ਵਡਭਾਗਾ

ਲਖਬੀਰ ਸਿੰਘ ਮਾਂਗਟ
‘ਆਹ ਲੂ ਗੱਲ ਕਰੋ ਡੈਡੀ, ਆਪਣੇ ਪਿੰਡ ਤੋਂ ਨੇ ਅੰਕਲ।’ ਕੁੜੀ ਨੇ ਮੈਨੂੰ ਫੋਨ ਫੜਾਉਂਦੇ ਕਿਹਾ।
ਮੈਂ ਅਜੇ ਸੋਚ ਹੀ ਰਿਹਾ ਸਾਂ ਕਿ ਕੀ ਗੱਲ ਕਰਾਂ, ਜਾਣਦਾ ਨਹੀਂ, ਕੌਣ ਹੈ ਮੇਰੇ ਪਿੰਡ ਤੋਂ, ਤਦੇ ਉਧਰੋਂ ਅਵਾਜ ਆਈ, ‘ਭਾਈ ਸਾਹਿਬ ਘਰ ਨੂੰ ਆ ਜਾਓ, ਫੋਨ ‘ਤੇ ਮੇਰੇ ਤੋਂ ਗੱਲ ਨਹੀਂ ਹੋ ਰਹੀ।’ ਉਸ ਦੀ ਇਹ ਗੱਲ ਸੁਣ ਕੇ ਮੈਂ ਹੋਰ ਫਸ ਗਿਆ ਕਿ ਜੁਆਬ ਵਿਚ ਕੀ ਕਹਾਂ। ਮੈਨੂੰ ਲੱਗਿਆ, ਉਹ ਹੁਣੇ ਰੋ ਪਵੇਗਾ। ਉਸਦਾ ਗਲਾ ਬਹੁਤ ਭਾਰੀ ਸੀ। ਮੈਂ ਸੋਚਿਆ ਕਿ ਇਸ ਨੂੰ ਕੋਈ ਲਾ-ਇਲਾਜ ਬਿਮਾਰੀ ਹੈ। ਮੈਂ ਫੋਨ ਚੁਪ-ਚੁਪੀਤੇ ਕੁੜੀ ਨੂੰ ਫੜਾ ਦਿੱਤਾ।

‘ਅੰਕਲ ਕਿਹੜੇ ਨੋਟ ਲੈਣੇ ਨੇ?’
‘ਨੌਂ ਸੌ ਸੌ ਦੇ ਅਤੇ ਅਤੇ ਇਕ ਇਕ ਦੇ ਸੌ ਦੇ ਦਿਉ’ ਗੁਰਦੁਆਰੇ ਮੱਥਾ ਟੇਕਣ ਲਈ ਵੀ ਮੈਂ ਬੈਂਕ ਤੋਂ ਹੀ ਲੈ ਲੈਂਦਾਂ। ਊਂ ਤਾਂ ਗੁਰਦੁਆਰੇ ਤੋਂ ਵੀ ਦਸ ਬੀਹ ਦੇ ਇਕੱਲੇ ਇਕੱਲੇ ਮਿਲ ਜਾਂਦੇ, ਪਰ ਕਈ ਵਾਰ ਉਨ੍ਹਾਂ ਕੋਲ ਵੀ ਨਾ ਹੁੰਦੇ ਤਾਂ ਮੱਥਾ ਵੀ ਦਸ-ਬੀਹ ਨਾਲ ਟੇਕਣਾ ਪੈ ਜਾਂਦਾ। ਦਿਹਾੜੀਦਾਰ ਲਈ ਦਸ-ਵੀਹ ਦੀ ਰਕਮ ਬਹੁਤ ਵੱਡੀ ਹੁੰਦੀ ਕਿਉਂਕਿ ਉਹ ਡਾਲਰ ਨੂੰ ਰੁਪਿਆਂ ਵਿਚ ਹੀ ਤਬਦੀਲ ਕਰਕੇ ਸੋਚਦਾ ਹੈ।
‘ਅੰਕਲ ਦਸ ਮਿੰਟ ਬੈਠੋ, ਮੈਂ ਹੁਣੇ ਤੁਹਾਨੂੰ ਘਰ ਛੱਡ ਆਉਨੀ ਆਂ। ਆਹ ਨਾਲ ਹੀ ਸਾਡਾ ਘਰ ਹੈ। ’ ਕੁੜੀ ਨੇ ਪੈਸੇ ਫੜਾਉਂਦੀ ਨੇ ਕਿਹਾ।
‘ਕੱਲ੍ਹ ਨੂੰ ਚਲੇ ਚੱਲਾਂਗੇ ਬੇਟਾ।’ ਮੈਂ ਆਪਣੇ ਕੱਪੜਿਆਂ ਤੇ ਪੈਰੀਂ ਪਾਈਆਂ ਚੱਪਲਾਂ ਵੱਲ ਵੇਖ ਕੇ ਕਿਹਾ।
‘ਅੰਕਲ ਅੱਜ, ਹੁਣੇ ਹੀ ਜਾਣਾ, ਆਪਦੇ ਵੱਲ ਨਾ ਵੇਖੋ ਸਭ ਠੀਕ ਆ। ਘਰ ਡੈਡੀ ਤੁਹਾਨੂੰ ਉਡੀਕ ਰਹੇ ਨੇ। ਨਾਂਹ ਮੇਰੇ ਸੰਘ ਵਿਚ ਹੀ ਫਸ ਗਈ। ਉਸਨੇ ਇੰਨੀ ਅਪਣੱਤ ਨਾਲ ਕਿਹਾ ਜਿਵੇਂ ਮੇਰੀ ਆਪਣੀ ਬੇਟੀ ਮੇਰੇ ‘ਤੇ ਹੱਕ ਜਤਾ ਰਹੀ ਹੋਵੇ।
ਅੰਗਰੇਜ਼ੀ ਦੀ ਮੁਸੀਬਤ ਕਰਕੇ ਲਾਈਨ ਵਿਚ ਲੱਗਿਆ ਮੈਂ ਸੋਚ ਰਿਹਾ ਸੀ ਕਿ ਔਸ ਕੁੜੀ ਕੋਲ ਮੇਰੀ ਵਾਰੀ ਆ ਜਾਵੇ ਤਾਂ ਸ਼ਾਇਦ ਠੀਕ ਰਹੇ। ਉਸਦੇ ਚਿਹਰੇ ਤੋਂ ਲੱਗ ਰਿਹਾ ਸੀ ਕੋਈ ਦੇਸੀ ਕੁੜੀ ਹੈ। ਇਸ ਨੂੰ ਕੋਈ ਗੱਲ ਪੁੱਛਣੀ ਤੇ ਦੱਸਣੀ ਸੌਖੀ ਰਹੇਗੀ। ਪੰਜਾਬੀ ਭਾਈਚਾਰੇ ਵਿਚ ਇਥੇ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਬਾਸ਼ਿੰਦਿਆਂ ਨੂੰ ਦੇਸੀ ਕਹਿੰਦੇ ਨੇ। ਮਤਲਬ ਕਿ ਪੰਜਾਬ ਨੂੰ ਵੰਡ ਕੇ ਨਹੀਂ ਵੇਖਿਆ ਜਾਂਦਾ। ਬੰਗਲਾ ਦੇਸ਼ੀਆਂ ਨੂੰ ਬੰਗਾਲੀ, ਚੀਨੇ ਤੇ ਅਜਿਹੇ ਹੋਰ ਫਿਡੇ ਨੱਕਾਂ ਵਾਲਿਆਂ ਨੂੰ ਏਸ਼ੀਅਨ ਤੇ ਕਾਲਿਆਂ ਨੂੰ ਤਾਂ ਕਾਲੇ ਹੀ ਕਹਿੰਦੇ ਨੇ ਚਾਹੇ ਬਾਸ਼ਿੰਦੇ ਹੋਣ ਜਾਂ ਬਾਹਰੋਂ ਆਏ। ਬੇਸ਼ਕ ਮੈਂ ਵੀ ਹੁਣ ਥੋੜ੍ਹਾ ਜਿਹਾ ਅੰਗਰੇਜ਼ੀ ਨੂੰ ਮੂੰਹ ਮਾਰਨ ਲੱਗ ਪਿਆ ਸਾਂ, ਪਰ ਕਾਉਟਰਾਂ ਤੇ ਕੰਮ ਕਰਦੇ ਕੈਸ਼ੀਅਰ ਏਨੀ ਤੇਜ ਅੰਗਰੇਜ਼ੀ ਬੋਲਦੇ ਕਿ ਮੇਰੇ ਤਾਂ ਕੰਨਾਂ ਦੇ ਬਾਹਰ ਬਾਹਰ ਦੀ ਹੀ ਲੰਘ ਜਾਂਦੀ ਹੈ।
