ਅਸਮਾਨ ਦਾ ਨਹੀਂ, ਧਰਤੀ ਦਾ ਫ਼ਲਸਫ਼ਾ

ਵਰਿਆਮ ਸਿੰਘ ਸੰਧੂ
ਫੋਨ: 647-535-1539
(ਵਰਿਆਮ ਸਿੰਘ ਸੰਧੂ ਪੰਜਾਬੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਸਾਹਿਤਕਾਰ ਹੈ। ਪੰਜਾਬੀ ਕਹਾਣੀ ਦੇ ਮਾਣਮੱਤੇ ਹਸਤਾਖ਼ਰ ਨੇ ਵਾਰਤਕ ਲਿਖਣ ਵਿੱਚ ਵੀ ਮਾਣਯੋਗ ਸਥਾਨ ਗ੍ਰਹਿਣ ਕੀਤਾ ਹੈ। ਪੇਸ਼ ਹੈ ਉਸਦੀ ਇਕ ਸ਼ਾਨਦਾਰ ਲਿਖਤ – ਸੰਪਾਦਕ)
ਗੱਲ ਤੋਰਨ ਲਈ ਮੈਨੂੰ ਭਾਈ ਗੁਰਦਾਸ ਜੀ ਦੀ ਸੱਚੇ ਪਾਤਸ਼ਾਹ ਬਾਰੇ ਲਿਖੀ ਵਾਰ ਦੀਆਂ ਪਹਿਲੀਆਂ ਦੋ ਪੰਕਤੀਆਂ ਦਾ ਆਸਰਾ ਲੈਣਾ ਪੈਣਾ ਹੈ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।।
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।।
ਅਰਥ ਤੁਸੀਂ ਸਾਰੇ ਹੀ ਜਾਣਦੇ ਹੋ। ਗੁਰੂ ਨਾਨਕ ਸਾਹਿਬ ਦਾ ਪਰਗਟ (ਜਨਮ ਲੈਣਾ ਨਹੀਂ, ਗਿਆਨ ਦਾ ਪਰਗਟ ਹੋਣਾ) ਹੋਣਾ ਗਿਆਨ ਦਾ ਸੂਰਜ ਚੜ੍ਹਨ ਵਾਂਗ ਸੀ, ਜਿਸਦੇ ਚਾਨਣ ਵਿੱਚ ਅਗਿਆਨ, ਕੁਤਰਕ ਤੇ ਅਧਰਮ ਦੀ ਧੁੰਦ ਤੇ ਹਨੇਰਾ ਦੂਰ ਹੋ ਗਿਆ। ਜਦੋਂ ਸੂਰਜ ਚੜ੍ਹਦਾ ਹੈ ਤਾਂ ਉਹਦੇ ਚਾਨਣ ਵਿੱਚ ਧੁੰਦ ਤੇ ਹਨੇਰਾ ਹੀ ਦੂਰ ਨਹੀਂ ਹੁੰਦੇ, ਤਾਰੇ ਵੀ ਛਿਪ ਜਾਂਦੇ ਹਨ। ਧੁੰਦ ਤੇ ਹਨੇਰਾ ਤਾਂ ਨਾਂਹ-ਵਾਚਕ ਸ਼ਬਦ ਨੇ ਪਰ ‘ਤਾਰੇ` ਨਾਂਹ-ਵਾਚਕ ਨਹੀਂ ਹਨ। ਉਹ ਤਾਂ ਟਿਮਟਮਾਉਂਦੀ ਰੌਸ਼ਨੀ ਦਾ ਸੋਮਾ ਹਨ। ਰਾਤ ਦੇ ਹਨੇਰੇ ਵਿੱਚ ਖਿੱਲਰੇ ਚਾਨਣ ਦੇ ਛੋਟੇ-ਛੋਟੇ ਟੋਟੇ ਹਨ। ਪਰ ਜਦ ਸੂਰਜ ਚੜ੍ਹਦਾ ਹੈ ਤਾਂ ਚਾਨਣ ਦੇ ਇਹ ਨਿੱਕੇ ਸੋਮੇ ਵੀ ਛਿਪ ਜਾਂਦੇ ਹਨ। ਪਰ ਹਕੀਕਤ ਵਿਚ ਇਹ ‘ਛੋਟੇ` ਜਾਂ ‘ਨਿੱਕੇ` ਨਹੀਂ ਹਨ। ਅਸਲ ਰਮਜ਼ ਏਹੋ ਹੈ ਸਮਝਣ ਵਾਲੀ!
ਜੇ ਗੁਰੂ ਸਾਹਿਬ ਦੀ ਵਿਚਾਰਧਾਰਾ/ਫ਼ਲਸਫ਼ਾ ‘ਸੂਰਜ` ਸੀ ਤਾਂ ਚਾਨਣ ਬਿਖ਼ੇਰਦੇ ਇਹ ਛੋਟੇ ਛੋਟੇ ਤਾਰੇ ਕੀ ਸਨ? ਅਸਲ ਵਿੱਚ ਇਹ ਭਾਰਤ ਦੇ/ਸੰਸਾਰ ਦੇ ਉਹ ਫ਼ਲਸਫ਼ੇ ਸਨ, ਜਿਹੜੇ ਆਪਣੀ ਥਾਂ `ਤੇ ਹੋ ਸਕਦਾ ਹੈ, ਬੜੇ ਵੱਡੇ ਹੋਣ, ਮਹਾਨ ਹੋਣ! ਅਸੀਂ ਜਾਣਦੇ ਹਾਂ ਕਿ ਇਸ ਬ੍ਰਹਿਮੰਡ ਵਿੱਚ ਸਾਡੇ ਸੂਰਜ-ਮੰਡਲ ਵਰਗੇ ਵੀ ਅਤੇ ਇਸਤੋਂ ਵੱਡੇਰੇ ਵੀ, ਕਈ ਹੋਰ ਸੂਰਜ-ਮੰਡਲ ਵੀ ਹਨ। ਕਈ ਤਾਰੇ ਤਾਂ ਸਾਡੇ ਸੂਰਜ ਤੋਂ ਵੀ ਕਈ ਗੁਣਾ ਵੱਡੇ ਹਨ। ਪਰ ਉਹ ਸਾਡੀ ਧਰਤੀ ਤੋਂ ਹਜ਼ਾਰਾਂ-ਲੱਖਾਂ ਮੀਲ ਦੂਰ ਹਨ। ਏਨੀ ਦੂਰ ਕਿ ਕਈਆਂ ਦੀ ਤਾਂ ਰੌਸ਼ਨੀ ਲੱਖਾਂ ਸਾਲਾਂ ਬਾਅਦ ਧਰਤੀ `ਤੇ ਅੱਪੜਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਈਆਂ ਦੀ ਰੌਸ਼ਨੀ ਤਾਂ ਅਜੇ ਤੱਕ ਵੀ ਧਰਤੀ `ਤੇ ਨਹੀਂ ਪਹੁੰਚੀ।
ਸੋ ਤਾਰਿਆਂ ਵਰਗੇ ਇਹ ਫ਼ਲਸਫ਼ੇ ਲੱਖ ਮਹਾਨ ਤੇ ਵੱਡੇ ਹੋਣ ਪਰ ਲੋਕਾਈ ਦੀ ਪਹੁੰਚ ਤੋਂ ‘ਬਹੁਤ ਦੂਰ` ਹੋਣ ਕਰ ਕੇ ਉਹਨਾਂ ਦਾ ਨਿੱਘ ਤੇ ਰੌਸ਼ਨੀ ਲੋਕਾਂ ਦਾ ਕੁੱਝ ਨਹੀਂ ਸਨ ਸਵਾਰ ਸਕਦੇ।
ਨਿੱਘ ਹੈ ਨਾ ਰੌਸ਼ਨੀ ਹੈ, ਇਹ ਕੇਹੀ ਦੋਸਤੀ ਹੈ- (ਪਾਤਰ)
