ਪ੍ਭਸ਼ਰਨਬੀਰ ਸਿੰਘ
ਮਾਰਚ 2011 ਵਿਚ ਸੀਰੀਆ ਦੇ ਹਾਕਮ ਬਸ਼ਰ-ਅਲ-ਅਸਦ ਖ਼ਿਲਾਫ ਸ਼ੁਰੂ ਹੋਈ ਹਥਿਆਰਬੰਦ ਲਹਿਰ ਨੇ ਪਿਛਲੇ ਦਿਨੀਂ ਜਿੱਤ ਪ੍ਰਾਪਤ ਕਰ ਲਈ ਹੈ। ਇਸ ਜੰਗ ਵਿਚ ਹੁਣ ਤੱਕ ਪੰਜ ਲੱਖ ਤੋਂ ਉੱਤੇ ਮੌਤਾਂ ਹੋਈਆਂ ਹਨ ਅਤੇ 60 ਲੱਖ ਦੇ ਕਰੀਬ ਲੋਕ ਉੱਜੜੇ ਹਨ। ਅਸਦ ਵਿਰੋਧੀ ਲਹਿਰ ਦੇ ਵਿਆਪਕ ਪੱਧਰ ਉੱਤੇ ਫੈਲ ਜਾਣ ਦੇ ਬਾਵਜੂਦ ਵੀ ਉਹ ਲੰਮਾ ਸਮਾਂ ਜਿੱਤ ਨਾ ਸਕੇ।
ਪਰ 7 ਅਕਤੂਬਰ 2023 ਨੂੰ ਇਜ਼ਰਾਈਲ ਉੱਤੇ ਹੋਏ ਹਮਲੇ ਅਤੇ ਉਹਦੇ ਤੋਂ ਵੀ ਪਹਿਲਾਂ ਰੂਸ-ਯੂਕਰੇਨ ਜੰਗ ਦੇ ਗੰਭੀਰ ਰੁਖ਼ ਅਖਤਿਆਰ ਕਰਨ ਨਾਲ ਹਾਲਾਤ ਬਦਲ ਗਏ। ਪਹਿਲਾਂ ਜਿਹੜੇ ਸੀਰੀਅਨ ਲੜਾਕੇ ਪੱਛਮੀ ਤਾਕਤਾਂ ਨੂੰ ਇਸਲਾਮੀ ਮੂਲਵਾਦੀ ਅਤੇ ਦਹਿਸ਼ਤਗਰਦ ਲੱਗਦੇ ਸਨ, ਪਿਛਲੇ ਦਸ ਦਿਨਾਂ ਦੌਰਾਨ ਉਹੀ ਲੜਾਕੇ ਆਜ਼ਾਦੀ ਘੁਲਾਟੀਏ ਬਣ ਗਏ। ਇਸਦਾ ਕਾਰਨ ਸਾਫ਼ ਹੈ।
ਇਜ਼ਰਾਈਲ ਅਤੇ ਅਮਰੀਕਾ ਨੇ ਬਸ਼ਰ-ਅਲ-ਅਸਦ ਨੂੰ ਸੀਰੀਆ ਤੋਂ ਬਾਹਰ ਕੱਢ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਹਨ। ਅਸਦ ਮੱਧ-ਏਸ਼ੀਆ ਵਿਚ ਰੂਸ ਅਤੇ ਇਰਾਨ ਦਾ ਵੱਡਾ ਹਮਾਇਤੀ ਸੀ। ਉਸਦੇ ਬਾਹਰ ਹੋਣ ਨਾਲ ਮੱਧ-ਏਸ਼ੀਆ ਵਿਚ ਤਾਕਤ ਦਾ ਸੰਤੁਲਨ ਬਦਲ ਗਿਆ ਹੈ। ਇਰਾਨ ਅਤੇ ਰੂਸ ਨੂੰ ਵੱਡਾ ਧੱਕਾ ਲੱਗਾ ਹੈ। ਅਸਲ ਵਿਚ ਇਹ ਘਟਨਾਕ੍ਰਮ ਅਮਰੀਕਾ ਦੀ ਲੁਕਵੀਂ ਡਿਪਲੋਮੇਸੀ ਦੀ ਵੱਡੀ ਜਿੱਤ ਹੈ। ਆਉਣ ਵਾਲ਼ੇ ਦਿਨਾਂ ਵਿਚ ਅਜਿਹੀਆਂ ਹੋਰ ਵੀ ਘਟਨਾਵਾਂ ਹੋਣ ਦੇ ਆਸਾਰ ਹਨ। ਇਨ੍ਹਾਂ ਨਾਜ਼ੁਕ ਹਾਲਾਤਾਂ ਦਾ ਸਭ ਤੋਂ ਵੱਧ ਫਾਇਦਾ ਅਮਰੀਕਾ ਨੂੰ ਹੋਣਾ ਹੈ। ਇਸ ਜੀਓਪੋਲੀਟੀਕਲ ਤੂਫਾਨ ਨੇ ਅਮਰੀਕਾ ਦੀ ਸਰਦਾਰੀ ਨੂੰ ਹੋਰ ਪੱਕਿਆਂ ਕਰਨਾ ਹੈ। ਹੁਣ ਤੱਕ ਖੱਬੇ-ਪੱਖੀ ਧਿਰਾਂ ਵੱਲੋਂ ਇਹ ਨੈਰੇਟਿਵ ਫੈਲਾਇਆ ਜਾਂਦਾ ਰਿਹਾ ਹੈ ਕਿ ਅਮਰੀਕਾ ਦੇ ਦਿਨ ਹੁਣ ਪੁੱਗ ਚੁੱਕੇ ਹਨ ਅਤੇ ਚੀਨ ਦੀ ਸਰਦਾਰੀ ਦਾ ਜ਼ਮਾਨਾ ਆ ਗਿਆ ਹੈ। ਪਰ ਮੌਜੂਦਾ ਘਟਨਾਵਾਂ ਨੇ ਇਸ ਗੱਲ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ। ਵਿਸ਼ਵ ਰਾਜਨੀਤੀ ਉੱਤੇ ਅਮਰੀਕਾ ਦੀ ਪਕੜ ਅਜੇ ਬਹੁਤ ਮਜ਼ਬੂਤ ਹੈ ਅਤੇ ਆਉਣ ਵਾਲ਼ੇ ਲੰਮੇ ਸਮੇਂ ਤੱਕ ਇਵੇਂ ਹੀ ਰਹਿਣ ਦੀ ਸੰਭਾਵਨਾ ਹੈ। ਨੈਤਿਕ ਪੱਖੋਂ ਇਸ ਵਰਤਾਰੇ ਉੱਤੇ ਬਹੁਤ ਸੁਆਲ ਕੀਤੇ ਜਾ ਸਕਦੇ ਹਨ ਪਰ ਅਮਲੀ ਪੱਖ ਤੋਂ ਵੇਖਿਆਂ ਇਹ ਇਵੇਂ ਹੀ ਹੋਣਾ ਹੈ। ਇਸ ਲੇਖ ਦਾ ਮਕਸਦ ਨੈਤਿਕ ਵਿਸ਼ਲੇਸ਼ਣ ਨਹੀਂ ਸਗੋਂ ਹਾਲਾਤ ਤੋਂ ਸਿੱਖੇ ਜਾ ਸਕਣ ਵਾਲ਼ੇ ਸਬਕ ਹਨ।
ਵੱਡਾ ਸੁਆਲ ਇਹ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਸਿੱਖ ਕੀ ਸਿੱਖ ਸਕਦੇ ਹਨ? ਪਹਿਲੀ ਗੱਲ ਇਹ ਕਿ ਤੇਜ਼ੀ ਨਾਲ ਬਦਲਦੇ ਅਤੇ ਅਣਸੁਖਾਵੇਂ ਹਾਲਾਤ ਆਮ ਕਰਕੇ ਕਿਸੇ ਗ਼ੁਲਾਮ ਕੌਮ ਲਈ ਫਾਇਦੇਮੰਦ ਹੀ ਹੁੰਦੇ ਹਨ ਬਸ਼ਰਤੇ ਉਹ ਕੌਮ ਹਾਲਾਤ ਨੂੰ ਆਪਣੇ ਪੱਖ ਵਿਚ ਭੁਗਤਾਉਣ ਦੇ ਸਮਰੱਥ ਹੋਵੇ। ਨਾਜ਼ੁਕ ਹਾਲਾਤ ਨੂੰ ਆਪਣੇ ਪੱਖ ਵਿਚ ਭੁਗਤਾਉਣ ਲਈ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਉਸ ਕੌਮ ਦੇ ਸਿਰਕੱਢਵੇਂ ਦਿਮਾਗਾਂ ਨੂੰ ਉਨ੍ਹਾਂ ਹਾਲਾਤ ਦੀ ਬਹੁਤ ਬਾਰੀਕੀ ਵਿਚ ਸਮਝ ਹੋਵੇ। ਜਿਵੇਂ ਦਿਲ ਦਾ ਅਪਰੇਸ਼ਨ ਉਹੀ ਸਰਜਨ ਕਰ ਸਕਦਾ ਹੈ ਜਿਸਨੂੰ ਦਿਲ ਵੱਲ ਜਾਂਦੀ ਹਰ ਨਾੜ, ਦਿਲ ਦੀ ਬਣਤਰ, ਉਸਦਾ ਸਰੀਰ ਨੂੰ ਜਿਉਂਦਾ ਰੱਖਣ ਵਿਚ ਰੋਲ ਅਤੇ ਹੋਰ ਅਣਗਿਣਤ ਗੱਲਾਂ ਦੀ ਬਾਰੀਕੀ ਵਿਚ ਸਮਝ ਹੋਵੇ। ਜੇ ਕਿਸੇ ਅਣਜਾਣ ਬੰਦੇ ਨੂੰ ਆਪਰੇਸ਼ਨ ਕਰਨ ਲਈ ਕਿਹਾ ਜਾਵੇ ਤਾਂ ਨਤੀਜਾ ਕੀ ਹੋਵੇਗਾ, ਸਾਨੂੰ ਸਭ ਨੂੰ ਪਤਾ ਹੈ। ਸਿੱਖਾਂ ਵਿਚ ਚੋਖੀ ਗਿਣਤੀ ਵਿਚ ਅਜਿਹੇ ਦਿਮਾਗ ਮੌਜੂਦ ਹਨ ਜਿਹੜੇ ਇਸ ਸਥਿਤੀ ਨੂੰ ਸਮਝ ਵੀ ਸਕਦੇ ਹਨ ਅਤੇ ਹੱਕ ਵਿਚ ਭੁਗਤਾ ਵੀ ਸਕਦੇ ਹਨ ਪਰ ਉਨ੍ਹਾਂ ਦਾ ਸਿੱਖ ਸੰਸਥਾਵਾਂ ਅਤੇ ਸੰਗਤ ਨਾਲ ਲੋੜੀਂਦਾ ਤਾਲਮੇਲ ਨਹੀਂ ਹੈ। ਅੱਜ ਪਹਿਲੀ ਲੋੜ ਅਜਿਹਾ ਤਾਲਮੇਲ ਪੈਦਾ ਕਰਨ ਦੀ ਹੈ।
ਦੂਜਾ ਸਬਕ ਇਹ ਹੈ ਕਿ ਕੋਈ ਵੀ ਹਕੂਮਤ ਦਸਾਂ ਦਿਨਾਂ ਵਿਚ ਸਿੱਟੀ ਜਾ ਸਕਦੀ ਹੈ ਜੇ ਸਿੱਟਣ ਵਾਲ਼ੇ ਡੂੰਘੀ ਸਮਝ ਰੱਖਦੇ ਹੋਣ। ਕਿਸੇ ਵੀ ਹਕੂਮਤ ਨੂੰ ਸਿਰਫ ਬਾਹਰੋਂ ਹਮਲਾ ਕਰ ਕੇ ਨਹੀਂ ਹਰਾਇਆ ਜਾ ਸਕਦਾ। ਉਸਨੂੰ ਹਰਾਉਣ ਲਈ ਉਹਦੇ ਅੰਦਰ ਪਹਿਲਾਂ ਤੋਂ ਹੀ ਪਈਆਂ ਤਰੇੜਾਂ ਨੂੰ ਵਰਤਣਾ ਪੈਂਦਾ ਹੈ। ਅਜਿਹੀਆਂ ਤਰੇੜਾਂ ਹਰ ਸਮਾਜ ਵਿਚ ਹੁੰਦੀਆਂ ਹਨ। ਅਮਰੀਕਾ ਵਿਚ ਇਹ ਤਰੇੜ ਲੈਫਟ ਤੇ ਰਾਈਟ ਦੀ ਹੈ। ਪੂਤਿਨ ਨੇ ਕੁਝ ਹੱਦ ਤੱਕ ਸਫਲਤਾ ਨਾਲ ਇਸ ਤਰੇੜ ਨੂੰ ਵਰਤਿਆ ਵੀ ਹੈ। ਪਰ ਅਮਰੀਕਨ ਸਥਾਪਤੀ ਨੇ ਇਸਦਾ ਬੇਹੱਦ ਜ਼ਬਰਦਸਤ ਜੁਆਬ ਦਿੱਤਾ ਹੈ। ਅਸਦ ਨੂੰ ਸਿੱਟਣ ਵਿਚ ਵੱਡਾ ਰੋਲ ਸੀਰੀਆ ਦੀ ਸੁੰਨੀ ਬਹੁ-ਗਿਣਤੀ ਅਤੇ ਅਲਾਵੀ ਹਕੂਮਤ ਵਿਚਲੀ ਤਰੇੜ ਦਾ ਹੈ। ਅਸਦ ਇਸ ਤਰੇੜ ਨੂੰ ਮੇਟ ਨਾ ਸਕਿਆ ਅਤੇ ਅੰਤ ਹਾਰ ਗਿਆ। ਇਹੀ ਕੰਮ ਪਹਿਲਾਂ ਇਰਾਕ ਵਿਚ ਸੱਦਾਮ ਹੁਸੈਨ ਨਾਲ ਹੋਇਆ ਹੈ।
ਅੱਜ ਦੇ ਮੁਸਲਿਮ ਜਗਤ ਨੂੰ ਦੋ ਤਰੇੜਾਂ ਨੇ ਉਲਝਾਇਆ ਹੋਇਆ ਹੈ। ਪਹਿਲੀ ਤਾਂ ਸ਼ੀਆ-ਸੁੰਨੀ ਦੀ ਹੈ ਜਿਹੜੀ ਸਦੀਆਂ ਤੋਂ ਚੱਲਦੀ ਆ ਰਹੀ ਹੈ। ਇਹਦੇ ਬਾਰੇ ਸਾਰੇ ਜਾਣਦੇ ਹਨ। ਦੂਜੀ ਤਰੇੜ ਨਵੀਂ ਹੈ ਪਰ ਉਹ ਵੀ ਪਹਿਲੀ ਜਿੰਨੀ ਹੀ ਖਤਰਨਾਕ ਹੈ। ਇਹ ਤਰੇੜ ਮੁਸਲਿਮ ਦੇਸ਼ਾਂ ਵਿਚ ਆਧੁਨਿਕਤਾ ਦੇ ਪ੍ਰਭਾਵ ਨਾਲ ਪੈਦਾ ਹੋਈ ਹੈ। ਲਗਪਗ ਹਰ ਮੁਸਲਿਮ ਮੁਲਕ ਵਿਚ ਲੋਕਾਂ ਦਾ ਇਕ ਅਜਿਹਾ ਵਰਗ ਪੈਦਾ ਹੋ ਗਿਆ ਹੈ ਜਿਹੜਾ ਪੱਛਮੀ ਮੁਲਕਾਂ ਦੀ ਤਰਜ਼ `ਤੇ ਵਿਅਕਤੀਗਤ ਆਜ਼ਾਦੀਆਂ ਚਾਹੁੰਦਾ ਹੈ। ਇਸ ਨਾਲ ਹਰ ਮੁਸਲਿਮ ਸਮਾਜ ਵਿਚ ਇਕ ਵੱਡੀ ਤਰੇੜ ਪੈਦਾ ਹੋ ਗਈ ਹੈ। ਆਉਣ ਵਾਲ਼ੇ ਸਮੇਂ ਵਿਚ ਇਰਾਨ ਨੂੰ ਸਿੱਟਣ ਵਾਸਤੇ ਇਸੇ ਤਰੇੜ ਨੂੰ ਵਰਤਿਆ ਜਾਣਾ ਹੈ।
ਤੀਜਾ ਸਬਕ ਇਹ ਹੈ ਕਿ ਰਾਜਨੀਤੀ ਵਿਚ ਕੋਈ ਕਿਸੇ ਦਾ ਮਿੱਤ ਨਹੀਂ ਹੁੰਦਾ। ਜੇ ਅੱਜ ਸਿੱਖ ਇਹ ਮੰਨਣ ਲੱਗ ਜਾਣ ਕਿ ਪੱਛਮੀ ਮੁਲਕ ਉਨ੍ਹਾਂ ਦਾ ਕੁਝ ਬਣਾ ਦੇਣਗੇ ਤਾਂ ਇਹ ਵੱਡੀ ਭੁੱਲ ਹੋਵੇਗੀ। ਹਾਲਾਤ ਤੇਜ਼ੀ ਨਾਲ ਕਰਵਟ ਲੈ ਰਹੇ ਹਨ। ਜੋ ਅੱਜ ਨਾਲ ਹਨ, ਕੱਲ੍ਹ ਨੂੰ ਵਿਰੋਧ ਵਿਚ ਵੀ ਖੜ੍ਹ ਸਕਦੇ ਹਨ। ਸਿੱਖਾਂ ਨੂੰ ਸਿਰਫ ਦੋ ਗੱਲਾਂ `ਤੇ ਟੇਕ ਰੱਖਣੀ ਚਾਹੀਦੀ ਹੈ: ਪਹਿਲੀ ਅਕਾਲ ਪੁਰਖ ਦੀ ਬਖਸ਼ਿਸ਼, ਅਤੇ ਦੂਜਾ ਨਿੱਜ-ਬਲ। ਇਹ ਨਿੱਜ-ਬਲ ਕਿਸੇ ‘ਕੱਲੇ-ਕਹਿਰੇ ਸਿੱਖ ਦਾ ਬਲ ਨਹੀਂ ਹੈ, ਨਾ ਹੀ ਇਹ ਸਿੱਖਾਂ ਦੇ ਕਿਸੇ ਇਕ ਧੜੇ ਦਾ ਬਲ ਹੈ। ਇਹ ਬਲ ਖਾਲਸਾ ਪੰਥ ਦੀ ਸਮੂਹਿਕ ਹਸਤੀ ਦਾ ਹੈ। ਅਕਾਲ ਪੁਰਖ ਦਾ ਓਟ-ਆਸਰਾ ਲੈ ਕੇ ਇਸ ਬਲ ਵਿਚ ਨਿਤਦਿਨ ਵਾਧਾ ਕਰਨਾ ਅੱਜ ਦੀ ਪਹਿਲੀ ਲੋੜ ਹੈ।
ਹਾਂ, ਇਹ ਜ਼ਰੂਰ ਹੈ ਕਿ ਜਦੋਂ ਨਗਾਰੇ ਨੂੰ ਚੋਟ ਲੱਗ ਗਈ ਤਾਂ ਅੰਤਰਰਾਸ਼ਟਰੀ ਸਫਬੰਦੀ ਹੋਣੀ ਹੀ ਹੋਣੀ ਹੈ। ਕਈ ਸਾਡੇ ਨਾਲ ਖੜ੍ਹੇ ਮਿਲਣਗੇ ਅਤੇ ਕਈ ਵਿਰੋਧ ਵਿਚ। ਕਈ ਬਾਹਰੋਂ ਨਾਲ ਹੋਣਗੇ ਪਰ ਅੰਦਰੋਂ ਵਿਰੋਧ ਵਿਚ। ਉਦੋਂ ਦੁਸ਼ਮਣ-ਦੋਸਤ ਦੀ ਪਛਾਣ ਕਰਨ ਵਾਲ਼ੀ ਗਹਿਰ-ਗੰਭੀਰ ਸਮਝ ਖਾਲਸਾ ਪੰਥ ਦਾ ਹਰ ਮੋੜ ਉੱਤੇ ਸਾਥ ਦੇਵੇਗੀ।
ਚੌਥਾ ਸਬਕ ਇਹ ਹੈ ਕਿ ਨਿਰਣਾਇਕ ਇਤਿਹਾਸਕ ਮੋੜ ਉੱਤੇ ਕੋਈ ਕੌਮ ਆਪਣੇ ਅੰਦਰਲੀਆਂ ਤਰੇੜਾਂ ਬਾਰੇ ਵੀ ਚੇਤੰਨ ਹੋਵੇ। ਚੰਗੇ ਭਾਗਾਂ ਨੂੰ ਇਸ ਵੇਲ਼ੇ ਖਾਲਸਾ ਪੰਥ ਵਿਚ ਸ਼ੀਆ-ਸੁੰਨੀ ਵਰਗੀ ਕੋਈ ਵੱਡੀ ਤਰੇੜ ਨਹੀਂ ਹੈ। 2011 ਦੇ ਨੇੜੇ-ਤੇੜੇ ਮਿਸ਼ਨਰੀ ਲਹਿਰ ਦੇ ਉਭਾਰ ਨਾਲ ਅਜਿਹੀ ਤਰੇੜ ਪੈਦਾ ਹੋਣ ਦੇ ਆਸਾਰ ਬਣ ਗਏ ਸਨ ਪਰ ਪੰਥ ਨੇ ਛੇਤੀ ਹੀ ਇਸਨੂੰ ਪਛਾਣ ਲਿਆ ਅਤੇ ਇਹ ਤਰੇੜ ਬਹੁਤ ਵੱਡਾ ਰੂਪ ਅਖਤਿਆਰ ਨਾ ਕਰ ਸਕੀ। ਪਰ ਇਸਦਾ ਅਰਥ ਇਹ ਨਹੀਂ ਕਿ ਇਸ ਵੇਲ਼ੇ ਪੰਥ ਵਿਚ ਕੋਈ ਤਰੇੜ ਨਹੀਂ ਹੈ। ਕਈ ਛੋਟੀਆਂ-ਛੋਟੀਆਂ ਤਰੇੜਾਂ ਹਨ ਜਿਨ੍ਹਾਂ ਨੂੰ ਸਰਗਰਮੀ ਨਾਲ ਤੁਰੰਤ ਭਰਨ ਦੀ ਲੋੜ ਹੈ।