‘ਨੈਕਸਟ’ (ਅਗਲਾ) ਦੀ ਅਵਾਜ਼ ਆਈ ਤਾਂ ਮੈਂ ਆਪਣੇ ਤੋਂ ਪਿੱਛੇ ਖੜ੍ਹੀ ਗੋਰੀ ਨੂੰ ਹੱਥ ਦੇ ਇਸ਼ਾਰੇ ਨਾਲ ਜਾਣ ਲਈ ਆਖ ਦਿੱਤਾ। ਮੈਨੂੰ ਆਸ ਸੀ ਕਿ ਤਦ ਤੱਕ ਦੇਸੀ ਕੁੜੀ ਵਾਲੀ ਖਿੜਕੀ ਵਿਹਲੀ ਹੋ ਜਾਵੇਗੀ। ਜਦ ਉਸਨੇ ਅਵਾਜ ਮਾਰੀ ਤਾਂ ਮੇਰੇ ਪੈਰ ਖੁਸ਼ੀ ਨਾਲ ਤੁਰ ਪਏ। ਉਸਨੇ ਫਰਾਟੇਦਾਰ ਅੰਗਰੇਜ਼ੀ ਵਿਚ ਚਾਰ ਪੰਜ ਸ਼ਬਦ ਮੇਰੇ ਸੁਆਗਤ ਲਈ ਰਿਵਾਜ ਅਨੁਸਾਰ ਬੋਲੇ। ਮੈਂ ਕੁੱਝ ਵੀ ਬੋਲੇ ਬਗੈਰ ਆਪਦਾ ਪਹਿਚਾਣ ਕਾਰਡ ਅਤੇ ਚੈੱਕ ਸ਼ੀਸ਼ੇ ਵਿਚ ਬਣੀ ਮਘੋਰੀ ਰਾਹੀਂ ਅੰਦਰ ਕਰ ਦਿੱਤੇ। ਉਹ, ਮੇਰੀ ਸਮੱਸਿਆ ਨੂੰ ਸਮਝਦੇ ਹੋਏ ਮੁਸਕਰਾ ਕੇ ਮੇਰੇ ਕਾਰਡ ਤੇ ਚੈਕ ਫੜ, ਕੰਪਿਊਟਰ ਤੇ ਕੰਮ ਕਰਨ ਲੱਗੀ। ਮੈਂ ਸੋਚਆ, ਜਿਹੜੇ ਸਿਆਪੇ ਤੋਂ ਡਰਦਾ ਇਹਦੇ ਕੋਲ ਆਇਆ ਸੀ ਉਹ ਤਾਂ ਜਿਉਂ ਦਾ ਤਿਉਂ ਹੀ ਰਿਹਾ।
‘ਕਿੱਥੋਂ ਹੋ ਅੰਕਲ ਜੀ?’ ਕੁੜੀ ਨੇ ਕੰਪਿਊਟਰ ‘ਤੇ ਕੰਮ ਕਰਦੀ ਨੇ ਜਦ ਮੈਨੂੰ ਪੁੱਛਿਆ ਤਾਂ ਮੇਰੇ ਵਿਚ ਜਿਵੇਂ ਜਾਨ ਆ ਗਈ ਹੋਵੇ। ਮੇਰੀ ਆਈ ਡੀ ਵੇਖ ਕੇ ਉਸਨੇ ਜਾਣ ਲਿਆ ਸੀ ਕਿ ਪੰਜਾਬੀ ਹੈ।
‘ਇੰਡੀਆ ਤੋਂ। ’
‘ਨਹੀਂ ਨਹੀਂ ਮੇਰਾ ਮਤਲਬ ਤੁਸੀਂ ਇੰਡੀਆ ਪੰਜਾਬ ਵਿਚ ਕਿਥੋਂ ਹੋ?’
‘ਲੁਧਿਆਣੇ ਤੋਂ।’ ਮੈਂ ਸੋਚਿਆ ਕਿ ਇਹ ਵੀ ਕਿਤੇ ਨੇੜੇ ਤੇੜੇ ਦੀ ਹੀ ਲਗਦੀ ਆ।
‘ਖਾਸ ਲੁਧਿਆਣੇ ਤੋਂ ਜਾਂ ਕਿਸੇ ਪਿੰਡ ਤੋਂ’
‘ਮਾਛੀਵਾੜੇ ਕੋਲ, ਪਿੰਡ ਹੈ ਭਮਾਂ ਕਲਾਂ।’ ਮੈਂ ਬੜਾ ਹੈਰਾਨ ਸਾਂ ਕਿ ਕੁੜੀ ਮੇਰੇ ਵਿਚ ਇੰਨੀ ਦਿਲਚਸਪੀ ਕਿਉਂ ਲੈ ਰਹੀ ਹੈ। ਹੋ ਸਕਦਾ ਇਸਨੂੰ ਆਪਣੇ ਕਿਸੇ ਰਿਸ਼ਤੇਦਾਰ ਦਾ ਭੁਲੇਖਾ ਲੱਗਦਾ ਹੋਵੇ ਜਾਂ ਮੇਰੇ ਪਿੰਡ ਕੋਈ ਰਿਸ਼ਤੇਦਾਰੀ ਹੀ ਹੋਵੇ।
‘ਇਹ ਨਾਂ ਸੁਣਿਆ ਲੱਗਦੈ’ ਆਖ ਕੇ ਉਸਨੇ ਆਪਣਾ ਫੋਨ ਕਿਸੇ ਨੂੰ ਲਗਾਇਆ।
‘ਡੈਡੀ ਤੁਹਾਡਾ ਕਿਹੜਾ ਪਿੰਡ ਸੀ ਭਲਾ ਇੰਡੀਆ ਵਿਚ…ਮਾਛੀਵਾੜੇ ਕੋਲ ਸੀ’
