ਖਨੌਰੀ : ਖਨੌਰੀ ਬਾਰਡਰ ਉੱਤੇ ਕਿਸਾਨੀ ਮੰਗਾਂ ਲਈ 16 ਦਿਨਾਂ ਤੋਂ ਮਰਨਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਚ ਮੰਗਲਵਾਰ ਨੂੰ ਕਿਸਾਨਾਂ ਨੇ ਭੁੱਖ ਹੜਤਾਲ ਕੀਤੀ ਇਸ ਦੌਰਾਨ 1000 ਤੋਂ ਵੱਧ ਕਿਸਾਨਾਂ ਨੇ ਰੋਟੀ ਨਾ ਖਾਧੀ, ਸਿਰਫ ਪਾਣੀ ਪੀਤਾ ।ਖਨੌਰੀ ਬਾਰਡਰ ਤੇ ਚੁੱਲੇ ਵੀ ਨਹੀਂ ਬਲੇ। ਪਿੰਡਾਂ ਤੋਂ ਆਉਣ ਵਾਲਾ ਲੰਗਰ ਵੀ ਨਹੀਂ ਆਇਆ।
ਡੱਲੇਵਾਲ ਦੇ ਪਿੰਡ ਚ ਵੀ ਚੁੱਲਾ ਨਹੀਂ ਬਲਿਆ ।ਉਹਨਾਂ ਦੇ ਪੁੱਤਰ ਗੁਰਪਿੰਦਰ ਸਿੰਘ, ਨੂੰਹ ਹਰਪ੍ਰੀਤ ਕੌਰ ਤੇ ਪੋਤੇ ਜਿਗਰ ਜੋਤ ਸਿੰਘ ਸਮੇਤ ਪਿੰਡ ਦੇ ਲੋਕ ਵੀ ਭੁੱਖ ਹੜਤਾਲ ਉੱਤੇ ਰਹੇ। ਮਰਨ ਵਰਤ ਤੇ ਬੈਠੇ ਕੈਂਸਰ ਤੋਂ ਪੀੜਤ 70 ਸਾਲਾ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਉਹਨਾਂ ਦਾ ਵਜ਼ਨ ਕਰੀਬ ਗਿਆਰਾਂ ਕਿਲੋ ਘੱਟ ਗਿਆ ਹੈ। ਡਾਕਟਰਾਂ ਨੇ ਦਵਾਈ ਦੇਣ ਦੀ ਕੋਸiLਸ਼ ਕੀਤੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਚੈੱਕ ਅਪ ਲਈ ਪੁੱਜੇ ਡਾਕਟਰ ਸ਼ੋਰੀਆ ਕੌਸ਼ਲ ਨੇ ਕਿਹਾ ਕਿ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਉਹਨਾਂ ਨੂੰ ਆਈਸੀਯੂ ਚ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਦੀ ਕਿਡਨੀ ਤੇ ਲਿਵਰ ਤੇ ਅਸਰ ਪੈ ਰਿਹਾ ਹੈ। ਸ਼ੂਗਰ ਲੈਵਲ ਅਤੇ ਬੀਪੀ ਵੀ ਵੱਧ ਰਿਹਾ ਹੈ। ਹਰਿਆਣਾ ਦੇ ਕਿਸਾਨ ਆਗੂ ਅਭਿਮਨੂ ਕੁਹਾੜ ਨੇ ਦੱਸਿਆ ਕਿ ਡੱਲੇਵਾਲ ਨੂੰ ਦੋ ਨੌਜਵਾਨਾਂ ਦਾ ਸਹਾਰਾ ਲੈ ਕੇ ਉੱਠਣਾ ਪੈ ਰਿਹਾ ਹੈ। ਡਾਕਟਰਾਂ ਵੱਲੋਂ ਕੀਤੇ ਜਾ ਰਹੇ ਟੈਸਟਾਂ ਦੇ ਨਤੀਜੇ ਚਿੰਤਾਜਨਕ ਹਨ।
