ਗੁਲਜ਼ਾਰ ਸਿੰਘ ਸੰਧੂ
ਮੈਂ ਇਸ ਕਾਲਮ ਵਿਚ ਲਾਹੌਰ ਦੀ ਜੰਮਪਲ ਸੁਰਿੰਦਰ ਕੌਰ ਬਾਰੇ ਲਿਖਦਿਆਂ ਮੰਗ ਪਾਈ ਸੀ ਕਿ ਜੇ ਕੋਈ ਲਾਹੌਰ ਦਾ ਜੰਮਿਆ ਹਾਲੀ ਵੀ ਜੀਵਤ ਹੈ ਤਾਂ ਮੈਂ ਉਹਦੇ ਬਾਰੇ ਜਾਨਣਾ ਚਾਹਾਂਗਾ| ਜਿਹੜੇ ਦੋ ਪਾਠਕਾਂ ਨੇ ਸੰਪਰਕ ਕੀਤਾ ਉਨ੍ਹਾਂ ਵਿਚੋਂ ਲਾਹੌਰ ਦਾ ਜੰਮਿਆਂ ਤਾਂ ਕੋਈ ਨਹੀਂ ਪਰ ਉਨ੍ਹਾਂ ਮੇਰੀ ਮੰਗ ਦਾ ਮਾਣ ਰਖਦਿਆਂ ਕੁਝ ਨਵੀਆਂ ਗੱਲਾਂ ਉਤੇ ਚਾਨਣਾ ਪਾਇਆ ਹੈ|
ਪਹਿਲ ਕਰਨ ਵਾਲਾ ਮੇਰਾ ਮਿੱਤਰ ਡਾ. ਸਰਬਜੀਤ ਸਿੰਘ ਛੀਨਾ ਹੈ ਜਿਸਦੇ ਘਰ ਸੁਰਿੰਦਰ ਕੌਰ ਠਹਿਰਦੀ ਰਹੀ ਹੈ| ਪਹਿਲੀ ਵਾਰ ਦਾ ਸਬੱਬ ਇਹ ਬਣਿਆ ਕਿ ਬਟਾਲਾ ਨਿਵਾਸੀ ਫੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ ਨੇ ਆਪਣੇ ਸ਼ਹਿਰ ਵਿਚ ਸੁਰਿੰਦਰ ਕੌਰ ਦਾ 70ਵਾਂ ਜਨਮ ਦਿਨ ਮਨਾਉਣਾ ਸੀ ਤਾਂ ਅੰਮ੍ਰਿਤਸਰ ਤੋਂ ਡਾ. ਛੀਨਾ ਨੂੰ ਵੀ ਨਾਲ ਲੈ ਗਿਆ| ਏਸ ਲਈ ਕਿ ਪਰੋਗ੍ਰਾਮ ਤੋਂ ਪਿੱਛੋਂ ਛੀਨਾ ਸੁਰਿੰਦਰ ਕੌਰ ਨੂੰ ਸਾਥ ਵੀ ਦੇ ਸਕਦਾ ਸੀ ਤੇ ਅਗਲੇ ਦਿਨ ਤੜਕਸਾਰ ਸ਼ਤਾਬਦੀ ਐਕਸਪ੍ਰੈੱਸ ਵਿਚ ਬਿਠਾ ਵੀ ਸਕਦਾ ਸੀ| ਉਹ ਦੋਵੇਂ ਰਾਤ ਦੇ ਢਾਈ ਵਜੇ ਛੀਨਾ ਦੇ ਘਰ ਪਰਤੇ ਤਾਂ ