ਹੰਗਰੀ ਤੋਂ ਆਇਆ ਕੋਚ

ਬਲਜੀਤ ਬਾਸੀ
ਫੋਨ: 734-259-9353
ਹੰਗਰੀ ਦੇ ਵੱਡੇ ਸ਼ਹਿਰ ਤੇ ਰਾਜਧਾਨੀ ਬੁਡਾਪੈਸਟ ਵਿਚ ਮੇਰੀ ਬੇਟੀ ਦੇ ਸਹੁਰੇ ਆਪਣੀ ਉਪਜੀਵਿਕਾ ਖਾਤਿਰ ਰਹਿੰਦੇ ਹਨ। ਪਿਛਲੇ ਸਾਲ ਉਨ੍ਹਾਂ ਦੇ ਸੱਦੇ `ਤੇ ਅਸੀਂ ਉਨ੍ਹਾਂ ਦੀ ਪ੍ਰਾਹੁਣਚਾਰੀ ਮਾਨਣ ਅਤੇ ਹੰਗਰੀ ਦੇਸ਼ ਦੀ ਸੈਰ ਕਰਨ ਨਿਕਲ ਪਏ। ਸਾਡੀ ਬੇਟੀ ਤੇ ਢਾਈ ਕੁ ਸਾਲ ਦੀ ਦੋਹਤਰੀ ਵੀ ਨਾਲ ਸਨ। ਕੁੜਮ ਦੀ ਕੰਪਨੀ ਨੇ ਸਾਡੀ ਸੇਵਾ ਖਾਤਿਰ ਉਨ੍ਹਾਂ ਨੂੰ ਡਰਾਈਵਰ ਸਮੇਤ ਕਾਰ ਮੁਹੱਈਆ ਕੀਤੀ ਹੋਈ ਸੀ।

ਪਹਿਲੇ ਦਿਨ ਹੀ ਸ਼ਹਿਰ ਦੇਖਣ ਚੱਲੇ ਤਾਂ ਘਰੋਂ ਨਿਕਲਦੇ ਸਾਰ ਕਾਰ ਦੇ ਟਰੰਕ ਕੋਲ ਖੜ੍ਹੇ ਡਰਾਈਵਰ ਨੇ ਹੰਗਰੀ ਭਾਸ਼ਾ ਵਿਚ ਕੁਝ ਗਿੱਟਮਿੱਟ ਕੀਤੀ ਜਿਸ ਦਾ ਇਕ ਸ਼ਬਦ ਮੇਰੇ ਜ਼ਿਹਨ ਵਿਚ ਅਟਕ ਗਿਆ। ਉਹ ਪਿਆਰਾ ਜਿਹਾ ਸ਼ਬਦ ਸੀ, ਬਾਬਾਕੋਚੀ। ਮੈਂ ਪਿਛੇ ਟਰੰਕ ਵੱਲ ਮੂੰਹ ਮੋੜਿਆ ਤਾਂ ਦੇਖਿਆ, ਡਰਾਈਵਰ ਨੇ ਹੱਥ ਵਿਚ ਦੋਹਤਰੀ ਦੀ ਪਰੈਮ ਫੜੀ ਹੋਈ ਸੀ, ਸ਼ਾਇਦ ਉਹ ਮੇਰੇ ਕੁੜਮ ਨੂੰ ਹੰਗੇਰੀਅਨ ਭਾਸ਼ਾ ਵਿਚ ਪੁੱਛ ਰਿਹਾ ਸੀ ਕਿ ਕੀ ਇਹ ਪਰੈਮ ਬੱਚੇ ਨੂੰ ਬਿਠਾਉਣ ਲਈ ਨਾਲ ਲਿਜਾਣੀ ਹੈ ਜਾਂ ਏਥੇ ਹੀ ਛੱਡ ਜਾਈਏ। ਕੁੜਮ ਨੇ ਲਿਜਾਣ ਦਾ ਇਸ਼ਾਰਾ ਕੀਤਾ ਤਾਂ ਮੈਨੂੰ ਆਪਣਾ ਅੰਦਾਜ਼ਾ ਸਹੀ ਲੱਗਾ ਕਿ ਬਾਬਾਕੋਚੀ ਪਰੈਮ ਨੂੰ ਹੀ ਕਿਹਾ ਗਿਆ ਹੈ।
ਗੱਡੀ ਸੁਹਣੇ ਸ਼ਹਿਰ ਬੁਡਾਪੈਸਟ ਦੀਆਂ ਸੜਕਾਂ `ਤੇ ਦੌੜਨ ਲੱਗੀ। ਹੰਗਰੀ ਵਿਚ ਸ਼ਹਿਰ ਦੇ ਨਾਂ ਦਾ ਉਚਾਰਨ ਬੂਡਾਪੈਸ਼ਟ ਹੈ। ਸ਼ਹਿਰ ਦਾ ਇਹ ਨਾਂ ਦਰਅਸਲ ਦੋ ਸ਼ਹਿਰਾਂ ਦੇ ਨਾਵਾਂ ਦੇ ਮੇਲ ਤੋਂ ਬਣਿਆ ਹੈ ਯਾਨੀ ਬੂਡਾ ਅਤੇ ਪੈਸ਼ਟ ਕਿਉਂਕਿ ਇਹ ਨਾਲ ਲਗਦੇ ਦੋਵੇਂ ਸ਼ਹਿਰ ਕਿਸੇ ਵੇਲੇ ਰਾਜਸੀ ਤੌਰ `ਤੇ ਏਕੀਕ੍ਰਿਤ ਹੋ ਗਏ। ਦੋਨਾਂ ਨੂੰ ਪੈਸ਼ਟਬੂਡਾ ਵੀ ਕਿਹਾ ਜਾਂਦਾ ਰਿਹਾ ਹੈ। ਦੁਨੀਆ ਭਰ ਵਿਚ ਕਈ ਦੇਸ਼, ਸ਼ਹਿਰ, ਕਸਬੇ, ਪਿੰਡ ਅਜਿਹੇ ਮਿਲ ਜਾਂਦੇ ਹਨ ਜੋ ਦੁਨਾਲੀ ਬੰਦੂਕ ਵਾਂਗ ਦੋ ਵਸੇਬਿਆਂ ਨੂੰ ਜੋੜ ਕੇ ਬਣੇ ਹਨ। ਕੁਝ ਮਿਸਾਲਾਂ ਲੈਂਦੇ ਹਾਂ: ਚੈਕੋਸਲੋਵਾਕੀਆ (ਚੈਕ+ਸਲੋਵਾਕ), ਤਨਜ਼ਾਨੀਆ (ਟਾਂਗਾਨੀਕਾ+ਜ਼ੰਜ਼ੀਬਾਰ), ਜੰਮੂ ਕਸ਼ਮੀਰ, ਟਾਂਡਾ ਉੜਮੁੜ। ਸੰਯੁਕਤ ਸ਼ਹਿਰ ਬੂਡਾਪੈਸ਼ਟ ਯੂਰਪ ਦੇ ਕਈ ਦੇਸ਼ਾਂ ਥਾਣੀਂ ਵਗਦੇ ਵੱਡੇ ਦਰਿਆ ਡੈਨਿਊਬ ਦੇ ਦੋਨੀਂ ਪਾਸੀਂ ਵੱਸਿਆ ਹੋਇਆ ਹੈ। ਇਸ ਨੂੰ ਹੰਗੇਰੀਅਨ ਭਾਸ਼ਾ ਵਿਚ ਡੂਨਾ ਕਹਿੰਦੇ ਹਨ। ਇਸ ਦਰਿਆ ਦੇ ਪੱਛਮੀ ਕਿਨਾਰੇ ਦਾ ਪਹਾੜੀ ਇਲਾਕਾ ਪੈਸ਼ਟ ਕਹਾਉਂਦਾ ਹੈ, ਪੂਰਬੀ ਕਿਨਾਰੇ ਦਾ ਇਲਾਕਾ ਪੂਰੀ ਤਰ੍ਹਾਂ ਮੈਦਾਨੀ ਹੈ ਤੇ ਏਥੇ ਵਸਿਆ ਸ਼ਹਿਰ ਇਤਿਹਾਸਕ ਤੌਰ `ਤੇ ਬੂਡਾ ਨਾਂ ਨਾਲ ਜਾਣਿਆ ਜਾਂਦਾ ਹੈ। ਸਾਡੇ ਮੇਜ਼ਬਾਨ ਦਾ ਘਰ ਬੂਡਾ ਵਿਚ ਹੈ। ਬੂਡਾ ਤੋਂ ਪੈਸ਼ਟ ਜਾਣ ਲਈ ਸੰਗਲਾਂ ਦਾ ਬਣਿਆ ਖੂਬਸੂਰਤ ਪੁਲ ਪਾਰ ਕਰਨਾ ਪੈਂਦਾ ਹੈ। ਸੈਲਾਨੀ ਘੰਟਿਆਂਬੱਧੀ ਇਸ ਪੁਲ `ਤੇ ਹੀ ਮਟਰ ਗਸ਼ਤ ਕਰਦੇ ਦਰਿਆ ਦੇ ਦੋਵਾਂ ਪਾਸਿਆਂ ਦੇ ਨਜ਼ਾਰੇ ਮਾਣਦੇ ਰਹਿੰਦੇ ਹਨ। ਅੱਗੇ ਹੋਰ ਉਚੀ ਪਹਾੜੀ `ਤੇ ਵਸੇ ਸ਼ਹਿਰ ਅੱਪੜਨ ਲਈ ਸਿੱਧੀ ਚੜ੍ਹਾਈ ਵਾਲੀ ਇਤਿਹਾਸਕ ਕੇਬਲ ਟਰਾਮ ਹੈ ਜੋ ਪਟੜੀਆਂ `ਤੇ ਚਲਦੀ ਹੈ। ਇਸ ਨੂੰ ਹੰਗੇਰੀਅਨ ਵਿਚ ਬੁਡਾਵਰੀ ਸਿਕਲੋ ਆਖਦੇ ਹਨ। ਇਹ ਦੁਵੱਲੀ ਹੈ ਮਤਲਬ ਨਾਲੋ ਨਾਲ ਦੋ ਟਰਾਮਾਂ ਹਨ ਜੋ ਕੇਬਲਾਂ ਨਾਲ ਜੋੜੀਆਂ ਹੋਈਆਂ ਹਨ। ਇੱਕੋ ਸਮੇਂ ਇੱਕ ਉੱਤਰ ਰਹੀ ਹੁੰਦੀ ਹੈ ਤੇ ਦੂਜੀ ਇਸੇ ਦੇ ਭਾਰ ਨਾਲ ਚੜ੍ਹ ਰਹੀ ਹੁੰਦੀ ਹੈ। ਸਮਝਣ ਲਈ ਚੱਲਦੇ ਹੋਏ ਚਰਸ ਦਾ ਸਾਦ੍ਰਿਸ਼ ਅੱਖਾਂ ਸਾਹਮਣੇ ਰੱਖ ਲਵੋ। ਇਸ ਸਿਕਲੋ ਦੇ ਸਫਰ ਦਾ ਅਨੋਖਾ ਹੀ ਅਨੁਭਵ ਹੈ, ਦੂਰ ਤੱਕ ਬੁਡਾਪੈਸਟ ਸ਼ਹਿਰ ਅਤੇ ਡੈਨਿਊਬ ਦਰਿਆ ਦਾ ਭਰਪੂਰ ਦ੍ਰਿਸ਼ ਦੇਖਿਆਂ ਹੀ ਬਣਦਾ ਹੈ ਪਰ ਮੈਂ ਤੁਹਾਨੂੰ ਇਸ ਲੁਤਫ਼ ਵਿਚ ਸ਼ਰੀਕ ਨਹੀਂ ਹੋਣ ਦੇਣਾ ਬਲਕਿ ਭਾਸ਼ਾਈ ਚਰਚਾ ਦੀ ਖੁਸ਼ਕੀ ਵਿਚ ਵਾੜਨਾ ਹੈ!
ਹੰਗੇਰੀਅਨ ਯੂਰੈਲਿਕ ਭਾਸ਼ਾ ਪਰਿਵਾਰ ਦੀ ਫਿਨੋ-ਉਗਰਿਕ ਸ਼ਾਖਾ ਨਾਲ ਸਬੰਧ ਰੱਖਦੀ ਹੈ ਜੋ ਹਿੰਦ-ਯੂਰਪੀ ਭਾਸ਼ਾ ਪਰਿਵਾਰ ਤੋਂ ਸੁਤੰਤਰ ਤੇ ਅਲੱਗ ਤੌਰ `ਤੇ ਹੋਂਦ ਵਿਚ ਆਈ। ਇਸ ਲਈ ਪੰਜਾਬੀ ਤਾਂ ਕੀ ਆਸ ਪਾਸ ਦੇ ਯੂਰਪੀ ਦੇਸ਼ਾਂ ਦੀਆਂ ਭਾਰੋਪੀ ਭਾਸ਼ਾਵਾਂ ਨਾਲ ਇਸ ਦਾ ਦੂਰੋਂ ਨੇੜਿਓਂ ਵੀ ਖੂਨੀ ਰਿਸ਼ਤਾ ਨਹੀਂ। ਇਹ ਭਾਸ਼ਾ ਗੁਆਂਢੀ ਦੇਸ਼ਾਂ ਜਿਵੇਂ ਆਸਟਰੀਆ, ਸਰਬੀਆ, ਸਲੋਵੇਨੀਆ, ਕਰੋਸ਼ੀਆ, ਰੁਮਾਨੀਆ, ਯੂਕਰੇਨ ਆਦਿ ਦੇ ਨਾਲ ਲਗਦੇ ਖਿੱਤਿਆਂ ਵਿਚ ਵੀ ਬੋਲੀ ਜਾਂਦੀ ਹੈ। ਬਾਬਾਕੋਚੀ ਸ਼ਬਦ ਦੀ ਧੁਨੀ ਤੋਂ ਮੈਨੂੰ ਇਹ ਸ਼ਬਦ ਏਨਾ ਜਚਿਆ ਕਿ ਆਪਣਾ ਹੀ ਲੱਗਿਆ। ਸਾਡੇ ਦੇਸ਼ਾਂ ਵਿਚ ਬੱਚਿਆਂ ਨੂੰ ਝੂਟੇ ਦਿਵਾਉਣ ਜਿਹੀ ਅਯਾਸ਼ੀ ਲਈ ਕਿੱਥੇ ਪਰੈਮ ਸ਼ਰੈਮ ਹੁੰਦੀ ਸੀ। ਅਸੀਂ ਤਾਂ ਬਾਲਾਂ ਨੂੰ ਕੁੱਛੜ ਜਾਂ ਮੋਢੇ `ਤੇ ਚੁੱਕ-ਚੁੱਕ ਹੀ ਗਲੀ ਗੁਆਂਢ ਘੁੰਮਾਉਂਦੇ ਰਹੇ ਹਾਂ। ਬਾਬਾਕੋਚੀ ਸ਼ਬਦ ਦੇ ਮੁਕਾਬਲੇ ਮੈਨੂੰ ਬਰਤਾਨਵੀ ਪਰੈਮ ਤੇ ਅਮਰੀਕੀ ਸਟਰੋਲਰ ਫਿੱਕੇ-ਫਿੱਕੇ ਜਾਪਣ ਲੱਗੇ। ਉਂਝ ਇਹ ਵੀ ਸੱਚ ਹੈ ਕਿ ਯੂਰਪੀ ਦੇਸ਼ਾਂ ਵਿਚ ਵੀ ਇਹ ਬਾਲਗੱਡੀ ਕੋਈ ਦੋ ਕੁ ਸਦੀਆਂ ਪਹਿਲਾਂ ਹੀ ਵਰਤੀ ਜਾਣ ਲੱਗੀ ਤੇ ਉਹ ਵੀ ਪਹਿਲਾਂ ਪਹਿਲ ਰਾਜ ਦਰਬਾਰੀ, ਅਹਿਲਕਾਰ, ਰਈਸ ਤੇ ਧਨਾਢ ਲੋਕਾਂ ਦੇ ਬਾਲਾਂ ਹਿਤ। ਭਾਰਤ ਵਿਚ ਵੀ ਬਰਤਾਨਵੀ ਸ਼ਾਸਕਾਂ ਨੇ ਹੀ ਪਰੈਮਾਂ ਲਿਆਂਦੀਆਂ। ਬਾਬਾਕੋਚੀ ਦੋ ਹੰਗੇਰੀਅਨ ਸ਼ਬਦਾਂ ਬਾਬਾ + ਕੋਚੀ ਤੋਂ ਬਣਿਆ ਸੰਯੁਕਤ ਸ਼ਬਦ ਹੈ। ਸਾਡੀ ਭਾਸ਼ਾ ਦੇ ਉਲਟ ਹੰਗੇਰੀਅਨ ਭਾਸ਼ਾ ਵਿਚ ਬੱਚੇ ਲਈ ਬਾਬਾ ਸ਼ਬਦ ਹੈ। ਪਹਿਲਾਂ ਵੀ ਕੁਝ ਇੱਕ ਵਾਰੀ ਇਹ ਗੱਲ ਸਾਂਝੀ ਕੀਤੀ ਜਾ ਚੁੱਕੀ ਹੈ ਕਿ ਪਾਪਾ, ਮਾਮਾ, ਨਾਨਾ, ਤਾਤਾ, ਚਾਚਾ, ਬਾਬਾ, ਦਾਦਾ, ਕਾਕਾ, ਬੀਬੀ ਆਦਿ ਸ਼ਬਦ ਧੁਨੀ ਅਨੁਕ੍ਰਮਣਕ ਹਨ ਅਰਥਾਤ ਬੱਚਿਆਂ ਦੇ ਮੂੰਹ ਵਿਚੋਂ ਬਚਪਨ ਵਿਚ ਸਹਿਜ ਸੁਭਾਅ ਉਚਰੇ ਬੋਲ ਹਨ ਜੋ ਉਨ੍ਹਾਂ ਦੇ ਨਜ਼ਦੀਕੀ ਸਬੰਧੀਆਂ ਲਈ ਸੰਬੋਧਨੀ ਸ਼ਬਦ ਬਣ ਗਏ। ਇਹ ਜ਼ਰੂਰੀ ਨਹੀਂ ਕਿ ਸਾਰੇ ਸ਼ਬਦ ਹਰ ਭਾਸ਼ਾ ਵਿਚ ਇੱਕੋ ਰਿਸ਼ਤੇ ਦੇ ਸੂਚਕ ਹੋਣ। ਪੰਜਾਬੀ ਵਿਚ ਦਾਦਾ ਪਿਓ ਦਾ ਪਿਓ ਹੈ ਪਰ ਬੰਗਾਲੀ ਵਿਚ ਵੱਡਾ ਭਰਾ। ਬੱਚੇ ਦੇ ਮੁਖ ਵਿਚੋਂ ਬਾਰ ਬਾਰ ਬਾ ਬਾ ਦੀ ਧੁਨੀ ਨਿਕਲਣ ਕਾਰਨ ਹੰਗੇਰੀਅਨ ਲੋਕ ਬੱਚੇ ਨੂੰ ਹੀ ਬਾਬਾ ਕਹਿਣ ਲੱਗ ਪਏ। ਉਂਝ ਹੰਗੇਰੀਅਨ ਵਿਚ ਅਰਥ ਵਿਸਤਾਰ ਨਾਲ ਬਾਬਾ ਸ਼ਬਦ ਡਰਪੋਕ, ਜਨਾਨੜਾ, ਮਾੜਕੂ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ ਮਤਲਬ ਨਿਆਣਿਆਂ ਵਰਗਾ। ਇਸ ਤੋਂ ਅੱਗੇ ਇਸ ਸ਼ਬਦ ਨੇ ਗੁੱਡੀ, ਪਟੋਲਾ, ਕਠਪੁਤਲੀ, ਅੱਖ ਦੀ ਪੁਤਲੀ ਦੇ ਅਰਥ ਵੀ ਧਾਰ ਲਏ। ਭਲਾ ਗੁੱਡੀ, ਪੁਤਲੀ, ਅੱਖ ਦੀ ਪੁਤਲੀ ਜਿਹੇ ਅਰਥ ਕਿਵੇਂ ਵਿਕਸਿਤ ਹੋਏ ਹੋਣਗੇ? ਪੰਜਾਬੀ ਤੇ ਹੋਰ ਕਈ ਭਾਸ਼ਾਵਾਂ ਵਿਚ ਵੀ ਐਨ ਏਹੀ ਇਹ ਵਰਤਾਰਾ ਹੈ, ਜਿਸ ਦਾ ਭੇਤ ਫਿਰ ਖੋਲ੍ਹਾਂਗੇ।
ਹੁਣ ਤੁਸੀਂ ਪੁੱਛੋਗੇ ਕਿ ਅਸੀਂ ਬਾਬਾਕੋਚੀ (ਹੰਗੇਰੀਅਨ ਸ਼ਬਦ ਜੋੜ babakocsi)) ਤੋਂ ਕੀ ਕੱਢਣਾ ਪਾਉਣਾ? ਜਵਾਬ ਹੈ, ਅਸੀਂ ਜੋ ਇਸ ਵਿਚੋਂ ਕੱਢਿਆ ਤੇ ਪਾਇਆ ਹੈ ਉਹ ਹੈ ਇਸ ਸ਼ਬਦ ਦਾ ਦੂਜਾ ਜੁਜ਼ ਯਾਨੀ ‘ਕੋਚ’ ਸ਼ਬਦ ਜੋ ਅੰਗਰੇਜ਼ੀ ਸਮੇਤ ਅਨੇਕਾਂ ਯੂਰਪੀ ਤੇ ਗੈਰ-ਯੂਰਪੀ ਭਾਸ਼ਾਵਾਂ ਵਿਚ ਇੱਕ ਖਾਸ ਤਰ੍ਹਾਂ ਦੇ ਵਾਹਨ, ਗੱਡੀ, ਬੱਘੀ ਦੇ ਅਰਥਾਂ ਵਿਚ ‘ਕੋਚ’ ਵਜੋਂ ਅਪਣਾਇਆ ਗਿਆ। ਵਾਸਤਵ ਵਿਚ ਕੋਚ ਹੰਗਰੀ ਦੇ ਇੱਕ ਪਿੰਡ ਦਾ ਨਾਂ ਹੈ ਤੇ ਕੋਚੀ ਇਸ ਦਾ ਵਿਸ਼ੇਸ਼ਣ ਹੈ। ਸੋ ਇਸ ਭਾਸ਼ਾ ਵਿਚ ਕੋਚੀ ਦਾ ਅਰਥ ਹੋਇਆ ਕੋਚ ਦਾ ਬਣਿਆ ਵਾਹਨ। ਬੁਡਾਪੈਸਟ ਦੇ ਪੱਛਮ ਦੀ ਤਰਫ ਵੱਸਿਆ ਹੋਇਆ ਅੱਜ-ਕੱਲ੍ਹ ਘੁੱਗ ਵਸਦਾ ਸ਼ਹਿਰ ਕੋਚ ਮਧ ਯੁੱਗ ਵਿਚ ਛੋਟਾ ਜਿਹਾ ਪਿੰਡ ਹੁੰਦਾ ਸੀ। ਇਸ ਪਿੰਡ ਦੇ ਕਾਰੀਗਰ ਗੱਡੇ-ਗੱਡੀਆਂ ਬਣਾਉਣ ਦੇ ਮਾਹਿਰ ਸਨ ਤੇ ਇਸ ਕਿੱਤੇ ਰਾਹੀਂ ਉਨ੍ਹਾਂ ਦੀ ਰੋਟੀ ਰੋਜ਼ੀ ਤੁਰਦੀ ਸੀ। ਚਾਰ-ਪੰਜ ਸਦੀਆਂ ਪਹਿਲਾਂ ਇਨ੍ਹਾਂ ਵਿਚੋਂ ਕਿਸੇ ਇਕ ਵਾਹਣਕਾਰ (ਸੰਸਕ੍ਰਿਤ ਵਿਚ ਰਥਕਾਰ) ਨੇ ਇਕ ਨਵੀਂ ਕਿਸਮ ਦੀ ਅਜਿਹੀ ਬੱਘੀ ਬਣਾਈ ਜਿਸ ਨੇ ਵਾਹਣ ਉਦਯੋਗ ਵਿਚ ਇੱਕ ਤਰ੍ਹਾਂ ਦਾ ਇਨਕਲਾਬ ਹੀ ਲੈ ਆਂਦਾ। ਤਿੰਨ ਘੋੜਿਆਂ ਤੇ ਚਾਰ ਪਹੀਆਂ ਨਾਲ ਚੱਲਣ ਵਾਲਾ ਇਹ ਨਵਾਂ ਵਾਹਨ ਬਹੁਤ ਪੇਚੀਦਾ ਪਰ ਚੱਲਣ ਵਿਚ ਹਲਕਾ, ਆਰਾਮਦਾਇਕ ਅਤੇ ਤੇਜ਼ ਰਫ਼ਤਾਰ ਸੀ। ਇਸ ਦਾ ਸਸਪੈਂਸ਼ਨ ਪ੍ਰਬੰਧ ਬਹੁਤ ਲਚਕੀਲਾ ਸੀ ਇਸ ਲਈ ਝਟਕੋਲੇ ਨਹੀਂ ਸਨ ਪੈਂਦੇ। ੳਾਲੇ-ਦੁਆਲੇ ਦੇ ਦੇਸ਼ਾਂ ਵਿਚ ਨਵੀਂ ਕਾਢ ਦੀਆਂ ਧੁੰਮਾਂ ਪੈ ਗਈਆਂ। ਇਹ ਕੋਚ ਬੁਡਾਪੈਸਟ ਤੋਂ ਵੀਆਨਾ ਤੱਕ ਡਾਕ ਤੇ ਮਾਲ ਢੋਣ ਦਾ ਆਮ ਸਾਧਨ ਬਣ ਗਏ। ਕੋਚ ਵਾਸੀਆਂ ਦੇ ਵਾਰੇ ਨਿਆਰੇ ਹੋ ਗਏ। ਬੱਸ ਦਿਨਾਂ ਵਿਚ ਹੀ ਇਹ ਵਾਹਨ ਪਿੰਡ ਦੇ ਨਾਂ `ਤੇ ਕੋਚੀ ਸਜ਼ੈਟਰ (ਕੋਚ ਦਾ ਵਾਹਨ) ਕਹਾਉਣ ਲੱਗਾ ਅਤੇ ਫਿਰ ਹੌਲੀ-ਹੌਲੀ ਇਸ ਦਾ ਨਾਂ ਹੋਰ ਹਲਕਾ ਹੋ ਕੇ ਨਿਰਾ ਕੋਚ ਹੀ ਰਹਿ ਗਿਆ। ਉਂਝ ਅੱਜ ਹੰਗਰੀ ਦੀ ਬੋਲਚਾਲ ਦੀ ਭਾਸ਼ਾ ਵਿਚ ਕਾਰ ਨੂੰ ਹੀ ਕੋਚ ਆਖਦੇ ਹਨ। ਜਿਵੇਂ ਪਹੀਏ ਦੀ ਖਾਸੀਅਤ ਹੈ ਚੱਲਦੇ ਰਹਿਣਾ, ਇਸੇ ਤਰ੍ਹਾਂ ਹਰ ਸ਼ਬਦ ਦੀ ਵੀ ਖਾਸੀਅਤ ਹੈ ਰੂਪ ਤੇ ਅਰਥ ਪੱਖੋਂ ਗਤੀਮਾਨ ਰਹਿਣਾ। ਘੋੜਿਆਂ ਦੁਆਰਾ ਹਿੱਕੇ ਜਾਂਦੇ ਕੋਚ ਤੋਂ ਚੱਲ ਕੇ ਮੋਟਰ ਨਾਲ ਚੱਲਣ ਵਾਲੇ ਕੋਚ ਆਏ, ਫਿਰ ਹਵਾਈ ਕੋਚ ਪ੍ਰਚੱਲਤ ਹੋਣ ਲੱਗੇ, ਫਿਰ ਰੇਲ ਗੱਡੀ ਦੇ ਵਿਸ਼ੇਸ਼ ਸਹੂਲਤਾਂ ਵਾਲੇ ਡੱਬੇ ਕੋਚ ਕਹਾਉਣ ਲੱਗੇ। ਦੂਰ ਲਿਜਾਣ ਵਾਲੀਆਂ ਖਾਸਮ ਖਾਸ ਬੱਸਾਂ ਵੀ ਵਧੇਰ ਕਰਕੇ ਆਪਣੇ ਲਈ ਵਰਤੀਂਦੇ ਨਾਂ ਕੋਚ ਤੋਂ ਹੀ ਖਿੱਚ ਪਾਉਂਦੀਆਂ ਹਨ।
18ਵੀਂ ਸਦੀ ਇੰਗਲੈਂਡ ਵਿਚ ਕੋਚ ਸ਼ਬਦ ਦੀ ਅਲੰਕਾਰਕ ਵਰਤੋਂ ਵੀ ਹੋਣ ਲੱਗ ਪਈ। ਇਸ ਸਦੀ ਦੌਰਾਨ ਇਸ ਦੇਸ਼ ਵਿਚ ਟਿਊਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਪ੍ਰਾਈਵੇਟ ਤੌਰ `ਤੇ ਪੜ੍ਹਾਉਣ ਦਾ ਧੰਦਾ ਸ਼ੁਰੂ ਹੋ ਗਿਆ। ਅਜਿਹੇ ਉਸਤਾਦਾਂ ਨੂੰ ਕੋਚ ਕਿਹਾ ਜਾਣ ਲੱਗਾ ਕਿਉਂਕਿ ਜਿਵੇਂ ਕੋਚ ਫਟਾ-ਫਟ ਸਵਾਰੀਆਂ ਨੂੰ ਆਪਣੀ ਮੰਜ਼ਿਲ `ਤੇ ਪਹੁੰਚਾ ਦਿੰਦੇ ਸਨ ਇਸੇ ਤਰ੍ਹਾਂ ਇਹ ਅਖੌਤੀ ਕੋਚ ਵਿਦਿਆਰਥੀਆਂ ਨੂੰ ਫਟਾ-ਫਟ ਇਮਤਿਹਾਨ ਪਾਸ ਕਰਵਾਉਣ ਦਾ ਜੁਗਾੜ ਕਰਦੇ ਸਨ। ਬਾਅਦ ਵਿਚ ਕੋਚ ਸ਼ਬਦ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲੇ ਟਰੇਨਰਾਂ ਲਈ ਵੀ ਵਰਤਿਆ ਜਾਣ ਲੱਗਾ, ਇਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਕਈ ਕੋਚ ਸਿਖਾਂਦਰੂ ਚੇਲਿਆਂ ਪੱਠਿਆਂ ਨੂੰ ਝਿੜਕਾਂ ਤੇ ਗਾਲੀ ਗਲੋਚ ਵਧੇਰੇ ਦਿੰਦੇ ਹਨ। ਭਾਰਤ ਵਿਚ ਤਾਂ ਅੱਜ-ਕੱਲ੍ਹ ਅਜਿਹੇ ਉਸਤਾਦ ਕੋਚਾਂ ਦੀਆਂ ਫੈਕਟਰੀਆਂ ਹੀ ਲੱਗੀਆਂ ਹੋਈਆਂ ਹਨ। ਇਸ ਪ੍ਰਸੰਗ ਵਿਚ ਅਸੀਂ ਕਹਿ ਸਕਦੇ ਹਾਂ ਕਿ ਉਸਤਾਦ ਕੋਚ ਵਾਹਨ ਕੋਚ ਵਾਂਗ ਆਪਣੇ ਚੇਲਿਆਂ ਨੂੰ ਛੇਤੀ-ਛੇਤੀ ਆਪਣੀ ਮੰਜਿਲ਼ `ਤੇ ਅੱਪੜਾਉਣ ਦਾ ਉਪਰਾਲਾ ਕਰਦੇ ਹਨ। ਗੌLਰ ਤਲਬ ਹੈ ਕਿ ਅੰਗਰੇਜ਼ੀ ਸ਼ਬਦ ਟਰੇਨ ਵੀ ਇਸੇ ਤਰ੍ਹਾਂ ਮੰਜ਼ਿਲ `ਤੇ ਪਹੁੰਚਾਉਣ ਵਾਲੀ ਰੇਲ-ਗੱਡੀ ਦਾ ਅਰਥ ਵੀ ਦਿੰਦਾ ਹੈ ਤੇ ਸਿਖਿਆਰਥੀਆਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਪਣੇ ਨਿਸ਼ਾਨੇ `ਤੇ ਅਪੜਾਉਣ ਦਾ ਵੀ। ‘ਬੇੜਾ ਪਾਰ ਕਰਾਉਣ’ ਜਿਹੇ ਵਾਕੰਸ਼ ਵਿਚ ਵੀ ਦੋਵੇਂ ਭਾਵ ਰੜਕਦੇ ਹਨ। ਹੁਣ ਤਾਂ ਜ਼ਿੰਦਗੀ ਦੇ ਹਰ ਪਿੜ ਵਿਚ ਕੋਚਾਂ ਦਾ ਬੋਲਬਾਲਾ ਹੋਈ ਜਾਂਦਾ ਹੈ: ਆਵਾਜ਼ ਸਿਧਾਉਣ ਵਾਲੇ, ਐਕਟਿੰਗ ਸਿਖਾਉਣ ਵਾਲੇ, ਬਿਜ਼ਨਿਸ ਦੇ ਗੁਰ ਦੱਸਣ ਵਾਲੇ। ਸ਼ਾਇਦ ਕਿਸੇ ਦਿਨ ਭਾਰਤ ਵਿਚ ਬਾਬੇ ਬਣਾਉਣ ਵਾਲੇ ਕੋਚ ਵੀ ਪ੍ਰਗਟ ਹੋ ਜਾਣ। ਫਿਰ ਅਸੀਂ ਇਨ੍ਹਾਂ ਨੂੰ ਬਾਬਾਕੋਚ ਕਹਿ ਸਕਾਂਗੇ!