ਗੁਰੂ ਸਾਹਿਬ ਦਾ ਸੂਰਜੀ ਫ਼ਲਸਫ਼ਾ ਇਸ ਕਰ ਕੇ ਮਹਾਨ ਸੀ, ਕਿਉਂਕਿ ਇਹ ਜ਼ੁਲਮ-ਜਬਰ ਦੀ ਕੜਕਦੀ ਠੰਢ ਵਿੱਚ ਠਰਦੀ-ਕੰਬਦੀ ਲੋਕਾਈ ਨੂੰ ਨਿੱਘ ਦਿੰਦਾ ਸੀ। ਕੂੜ ਕੁਸੱਤ ਬੋਲਣ/ਕਰਨ ਵਾਲੀ, ਗਿਆਨ ਬਿਨਾਂ ਅੰਨ੍ਹੀ, ਪਰਜਾ ਨੂੰ ਰੌਸ਼ਨੀ ਦਿੰਦਾ ਸੀ, ਅੱਖਾਂ ਦਿੰਦਾ ਸੀ। ਸਦੀਆਂ ਬਾਅਦ ਲੋਕਾਂ ਨੂੰ ਲੱਗਾ, ਇਹ ਤਾਂ ਕੋਈ ਉਹਨਾਂ ਦੇ ਦੁੱਖਾਂ-ਦਰਦਾਂ ਨੂੰ ਸਮਝਣ ਵਾਲਾ, ਉਹਨਾਂ ਦੇ ਡੂੰਘੇ ਜ਼ਖ਼ਮਾਂ ‘ਤੇ ਮਰ੍ਹਮ ਲਾਉਣ ਵਾਲਾ, ਉਹਨਾਂ ਦਾ ਕੋਈ ਡਾਢਾ ਦਰਦੀ ਆ ਗਿਆ ਹੈ। ਜਦੋਂ ਗੁਰੂ ਸਾਹਿਬ ਨੇ ‘ਏਕ ਪਿਤਾ ਏਕਿਸ ਕੇ ਹਮ ਬਾਰਿਕ‘ ਆਖ ਕੇ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ‘ ਦੇ ਅੰਦਾਜ਼ ਵਿੱਚ ਬਾਹਵਾਂ ਖੋਲ੍ਹੀਆਂ ਤਾਂ ਦੁਖੀ-ਲਤਾੜੀ ਮਨੁੱਖਤਾ ਧਾਹ ਕੇ ਉਹਨਾਂ ਦੇ ਗਲ਼ ਨਾਲ ਆਣ ਲੱਗੀ।
ਮਨੁੱਖਤਾ ਦੇ ਦੁੱਖ ਕੀ ਸਨ, ਜ਼ਖ਼ਮ ਕੀ ਸਨ ਤੇ ਮਰ੍ਹਮ ਕੀ ਸੀ! ਏਸੇ ਸਮਝ ਵਿੱਚ ਗੁਰੂ ਜੀ ਦੇ ਵਿਚਾਰਾਂ ਦੀ ਪ੍ਰਸੰਗਕਤਾ ਦਾ ਰਹੱਸ ਪਿਆ ਹੈ।
ਦੁੱਖ ਦੀ ਦਵਾਈ ਦੇਣ ਜਾਂ ਜ਼ਖਮ ‘ਤੇ ਮਰ੍ਹਮ ਲਾਉਣ ਤੋਂ ਪਹਿਲਾਂ ਬੀਮਾਰੀ ਦੀ ਤਖ਼ਸ਼ੀਸ਼ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਏਸੇ ਤਖ਼ਸ਼ੀਸ਼ ਦਾ ਯਤਨ ਹੀ ਸੀ, ਗੁਰੂ ਸਾਹਿਬ ਦਾ ਸੰਕੇਤਕ ਤੌਰ ‘ਤੇ ਵੇਈਂ ਵਿੱਚ ਚੁੱਭੀ ਲਾਉਣਾ। ਇਹ ਅਸਲ ਵਿੱਚ ਅੰਤਰ-ਮਨ ਵਿੱਚ ਚੁੱਭੀ ਲਾਉਣਾ ਸੀ। ਅੰਤਰ-ਧਿਆਨ ਹੋ ਕੇ ਕਿਸੇ ਅੰਤਮ ਫ਼ੈਸਲੇ ‘ਤੇ ਪੁੱਜਣਾ ਸੀ। ਉਸ ਵੇਲੇ ਦੇਸ਼ ਵਿੱਚ ਦੋ ਮੁੱਖ ਧਰਮ ਸਨ। ਹਿੰਦੂ ਤੇ ਮੁਸਲਮਾਨ। ਦੋਵੇਂ ਇੱਕ ਦੂਜੇ ਦੇ ਵਿਰੋਧੀ। ਇੱਕ ਹਾਕਮ ਦਾ ਧਰਮ, ਦੂਜਾ ਮਹਿਕੂਮ ਦਾ ਧਰਮ। ਇੱਕ ਹਮਲਾਵਰ, ਦੂਜਾ ਆਤਮ ਸੁਰੱਖਿਆ ਦੇ ਪੈਂਤੜੇ ਤੋਂ ਆਪਣੇ ਘੁਰਨਿਆਂ ਵਿੱਚ ਸਿਰ ਘਸੋੜ ਕੇ ਬੈਠਾ ਹੋਇਆ।
ਦੋਵਾਂ ਧਰਮਾਂ ਦਾ ਵਿਰੋਧ, ਇਸ ਦੰਦ-ਕਥਾ ਮੁਤਾਬਕ, ਕੁੱਝ ਇਸ ਅੰਦਾਜ਼ ਦਾ ਵੀ ਸੀ:
ਰੋਟੀ ਖਾਂਦਿਆਂ ਮੁਸਲਮਾਨ ਦੀ ਬੁਰਕੀ ਹੱਥੋਂ ਡਿਗ ਪਈ। ਮਨ ਦੁਬਿਧਾ ਵਿੱਚ ਪੈ ਗਿਆ। ਬੁਰਕੀ ਚੁੱਕ ਕੇ ਖਾਵੇ ਜਾਂ ਨਾ ਖਾਵੇ? ਮੌਲਵੀ ਸਾਹਿਬ ਕੋਲ ਚਲਾ ਗਿਆ, ਇਹ ਜਾਨਣ ਲਈ, ਕਿ ਇਸ ਮਸਲੇ ਬਾਰੇ ਸ਼ਰ੍ਹਾ ਕੀ ਕਹਿੰਦੀ ਹੈ। ਮੌਲਵੀ ਨੇ ਕਿਤਾਬਾਂ ਫ਼ੋਲ ਮਾਰੀਆਂ, ਪਰ ਕੋਈ ਤਸੱਲੀਬਖ਼ਸ਼ ਜਵਾਬ ਨਾ ਲੱਭਾ। ਆਖ਼ਰ ਹੈ ਤਾਂ ‘ਮੌਲਵੀ` ਹੀ ਸੀ, ਲਾਜਵਾਬ ਥੋੜਾ ਹੋ ਸਕਦਾ ਸੀ! ਅਗਲੇ ਨੂੰ ਅੱਗੋਂ ਵਲ਼ਦਿਆਂ ਸਵਾਲ ਕਰ ਦਿੱਤਾ, ‘‘ਪਹਿਲਾਂ ਤੂੰ ਮੈਨੂੰ ਇਹ ਦੱਸ ਕਿ ਹਿੰਦੂ ਡਿੱਗੀ ਹੋਈ ਬੁਰਕੀ ਦਾ ਕੀ ਕਰਦਾ ਹੈ?“
ਉਹ ਕਹਿੰਦਾ, ‘‘ਜੀ, ਹਿੰਦੂ ਡਿੱਗੀ ਹੋਈ ਬੁਰਕੀ ਖਾਂਦਾ ਨਹੀਂ, ਸੁੱਟ ਦਿੰਦਾ ਹੈ।“
ਮੌਲਵੀ ਸਾਹਿਬ ਕਹਿੰਦੇ, ‘‘ਸ਼ਰ੍ਹਾ ਕਹਿੰਦੀ ਹੈ ਕਿ, ਮੁਸਲਮਾਨ ਨੂੰ ਡਿੱਗੀ ਹੋਈ ਬੁਰਕੀ ਚੁੱਕ ਕੇ ਖਾ ਲੈਣੀ ਚਾਹੀਦੀ ਹੈ।“
ਗੁਰੂ ਸਾਹਿਬ ਨੂੰ ਅੰਤਰ ਮਨ ਦੀ ਵੇਈਂ ‘ਚੋਂ ਬਾਹਰ ਆਉਂਦਿਆਂ ਜੋ ਚਾਨਣ ਹੋਇਆ, ਉਹ ਉਹਨਾਂ ਨੇ ਇਹਨਾਂ ਬੋਲਾਂ ਵਿੱਚ ਉਚਾਰਿਆ:
‘ਨਾ ਹਮ ਹਿੰਦੂ ਨਾ ਮੁਸਲਮਾਨ‘
ਜੇ ਮੈਂ ਨਾ ਹਿੰਦੂ ਹਾਂ, ਨਾ ਮੁਸਲਮਾਨ, ਤਾਂ ਮੈਂ ਹਾਂ ਕੌਣ?
ਉਹ ਅੰਤਰ-ਮਨ ਵਿੱਚ ਡੂੰਘੀ ਝਾਤ ਮਾਰ ਕੇ ਜਾਣ ਚੁੱਕੇ ਸਨ।
ਗੁਰੂ ਸਾਹਿਬ ਦੀ ਪਹਿਲ ਹਿੰਦੂ ਜਾਂ ਮੁਸਲਮਾਨ ਹੋਣਾ ਨਹੀਂ ਸਗੋਂ ‘ਇਨਸਾਨ` ਹੋਣਾ ਸੀ। ਸਾਫ਼ ਜ਼ਾਹਿਰ ਸੀ ਕਿ ਜੇ ਹਿੰਦੂ ਜਾਂ ਮੁਸਲਮਾਨ ਨਹੀਂ ਤਾਂ ਫਿਰ ਮੈਂ ਕੀ ਹਾਂ, ਕੌਣ ਹਾਂ?
‘‘ਮੈਂ ਇਨਸਾਨ ਹਾਂ।“
ਉਹ ਨਾ ਆਪਣੇ ਆਪ ਨੂੰ ਭਗਵਾਨ ਕਹਿੰਦੇ ਨੇ, ਨਾ ਰਸੂਲ, ਨਾ ਪੈਗ਼ੰਬਰ, ਨਾ ਰੱਬ ਦਾ ਪੁੱਤਰ।
ਉਹ ਕਹਿੰਦੇ ਹਨ, ‘‘ਹਮ ਆਦਮੀ ਹੈ ਇੱਕ ਦਮੀ, ਮੁਹਲਤਿ ਮੁਹਤਿ ਨਾ ਜਾਣਾ।“
‘‘ਮੈਂ ਤਾਂ ਸਾਹ ਲੈਣ ਵਾਲਾ ਉਹ ਜੀਵ ਹਾਂ ਜਿਸਨੂੰ ਆਪਣੇ ਅਗਲੇ ਸਾਹ ਦੇ ਆਉਣ ਜਾਂ ਨਾ ਆਉਣ ਦਾ ਭਰੋਸਾ ਨਹੀਂ, ਮੈਨੂੰ ਤਾਂ ਆਪਣੇ ਸਾਹ ਦੀ ਮੁਹਲਤ ਜਾਂ ਮਿਆਦ ਦੀ ਜਾਣਕਾਰੀ ਨਹੀਂ।“
ਗੁਰੂ ਜੀ ਮੁਤਾਬਕ ਜਿਸ ਵਿਅਕਤੀ ਨੂੰ ਆਪਣੇ ਸਾਹ ਦੀ ਮੁਹਲਤ ਤੇ ਮਿਆਦ ਦਾ ਵੀ ਪਤਾ ਨਹੀਂ, ਉਹ ਰੱਬ ਜਾਂ ਪ੍ਰਮੇਸ਼ਰ ਹੋਣ ਦਾ ਦਾਅਵਾ ਕਿਵੇਂ ਕਰ ਸਕਦਾ ਏ! ਖ਼ਾਸ ਤੌਰ ‘ਤੇ ਉਹ ਮਹਾਂਪੁਰਸ਼, ਜਿਹੜਾ ਇਹ ਜਾਣਦਾ, ਕਹਿੰਦਾ ਤੇ ਪ੍ਰਚਾਰਦਾ ਰਿਹਾ ਏ ਕਿ ਪ੍ਰਮਾਤਮਾ ਤਾਂ ‘ਅਜੋਨੀ‘ ਹੈ। ਜਦ ਮੱਕੇ ਵਿੱਚ ਕਾਅਬੇ ਵੱਲ ਲੱਤਾਂ ਕਰ ਕੇ ਲੰਮੇ ਪੈ ਗਏ ਸਨ ਤਾਂ ਆ ਕੇ ਕਾਜ਼ੀ ਨੇ ਪੁੱਛਿਆ ਸੀ ਕਿ ਤੂੰ ਹਿੰਦੂ ਏਂ ਜਾਂ ਮੁਸਲਮਾਨ? ਤਦ ਗੁਰੂ ਜੀ ਦਾ ਜਵਾਬ ਸੀ, ‘‘ਪਾਂਚ ਤੱਤ ਕਾ ਪੁਤਲਾ, ਨਾਨਕ ਮੇਰਾ ਨਾਉਂ।“
ਗੁਰੂ ਜੀ ਲਈ ਹੁਣ ਅਸਲ ਸਵਾਲ ਇਨਸਾਨੀ ਪਛਾਣ ਨੂੰ ਮਾਣ ਤੇ ਸਥਾਨ ਦਿਵਾਉਣ ਦਾ ਸੀ। ਆਪਣੇ ਆਪ ਨੂੰ ਆਦਮੀ ਕਹਿਣਾ, ਮੰਨਣਾ ਤੇ ਪ੍ਰਚਾਰਨਾ, ਦੂਜੇ ਆਦਮੀਆਂ ਨਾਲ ਅਪਣੱਤ ਅਤੇ ਬਰਾਬਰੀ ਦਾ ਰਿਸ਼ਤਾ ਜੋੜਨਾ ਸੀ। ਇਹ ਅੰਬਰਾਂ ਤੋਂ ਉਤਰ ਕੇ ਧਰਤੀ ਉੱਤੇ, ਧਰਤੀ ਦੇ ਲੋਕਾਂ ਵਿੱਚ ਆ ਜਾਣ ਵਾਂਗ ਸੀ। ਉਹਨਾਂ ਵਰਗਾ ਹੋ ਜਾਣਾ ਸੀ।
ਅਸਮਾਨ ‘ਤੇ ਰਹਿਣ-ਵੱਸਣ ਵਾਲੇ ਕਿਸੇ ਮਹਾਂਪੁਰਸ਼ ਨੂੰ ਤੁਸੀਂ ਆਪਣੇ ਦਿਲ ਦਾ ਦੁਖੜਾ ਕਿਵੇਂ ਦੱਸ ਸਕਦੇ ਓ? ਉਹਦੇ ਗਲ਼ ਨਾਲ ਕਿਵੇਂ ਲੱਗ ਸਕਦੇ ਓ? ਗਲ਼ ਤਾਂ ਤੁਸੀਂ ਓਸੇ ਮਹਾਂਪੁਰਸ਼ ਦੇ ਲੱਗ ਸਕਦੇ ਓ, ਜਿਹੜਾ ਤੁਹਾਡੇ ਵਰਗਾ ਬਣ ਕੇ ਤੁਹਾਡੇ ਸਾਹਮਣੇ ਤੁਹਾਡੀਆਂ ਅੱਖਾਂ ‘ਚ ਅੱਖਾਂ ਪਾ ਕੇ ਤੇ ਬਾਹਵਾਂ ਖੋਲ੍ਹ ਕੇ ਖਲੋਤਾ ਹੋਵੇ। ਇਹੋ ਕਾਰਨ ਸੀ ਜਦ ਗੁਰੂ ਸਾਹਿਬ ਲੋਕਾਂ ਦੇ ਦਿਲਾਂ ਦੇ ਦਰਦੀ ਬਣ ਕੇ, ਅਸਮਾਨ ਤੋਂ ਉਤਰ ਕੇ ਧਰਤੀ ‘ਤੇ ਆਣ ਖਲੋਤੇ ਅਤੇ ਲੋਕਾਈ ਦੇ ਰੋਗਾਂ ਦੇ ਵੈਦ ਬਣ ਕੇ, ਉਹਨਾਂ ਦੀ ਆਪਣੀ ਦੇਹ-ਜਾਨ ਬਣ ਕੇ, ਮੁਹੱਬਤ ਨਾਲ ਆਪਣੀਆਂ ਬਾਹਵਾਂ ਖੋਲ੍ਹਦੇ ਹਨ ਤਾਂ ਲੋਕਾਈ ਭੱਜ ਕੇ ਉਹਨਾਂ ਨੂੰ ਦੀ ਹਿੱਕ ਨਾਲ ਆ ਲੱਗਣਾ ਸੁਭਾਵਕ ਹੀ ਸੀ। ਗੁਰੂ ਜੀ ਉਹਨਾਂ ਨੂੰ ਗਲ਼ ਨਾਲ ਲਾ ਕੇ ਆਪਣੀ ਮੁਹੱਬਤੀ ਬੁੱਕਲ ਵਿੱਚ ਘੁੱਟ ਲੈਂਦੇ ਹਨ।
ਜਿਨ੍ਹਾਂ ਲੋਕਾਂ ਲਈ ‘ਬਾਬਾ ਵੈਦ ਰੋਗੀਆਂ ਦਾ` ਬਣ ਕੇ ਬਹੁੜਿਆ ਸੀ, ਉਹਨਾਂ ਦੀ ਇਨਸਾਨੀ ਪਛਾਣ ਨੂੰ ਮਾਨਤਾ ਦੇ ਕੇ ਹੀ ਗੱਲ ਸਮਾਪਤ ਨਹੀਂ ਸੀ ਹੋ ਜਾਣੀ। ਉਹਨਾਂ ਲੋਕਾਂ ਵਿੱਚ ਅਮਲੀ ਤੌਰ `ਤੇ ਇਸ ਸਮਝ ਨੂੰ ਪ੍ਰਚਾਰਨਾ ਵੀ ਸੀ। ਉਹਨਾਂ ਨੂੰ ਸੱਚ ਨਾਲ ਜੋੜਨਾ ਵੀ ਸੀ। ਇਸ ਮਕਸਦ ਲਈ ਉਹਨਾਂ ਨੂੰ ਮਾਨਵ-ਵਿਰੋਧੀ ਰਾਜਨੀਤੀ, ਸਮਾਜਕ-ਸਭਿਆਚਾਰਕ ਤੇ ਧਾਰਮਕ ਮਾਨਤਾਵਾਂ ਨਾਲ ਟੱਕਰ ਵੀ ਲੈਣੀ ਪੈਣੀ ਸੀ। ਆਪਣੇ ਸੱਚ ਨੂੰ ਸਥਾਪਤ ਵੀ ਕਰਨਾ ਪੈਣਾ ਸੀ।
ਇਸ ਮਕਸਦ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਸੰਸਾਰ-ਯਾਤਰਾਵਾਂ ਸ਼ੁਰੂ ਕੀਤੀਆਂ। ਜਿੱਥੇ ਵੀ ਗਏ ਲੋਕਾਂ ਵਰਗਾ ਪਹਿਰਾਵਾ ਪਹਿਨ ਕੇ, ਉਹਨਾਂ ਵਰਗੇ ਬਣ ਕੇ ਗਏ। ਉਹਨਾਂ ਵਾਲੀ ਬੋਲ-ਬਾਣੀ ਵਿਚ ਗੱਲ-ਬਾਤ ਕਰਦਿਆਂ ਆਪਣੀ ਗੱਲ ਸੁਣਾਈ ਤੇ ਮਨਾਈ।
ਉਸ ਵੇਲੇ ਦੇ ਪ੍ਰਚੱਲਿਤ ਮੱਤ-ਮਤਾਂਤਰ ਸਮਾਜ ਅਤੇ ਦੁਨੀਆਂ ਤੋਂ ਭਗੌੜੇ ਹੋਣ ਦਾ ਪਰਚਾਰ ਕਰਦੇ ਸਨ। ਨਾਥ-ਜੋਗੀ ਤੇ ਸਿੱਧ-ਸਾਧ ਪਰਿਵਾਰਕ ਜੀਵਨ ਨੂੰ ਤਿਆਗਣ ‘ਤੇ ਬਲ ਦੇ ਰਹੇ ਸਨ। ਉਹਨਾਂ ਮੁਤਾਬਕ ਪਰਿਵਾਰਕ ਤੇ ਸਮਾਜਕ ਜੀਵਨ ਜਿਊਣ ਵਾਲੇ ਲੋਕ ਦੁਨਿਆਵੀ ਦਲਦਲ ਵਿਚ ਖੁਭ ਕੇ ਮੁਕਤੀ-ਮਾਰਗ ਤੋਂ ਭਟਕ ਜਾਂਦੇ ਹਨ। ਨਾਥ ਜੋਗੀ ਤਾਂ ਪਰਿਵਾਰਕ ਜੀਵਨ ਦੇ ਇੱਕ ਮੁੱਖ ਧੁਰੇ ‘ਔਰਤ‘ ਨੂੰ ‘ਰੱਬੀ ਰਾਹ‘ ਵਿਚ ਵੱਡੀ ਰੁਕਾਵਟ ਸਮਝਦੇ ਸਨ। ਉਹਨਾਂ ਲਈ ਔਰਤ ‘ਇਨਸਾਨ‘ ਨਹੀਂ ਸਗੋਂ ‘ਬਾਘਣ‘ ਸੀ। ਇਹ ਗੁਰੂ ਸਾਹਿਬ ਹੀ ਸਨ ਜਿਨ੍ਹਾਂ ਨੇ ਇਤਿਹਾਸ ਵਿਚ ਪਹਿਲੀ ਵਾਰ ਔਰਤ ਦੀ ‘ਇਨਸਾਨੀ ਹੋਂਦ‘ ਨੂੰ ਮਾਨਤਾ ਦਿੱਤੀ। ਉਹਨਾਂ ਨੇ ਗ੍ਰਹਿਸਤ ਜੀਵਨ ਦੀ ਸਾਰਥਕਤਾ ਨੂੰ ਸਥਾਪਤ ਕੀਤਾ। ਹਸੰਦਿਆਂ, ਖਿਲੰਦਿਆਂ, ਪੈਨੰਦਿਆਂ ਮੁਕਤੀ ਹਾਸਲ ਕਰਨ ਦਾ ਰਾਹ ਦੱਸਿਆ। ਇਹ ‘ਮੁਕਤੀ‘ ਓਨਾ ਚਿਰ ਅਰਥਹੀਣ ਹੈ, ਜੇ ਇਸ ਮੁਕਤੀ ਦਾ ‘ਜਨ-ਮੁਕਤੀ‘ ਨਾਲ ਪੀਚਵਾਂ ਰਿਸ਼ਤਾ ਨਹੀਂ ਜੁੜਦਾ।
ਇਹੋ ਕਾਰਨ ਹੈ ਕਿ ਗੁਰੂ ਸਾਹਿਬ ਨੇ ਗ੍ਰਹਿਸਤ ਮਾਰਗ ਅਪਣਾਇਆ ਵੀ ਅਤੇ ਇਸ ਮਾਰਗ ‘ਤੇ ਚੱਲਦਿਆਂ ਪਰਿਵਾਰ ਨੂੰ ਪਾਲਣ ਲਈ ਖੇਤੀ ਵੀ ਕੀਤੀ। ਦਸਾਂ ਨਹੂੰਆਂ ਦੀ ਕਿਰਤ ਕੀਤੀ। ਵੰਡ ਕੇ ਖਾਣ ਦੀ ਪਿਰਤ ਪਾਈ ਤੇ ਪਰਚਾਰੀ। ਸਿੱਧਾਂ ਤੇ ਨਾਥਾਂ-ਜੋਗੀਆਂ ਵਰਗੀਆਂ ਪਰਿਵਾਰਕ ਤੇ ਸਮਾਜਕ ਜੀਵਨ ਨੂੰ ਤਿਆਗਣ ਦਾ ਸੰਦੇਸ਼ ਦੇਣ ਵਾਲੀਆਂ ਜਿਹੜੀਆਂ ਧਿਰਾਂ ਸਨ, ਉਹਨਾਂ ਨਾਲ ਤਰਕ-ਸੰਗਤ ਸੰਵਾਦ ਰਚਾ ਕੇ ਉਹਨਾਂ ਨੂੰ ਧਰਮ ਦਾ ਅਸਲ ਮਾਰਗ ਦ੍ਰਿੜ ਕਰਵਾਇਆ।
ਗੁਰੂ ਸਾਹਿਬ ਸਿੱਧਾਂ ਨਾਲ ਸੰਵਾਦ ਰਚਾਉਂਦਿਆਂ ਜਦ ਇਹ ਕਹਿੰਦੇ ਹਨ, ‘ਸਿੱਧ ਛਿਪ ਬੈਠੇ ਪਰਬਤੀਂ ਕੌਣ ਜਗਤ ਕੋ ਪਾਰ ਉਤਾਰਾ‘, ਤਾਂ ਉਹ ਇਹ ਸਮਝਦੇ ਸਨ ਕਿ ਇਹ ਸਭ ਲੋਕ ਗਿਆਨਵਾਨ ਤੇ ਪ੍ਰਤਿਭਾਵਾਨ ਤਾਂ ਹਨ ਹੀ। ਇਹ ਚਾਹੁਣ ਤਾਂ ਜਗਤ ਦਾ ਪਾਰ-ਉਤਾਰਾ ਕਰਨ ਵਿੱਚ ਸਹਾਇਕ ਹੋ ਸਕਦੇ ਹਨ। ਪਰ ਇਹਨਾਂ ਦੀ ਪ੍ਰਤਿਭਾ ਤਾਂ ਸੰਸਾਰਕ ਸਮੱਸਿਆਵਾਂ ਨੂੰ ਦੂਰ ਕਰਨ ਦੀ ਥਾਂ ਸਵੈ-ਮੁਕਤੀ ਵੱਲ ਝੁਕੀ ਹੋਈ ਹੈ। ਭਾਰਤ ਵਿੱਚ ਗਿਆਨੀ ਉਸ ਨੂੰ ਹੀ ਸਮਝਿਆ ਜਾਂਦਾ ਹੈ, ਜੋ ਜੀਵਨ ਤੋਂ ਦੌੜ ਜਾਂਦਾ ਹੈ। ਪਲਾਇਨ ਕਰ ਜਾਂਦਾ ਹੈ। ਉਸ ਨੂੰ ਅਗਿਆਨੀ ਸਮਝਿਆ ਜਾਂਦਾ ਹੈ ਜੋ ਜੂਝਦਾ ਹੈ, ਲੜਦਾ ਹੈ, ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਜੇ ਤੁਸੀਂ ਕਿਸੇ ਬੀਮਾਰੀ ਦਾ ਇਲਾਜ ਕਰ ਰਹੇ ਹੋ ਤਾਂ ਪਾਗਲ ਹੋ, ਨਾ ਓਸਮਝ ਹੋ, ਅਗਿਆਨੀ ਹੋ। ਏਸੇ ਕਾਰਨ ਗੁਰੂ ਸਾਹਿਬ ਨੂੰ ‘ਭੂਤਨਾ ਅਤੇ ਬੇਤਾਲਾ` ਵੀ ਕਿਹਾ ਗਿਆ। ਪਰ ਉਹ ਆਪਣੇ ਮਾਰਗ `ਤੇ ਚੱਲਦੇ ਗਏ ਤੇ ਕਾਫ਼ਿਲਾ ਬਣਦਾ ਗਿਆ।
ਗੁਰੂ ਜੀ ਜੀਵਨ ਤੋਂ ਪਲਾਇਨ ਕਰ ਚੁੱਕੇ ਅਜਿਹੇ ਪ੍ਰਤਿਭਾਵਾਨ ਲੋਕਾਂ ਨੂੰ ਵੰਗਾਰ ਰਹੇ ਸਨ ਕਿ ਜੇ ਤੁਸੀਂ ਪਰਬਤਾਂ ਵਿਚ ਆ ਕੇ ਛਿਪ ਬੈਠੇ ਤਾਂ ਲੋਕਾਂ ਦੀ ਗ਼ਰੀਬੀ ਨੂੰ ਕੌਣ ਦੂਰ ਕਰੇਗਾ? ਬੀਮਾਰੀ ਨੂੰ ਕੌਣ ਦੂਰ ਕਰੇਗਾ? ਜ਼ਿੰਦਗੀ ਵਿੱਚ ਏਨਾ ਦੁੱਖ ਹੈ, ਏਨਾ ਕਲੇਸ਼ ਹੈ, ਏਨਾ ਸੰਘਰਸ਼ ਹੈ, ਏਨੀ ਕਰੂਪਤਾ ਹੈ ਕਿ ਸਾਰਾ ਜੀਵਨ ਇੱਕ ਨਰਕ ਬਣ ਗਿਆ ਹੈ। ਇਸ ਨਰਕ ਨੂੰ ਕੌਣ ਬਦਲੇਗਾ?
ਇਸ ਨੂੰ ਉਹੋ ਲੋਕ ਬਦਲ ਸਕਦੇ ਹਨ ਜੋ ਇਸ ਨਰਕ ਨੂੰ ਯਥਾਰਥ ਮੰਨਦੇ ਹਨ। ਇਹਨੂੰ ਸੱਚ ਮੰਨਦੇ ਹਨ। ਯਥਾਰਥ ਮੰਨਦੇ ਹੋਵੋ ਤਾਂ ਇਸ ਨੂੰ ਬਦਲਣ ਦੇ ਰਸਤੇ ਲੱਭੇ ਜਾ ਸਕਦੇ ਹਨ। ਪਰ ਜੇ ਇਹ ਯਥਾਰਥ ਹੈ ਹੀ ਨਹੀਂ ਹੈ, ਫਿਰ ਤਾਂ ਗੱਲ ਹੀ ਮੁੱਕ ਗਈ। ਫ਼ਿਰ ਤਾਂ ਇੱਕ ਹੀ ਕੰਮ ਹੀ ਰਹਿ ਜਾਂਦਾ ਹੈ, ਅੱਖਾਂ ਬੰਦ ਕਰਕੇ ਬੈਠ ਜਾਣ ਦਾ। ਤਪੱਸਿਆ ਕਰੀ ਜਾਵੋ! ਭਗਤੀ ਕਰੀ ਜਾਵੋ! ਲੋਕਾਂ ਨੂੰ ਤੁਹਾਡੇ ਤਪ ਤੇ ਭਗਤੀ ਦਾ ਕੀ ਲਾਭ?
ਗੁਰੂ ਸਾਹਿਬ ਨੇ ਸਾਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਅੱਖਾਂ ਖੋਲ੍ਹ ਕੇ ਵੇਖਣ, ਸਮਝਣ ਦੀ ਨਜ਼ਰ ਵੀ ਦਿੱਤੀ ਤੇ ਇਸ ਨਰਕ ਵਰਗੇ ਜੀਵਨ ਨੂੰ ਬਦਲਣ ਲਈ ਪ੍ਰੇਰਨਾ, ਉਤਸ਼ਾਹ ਤੇ ਹੁਲਾਰਾ ਵੀ ਦਿੱਤਾ। ਜ਼ਿੰਦਗੀ ਤੋਂ ਬੇਮੱਖ ਹੋਣ ਵਾਲਿਆਂ ਨੂੰ ਜ਼ਿੰਦਗੀ ਵੱਲ ਮੋੜਿਆ। ਨਰਕ ਵਰਗੇ ਜੀਵਨ ਨੂੰ ਬਦਲਣ ਲਈ ਸੰਘਰਸ਼ ਕਰਨ ਦੀ ਹਿੰਮਤ ਬਖ਼ਸ਼ੀ।
ਇਹੋ ਸੀ ਇਸ ਧਰਤੀ ਨਾਲ ਜੁੜੇ ਇਸ ਫ਼ਲਸਫ਼ੇ ਦੀ ਅਸਲ ਕਰਾਮਾਤ!
ਕਿਸੇ ਵੀ ਆਦਰਸ਼ ਪੁਰਖ਼ ਨਾਲ ਅਪਣੱਤ ਦਾ ਰਿਸ਼ਤਾ ਉਦੋਂ ਹੀ ਜੁੜਦਾ ਹੈ ਜਦ ਉਸਦਾ ਪਹਿਰਾਵਾ ਵੀ ਤੁਹਾਡੇ ਵਰਗਾ ਹੋਵੇ ਤੇ ਉਹਦੀ ਬੋਲੀ ਵੀ ਉਹੋ ਹੋਵੇ, ਜੋ, ਤੁਸੀਂ ਬੋਲਦੇ ਤੇ ਸਮਝਦੇ ਹੋ। ਗੁਰੂ ਜੀ ਜਿੱਥੇ ਵੀ ਜਾਂਦੇ, ਉਸ ਇਲਾਕੇ ਦਾ ਪਹਿਰਾਵਾ ਪਹਿਨ ਕੇ ਉਥੋਂ ਦੇ ਵਸਨੀਕਾਂ ਵਰਗੇ ਬਣ ਜਾਂਦੇ। ‘ਆਸਾ ਹੱਥ ਕਿਤਾਬ ਕੱਛ, ਨੀਲ ਬਸਤਰ ਪਹਰਹਿ ਬਨਵਾਰੀ` ਇਸ ਹਕੀਕਤ ਵੱਲ ਹੀ ਸੰਕੇਤ ਕਰਦਾ ਹੈ ਕਿ ਪਾਤਸ਼ਾਹ ਜਿੱਥੇ ਜਾਂਦੇ ਉਹੋ ਜਿਹਾ ਪਹਿਰਾਵਾ ਪਹਿਨ ਕੇ ਉਹਨਾਂ ਵਰਗੇ ਹੋ ਜਾਂਦੇ। ਇੰਝ ਲੋਕਾਂ ਦਾ ਓਪਰਾ-ਪਨ ਜਾਂ ਪਰਾਇਆ-ਪਨ ਦੂਰ ਹੋ ਜਾਂਦਾ। ਲੋਕਾਂ ਵਰਗੇ ਲੱਗਣ ਲਈ ਅਗਲਾ ਰਿਸ਼ਤਾ ਸੀ ਬੋਲੀ ਦਾ। ਗੁਰੂ ਸਾਹਿਬ ਨੇ ਜਿਸ ਬੋਲੀ ਵਿੱਚ ਜਨਤਾ ਨੂੰ ਪੈਗ਼ਾਮ ਦਿੱਤਾ, ਉਹ ਲੋਕ-ਬੋਲੀ ਸੀ। ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੀ। ਸਿੱਧੀ ਪੜ੍ਹਨ-ਸੁਣਨ ਵਾਲੇ ਦੇ ਦਿਲ-ਦਿਮਾਗ਼ ਤੱਕ ਅਸਰ ਕਰਨ ਵਾਲੀ।
ਲੋੜ ਸੀ ਲੋਕਾਂ ਵਿੱਚ ਸਵੈ-ਭਰੋਸਾ ਪੈਦਾ ਕਰਨ ਲਈ, ਆਤਮ-ਸਨਮਾਨ ਦੀ ਭਾਵਨਾ ਪੈਦਾ ਕਰਨ ਵਾਸਤੇ ਤੇ ਆਜ਼ਾਦੀ ਦਾ ਸਬਕ ਪੜ੍ਹਾਉਣ ਲਈ ਲੋਕਾਂ ਦੀ ਭਾਸ਼ਾ ਵਿੱਚ ਹੀ ਉਹਨਾਂ ਨਾਲ ਗੱਲ ਕੀਤੀ ਜਾਵੇ। ਹੁਣ ਤੱਕ ਦਾ ਸਾਰਾ ਗਿਆਨ ਸੰਸਕ੍ਰਿਤ ਵਿੱਚ ਸੀ। ਪਰ ਇਹ ਭਾਸ਼ਾ ਤਾਂ ਕੇਵਲ ਬ੍ਰਾਹਮਣ ਹੀ ਸਮਝ ਸਕਦਾ ਸੀ। ਉਂਝ ਵੀ ਵੇਦ ਔਖੇ ਸਨ, ਤੇ ਉਪਨਿਸ਼ਦਾਂ ਵਿੱਚ ਖ਼ਿਆਲੀ ਉਡਾਰੀਆਂ ਵਧੇਰੇ ਸਨ। ਇਸ ਲਈ ਇਸ ਭਾਸ਼ਾ ਵਿੱਚ ਦਿੱਤੇ ਸੰਦੇਸ਼ ਵਿਚ ‘ਨਿੱਘ ਤੇ ਰੌਸ਼ਨੀ` ਨਹੀਂ ਸੀ। ਗੁਰੂ ਸਾਹਿਬ ਦਾ ਸੰਦੇਸ਼ ਸਮਾਜ ਦੇ ਉਹਨਾਂ ਲੋਕਾਂ ਵਾਸਤੇ ਸੀ, ਜਿਹੜੇ ਦਰਜੇਬੰਦੀ ਦੇ ਹਿਸਾਬ ਨਾਲ ਹਾਸ਼ੀਆਗਤ ਸਨ। ਉਹਨਾਂ ਦੀ ਭਾਸ਼ਾ ਨੂੰ ਵੀ ਨਿਮਨ-ਭਾਸ਼ਾ ਕਿਹਾ ਜਾਂਦਾ ਹੈ।
ਸੰਸਕ੍ਰਿਤ ਨਾਟਯ ਸ਼ਾਸਤਰ ਦੇ ਵਿਧੀ-ਵਿਧਾਨ ਮੁਤਾਬਕ ਰਾਜਾ ਸ਼ੇਣੀ ਨੂੰ ਕੇਵਲ ਸੰਸਕ੍ਰਿਤ ਬੋਲਣੀ ਚਾਹੀਦੀ ਹੈ। ਦੂਸਰੇ ਪਾਤਰਾਂ ਨੂੰ ਅਪਭ੍ਰੰਸ਼ਾਂ ਅਤੇ ਪ੍ਰਾਕਿਰਤਾਂ ਬੋਲਣੀਆਂ ਚਾਹੀਦੀਆਂ ਹਨ। ਨਿਮਨ-ਸ਼੍ਰੇਣੀਆਂ ਦੇ ਲੋਕ, ਜੋ ਨੌਕਰ ਹਨ, ਸ਼ੂਦਰ ਜਾਂ ਸੇਵਾਦਾਰ ਹਨ, ਉਹਨਾਂ ਨੂੰ ਹੀ ਸਥਾਨਕ ਭਾਸ਼ਾਵਾਂ ਬੋਲਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਭਾਰਤੀ ਨਾਟਯ ਸ਼ਾਸਤਰ ਵਿੱਚ ਭਾਸ਼ਾਵਾਂ ਦੀ ਦਰਜੇਬੰਦੀ ਕਰ ਕੇ ਉਹਨਾਂ ਦੀ ਪਹਿਲ-ਦੂਜ ਸਥਾਪਤ ਕੀਤੀ ਹੋਈ ਸੀ। ਗੁਰੂ ਸਾਹਿਬ ਦੇ ਸਮੇਂ ਤੋਂ ਪਹਿਲਾਂ ਲੋਧੀ ਮੁਸਲਮਾਨਾਂ ਦਾ ਰਾਜ ਸੀ। ਫਿਰ ਮੁਗਲਾਂ ਦਾ ਰਾਜ ਆਉਂਦਾ ਹੈ। ਉਦੋਂ ਹਾਕਮ ਧਿਰ ਦੀ ਬੋਲੀ ਫ਼ਾਰਸੀ ਸੀ। ਹਾਕਮ ਧਿਰ ਦੀ ਜੀਵਨ ਸ਼ੈਲੀ ਨੇ ਲੋਕ ਮਨਾਂ ‘ਤੇ ਅਸਰ ਪਾਉਣਾ ਹੀ ਸੀ। ਗੁਰੂ ਜੀ ਨੇ ਸੱਤਾਹੀਣ ਵਰਗ ਦੀ ਹੀਣ-ਸਥਿਤੀ ਨੂੰ ਬਿਆਨ ਕਰਦਿਆਂ ਕਿਹਾ:
1-ਘਰਿ ਘਰਿ ਮੀਆ ਸਭਨਾ ਜੀਆਂ ਬੋਲੀ ਅਵਰ ਤੁਮਾਰੀ।। 2-ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ।।
(ਖੱਤਰੀਆਂ ਨੇ ਆਪਣਾ ਧਰਮ ਛੱਡ ਦਿਤਾ ਹੈ, ਮੁਸਲਮਾਨਾਂ ਦੀ ਭਾਸ਼ਾ (ਫਾਰਸੀ) ਅਪਨਾਅ ਲਈ ਹੈ।)
ਖੱਤਰੀਆਂ ਨੂੰ ਉੱਚ ਵਰਣ ਵਿਚ ਸ਼ੁਮਾਰ ਕੀਤਾ ਜਾਂਦਾ ਸੀ। ਉੱਚ-ਵਰਗ ਹਮੇਸ਼ਾ ਸਥਾਪਤ ਤਾਕਤਾਂ ਵਰਗਾ ਬਣਨਾ ਤੇ ਦਿਸਣਾ ਚਾਹੁੰਦਾ ਹੈ। ਇਸ ਲਈ ਉਹਨਾਂ ਨੇ ਹਾਕਮ ਧਿਰ ਦੀ ਭਾਸ਼ਾ ਅਪਣਾ ਲਈ। ਪਰ ਆਮ ਲੋਕ ਤਾਂ ਪੰਜਾਬੀ ਹੀ ਬੋਲਦੇ ਸਨ। ਕਿਸੇ ਵੀ ਕੌਮ ਦੀ ਬੋਲੀ ਆਜ਼ਾਦੀ ਦੇ ਦਰਵਾਜ਼ੇ ਦੇ ਤਾਲੇ ਦੀ ਪਹਿਲੀ ਚਾਬੀ ਹੁੰਦੀ ਹੈ। ਬੋਲੀ ਸਾਡੇ ਸਮਾਜਕ, ਧਾਰਮਕ, ਸਭਿਆਚਾਰਕ ਤੇ ਰਾਜਸੀ ਅਵਚੇਤਨ ਨੂੰ ਪ੍ਰਗਟਾਉਂਦੀ, ਸਿਰਜਦੀ ਵੀ ਹੈ ਅਤੇ ਮੁੜ ਸਾਡੇ ਅਵਚੇਤਨ ਨੂੰ ਤੋੜਦੀ-ਭੰਨਦੀ ਤੇ ਪੁਨਰ ਸਿਰਜਿਤ ਵੀ ਕਰਦੀ ਰਹਿੰਦੀ ਹੈ। ਹਾਕਮ ਜਮਾਤਾਂ ਲੋਕਾਂ ਤੋਂ ਉਹਨਾਂ ਦੀ ਬੋਲੀ ਖੋਹ ਕੇ ਆਪਣੀ ਬੋਲੀ ਦੀ ਸੱਤਾ ਸਥਾਪਤ ਕਰਦੀਆਂ ਹਨ। ਇੰਝ ਉਹ ਗੁਲਾਮ ਕੌਮ ਨੂੰ ਆਪਣੇ ਅਨੁਸਾਰੀ ਬਣਾਉਂਦੀਆਂ ਹਨ। ਹਾਕਮ ਜਮਾਤ ਦੀ ਸਥਾਪਤ ਭਾਸ਼ਾ ਗੁਲਾਮ ਲੋਕਾਂ ਦੇ ਆਚਾਰ, ਵਿਹਾਰ, ਸੰਸਕਾਰ, ਪਹਿਰਨ, ਪਚਰਨ ਤੇ ਜੀਵਨ ਸ਼ੈਲੀ ਨੂੰ ਪ੍ਰਭਾਵਤ ਕਰਦੀ ਹੈ। ਇੰਝ ਹੌਲੀ ਹੌਲੀ ਗੁਲਾਮ ਕੌਮ ਹਾਕਮ ਧਿਰ ਦੀ ਜੀਵਨ ਸ਼ੈਲੀ, ਭਾਸ਼ਾ ਤੇ ਆਚਾਰ-ਵਿਹਾਰ ਨੂੰ ਉਤਮ ਸਮਝ ਕੇ ਸੁਚੇਤ-ਅਚੇਤ ਪੱਧਰ ‘ਤੇ ਪ੍ਰਵਾਨ ਕਰ ਲੈਂਦੀ ਹੈ। ਇਹੋ ਕਾਰਨ ਹੈ ਕਿ ਅੰਗਰੇਜ਼ ਨੇ ਪੰਜਾਬ ‘ਤੇ ਕਬਜ਼ਾ ਕਰਨ-ਸਾਰ ਫੌਜਾਂ ਤੋਂ ਹਥਿਆਰ ਰਖਵਾਉਣ ਤੋਂ ਤੁਰੰਤ ਬਾਅਦ ਪਹਿਲਾ ਕੰਮ ਇਹ ਕੀਤਾ ਕਿ ਘਰਾਂ ਵਿੱਚ ਛਾਪੇ ਮਾਰ ਕੇ ਪੰਜਾਬੀ ਦੀਆਂ ਕਿਤਾਬਾਂ ਤੇ ਕਾਇਦੇ ਇਕੱਠੇ ਕੀਤੇ ਤੇ ਚੁਰਾਹਿਆਂ ਵਿੱਚ ਉਹਨਾਂ ਦੀ ਹੋਲੀ ਬਾਲ਼ੀ। ਅੰਗਰੇਜ਼ ਨੇ ਸਾਥੋਂ ਸਾਡੀ ਬੋਲੀ ਖੋਹ ਕੇ ਸਾਡੇ ਅਵਚੇਤਨ ‘ਤੇ ਪੋਚਾ ਮਾਰਨਾ ਚਾਹਿਆ। ਜਦੋਂ ਬੋਲੀ ਬਦਲਦੀ ਹੈ ਤਾਂ ਬਹੁਤ ਕੁੱਝ ਬਦਲ ਜਾਂਦਾ ਹੈ।
ਗੁਰੂ ਸਾਹਿਬ ਨੇ ਜਨਤਕ-ਭਲਾਈ ਦਾ ਪੈਗ਼ਾਮ ਦੇਣਾ ਸੀ, ਉਹ ਕੇਵਲ ਸੀਮਤ ਜਿਹੀਆਂ ਉਚੇਰੀਆਂ-ਸ਼੍ਰੇਣੀਆਂ ਦੀ ਥਾਂ ਆਮ ਲੋਕਾਈ ਨੂੰ ਦਿੱਤਾ ਜਾਣਾ ਸੀ ਅਤੇ ਇਹ ਕਿਸੇ ਸ਼ਾਸਤਰੀ ਭਾਸ਼ਾ ਵਿੱਚ ਨਹੀਂ ਸੀ ਦਿੱਤਾ ਜਾ ਸਕਦਾ। ਇਸ ਮਕਸਦ ਲਈ ਉਹਨਾਂ ਨੇ ਲੋਕ-ਭਾਸ਼ਾ ਪੰਜਾਬੀ ਦੀ ਵਰਤੋਂ ਕੀਤੀ। ਇਹ ਆਮ ਲੋਕਾਂ ਦੀ ਸਾਂਝੀ ਭਾਸ਼ਾ ਸੀ। ਉਹਨਾਂ ਦੁਆਰਾ ਲਿਖੀ ਬਾਣੀ ‘ਪੱਟੀ` ਤੋਂ ਜ਼ਾਹਿਰ ਹੁੰਦਾ ਹੈ ਕਿ ਉਹਨਾਂ ਨੂੰ ਬਾਅਦ ਵਿਚ ‘ਗੁਰਮੁਖੀ` ਨਾਮ ਨਾਲ ਪ੍ਰਚੱਲਿਤ ਹੋਣ ਵਾਲੀ ਲਿਪੀ ਦਾ ਗਿਆਨ ਸੀ ਤੇ ਗੁਰੂ ਸਾਹਿਬ ਨੇ ਏਸੇ ਲਿਪੀ ਵਿਚ ਹੀ ਬਾਣੀ ਲਿਖੀ ਹੋਵੇਗੀ। ਪਰ ਇੱਕ ਗੱਲ ਇਹ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਨੇ ਲਿਪੀ ਭਾਵੇਂ ਗੁਰਮੁਖੀ ਰੱਖੀ ਪਰ ਪੰਜਾਬੀ ਬੋਲੀ ਨੂੰ ਹੋਰ ਭਾਰਤੀ ਭਾਸ਼ਾਵਾਂ ਦਾ ਰੰਗ ਚਾੜ੍ਹ ਕੇ ਵਡੇਰੇ ਸੰਚਾਰ ਦੀ ਭਾਸ਼ਾ ਬਣਾ ਦਿੱਤਾ ਅਤੇ ਉਸ ਬੋਲੀ ਵਿੱਚ ਵਿੱਚ ਸਾਰੇ ਭਾਰਤ ਨੂੰ ਮੁਖ਼ਾਤਬ ਹੋਏ, ਜਿਸਨੂੰ ਸਧੁੱਕੜੀ, ਸਾਧ-ਭਾਖ਼ਾ, ਹਿੰਦਕੀ ਜਾਂ ਹਿੰਦਕੋ ਵੀ ਕਿਹਾ ਜਾਂਦਾ ਸੀ। ਇੰਝ ਉਹਨਾਂ ਨੇ ਇੱਕ ਲੋਕ-ਭਾਸ਼ਾ ਵੀ ਸਿਰਜਿਤ ਵੀ ਕੀਤੀ। ਪੰਜਾਬੀ ਦਾ ਨਾਤਾ ਵੀ ਭਾਰਤੀ ਭਾਸ਼ਾਵਾਂ ਨਾਲ ਜੋੜਿਆ।
ਭਾਸ਼ਾਈ ਪੱਧਰ ‘ਤੇ ਗੁਰੂ ਸਾਹਿਬ ਦੀ ਅਗਲੀ ਦੇਣ ਇਹ ਸੀ ਕਿ ਉਹਨਾਂ ਨੇ ‘ਬੋਲ ਸ਼ਬਦ‘ ਨੂੰ ‘ਲਿਖਤ ਸ਼ਬਦ‘ ਵਿੱਚ ਤਬਦੀਲ ਕਰ ਕੇ ਪੰਜਾਬੀ ਨੂੰ ਸਾਹਿਤਕ ਭਾਸ਼ਾ ਬਣਾ ਦਿੱਤਾ। ਪੰਜਾਬੀ ਨੂੰ ਅਮੀਰ ਕਰਨ ਲਈ ਉਹਨਾਂ ਨੇ ਕਲਾਸਿਕ ਭਾਸ਼ਾਵਾਂ; ਸੰਸਕ੍ਰਿਤ, ਪਾਲੀ, ਅਰਬਿਕ ਤੇ ਪਰਸ਼ਿਅਨ ਭਾਸ਼ਾਵਾਂ ਤੋਂ ਵੀ ਸ਼ਬਦ ਲਏ। ਬ੍ਰਿਜ, ਰਾਜਪੂਤਾਨੀ ਤੇ ਸਿੰਧੀ ਵਿਚੋਂ ਤਤਸਮ ਸ਼ਬਦ ਵੀ ਲਏ ਅਤੇ ਲੋੜ ਅਨੁਸਾਰ ਤਬਦੀਲੀ ਕਰ ਕੇ ਤਦਭਵ ਸ਼ਬਦ ਵੀ ਬਣਾਏ। ਇਹੋ ਕਾਰਨ ਹੈ ਕਿ ਉਹਨਾਂ ਦੀ ਭਾਸ਼ਾ ਨੂੰ ਵਿਦਵਾਨ ‘ਅਸਧਾਰਣ‘, ‘ਬਹੁ-ਰੂਪਣੀ‘ ਅਤੇ ‘ਸਰਬ-ਸਾਂਝੀ‘ ਭਾਸ਼ਾ ਆਖ ਕੇ ਵਡਿਆਉਂਦੇ ਹਨ। ਉਹਨਾਂ ਨੇ ਅਜਿਹੇ ਅਖਾਣ, ਮੁਹਾਵਰੇ, ਸ਼ਬਦ-ਅਲੰਕਾਰ, ਸ਼ਬਦ-ਜੁੱਟ ਤੇ ਸਹਿਜ-ਸੁੰਦਰ ਸੁਬੋਲ ਉਚਾਰ ਕੇ ਪੰਜਾਬੀ ਨੂੰ ਕਮਾਲ ਦੀ ਅਮੀਰੀ ਨਾਲ਼ ਮਾਲੋ-ਮਾਲ ਕਰ ਦਿੱਤਾ। ਅੱਜ ਪੰਜਾਬੀ ਵਿਚ ਲਿਖਣ ਵਾਲੇ ਉਹਨਾਂ ਦੀ ਵਿਚਾਰਧਾਰਾ ਅਤੇ ਭਾਸ਼ਾਈ ਸੁਹਜ ਦਾ ਸਹਾਰਾ ਲਏ ਬਿਨਾਂ ਮਹੱਤਵ-ਪੂਰਨ ਰਚਨਾ ਕਰ ਹੀ ਨਹੀਂ ਸਕਦੇ।
