ਗੁਲਜ਼ਾਰ ਸਿੰਘ ਸੰਧੂ
ਪਾਕਿਸਤਾਨ ਫੇਰੀ ਉੱਤੇ ਜਾਈਏ ਤਾਂ ਉਥੋਂ ਦੀਆਂ ਸੜਕਾਂ ਕੰਢੇ ਰੁੱਖਾਂ ਅਤੇ ਇਨ੍ਹਾਂ ਉੱਤੇ ਚੱਲਣ ਵਾਲੇ ਚਾਰ ਪਹੀਆ ਵਾਹਨਾਂ ਦੀ ਘਾਟ ਰੜਕਦੀ ਹੈ| ਸੜਕਾਂ ਭੈਡੀਆਂ ਹਨ ਤੇ ਕਾਰਾਂ ਟਾਵੀਆਂ ਟਾਵੀਆਂ| ਏਧਰਲੇ ਪੰਜਾਬ ਦੀ ਉੱਨਤੀ ਵੀ ਚੇਤੇ ਆਉਂਦੀ ਹੈ ਅਤੇ ਖਾਲਿਸਤਾਨੀ ਮੰਗ ਦਾ ਖੋਖਲਾਪਨ ਵੀ|
ਇਹ ਗੱਲ ਵੱਖਰੀ ਹੈ ਕਿ ਏਧਰ ਦੇ ਸੜਕ ਹਾਦਸੇ ਉਪ੍ਰੋਕਤ ਫਖ਼ਰ ਦੀ ਫੂਕ ਕੱਢ ਦਿੰਦੇ ਹਨ| ਉੱਤਰ ਪ੍ਰਦੇਸ਼ ਵਾਲੇ ਖਾਸ ਕਰਕੇ| ਭਾਰਤ ਦੀਆਂ ਕੁੱਲ ਸੜਕਾਂ ਵਿਚੋਂ ਕੇਵਲ ਪੰਜ ਪ੍ਰਤੀਸ਼ਤ ਹਾਈਵੇਅਜ਼ ਹਨ ਪਰ ਇਨ੍ਹਾਂ ਉੱਤੇ ਹੋਣ ਵਾਲੀਆਂ ਮੌਤਾਂ ਦੀ ਪ੍ਰਤੀਸ਼ਤ 60 ਹੈ|
ਸੜਕ ਬਣਾਉਣ ਵਾਲਿਆਂ ਦੀ ਲਾਪ੍ਰਵਾਹੀ ਤੇ ਬੇਈਮਾਨੀ ਵੀ ਰੜਕਦੀ ਹੈ ਅਤੇ ਮੁਰੰਮਤ ਕਰਨ ਵਾਲਿਆਂ ਦੀ ਅਣਗਹਿਲੀ ਵੀ| ਹਾਦਸੇ ਸ਼ਿਕਾਰ ਹੋਣ ਵਾਲਿਆਂ ਲਈ ਸਥਾਪਤ ਕੀਤੇ ਗਏ ਟਰਾਮਾ ਸੈਂਟਰ ਵੀ ਨਾਂ-ਮਾਤਰ ਹਨ| ਜਿਹੜੇ ਹਨ ਉਨ੍ਹਾਂ ਵਿਚ ਲੋੜੀਂਦੀਆਂ ਸਹੂਲਤਾਂ ਨਹੀਂ| ਮਾੜੀ ਗੱਲ ਇਹ ਕਿ ਏਥੋਂ ਦੇ ਡਰਾਈਵਰ ਹੀ ਨਹੀਂ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ| ਡਰਾਈਵਰ ਗਲਤ ਸਾਈਡ ਤੋਂ ਮੋੜ ਕੱਟ ਕੇ ਪੈਟਰੋਲ ਬਚਾਉਂਦੇ ਹਨ, ਰੇੜ੍ਹੇ ਵਾਲੇ ਲਾਲ ਬੱਤੀ ਤੋਂ ਵਾਂਝਾ ਵਾਹਨ ਸੜਕ ਦੇ ਕੰਢ ਖੜ੍ਹਾ ਕਰ ਕੇ ਤੁਰ ਜਾਂਦੇ ਹਨ ਤੇ ਪੁਲੀਸ ਚਲਾਮ ਕੱਟਣ ਦੀ ਥਾਂ ਪੈਸੇ ਲੈ ਕੇ ਤੋਰ ਦਿੰਦੀ ਹੈ| ਜਿੰਨੀ ਵੱਡੀ ਗੱਡੀ ਓਨੀਆਂ ਹੀ ਗ਼ਲਤੀਆਂ| ਇਸ ਨੂੰ ਅਖਣ ‘ਜਿਸ ਕੀ ਲਾਠੀ ਉਸਕੀ ਭੈਂਸ’ ਦਾ ਵਰਤਮਾਨ ਬਦਲ ਵੀ ਕਹਿ ਸਕਦੇ ਹਾਂ| ਸਾਈਕਲਾਂ ਵਾਲੇ ਏਧਰ-ਓਧਰ ਤੱਕੇ ਬਿਨਾ ਉਂਗਲੀ ਜਾਂ ਹੱਥ ਦਾ ਇਸ਼ਾਰਾ ਕਰ ਕੇ ਮੋੜ ਕੱਟਦੇ ਫੋਰਾ ਨਹੀਂ ਲਾਉਂਦੇ| ਸਰਕਾਰਾਂ ਤੇ ਉਨ੍ਹਾਂ ਦੇ ਮੰਤਰੀ ਇਹ ਸਭ ਕੁਝ ਜਾਣਦੇ ਹਨ ਪਰ ਇਸਦੇ ਹੱਲ ਵੱਲ ਧਿਆਨ ਨਹੀਂ ਦਿੰਦੇ|
ਅੱਵਲ ਤੇ ਪੁਲ ਬਣਦੇ ਨਹੀਂ ਜੇ ਬਣ ਰਹੇ ਹੁੰਦੇ ਹਨ ਤਾਂ ਖਤਰੇ ਤੋਂ ਸਾਵਧਾਨ ਨਹੀਂ ਕਰਦੇ| ਪ੍ਰਮਾਣ ਵਜੋਂ ਬਰੇਲੀ ਤੋਂ ਬਦਾਈਉਂ ਵਿਚਕਾਰ ਇਕ ਪੁਲ ਦੀ ਉਸਾਰੀ 2018 ਵਿਚ ਸ਼ੁਰੂ ਹੋਈ ਸੀ ਪਰ ਅੱਧ ਵਿਚਕਾਰ ਇਸਦੇ ਨਿਰਮਾਣ ਦੀ ਜ਼ਿੰਮੇਵਾਰ ਪੀਡਬਲਯੂਡੀ ਨੇ ਲੈ ਲਈ| ਸਾਵਧਾਨੀ ਦਾ ਬੋਰਡ ਕਿਸੇ ਵੀ ਨਹੀਂ ਸੀ ਲਾਇਆ| ਨਵੰਬਰ ਮਹੀਨੇ ਦੁਰਘਟਨਾ ਵਾਪਰ ਗਈ| ਬਰੇਕਾਂ ਲਾਉਣ ਤੋਂ ਪਹਿਲਾਂ ਹੀ ਕਾਰ ਡਿੱਗ ਕੇ ਤਬਾਹ ਹੋ ਗਈ ਤੇ ਬੰਦੇ ਮਰ ਗਏ| ਦੋਸ਼ੀ ਬਚਣ ਦਾ ਰਾਹ ਜਾਣਦੇ ਹਨ| ਏਥੇ ਵੀ ਲੱਭ ਲੈਣਗੇ|
ਪ੍ਰਦੂਸ਼ਤ ਦਿੱਲੀ ਤੇ ਉੱਚਿਤ ਵਿਧੀਆਂ
ਮੈਂ ਕੱਲ੍ਹ ਹੀ ਦਿੱਲੀ ਤੋਂ ਪਰਤਿਆ ਹਾਂ| ਹੁਣ ਦਿੱਲੀ ਉਹ ਨਹੀਂ ਰਹੀ ਜਿਸ ਵਿਚ ਮੈਂ 1953 ਤੋਂ 1984 ਤੱਕ ਮੌਜਾਂ ਮਾਣੀਆਂ ਸਨ| ਏਨੀਆਂ ਕਿ ਚੰਡੀਗੜ੍ਹ ਆ ਕੇ ਪਿੱਛੇ ਛੱਡੀ ਦਿੱਲੀ ਦੀ ਯਾਦ ਸਤਾ ਰਹੀ ਸੀ| ਪਰ ਹੁਣ ਦਿੱਲੀ ਨੂੰ ਪੈਰ ਪੁੱਟਦਿਆਂ ਡਰ ਲਗਦਾ ਹੈ| ਪਰ ਜਾਏ ਬਿਨਾ ਵੀ ਨਹੀਂ ਰਿਹਾ ਜਾਂਦਾ| ਪ੍ਰਦੂਸ਼ਣ ਬਾਰੇ ਪੜ੍ਹਦੇ ਰਹਿਣ ਦਾ ਆਦੀ ਹਾਂ ਆਪਣੇ ਆਪ ਨੂੰ ਦਿੱਲੀ ਤੋਂ ਬਾਹਰ ਰਹਿ ਰਹੇ ਉਨ੍ਹਾਂ ਪਾੜ੍ਹਿਆਂ ਵਿਚੋਂ ਗਿਣਦਾ ਹਾਂ ਜਿਨ੍ਹਾਂ ਨੂੰ ਪ੍ਰਦੂਸ਼ਣ ਬਾਰੇ ਪੂਰੀ ਜਾਣਕਾਰੀ ਹੈ|
ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਵੱਲੋਂ ਹਵਾ ਦੀ ਕੁਆਲਿਟੀ ਸਬੰਧੀ ਜਾਰੀ ਕੀਤੇ ਗਏ ਸਰਵੇ ਦੀ ਰਿਪੋਰਟ ਆਈ ਹੈ| ਇਹ ਦੱਸਦੀ ਹੈ ਕਿ ਦੁਨੀਆਂ ਦੀ ਕੁੱਲ ਆਬਾਦੀ ਦੇ 99 ਪ੍ਰਤੀਸ਼ਤ ਲੋਕ ਅਜਿਹੀ ਹਵਾ ਵਿਚ ਸਾਹ ਲੈਂਦੇ ਹਨ ਜਿਸ ਦੀ ਕੁਆਲਿਟੀ ਸ਼ੁੱਧਤਾ ਦੇ ਮਾਪਦੰਡਾਂ ਉੱਤੇ ਪੂਰੀ ਨਹੀਂ ਉੱਤਰਦੀ| ਆਮ ਲੋਕਾਂ ਵੱਲੋਂ ਸਾਹ ਵਾਸਤੇ ਲਈ ਜਾਂਦੀ ਹਵਾ ਅਜਿਹੇ ਕਣਾਂ ਨਾਲ ਭਰਪੂਰ ਹੈ ਜੋ ਆਦਮੀ ਦੇ ਖ਼ੂਨ ਦੀਆਂ ਨਾੜੀਆਂ ਵਿਚ ਦਾਖ਼ਿਲ ਹੋ ਕੇ ਭਿਆਨਕ ਰੋਗਾਂ ਦਾ ਕਾਰਨ ਬਣਦੇ ਹਨ| ਦੇਸ਼ ਦੀ ਰਾਜਧਾਨੀ ਦਿੱਲੀ ਤੇ ਇਸਦੇ ਗੁਆਂਢੀ ਕਸਬੇ ਤੇ ਸ਼ਹਿਰ ਗਾਜ਼ੀਆਬਾਦ, ਨੋਇਡਾ ਤੇ ਫ਼ਰੀਦਾਬਾਦ ਦੇ ਅੰਕੜੇ ਅਤਿਅੰਤ ਦੁਖਦਾਈ ਹਨ|
ਦਿੱਲੀ ਦੁਨੀਆਂ ਭਰ ਦੀਆਂ ਰਾਜਧਾਨੀਆਂ ਨਾਲੋਂ ਪ੍ਰਦੂਸ਼ਤ ਗਰਦਾਨੀ ਗਈ ਹੈ| ਇਸਦਾ ਮੂਲ ਕਾਰਨ ਉਦਯੋਗਕ ਵਿਕਾਸ ਲਈ ਲੋੜੀਂਦੀ ਊਰਜਾ ਵਿਚ ਆਇਆ ਵਾਧਾ ਹੈ| ਖਾਸ ਕਰਕੇ ਫਰੀਦਾਬਾਦ ਤੋਂ ਗਾਜ਼ੀਆਬਾਦ ਵਿਚ ਇਸ ਵਿਚ ਸ਼ਹਿਰੀਕਰਨ ਵਾਲਾ ਵਾਧਾ ਵੀ ਸ਼ਾਮਲ ਕਰ ਲਈਏ ਤਾਂ ਭਾਰਤ ਅੱਜ ਊਰਜਾ ਦੀ ਖਪਤ ਕਰਨ ਵਾਲਾ ਦੁਨੀਆਂ ਦਾ ਤੀਜਾ ਦੇਸ਼ ਬਣ ਚੁੱਕਾ ਹੈ ਤੇ ਏਥੇ ਊਰਜਾ ਦੀ ਮੰਗ ਵੀ ਹਰ ਵਰ੍ਹੇ ਤਿੰਨ ਪ੍ਰਤੀਸ਼ਤ ਵਧ ਰਹੀ ਹੈ|
ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਉਦਯੋਗਪਤੀ ਤੇ ਉੱਚ ਅਧਿਕਾਰੀ ਰਲ-ਮਿਲ ਕੇ ਹੰਭਲਾ ਮਾਰਨ ਤਾਂ ਇਸਦੇ ਹੱਲ ਲੱਭ ਸਕਦਾ ਹੈ| ਉਹ ਤਾਂ ਊਰਜਾ, ਉਦਯੋਗ ਤੇ ਆਵਾਜਾਈ ਤੇ ਵਸੀਲਿਆਂ ਵਿਚ ਤਬਦੀਲੀ ਸਮੇਤ ਆਮ ਲੋਕਾਂ ਤੇ ਸਰਕਾਰਾ ਨੂੰ ਸੁਚੇਤ ਕਰਦੇ ਹਨ ਕਿ ਧੂੰਏਂ ਰਾਹੀਂ ਮਹੀਨ ਕਣ ਤੇ ਜ਼ਹਿਰੀਲੀ ਗੈਸ ਛਡਣ ਵਾਲੇ ਬਾਲਣਾਂ ਦੀ ਥਾਂ ਗਰੀਨ ਤੇ ਕਲੀਨ ਊਰਜਾ ਦੀ ਵਰਤੋਂ ਕਰਨ| ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਥਾਂ ਵਾਹਨਾਂ ਭਾਵ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਵਧਾਉਣੀ ਪਏਗੀ| ਸੂਰਜ ਤੋਂ ਪ੍ਰਾਪਤ ਹੁੰਦੀ ਊਰਜਾ ਸਾਫ਼-ਸੁਥਰੀ, ਮੁਫ਼ਤ ਅਤੇ ਭਰਪੂਰ ਮਾਤਰਾ ਵਿਚ ਉਪਲੱਬਧ ਹੁੰਦੀ ਹੈ, ਜਿਸ ਨੂੰ ਹਰੀ ਊਰਜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ|
ਸਰਕਾਰ ਵੱਲੋਂ ਛੱਤਾਂ ਉਤੇ ਸੋਰ ਪੈਨਲ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ| ਲੋੜ ਹੈ ਇਸ ਸਭ ਕੁਝ ਸਸਤਾ ਕਰ ਕੇ ਅਤੇ ਇਸ ਉੱਪਰ ਸਬਸਿਡੀ ਦੇ ਕੇ ਆਮ ਲੋਕਾਂ ਦੀ ਪਹੁੰਚ ਵਿਚ ਲਿਆਂਦਾ ਜਾਵੇ ਤੇ ਬਿਜਲੀ ਨਾਲ ਚੱਲਣ ਵਾਲੇ ਈ-ਵਾਹਨ ਵੀ ਸਸਤੇ ਕੀਤੇ ਜਾਣ| ਪੰਦਰਾਂ ਸਾਲਾਂ ਤੋਂ ਵੱਧ ਪੁਰਾਣੇ ਹੋ ਚੁੱਕੇ ਦੋ ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੇ ਮਾਲਕਾਂ ਨੂੰ ਵਾਹਨ ਬਦਲਣ ਲਈ ਸਸਤੇ ਦਰਾਂ `ਤੇ ਕਰਜ਼ੇ ਦਿੱਤੇ ਜਾਣ| ਮੈਂ ਇਹ ਵੀ ਜਾਣਦਾ ਹਾਂ ਕਿ ਮੇਰੇ ਲਿਖੇ ਵੱਲ ਕਿਸੇ ਨੇ ਧਿਆਨ ਨਹੀਂ ਦੇਣਾ| ਮੈਂ ਤਾਂ ਆਪਣੇ ਮਨ ਦੀ ਭੜਾਸ ਕੱਢੀ ਹੈ| ਜਿੱਥੋਂ ਤੱਕ ਦਿੱਲੀ ਦਾ ਸਬੰਧ ਹੈ ਨਾ ਮੈਂ ਦਿੱਲੀ ਦਾ ਮਾਰਗ ਤਿਆਗਣਾ ਹੈ ਤੇ ਨਾ ਪੜ੍ਹਨ-ਸੁਣਨ ਵਾਲਿਆਂ ਨੇ| ਫੇਰ ਵੀ…|
ਅੰਤਿਕਾ
ਮਿੱਟੀ ਮਲਸੀਆਨੀ ਦੀ ਖੁਸ਼ਬੋ।
ਬੰਦੇ ਖਾਣੀਆਂ ਮਾੜੀਆਂ ਸੜਕਾਂ,
ਬਈ ਹਾਕਮਾਂ ਜਹਾਜ਼ ਲੈ ਲਿਆ|
ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ,
ਤੇ ਰੱਬ ਰਾਖਾ ਦੁਨੀਆਂ ਦਾ|
