ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸਲਾਹਕਾਰ ਬੋਰਡ ਅਤੇ ਪ੍ਰਜ਼ੀਡੀਅਮ ਭੰਗ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਫਰਿਆਦ ਕਰਨ ਲਈ ਕਰੀਬ ਛੇ ਮਹੀਨੇ ਪਹਿਲਾਂ ਗਠਤ ਕੀਤੀ ਗਈ ਅਕਾਲੀ ਦਲ ਸੁਧਾਰ ਲਹਿਰ ਦੇ ਸਲਾਹਕਾਰ ਬੋਰਡ ਅਤੇ ਪ੍ਰੋਜੀਡੀਅਮ ਮੈਂਬਰਾਂ ਦੀ ਅੱਜ ਇੱਥੇ ਸੰਸਥਾ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਹੋਈ ਅਹਿਮ ਇਕੱਤਰਤਾ ਦੌਰਾਨ ਪੰਜ ਸਿੰਘ ਸਾਹਿਬਾਨ ਵੱਲੋਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸਾਰੇ ਧੜਿਆਂ ਨੂੰ ਇੱਕ ਪੰਥਕ ਪਲੇਟਫਾਰਮ ਤੇ ਇਕੱਠੇ ਹੋਣ ਦੇ ਆਦੇਸ਼ ਦਾ ਪਾਲਣ ਕਰਦਿਆਂ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰਨ ਦਾ ਐਲਾਨ ਕੀਤਾ ਗਿਆ।

ਜਥੇਦਾਰ ਵਡਾਲਾ ਦੀ ਅਗਵਾਈ ਵਿੱਚ ਸਥਾਨਕ ਮਾਲ ਰੋਡ ਵਿਖੇ ਹੋਈ ਇਸ ਇਕੱਤਰਤਾ ਵਿੱਚ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਸਰਜੀਤ ਸਿੰਘ ਰੱਖੜਾ ਪਰਮਿੰਦਰ ਸਿੰਘ ਢੀਂਡਸਾ, ਗਗਨਦੀਪ ਸਿੰਘ ਬਰਨਾਲਾ, ਸੁੱਚਾ ਸਿੰਘ ਛੋਟੇਪੁਰ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਕਿਰਨਜੋਤ ਕੌਰ, ਸੰਤਾ ਸਿੰਘ ਉਮੈਦਪੁਰੀ, ਸਰਵਨ ਸਿੰਘ ਫਿਲੌਰ, ਤਜਿੰਦਰਪਾਲ ਸਿੰਘ ਸੰਧੂ, ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਤੇ ਹੋਰ ਅਕਾਲੀ ਆਗੂ ਸ਼ਾਮਿਲ ਹੋਏ। ਇਸ ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਵਡਾਲਾ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਨੇ ਕੁਝ ਮਹੀਨੇ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੱਤਰ ਸੌਂਪ ਕੇ ਭੁੱਲਾਂ ਗਲਤੀਆਂ ਲਈ ਖਿਮਾ ਯਾਚਨਾ ਦੀ ਅਪੀਲ ਕੀਤੀ ਸੀ। ਜਿਸ ਤੇ ਕਾਰਵਾਈ ਕਰਦਿਆਂ ਸਿੰਘ ਸਾਹਿਬਾਨ ਵੱਲੋਂ 2 ਦਿਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਹਿਮ ਫੈਸਲਾ ਸੁਣਾਉਣ ਅਤੇ ਧਾਰਮਿਕ ਸਜ਼ਾਵਾਂ ਦੇਣ ਦੇ ਐਲਾਨ ਦੇ ਨਾਲ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸੁਧਾਰ ਲਹਿਰ ਭੰਗ ਕਰਨ ਦਾ ਵੀ ਬੜੀ ਦੂਰ ਅੰਦੇਸ਼ੀ ਵਾਲਾ ਆਦੇਸ਼ ਦਿੱਤਾ ਸੀ, ਜਿਸ ਤੇ ਅਮਲ ਕਰਦਿਆਂ ਹੋਇਆਂ ਅੱਜ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟ ਦਿੱਤਾ ਗਿਆ ਹੈ। ਜਥੇਦਾਰ ਵਡਾਲਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਬਹਾਲ ਕਰਾਉਣਾ ਸੁਧਾਰ ਲੈਣ ਦਾ ਸਭ ਤੋਂ ਅਹਿਮ ਏਜੰਡਾ ਸੀ ।ਅੱਜ ਸੁਧਾਰ ਲਹਿਰ ਦੀ ਹੋਈ ਇਕੱਤਰਤਾ ਵਿੱਚ ਸਾਰੇ ਹੀ ਮੈਂਬਰਾਂ ਵੱਲੋਂ ਸਮੁੱਚਤਾ ਨਾਲ ਇਹ ਫੈਸਲਾ ਲਿਆ ਗਿਆ ਕਿ ਸਾਰੇ ਹੀ ਮੈਂਬਰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ। ਅਤੇ ਸਿੰਘ ਸਾਹਿਬ ਵੱਲੋਂ ਕੀਤੇ ਗਏ ਫੈਸਲਿਆਂ ਨੂੰ ਇੰਨ ਬਿੰਨ ਲਾਗੂ ਕਰਨਗੇ।
ਉਹਨਾਂ ਕਿਹਾ ਕਿ ਸਿੰਘ ਸਾਹਿਬਾਨ ਵੱਲੋਂ ਜੋ ਭਰਤੀ ਕਮੇਟੀ ਬਣਾਈ ਗਈ ਹੈ, ਉਸ ਨੂੰ ਪੂਰਾ ਸਹਿਯੋਗ ਦੇਵਾਂਗੇ ਤੇ ਭਵਿੱਖ ਵਿੱਚ ਵੀ ਸਿੱਖ ਪੰਥ ਅਤੇ ਸਿੱਖ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਪੰਥਕ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਰਹਾਂਗੇ। ਜਥੇਦਾਰ ਵਡਾਲਾ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਮੈਂਬਰਸiLਪ ਭਰਤੀ ਲਈ ਗਠਿਤ ਕੀਤੀ ਗਈ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਨਾਲ ਵੀ ਜਲਦੀ ਹੀ ਮੁਲਾਕਾਤ ਕਰਨਗੇ ਤੇ ਕਿ ਭਰਤੀ ਮੁਹਿੰਮ ਨੂੰ ਜਲਦੀ ਸ਼ੁਰੂ ਕਰਨ ਦੀ ਅਪੀਲ ਕਰਨਗੇ ਉਹਨਾਂ ਕਿਹਾ ਕਿ ਸਿੰਘ ਸਾਹਿਬਾਨ ਦਾ ਦਲ ਦੀ ਪੁਨਰ ਸਰਜੀਤੀ ਦਾ ਫੈਸਲਾ ਦੂਰ ਅੰਦੇਸ਼ੀ ਵਾਲਾ ਫੈਸਲਾ ਹੈ ਤੇ ਹੁਣ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੱਕ ਨਵੀਂ ਸ਼ਕਤੀ ਲੈ ਕੇ ਮੁੜ ਉਭਰੇਗੀ। ਉਹਨਾਂ ਕਿਹਾ ਕਿ ਸਿੰਘ ਸਾਹਿਬਾਨ ਦੇ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਹੋਣੀ ਚਾਹੀਦੀ ਹੈ ਅਤੇ ਲੋਕਤੰਤਰੀ ਢੰਗ ਨਾਲ ਡੈਲੀਗੇਟਸ ਵੱਲੋਂ ਵੀ, ਜੋ ਵੀ ਪਾਰਟੀ ਦਾ ਪ੍ਰਧਾਨ ਚੁਣਿਆ ਜਾਵੇਗਾ, ਉਸ ਦੀ ਅਗਵਾਈ ਵਿੱਚ ਪਾਰਟੀ ਨੂੰ ਮਜਬੂਤ ਕਰਾਂਗੇ।
ਉਹਨਾਂ ਸੁਖਬੀਰ ਸਿੰਘ ਬਾਦਲ ਤੇ ਹੋਏ ਕਾਤਲਾਨਾ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹੀ ਮੰਦਭਾਗੀ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ ਅਤੇ ਹੁਣ ਇਸ ਘਟਨਾ ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਬਲਕਿ ਇਸ ਦੀ ਤਹਿ ਤੱਕ ਜਾ ਕੇ ਪੜਤਾਲ ਹੋਣੀ ਚਾਹੀਦੀ ਹੈ, ਕਿ ਗੋਲੀ ਕਿਉਂ ਚਲਾਈ ਗਈ ਤੇ ਇਸ ਪਿੱਛੇ ਕਿਸ ਦੀ ਸਾਜiLਸ਼ ਹੈ। ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਨ ਬਾਰੇ ਪ੍ਰਧਾਨ ਧਾਮੀ ਵੱਲੋਂ ਕਾਨੂੰਨੀ ਅੜਚਣ ਦੇ ਤਰਕ ਨੂੰ ਖਾਰਜ ਕਰਦਿਆਂ ਉਹਨਾਂ ਕਿਹਾ ਕਿ ਅਜਿਹੀ ਕੋਈ ਅੜਚਨ ਨਹੀਂ ਹੈ।
ਇਸ ਮੌਕੇ ਸੁਧਾਰ ਲਹਿਰ ਨਾਲ ਸੰਬੰਧਿਤ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ, ਭਾਈ ਮਨਜੀਤ ਸਿੰਘ ਭੂਰਾ ਕੋਹਲਾ, ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਿਛਲੇ ਸਮੇਂ ਵਿੱਚ ਅਕਾਲੀ ਦਲ ਦੀ ਲੀਡਰਸiLਪ ਵੱਲੋਂ ਭੁੱਲਾਂ ਗਲਤੀਆਂ ਨਾ ਕੀਤੀਆਂ ਗਈਆਂ ਹੁੰਦੀਆਂ ਤਾਂ ਅੱਜ ਪੰਥਕ ਪਾਰਟੀ ਦੇ ਇਹ ਹਾਲਾਤ ਨਾ ਹੁੰਦੇ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬਾਨ ਵੱਲੋਂ ਜਾਰੀ ਆਦੇਸ਼ਾਂ ਦਾ ਇੰਨ ਬਿੰਨ ਪਾਲਣ ਕਰਦਿਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ।