ਮਹਿਲਾ ਹਾਕੀ ਦੀ ਗੋਲ ਮਸ਼ੀਨ ਪ੍ਰੇਮਾ ਸੈਣੀ

ਨਵਦੀਪ ਸਿੰਘ ਗਿੱਲ
ਫੋਨ: + 91 97800-36216
ਨਵਦੀਪ ਗਿੱਲ ਪੰਜਾਬੀ ਖੇਡ ਸਾਹਿਤ ਦਾ ਉਹ ਨਵਾਂ ਹਸਤਾਖ਼ਰ ਹੈ,ਜਿਸ ਨੇ ਪਿਛਲੇ ਕੁਝ ਸਮੇਂ ਵਿੱਚ ਹੀ ਇਸ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਲਈ ਹੈ। “ਪੰਜਾਬ ਟਾਈਮਜ਼“ ਇਸ ਵਾਰੀ ਤੋਂ ਉਸਦਾ ਮਾਣਮੱਤੀਆਂ ਮਹਿਲਾ ਖਿਡਾਰਨਾਂ ਬਾਰੇ ਲੇਖਾਂ ਦਾ ਨਵਾਂ ਕਾਲਮ ਸ਼ੂਰੁ ਕਰ ਰਿਹਾ ਹੈ- “ਜਾਈਆਂ ਖੇਡ ਮੈਦਾਨ ਦੀਆਂ“। ਉਮੀਦ ਹੈ ਕਿ ਪਾਠਕ ਇਸ ਨੂੰ ਰੂਹ ਨਾਲ ਪੜ੍ਹਿਆ ਕਰਨਗੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਬੱਚੀਆਂ ਦੀ ਜ਼ਿੰਦਗੀ ਅਤੇ ਕਾਮਯਾਬੀਆਂ ਬਾਰੇ ਜਾਣਨਗੇ- ਸੰਪਾਦਕ

ਭਾਰਤੀ ਮਹਿਲਾ ਹਾਕੀ ਵਿੱਚ ਪੰਜਾਬ ਦੇ ਯੋਗਦਾਨ ਦੀ ਗੱਲ ਕਰੀਏ ਤਾਂ ਫਰੀਦਕੋਟ ਦੀਆਂ ਸੈਣੀ ਭੈਣਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ। ਇਕੋਂ ਸਮੇਂ ਤਿੰਨ ਸੈਣੀ ਭੈਣਾਂ (ਪ੍ਰੇਮਾ, ਰੂਪਾ ਤੇ ਕ੍ਰਿਸ਼ਨਾ) ਭਾਰਤੀ ਹਾਕੀ ਟੀਮ ਦਾ ਸiLੰਗਾਰ ਰਹੀਆਂ ਹਨ। ਚੌਥੀ ਭੈਣ ਸਵਰਨਾ ਸੈਣੀ ਅਥਲੈਟਿਕਸ ਵਿਚ ਕੌਮੀ ਪੱਧਰ ਦੀ ਅਥਲੀਟ ਰਹੀ ਹੈ। ਬਚਪਨ ਵਿਚ ਰੋਟੀ ਨੂੰ ਵੀ ਮੁਥਾਜ ਦਰਜਾ ਚਾਰ ਕਰਮਚਾਰੀ ਦੇ ਪਰਿਵਾਰ ਦੀਆਂ ਚਾਰੇ ਧੀਆਂ ਆਪਣੀ ਮਿਹਨਤ, ਲਗਨ ਨਾਲ ਕਲਾਸ ਵਨ ਅਫਸਰ ਬਣੀਆਂ। ਰੂਪਾ ਤੇ ਪ੍ਰੇਮਾ ਨੂੰ ਤਾਂ ਭਾਰਤੀ ਹਾਕੀ ਦੀ ਕਪਤਾਨੀ ਕਰਨ ਦਾ ਮਾਣ ਮਿਲਿਆ।