ਬਾਦਲ ਵੱਲੋਂ ਨੀਂਹ ਪੱਥਰਾਂ ਦੀ ਸਿਆਸਤ ਤੇਜ਼

ਰਾਮ ਤੀਰਥ: ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨੀਂਹ ਪੱਥਰਾਂ ਦੀ ਸਿਆਸਤ ਤੇਜ਼ ਕਰ ਦਿੱਤੀ ਗਈ ਹੈ। ਲੰਘੇ ਦਿਨੀਂ ਉਨ੍ਹਾਂ ਭਗਵਾਨ ਵਾਲਮੀਕ ਤੀਰਥ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਧਾਰਮਿਕ ਅਸਥਾਨ ਦੀ ਉਸਾਰੀ ਲਈ ਤਿੰਨ ਵਾਰ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ। ਮੁੱਖ ਮੰਤਰੀ ਵੱਲੋਂ ਇਹ ਚੌਥੀ ਵਾਰ ਨੀਂਹ ਪੱਥਰ ਰੱਖਿਆ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਇਸ ਤੋਂ ਪਹਿਲਾਂ ਇਸ ਧਾਰਮਿਕ ਅਸਥਾਨ ਦਾ ਨੀਂਹ ਪੱਥਰ 1972 ਵਿਚ,  1993 ਵਿਚ ਤੇ 2003 ਵਿਚ ਰੱਖਿਆ ਜਾ ਚੁੱਕਿਆ ਹੈ ਪਰ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋਇਆ। ਹੁਣ ਇਸ ਮੰਦਰ ਦੀ ਉਸਾਰੀ ਲਈ ਚੌਥੀ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁੜ ਨੀਂਹ ਪੱਥਰ ਰੱਖਿਆ ਗਿਆ ਹੈ।
ਇਥੇ ਪੁਰਾਤਨ ਤੇ ਇਤਿਹਾਸਕ ਧਾਰਮਿਕ ਸਥਾਨ ਰਾਮ ਤੀਰਥ ਵਿਖੇ ਭਗਵਾਨ ਵਾਲਮੀਕ ਜਯੰਤੀ ਮੌਕੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਨੇ ਵੱਖ ਵੱਖ ਧਰਮਾਂ ਦੇ ਸੰਤਾਂ, ਮਹਾਂਪੁਰਖਾਂ ਦੀ ਹਾਜ਼ਰੀ ਵਿਚ 115 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਗਵਾਨ ਵਾਲਮੀਕ ਤੀਰਥ ਦਾ ਨੀਂਹ ਪੱਥਰ ਵੀ ਰੱਖਿਆ। ਸ਼ ਬਾਦਲ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਇਹ ਸਮਾਗਮ ਵਾਲਮੀਕ ਭਾਈਚਾਰੇ ਦਾ ਕੋਈ ਰਾਜਸੀ ਲਾਹਾ ਲੈਣ ਲਈ ਨਹੀਂ ਕੀਤਾ ਸਗੋਂ ਭਗਵਾਨ ਵਾਲਮੀਕ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਉਨ੍ਹਾਂ  ਦੀ ਯਾਦ ਵਿਚ ਸਮਾਗਮ ਕਰਵਾਇਆ ਹੈ।
ਇਸ ਯਾਦ ਨੂੰ ਸਦੀਵੀ ਬਣਾਉਣ ਲਈ ਭਗਵਾਨ ਵਾਲਮੀਕ ਤੀਰਥ ਦਾ ਨਿਰਮਾਣ ਵੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਸ ਉਪਰ ਤਕਰੀਬਨ 115 ਕਰੋੜ ਰੁਪਏ ਖਰਚ ਹੋਣਗੇ। ਇਸ ਮੰਦਰ ਦੀ ਉਸਾਰੀ ਦਾ ਕੰਮ ਅਗਲੇ ਦੋ ਮਹੀਨਿਆਂ ਤਕ ਸ਼ੁਰੂ ਹੋ ਜਾਵੇਗਾ ਤੇ ਆਉਂਦੇ ਡੇਢ ਸਾਲ ਵਿਚ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋ ਜਾਵੇਗਾ। ਮੁੱਖ ਮੰਤਰੀ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਜਲਦੀ ਹੀ ਹੁਸ਼ਿਆਰਪੁਰ ਸਥਿਤ ਖੁਰਲਗੜ੍ਹ ਵਿਖੇ ਭਗਤ ਰਵੀਦਾਸ ਜੀ ਦੀ ਯਾਦਗਾਰ ਬਣਾਈ ਜਾਵੇਗੀ।
ਇਸ ਤੋਂ ਇਲਾਵਾ ਆਨੰਦਪੁਰ ਸਾਹਿਬ  ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਬਣਾਈ ਜਾਵੇਗੀ। ਜੰਗੇ ਆਜ਼ਾਦੀ ਦੇ ਸ਼ਹੀਦਾਂ ਤੇ ਪਰਵਾਨਿਆਂ ਦੀ ਯਾਦ ਵਿਚ ਕਰਤਾਰਪੁਰ ਨੇੜੇ ਯਾਦਗਾਰ ਤੇ ਅੰਮ੍ਰਿਤਸਰ ਵਿਚ ਵਾਰ ਮੈਮੋਰੀਅਲ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ਉਤੇ ਸਾਰੇ ਇਤਿਹਾਸਕ ਸਥਾਨਾਂ ਦੀ ਸਾਰ ਲਈ ਜਾਵੇਗੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਗਵਾਨ ਵਾਲਮੀਕ ਦੀਆਂ ਸਿੱਖਿਆਵਾਂ ਦੀ ਆਪਸੀ ਏਕਤਾ ਤੇ ਵੈਰ ਵਿਰੋਧ ਖ਼ਤਮ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ। ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ, ਆਰਟ ਆਫ ਲੀਵਿੰਗ ਸੰਸਥਾ ਦੇ ਮੁਖੀ ਸ੍ਰੀ ਰਵੀ ਸ਼ੰਕਰ ਵੀ ਪੁੱਜੇ ਹੋਏ ਸਨ।

Be the first to comment

Leave a Reply

Your email address will not be published.