ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਵਰਤਮਾਨ ਵਰਤਾਰੇ

ਡਾ.ਲਖਵਿੰਦਰ ਸਿੰਘ ਜੌਹਲ
9418194812
ਵਿਸ਼ਵਵਿਆਪੀ (ਗਲੋਬਲੀ) ਵੀ ਤਦ ਹੀ ਹੋਇਆ ਜਾ ਸਕੇਗਾ, ਜੇਕਰ ਕੋਈ ਸੱਭਿਆਚਾਰ ਆਪਣੀ ਸਥਾਨਕਤਾ ਅਤੇ ਵਿਸ਼ੇਸ਼ਤਾ ਬਾਰੇ ਸੁਚੇਤ ਹੋਵੇਗਾ। ਅੱਜ ਦਾ ਪੰਜਾਬੀ ਵਿਅਕਤੀ ਆਪਣੇ ਸੱਭਿਆਚਾਰ ਵਿੱਚ ਨਹੀਂ ਜੀ ਰਿਹਾ। ਉਹ ਆਪਣੀ ਰਵਾਇਤ, ਰਹਿਣ-ਸਹਿਣ, ਭਾਸ਼ਾ ਅਤੇ ਪਹਿਰਾਵੇ ਤੋਂ ਬੇਮੁੱਖ ਹੋ ਕੇ ਆਪਣੀ ਮੂਲ ਪਛਾਣ ਤੋਂ ਵਿਛੁੰਨਿਆ ਜਾ ਰਿਹਾ ਹੈ। ਵਿਡੰਬਨਾ ਇਹ ਹੈ ਕਿ ਇਸ ਸਥਿਤੀ ਪ੍ਰਤੀ ਉਦਾਸੀਨ ਹੋਣ ਦੀ ਬਜਾਏ, ਉਹ ਹੰਕਾਰ ਨਾਲ ਭਰੇ ਹੋਏ ਦਿਖਾਵੇ ਦਾ ਗਰੱਸਿਆ ਹੋਇਆ ਹੈ।
ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਵਰਤਮਾਨ ਵਰਤਾਰਿਆਂ ਦੀ ਵਿਆਪਕ ਚਰਚਾ ਆਰੰਭ ਕਰਦਿਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਲੋਕਾਂ ਨਾਲ ਸੰਬੰਧਿਤ ਕੁਝ ਤੱਥਾਂ ਨੂੰ ਧਿਆਨ ਵਿੱਚ ਲਿਆਉਣਾ ਜ਼ਰੂਰੀ ਹੈ।
-ਦੱਖਣੀ ਏਸ਼ੀਆ ਦੀ ਕੁੱਲ ਆਬਾਦੀ ਦਾ 75 ਫੀਸਦੀ ਹਿੱਸਾ ਭਾਰਤ ਵਿੱਚ ਵੱਸਦਾ ਹੈ। ਇਹ ਪੂਰੀ ਦੁਨੀਆਂ ਦੀ ਆਬਾਦੀ ਦਾ 17 ਪ੍ਰਤੀਸ਼ਤ ਹਿੱਸਾ ਹੈ।

-ਭਾਰਤ ਦੀ ਕੁੱਲ ਆਬਾਦੀ ਦਾ 77 ਪ੍ਰਤੀਸ਼ਤ ਹਿੱਸਾ ‘‘ਆਮ ਆਦਮੀ“ ਹੈ। ਜਿਹੜਾ ਰੋਜ਼ਾਨਾ 20 ਰੁਪਏ ਤੋਂ ਘੱਟ ਵਿੱਚ ਗੁਜ਼ਾਰਾ ਕਰਦਾ ਹੈ।
-ਪ੍ਰਾਇਮਰੀ ਸਕੂਲਾਂ ਵਿੱਚ ਦਾਖਲੇ ਦੀ ਭਾਰਤ ਵਿੱਚ ਕੌਮੀ ਔਸਤ 96% ਹੈ, ਜਦੋਂ ਕਿ ਪੰਜਾਬ ਦੀ ਔਸਤ ਅਜੇ ਵੀ 72% ਹੈ।
-ਸਾਖਰਤਾ ਵਿੱਚ ਪੰਜਾਬ ਦੀ ਸਥਿਤੀ 16ਵੀਂ ਹੈ। ਪ੍ਰਾਇਮਰੀ ਸਿੱਖਿਆ ਲਈ ਰੱਖੇ ਜਾਣ ਵਾਲੇ ਬੱਜਟ ਵਿੱਚ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਸਮੇਤ ਭਾਰਤ ਦੇ ਕੁੱਲ 35 ਰਾਜਾਂ ਵਿੱਚੋਂ ਪੰਜਾਬ 31ਵੇਂ ਨੰਬਰ ਉੱਤੇ ਹੈ।
-ਭਾਰਤ ਵਿੱਚ 22 ਕੌਮੀ ਭਾਸ਼ਾਵਾਂ ਸਮੇਤ ਡੇਢ ਹਜ਼ਾਰ ਮਾਤ ਭਾਸ਼ਾਵਾਂ ਅਤੇ 1800 ਹੋਰ ਭਾਸ਼ਾਵਾਂ ਹਨ।
-ਪੰਜਾਬੀ ਭਾਸ਼ਾ ਦੁਨੀਆ ਵਿੱਚ ਗਿਆਰਵੀਂ ਵੱਡੀ ਭਾਸ਼ਾ ਹੈ। ਪਰ ਇਹ ਸੱਤਾ ਦੀ ਭਾਸ਼ਾ ਕਦੀ ਵੀ ਨਹੀਂ ਰਹੀ, ਸਿਵਾਏ ਪਟਿਆਲਾ ਰਾਜ ਦੀ ਭਾਸ਼ਾ ਦੇ। -ਨਵੇਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਬੇਹਤਰੀ ਲਈ ਤਿੰਨ ਵਾਰ ਕਾਨੂੰਨ ਬਣਿਆ। ਪਰ ਸਥਿਤੀ ਨਹੀਂ ਬਦਲੀ।
-ਸੰਸਾਰ ਵਿੱਚ ਲਗਭਗ 15 ਕਰੋੜ ਲੋਕ ਪੰਜਾਬੀ ਬੋਲਣ ਵਾਲੇ ਹਨ। ਜਿਨ੍ਹਾਂ ਵਿੱਚੋਂ ਲਗਭਗ 9 ਕਰੋੜ ਲੋਕ ਪਾਕਿਸਤਾਨ ਵਿੱਚ ਹਨ। ਯਾਨੀ ਅੱਧ ਤੋਂ ਵੱਧ।ਉਨ੍ਹਾਂ ਦੀ ਲਿੱਪੀ ਸ਼ਾਹਮੁਖੀ ਹੈ।ਪਰ ਸਾਰੇ ਪਾਕਿਸਤਾਨ ਵਿੱਚ ਇੱਕ ਵੀ ਸਕੂਲ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ।
-ਭਾਰਤ ਵਿੱਚ ਲਗਭਗ ਤਿੰਨ ਕਰੋੜ ਲੋਕ ਪੰਜਾਬੀ ਬੋਲਦੇ ਹਨ। ਜਦੋਂ ਕਿ ਬਰਤਾਨੀਆ ਵਿੱਚ ਦੋ ਕਰੋੜ ਲੋਕ ਪੰਜਾਬੀ ਬੋਲਣ ਵਾਲੇ ਹਨ। ਸਵਾ ਕਰੋੜ ਲੋਕ ਕਨੇਡਾ ਵਿੱਚ ਪੰਜਾਬੀ ਬੋਲਦੇ ਹਨ।ਇਸ ਤੋਂ ਇਲਾਵਾ ਅਮਰੀਕਾ, ਦੁਬਈ ਅਤੇ ਹੋਰ ਅਰਬ ਦੇਸ਼ਾਂ ਸਮੇਤ ਲਗਭਗ ਦੋ ਦਰਜਨ ਦੇਸ਼ਾਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ ਇਕ ਕਰੋੜ ਹੈ।
-ਪੂਰੀ ਦੁਨੀਆਂ ਦੀ ਕੁੱਲ ਆਬਾਦੀ ਦਾ ਸਿਰਫ਼ 8 ਪ੍ਰਤੀਸ਼ਤ ਹਿੱਸਾ ਅੰਗਰੇਜ਼ੀ ਬੋਲਦਾ ਹੈ।
-ਭਾਰਤ ਵਿੱਚ ਨਾਗਾਲੈਂਡ ਅਤੇ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ। ਅਤੇ ਭਾਰਤ ਵਿੱਚ ਸਿਰਫ਼ ਪੰਜ ਪ੍ਰਤੀਸ਼ਤ ਲੋਕ ਅੰਗਰੇਜ਼ੀ ਬੋਲਦੇ ਹਨ।
-ਦੁਨੀਆ ਦਾ 80 ਪ੍ਰਤੀਸ਼ਤ ਗਿਆਨ ਅੰਗਰੇਜ਼ੀ ਵਿੱਚ ਉਪਲੱਬਧ ਹੈ।
-ਪੰਜਾਬੀ ਵਿੱਚ ਛਪਣ ਵਾਲੀਆਂ ਅਖਬਾਰਾਂ ਰਸਾਲਿਆਂ ਆਨਲਾਈਨ ਈ-ਮੈਗਜ਼ੀਨਾਂ, ਟੀ ਵੀ ਅਤੇ ਰੇਡੀਓ ਸਮੇਤ ਯੂਟਿਊਬ ਅਤੇ ਵਟਸਚਐਪ ਚੈਨਲਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਇਹ ਰੁਝਾਨ ਭਾਰਤ ਨਾਲੋਂ ਵਧੇਰੇ ਵਿਦੇਸ਼ਾਂ ਵਿੱਚ ਹੈ।
-ਜੇਕਰ ਦੁਨੀਆ ਭਰ ਦੀਆਂ ਭਾਸ਼ਾਵਾਂ ਦੀ ਥਾਹ ਪਾਉਣੀ ਹੋਵੇ ਤਾਂ ਬੋਲਣ ਵਾਲਿਆਂ ਦੀ ਦ੍ਰਿਸ਼ਟੀ ਤੋਂ, ਦੁਨੀਆ ਚ ਪਹਿਲੀ ਭਾਸ਼ਾ ਮੈਂਡਰਿਨ (ੰਅਨਦਅਰਨਿ) ਹੈ। ਜਿਹੜੀ ਚੀਨ, ਸਿੰਘਾਪੁਰ, ਤਾਈਵਾਨ ਵਗੈਰਾ ‘ਚ ਬੋਲੀ ਜਾਂਦੀ ਹੈ ਅਤੇ ਲਗਭਗ 14% ਲੋਕ ਦੁਨੀਆ ਚ ਮੈਂਡਰਿਨ ਬੋਲਦੇ ਹਨ।
ਦੂਜੀ ਭਾਸ਼ਾ ਸਪੈਨਿਸ਼ ਹੈ, ਜਿਹਨੂੰ 5.85 ਪ੍ਰਤੀਸ਼ਤ ਲੋਕ ਬੋਲਦੇ ਹਨ। ਤੀਜੀ ਭਾਸ਼ਾ ਅੰਗਰੇਜ਼ੀ ਹੈ, ਜਿਹਨੂੰ ਦੁਨੀਆ ਵਿੱਚ 5.52 ਪ੍ਰਤੀਸ਼ਤ ਲੋਕ ਬੋਲਦੇ ਹਨ। ਚੌਥੀ ਭਾਸ਼ਾ ਹਿੰਦੀ ਹੈ, ਜਿਹਨੂੰ 4.46% ਲੋਕ ਬੋਲਦੇ ਹਨ। ਅੱਗੋਂ ਭਾਸ਼ਾਵਾਂ ਆਉਂਦੀਆਂ ਅਰਬੀ, ਪੁਰਤਗੀਜ਼, ਬੰਗਾਲੀ, ਰੂਸੀ, ਜਪਾਨੀ ਆਦਿ। ਗਿਆਰਵੇਂ ਨੰਬਰ ਤੇ ਪੰਜਾਬੀ ਦਾ ਨਾਮ ਆਉਂਦਾ ਹੈ। ਸੰਸਾਰ ਭਰ ਦੇ ਵਿੱਚ ਗਿਆਰਵੀਂ ਅਤੇ ਭਾਰਤ ਵਿੱਚ ਇਹ ਦਸਵੀਂ ਭਾਸ਼ਾ ਪੰਜਾਬੀ ਹੈ। ਜਿਹੜੀ ਲਗਭਗ 15 ਕਰੋੜ ਲੋਕ ਬੋਲਦੇ ਹਨ। ਪਾਕਿਸਤਾਨ ਵਿੱਚ 44% ਲੋਕ ਪੰਜਾਬੀ ਬੋਲਦੇ ਹਨ। ਜੋ ਲਗਭਗ 9 ਕਰੋੜ ਲੋਕਾਂ ਦੀ ਭਾਸ਼ਾ ਹੈ। ਭਾਰਤ ਵਿੱਚ ਇਹ ਲਗਭਗ ਤਿੰਨ ਕਰੋੜ ਲੋਕਾਂ ਦੀ ਭਾਸ਼ਾ ਹੈ।
-ਪੰਜਾਬੀ ਸੂਬਾ ਬਣਨ ਤੋਂ ਬਾਅਦ 29 ਦਸੰਬਰ 1967 ਨੂੰ 1960 ਦੇ ਐਕਟ ਨੂੰ ਰੱਦ ਕਰਕੇ ਨਵਾਂ ਰਾਜ ਭਾਸ਼ਾ ਐਕਟ 1967 ਬਣਾਇਆ ਗਿਆ ਸੀ। ਇਸ ਐਕਟ ਦੇ ਬਣਾਉਣ ਦਾ ਆਦੇਸ਼ ਪੰਜਾਬ ਰਾਜ ਦੇ ਸਾਰੇ ਜਾਂ ਕੁਝ ਦਫਤਰਾਂ ਦਫਤਰੀ ਕੰਮ ਕਾਜ ਨੂੰ ਪੰਜਾਬੀ ਵਿੱਚ ਕੀਤੇ ਜਾਣਾ ਨਿਸ਼ਚਿਤ ਕੀਤਾ ਗਿਆ ਸੀ।
ਬਾਅਦ ਵਿੱਚ 2008 ਅਤੇ 2021ਵਿਚ ਹੋਈਆਂ ਸੋਧਾਂ ਨੇ, ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਕਿਹੋ ਜਿਹਾ ਰੁਤਬਾ ਦਿੱਤਾ?, ਸਕੂਲਾਂ,ਕਾਲਜਾਂ ਅਤੇ ਦਫ਼ਤਰਾਂ ਵਿੱਚ ਪੰਜਾਬੀ ਕਿੰਨੀ ਕੁ ਲਾਗੂ ਹੋਈ?, ਇਹ ਸਭ ਦੇ ਸਾਹਮਣੇ ਹੈ। ਇਸ ਸਥਿਤੀ ਦਾ ਮੂਲ ਕਾਰਨ ਇਹ ਹੈ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲਈ ਸਜ਼ਾ ਦੀ ਮੱਦ ਮਜ਼ਬੂਤ ਨਹੀਂ ਹੈ।
-ਇਹ ਸਾਰੇ ਤੱਥ ਸਾਬਿਤ ਕਰਦੇ
ਹਨ ਕਿ ਇਹ ਦੌਰ ਸਥਾਨਕ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੇ ਵਿਪਰੀਤ ਹੈ। ਇਹ ਸਾਡੇ ਇਤਿਹਾਸ ਦਾ ਅਜਿਹਾ ਬਿੰਦੂ ਹੈ ਜਿੱਥੇ ਸੰਕਲਪਾਂ ਅਤੇ ਵਸਤਾਂ ਦੀ ਪਰਿਭਾਸ਼ਾ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਅਜਿਹੀ ਸਥਿਤੀ ਵਿੱਚ ਪੰਜਾਬੀ ਸਮਾਜ ਦੀ ਗੁੰਝਲਦਾਰ ਸਥਿਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ।ਇਹ ਓਨਾ ਹੀ ਗੁੰਝਲਦਾਰ ਮਸਲਾ ਹੈ, ਜਿੰਨਾ ਵਿਸ਼ਵੀਕਰਨ ਅਤੇ ਉਦਾਰੀ ਕਰਨ ਦੀਆਂ ਬਰੀਕੀਆਂ ਦੀ ਥਾਹ ਪਾਉਣਾ।
ਅਜਿਹੀ ਸਥਿਤੀ ਵਿੱਚ ਵਰਤਮਾਨ ਵਰਤਾਰਿਆਂ ਦੇ ਸੰਦਰਭ ਵਿੱਚ ਪੰਜਾਬੀਅਤ ਨੂੰ ਇਸ ਦੇ ਗਲੋਬਲੀ ਸਰੂਪ ਰਾਹੀਂ ਨਿਹਾਰਨਾ ਸਮੇਂ ਦੀ ਲੋੜ ਹੈ। ਪੰਜਾਬ ਨੂੰ ਜੇਕਰ ਖਿੱਤੇ ਵਿਸ਼ੇਸ਼ ਉੱਤੇ ਕੇਂਦਰਿਤ ਕਰ ਲਿਆ ਜਾਏ ਤਾਂ ਹੁਣ ਇਹ ਸੰਪੂਰਨ ਅਰਥਾਂ ਵਾਲਾ ਪੰਜਾਬ ਨਹੀਂ ਹੈ। ਹਾਲਾਂਕਿ ਸਥਾਨਕਤਾ ਦੀ ਰਵਾਇਤੀ ਪਰਿਭਾਸ਼ਾ ਕਿਸੇ ਖਿੱਤੇ ਵਿਸ਼ੇਸ਼ ਨਾਲ ਜੁੜੀ ਹੋਈ ਹੈ। ਜਿਸ ਵਿੱਚ ਉਸ ਖਿੱਤੇ ਦੇ ਲੋਕਾਂ ਦੀ ਵਿਸ਼ੇਸ਼ ਸਭਿਆਚਾਰਕ ਪਛਾਣ, ਉਨ੍ਹਾਂ ਦੀ ਭਾਸ਼ਾ, ਉਨ੍ਹਾਂ ਦੀਆਂ ਪਰੰਪਰਾਵਾਂ, ਅਤੇ ਉਨ੍ਹਾਂ ਦੀ ਰਹਿਣੀ ਬਹਿਣੀ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹੁੰਦੀਆਂ ਹਨ। ਪਰ ਵਿਸ਼ਵੀਕਰਨ ਨੇ ਸਥਾਨਕਤਾ ਦੀ ਇਹ ਪਰਿਭਾਸ਼ਾ ਵੀ ਬਦਲ ਦਿੱਤੀ ਹੈ। ਜਾਂ ਕਹਿ ਲਓ ਕਿ ਵਿਸਤਾਰ ਦਿੱਤੀ ਹੈ। ਹੁਣ ਸਥਾਨਕਤਾ ਕੋਈ ਸਥਿਰ ਵਰਤਾਰਾ ਨਹੀਂ ਹੈ, ਇਹ ਇਕ ਗਤੀਸ਼ੀਲ ਅਮਲ ਹੈ। ਇਸ ਗਤੀਸ਼ੀਲਤਾ ਦੀ ਸਾਰਥਕਤਾ ਇਹ ਹੈ, ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਹੋਏ ਵੀ, ਪੰਜਾਬੀ ਸਮਾਜ ਦੇ ਸਰੋਕਾਰਾਂ ਨਾਲ ਜੁੜੇ ਰਹਿਣ ਦਾ ਯਤਨ ਕਰਦੇ ਹਨ। ਇਨ੍ਹਾਂ ਸਰੋਕਾਰਾਂ ਵਿੱਚ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਧਰਮ ਦੇ ਸਰੋਕਾਰ ਵਧੇਰੇ ਪ੍ਰਬਲ ਹਨ। ਪਰੰਤੂ ਪੰਜਾਬ ਦੇ ਵਿਕਾਸ ਅਤੇ ਇਸ ਦੇ ਵਿਰਾਸਤੀ ਗੌਰਵ ਦੇ ਸਰੋਕਾਰ ਵਧੇਰੇ ਪ੍ਰਬਲ ਨਹੀਂ ਹਨ।
ਇਸ ਸਮੁੱਚੇ ਵਰਤਾਰੇ ਵਿੱਚ ਟੈਕਨੋਲੋਜੀ ਦੇ ਪਾਸਾਰ ਅਤੇ ਮਸਨੂਈ ਬੁੱਧੀਮਤਾ ਦੀ ਆਮਦ ਨੇ ਨਵੀਆਂ ਵੰਗਾਰਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਵਿੱਚ ਸਾਹਿਤਕਾਰਾਂ ਦੀ ਭੂਮਿਕਾ,ਮੀਡੀਆ ਦਾ ਯੋਗਦਾਨ, ਪੂੰਜੀ ਦਾ ਪ੍ਰਚਲਨ, ਅਤੇ ਸੰਸਥਾਵਾਂ ਕੀ ਰੋਲ ਅਦਾ ਕਰ ਸਕਦੀਆਂ ਹਨ। ਇਹ ਸਭ ਕੁਝ ਵੀ ਗਹਿਰੇ ਵਿਚਾਰ ਦਾ ਵਿਸ਼ਾ ਹੈ।
ਦਿਨ ਬ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ, ਸਿੱਖਿਆ ਸਿਹਤ ਅਤੇ ਸੁਰੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਿਰਵੇ ਹੋ ਰਹੇ ਅਤੇ ਆਪਣੀ ਹੋਂਦ ਨੂੰ ਬਚਾਉਣ ਦੀਆਂ ਵੰਗਾਰਾਂ ਨਾਲ ਜੂਝਦੇ ਪੰਜਾਬੀਆਂ ਤੋਂ, ਗੁੰਝਲਦਾਰ ਸਥਿਤੀ ਵਿੱਚੋਂ ਨਿਕਲ ਕੇ ਅੱਗੇ ਵਧਣ ਲਈ, ਕੀ ਆਸ ਰੱਖੀ ਜਾ ਸਕਦੀ ਹੈ? ਇਹ ਮੁੱਦਾ ਬੇਹੱਦ ਅਹਿਮ ਹੈ।
ਭਾਰੂ ਸੱਭਿਆਚਾਰਾਂ ਦੇ ਸਾਮਰਾਜ ਨੇ ਆਪਣੇ ਅਥਾਹ ਪ੍ਰਸਾਰ ਅਤੇ ਵਿਸਥਾਰ ਨਾਲ, ਸਮਾਜ ਦੇ ਵਿਭਿੰਨ ਖੇਤਰਾਂ ਨੂੰ ਆਪਣੀ ਮਨਮਰਜ਼ੀ ਅਨੁਸਾਰ ਪ੍ਰਭਾਸ਼ਿਤ ਕਰਨਾ ਆਰੰਭ ਕਰ ਦਿੱਤਾ ਹੈ। ਹੁਣ ਫਿਜ਼ੀਕਲ ਡਿਫੈਂਸ ਜਾਂ ਜ਼ਮੀਨੀ ਹਮਲਿਆਂ ਦੀ ਗੱਲ ਛੋਟੀ ਹੋ ਗਈ ਹੈ। ਹੁਣ ਮਨ ਅਤੇ ਦਿਮਾਗ਼ ਉੱਤੇ ਹਮਲੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹਨਾਂ ਹਮਲਿਆਂ ਲਈ ਮੀਡੀਆ ਸਭ ਤੋਂ ਕਾਰਗਰ ਹਥਿਆਰ ਹੈ। ਜਿਨਾਂ ਖੇਤਰਾਂ ਵਿੱਚ ਵਿਕਾਸ ਦੀ ਕਿਰਨ ਮਾਤਰ ਵੀ ਨਹੀਂ ਪਹੁੰਚੀ, ਜਿੱਥੇ ਸੜਕ ਬਿਜਲੀ ਸਕੂਲ ਬਿਲਕੁਲ ਵੀ ਨਹੀਂ ਹਨ, ਉੱਥੇ ਵੀ ਮੀਡੀਆ, ਆਪਣੇ ਸਾਰੇ ਪਾਸਾਰਾਂ ਸਮੇਤ ਪਹੁੰਚਾ ਹੋਇਆ ਹੈ।
-ਆਰਟੀਫਿਸ਼ਲ ਇੰਟੈਲੀਜੈਂਸ (ਮਸਨੂਈ ਬੁੱਧੀਮਤਾ)
ਦੀ ਆਮਦ ਨੇ ਸਾਡੇ ਲਈ ਹੋਰ ਵੱਡੀਆਂ ਵੰਗਾਰਾਂ ਪੈਦਾ ਕਰ ਦਿੱਤੀਆਂ ਹਨ। ਸਪਸ਼ਟ ਹੈ ਕਿ ਹੁਣ ਉਹੀ ਸੱਭਿਆਚਾਰ ਜਿਊਂਦਾ ਰਹਿ ਸਕਦਾ ਹੈ, ਜਿਸ ਦੀ ਦ੍ਰਿਸ਼ਟੀ ਵਿਸ਼ਵ-ਵਿਆਪੀ ਹੋਵੇ, ਵਿਸ਼ਵ ਦੀਆਂ ਸਮੁੱਚੀਆਂ ਸਮੱਸਿਆਵਾਂ ਅਤੇ ਚਿੰਤਨ ਨੂੰ ਸਮਝ ਕੇ ਅਤੇ ਆਪਣੇ ਆਪ ਵਿੱਚ ਜਜ਼ਬ ਕਰਕੇ, ਚੱਲ ਸਕਣ ਦੀ ਸੋਝੀ ਅਤੇ ਸਮਰੱਥਾ ਰੱਖਦਾ ਹੋਵੇ।
ਵਿਸ਼ਵਵਿਆਪੀ (ਗਲੋਬਲੀ) ਵੀ ਤਦ ਹੀ ਹੋਇਆ ਜਾ ਸਕੇਗਾ, ਜੇਕਰ ਕੋਈ ਸੱਭਿਆਚਾਰ ਆਪਣੀ ਸਥਾਨਕਤਾ ਅਤੇ ਵਿਸ਼ੇਸ਼ਤਾ ਬਾਰੇ ਸੁਚੇਤ ਹੋਵੇਗਾ। ਅੱਜ ਦਾ ਪੰਜਾਬੀ ਵਿਅਕਤੀ ਆਪਣੇ ਸੱਭਿਆਚਾਰ ਵਿੱਚ ਨਹੀਂ ਜੀ ਰਿਹਾ। ਉਹ ਆਪਣੀ ਰਵਾਇਤ, ਰਹਿਣ-ਸਹਿਣ, ਭਾਸ਼ਾ ਅਤੇ ਪਹਿਰਾਵੇ ਤੋੰ ਬੇਮੁੱਖ ਹੋ ਕੇ ਆਪਣੀ ਮੂਲ ਪਛਾਣ ਤੋੰ ਵਿਛੁੰਨਿਆ ਜਾ ਰਿਹਾ ਹੈ। ਵਿਡੰਬਨਾ ਇਹ ਹੈ ਕਿ ਇਸ ਸਥਿਤੀ ਪ੍ਰਤੀ ਉਦਾਸੀਨ ਹੋਣ ਦੀ ਬਜਾਏ, ਉਹ ਹੰਕਾਰ ਨਾਲ ਭਰੇ ਹੋਏ ਦਿਖਾਵੇ ਦਾ ਗਰੱਸਿਆ ਹੋਇਆ ਹੈ।
ਇਸੇ ਕਰਕੇ ਪੰਜਾਬੀ ਬੁੱਧੀਜੀਵੀ ਦੇਸ਼ ਵਿੱਚ ਵੀ, ਅਤੇ ਵਿਦੇਸ਼ਾਂ ਵਿੱਚ ਵੀ,ਪੰਜਾਬੀ ਸੱਭਿਆਚਾਰ ਨੂੰ ਵਿਸਵ ਪੱਧਰ ਉੱਤੇ ਵਿਕਸਿਤ ਕਰਨ ਵਿੱਚ ਲਗਭਗ ਅਸਫ਼ਲ ਰਹੇ ਹਨ। ਆਪਣੀ ਭਾਸ਼ਾ ਨੂੰ ਸਵੀਕਾਰ ਕਰਨ ਤੋਂ ਬਿਨਾਂ, ਇਹ ਸੰਭਵ ਨਹੀਂ ਹੋ ਸਕਦਾ ਕਿ ਪੰਜਾਬੀ ਆਪਣੇ ਸਭਿਆਚਾਰ ਨੂੰ ਗਲੋਬਲੀ ਪਛਾਣ ਵਾਲਾ ਸਭਿਆਚਾਰ ਬਣਾ ਸਕਣ। ਮੱਧਕਾਲ ਦੀ ਭਗਤੀ ਲਹਿਰ ਅਤੇ ਗੁਰਬਾਣੀ ਦਾ ਸੰਦੇਸ਼ ਸੰਵਾਦ-ਦ੍ਰਿਸ਼ਟੀ ਹੈ। ਗੁਰੂ ਨਾਨਕ ਦੇਵ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੱਕ ਦੀ ਸਮੁੱਚੀ ਸਿੱਖ ਕ੍ਰਾਂਤੀ ਦੇ ਸਿਧਾਂਤਾਂ ਦੇ ਨਾਲ-ਨਾਲ, ਮਾਰਕਸਵਾਦੀ ਅਤੇ ਉਦਾਰਵਾਦੀ ਪੂੰਜੀਵਾਦ ਦੇ ਵਿਸਥਾਰ ਰਾਹੀਂ, ਵਰਤਮਾਨ ਤੱਕ ਪਹੁੰਚ ਕੇ ਨਵੇਂ ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਨੂੰ ਨਿਹਾਰਨਾ ਬਹੁਤ ਜ਼ਰੂਰੀ ਹੈ।
ਭਾਰਤੀ ਸੰਸਕ੍ਰਿਤੀ ਦੇ ਉਥਾਨ ਉਤੇ ਕੇਂਦਰਿਤ ਹੋਈਏ ਤਾਂ ਭਾਰਤੀ ਸੰਸਕ੍ਰਿਤੀ ਬਹੁਤ ਜਟਲਤਾ ਵਾਲੀ ਸੰਸਕ੍ਰਿਤੀ ਹੈ। ਵਰਤਮਾਨ ਤੱਕ ਪਹੁੰਚਦਿਆਂ ਇਹ ਜਟਲਤਾ ਸਰਲਤਾ ਵਿੱਚ ਪਰਿਵਰਤਿਤ ਹੁੰਦੀ ਮਹਿਸੂਸ ਹੋ ਰਹੀ ਹੈ। ਬਾਕੀ ਭਾਰਤੀ ਸੱਭਿਆਚਾਰਾਂ ਦੇ ਮੁਕਾਬਲੇ ਪੰਜਾਬੀ ਸਭਿਆਚਾਰ ਬਹੁਤ ਸਰਲ ਸੱਭਿਆਚਾਰ ਹੈ।
ਬਹੁਤ ਜ਼ਰੂਰੀ ਗੱਲ ਕਿ ਪੰਜਾਬ ਕਦੇ ਵੀ ਇੱਕ ਭਾਸ਼ੀ ਨਹੀਂ ਰਿਹਾ। ਗੁਰੂ ਗੋਬਿੰਦ ਸਿੰਘ ਖੁਦ ਪੰਜ ਭਾਸ਼ਾਵਾਂ ਵਿੱਚ ਲਿਖਦੇ ਸਨ। ਸੰਸਕ੍ਰਿਤ, ਬ੍ਰਜ ਭਾਸ਼ਾ, ਫ਼ਾਰਸੀ, ਪੰਜਾਬੀ ਅਤੇ ਹਿੰਦੀ।
-ਭਗਤ ਕਬੀਰ ਜੀ ਦੇ “ਕੁਦਰਤ ਕੇ ਸਭ ਬੰਦੇ“ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ “ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ“ ਰਾਹੀਂ, ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੀ ਸਿੱਖ ਕ੍ਰਾਂਤੀ ਦੀ ਰੌਸ਼ਨੀ ਵਿੱਚ ਅੱਗੇ ਵਧਦੇ ਹੋਏ, ਦੁਨੀਆ ਭਰ ਦੀਆਂ ਭਾਸ਼ਾਵਾਂ ਨੂੰ ਸਿੱਖਣ ਦੇ ਯਤਨਾਂ ਰਾਹੀਂ, ਵਿਸ਼ਵ ਸੱਭਿਆਚਾਰਾਂ ਦੀਆਂ ਗਹਿਰਾਈਆਂ ਨੂੰ ਸਮਝਦੇ ਹੋਏ, ਆਪਣੀ ਭਾਸ਼ਾ ਤੇ ਆਪਣੇ ਸੱਭਿਆਚਾਰ ਨੂੰ ਬਚਾਈ ਰੱਖਣਾ ਬੇਹੱਦ ਜ਼ਰੂਰੀ ਹੈ।
ਪੰਜਾਬੀਅਤ ਦਾ ਵਰਤਮਾਨ ਦੁਖਾਂਤ ਇਹ ਹੈ ਕਿ ਪੰਜਾਬੀਆਂ ਨੂੰ ਸਿਰਫ਼ ਪੰਜਾਬੀ ਭਾਸ਼ਾ ਤੱਕ ਹੀ ਸੀਮਤ ਕੀਤਾ ਜਾ ਰਿਹਾ ਹੈ। ਇਹ ਸਾਹਿਤ ਅਤੇ ਸੱਭਿਆਚਾਰ ਤੋਂ ਵਿਛੁੰਨੇ ਜਾ ਰਹੇ ਹਨ। ਅਗਲੀ ਪੀੜ੍ਹੀ ਤੱਕ ਸਿਰਫ ਭਾਸ਼ਾ ਹੀ ਜਾ ਰਹੀ ਹੈ, ਉਹ ਵੀ ਗੁਰਮੁਖੀ ਲਿੱਪੀ ਦੀ ਮੁਹਾਰਤ ਤੋਂ ਬਗੈਰ। ਸਾਡੀ ਵਿਰਾਸਤ, ਸਾਡਾ ਵਿਚਾਰ, ਸਾਡੀਆਂ ਕਦਰਾਂ ਕੀਮਤਾਂ (ਠਹੋੁਗਹਟਸ ਚ ੜਅਲੁੲਸ) ਗੁੰਮ ਹੋ ਰਹੇ ਹਨ। ਪੰਜਾਬ ਦੀ ਕਲਚਰਲ ਟ੍ਰਾਂਸਫਰਮੇਸ਼ਨ ਨਹੀਂ ਹੋ ਰਹੀ। ਇਤਿਹਾਸ ਦਾ ਗੌਰਵ ਸਾਡੇ ਮਨਾਂ ਵਿੱਚੋਂ ਮਨਫ਼ੀ ਹੋ ਰਿਹਾ ਹੈ। ਪੰਜਾਬ ਆਰਥਿਕ ਕੰਗਾਲੀ ਰਾਹੀਂ ਬੌਧਿਕ ਕੰਗਾਲੀ ਵੱਲ ਵਧ ਰਿਹਾ ਹੈ। ਜੋ ਸਾਧਨ ਸੰਪਨ ਹੈ, ਉਹ ਬਾਹਰ ਜਾ ਰਿਹਾ ਹੈ। ਬਾਹਰੋਂ ਗ਼ਰੀਬੀ ਆ ਰਹੀ ਹੈ। ਇੰਟਲੈਕਟ ਡਰੇਨ ਆਊਟ ਹੋ ਰਿਹਾ ਹੈ। ਅਨਪੜ੍ਹਤਾ ਡਰੇਨ ਇਨ ਹੋ ਰਹੀ ਹੈ ।ਅਸੀਂ ਵਰਤਮਾਨ ਮੁਖੀ ਹੋਣ ਦੀ ਬਜਾਏ ਅਤੀਤ ਮੁਖੀ ਹੋ ਰਹੇ ਹਾਂ। ਪਰ ਇਸ ਅਤੀਤ ਮੁਖਤਾ ਵਿੱਚੋਂ ਇਤਿਹਾਸ ਮੁਖਤਾ ਗਾਇਬ ਹੈ, ਮਿਥਿਹਾਸ ਮੁਖਤਾ ਭਾਰੂ ਹੋ ਰਹੀ ਹੈ। ਸਮਾਜ ਦੀ ਪ੍ਰਗਤੀ ਸੱਭਿਆਚਾਰ ਰਾਹੀਂ ਹੋਣੀ ਹੁੰਦੀ ਹੈ, ਧਰਮ ਜਾਂ ਰਾਜਨੀਤੀ ਰਾਹੀਂ ਨਹੀਂ। ਪੰਜਾਬੀਆਂ ਨੂੰ ਇਸ ਬਰੀਕ ਜਿਹੇ ਫਰਕ ਨੂੰ ਸਮਝ ਕੇ ਅੱਗੇ ਵਧਣ ਦੀ ਲੋੜ ਹੈ ਤੇ ਅੱਗੇ ਵਧਣ ਦੇ ਤਿੰਨ ਹੀ ਨੁਕਤੇ ਹਨ :-
-ਸਿੱਖਿਆ -ਸਿਰਜਣਾ -ਅਕਾਦਮਿਕਤਾ
-ਇਸ ਵੇਲੇ ਵੱਡੀ ਵੰਗਾਰ ਆਰਟੀਫਿਸ਼ਅਲ ਇੰਟੈਲੀਜੈਂਸ ਦੀਆਂ ਲੱਭਤਾਂ ਨਾਲ ਵਰ ਮੇਚਣ ਦੀ ਵੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਗਿਆਨ ਅਤੇ ਪੰਜਾਬੀ ਸਾਹਿਤ ਨੂੰ ਯੂਨੀਕੋਡ ਰਾਹੀਂ ਗੂਗਲ ਉੱਤੇ ਅਪਲੋਡ ਕੀਤਾ ਜਾਵੇ। ਇਹ ਕਾਰਜ ਪ੍ਰੋਜੈਕਟ ਬਣਾ ਬਣਾ ਕੇ ਅੱਗੇ ਵਧਾਉਣ ਦੀ ਲੋੜ ਹੈ। ‘ਅਗਲੀ ਪੀੜ੍ਹੀ ਨੂੰ ਗੁਰਮੁਖੀ ਲਿਪੀ ਨਾਲ ਜੋੜਿਆ ਜਾਵੇ। ਗੁਰਮੁਖੀ ਲਿਪੀ ਵਿੱਚ ਲਿਖਣ ਅਤੇ ਪੜ੍ਹਨ ਦੀ ਆਦਤ ਵਿਕਸਿਤ ਕੀਤੀ ਜਾਵੇ
-ਸਿਹਤਮੰਦ ਸਾਹਿਤ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾਵੇ।