ਸੀਰੀਆ ਦੇ ਲੋਕਾਂ ਦੇ ਡਾਢੇ ਦੁਸ਼ਮਣ

ਪੀ.ਐਸ.ਰੋਡੇ
ਫੋਨ: 737-274-2370
ਅੱਠ ਦਸੰਬਰ ਤੋਂ ਪਹਿਲਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਸੀਰੀਆ ਦਾ ਜ਼ਾਲਮ ਰਾਸ਼ਟਰਪਤੀ ‘ਬਸਰ ਅਲ-ਅਸਾਦ’ ਇਸ ਤਰ੍ਹਾਂ ਜ਼ਲੀਲ ਹੋ ਕੇ ਅਤੇ ਅਚਾਨਕ ਦੇਸ਼ ਛੱਡ ਕੇ ਭੱਜ ਜਾਵੇਗਾ! ਕੋਈ ਨਹੀਂ ਸੀ ਜਾਣਦਾ ਕਿ ਸਿਰਫ ਗਿਆਰਾਂ ਦਿਨਾਂ ਦੀ ਲੜਾਈ, ਪਿਛਲੇ 53 ਸਾਲਾਂ ਤੋਂ ਚਲੇ ਆ ਰਹੇ ਇਕੋ ਪਰਿਵਾਰ ਦਾ ਰਾਜਵੰਸ਼ ਖਤਮ ਕਰ ਦੇਵੇਗੀ!

ਦੋ ਜੱਥੇਬੰਦੀਆਂ; ‘ਹੇਅਤ ਤਾਹੀਰ ਅਲ-ਸ਼ਾਮ’ ਅਤੇ ‘ਸੀਰੀਅਨ ਨੈਸ਼ਨਲ ਆਰਮੀ’ ਦੇ ਲੜਾਕੇ, ਇੰਨੀ ਤੇਜ਼ ਗਤੀ ਨਾਲ ਦੇਸ਼ ਦੀ ਰਾਜਧਾਨੀ ਦਮਸ਼ਕਤ ਵੱਲ ਵਧੇ ਕਿ ਉਨ੍ਹਾਂ ਦੇ ਦੋਸਤਾਂ/ਦੁਸ਼ਮਣਾਂ ਲਈ ਇਹ ਕਿਸੇ ਅਚੰਭੇ ਤੋਂ ਘੱਟ ਨਹੀਂ ਸੀ! ਤੇਰਾਂ ਸਾਲ ਪਹਿਲਾਂ 2011 ‘ਚ ਸੁLਰੂ ਹੋਈ ਸੀਰੀਅਨ ਸਿਵਲ ਵਾਰ ਦੇ ਇਸ ਤਰ੍ਹਾਂ ਅਚਾਨਕ ਜੇਤੂ-ਮੋੜ ਕੱਟ ਲੈਣ ਨੇ, ਅਸਿੱਧੇ ਢੰਗ ਨਾਲ ਸੀਰੀਆ ਦੀ ਸਿਵਲ-ਵਾਰ ‘ਚ ਉਲਝੀਆਂ ਸਾਮਰਾਜੀ ਤੇ ਰੀਜਨਲ ਪਿਛਾਖੜੀ ਸਰਕਾਰਾਂ ਦੇ ਮੁਖੀਆਂ ਲਈ ਭੰਬਲਭੂਸਾ ਖੜਾ ਕਰ ਦਿਤਾ ਕਿ ਉਹ ਇਸ ਇਤਿਹਾਸਕ ਘਟਨਾ ਸੰਬੰਧੀ ਮੀਡੀਏ ‘ਚ ਕਿਹੋ ਜਿਹਾ ਬਿਆਨ ਦੇਣ ਅਤੇ ਕੀ ਪੁਜ਼ੀਸ਼ਨ ਲੈਣ!
ਗੱਲ ਸਿਰਫ ਸੀਰੀਆ ਦੀ ਨਹੀਂ ਸਮੁੱਚੇ ਮੱਧ ਪੂਰਬ ਖਿੱਤੇ ਦੀ ਹੈ! ਇਸਦੇ ਆਰਥਕ ਸੋਮਿਆਂ ਅਤੇ ਟਰੇਡ ਰੂਟਾਂ ‘ਤੇ ਕਿਹੜੀ ਸਾਮਰਾਜੀ ਤਾਕਤ/ਧਿਰ ਦਾ ਕਬਜ਼ਾ ਹੋਵੇ? ਇਹ ਕਬਜ਼ਾ ਕਰਨ ਤੇ ਬਣਾਈ ਰੱਖਣ ਲਈ ਖਿੱਤੇ ਦੇ ਕਿਹੜੇ ਦੇਸ਼ ‘ਚ ਕਿਹੋ ਜਿਹੀ ਪਿਛਾਖੜੀ ਸਰਕਾਰ ਹੋਵੇ? ਆਪਣੇ ਇਨ੍ਹਾਂ ਬੁਰੇ/ ਲੋਕ-ਦੋਖੀ ਇਰਾਦਿਆਂ ਦੀ ਪੂਰਤੀ ਲਈ ਕਿਹੋ ਜਿਹੇ ਹੱਥ-ਕੰਡੇ ਅਤੇ ਕਿਹੋ ਜਿਹੀਆਂ ਚਾਲਾਂ ਚੱਲੀਆਂ ਜਾਣ? ਇਹ ਹੈ ਇਨ੍ਹਾਂ ਤਾਕਤਾਂ ਦੇ ਬੁਰੇ ਇਰਾਦਿਆਂ ਦਾ ਪ੍ਰਸੰਗ ਜੀਹਦੇ ‘ਚ ਰੱਖ ਕੇ ਸਾਨੂੰ ਸੀਰੀਆ ਦੀਆਂ ਘਟਨਾਵਾਂ ਤੇ ਇਸਦੀ ਹੋਣੀ ਨੂੰ ਵਿਚਾਰਨਾ/ਸਮਝਣਾ ਚਾਹੀਦਾ ਹੈ!
ਮੱਧ-ਪੂਰਬ ਦੇ ਕੇਂਦਰ ‘ਚ ਸਥਿਤ, ਮੈਡੀਟੇਰੀਅਨ ਸਮੁੰਦਰ ਦੇ ਕੰਢੇ ‘ਤੇ ਵਸਿਆ ਅਤੇ 24 ਮਿਲੀਅਨ ਦੀ ਅਬਾਦੀ ਵਾਲਾ ਦੇਸ਼ ਸੀਰੀਆ; ਤੁਰਕੀ, ਇਰਾਕ, ਜਾਰਡਨ, ਲਿਬਨਾਨ ਤੇ ਇਜ਼ਰਾਈਲ/ਫਲਸਤੀਨ ਦੇਸ਼ਾਂ ‘ਚ ਘਿਰਿਆ ਹੋਇਆ ਹੈ! ਵਿਆਪਕ ਪੈਟਰੋਲੀਅਮ ਰਿਜ਼ਰਵਜ਼ ਦਾ ਮਾਲਕ, ਲੁਭਾਉਣਾ ਵਪਾਰਕ ਰੂਟ, ਏਸ਼ੀਆ-ਯੂਰਪ-ਅਫਰੀਕਾ ਦੇ ਚੌਰਾਹੇ ‘ਤੇ ਸਥਾਪਤ ਅਤੇ ਫੌਜੀ-ਯੁਧਨੀਤੀ ਪੱਖੋਂ ਕੁੰਜੀਵਤ ਮਹੱਤਤਾ ਰੱਖਦਾ ਹੋਣ ਕਰਕੇ ਸੀਰੀਆ ਸਾਮਰਾਜੀ ਲੁਟੇਰਿਆਂ/ ਧਾੜਵੀਆਂ ਅਤੇ ਉਨ੍ਹਾਂ ਦੇ ਪਿੱਛਲਗਾਂ/ਭਾਈਵਾਲਾਂ ਲਈ ਕਿਸੇ ਵੀ ਹਾਲਤ ‘ਚ ਬਖਸ਼ਣ ਯੋਗ ਨਹੀਂ! ਸੀਰੀਆ ਨੂੰ ਦਬਾਉਣ, ਡਰਾਉਣ ਅਤੇ ਆਪਣੀ ਚੁੰਗਲ ‘ਚ ਫਸਾਈ ਰੱਖਣ ਲਈ ਇਹ ਦੇਸ਼ ਕੁੱਛ ਵੀ ਕਰ ਸਕਦੇ ਹਨ! ਇਸੇ ਹਵਸ ਨੂੰ ਪੂਰਾ ਕਰਨ ਲਈ ਪਹਿਲੀ ਸੰਸਾਰ ਜੰਗ ਤੋਂ ਬਾਅਦ ਮੱਧ-ਪੂਰਬ ਦੇ ਦੇਸ਼ਾਂ ‘ਤੇ ਕਬਜ਼ਾ ਕਰਨ ਲਈ ਬਰਤਾਨੀਆਂ ਤੇ ਫਰਾਂਸ ‘ਚ ਚੱਲੇ ਖਹਿ-ਭੇੜ ‘ਚ ਸੀਰੀਆ ‘ਤੇ ਫਰਾਂਸ ਨੇ ਕਬਜ਼ਾ ਕਰ ਲਿਆ ਸੀ! ਦੂਜੀ ਸੰਸਾਰ ਜੰਗ ਤੋਂ ਬਾਅਦ ਇਸ ਲੁੱਟ-ਖੋਹ ‘ਚ ਇਕ ਹੋਰ ਜ਼ੋਰਾਵਰ ਧਾੜਵੀ ਅਮਰੀਕਾ ਸ਼ਾਮਲ ਹੋ ਗਿਆ ਜਿਸ ਨੇ ਹੌਲੀ-ਹੌਲੀ ਮੱਧ ਪੂਰਬ ‘ਚੋਂ ਬਾਕੀ ਦੋਨੋਂ ਧਾੜਵੀ; ਫਰਾਂਸ ਤੇ ਬਰਤਾਨੀਆਂ ਪਿੱਛੇ ਧੱਕ ਦਿੱਤੇ! 2011 ‘ਚ ਸ਼ੁਰੂ ਹੋਈ ਸੀਰੀਆ ਦੀ ਸਿਵਲ-ਵਾਰ ਦੇ ਦੌਰਾਨ ਇਕ ਹੋਰ ਖਤਰਨਾਕ ਬਦਮਾਸ਼ ਰੂਸ ਅਤੇ ਤਿੰਨ ਰੀਜ਼ਨਲ ਵੈਲੀ; ਇਜ਼ਰਾਈਲ, ਇਰਾਨ ਤੇ ਤੁਰਕੀ ਇਸ ਧੱਕੜ ਖੇਡ ‘ਚ ਸ਼ਾਮਲ ਹੋ ਗਏ!