ਅੱਜ ਦੇ ਕਾਲਮ ਵਿੱਚ ਪਰਿਵਾਰ ਦੀ ਸਭ ਤੋਂ ਵੱਡੀ ਲੜਕੀ ਪ੍ਰੇਮਾ ਸੈਣੀ ਦੀ ਗੱਲ ਕਰਾਂਗਾ ਜੋ ਕੱਚੀਆਂ ਇੱਟਾਂ ਦੇ ਇਕ ਕਮਰੇ ਦੇ ਘਰ ਤੋਂ ਉਠ ਕੇ ਭਾਰਤੀ ਹਾਕੀ ਦੀ ਕਪਤਾਨੀ ਬਣੀ।ਸੈਂਟਰ ਫਾਰਵਰਡ ਦੀ ਪੁਜ਼ੀਸ਼ਨ ਉੱਪਰ ਖੇਡਦੀ ਪ੍ਰੇਮਾ ਸੈਣੀ ਮਹਿਲਾ ਹਾਕੀ ਟੀਮ ਦੀ ਗੋਲ ਮਸ਼ੀਨ ਸੀ ਜਿਸ ਕਰਕੇ ਉਸ ਨੂੰ ‘ਲੇਡੀ ਧਿਆਨ ਚੰਦ’ ਵੀ ਆਖਿਆ ਜਾਂਦਾ ਸੀ।
ਪ੍ਰੇਮਾ ਸੈਣੀ ਦਾ ਜਨਮ ਭਾਰਤੀ ਗਣਰਾਜ ਦੀ ਸਥਾਪਨਾ ਦੇ ਅਗਲੇ ਦਿਨ 27 ਜਨਵਰੀ 1950 ਨੂੰ ਫਰੀਦਕੋਟ ਵਿਖੇ ਹੋਇਆ। ਉਸ ਦੇ ਪਿਤਾ 1942 ਵਿੱਚ ਰਾਜਸਥਾਨ ਤੋਂ ਫਰੀਦਕੋਟ ਆ ਕੇ ਵਸੇ ਸਨ ਜਿੱਥੇ ਉਹ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਦਰਜਾ ਚਾਰ ਮੁਲਾਜ਼ਮ ਸਨ। ਪ੍ਰੇਮਾ ਚਾਰ ਭੈਣਾਂ-ਇਕ ਭਰਾ ਵਿੱਚੋਂ ਸਭ ਤੋਂ ਵੱਡੀ ਸੀ। ਛੋਟੀ ਹੁੰਦੀ ਉਹ ਕਾਲਜ ਗਰਾਊਂਡ ਚ ਮੁੰਡਿਆਂ ਨੂੰ ਹਾਕੀ ਖੇਡਦਾ ਦੇਖ ਕੇ ਹਾਕੀ ਖੇਡਣੀ ਲੋਚਦੀ। ਰੇਲ ਦੀਆਂ ਲੀਹਾਂ ਉੱਤੇ ਬੈਠੀ ਉਹ ਹਾਕੀ ਖਿਡਾਰਨ ਬਣਨ ਦੀ ਤਾਂਘ ਰੱਖਦੀ ਸੀ ਜਿਸ ਕਾਰਨ ਉਹ ਮੁੰਡਿਆਂ ਦੇ ਟੁੱਟੀਆਂ ਬੇਕਾਰ ਪਈਆਂ ਹਾਕੀ ਨਾਲ ਖੇਡਣ ਲੱਗ ਜਾਂਦੀ। ਗਿਆਰ੍ਹਵੀਂ ਵਿੱਚ ਪੜ੍ਹਦਿਆਂ ਉਹ ਪੈਪਸੂ ਵੱਲੋਂ ਜੂਨੀਅਰ ਨੈਸ਼ਨਲ ਖੇਡਣ ਗਈ। ਜiLਲਾ ਪੱਧਰ ਉੱਤੇ ਉਹ ਅਥਲੈਟਿਕਸ ਤੇ ਬੈਡਮਿੰਟਨ ਵੀ ਖੇਡਦੀ ਸੀ।