ਪਹਿਲੀ ਅਤੇ ਸਭ ਤੋਂ ਖਤਰਨਾਕ ਤਰੇੜ ਸਨਾਤਨਵਾਦ ਦੇ ਉਭਾਰ ਨਾਲ ਪੈਦਾ ਹੋ ਰਹੀ ਹੈ। ਇਹ ਬ੍ਰਾਹਮਣਵਾਦ ਦੇ ਖਾਲਸਾ ਪੰਥ ਉੱਤੇ ਅਠਾਰ੍ਹਵੀਂ ਸਦੀ ਦੇ ਸ਼ੁਰੂ ਤੋਂ ਹੋ ਰਹੇ ਹਮਲਿਆਂ ਦਾ ਸਭ ਤੋਂ ਨਵਾਂ ਰੂਪ ਹੈ। ਇਸਦਾ ਮੁੱਖ ਨਿਸ਼ਾਨਾ ਸਿੱਖ ਸੌਵਰੈਨਿਟੀ ਦੇ ਖ਼ਿਆਲ ਨੂੰ ਬੇਅਸਰ ਕਰਨਾ ਹੈ। ਆਉਣ ਵਾਲ਼ੀ ਵੱਡੀ ਜੰਗ ਵਿਚ ਇਹ ਵਰਗ ਉਹੀ ਰੋਲ ਨਿਭਾਵੇਗਾ ਜੋ ਸਿੱਖ ਰਾਜ ਦੇ ਅੰਤਲੇ ਦਿਨੀਂ ਡੋਗਰਿਆਂ ਤੇ ਬ੍ਰਾਹਮਣਾਂ ਨੇ ਨਿਭਾਇਆ ਸੀ।
ਦੂਜੀ ਵੱਡੀ ਤਰੇੜ ਖਾਲਸਾ ਪੰਥ ਦੇ ਵੱਖ-ਵੱਖ ਰਾਜਨੀਤਕ ਧੜਿਆਂ ਵਿਚ ਚੱਲ ਰਹੀ ਪਾਟੋਧਾੜ ਹੈ। ਇਹ ਭਾਵੇਂ ਆਪਣੇ-ਆਪ ਵਿਚ ਬਹੁਤ ਵੱਡਾ ਖਤਰਾ ਨਹੀਂ ਪਰ ਜੇ ਇਸਨੂੰ ਨਾ ਪੂਰਿਆ ਗਿਆ ਤਾਂ ਫੈਸਲੇ ਦੀ ਘੜੀ ਉੱਤੇ ਵੱਡਾ ਨੁਕਸਾਨ ਹੋ ਸਕਦਾ ਹੈ। ਸਮੂਹਿਕ ਅਤੇ ਸਰਬ-ਪ੍ਰਵਾਨਤ ਲੀਡਰਸ਼ਿਪ ਹੀ ਇਸ ਤਰੇੜ ਨੂੰ ਪੂਰ ਸਕਦੀ ਹੈ।
ਇਕ ਹੋਰ ਸੁਆਲ ਇਹ ਹੈ ਕਿ ਖਾਲਸਾ ਪੰਥ ਦੀ ਸਮੂਹਿਕ ਅਗਵਾਈ ਕਰਨ ਵਾਲ਼ੇ ਆਗੂਆਂ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ। ਮੇਰੇ ਖਿਆਲ ਵਿਚ ਖਾਲਸਾ ਪੰਥ ਦੇ ਹਰ ਆਗੂ ਵਿਚ ਦੋ ਗੁਣ ਹੋਣੇ ਲਾਜ਼ਮੀ ਹਨ: ਉਹ ਆਪਣੇ ਸਿੰਘ ਨਾਂ ਦੀ ਲਾਜ ਪਾਲਣੀ ਜਾਣਦਾ ਹੋਵੇ, ਭਾਵ ਸ਼ੇਰ ਵਾਂਗੂੰ ਨਿਡਰ ਹੋਵੇ। ਆਪ ਦੁਸ਼ਮਣ ਤੋਂ ਡਰਦਾ ਨਾ ਹੋਵੇ ਅਤੇ ਦੁਸ਼ਮਣ ਦਾ ਨਿਰਭੈ ਹੋ ਕੇ ਟਾਕਰਾ ਕਰਨ ਦੇ ਸਮਰੱਥ ਹੋਵੇ। ਬੁਜ਼ਦਿਲ ਅਤੇ ਡਰਪੋਕ ਆਗੂ ਕੌਮਾਂ ਦੇ ਪੱਲੇ ਸਦੀਆਂ ਦੀ ਨਮੋਸ਼ੀ ਪਾ ਜਾਂਦੇ ਹਨ। ਹਰ ਆਗੂ ਵਿਚ ਦੂਜਾ ਗੁਣ ਇਹ ਹੋਣਾ ਜ਼ਰੂਰੀ ਹੈ ਕਿ ਉਸਦੀ ਨਜ਼ਰ ਬਾਜ਼ ਵਰਗੀ ਹੋਵੇ ਜੋ ਸਦੀਆਂ ਦੇ ਚਿਤਰਪਟ ਉੱਤੇ ਫੈਲੇ ਇਤਿਹਾਸਕ ਵਰਤਾਰਿਆਂ ਨੂੰ ਵੇਖਣ ਅਤੇ ਸਮਝਣ ਦੇ ਸਮਰੱਥ ਹੋਵੇ। ਉਹ ਦੁਸ਼ਮਣ ਦੀ ਚਾਲ ਨੂੰ ਚੱਲੇ ਜਾਣ ਤੋਂ ਪਹਿਲਾਂ ਹੀ ਜਾਣਦਾ ਹੋਵੇ। ਅਣਕਿਆਸੇ ਸਮਿਆਂ ਅੰਦਰ ਅਜਿਹੀ ਨਜ਼ਰ ਕੌਮ ਦੀ ਕਿਸਮਤ ਘੜਨ ਦੀ ਸਮਰੱਥਾ ਰੱਖਦੀ ਹੈ।
ਤੀਜੀ ਤਰੇੜ ਪੰਜਾਬ ਦੀ ਖੱਬੇ-ਪੱਖੀ ਧਿਰ ਵੱਲੋਂ ਪੰਜਾਬ ਅੰਦਰ ਜਾਤ-ਪਾਤ ਬਾਰੇ ਫੈਲਾਏ ਗਏ ਝੂਠੇ ਨੈਰੇਟਿਵ ਨਾਲ ਪੈਦਾ ਹੋਈ ਹੈ। ਇਹ ਵਰਤਾਰਾ ਬ੍ਰਾਹਮਣਵਾਦ ਦੇ ਲੁਕਵੇਂ ਪ੍ਰਭਾਵ ਦਾ ਨਤੀਜਾ ਹੈ। ਇਸ ਨਾਲ ਨਜਿੱਠਣਾ ਔਖਾ ਤਾਂ ਹੈ ਪਰ ਅਸੰਭਵ ਨਹੀਂ।
ਮੌਜੂਦਾ ਸਮੇਂ ਅੰਦਰ ਦੱਖਣੀ ਏਸ਼ੀਆ ਦਾ ਖਿੱਤਾ ਅਣਗਿਣਤ ਫਾਲਟ ਲਾਈਨਾਂ ਨਾਲ ਭਰਿਆ ਪਿਆ ਹੈ। ਇਨ੍ਹਾਂ ਵਿਚੋਂ ਕੁਝ ਇਕ ਜਿਵੇਂ ਫਿਰਕੂ ਸੰਪਰਦਾਇਕਤਾ, ਕਾਰਪੋਰੇਟ ਉਭਾਰ ਨਾਲ ਪੈਦਾ ਹੋਈ ਆਰਥਿਕ ਸਫਬੰਦੀ, ਹਜ਼ਾਰਾਂ ਸਾਲ ਪੁਰਾਣਾ ਜਾਤ ਦਾ ਸੁਆਲ, ਦੱਖਣੀ ਭਾਰਤ ਦੀ ਸੱਭਿਆਚਾਰਕ ਵਿਲੱਖਣਤਾ ਅਤੇ ਇਸਦਾ ਪੰਜਾਬ ਨਾਲ ਪੁਰਾਤਨ ਰਿਸ਼ਤਾ, ਕੁਦਰਤੀ ਵਸੀਲਿਆਂ ਦੀ ਬਰਬਾਦੀ ਨਾਲ ਪੈਦਾ ਹੋਣ ਵਾਲ਼ੀ ਅਸਥਿਰਤਾ ਆਦਿ ਬੇਹੱਦ ਗੰਭੀਰ ਹਨ। ਇਨ੍ਹਾਂ ਸਾਰੀਆਂ ਤਰੇੜਾਂ ਨੇ ਆਉਣ ਵਾਲ਼ੇ ਸਮੇਂ ਵਿਚ ਵਧਣਾ ਹੈ ਅਤੇ ਇਤਿਹਾਸ ਦੀ ਦਿਸ਼ਾ ਨਿਰਧਾਰਤ ਕਰਨੀ ਹੈ। ਸਿੱਖਾਂ ਲਈ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੀ ਇਨ੍ਹਾਂ ਮਸਲਿਆਂ ਬਾਰੇ ਸਮਝ ਸਮੇਂ ਦੀਆਂ ਚੁਣੌਤੀਆਂ ਦੇ ਹਾਣ ਦੀ ਹੋਵੇ।
ਪਰ ਇਹ ਸਾਰੀਆਂ ਗੱਲਾਂ ਬੇਅਸਰ ਹੋ ਜਾਣਗੀਆਂ ਜੇ ਸਿੱਖਾਂ ਨੇ ਸਰਬ-ਸਾਂਝੀ ਅਤੇ ਸਰਬ-ਪ੍ਰਵਾਨਤ ਲੀਡਰਸ਼ਿਪ ਨਾ ਪੈਦਾ ਕੀਤੀ। ਅੱਜ ਸਮਾਂ ਕਮਰ-ਕੱਸੇ ਕਰ ਕੇ ਸਿਰੜ ਨਾਲ ਕੰਮ ਕਰਨ ਦਾ ਹੈ। ਅੱਜ ਸਮਾਂ ਨਿੱਜੀ ਝਗੜਿਆਂ ਨੂੰ ਪਾਸੇ ਰੱਖ ਕੇ ਪੰਥਕ ਇੱਕਜੁੱਟਤਾ ਲਈ ਕੰਮ ਕਰਨ ਦਾ ਹੈ। ਸਭ ਤੋਂ ਅਹਿਮ, ਅੱਜ ਸਮਾਂ ਇਹ ਪਛਾਨਣ ਦਾ ਹੈ ਕਿ ਉਹ ਲੋਕ ਪੰਥ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਜੋ ਇਹ ਮੰਨਦੇ ਹਨ ਕਿ ਸਿਰਫ ਉਨ੍ਹਾਂ ਦੇ ਧੜੇ ਦਾ ਆਗੂ ਹੀ ਸਾਰੇ ਪੰਥ ਦਾ ਇਕੋ-ਇਕ ਡਿਕਟੇਟਰ ਹੋਣਾ ਚਾਹੀਦਾ ਹੈ»
ਸਤਿਗੁਰ ਭਲੀ ਕਰਨਗੇ। ਸਮਾਂ ਬਦਲੇਗਾ। ਖਾਲਸੇ ਦੀ ਚੜ੍ਹਦੀ ਕਲਾ ਹੋਵੇਗੀ। ਚਹੁੰ ਕੂਟਾਂ ਅੰਦਰ ਸ਼ਹੀਦੀ ਫੌਜਾਂ ਦੇ ਘੋੜਿਆਂ ਦੇ ਪੌੜ ਖੜਕਾਰ ਪਾਉਣਗੇ। ਇਤਿਹਾਸ ਦੀ ਨਬਜ਼ ਨੂੰ ਪਛਾਣੀਏ ਤੇ ਨਿੱਜ ਨੂੰ ਪਾਸੇ ਰੱਖ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ। ਵਿਸ਼ਵ-ਇਤਿਹਾਸ ਦਾ ਨਵਾਂ ਦੌਰ ਸਾਡੇ ਦਰਾਂ ਦੇ ਬਾਹਰ ਸਾਨੂੰ ਉਡੀਕ ਰਿਹਾ ਹੈ।
-ਪ੍ਰਭਸ਼ਰਨਬੀਰ ਸਿੰਘ