ਸੀਰੀਆ ਦੀ ਮੌਜੂਦਾ ਸਿਵਲ-ਵਾਰ ਦੀ ਸ਼ੁਰੂਆਤ 2011 ‘ਚ ਮੱਧ-ਪੂਰਬ ਦੇ ਬਹੁਤ ਸਾਰੇ ਦੇਸ਼ਾਂ ‘ਚ ਆਏ ‘ਅਰਬ ਸਪਰਿੰਗ’ ਨਾਮ ਦੇ ਉਭਾਰ ਨਾਲ ਹੋਈ ਸੀ! ਪਰ ਪਿਛਾਖੜੀ ਤਾਕਤਾਂ ਬਹੁਤ ਜਲਦ ਇਸਨੂੰ ਗਲਤ ਮੋੜਾ ਦੇਣ ‘ਚ ਸਫਲ ਹੋ ਗਈਆਂ!
ਰਾਸ਼ਟਰਪਤੀ ‘ਅਸਾਦ’ ਦੇ ਕਈ ਵਿਰੋਧੀ ਗਰੁੱਪਾਂ, ਫੌਜ ‘ਚੋਂ ਭੱਜੇ ਅਫਸਰਾਂ ਅਤੇ ‘ਫਰੀ ਸੀਰੀਅਨ ਆਰਮੀ’ ਨਾਮ ਦੇ ਇਸਲਾਮਿਕ ਹਥਿਆਰਬੰਦ ਗਰੁੱਪ ਆਦਿ ਨੇ ਮਿਲ ਕੇ 2012 ‘ਚ ‘ਅਲ-ਨੁਸਰਾ ਫਰੰਟ’ ਬਣਾ ਲਿਆ ਜਿਸ ਦਾ ਕਰਤਾ-ਧਰਤਾ ‘ਇਸਲਾਮਿਕ ਸਟੇਟ ਆਫ ਇਰਾਕ’ ਸੀ! ਅਸਲ ‘ਚ ਇਹ ਅਲ-ਕਾਇਦਾ ਦੀ ਸੀਰੀਅਨ ਬਰਾਂਚ ਦਾ ਹੀ ਦੂਜਾ ਨਾਮ ਸੀ! 8 ਦਸੰਬਰ ਨੂੰ ਰਾਸ਼ਟਰਪਤੀ ਅਸਾਦ ਦਾ ਤਖਤਾ ਪਲਟਣ ਵਾਲੀ ਲੀਡਰਸ਼ਿਪ ਦੀ ਪਰਵਰਿਸ਼ ਇਸ ਜਥੇਬੰਦੀ ‘ਚ ਹੀ ਹੋਈ ਸੀ! 2016 ‘ਚ ਇਸ ਜਥੇਬੰਦੀ ਨੇ ਅਲ-ਕਾਇਦਾ ਨਾਲੋਂ ਆਪਣਾ ਨਾਤਾ ਤੋੜ ਲਿਆ ਅਤੇ ਜਥੇਬੰਦੀ ਦਾ ਨਾਮ ਬਦਲ ਕੇ ‘ਹੇਅਤ ਤਾਹੀਰ ਅਲ ਸ਼ਾਮ’ ਰੱਖ ਲਿਆ!
