੁੰਚਣਾ ਔਖਾ ਹੀ ਹੁੰਦਾ ਹੈ। ਅਫਸੋਸਨਾਕ ਗੱਲ ਤਾਂ ਇਹ ਵੀ ਹੈ ਕਿ ਨਰਾਇਣ ਸਿੰਘ ਚੌੜਾ ਦੇ ‘ਚਮਤਕਾਰੀ ਕਰਤੱਵ’ ਤੇ ਵੀ ਨਿਗੂਣੀ ਸਿਆਸਤ ਪੂਰੇ ਜੋਰਾਂ-ਸ਼ੋਰਾਂ ਨਾਲ ਹੋ ਚੁਕੀ ਹੈ। ਸ. ਮਾਲੀ ਤੋਂ ਬਿਨਾ ਇਕ ਵੀ ਨਿਰਪੱਖ ਵਿਸ਼ਲੇਸ਼ਕ ਨਹੀਂ ਹੈ, ਜਿਸਨੇ ਇਸ ਪ੍ਰਥਾਇ ਹਿੱਕ ਠੋਕ ਕੇ ਸਪਸ਼ਟ ਅਸੂਲੀ ਪੁਜੀਸ਼ਨ ਲੈਣ ਦਾ ਜ਼ੇਰਾ ਦਿਖਾਇਆ ਹੋਵੇ!
ਹੁਣ ਅਕਾਲੀ ਅਕਾਲ ਤਖਤ ਵੱਲੋਂ ਲੱਗੀ ਸਜ਼ਾ ਨਿਮਰਤਾ ਸਹਿਤ ਪੂਰੀ ਕਰਕੇ ਸਿੱਖ ਜਗਤ ਵਿਚ ਸਥਾਪਤ ਹੋਣ ਬਾਰੇ ਮੁੜ ਵਿਚਾਰਾਂ ਕਰ ਰਹੇ ਹਨ। ਦੋ ਦਸੰਬਰ ਨੂੰ ਸ. ਚੌੜਾ ਦੇ ਚਮਤਕਾਰੀ ਕਰਤੱਵ ਨਾਲ ਅਕਾਲ ਤਖਤ ਦੇ ਜਥੇਦਾਰਾਂ ਦੀ ਚਮਕੀ ਸ਼ਾਨ ਆਪਣੀ ਚਮਕ ਬਹੁਤ ਹੱਦ ਤਕ ਗੁਆ ਚੁੱਕੀ ਹੈ। ਤੀਸਰੇ ਪੰਥ ਵੱਲੋਂ ਜਥੇਦਾਰਾਂ ਸਹਾਰੇ ਨਵਾਂ ਅਕਾਲੀ ਦਲ ਸਿਰਜਣ ਵਾਲੀ ਸਕੀਮ ਨੂੰ ਨੇਪਰੇ ਚਾੜ੍ਹਨ ਦੀ ਤਾਕਤ ਅਤੇ ਜੋਸ਼ ਜਥੇਦਾਰਾਂ ਵਿਚੋਂ ਨਜ਼ਰ ਨਹੀਂ ਆ ਰਿਹਾ। ਸੁਧਾਰ ਲਹਿਰ ਦਾ ਝੰਡਾ ਚੁੱਕਣ ਵਾਲੇ ਆਪਣੀ ਲਹਿਰ ਭੰਗ ਕਰਕੇ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ। ਸਾਰੀਆਂ ਧਿਰਾਂ ਦੀ ਹਾਲਤ, ‘ਬਾਰੀ ਬਰਸੀ ਖੱਟਣ ਗਿਆ ਸੀ, ਪਤਾ ਨਹੀਂ ਕੀ ਖੱਟ ਲਿਆਂਦਾ’, ਵਾਲੀ ਹੋ ਗਈ ਹੈ। ਗੱਲ ਖੱਟਣ ਦੀ ਥਾਂ ਗੁਆ ਆਉਣ ਦੀ ਚੱਲਣ ਵਾਲੀ ਹੈ। ਬਾਗੀ ਅਕਾਲੀ ਸੁਖਬੀਰ ਦੀ ਪ੍ਰਧਾਨਗੀ ਦੀ ਬਲੀ ਮੰਗ ਰਹੇ ਸਨ, ਸੁਖਬੀਰ ਬਾਦਲ ਅਕਾਲ ਤਖਤ ਤੋਂ ਸੇਵਾ ਲਵਾ ਕੇ ਖੁੱਸੀ ਸਿਆਸੀ ਸ਼ਕਤੀ ਮੁੜ ਹਾਸਿਲ ਕਰਨ ਦੇ ਚੱਕਰ ਵਿਚ ਸੀ, ਤੀਸਰਾ ਪੰਥ ਸਾਰੇ ਅਕਾਲੀਆਂ ਨੂੰ ਘਰੇ ਬਿਠਾ ਕੇ ਨਵਾਂ ਨਰੋਆ ਅਕਾਲੀ ਦਲ ਬਣਾਉਣ ਦੀ ਤਾਕ ਵਿਚ ਸਨ। ਇਸ ਸਾਰੇ ਸਿਆਸੀ ਖੇਲ ਵਿਚ ਹਰ ਧਿਰ ਨੇ ਅਕਾਲ ਤਖਤ ਅਤੇ ਜਥੇਦਾਰਾਂ ਨੂੰ ਵਰਤਣ ਦੀ ਪੂਰੀ ਪੂਰੀ ਕੋਸਿਸ਼ ਕੀਤੀ ਪਰ ਗੱਲ ਕਿਸੇ ਪਾਸੇ ਲੱਗੀ ਨਹੀਂ। ਕਾਰਨ ਸਪੱਸ਼ਟ ਹੈ ਕਿ ਸਿੱਖ ਸੰਸਥਾਵਾਂ ਕੋਲ ਆਪਣੇ ਮਾਮਲੇ ਸੁਲਝਾਉਣ ਦੀ ਸਮਰੱਥਾ ਨਹੀਂ ਹੈ। ਜਦ ਕੋਈ ਮਾਮਲਾ ਉਲਝ ਜਾਂਦਾ ਹੈ ਤਾਂ ਅਸੀ ਕਿਸੇ ਸਰਵ ਸਮਰੱਥ ਸ਼ਕਤੀ ਕੋਲੋਂ ਝੁਰਲੂ ਨਾਲ ਮਾਮਲਾ ਹੱਲ ਕਰਵਾਉਣਾ ਚਾਹੁੰਦੇ ਹਾਂ। ਮਾਮਲੇ ਵੀ ਉਸ ਸੰਸਥਾ ਕੋਲ ਲਿਜਾਂਦੇ ਹਾਂ ਜਿਸਦਾ ਆਪਣਾ ਕੋਈ ਵਿਧੀ-ਵਿਧਾਨ ਹੀ ਨਹੀਂ ਹੈ। ਜਿਸਦੇ ਜਥੇਦਾਰਾਂ ਦੇ ਅਧਿਕਾਰਾਂ ਅਤੇ ਕਾਰਜ ਖੇਤਰ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਅਕਾਲ ਤਖਤ ਨੂੰ ਸਰਵਉੱਚ ਕਹਿਣ ਅਤੇ ਮੰਨਣ ਦੇ ਬੋਲੇ ਪਿੱਛੇ ਕੰਮ ਕਰਦੀ ਚਾਲਕ ਸ਼ਕਤੀ ਸਿੱਖਾਂ ਨੂੰ ਭੋਲੇ ਸਮਝ ਕੇ ਵਰਤਣ ਦੀ ਹੈ।
ਅਕਾਲੀ ਦਲ ਕਈ ਦਹਾਕਿਆਂ ਤੋਂ ਅਕਾਲ ਤਖਤ ਦੇ ਜਥੇਦਾਰਾਂ ਕੋਲ ਆਪਣੇ ਜਥੇਬੰਦਕ ਮਸਲੇ ਲੈ ਕੇ ਜਾਂਦਾ ਰਿਹਾ ਹੈ ਪਰ ਕਦੇ ਕੋਈ ਸਾਰਥਕ ਹੱਲ ਨਹੀਂ ਹੋਇਆ। ਸ. ਗੁਰਤੇਜ ਸਿੰਘ 1990 ਤੋਂ ਅਕਾਲੀ ਦਲ ਦੀ ਭਰਤੀ ਕਰਕੇ ਲੋਕਤੰਤਰੀ ਅਕਾਲੀ ਦਲ ਬਣਾਉਣ ਦੀ ਗੱਲ ਕਰਦਾ ਆ ਰਿਹਾ ਹੈ, ਪਰ ਟੇਕ ਅਕਾਲ ਤਖਤ ‘ਤੇ ਰੱਖੀ ਹੋਣ ਕਾਰਨ ਲੋਕਤੰਤਰੀ ਅਕਾਲੀ ਦਲ ਬਣ ਨਹੀਂ ਸਕਿਆ। ਹੁਣ ਸਿੱਖ ਬੁੱਧੀਜੀਵੀਆਂ, ਵਿਦਵਾਨਾਂ ਅਤੇ ਆਮ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਕਾਲ ਤਖਤ ਦੇ ਜਥੇਦਾਰਾਂ ਰਾਹੀਂ ਜਥੇਬੰਦੀਆਂ ਦੇ ਜਥੇਬੰਦਕ ਮਾਮਲੇ ਨਾ ਹੱਲ ਹੋਏ ਹਨ ਅਤੇ ਨਾ ਹੋਣੇ ਹਨ। ਇਸ ਵਾਸਤੇ ਜਥੇਬੰਦੀਆਂ ਦੇ ਅੰਦਰ ਹੀ ਵਿਵਸਥਾ ਹੋਣੀ ਚਾਹੀਦੀ ਹੈ। ਨਵਾਂ ਅਕਾਲੀ ਦਲ ਵੀ ਅਕਾਲ ਤਖਤ ਦੇ ਜਥੇਦਾਰ ਰਾਹੀਂ ਬਣਵਾਉਣ ਵਾਲੀ ਗੱਲ ਨਾ ਸੰਭਵ ਹੋਈ ਹੈ ਅਤੇ ਨਾ ਹੈ। ਮੌਜੂਦਾ ਸਮੇ ਦਾ ਚੱਲ ਰਿਹਾ ਘਟਨਾ ਚੱਕਰ ‘ਰੀਵਾਈਵਲ’ ਅਤੇ ‘ਸਰਵਾਈਵਲ’ ਦਾ ਨਿਰੋਲ ਸਿਆਸੀ ਭੇੜ ਹੈ ਜਿਸਦਾ ਅਸਲ ਫੈਸਲਾ ਆਖੀਰ ਦੀ ਬਾਕੀ ਸਿੱਖ ਵਿਰਸੇ ਤੋਂ ਪੇ੍ਰਰਨਾ ਦੇ ਨਾਲ ਪੰਜਾਬ ਦੇ ਪੇਂਡੂ ਗਰੀਬ ਲੋਕ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਕਰਨਗੀਆਂ ਨਾ ਕਿ ਸਿੰਘ ਸਾਹਿਬਾਨ।