ਜਿਸ ਪੰਜਾਬੀ ਭਾਸ਼ਾ ਵਿਚ ਗੁਰੂ ਸਾਹਿਬ ਨੇ ਮਹਾਨ ਰਚਨਾ ਕੀਤੀ, ਜਿਸ ਭਾਸ਼ਾ ਨੂੰ ਪੈਰਾਂ ‘ਚੋਂ ਚੁੱਕ ਕੇ ਉਹਨਾਂ ਨੇ ਲੋਕਾਂ ਦੇ ਦਿਲਾ ਵਿੱਚ ਵਸਾਇਆ, ਅੱਜ ਓਸੇ ਪੰਜਾਬੀ ਨੂੰ ਮੁੜ ਹਾਸ਼ੀਏ ‘ਤੇ ਧੱਕ ਦਿੱਤਾ ਗਿਆ ਹੈ।
ਪੰਜਾਬੀ ਭਾਸ਼ਾ ਦੀ ਅਮੀਰੀ ਤੇ ਮਹਾਨਤਾ ਨੂੰ ਦਰਸਾਉਂਦੀ ਇੱਕ ਵਾਰਤਾ ਸਾਂਝੀ ਕਰ ਕੇ ਅਸੀਂ ਇਸ ਪ੍ਰਸੰਗ ਨੂੰ ਸਮੇਟਦੇ ਹਾਂ। ਮਹਾਂਕਵੀ ਰਾਬਿੰਦਰ ਨਾਥ ਟੈਗੋਰ ਜਦ ਵੀ ਲਾਹੌਰ ਆਉਂਦਾ ਸੀ ਤਾਂ ਉਥੋਂ ਉਚੇਚੇ ਤੌਰ ‘ਤੇ ਚੱਲ ਕੇ ਅੰਮ੍ਰਿਤਸਰ ਆਉਂਦਾ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਜਾ ਕੇ ਗੁਰਬਾਣੀ ਦਾ ਕੀਰਤਨ ਘੰਟਿਆਂ ਬੱਧੀ ਸੁਣਦਾ। ਕਿਸੇ ਨੇ ਟੈਗੋਰ ਨੂੰ ਕਿਹਾ, ‘‘ਤੁਸੀਂ ਦੇਸ਼ ਦਾ ਕੌਮੀ ਤਰਾਨਾ ਲਿਖਿਆ ਏ, ਹੁਣ ਤੁਹਾਨੂੰ ਵਿਸ਼ਵ ਦਾ ਤਰਾਨਾ ਵੀ ਲਿਖਣਾ ਚਾਹੀਦਾ ਹੈ।”
ਟੈਗੋਰ ਨੇ ਗੁਰੂ ਸਾਹਿਬ ਵੱਲੋਂ ਰਚੀ ‘ਆਰਤੀ` ਦਾ ਹਵਾਲਾ ਦੇ ਕੇ ਬੜੀ ਨਿਮਰਤਾ ਨਾਲ ਕਿਹਾ ਸੀ, ‘‘ਮੈਂ ਤਾਂ ਭਾਰਤ ਦਾ ਤਰਾਨਾ ਲਿਖਿਆ ਹੀ ਏ ਪਰ ਗੁਰੂ ਨਾਨਕ ਸਾਹਿਬ ਤਾਂ ਪੰਜ ਸੌ ਸਾਲ ਪਹਿਲਾਂ ਹੀ ਪੂਰੇ ਵਿਸ਼ਵ ਦਾ, ਪੂਰੇ ਬ੍ਰਹਿਮੰਡ ਦਾ, ਤਰਾਨਾ ਲਿਖ ਗਏ ਨੇ।“
ਪ੍ਰਸਿੱਧ ਫ਼ਿਲਮੀ ਐਕਟਰ ਤੇ ਲੇਖਕ ਬਲਰਾਜ ਸਾਹਨੀ ਕਿਸੇ ਸਮੇਂ ਸ਼ਾਂਤੀ ਨਿਕੇਤਕ ਵਿੱਚ ਪੜ੍ਹਾਉਂਦਾ ਸੀ। ਬਲਰਾਜ ਸਾਹਨੀ ਨੇ ਸ਼ਾਂਤੀ ਨਿਕੇਤਨ ਵਿੱਚ ‘ਹਿੰਦੀ ਸਾਹਿਤ ਸੰਮੇਲਨ` ਕਰਵਾਉਣ ਦਾ ਫ਼ੈਸਲਾ ਲਿਆ। ਉਹ ਟੈਗੋਰ ਨੂੰ ਵੀ ਇਸ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਗਿਆ। ਇਹ ਸੁਣ ਕੇ ਟੈਗੋਰ ਨੇ ਬਲਰਾਜ ਸਾਹਨੀ ਨੂੰ ਕਿਹਾ, ‘‘ਮੈਂ ਹੈਰਾਨ ਹਾਂ, ਤੂੰ ਹਿੰਦੀ ਵਿੱਚ ਕਿਉਂ ਲਿਖਦਾਂ ਏਂ, ਤੇਰੀ ਮਾਂ ਬੋਲੀ ਤਾਂ ਪੰਜਾਬੀ ਹੈ।“
ਬਲਰਾਜ ਸਾਹਨੀ ਨੇ ਜੁਆਬ ਦਿੱਤਾ, ‘‘ਗੁਰੂਦੇਵ! ਪੰਜਾਬੀ ਨੂੰ ਪੱਛੜੀ, ਤੇ ਗਵਾਰੂ ਜ਼ੁਬਾਨ ਮੰਨਿਆ ਜਾਂਦਾ ਹੈ। ਏਸੇ ਕਰ ਕੇ ਪੰਜਾਬ ਵਿੱਚ ਉਰਦੂ ਜਾਂ ਹਿੰਦੀ ਵਿੱਚ ਲਿਖਣ ਵਾਲੇ ਹੀ ਜ਼ਿਆਦਾ ਹਨ।“
ਟੈਗੋਰ ਨੇ ਕਿਹਾ, ‘‘ਮੈਂ ਤੇਰੇ ਨਾਲ ਸਹਿਮਤ ਨਹੀਂ। ਜਿਸ ਭਾਸ਼ਾ ਵਿੱਚ ਗੁਰੂ ਨਾਨਕ ਨੇ ਲਿਖਿਆ ਹੋਵੇ, ਉਹ ਪੱਛੜੀ ਹੋਈ ਭਾਸ਼ਾ ਕਿਵੇਂ ਕਹੀ ਜਾ ਸਕਦੀ ਹੈ!“
ਉਸਤੋਂ ਬਾਅਦ ਬਲਰਾਜ ਸਾਹਨੀ ਨੇ ਸਦਾ ਪੰਜਾਬੀ ਵਿੱਚ ਹੀ ਲਿਖਿਆ।
ਕਾਸ਼! ਅਸੀਂ ਪੰਜਾਬੀ ਭਾਸ਼ਾ ਨਾਲ ਜੁੜੀ ਹੀਣ-ਭਾਵਨਾ ਤੋਂ ਮੁਕਤ ਹੋ ਕੇ ਪੰਜਾਬੀ ਨੂੰ ਆਪਣੇ ਸੀਨੇ ਨਾਲ ਲਾਈਏ। ਇੰਝ ਹੀ ਅਸੀਂ ਪੰਜਾਬ ਦੀ ਸੁੱਚੀ ਅਤੇ ਅਮੀਰ ਵਿਰਾਸਤ ਨਾਲ ਜੁੜ ਸਕਾਂਗੇ। ਗੁਰੂ ਨਾਨਕ ਪਾਤਸ਼ਾਹ ਨਾਲ ਜੁੜ ਸਕਾਂਗੇ।
ਅਸੀਂ ਮਾਣ ਨਾਲ ਜ਼ਿਕਰ ਕੀਤਾ ਹੈ ਕਿ ਗੁਰੂ ਸਾਹਿਬ ਦਾ ਫ਼ਲਸਫ਼ਾ ‘ਅਸਮਾਨ ਦਾ ਨਹੀਂ, ਧਰਤੀ ਦਾ ਫ਼ਲਸਫ਼ਾ` ਹੈ। ਗੁਰੂ ਜੀ ਅਸਮਾਨੀ ਹਸਤੀ ਨਹੀਂ, ਸਗੋਂ ਧਰਤੀ ਦੀ ਹਸਤੀ ਸੀ, ਸਾਡੀ ਸ਼ਾਹ-ਰਗ਼ ਦੇ ਨਜ਼ਦੀਕ ਵੱਸਦੀ ਹਸਤੀ। ਸਾਡੇ ਅੰਗ-ਸੰਗ ਵਿਚਰਦੀ ਹਸਤੀ।
ਪਰ ਅਸੀਂ ਕੀ ਕੀਤਾ?
ਅਸੀਂ ਗੁਰੂ ਜੀ ਨੂੰ ਅੰਨ੍ਹੀ ਸ਼ਰਧਾ ਅਧੀਨ ਮੁੜ ਧਰਤੀ ਤੋਂ ਚੁੱਕ ਕੇ ਅਸਮਾਨੀ ਹਸਤੀ ਬਣਾ ਲਿਆ। ਆਪਣੇ ਤੋਂ ਦੂਰ ਕਰ ਦਿੱਤਾ। ਅਪਹੁੰਚ ਬਣਾ ਦਿੱਤਾ। ਜੇ ਸਾਡਾ ਗੁਰੂ ਅਸਮਾਨ ‘ਤੇ ਬੈਠਾ ਰਹੇਗਾ ਤਾਂ ਅਸੀਂ ਉਹਦੀ ਬੁੱਕਲ ਵਿਚ ਕਿਵੇਂ ਬੈਠ ਸਕਾਂਗੇ?