ਸੀਰੀਆ ਦੀ ਤਾਜ਼ਾ ਸਿਵਲ-ਜੰਗ ਦੇ ਨੇੜ ਇਤਿਹਾਸ ‘ਤੇ ਝਾਤ ਮਾਰੀਏ ਤਾਂ ਦੇਖ ਸਕਦੇ ਹਾਂ ਕਿ ਅਮਰੀਕਾ ਅਤੇ ਉਸਦੇ ਸੰਗੀਆਂ ਨੇ ‘ਸੀਰੀਅਨ ਡੈਮੋਕਰੇਟਿਕ ਫੋਰਸ’ ਨਾਮ ਦਾ ਆਪੋਜ਼ੀਸ਼ਨ ਖੜਾ ਕਰ ਕੇ, ਸੀਰੀਆ ‘ਚ ਅਸਿੱਧਾ ਦਖਲ ਦੇਣਾ ਤਾਂ ਪਹਿਲਾਂ ਹੀ ਸ਼ੁਰੂ ਕਰ ਦਿਤਾ ਸੀ ਪਰ 22 ਸਤੰਬਰ 2014 ‘ਚ ਸੀਰੀਆ ‘ਤੇ; ਫਾਈਟਰਜ਼, ਬੰਬਰਜ਼ ਅਤੇ ਟੋਮਹਾਕ-ਮਿਜ਼ਾਇਲਾਂ ਨਾਲ ਹਮਲਾ ਕਰਕੇ, ਸੀਰੀਆ ਦੀ ਸਿਆਸਤ ‘ਚ ਸਿੱਧੇ ਦਖਲ ਦਾ ਐਲਾਨ ਕਰ ਦਿੱਤਾ! ਰਾਸ਼ਟਰਪਤੀ ਬਰਾਕ ਓਬਾਮਾ ਦੇ ਪਰੈਸ ਸੈਕਟਰੀ ਜੌਹਨ ਕਿਰਬੀ ਨੇ ਉਸੇ ਦਿਨ ਤਸਦੀਕ ਕਰ ਦਿਤਾ ਕਿ ਇਹ ਹਮਲਾ ਉਨ੍ਹਾਂ ਨੇ ਕੀਤਾ ਹੈ! ਇਸ ਤੋਂ ਇਕ ਸਾਲ ਬਾਅਦ ਸਤੰਬਰ 2015 ‘ਚ ਰਾਸ਼ਟਰਪਤੀ ਅਸਾਦ ਦੇ ਸੱਦੇ ‘ਤੇ ਰੂਸ ਵੀ ਆ ਗਿਆ! ਸੀਰੀਆ ‘ਚ ਆਪਣੇ ਏਅਰ-ਬੇਸ ਸਥਾਪਤ ਕਰਕੇ ਰੂਸ ਨੇ ਸੀਰੀਆ ਦੀ ਸਰਕਾਰ ਨਾਲ 49 ਸਾਲ ਦਾ ਸਮਝੌਤਾ ਕਰ ਲਿਆ ਕਿ ਸੀਰੀਆ ‘ਚ ਰੂਸ ਦੇ ਏਅਰ-ਬੇਸ ਹੋਰ 49 ਸਾਲ ਰਹਿਣਗੇ! ਇਨ੍ਹਾਂ ਦੋਨੋਂ ਦੇਸ਼ਾਂ-ਰੂਸ ਤੇ ਅਮਰੀਕਾ ਦੀਆਂ ਫੌਜਾਂ ਨੇ ਅਜੇ ਵੀ ਸੀਰੀਆ ‘ਚ ਡੇਰੇ ਲਾਏ ਹੋਏ ਹਨ!
ਹੁਣ 8 ਦਸੰਬਰ ਨੂੰ ਜਦੋਂ ਬਾਗੀ ਇਸਲਾਮਿਕ ਲੜਾਕਿਆਂ ਨੇ ਰਾਜਧਾਨੀ ਦਮਸ਼ਕਤ ‘ਤੇ ਕਬਜ਼ਾ ਕਰ ਲਿਆ ਤਾਂ ਸੀਰੀਆ ਦੀ ਸਿਆਸਤ ‘ਚ ਸਿੱਧੇ/ਅਸਿੱਧੇ ਉਲਝੀਆਂ ਬਾਹਰੀ ਤਾਕਤਾਂ, ਇਕ ਦਿਨ ਭੰਬਲਭੂਸੇ ‘ਚ ਰਹਿਣ ਤੋਂ ਬਾਅਦ ਆਪੋ-ਆਪਣੇ ਹਿਤਾਂ ਮੁਤਾਬਕ ਸਰਗਰਮ ਹੋ ਗਈਆਂ! ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਪਹਿਲੇ ਦਿਨ ਤਾਂ ਕਿਹਾ ਕਿ ਇਸਲਾਮਿਕ ਬਾਗੀਆਂ ਦੀ ਜਿੱਤ ਦਾ ਕਾਰਨ, ਹਮਾਸ ਅਤੇ ਹਿਜ਼ਬਉਲਾ ਖਿਲਾਫ ਸਾਡੇ ਵਲੋਂ ਕੀਤੀਆਂ ਕਾਰਵਾਈਆਂ ਹਨ! ਫਿਰ ਉਸੇ ਦਿਨ ਸੀਰੀਆ ‘ਤੇ ਹਵਾਈ ‘ਤੇ ਜ਼ਮੀਨੀ ਹਮਲਾ ਕਰਕੇ ਦੋਹਾਂ ਦੇਸ਼ਾਂ ਵਿਚਕਾਰ ਬਾਫਰ ਬਾਰਡਰ ਜ਼ੋਨ ਵਜੋਂ ਜਾਣੇ ਜਾਂਦੇ ‘ਗੋਲਡਨ ਹਾਈਟਸ’ ਨਾਮ ਦੇ ਸੀਰੀਅਨ ਇਲਾਕੇ ‘ਤੇ ਕਬਜ਼ਾ ਕਰ ਲਿਆ! ਉਸ ਤੋਂ ਬਾਅਦ ਕਿਹਾ ਕਿ ਇਹ ਇਲਾਕਾ ਹੈ ਤਾਂ ਸੀਰੀਆ ਦਾ ਹੀ ਹਿੱਸਾ ਪਰ ਅਸੀਂ ਇਜ਼ਰਾਈਲ ਦੀ ਸਕਿਓਰਿਟੀ ਦੀਆਂ ਲੋੜਾਂ ਤਹਿਤ ਇਸ ‘ਤੇ ਆਰਜ਼ੀ ਤੌਰ ‘ਤੇ ਕਬਜ਼ਾ ਕੀਤਾ ਹੈ! ਇਸਤੋਂ ਅਗਲੇ ਦਿਨ ਮੀਡੀਏ ‘ਚ ਚਰਚਾ ਚਲਾ ਦਿਤੀ ਕਿ ਡੋਨਲਡ ਟਰੰਪ ਨੇ ਆਪਣੇ ਪਹਿਲੇ ਰਾਜਕਾਲ ਦੌਰਾਨ ਕਿਹਾ ਸੀ ਕਿ ‘ਗੋਲਡਨ ਹਾਈਟਸ’ ਇਜ਼ਰਾਈਲ ਦਾ ਹਿੱਸਾ ਹੈ! ਪਰ ਇਸ ਤੋਂ ਬਾਅਦ ਇਜ਼ਰਾਈਲ ਨੇ ਆਪਣੇ ਹਮਲੇ ਦਾ ਘੇਰਾ ਵਧਾ ਕੇ ਸੀਰੀਆ ਦੀ ਮਿਲਟਰੀ ਦੇ ਠਿਕਾਣਿਆਂ ‘ਤੇ ਹਮਲੇ ਕਰਕੇ, ਉਸਦੀ ਏਅਰਕਰਾਫਟ ਤੇ ਨੇਵੀ ਫਲੀਟਸ ਨੂੰ ਤਬਾਹ ਕਰ ਦਿਤਾ! ਇਜ਼ਰਾਈਲ ਦਾ ਇਹ ਹਮਲਾ ਇੱਥੇ ਹੀ ਨਹੀਂ ਰੁਕਿਆ, ਉਸਨੇ ਸੀਰੀਆ ਦੀ ਰਾਜਧਾਨੀ ਦਮਸ਼ਕਤ ‘ਤੇ ਵੀ ਬੰਬਾਰਮੈਂਟ ਸੁLਰੂ ਕਰ ਦਿੱਤੀ ਹੈ! ਇਸ ਮਾਮਲੇ ‘ਚ ਕੋਈ ਸ਼ੱਕ ਨਹੀਂ ਕਿ ਇਜ਼ਰਾਈਲ ਦੀ ਨੀਅਤ ਸੀਰੀਆ ਨੂੰ ਦੂਜਾ ਫਲਸਤੀਨ ਬਣਾਉਣ ਦੀ ਹੈ!
ਓਧਰ ਅਮਰੀਕਾ ਨੇ ਵੀ ਅਗਲੇ ਹੀ ਦਿਨ ੀSS ਟਿਕਾਣਿਆਂ ਦੀ ਗੱਲ ਕਰਕੇ 75 ਥਾਵਾਂ ‘ਤੇ ਬੰਬਾਰਮੈਂਟ ਕੀਤੀ ਅਤੇ ਆਪਣੇ ਤੌਰ ‘ਤੇ ਹੀ ਫੈਸਲਾ ਸੁਣਾ ਦਿੱਤਾ ਕਿ ੀSS ਨੂੰ ਭਾਂਜ ਦੇਣ ਲਈ ਅਮਰੀਕੀ ਫੌਜ ਨੂੰ ਥੋੜ੍ਹੇ ਹੋਰ ਸਮੇਂ ਲਈ ਸੀਰੀਆ ‘ਚ ਰਹਿਣਾ ਪਏਗਾ! ਪਰ ਦੇਸ਼ ਸੀਰੀਆ ਦੀ ਪ੍ਰਭੂਸੱਤਾ ਦਾ ਕੀ ਬਣੂੰ? ਇਸਦਾ ਕੋਈ ਜਵਾਬ ਨਹੀਂ! ਇਕ ਹੋਰ ਗੱਲ, ਇਜ਼ਰਾਈਲ ਵਲੋਂ ਸੀਰੀਆ ਦੇ ਇਲਾਕੇ ‘ਗੋਲਡਨ ਹਾਈਟਸ’ ‘ਤੇ ਤਾਜ਼ਾ ਕਬਜ਼ੇ ਦੀ ਰਾਸ਼ਟਰਪਤੀ ਬਾਈਡਨ ਨੇ ਹਮਾਇਤ ਕੀਤੀ ਹੈ! ਆਪਣੀ ਨਾਪਾਕ ਹਮਾਇਤ ਨੂੰ ਠੀਕ ਦਰਸਾਉਣ ਲਈ ਉਸਨੇ ਕਿਹਾ, ‘ਇਹ ਜ਼ਮੀਨ ਹਥਿਆਉਣਾ ਨਹੀਂ, ਸਕਿਓਰਟੀ ਚੋਣ ਹੈ!’ ਬਾਈਡਨ ਤੋਂ ਪੁੱਛਿਆ ਜਾ ਸਕਦਾ ਹੈ ਕਿ ਯੂਕਰੇਨ ‘ਤੇ ਹਮਲਾ ਕਰਨ ਮੌਕੇ ਰੂਸ ਦੀ ਵੀ ਇਕ ਦਲੀਲ ਇਹੋ ਸੀ ਕਿ ‘ਨਾਟੋ’ ਨਾਲ ਯੂਕਰੇਨ ਦੇ ਸੰਬੰਧਾਂ ਕਰਕੇ ਰੂਸ ਦੀ ਸਕਿਓਰਟੀ ਨੂੰ ਖਤਰਾ ਹੈ ਅਤੇ ਇਹ ਹਮਲਾ ਉਸਦੀ ‘ਸੁਰੱਖਿਆ’ ਚੋਣ ਹੈ! ਜੇ ਬਾਈਡਨ ਦੀ ਦਲੀਲ ਨੂੰ ਠੀਕ ਮੰਨ ਲਿਆ ਜਾਏ ਤਾਂ ਫਿਰ ਰੂਸ ਦਾ ਯੂਕਰੇਨ ‘ਤੇ ਹਮਲਾ ਗਲਤ ਕਿਵੇਂ ਹੋਇਆ? ਜੇ ਉਹ ਠੀਕ ਹੈ ਤਾਂ ਅਮਰੀਕਾ ਯੂਕਰੇਨ ਨੂੰ ਟਨਾਂ-ਮੂੰਹੀਂ ਮਾਰੂ ਹਥਿਆਰ ਕਿਓਂ ਦੇ ਰਿਹਾ ਹੈ? ਜੇ ਇਜ਼ਰਾਈਲ ਨੇ ਆਪਣੀ ਸੁਰੱਖਿਆ ਕਰਨੀ ਐ ਤਾਂ ਆਪਦੇ ਬਾਰਡਰ ‘ਤੇ ਫੌਜਾਂ ਲਾ ਕੇ ਕਰੇ, ਦੂਸਰੇ ਦੇਸ਼ ‘ਤੇ ਹਮਲਾ ਕਰਨ ਦਾ ਹੱਕ ਉਸਨੂੰ ਕਿਸਨੇ ਦਿੱਤਾ ਹੈ?
‘ਸਕਿਓਰਟੀ ਚੋਣ’ ਦੀ ਦਲੀਲ ਦੇਣ ਵਾਲਾ ਇਕ ਹੋਰ ਦੇਸ਼ ‘ਤੁਰਕੀ’ ਵੀ ਹੈ ਜਿਸ ਦੀ ਫੌਜ ਨੇ ਸੀਰੀਆ ਦੀ ‘ਕੁਰਦ’ ਘੱਟ-ਗਿਣਤੀ ‘ਤੇ ਹਮਲਾ ਵਿੱਢਿਆ ਹੋਇਆ ਹੈ! ਬਹਾਦਰ ਕੁਰਦ ਕੌਮ ਚਾਰ ਦੇਸ਼ਾਂ ‘ਚ ਵੰਡੀ ਹੋਈ ਹੈ! ਇਨ੍ਹਾਂ ਚਾਰ ਦੇਸ਼ਾਂ-ਤੁਰਕੀ, ਸੀਰੀਆ, ਇਰਾਕ ਅਤੇ ਇਰਾਨ ਦੇ ਸਾਂਝੇ ਬਾਡਰ ‘ਤੇ ਵਸੀ/ਖਿੰਡੀ ਇਹ ਕੌਮ, ਵੰਡ ਦੀਆਂ ਲਕੀਰਾਂ ਮੇਟ ਕੇ ਆਪਣਾ ਵੱਖਰਾ ਦੇਸ਼ ‘ਕੁਰਦਸਤਾਨ’ ਬਣਾਉਣ ਲਈ ਸੰਘਰਸ਼ਸ਼ੀਲ ਹੈ! ਤੁਰਕੀ ਨੂੰ ਇਤਰਾਜ਼ ਹੈ ਕਿ ਬਾਰਡਰ ਦੇ ਸੀਰੀਆ ਵਾਲੇ ਪਾਸੇ ਰਹਿੰਦੇ ਕੁਰਦ, ਤੁਰਕੀ ਵਾਲੇ ਪਾਸੇ ਰਹਿੰਦੇ ਕੁਰਦਾਂ ਨੂੰ ਤੁਰਕੀ ਦੀ ਸਰਕਾਰ ਖਿਲਾਫ ਜੰਗ ਲਈ ਪ੍ਰੇਰਦੇ ਹਨ! ਹੋ ਸਕਦਾ ਐ ਇਹ ਸੱਚ ਹੋਵੇ ਪਰ ਤੁਰਕੀ ਦੀ ਸਰਕਾਰ ਨੂੰ ਇਹ ਹੱਕ ਕੀਹਨੇ ਦਿੱਤਾ ਹੈ ਕਿ ਉਹ ਦੂਜੇ ਦੇਸ਼ ‘ਸੀਰੀਆ’ ਦੀ ਹੱਦ ਟੱਪ ਕੇ ਉਸਦੇ ਕੁਰਦ ਸ਼ਹਿਰੀਆਂ ਦਾ ਕਤਲੇਆਮ ਕਰੇ?
ਸੀਰੀਆ ਇਕ ਗਰੀਬ ਦੇਸ਼ ਐ ਜੀਹਦੀ 90% ਜਨਤਾ ਗਰੀਬੀ ਦੀ ਰੇਖਾ ਤੋਂ ਹੇਠਾਂ ਜਿੰLਦਗੀ ਬਸਰ ਕਰ ਰਹੀ ਹੈ! ਇਨ੍ਹਾਂ ‘ਚੋਂ 17 ਮਿਲੀਅਨ ਲੋਕਾਂ ਨੂੰ ਫੌਰੀ ਮਨੁੱਖੀ ਸਹਾਇਤਾ ਦੀ ਲੋੜ ਹੈ! 13 ਸਾਲ ਚੱਲੀ ਇਸ ਸਿਵਲ-ਵਾਰ ‘ਚ ਇਕ ਲੱਖ ਸੱਤਰ ਹਜ਼ਾਰ ਸੀਰੀਆ ਦੇ ਸਿਟੀਜ਼ਨ ਮਾਰੇ ਗਏ ਅਤੇ 5.4 ਮਿਲੀਅਨ ਲੋਕਾਂ ਨੇ ਭੱਜ ਕੇ ਹੋਰਨਾਂ ਦੇਸ਼ਾਂ ‘ਚ ਪਨਾਹ ਲਈ ਹੋਈ ਹੈ! ਪਿਛਲੇ ਦਸ ਦਿਨਾਂ ‘ਚ ਹੀ 4 ਲੱਖ ਤੋਂ ਵੱਧ ਲੋਕ ਘਰੋਂ ਬੇਘਰ ਹੋ ਗਏ ਹਨ! ਇਜ਼ਰਾਈਲ, ਅਮਰੀਕਾ ਅਤੇ ਤੁਰਕੀ ਵਲੋਂ ਵਿੱਢੇ ਹਮਲੇ, ਖਾਸ ਕਰ ਕੇ ਇਜ਼ਰਾਈਲ ਵਲੋਂ ਕੀਤੀ ਜਾ ਰਹੀ ਸੀਰੀਆ ਦੀ ਤਬਾਹੀ ਦਾ ਲੋਕਾਂ ਦੀ ਜਿੰLਦਗੀ ‘ਤੇ ਕਿਹੋ ਜਿਹਾ ਪ੍ਰਭਾਵ ਪਏਗਾ? ਇਸਦਾ ਅੰਦਾਜ਼ਾ ਲਾਉਣਾ ਅਜੇ ਬਾਕੀ ਹੈ!
ਲੋਕਾਂ ਨੂੰ ਇਸ ਗੁਰਬਤ ਤੇ ਦੋਜ਼ਖ ਭਰੀ ਜ਼ਿੰਦਗੀ ਤੋਂ ਨਿਜ਼ਾਤ ਦੁਆਉਣ ਦੀ ਜ਼ਿੰਮੇਵਾਰੀ, ਸੀਰੀਆ ਦੀ ਬਣਨ ਜਾ ਰਹੀ ਨਵੀਂ ਸਰਕਾਰ ਦੀ ਹੈ! ਰਾਸ਼ਟਰਪਤੀ ਅਸਾਦ ਦੇ ਦੇਸ਼ ਛੱਡ ਕੇ ਭੱਜਣ ਤੋਂ ਬਾਅਦ ਰਾਜਸੱਤਾ ‘ਤੇ ਕਬਜ਼ਾ ਕਰਨ ਵਾਲੇ ਇਸਲਾਮਿਕ ਲੜਾਕੂਆਂ ਦੀ ਲੀਡਰਸ਼ਿਪ ਨੇ, 2016 ‘ਚ ਅਲ-ਕਾਇਦਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਅੱਠ ਸਾਲ ‘ਅਸਾਦ’ ਸਰਕਾਰ ਦੇ ਖ਼ਿਲਾਫ ਲੜਨ ਦੇ ਨਾਲੋ-ਨਾਲ ਲੋਕਾਂ ‘ਚ ਕਾਫੀ ਸੋਸ਼ਲ ਵਰਕ ਵੀ ਕੀਤਾ ਹੈ! ਇਨ੍ਹਾਂ ਦਾ ਸਭ ਤੋਂ ਵੱਧ ਚਮਕਿਆ ਲੀਡਰ ‘ਅਹਿਮਦ ਹੁਸੈਨ ਅਲ-ਸ਼ਾਰਾ (ਅੱਬੂ ਮੁਹੰਮਦ ਅਲ-ਜੁਲਾਨੀ) ਜਿਹੜਾ ਅਮਰੀਕਾ ਦੀ ਖੂੰਖਾਰ ਅੱਤਵਾਦੀਆਂ ਦੀ ਲਿਸਟ ‘ਚ ਸ਼ਮਲ ਸੀ ਅਤੇ ਜੀਹਦੇ ਸਿਰ ‘ਤੇ ਅਮਰੀਕਾ ਨੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ! ਉਹ, ਅਲ-ਕਾਇਦਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਆਪਣੇ ਆਪ ਨੂੰ ਇਸਲਾਮਿਕ ਇਨਕਲਾਬੀ ਵਜੋਂ ਪੇਸ਼ ਕਰਦਾ ਰਿਹਾ ਹੈ ਅਤੇ ਲੋਕਾਂ ‘ਚ ਤਿੰਨ ਮੁੱਦੇ ਉਭਾਰਦਾ ਰਿਹਾ ਹੈ!
1) ਲੋਕਲ ਸਰਕਾਰ, 2) ਆਰਥਕ ਮੁੱਦੇ, 3) ਮਨੁੱਖੀ ਸਹਾਇਤਾ! ਇਸਦੇ ਨਾਲ ਹੀ ਉਹ ਖੁਦ ਨੂੰ ਬਹੁਵਾਦੀ (ਪਲੁਰਅਲਸਿਟ) ਅਤੇ ਸਹਿਣਸ਼ੀਲਤਾ ਦੇ ਚੈਂਪੀਅਨ ਵਜੋਂ ਵੀ ਉਭਾਰਦਾ ਰਿਹਾ ਹੈ!
ਅਹਿਮਦ ਹੁਸੈਨ ਅਲ-ਸ਼ਾਰਾ ਦੇ ਇਰਾਦੇ ਸੁLਭ ਲਗਦੇ ਐ! ਪਰ ਸੁਣਿਆ ਹੈ ਕਿ ਉਹ ਅਤੇ ਬਾਕੀ ਲੀਡਰਸਿæਪ ਸੀਰੀਆ ਨੂੰ ‘ਇਸਲਾਮਿਕ ਸਟੇਟ’ ਐਲਾਨਣ ਨੂੰ ਫਿਰਦੀ ਹੈ, ਇਸ ਲਈ ਸੁLਭ ਇਰਾਦਿਆਂ ਨੂੰ ਵੀ ਬੂਰ ਪੈਣਾ ਮੁਸ਼ਕਲ ਹੈ! ਕਿਓਂਕਿ ਧਰਮ ਅਤੇ ਸਿਆਸਤ ਨੂੰ ਵੱਖ ਕਰਨਾ, ਸਮਾਜਕ ਵਿਕਾਸ ਲਈ ਅੱਜ ਦੇ ਯੁੱਗ ਦੀ ਮੁਢਲੀ ਸ਼ਰਤ ਹੈ! ਧਾਰਮਕ ਵਿਚਾਰਧਾਰਾ, ਇਤਿਹਾਸਕ ਤੌਰ ‘ਤੇ ਵੇਲਾ ਵਿਹਾ ਚੁੱਕੀ ਵਿਚਾਰਧਾਰਾ ਹੈ! ਕੋਈ ਸਮਾਜ ਕਿਸ ਰੁਖ਼ ਅਤੇ ਕਿਸ ਗਤੀ ਨਾਲ ਵਿਕਾਸ ਕਰੇਗਾ? ਇਸਦਾ ਨਿਰਣਾ ਸਬੰਧਤ ਸਿਆਸਤ ਕਰਦੀ ਹੈ!