ਬਾਲੀਵੁੱਡ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦਾ ਸੀ : ਰਾਜ ਕਪੂਰ

ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: 97816-46008
ਕੋਈ ਵੇਲਾ ਸੀ ਕਿ ਪੂਰੇ ਬਾਲੀਵੁੱਡ ਵਿਚ ‘ਆਰ.ਕੇ.ਫ਼ਿਲਮਜ਼` ਅਤੇ ‘ਆਰ.ਕੇ.ਸਟੂਡੀਓ` ਦੀ ਤੂਤੀ ਬੋਲਦੀ ਸੀ ਤੇ ਰਾਜ ਕਪੂਰ ਨੂੰ ਬਾਲੀਵੁੱਡ ਦੇ ‘ਸ਼ੋਅਮੈਨ` ਦੇ ਨਾਂ ਨਾਲ ਸਭ ਲੋਕ ਸਤਿਕਾਰਿਆ ਕਰਦੇ ਸਨ।ਜ਼ਾਲਮ ਸਮੇਂ ਦੀ ਧੂੜ ਨੇ ਆਰ.ਕੇ.ਫ਼ਿਲਮਜ਼ ਅਤੇ ਆਰ.ਕੇ.ਸਟੂਡੀਓ ਦਾ ਵਰਤਮਾਨ ਅਤੇ ਭਵਿੱਖ ਤਾਂ ਧੁੰਦਲਾ ਕਰ ਦਿੱਤਾ ਹੈ ਪਰ ਰਾਜ ਕਪੂਰ ਦਾ ‘ਸ਼ੋਅਮੈਨ` ਵਾਲਾ ਦਰਜਾ ਅੱਜ ਵੀ ਬਰਕਰਾਰ ਹੈ ਤੇ ਅਨੇਕਾਂ ਸਫ਼ਲ,ਸਾਰਥਕ,ਸੰਗੀਤਮਈ,ਸੁਹਜ ਭਰਪੂਰ ਅਤੇ ਸੁਪਰਹਿੱਟ ਫ਼ਿਲਮਾਂ ਦੇਣ ਲਈ ਉਸਨੂੰ ਸਿਨੇ ਪ੍ਰੇਮੀਆਂ ਵੱਲੋਂ ਸਦਾ ਹੀ ਯਾਦ ਕੀਤਾ ਜਾਂਦਾ ਰਹੇਗਾ।

%ਪੇਸ਼ਾਵਰ ਵਿਖੇ ਸਥਿਤ ਕਪੂਰ ਹਵੇਲੀ ਵਿੱਚ 14 ਦਸਬੰਰ,1924 ਮਸ਼ਹੂਰ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਘਰ ਮਾਤਾ ਰਾਮਸ਼ਰਨੀ ਦੇਵੀ ਦੀ ਕੁੱਖੋਂ ਜਨਮੇ ਰਾਜ ਕਪੂਰ ਦੇ ਦੋ ਭਰਾ ਸ਼ੰਮੀ ਕਪੂਰ ਤੇ ਸ਼ਸ਼ੀ ਕਪੂਰ ਤਾਂ ਉਸਦੇ ਵਾਂਗ ਹੀ ਵੱਡੇ ਹੋ ਕੇ ਫ਼ਿਲਮੀ ਅਦਾਕਾਰ ਹੀ ਬਣੇ ਪਰ ਭੈਣ ਉਰਮਿਲਾ ਸਿਆਲ ਫ਼ਿਲਮਾਂ ਵਿੱਚ ਨਹੀਂ ਆਈ ਸੀ ਕਿਉਂਕਿ ਰਾਜ ਦੇ ਦਾਦਾ ਬਸ਼ੇਸ਼ਰਨਾਥ ਕਪੂਰ ਤੇ ਖ਼ਾਨਦਾਨ ਦੇ ਹੋਰ ਲੋਕ ਪਰਿਵਾਰ ਦੀਆਂ ਔਰਤਾਂ ਦੇ ਫ਼ਿਲਮਾਂ ਵਿਚ ਕੰਮ ਕਰਨ ਦੇ ਖ਼ਿਲਾਫ਼ ਸਨ। ਰਾਜ ਨੂੰ ਆਪਣੇ ਪਿਤਾ ਤੋਂ ਹੀ ਅਦਾਕਾਰੀ ਦਾ ਗੁਣ ਵਿਰਾਸਤ ਵਿਚ ਮਿਲਿਆ ਸੀ ਤੇ ਕੇਵਲ ਗਿਆਰ੍ਹਾਂ ਸਾਲ ਦੀ ਬਾਲੜੀ ਉਮਰ ਵਿਚ ਹੀ ਉਸਨੇ ਫ਼ਿਲਮ ‘ਇਲਕਲਾਬ` ਰਾਹੀਂ ਫ਼ਿਲਮੀ ਦੁਨੀਆ ਵਿਚ ਕਦਮ ਰੱਖ ਦਿੱਤਾ ਸੀ।ਇਸ ਉਪਰੰਤ ਉਸਨੇ ‘ਬਾਲਮੀਕ`,‘ਹਮਾਰੀ ਬਾਤ` ਅਤੇ ‘ਗੌਰੀ,` ਆਦਿ ਫ਼ਿਲਮਾਂ ਵਿਚ ਛੋਟੀਆਂ-ਛੋਟੀਆਂ ਭੂਮਿਕਾਵਾਂ ਅਦਾ ਕੀਤੀਆਂ ਸਨ ਤੇ ਫ਼ਿਰ ਇਸ ਤੋਂ ਠੀਕ ਬਾਰ੍ਹਾਂ ਸਾਲ ਬਾਅਦ ਸੰਨ 1947 ਵਿਚ ਰਾਜ ਕਪੂਰ ਅਤੇ ਮਧੂਬਾਲਾ ਜਿਹੇ ਨਵੇਂ ਤੇ ਨੌਜਵਾਨ ਚਿਹਿਰਿਆਂ ਨੂੰ ਲੈ ਕੇ ਨਿਰਦੇਸ਼ਕ ਕੇਦਾਰ ਸ਼ਰਮਾ ਨੇ ਫ਼ਿਲਮ ‘ਨੀਲ ਕਮਲ ` ਬਣਾ ਦਿੱਤੀ ਸੀ ਜੋ ਕਿ ਸਫ਼ਲ ਰਹੀ ਸੀ।
ਨੀਲ ਕਮਲ ਤੋਂ ਬਾਅਦ ਰਾਜ ਨੇ ‘ਦਿਲ ਕੀ ਰਾਨੀ`,‘ਦਿਲ ਕੇ ਤਰਾਨੇ`,‘ਜੇਲ ਯਾਤਰਾ`,‘ਅਮਰ ਪ੍ਰੇਮ`,‘ਗੋਪੀਨਾਥ` ਅਤੇ ‘ਚਿਤੌੜ ਵਿਜੈ ` ਨਾਮਕ ਫ਼ਿਲਮਾਂ ਵਿਚ ਵੱਖ -ਵੱਖ ਕਿਰਦਾਰ ਅਦਾ ਕੀਤੇ ਤੇ ਇਨ੍ਹਾ ਵਿੱਚੋਂ ਤਿੰਨ ਫ਼ਿਲਮਾਂ ਵਿਚ ਤਾਂ ਉਸਨੇ ਆਪਣੀ ਆਵਾਜ਼ ਵਿੱਚ ਗੀਤ ਵੀ ਰਿਕਾਰਡ ਕਰਵਾਏ ਸਨ।ਰਾਜ ਕਪੂਰ ਆਪਣੀ ਪਛਾਣ ਨਾ ਬਣਨ ਕਰਕੇ ਖ਼ਾਸਾ ਪ੍ਰੇਸ਼ਾਨ ਸੀ। ਉਹ ਕੁਝ ਵੱਡਾ ਤੇ ਪ੍ਰਭਾਵਸ਼ਾਲੀ ਕਰਨਾ ਚਾਹੁੰਦਾ ਸੀ ਤੇ ਸਫ਼ਲ ਅਦਾਕਾਰ ਜਾਂ ਨਿਰਦੇਸ਼ਕ ਬਣਨਾ ਚਾਹੁੰਦਾ ਸੀ।