ਬੜਾ ਦਿਲਚਸਪ ਇਤਫ਼ਾਕ ਹੈ ਕਿ ਪੁਰਤਗਾਲ ਦਾ ਯਾਤਰੀ ਵਾਸਕੋਡੇ-ਗਾਮਾ 1460 ਵਿੱਚ ਜੰਮਦਾ ਹੈ ਤੇ ਗੁਰੂ ਜੀ ਦਾ ਜਨਮ 1469 ਵਿੱਚ ਹੁੰਦਾ ਹੈ। ਦੋਵੇਂ ਅੱਗੜ ਪਿੱਛੜ ਸੰਸਾਰ-ਯਾਤਰਾਵਾਂ ‘ਤੇ ਨਿਕਲਦੇ ਹਨ। ਵਾਸਕੋਡੇ-ਗਾਮਾ ਨੇ ਆਪਣੀ ਯਾਤਰਾ 1497 ਵਿੱਚ ਸ਼ੁਰੂ ਕੀਤੀ ਤੇ 20 ਮਈ 1498 ਨੂੰ ਉਹ ਹਿੰਦੁਸਤਾਨ ਦੀ ਬੰਦਰਗਾਹ ਕਾਲੀਕਟ ‘ਤੇ ਪੈਰ ਰੱਖਦਾ ਹੈ ਤੇ ‘ਗਲੋਬਲ ਸਾਮਰਾਜਵਾਦ‘ ਦੀ ਨੀਂਹ ਰੱਖਦਾ ਹੈ। ਦੂਜੇ ਪਾਸੇ ਗੁਰੂ ਜੀ ਵੀ ਇਹਨਾਂ ਹੀ ਸਾਲਾਂ ਵਿੱਚ ਆਪਣੀਆਂ ਉਦਾਸੀਆਂ ’ਤੇ ਨਿਲਕਦੇ ਨੇ।
ਦੋਵਾਂ ਦੇ ਘਰਾਂ ਤੋਂ ਨਿਕਲ ਕੇ ਯਾਤਰਾਵਾਂ ‘ਤੇ ਨਿਕਲਣ ਦੇ ਕਾਰਨ ਤੇ ਮਕਸਦ ਮੂਲੋਂ ਹੀ ਵੱਖੋ ਵੱਖਰੇ ਸਨ। ਇੱਕ ਵਪਾਰ ਕਰਨ ਲਈ ਨਿਕਲਦਾ ਏ, ਦੂਜਾ ਪਿਆਰ ਕਰਨ ਲਈ ਤੁਰਦਾ ਹੈ। ਇੱਕ ਨੇ ਸਮਾਰਾਜੀ ਮੁਲਕਾਂ ਲਈ ਧਨ-ਦੌਲਤ ਲੁੱਟਣ ਦੇ ਅਤੇ ‘ਮੈਂ-ਮੇਰੀ‘ ਦੇ ਰਾਹ ਖੋਲ੍ਹਣੇ ਸਨ। ਦੂਜੇ ਨੇ ਆਪਣੀ ਮੁਹੱਬਤ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣਾ ਸੀ ਤੇ ‘ਤੂੰ-ਤੇਰਾ‘ ਦਾ ਸਬਕ ਦੇਣਾ ਸੀ। ਇੱਕ ਨੇ ਪੈਸੇ ਨੂੰ ਅੰਤਮ ਕੀਮਤ ਮੰਨ ਕੇ, ਧਨ-ਦੌਲਤ ਦੇ ਨਾਲ-ਨਾਲ ਮਨੁੱਖਤਾ ਦੇ ਗੌਰਵ ਨੂੰ ਖੋਹਣਾ ਸੀ ਤੇ ਦੂਜੇ ਨੇ ਰਾਹੋਂ ਭਟਕੀ ਮਨੁੱਖਤਾ ਨੂੰ ਉਹਦਾ ਖੁੱਸਿਆ ਇਨਸਾਨੀ ਗੌਰਵ ਵਾਪਸ ਮੋੜਨਾ ਸੀ। ਇੱਕ ਨੇ ਕੇਵਲ ਤੇ ਕੇਵਲ ‘ਆਪਣੇ ਭਲੇ ਦੀ‘ ਅਤੇ ਦੂਜੇ ਨੇ ‘ਸਰਬੱਤ ਦੇ ਭਲੇ‘ ਦੀ ਖ਼ੈਰ-ਸੁੱਖ ਮੰਗਣੀ ਸੀ।
ਅਸਲ ਵਿੱਚ ਇਹ ਦੋ ਵਿਰੋਧੀ ਵਿਚਾਰਧਾਰਾਵਾਂ ਦੀ ਟੱਕਰ ਸੀ। ਅਫ਼ਸੋਸ! ਅੱਜ ਸਾਰੇ ਸੰਸਾਰ ਉੱਤੇ ਵਾਸਕੋਡੇ-ਗਾਮਾ ਦੀ ਧਿਰ, ਉਸ ਦੀ ਅੰਸ-ਬੰਸ ਦਾ ਝੰਡਾ ਝੁੱਲ ਰਿਹਾ ਹੈ। ਸਾਰੇ ਸੰਸਾਰ ਦੇ ਕਾਰ-ਵਿਹਾਰ ਤੇ ਵਪਾਰ ‘ਤੇ ਉਹਨਾਂ ਦਾ ਕਬਜ਼ਾ ਹੈ। ਪਰ ਦੁੱਖ ਦੀ ਗੱਲ ਹੈ ਕਿ ਗੁਰੂ ਨਾਨਕ ਨੂੰ ‘ਆਪਣਾ ਗੁਰੂ’ ਆਖਣ ਵਾਲੇ ‘ਸਿੱਖਾਂ ਦੀ ਸਿੱਖੀ’ (ਗੁਰੂ ਨਾਨਕ ਦੀ ਸਿੱਖੀ ਨਹੀਂ) ਵੀ ਅੰਤਰ-ਰਾਸ਼ਟਰੀ ਗੇੜਾ ਕੱਢ ਕੇ ਹੁਣ ਵਪਾਰ ਹੀ ਤਾਂ ਬਣ ਗਈ ਹੈ!
ਵਪਾਰ ਤਾਂ ਗੁਰੂ ਸਾਹਿਬ ਨੇ ਵੀ ਕੀਤਾ ਸੀ। ਪਹਿਲਾ ਵਪਾਰ ਸੀ, ਭੁੱਖੇ ਪਰ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਲੰਗਰ-ਪ੍ਰਥਾ ਦੀ ਨੀਂਹ ਰੱਖਣਾ। ਦੂਜਾ ਵਪਾਰ ਸੁਲਤਾਨਪੁਰ ਲੋਧੀ ਵਿੱਚ ‘ਤੇਰਾ! ਤੇਰਾ!‘ ਤੋਲ ਕੇ ਕੀਤਾ। (ਸੱਚੇ ਸੌਦੇ ਅਤੇ ‘ਤੇਰਾ! ਤੇਰਾ!‘ ਵਾਲੀਆਂ ਸਾਖੀਆਂ ਦੇ ਅਰਥ ਅੱਗੇ ਜਾ ਕੇ ਖੋਲ੍ਹੇ ਜਾਣਗੇ) ਇਹ ਵਪਾਰ ਵਾਸਕੋਡੇਗਾਮਾ ਦੀ ਆਲ-ਔਲਾਦ ਦੀ ‘ਮੈਂ-ਮੇਰੀ’ ਵਾਲੀ ਸੋਚ ਤੋਂ ਮੂਲੋਂ ਵੱਖਰੀ ‘ਤੂੰ-ਤੇਰੀ’ ਦੀ ਸੋਚ ਨੂੰ ਪਰਨਾਇਆ ਹੋਇਆ ਸੀ। ਗੁਰੂ ਜੀ ਦਾ ਹੋਕਾ ਸੀ, ‘ਸਚੁ ਵਾਪਾਰੁ, ਕਰਹੁ ਵਾਪਾਰੀ‘। ਇਸ ਵਪਾਰ ਵਿੱਚ ਲੋਕਾਂ ਨੂੰ ਲੁੱਟਣ ਦਾ ਨਹੀਂ ਲੋਕਾਂ ਦੇ ਭਲੇ ਲਈ ਆਪਣਾ ਆਪਾ ਲੁਟਾ ਦੇਣ ਦਾ ‘ਚਨ ਸੀ।
ਪਰ ਅੱਜ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲਿਆਂ ਵੱਲੋਂ, ਆਪਣੇ ਨਿੱਜ ਲਈ ਤੇ ‘ਨਾਨਕ ਦੇ ਲੋਕਾਂ` ਨੂੰ ਲੁੱਟਣ ਲਈ, ਸੈਂਕੜੇ ਵਪਾਰਕ ਅਦਾਰਿਆਂ, ਫੈਕਟਰੀਆਂ ਤੇ ਸਟੋਰਾਂ ਦੇ ਨਾਂ ਗੁਰੂ ਨਾਨਕ ਦੇ ਨਾਂ `ਤੇ ਰੱਖੇ ਮਿਲ ਜਾਂਦੇ ਹਨ। ਜਿਵੇਂ ਗੁਰੂ ਜੀ ਦਾ ਉਹਨਾਂ ਦੇ ਕੂੜ-ਮੁਨਾਫ਼ੇ ਵਿੱਚ ਵੀ ਕੋਈ ਹਿੱਸਾ-ਪੱਤੀ ਹੋਵੇ! ਗੁਰੂ ਨਾਨਕ ਕਰਿਆਨਾ ਸਟੋਰ, ਗੁਰੂ ਨਾਨਕ ਜਿਊਲਰਜ਼, ਗੁਰੂ ਨਾਨਕ ਬੈਟਰੀ ਸਟੋਰ, ਗੁਰੂ ਨਾਨਕ ਫ਼ਰਨੀਚਰ ਹਾਊਸ, ਗੁਰੂ ਨਾਨਕ ਸੀਡ ਸਟੋਰ, ਗੁਰੂ ਨਾਨਕ ਕਲੋਥ ਹਾਊਸ, ਗੁਰੂ ਨਾਨਕ ਕੋਲਡ ਸਟੋਰ, ਗੁਰੂ ਨਾਨਕ ਮੈਡੀਕਲ ਸਟੋਰ ਜਿਹੇ ਹਜ਼ਾਰਾਂ ਨਾਂ ਤੁਸੀਂ ਪੜ੍ਹੇ-ਸੁਣੇ ਤੇ ਵੇਖੇ ਨੇ! ਜਿਵੇਂ ਸਭਨਾਂ ਨੇ ਮੁਨਾਫ਼ੇ ਵਿਚੋਂ ਗੁਰੂ ਨੂੰ ਹਿੱਸਾ-ਪੱਤੀ ਦੇਣੀ ਹੋਵੇ!
ਬਾਹਰਲੇ ਮੁਲਕਾਂ ਵਿੱਚ ਤਾਂ ਬਹੁਤ ਸਾਰੇ ਗੁਰਦਵਾਰੇ ਵੀ ਗੁਰੂ ਜਾਂ ਸੰਗਤ ਦੇ ਨਹੀਂ। ‘ਬੰਦਿਆਂ ਦੇ` ਨਿੱਜੀ ਹਨ।
ਭਾਰਤ ਜਾਂ ਪੰਜਾਬ ਦੇ ਧਾਰਮਿਕ ਡੇਰੇ ਵੀ ਇਹੋ ਕੰਮ ਕਰ ਰਹੇ ਨੇ।
ਧਰਮ ਵੇਚਿਆ ਜਾ ਰਿਹਾ ਹੈ।