‘ਚਲੋ ਚੱਲੀਏ ਅੰਕਲ।’ ਅਵਾਜ ਸੁਣ ਕੇ ਮੈਂ ਤ੍ਰਭਕਿਆ। ਪਤਾ ਹੀ ਨਹੀਂ ਚੱਲਿਆ ਕਦੋਂ ਦਸ ਮਿੰਟ ਬੀਤ ਗਏ। ਤਿੰਨ-ਚਾਰ ਕੁ ਮਿੰਟ ਵਿਚ ਹੀ ਅਸੀਂ ਉਸਦੇ ਘਰ ਪਹੁੰਚ ਗਏ। ਮੈਂ ਹੈਰਾਨ ਹੋਇਆ ਕਿਉਂਕਿ ਸਾਰਾ ਪਰਿਵਾਰ ਗੇਟ ਤੇ ਸੁਆਗਤ ਲਈ ਖੜ੍ਹਾ ਸੀ। ਸਾਰੇ ਮੈਨੂੰ ਗਲੇ ਲੱਗ ਕੇ ਮਿਲੇ। ਬਜੁਰਗ ਗਲੇ ਮਿਲੇ ਤਾਂ ਮੈਨੂੰ ਮਹਿਸੂਸ ਹੋਇਆ ਕਿ ਹੰਝੂ ਮੇਰੀ ਗਰਦਨ ਤੇ ਗਿਰੇ ਨੇ। ਉਹ ਡੁਸਕ ਰਿਹਾ ਸੀ। ਮੈਂ ਹੈਰਾਨ ਸਾਂ ਕਿ ਆਖਰ ਗੱਲ ਕੀ ਹੈ, ਇਸ ਤਰ੍ਹਾਂ ਤਾਂ ਚਿਰਾਂ ਤੋਂ ਵਿਛੜੇ ਪੁੱਤ ਬਾਰੇ ਹੀ ਇੰਨਾ ਭਾਵੁਕ ਹੋ ਸਕਦਾ ਹੈ। ਮੈਨੂੰ ਇਸ ਸਾਰੇ ਮਾਜਰੇ ਦੀ ਅਜੇ ਤੱਕ ਭੋਰਾ ਵੀ ਕੰਨਸੋਅ ਨਹੀਂ ਸੀ ਮਿਲੀ। ਅਣਜਾਣ ਬੰਦਿਆਂ ਤੋਂ ਇੰਨਾ ਮੋਹ, ਮੇਰੀ ਸਮਝ ਤੋਂ ਬਾਹਰ ਸੀ। ਮੇਰੀ ਇਹ ਸੋਚ ਹੋਰ ਪੱਕੀ ਹੋ ਗਈ ਕਿ ਜਰੂਰ ਇੰਨ੍ਹਾਂ ਨੂੰ ਕੋਈ ਭੁਲੇਖਾ ਲੱਗਿਆ ਹੈ। ਬਜ਼ੁਰਗ ਅਜੇ ਵੀ ਹੁਬਕੀਆਂ ‘ਚੋਂ ਬਾਹਰ ਨਹੀਂ ਸੀ ਨਿਕਲ ਸਕਿਆ।
‘ਅੱਬਾ ਆਜੋ ਬੈਠ ਕੇ ਗੱਲਾਂ ਕਰੋ।’ ਕਹਿੰਦਿਆਂ ਕੁੜੀ ਨੇ ਬਜੁਰਗ ਨੂੰ ਮੇਰੇ ਨਾਲੋਂ ਵੱਖ ਕੀਤਾ ਤੇ ਸੋਫੇ ‘ਤੇ ਬਿਠਾ ਦਿੱਤਾ ਪਰ ਬਜੁਰਗ ਅਜੇ ਵੀ ਬੱਚਿਆਂ ਵਾਂਗ ਡੁਸਕੀ ਜਾ ਰਿਹਾ ਸੀ। ਬੈਂਕ ਵਿਚ ਡੈਡੀ ਕਹਿ ਰਹੀ ਕੁੜੀ ਘਰੇ ਅੱਬਾ ਕਹਿ ਰਹੀ ਸੀ।
‘ਇਹ ਆਪਣੀ ਜਨਮ ਭੋਇੰ ਨੂੰ ਯਾਦ ਕਰ ਕਰ ਕੇ ਹਮੇਸ਼ਾ ਓਦਰੇ ਰਹਿੰਦੇ ਨੇ` ਪਾਕਿਸਤਾਨ ਵਾਲੇ ਘਰ ਦੀ ਤਾਂ ਉਕਾ ਹੀ ਗੱਲ ਨਹੀਂ ਕਰਦੇ ਬਸ ਇੰਡੀਆ ਵਾਲੇ ਨੂੰ ਹੀ ਰੋਈ ਜਾਂਦੇ ਨੇ। ’ ਮੁੰਡੇ ਦੀ ਗੱਲ ਵਿਚ ਥੋੜ੍ਹਾ ਹਿਰਖ ਵੀ ਮੈਨੂੰ ਲੱਗਿਆ। ਮੈਂ ਹੁਣ ਸਾਰੀ ਗੱਲ ਸਮਝ ਗਿਆ। ਮੈਂ ਉਠਿਆ ਬਜੁਰਗ ਦੇ ਪੈਰੀਂ ਹੱਥ ਲਾਇਆ। ਉਨ੍ਹਾਂ ਮੈਨੂੰ ਫਿਰ ਆਪਣੇ ਨਾਲ ਘੁੱਟ ਲਿਆ ਤੇ ਉੱਚੀ ਉੱਚੀ ਰੋਣ ਲੱਗ ਪਏ। ਮੇਰੀਆਂ ਅੱਖਾਂ ਵੀ ਸਿੱਲੀਆਂ ਹੋ ਗਈਆਂ ਸਨ।
‘ਕੀ ਹਾਲ ਆ ਪਿੰਡ ਦਾ? ਮੈਂ ਬੀਹ ਕੁ ਸਾਲ ਦਾ ਸੀ ਉਦੋਂ। ਸੰਤਾਲੀ ਨੇ ਬੜਾ ਉਜਾੜਾ ਕੀਤਾ` ਉਨ੍ਹਾਂ ਭਰੇ ਗਲੇ ਨਾਲ ਕਿਹਾ। ‘ਆਪਣੇ ਪਿੰਡ ਵਿਚ ਖਜੂਰਾਂ ਬਹੁਤ ਸੀ।’ ਬਜ਼ੁਰਗ ਦੇ ਚਿਹਰੇ ਤੇ ਥੋੜੀ ਖੁਸ਼ੀ ਦਿਸੀ।
‘ਸਾਰਾ ਪਿੰਡ ਮੌਜਾਂ ਵਿਚ ਆ ਤਾਇਆ ਜੀ` ਤਕਰੀਬਨ ਹਰ ਘਰ ‘ਚੋਂ ਕੋਈ ਨਾ ਕੋਈ ਬਾਹਰਲੇ ਮੁਲਕ ਵਿਚ ਆ।’ ਮੈਂ ਵੀ ਆਪਣਾਪਣ ਵਿਖਾਂਦੇ ਸਬੰਧ ਜੋੜ ਦਿੱਤਾ।
‘ਬੜੀ ਸੇਗਲ਼ ਹੁੰਦੀ ਸੀ ਪਹਾੜ ਵਾਲੇ ਪਾਸੇ। ਕਾਹੀ ਦਾ ਝੱਲ ਹੀ ਝੱਲ ਖੜਾ ਸੀ। ਸੂਰ, ਗਿੱਦੜ, ਹਿਰਨ, ਬੜੇ ਹੁੰਦੇ ਸੀ ਡਾਰਾਂ ਦੀਆਂ ਡਾਰਾਂ। ਸੂਏ ਦੇ ਨਾਲ ਨਾਲ ਨੜੇ ਹੀ ਨੜੇ ਸੀ। ਏਧਰ ਹਾੜੀਆ ਤੇ ਇਰਾਕ ਵਾਲੇ ਪਾਸੇ ਤਾਂ ਕਾਹੀ ਦੇ ਨਾਲ ਨੜਿਆਂ ਦਾ ਜੰਗਲ ਹੀ ਸੀ। ਗੋਡੇ ਗੋਡੇ ਪਾਣੀ ‘ਚੋਂ ਨੜੇ ਵੱਢ ਕੇ ਲਿਆਂਦੇ ਸੀ ਬਾਲਣ ਲਈ।’ ਬਜੁਰਗ ਨੇ ਇਕੋ ਸਾਹ ਹੀ ਪਿੰਡ ਦੇ ਦੋ ਪਾਸਿਆਂ ਦੀ ਜ਼ਮੀਨ ਦੀ ਹਾਲਤ ਦੱਸ ਦਿੱਤੀ।
‘ਸਾਰਾ ਕੁੱਝ ਸਾਫ਼ ਹੋ ਗਿਆ ਜੀ ਹੁਣ ਤਾਂ, ਨਾ ਕਾਹੀ ਰਹੀ ਐ ਨਾ ਹੀ ਨੜੇ। ਸੇਗਲ ਵੀ ਚੱਕੀ ਗਈ ਹੈ। ਟਰੈਕਟਰਾਂ ਨਾਲ ਸਾਰੀ ਜ਼ਮੀਨ ਆਬਾਦ ਹੋ ਗਈ ਹੈ। ਹੁਣ ਤਾਂ ਜਿਧਰ ਵੇਖੋ ਕਣਕ-ਝੋਨੇ ਦੇ ਖੇਤ ਹੀ ਦਿਸਦੇ ਆ। ਪਾਣੀ ਬੀਹ ਬੀਹ ਫੁੱਟ ਥੱਲੇ ਚਲਿਆ ਗਿਆ ਝੋਨੇ ਕਰਕੇ।
‘ਅੱਛਾ` ਬਜ਼ੁਰਗ ਨੇ ਬੜੇ ਹੀ ਅਚੰਭੇ ਨਾਲ ਕਿਹਾ ਜਿਵੇਂ ਉਸਨੂੰ ਯਕੀਨ ਨਾ ਹੋਵੇ। ‘ਅਸੀਂ ਤਾਂ ਡੰਗਰ ਚਾਰਦੇ ਪਾਣੀ ਪੀਣ ਲਈ ਹੱਥ ਨਾਲ ਹੀ ਮਿੱਟੀ ਪੁੱਟਦੇ ਸੀ ਤਾਂ ਪਾਣੀ ਸਿੰਮ ਆਂਦਾ ਸੀ’
‘ਅੱਬਾ ਦੱਸਦੇ ਹੁੰਦੇ ਆ ਬਈ ਐਡਾ ਵੱਡਾ ਝੱਲ ਆ ਜੇ ਚਰਦੇ ਚਰਦੇ ਡੰਗਰ ਵਿਚ ਵੜ ਜਾਂਦੇ ਸੀ ਤਾਂ ਲੱਭਦੇ ਨੀ ਸੀ ਹੁੰਦੇ। ਆਪੇ ਦਿਨ ਛਿਪੇ ਤੋਂ ਆ ਜਾਂਦੇ ਸੀ।’ ਅਲੀ ਮੇਰੇ ਤੋਂ ਝੱਲ ਬਾਰੇ ਯਕੀਨ ਦਹਾਨੀ ਚਾਹੁੰਦਾ ਸੀ ਕਿ ਕਿਤੇ ਉਸਦਾ ਅੱਬਾ ਐਵੇਂ ਤਾਂ ਗੱਲਾਂ ਨਹੀਂ ਸੁਣਾਈ ਗਿਆ।
‘ਦੱਖਣ ਵਾਲੇ ਪਾਸੇ ਰੇਤੇ ਦੇ ਬੜੇ ਉਚੇ ਉਚੇ ਟਿੱਬੇ ਸੀ। ਬਹੁਤ ਮੂੰਗਫਲੀ ਹੁੰਦੀ ਸੀ ਰੇਤਲੇ ਇਲਾਕੇ ਵਿਚ। ਨੇਰੀਆਂ ਵਗਦੀਆਂ ਤਾਂ ਰਸਤੇ ਭਰ ਜਾਂਦੇ ਰੇਤੇ ਨਾਲ। ਮੂਹਰੇ ਬੰਦੇ ਕਹੀਆਂ, ਜਿੰਦਿਆਂ ਨਾਲ ਰੇਤੇ ਨੂੰ ਪਹੇ ਵਿਚੋਂ ਹਟਾਉਂਦੇ ਤਾਂ ਕਿਤੇ ਜਾ ਕੇ ਗੱਡੇ ਸਰਕ ਸਰਕ ਕੇ ਚਲਦੇ। ਬਲਦਾਂ ਦੀ ਬੱਸ ਹੋ ਜਾਂਦੀ ਸੀ।’ ਬਜ਼ੁਰਗ ਦਾ ਦਿਲ ਭਰਿਆ ਪਿਆ ਸੀ ਆਪਣੇ ਪਿੰਡ ਦੀਆਂ ਗੱਲਾਂ ਨਾਲ।
‘ਜਿੰਨਾ ਚਿਰ ਰੇਤੇ ਵਿਚ ਮੂੰਗਫਲੀ ਹੁੰਦੀ ਰਹੀ ਲੋਕ ਬੜੇ ਸੁਖੀ ਸੀ। ਨਿਰੀ ਆਮਦਨ ਦੀ ਫਸਲ ਸੀ। ਮੂੰਗਫਲੀ ਹੋਣੋ ਹਟ ਗਈ ਤੇ ਲੋਕਾਂ ਖੇਤ ਪੱਧਰ ਕਰਕੇ ਰੇਤੇ ਵਿਚ ਵੀ ਝੋਨਾ ਗੱਡ ਤਾ। ਤਾਇਆ ਜੀ ਟਿੱਬੇ ਤਾਂ ਇਕ ਪਾਸੇ ਮੁੱਠੀ ਭਰ ਰੇਤਾ ਵੇਖਣ ਨੂੰ ਨਹੀਂ ਰਿਹਾ।’
‘ਯਾ ਮੇਰੇ ਖੁਦਾ ਤੇਰੀਆਂ ਤੂੰਹੀ ਜਾਣੇ` ਬਜੁLਰਗ ਟਿੱਬਿਆਂ ਤੋਂ ਬਿਨਾਂ ਇਲਾਕੇ ਦਾ ਤਸੱਵਰ ਕਰ ਰਿਹਾ ਸੀ।
‘ਸਿੱਖ ਵਾਕਿਆ ਹੀ ਬਹੁਤ ਮਿਹਨਤੀ ਨੇ। ਪਹਿਲਾਂ ਅੰਗਰੇਜ਼ਾਂ ਨੇ ਇਨ੍ਹਾਂ ਤੋਂ ਬਾਰ ਅਬਾਦ ਕਰਾਈ ਸੀ।’ ਅਲੀ ਪੂਰਬੀ ਪੰਜਾਬ ਦੀ ਤਰੱਕੀ ਬਾਰੇ ਕੁਝ ਜਿਆਦਾ ਹੀ ਸੋਚਦਾ ਸੀ। ਇਸ ਤਰੱਕੀ ਨੇ ਜੋ ਨੁਕਸਾਨ ਕੀਤੇ ਅਤੇ ਕਰਨੇ ਹਨ, ਜਿਨ੍ਹਾਂ ਦਾ ਖਮਿਆਜਾ ਏਸ ਇਲਾਕੇ ਦੀਆਂ ਪੀੜ੍ਹੀਆਂ ਨੇ ਭੁਗਤਣਾ, ਉਨ੍ਹਾਂ ਤੋਂ ਉਹ ਅਣਜਾਣ ਸੀ।
‘ਮੁਸਲਮਾਨ ਤਾਂ ਪਿੰਡੋਂ ਸਾਰੇ ਇਕੱਠੇ ਹੀ ਚਲੇ ਗਏ ਸਨ। ਸਿੱਖ ਸਾਡੇ ਪਿੰਡ ਵਿਚ ਕੋਈ ਨਹੀਂ ਸੀ ਪਰ ਇਕ ਘਰ ਤਖਾਣਾਂ ਦਾ ਸੀ, ਇੰਨਾਂ ਦਾ ਵੱਡਾ ਮੁੰਡਾ ਚਾਨਾ ਮੇਰਾ ਹਾਣੀ ਸੀ, ਬੜਾ ਜਿੱਦੀ ਸੀ। ਚੂਹੜਿਆਂ ਦਾ ਇਕੋ ਘਰ ਸੀ, ਉਹਦੇ ਚਾਰ ਮੁੰਡੇ ਤੇ ਤਿੰਨ ਕੁੜੀਆਂ ਸੀ। ਵੱਡੇ ਦੋ ਜੌੜੇ ਮੇਰੇ ਤੋਂ ਸਾਲ ਕੁ ਵੱਡੇ ਸਨ। ਤਿੰਨ ਚਾਰ ਘਰ ਚਮਾਰਾਂ ਦੇ ਵੀ ਸਨ। ਮਸੀਂ ਬੀਹ ਕੁ ਘਰਾਂ ਦਾ ਪਿੰਡ ਸੀ। ’
‘ਤਾਇਆ ਜੀ ਮੈਨੂੰ ਪਤਾ ਲੱਗਿਆ ਕਿ ਅਜ਼ਾਦੀ ਤੋਂ ਪਹਿਲਾਂ ਪਿੰਡ ਦਾ ਸਕੂਲ ਛੇਵੀਂ ਤੱਕ ਸੀ’
‘ਆਹੋ ਸਾਲ ਪਹਿਲਾਂ ਹੀ ਬਣਿਆ ਸੀ ਅੱਠਵੀਂ ਤੱਕ। ਛੇਵੀ ਜਮਾਤ ਚਾਲੂ ਹੋ ਗਈ ਸੀ’
‘ਅੱਠਵੀਂ ਤੱਕ` ਮੈਨੂੰ ਹੈਰਾਨੀ ਹੋਈ ਕਿ ਅਜ਼ਾਦੀ ਤੋਂ ਬਾਅਦ ਸਾਡਾ ਇਹ ਸਕੂਲ ਫਿਰ ਕਿਵੇਂ ਪ੍ਰਾਇਮਰੀ ਬਣ ਗਿਆ। ‘ਤਾਇਆ ਜੀ ਤੁਸੀਂ ਕਿੰਨੀਆਂ ਪੜ੍ਹੇ ਓ।’
‘ਮੈਂ ਚੌਥੀ `ਚੋਂ ਹੱਟ ਗਿਆ ਸੀ। ਪੰਜ ਤਾਂ ਕੋਈ ਕੋਈ ਹੀ ਟੱਪਦਾ ਸੀ। ਨੇੜੇ-ਤੇੜੇ ਦੇ ਅੱਠ ਪਿੰਡਾਂ ‘ਚੋਂ ਸਿਰਫ ਸਾਡੇ ਪਿੰਡ ਹੀ ਸਕੂਲ ਹੁੰਦਾ ਸੀ।’ ਉਹਦੇ ਮੂੰਹੋਂ ‘ਸਾਡੇ ਪਿੰਡ’ ਸ਼ਬਦ ਇਸ ਤਰ੍ਰਾਂ ਨਿਕਲਿਆ ਜਿਵੇਂ ਇਸ ਵਕਤ ਉਸ ਪਿੰਡ ਵਿਚ ਹੀ ਬੈਠਾ ਹੋਵੇ।
‘ਫਿਰ ਤਾਂ ਬਹੁਤ ਜੁਆਕ ਹੋਣਗੇ ਸਕੂਲ ਵਿਚ’ ਸਕੂਲ ਪੜ੍ਹਦੇ ਅਲੀ ਦੇ ਛੋਟੇ ਮੁੰਡੇ ਨੇ ਵੀ ਰੁਚੀ ਵਿਖਾਈ।
‘ਬੜੇ ਘੱਟ ਜੁਆਕ ਹੁੰਦੇ ਸੀ। ਕਿਸੇ ਕਿਸੇ ਘਰ ਦਾ ਕੋਈ ਜੁਆਕ ਪੜ੍ਹਦਾ ਸੀ। ਸਾਡੇ ਨਾਲ ਪਿੰਡ ‘ਚੋਂ ਸਿਰਫ ਤਖਾਣਾਂ ਦੇ ਦੋ ਮੁੰਡੇ ਹੀ ਪੜ੍ਹਦੇ ਸੀ। ਇਹੀ ਹਾਲ ਬਾਕੀ ਪਿੰਡਾਂ ਦਾ ਸੀ। ਇਕੋ ਹੀ ਮੁਣਸ਼ੀ ਹੁੰਦਾ ਸੀ। ਪੜ੍ਹਾਈ ਦੀ ਕੀਮਤ ਤਾਂ ਇਥੇ ਆ ਕੇ ਪਤਾ ਲੱਗੀ ਆ।
‘ਸਕੂਲ ਤਾਂ ਅਜ਼ਾਦੀ ਤੋਂ ਬਾਅਦ ਪਿਛੇ ਨੂੰ ਮੁੜ ਕੇ ਪੰਜਵੀਂ ‘ਤੇ ਹੀ ਆ ਗਿਆ। ਜਿਹੜੇ ਪਿੰਡਾਂ ‘ਚ ਸਕੂਲ ਨਹੀਂ ਸਨ ਉਥੇ ਹੁਣ ਮਿਡਲ ਤੇ ਹਾਈ ਬਣੇ ਹੋਏ ਨੇ। ਜੱਟ ਆਪਦੇ ਬੱਚੇ ਪਬਲਿਕ ਸਕੂਲਾਂ ‘ਚ ਭੇਜ ਪੈਸਾ ਪੱਟੀ ਜਾ ਰਹੇ ਆ ਤੇ ਸਰਕਾਰੀ ਸਕੂਲਾਂ ਵਿਚ ਗਰੀਬਾਂ ਦੇ, ਯੂਪੀ ਤੇ ਬਿਹਾਰੀ ਬੱਚੇ ਪੜ੍ਹਦੇ ਨੇ। ’
‘ਮੇਰਾ ਹਾਣੀ ਕੋਈ ਹੈਗਾ’
‘ਚਾਨਾ ਤਾਂ ਤਿੰਨ ਕੁ ਸਾਲ ਹੋਗੇ ਰੱਬ ਨੂੰ ਪਿਆਰਾ ਹੋ ਗਿਆ ਸੀ। ਬਾਕੀ ਮੈਂ ਪਿੰਡੋਂ ਪਤਾ ਕਰਾਂਗਾ।’ ਤਾਏ ਦਾ ਹੌਕਾ ਨਿਕਲ ਗਿਆ। ਉਸ ਨੇ ਆਪਣਾ ਸਿਰ ਹੱਥਾਂ ਵਿਚ ਘੁੱਟ ਲਿਆ।
‘ਅੱਬਾ ਦੱਸਦੇ ਹੁੰਦੇ ਆ ਕਿ ਇਸ ਪਿੰਡ ਦੀ ਮਸੀਤ ਵਰਗੀ ਮਸੀਤ ਦਸ ਦਸ ਕੋਹਾਂ ਤੱਕ ਨਹੀਂ ਸੀ। ਕਹਿੰਦੇ ਅੰਦਰ ਤੇ ਬਾਹਰ ਬਹੁਤ ਮੀਨਾਕਾਰੀ ਕੀਤੀ ਹੋਈ ਸੀ। ਪੰਜ ਪੀਰਾਂ ਤੇ ਬੜਾ ਭਾਰੀ ਮੇਲਾ ਲਗਦਾ ਸੀ। ਹੈਗੇ ਕਿ ਢਾਹ ਦਿੱਤ’ ਬੇਸ਼ਕ ਇਹ ਸੁਆਲ ਅਲੀ ਨੇ ਕੀਤਾ ਸੀ ਪਰ ਬਜੁਰਗ ਅਤੇ ਬਾਕੀ ਪਰਿਵਾਰ ਵੀ ਜੁਆਬ ਸੁਣਨ ਲਈ ਉਤਾਵਲੇ ਹੋ ਗਏ। ਮਸੀਤ ਦੇ ਉਪਰ ਅਰਨੇ-ਬਰਨੇ ਦਾ ਦਰੱਖਤ ਉਗ ਆਇਆ ਜਿਸ ਦੀਆਂ ਜੜਾਂ ਨੇ ਗੁੰਬਦ ਨੂੰ ਢਾਹ ਦਿੱਤਾ ਸੀ, ਪਰ ਮੈਂ ਇਹ ਗੱਲ ਲੁਕੋ ਗਿਆ ਕਿ ਇਨ੍ਹਾਂ ਦੇ ਮਨ ਨੂੰ ਠੇਸ ਪਹੁੰਚੇਗੀ।
‘ਪੀਰਾਂ ਵਾਲਾ ਫਰਸ਼ ਉਖੜ ਗਿਆ ਸੀ ਉਹ ਰੰਗ ਬਰੰਗੀਆਂ ਡੀਟੀਆਂ ਵਾਲਾ ਤਾਂ ਨਹੀਂ ਲੱਗਿਆ ਪਰ ਪੱਕਾ ਫਰਸ਼ ਬਣਾ ਦਿੱਤਾ ਹੈ। ਪੰਜਾਂ ਕਬਰਾਂ ‘ਤੇ ਵੀ ਟਾਈਲਾਂ ਲਾ ਕੇ ਉਪਰ ਲੈਂਟਰ ਵਾਲਾ ਪੱਕਾ ਹਾਲ ਬਣਾ ਦਿੱਤਾ ਹੈ ਪਿੰਡ ਵਾਲਿਆਂ ਨੇ। ਵੀਰਵਾਰ ਨੂੰ ਕਾਫੀ ਲੋਕ ਮੰਨਦੇ ਨੇ ਤੇ ਹਰ ਸਾਲ ਭਾਦੋਂ ਦੇ ਮਹੀਨੇ ਮੇਲਾ ਭਰਦਾ।’ ਇਹ ਸੁਣ ਕੇ ਅਲੀ ਅਤੇ ਉਸਦੇ ਮਾਂ-ਬਾਪ ਦੇ ਚਿਹਰੇ ਚਮਕ ਉਠੇ। ਮੈਨੂੰ ਯਾਦ ਆਇਆ ਕਿ ਫਰਸ਼ ਦੀਆਂ ਰੰਗ ਬਰੰਗੀਆਂ ਡੀਟੀਆਂ ਨਾਲ ਤਾਂ ਜੁਆਕ ਪੀਚੋ-ਬੱਕਰੀ ਤੇ ਹੋਰ ਖੇਡਾਂ ਖੇਡਿਆ ਕਰਦੇ ਸਨ।
‘ਪਿੰਡ ਵਿਚ ਪੁਰਾਣੇ ਘਰ ਤਾਂ ਨਹੀਂ ਹੋਣੇ ਪੁੱਤਰਾ? ਮੈਂ ਸਮਝ ਗਿਆ ਕਿ ਉਹ ਆਪਦੇ ਘਰ ਬਾਰੇ ਪੁੱਛਣਾ ਚਾਹੁੰਦਾ ਹੈ। ਮੈਂ ਸਿੱਧਾ ਹੀ ਪੁੱਛ ਲਿਆ, ‘ਤੁਹਾਡਾ ਘਰ ਕਿਥੇ ਕਰਕੇ ਸੀ ਤਾਇਆ ਜੀ’
ਉਨ੍ਹਾਂ ਦੇ ਦੱਸਣ ਅਨੁਸਾਰ, ਮੈਂ ਸਮਝ ਗਿਆ ਕਿ ਸਾਡਾ ਗੁਆਂਢੀ ਗਿੱਲ ਪਰਿਵਾਰ ਹੀ ਪਾਕਿਸਤਾਨ ਤੋਂ ਆ ਕੇ ਇਸ ਘਰ ਵਿਚ ਰਿਹਾ ਸੀ। ਅਤੇ ਹੁਣ ਉਥੇ ਬੰਦ ਪਈ ਸ਼ਾਨਦਾਰ ਕੋਠੀ ਲਿਸ਼ਕਾਂ ਮਾਰ ਰਹੀ ਸੀ। ਪਰਿਵਾਰ ਸਾਰਾ ਕਨੇਡਾ ਵੱਸ ਗਿਆ ਸੀ।
‘ਬਿਲਕੁਲ ਏਹੀ ਆ` ਜਦੋਂ ਮੈਂ ਮਕਾਨ ਦੀਆਂ ਨਿਸ਼ਾਨੀਆਂ ਦੱਸੀਆਂ ਤਾਂ ਬਜੁਰਗ ਦਾ ਚਿਹਰਾ ਖਿੜ ਉਠਿਆ। ਪਰ ਮੈਂ ਉਨ੍ਹਾਂ ਦਾ ਮਨ ਰੱਖਣ ਲਈ ਝੂਠ ਦਾ ਸਹਾਰਾ ਲਿਆ। ਦੱਸਿਆ ਕਿ ਇਸ ਮਕਾਨ ਵਿਚ ਤਾਂ ਪਾਕਿਸਤਾਨੋਂ ਆ ਕੇ ਸਾਡੇ ਛੋਟੇ ਬਾਬੇ ਦਾ ਪਰਿਵਾਰ ਰਿਹਾ ਸੀ। ਪਰਿਵਾਰ ਵੱਡਾ ਹੋਣ ਕਰਕੇ ਉਥੇ ਸਰਦਾ ਨਹੀਂ ਸੀ। ਉਨ੍ਹਾਂ ਖੇਤ ਵਿਚ ਘਰ ਪਾ ਲਿਆ ਸੀ ਤੇ ਇਥੇ ਮਾੜਾ ਮੋਟਾ ਪੁਰਾਣਾ ਸਮਾਨ ਹੀ ਪਿਆ ਹੈ। ਆਪਦੇ ਘਰ ਨੂੰ ਸੁਰੱਖਿਅਤ ਸੁਣ ਕੇ ਬਜੁਰਗ ਦੇ ਚਿਹਰੇ ਤੇ ਪਈਆਂ ਝੁਰੜੀਆਂ ਵਿਚੀਂ ਵੀ ਖੁਸ਼ੀ ਬਾਹਰ ਦਿਸ ਰਹੀ ਸੀ।
‘ਜਿਉæਂਦਾ ਰਹਿ ਪੁੱਤਰਾ, ਅੱਲਾ ਤੈਨੂੰ ਲੰਮੀਆਂ ਉਮਰਾਂ ਦੇਵੇ। ਕੀ ਕੰਮ ਕਰਦਾਂ ਇਥੇ’
‘ਟੈਕਸੀ ਚਲਾਉਨਾ ਤਾਇਆ ਜੀ। ਦੋ ਸਾਲ ਹੋਗੇ ਗਰੀਨ ਕਾਰਡ ਮਿਲ ਗਿਆ ਸੀ। ਪਹਿਲਾਂ ਗੈਸ ਸਟੇਸ਼ਨ ਤੇ ਲੱਗਿਆ ਰਿਹਾਂ।’
‘ਕਮਾਈ ਵਧੀਆ ਹੈਗੀ ਇਸ ਕੰਮ ਵਿਚ। ਮੈਂ ਤਾਂ ਕੰਸਟਰਕਸ਼ਨ ਦੀ ਕੰਪਨੀ ਬਣਾਈ ਸੀ ਉਹ ਹੁਣ ਅਲੀ ਨੂੰ ਸੰਭਾਲ ਤੀ ਆ। ’
‘ਤੁਸੀਂ ਤਾਂ ਹੁਣ ਵਧੀਆ ਅਰਾਮ ਦੀ ਜ਼ਿੰਦਗੀ ਗੁਜ਼ਾਰੋ।’
‘ਉਹ ਹਾਥੀ ਵਾਲੀ ਕਹੌਤ ਨੂੰ ਮੈਂ ਇਉਂ ਕਹਿਨਾ ਹੁੰਨਾ ਇਥੇ, ਜੁਆਨ ਲੱਖ ਦਾ ਤੇ ਬੁੱਢਾ ਸਵਾ ਲੱਖ ਦਾ, ਇਕ ਹਜ਼ਾਰ ਪੈਨਸ਼ਨ ਆ, ਤਿੰਨ ਸੌ ਫੂਡ ਲਈ ਤੇ ਡੇਢ ਸੌ ਕੈਸ਼ ਹਰ ਮਹੀਨੇ ਕਾਰਡ ‘ਚ ਆਪੇ ਆ ਜਾਂਦੇ ਨੇ। ਦਵਾਈਆਂ ਤੇ ਇਲਾਜ ਫਰੀ ਹੀ ਆ। ਦੋ ਹਜ਼ਾਰ ਮੇਰੀ ਹੋਮ ਕੇਅਰ ਦਾ ਪੋਤੀ ਕੁੱਟ ਲੈਂਦੀ ਹੈ ਤੇ ਨਾਲੇ ਬੈਂਕ ਦੀ ਡਿਊਟੀ ਕਰ ਆਉਂਦੀ ਆ। ਅਲੀ ਦੀ ਬੀਵੀ ਆਪਦੀ ਸੱਸ ਦਾ ਸਤਾਰਾਂ ਸੌ ਲੈ ਲੈਂਦੀ ਹੈ ਤੇ ਰਾਤ ਨੂੰ ਏਅਰਪੋਰਟ ‘ਤੇ ਡਿਊਟੀ ਕਰਦੀ ਆ। ਬੁੱਢੇ ਤਾਂ ਇਥੇ ਡਾਲਰਾਂ ਦੀਆਂ ਖਾਣਾਂ ਹੀ ਨੇ। ’ ਤਦੇ ਤਾਂ ਧੀਆਂ-ਪੁੱਤ ਮਾਪਿਆਂ ਨੂੰ ਇਥੋਂ ਜਾਣ ਨਹੀਂ ਦਿੰਦੇ। ਨਾਲੇ ਇਸੇ ਲਾਲਚ ਕਰਕੇ ਸੇਵਾ-ਸੰਭਾਲ ਹੋਈ ਜਾਂਦੀ ਹੈ। ਮੇਰੇ ਦਿਮਾਗ ਨੇ ਉਨ੍ਹਾਂ ਦੀ ਗੁੱਝੀ ਆਮਦਨ ਸੁਣ ਕੇ ਸੋਚਿਆ।
‘ਅਮਰੀਕਾ ਆਇਆਂ ਕਿੰਨਾ ਚਿਰ ਹੋ ਗਿਆ ਤਾਇਆ ਜੀ’
‘ਇਥੇ ਆਏ ਨੂੰ ਤਾਂ ਤੀਹ ਕੁ ਸਾਲ ਹੀ ਹੋਏ ਨੇ, ਪਰ ਘਰੋਂ ਨਿਕਲੇ ਨੂੰ ਪੰਜਾਹ ਹੋਗੇ।’
‘ਪਹਿਲਾਂ ਕਿਥੇ ਰਹੇ’ ਮੈਨੂੰ ਲੱਗ ਰਿਹਾ ਸੀ ਕਿ ਬਜੁਰਗ ਨੇ ਬੜੇ ਪਾਪੜ ਵੇਲੇ ਆ।
‘ਪਹਿਲਾਂ ਡੁਬਈ ਰਿਹਾ ਪੰਦਰਾਂ ਸਾਲ, ਇਥੇ ਜੱਟ ਤੋਂ ਮਿਸਤਰੀ ਬਣਿਆ। ਡੁਬਈ ਸਿਖਿਆ ਇਹ ਕੰਮ ਇਥੇ ਅਮਰੀਕਾ ਮੇਰੇ ਬੜਾ ਫਿਟ ਆਇਆ। ਫਿਰ ਤਿੰਨ ਸਾਲ ਸਾਊਦੀ ਅਰਬ ਰਿਹਾ। ਇਥੋਂ ਜਰਮਨ ਪਹੁੰਚ ਕੇ ਦੋ ਸਾਲ ਲੁਕ-ਛੁਪ ਕੇ ਕੱਢੇ ਤੇ ਫਿਰ ਘੁੰਮਦੇ-ਫਿਰਦੇ ਮੈਕਸੀਕੋ ਤੇ ਇਥੇ ਲੈ ਦੇ ਕੇ ਬਾਰਡਰ ਟੱਪ ਕੇ ਅਮਰੀਕਾ ‘ਚ ਘੁਸ ਗਏ।’
‘ਬੜੀ ਘਾਲਣਾ ਘਾਲੀ ਆ` ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ।
‘ਇਥੇ ਅੱਠ ਕੁ ਸਾਲ ਇਕ ਕੰਸਟਰੱਕਸਨ ਕੰਪਨੀ ਵਿਚ ਲੱਗਿਆ ਰਿਹਾ। ਕੰਮ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਆਪਦੀ ਕੰਪਨੀ ਖੋਲ੍ਹ ਲਈ। ਨਾਲ ਈ ਇਨ੍ਹਾਂ ਨੂੰ ਬੁਲਾ ਲਿਆ। ਫਿਰ ਚੱਲ ਸੋ ਚੱਲ।’
‘ਸਾਡੇ ਔਲਾਦ ਲਈ ਬੰਦਾ ਕਿੰਨੇ ਦੁੱਖ ਤਕਲੀਫਾਂ ਝੱਲਦਾ, ਗੋਰੇ ਭੋਰਾ ਪ੍ਰਵਾਹ ਨੀ ਕਰਦੇ।’ ਅਲੀ ਦੀ ਮਾਂ ਨੇ ਪਤੀ ਵੱਲੋਂ ਝੱਲੀਆਂ ਤਕਲੀਫਾਂ ਦਾ ਅਹਿਸਾਸ ਕਰਦਿਆਂ ਕਿਹਾ।
‘ਤਦੇ ਸੌਖੇ ਵੀ ਨੇ।’ ਅਲੀ ਦੇ ਮੂੰਹੋਂ ਇਹ ਸੁਣ ਕੇ ਮੈਂ ਸਮਝ ਗਿਆ ਕਿ ਉਹ ਪੱਛਮੀ ਰੰਗ ਵਿਚ ਰੰਗਿਆ ਗਿਆ ਹੈ।
ਮੈਂ ਸੋਚ ਰਿਹਾ ਸਾਂ ਕਿ ਮੈਂ ਹੁਣ ਇਸ ਘਰ ਵਿਚੋਂ ਵਿਦਾਇਗੀ ਕਿਵੇਂ ਲਵਾਂ। ਇੰਨੀ ਅਪਣੱਤ ਤਾਂ ਸਾਡੇ ਇਥੇ ਰਹਿੰਦੇ ਰਿਸ਼ਤੇਦਾਰਾਂ ਨੇ ਵੀ ਕਦੇ ਨਹੀਂ ਸੀ ਦਿਖਾਈ, ਜਿੰਨਾ ਪਿਆਰ ਤੇ ਸਤਿਕਾਰ ਮੈਨੂੰ ਇਸ ਅਣਜਾਣੇ ਘਰ ਵਿਚ ਮਿਲਿਆ। ਉਹ ਵੀ ਸੱਤ ਸਮੁੰਦਰੋਂ ਪਾਰ। ਸਨੇਹ ਦੀਆਂ ਬੇਸ਼ੁਮਾਰ ਤੰਦਾਂ ਵਿਚ ਮੈਂ ਲਿਪਟਿਆ ਜਾ ਚੁੱਕਾ ਸਾਂ। ਮੈਂ ਜਿਹੜਾ ਆਪਣੇ ਘਰੇਲੂ ਕੱਪੜਿਆਂ ਕਰਕੇ ਇਸ ਘਰ ਵਿਚ ਆਉਣ ਤੋਂ ਹਿਚਕਚਾ ਰਿਹਾ ਸਾਂ, ਹੁਣ ਇਸ ਘਰ ਵਿਚੋਂ ਬਾਹਰ ਜਾਣ ਤੋਂ ਡਰ ਰਿਹਾ ਸਾਂ। ਮੈਂ ਜਾਣਦਾ ਸਾਂ ਕਿ ਜਦੋਂ ਹੀ ਤੁਰਨ ਦੀ ਕੋਸ਼ਿਸ਼ ਕੀਤੀ ਮੇਰਾ ਭਰਿਆ ਗੱਚ ਅੱਖਾਂ ਰਾਹੀਂ ਬਾਹਰ ਆ ਜਾਵੇਗਾ। ਇਸ ਘਰ ਦੇ ਮੋਹ ਦੇ ਸੰਗਲ ਮੇਰੇ ਗਿੱਟਿਆਂ ਦੁਆਲੇ ਆਪਣੇ ਆਪ ਹੀ ਵਲੇਟੇ ਗਏ ਸਨ। ਇਹ ਸਾਡੇ ਸਾਂਝੇ ਭਾਈਚਾਰੇ ਦੇ ਸੰਗਲ ਸਨ। ਇਹ ਸਾਡੇ ਸਾਂਝੇ ਪੰਜਾਬੀ ਮੋਹ ਦੇ ਸੰਗਲ ਸਨ। ਇਹ ਸਾਡੀ ਸਾਂਝੀ ਧਰਤੀ ਦੇ ਸੰਗਲ ਸਨ।