ਪਰ ਕੋਚ ਸ਼ਬਦ ਨੇ ਇੱਕ ਹੋਰ ਛਾਲ ਵੀ ਮਾਰੀ ਹੈ। ਚਮੜੇ ਦੇ ਬੈਗ, ਪਰਸ ਵਗੈਰਾ ਬਣਾਉਣ ਵਾਲੀ ਅਮਰੀਕੀ ਕੰਪਨੀ ਕੋਚ ਦਾ ਨਾਂ ਸਭ ਨੇ ਸੁਣਿਆ ਹੋਵੇਗਾ। ਔਰਤਾਂ ਵਿਭਿੰਨ ਸਟਾਈਲਾਂ ਵਾਲੇ ਝਿਲਮਿਲਾਉਂਦੇ ਕੀਮਤੀ ਕੋਚ ਦੇ ਪਰਸ ਖਰੀਦਣ ਪਿੱਛੇ ਮਰਦੀਆਂ ਹਨ ਕਿਉਂਕਿ ਇਹ ਬਰਾਂਡ ਨਾਂ ਬਣ ਚੁੱਕਾ ਹੈ ਤੇ ਅਮੀਰੀ ਦਾ ਝਲਕਾਰਾ ਦਿੰਦਾ ਹੈ। ਕੋਚ ਕੰਪਨੀ ਨਿਊਯਾਰਕ ਦੇ ਮੈਨਹਟਨ ਵਿਚ 1941 ਵਿਚ ਸਥਾਪਤ ਕੀਤੀ ਗਈ ਸੀ। ਉਦੋਂ ਇਸ ਦਾ ਨਾਂ ‘ਮੈਨਹਟਨ ਲੈਦਰ ਬੈਗਜ਼’ ਸੀ ਪਰ 1960 ਵਿਚ ਇਸ ਦੇ ਨਾਂ ਵਿਚ ਕੋਚ ਸ਼ਬਦ ਪਾਇਆ ਗਿਆ। ਇਸ ਦੇ ਬਾਨੀ ਲਿਲੀਅਨ ਕਾਹਨ ਨੂੰ ਉਨ੍ਹਾਂ ਦਿਨਾਂ ਵਿਚ ਨਿਊਯਾਰਕ ਦੀਆਂ ਸੜਕਾਂ ਵਿਚ ਚੱਲਦੇ ਕੋਚ ਬਹੁਤ ਪ੍ਰਭਾਵਤ ਕਰਦੇ ਸਨ। ਕੀ ਢਾਂਚਾ, ਕੀ ਲਗਾਮ, ਕੀ ਛੈਂਟਾ, ਕੀ ਸੀਟਾਂ ਤੇ ਕੀ ਟਾਪਾ; ਕੋਚ ਦਾ ਸਭ ਕਾਸਾ ਚਮੜੇ ਵਿਚ ਹੀ ਚਮੁੱਟਿਆ ਪਿਆ ਸੀ। ਬੱਸ ਕੋਚਾਂ ਦੀ ਟੱਪ ਟੱਪ ਅਤੇ ਇ੍ਹਨਾਂ ਵਿਚ ਚਮੜੇ ਦੀ ਭਰਪੂਰ ਵਰਤੋਂ ਨੇ ਹੀ ਲਿਲੀਅਨ ਕਾਹਨ ਨੂੰ ਕੰਪਨੀ ਦਾ ਨਾਂ ਬਦਲਣ ਦੀ ਪ੍ਰੇਰਨਾ ਦਿੱਤੀ।
ਹੰਗਰੀ ਵਾਲੇ ਕੋਚ ਦਾ ਸੰਨ 1568 ਦਾ ਸਭ ਤੋਂ ਪੁਰਾਣਾ ਚਿੱਤਰ।