ਪ੍ਰੇਮਾ ਦਾ ਨਾਂ ਅਖਬਾਰਾਂ ਵਿਚ ਆਉਣ ਲੱਗਿਆ ਤਾਂ ਰੂਪਾ ਨੂੰ ਇਸ ਤੋਂ ਵੱਡੀ ਪ੍ਰੇਰਨਾ ਮਿਲੀ। ਪਿਤਾ ਨੇ ਚਾਰੇ ਧੀਆਂ ਨੂੰ ਦੁੱਧ ਪਿਆਉਣ ਲਈ ਘਰੇ ਗਾਂ ਰੱਖੀ ਹੁੰਦੀ ਸੀ ਅਤੇ ਗਰੀਬੀ ਦੇ ਬਾਵਜੂਦ ਕਦੇ ਵੀ ਉਹ ਦੁੱਧ ਵੇਚਦੇ ਨਹੀਂ ਸਨ। ਜਦੋਂ ਗਾਂ ਦੁੱਧ ਦੇਣਾ ਬੰਦ ਕਰਦੀ ਤਾਂ ਪਰਿਵਾਰ ਨੂੰ ਦੁੱਧ ਤਾਂ ਕੀ ਸਗੋਂ ਲੱਸੀ ਦੇ ਵੀ ਲਾਲੇ ਪੈਂ ਜਾਂਦੇ। ਸੈਣੀ ਭੈਣਾਂ ਨੂੰ ਬਰਜਿੰਦਰਾ ਕਾਲਜ ਨੇੜਲੇ ਹਰਿੰਦਰਾ ਨਗਰ ਵਿਚ ਸਰਦਾਰਾਂ ਦੇ ਘਰਾਂ ਤੋਂ ਲੱਸੀ ਦਾ ਜੱਗ ਮੰਗਣ ਬਦਲੇ ਉਨ੍ਹਾਂ ਲਈ ਹੈਂਡ ਪੰਪ ਤੋਂ ਪਾਣੀ ਭਰਨਾ ਪੈਂਦਾ। ਫੇਰ ਕਿਤੇ ਜਾ ਕੇ ਲੱਸੀ ਦਾ ਜੱਗ ਮਿਲਣ।
1967 ਵਿੱਚ ਨਵੇਂ ਪੰਜਾਬ ਦੀ ਸਥਾਪਨਾ ਤੋਂ ਬਾਅਦ ਉਹ ਪਹਿਲੀ ਵਾਰ ਪੰਜਾਬ ਵੱਲੋਂ ਖੇਡਣ ਲੱਗੀ ਅਤੇ ਇਸੇ ਸਾਲ ਦਿੱਲੀ ਵਿਖੇ ਹੋਣ ਵਾਲੇ ਭਾਰਤ-ਆਸਟਰੇਲੀਆ ਹਾਕੀ ਮੈਚ ਲਈ ਭਾਰਤੀ ਟੀਮ ਵਿੱਚ ਚੁਣੀ ਗਈ। ਕੌਮੀ ਟੀਮ ਵਿੱਚ ਚੁਣੀ ਜਾਣ ਵਾਲੀ ਉਹ ਇਕਲੌਤੀ ਪੰਜਾਬਣ ਖਿਡਾਰਨ ਸੀ।ਇਹ ਉਹ ਦੌਰ ਸੀ ਜਦੋਂ ਪ੍ਰੇਮਾ ਬਦੌਲਤ ਪੰਜਾਬ ਦੀ ਟੀਮ ਨੈਸ਼ਨਲ ਵਿੱਚ ਚੰਗਾ ਪ੍ਰਦਰਸ਼ਨ ਕਰਨ ਲੱਗੀ ਅਤੇ 1967 ਵਿੱਚ ਮੈਸੂਰ ਵਿਖੇ ਹੋਈ ਨੈਸ਼ਨਲ ਪੰਜਾਬ ਨੇ ਜਿੱਤੀ। 1968 ਵਿੱਚ ਪ੍ਰੇਮਾ ਦੀ ਸ਼ਮੂਲੀਅਤ ਵਾਲੀ ਭਾਰਤੀ ਟੀਮ ਨੇ ਏਸ਼ੀਅਨ ਹਾਕੀ ਚੈਂਪੀਅਨਸiLਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।1969 ਵਿੱਚ ਉਹ ਪੰਜਾਬ ਦੀ ਕਪਤਾਨ ਬਣੀ ਅਤੇ 1970 ਵਿੱਚ ਪ੍ਰੇਮਾ ਸੈਣੀ ਨੂੰ ਜਪਾਨ ਦੇ ਐਕਸ ਪੋ ਕੌਮਾਂਤਰੀ ਹਾਕੀ ਟੂਰਨਾਮੈਂਟ ਖੇਡਣ ਗਈ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ।ਭਾਰਤ ਦੀ ਕਪਤਾਨ ਬਣਨ ਵਾਲੀ ਉਹ ਪਹਿਲੀ ਪੰਜਾਬਣ ਖਿਡਾਰਨ ਸੀ।ਇਸੇ ਟੀਮ ਵਿੱਚ ਪ੍ਰੇਮਾ ਦੀ ਛੋਟੀ ਭੈਣ ਰੂਪਾ ਵੀ ਸਭ ਤੋਂ ਛੋਟੀ ਉਮਰ ਦੀ ਮੈਂਬਰ ਸੀ। ਭਾਰਤ ਨੇ ਤਿੰਨ ਮੈਚ ਜਿੱਤੇ।
ਸੈਂਟਰ ਫਾਰਵਰਡ ਦੀ ਪੁਜ਼ੀਸ਼ਨ ਉੱਤੇ ਖੇਡਦਿਆਂ ਪ੍ਰੇਮਾ ਨੇ ਜਪਾਨ ਵਿਖੇ ਭਾਰਤੀ ਟੀਮ ਦੇ 50 ਗੋਲਾਂ ਵਿੱਚ 32 ਗੋਲ ਇਕੱਲਿਆਂ ਕੀਤੇ। ਹਾਂਗਕਾਂਗ ਖiLਲਾਫ਼ ਟੈਸਟ ਲੜੀ ਵਿੱਚ ਭਾਰਤ ਦੇ ਕੁੱਲ 12 ਗੋਲਾਂ ਵਿੱਚ ਇਕੱਲੀ ਪ੍ਰੇਮਾ ਨੇ 9 ਗੋਲ ਕੀਤੇ।ਯੁਗਾਂਡਾ ਟੂਰ ਉੱਪਰ ਵੀ ਕਪਤਾਨੀ ਕੀਤੀ ਅਤੇ ਟਾਪ ਸਕਰੋਰ ਬਣੇ। ਅਖਬਾਰਾਂ ਚ ਪ੍ਰੇਮਾ ਸੈਣੀ ਨੂੰ ਮਹਿਲਾ ਹਾਕੀ ਦੀ ਧਿਆਨ ਚੰਦ ਆਖਿਆ ਜਾਣ ਲੱਗਾ।
1971 ਵਿੱਚ ਉਸ ਨੇ ਭਾਰਤੀ ਟੀਮ ਨਾਲ ਨਿਊਜ਼ੀਲੈਂਡ, ਸਿੰਗਾਪੁਰ ਤੇ ਆਸਟਰੇਲੀਆ ਦਾ ਟੂਰ ਕਰਦਿਆਂ ਮੈਚ ਖੇਡੇ। ਨਿਊਜ਼ੀਲੈਂਡ ਖiLਲਾਫ਼ ਮੈਚ ਦੌਰਾਨ ਉਸ ਦੀ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਉਹ ਅਣਫਿੱਟ ਹੋ ਗਈ। ਆਪਣੇ ਖੇਡ ਕਰੀਅਰ ਦੀ ਸਿਖਰ ਉਤੇ ਉਸ ਨੂੰ ਭਾਰਤੀ ਟੀਮ ਛੱਡਣੀ ਪਈ ਅਤੇ 1972 ਵਿੱਚ ਆਖ਼ਰੀ ਨੈਸ਼ਨਲ ਖੇਡਦਿਆਂ ਹਾਕੀ ਖੇਡ ਛੱਡਣੀ ਪਈ। ਉਸ ਤੋਂ ਬਾਅਦ ਉਹ 37 ਵਰਿ੍ਹਆਂ ਦੀ ਉਮਰ ਵਿੱਚ 1987 ਵਿੱਚ ਜਪਾਨ ਖiLਲਾਫ਼ ਵੈਟਰਨ ਮੈਚ ਜ਼ਰੂਰ ਖੇਡੀ ਸੀ ਜੋ ਜਿੱਤੀ ਵੀ ਸੀ।
1979 ਵਿੱਚ ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ।ਪ੍ਰੇਮਾ ਤਿੰਨੇ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਰਵੋਤਮ ਖਿਡਾਰਨ ਰਹੀ ਅਤੇ ਪੰਜਾਬੀ ਯੂਨੀਵਰਸਿਟੀ ਨੇ ਉਸ ਨੂੰ ਖੇਡ ਪ੍ਰਾਪਤੀਆਂ ਬਦਲੇ ਗੋਲਡ ਮੈਡਲ ਨਾਲ ਸਨਮਾਨਿਆ। ਮਿੰਨੀ ਓਲੰਪਿਕਸ ਵਜੋਂ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਚਾਰੇ ਸੈਣੀ ਭੈਣਾਂ ਨੂੰ ਉਨ੍ਹਾਂ ਦੇ ਪਿਤਾ ਨਾਲ ਸਨਮਾਨਤ ਕੀਤਾ। ਤਿੰਨ ਭੈਣਾਂ ਇਕੋ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਾਲੀਬਾਲ ਟੀਮ ਦੀਆਂ ਅਹਿਮ ਖਿਡਾਰਨਾਂ ਰਹੀਆਂ, ਜਿਨ੍ਹਾਂ ਨੇ 1972-73 ਵਿਚ ਲਗਾਤਾਰ ਦੋ ਸਾਲ ਅੰਤਰ ‘ਵਰਸਿਟੀ ਚੈਂਪੀਅਨਸiLਪ ਜਿੱਤੀ।
ਪ੍ਰੇਮਾ ਸੈਣੀ ਨੇ ਸਪੋਰਟਸ ਕਾਲਜ ਕੁਰੂਕਸ਼ੇਤਰਾ ਤੋਂ ਗਰੈਜੂਏਸ਼ਨ ਤੇ ਸਿੱਧਵਾਂ ਕਾਲਜ ਤੋਂ ਗਰੈਜੂਏਸ਼ਨ ਤੇ ਪੋਸਟ ਗਰੈਜੂਏਸ਼ਨ ਕੀਤੀ।ਕਾਲਜ ਪੜ੍ਹਦਿਆਂ ਉਹ ਉਨ੍ਹਾਂ ਨਾਟਕ ਤੇ ਭਾਸ਼ਣ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦੇ ਸਨ। ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ, ਸਰਕਾਰੀ ਗਰਲਜ਼ ਕਾਲਜ ਲੁਧਿਆਣਾ ਵਿਖੇ ਵੀ ਲੈਕਚਰਾਰ ਵਜੋਂ ਸੇਵਾਵਾਂ ਨਿਭਾਈਆਂ। ਉਹ ਸਰਕਾਰੀ ਕਾਲਜ ਮੁਹਾਲੀ ਤੋਂ ਪ੍ਰਿੰਸੀਪਲ ਰਿਟਾਇਰ ਹੋਏ। ਉਨ੍ਹਾਂ ਦੇ ਪਤੀ ਡਾ ਸੱਜਣ ਸਿੰਘ ਭਾਰਤੀ ਫੌਜ ਵਿੱਚੋਂ ਲੈਫ਼ਟੀਨੈਂਟ ਕਰਨਲ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੇ ਦੋ ਬੇਟੇ ਤੇ ਦੋ ਬੇਟੀਆਂ ਹਨ।