‘ਤਾਇਆ ਜੀ ਤੁਹਾਡਾ ਨਾਂ ਕੀ ਆ, ਘਰੇ ਤੁਹਾਡੇ ਬਾਰੇ ਦੱਸਾਂਗਾ।’
‘ਮੇਰਾ ਨਾਂ ਤਾਂ ਮੁਹੰਮਦ ਜਾਵੇਦ ਸੰਧੂ ਆ, ਊਂ ਜੀਦਾ ਆਖਦੇ ਸੀ ਸਾਰੇ, ਪਿਓ ਦਾ ਨਾਂ ਰਸੂਲ ਸੀ।’
‘ਵਹਿਣਾਂ ਵਿਚ ਵਹਿ ਕੇ, ਤੇਰਾ ਨਾਂ ਵੀ ਪੁੱਛਣਾ ਭੁੱਲ ਗਏ ਪੁੱਤਰਾ’
‘ਮੇਰਾ ਨਾਂ ਤਾਂ ਅਲਬੇਲ ਸਿੰਘ ਢਿੱਲੋਂ ਹੈ, ਪਿੰਡ ਬਿੱਲੂ ਕਹਿੰਦੇ ਸੀ ਇਥੇ ਐਲਸ ਬਣ ਗਿਆ। ’
‘ਮੈਂ ਤਾਂ ਕਹਿਨਾ ਜਿਉਂਦਾ ਰਹੇ ਅਮਰੀਕਾ, ਇਹਨੇ ਪਿੱਛੇ ਸਾਨੂੰ ਜਿਉਂਦਿਆਂ ਵਿਚ ਕਰਤਾ। ਨਹੀਂ ਤਾਂ ਮਿੱਟੀ ਨਾਲ ਮਿੱਟੀ ਹੋਏ ਰਹੀ ਦਾ ਸੀ। ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਸੀ। ’ ਤਾਈ ਨੇ ਖੇਤੀ ਦੇ ਧੰਧੇ ਦੀ ਸਚਾਈ ਬਿਆਨ ਦਿੱਤੀ ਸੀ। ਦੋਨਾਂ ਪੰਜਾਬਾਂ ਵਿਚ ਕਿਸਾਨ ਦੀ ਹਾਲਤ ਇਕੋ ਜਿਹੀ ਹੀ ਆ।
‘ਅੱਲਾ ਸੱਭ ਨੂੰ ਸੁਮੱਤ ਦੇਵੇ, ਸੰਤਾਲੀ ਕਿਸੇ ਵੀ ਦੇਸ਼ ‘ਤੇ ਨਾ ਆਵੇ। ਬਹੁਤ ਦੁੱਖ ਭੋਗਿਆ ਦੋਨਾਂ ਪਾਸਿਆਂ ਨੇ।’ ਤਾਏ ਦਾ ਗੱਚ ਭਰਿਆ ਹੋਇਆ ਸੀ। ਤਾਈ ਨੇ ਵੀ ਚੁੰਨੀ ਨਾਲ ਅੱਖਾਂ ਦੇ ਕੋਏ ਸਾਫ ਕੀਤੇ।
‘ਊਂ ਹਾਂ ਤਾਂ ਮੈਂ ਅਭਾਗਾ ਹੀ। ਪਾਕਿਸਤਾਨੋ ਚੱਲ ਕੇ ਕਿੰਨੇ ਮੁਲਕ ਗਾਹੁੰਦਾ, ਅਮਰੀਕਾ ਤਾਂ ਆ ਗਿਆ ਪਰ ਆਪਣੇ ਪਿੰਡ, ਆਪਣੀ ਜਨਮ ਭੋਇੰ ਨਹੀਂ ਜਾ ਸਕਿਆ।`
‘ਹੋ ਸਕਦਾ ਤਾਇਆ ਜੀ ਅਸੀਂ ਵੀ ਜਾਂ ਸਾਡੇ ਬੱਚੇ ਵੀ ਨਾ ਵੇਖ ਸਕਣ, ਪਰ ਇਕ ਦਿਨ ਜਰੂਰ ਆਵੇਗਾ ਜਦੋਂ ਵਾਹਗੇ ਵਾਲੀ ਲਕੀਰ ਮਿਟ ਜਾਵੇਗੀ।’
‘ਜ਼ਰੂਰ ਮਿਟੇਗੀ ਜੇ ਬਰਲਿਨ ਦੀ ਕੰਧ ਡਿੱਗ ਸਕਦੀ ਹੈ ਤਾਂ ਇਕ ਦਿਨ ਇਹ ਲਕੀਰ ਵੀ ਨਹੀਂ ਰਹੇਗੀ।’ ਬੈਂਕ ਵਾਲੀ ਕੁੜੀ ਨੇ ਅੰਦਰ ਵੜਦੇ ਹੀ ਕਿਹਾ। ਮੈਨੂੰ ਫਿਰ ਯਾਦ ਆਇਆ ਕਿ ਬਹੁਤ ਸਮਾਂ ਹੋ ਗਿਆ ਹੈ, ਹੁਣ ਚਲਣਾ ਚਾਹੀਦਾ ਹੈ।
‘ਪੁੱਤਰਾ ਉਹ ਬਹੁਤ ਭਾਗਾਂ ਵਾਲਾ ਦਿਨ ਹੋਵੇਗਾ। ਮੈਂ ਕਹਿਨਾਂ ਸਿਰਫ ਮੈਂ ਹੀ ਨਹੀਂ ਕਹਿੰਦਾ ਮੇਰਾ ਦਿਲ ਜਾਣਦਾ ਕਿ ‘ਸਾਰਾ ਪੰਜਾਬ’ ਚਾਹੁੰਦਾ, ਉਹ ਸੁਭਾਗਾ ਦਿਨ ਜਲਦ ਆਵੇ। ਪੁੱਤਰਾ ਤੂੰ ਮਿਲ ਗਿਆਂ, ਮੈਂ ਆਪਦੇ ਪਿੰਡ ਦੀ ਮਿੱਟੀ ਦਾ ਜਗਦਾ ਦੀਵਾ ਵੇਖ ਲਿਆ। ਸਮਝ ਲਿਆ ਕਿ ਮੈਂ ਆਪਣੇ ਪਿੰਡ ਹੀ ਜਾ ਆਇਆਂ। ਹੁਣ ਮੈਂ ਅਭਾਗਾ ਨਹੀਂ ਵਡਭਾਗਾ ਹੋ ਗਿਆਂ।’
ਫੋਨ: 917-932-6439