ਇਸ ਲਈ ਕੇਵਲ 24 ਸਾਲ ਦੀ ਉਮਰ ਵਿੱਚ ਹੀ ਉਸਨੇ ਆਪਣੇ ਆਰ.ਕੇ.ਸਟੂਡੀਓ ਦੀ ਸਥਾਪਨਾ ਕਰ ਦਿੱਤੀ ਸੀ ਤੇ ਫ਼ਿਲਮ ‘ਆਗ` ਨੂੰ ਬਤੌਰ ਨਿਰਮਾਤਾ-ਨਿਰਦੇਸ਼ਕ ਬਣਾ ਕੇ ਬਾਲੀਵੁੱਡ ਨੂੰ ਆਪਣੀ ਕਾਬਲੀਅਤ ਦਾ ਅਹਿਸਾਸ ਕਰਵਾ ਦਿੱਤਾ ਸੀ। ਉਸਦੀ ਇਸ ਫ਼ਿਲਮ ਵਿਚ ਨਰਗਿਸ,ਕਾਮਿਨੀ ਕੌਸ਼ਲ ਅਤੇ ਰਾਜ ਦੇ ਸਾਲੇ ਪ੍ਰੇਮ ਨਾਥ ਦੀਆਂ ਮੁੱਖ ਭੂਮਿਕਾਵਾਂ ਸਨ।
‘ਆਗ` ਤੋਂ ਬਾਅਦ ਰਾਜ ਕਪੂਰ ਨੇ ਸੰਨ 1949 ਵਿੱਚ ‘ਬਰਸਾਤ` ਬਣਾਈ ਸੀ ਜੋ ਕਿ ਬਾਕਸ ਆਫ਼ਿਸ `ਤੇ ਸੁਪਰਹਿੱਟ ਰਹੀ ਸੀ।ਫਿਰ ਉਸਨੇ ਆਰ.ਕੇ.ਫ਼ਿਲਮਜ਼ ਦੇ ਬੈਨਰ ਹੇਠ ‘ਅਵਾਰਾ`,‘ਸ੍ਰੀ 420`,‘ਜਾਗਤੇ ਰਹੋ`,‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ`,‘ਬੂਟ ਪਾਲਿਸ਼`,‘ਅਬ ਦਿੱਲੀ ਦੂਰ ਨਹੀਂ` ਆਦਿ ਯਾਦਗਾਰ ਫ਼ਿਲਮਾਂ ਬਣਾਈਆਂ ਸਨ ਜਿਨ੍ਹਾ ਵਿੱਚੋਂ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ` ਦੇ ਨਿਰਦੇਸ਼ਨ ਦਾ ਜ਼ਿੰਮਾ ਉਸਨੇ ਆਪਣੇ ਸਿਨਮੈਟੋਗ੍ਰਾਫ਼ਰ ਰਾਧੂ ਕਰਮਾਕਰ ਨੂੰ ਸੌਂਪਿਆ ਸੀ।ਰਾਜ ਕਪੂਰ ਨੇ ਆਪਣੇਸਮੁੱਚੇਕੈਰੀਅਰ ਵਿਚ ਦਰਜਨਾਂ ਫ਼ਿਲਮਾਂ ਕੀਤੀਆਂ ਸਨ ਜਿਨ੍ਹਾ ਵਿੱਚੋਂ ‘ਆਹ`,‘ਦਾਸਤਾਨ`,‘ਅਨਹੋਨੀ`,‘ਛਲੀਆ`,‘ਅਨਾੜੀ`‘,ਦਿਲ ਹੀ ਤੋ ਹੈ`,‘ਸੰਗਮ`,‘ਅਰਾਊਂਡ ਦਾ ਵਰਲਡ ਇਨ ਏਟ ਡਾਲਰਜ਼`,‘ਸਪਨੋਂ ਕਾ ਸੌਦਾਗਰ`,‘ਦੋ ਜਾਸੂਸ`,‘ਗੋਪੀਚੰਦ ਜਾਸੂਸ ` ਆਦਿ ਦੇ ਨਾਂ ਵਿਸ਼ੇਸ਼ ਤੌਰ `ਤੇ ਜ਼ਿਕਰਯੋਗ ਹਨ। ਸੰਨ 1982 ਵਿਚ ਬਤੌਰ ਅਦਾਕਾਰ ਉਸਨੇ ‘ਵਕੀਲ ਬਾਬੂ` ਵਿਚ ਵੱਡੀ ਭੂਮਿਕਾ ਨਿਭਾਈ ਸੀ ਜਦੋਂ ਕਿ ਫ਼ਿਲਮੀ ਪਰਦੇ `ਤੇ ਉਸਨੂੰ ਅਮਿਤਾਬ ਬੱਚਨ ਦੀ ਫ਼ਿਲਮ ‘ਨਸੀਬ` ਦੇ ਇੱਕ ਗੀਤ ਵਿਚ ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਨਾਲ ਵੇਖਿਆ ਗਿਆ ਸੀ।
ਰਾਜ ਕਪੂਰ ਨੇ ਵੀਹਵੀਂ ਸਦੀ ਦੇ ਛੇਵੇਂ,ਸੱਤਵੇਂ ਤੇ ਅੱਠਵੇਂ ਦਹਾਕੇ ਵਿਚ ਆਪਣੀ ਨਿਰਦੇਸ਼ਨ ਕਲਾ ਦਾ ਪੂਰਾ ਲੋਹਾ ਮੰਨਵਾiਂੲਆ ਸੀ। ਉਸਨੇ ਬਤੌਰ ਨਿਰਦੇਸ਼ਕ ‘ਆਗ` (1948),‘ਅਵਾਰਾ`,‘ਸ੍ਰੀ 420`,ਅੰਦਾਜ਼`,‘ਸੰਗਮ`,‘ਮੇਰਾ ਨਾਮ ਜੋਕਰ`, ‘ਬੌਬੀ`,‘ਸੱਤਿਅਮ ਸ਼ਿਵਮ ਸੁੰਦਰਮ`,‘ਪ੍ਰੇਮ ਰੋਗ`ਅਤੇ ‘ਰਾਮ ਤੇਰੀ ਗੰਗਾ ਮੈਲੀ` (1985) ਆਦਿ ਜਿਹੀਆਂ ਸ਼ਾਹਕਾਰ ਫ਼ਿਲਮਾਂ ਬਣਾਈਆਂ ਸਨ।ਉਸਨੂੰ ਆਪਣੀ ਛੇ ਸਾਲ ਦੀ ਮਿਹਨਤ ਨਾਲ ਬਣਾਈ ਫ਼ਿਲਮ ‘ਮੇਰਾ ਨਾਮ ਜੋਕਰ` ਦੇ ਫ਼ਲਾਪ ਰਹਿਣ ਦਾ ਬੜਾ ਦੁੱਖ ਹੋਇਆ ਸੀ ਤੇ ਫਿਰ ਉਸਨੇ ਨਵੇਂ ਜ਼ਮਾਨੇ ਦੀ ਸੋਚ ਤੇ ਸ਼ੈਲੀ ਨੂੰ ਪਕੜਦਿਆਂ ਹੋਇਆਂ ‘ਬੌਬੀ` ਜਿਹੀ ਸੁਪਰਹਿੱਟ ਰਮਾਂਟਿਕ ਫ਼ਿਲਮ ਦੇ ਕੇ ਆਪਣਾ ਗੁਆਚਦਾ ਵੱਕਾਰ ਮੁੜ ਪੈਰਾਂ `ਤੇ ਖੜਾ ਕਰ ਦਿੱਤਾ ਸੀ।ਰਾਜ ਨੇ ਆਪਣੇ ਪੁੱਤਰ ਰਣਧੀਰ ਕਪੂਰ ਨੂੰ ਫ਼ਿਲਮ ‘ਕਲ ਆਜ ਔਰ ਕਲ` ਅਤੇ ਰਿਸ਼ੀ ਕਪੂਰ ਨੂੰ ‘ਬੌਬੀ ` ਰਾਹੀਂ ਬਾਲੀਵੁੱਡ ਵਿਚ ਪ੍ਰਵੇਸ਼ ਕਰਵਾਇਆ ਸੀ ਤੇ ਸੰਨ 1988 ਵਿਚ ਉਹ ਬਤੌਰ ਨਿਰਦੇਸ਼ਕ ਫ਼ਿਲਮ ‘ਹਿਨਾ` ਰਾਹੀਂ ਆਪਣੇ ਛੋਟੇ ਪੁੱਤਰ ਰਾਜੀਵ ਕਪੂਰ ਨੂੰ ਪੇਸ਼ ਕਰਨ ਜਾ ਰਿਹਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸੇ ਸਾਲ ਹੀ ਇਕ ਦਿਨ ਜਦੋਂ ਨਵੀਂ ਦਿੱਲੀ ਵਿਖੇ ਹੋ ਰਹੇ ਇਕ ਸਮਾਗਮ ਵਿਚ ਉਸਨੂੰ ‘ਦਾਦਾ ਸਾਹਿਬ ਫ਼ਾਲਕੇ ਪੁਰਸਕਾਰ` ਨਾਲ ਸਨਮਾਨਿਤ ਕੀਤਾ ਜਾਣਾ ਸੀ ਤਾਂ ਅਚਾਨਕ ਦਮੇ ਦਾ ਇਕ ਗੰਭੀਰ ਦੌਰਾ ਪੈਣ ਕਰਕੇ ਉਸਦੀ ਹਾਲਤ ਖ਼ਰਾਬ ਹੋ ਗਈ ਤੇ ਉਸਨੂੰ ਏਮਜ਼ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ।ਇਸ ਘਟਨਾ ਦੇ ਠੀਕ ਇਕ ਮਹੀਨੇ ਬਾਅਦ ਰਾਜ ਕਪੂਰ ਸਦੀਵੀ ਵਿਛੋੜਾ ਦੇ ਗਿਆ ਸੀ।ਉਸਦੇ ਦੇਹਾਂਤ ਉਪਰੰਤ ਰਣਧੀਰ ਕਪੂਰ ਨੇ ਬਤੌਰ ਨਿਰਦੇਸ਼ਕ ਰਾਜ ਦੀ ਆਖ਼ਰੀ ਫ਼ਿਲਮ ‘ਹਿਨਾ` ਨੂੰ ਰਿਸ਼ੀ ਕਪੂਰ ਤੇ ਪਾਕਿਸਤਾਨੀ ਅਦਾਕਾਰ ਜ਼ੇਬਾ ਬਖ਼ਤਿਆਰ ਨੂੰ ਲੈ ਕੇ ਪੂਰਾ ਕੀਤਾ ਸੀ ਤੇ ਸੰਨ 1991ਵਿਚ ਰਿਲੀਜ਼ ਕਰ ਦਿੱਤਾ ਸੀ। ਇਹ ਫ਼ਿਲਮ ਕਾਫ਼ੀ ਸਫ਼ਲ ਰਹੀ ਸੀ।ਰਾਜ ਕਪੂਰ ਦਰਅਸਲ ‘ਤਿੰਨ ਰਾਸ਼ਟਰੀ ਪੁਰਸਕਾਰਾਂ`,‘11 ਫ਼ਿਲਮ ਫ਼ੇਅਰ ਪੁਰਸਕਾਰਾਂ`,‘ਦੋ ਲਾਈਫ਼ਟਾਈਮ ਐਚੀਵਮੈਂਟ ਐਵਾਰਡਾਂ` ਅਤੇ ‘ਪਦਮ ਭੂਸ਼ਣ` ਜਿਹੇ ਉੱਚ ਸਨਮਾਨਾਂ ਨਾਲ ਸਨਮਾਨਿਤ ਬਾਲੀਵੁੱਡ ਦੀ ਇਕ ਵੱਡੀ ਹਸਤੀ ਸੀ ਜਿਸਦੇ ਨਾਂ ਦੀਆਂ ਬਾਤਾਂ ਬਾਲੀਵੁੱਡ ਵਿਚ ਕਈ ਸਦੀਆਂ ਤੱਕ ਪੈਂਦੀਆਂ ਰਹਿਣਗੀਆਂ।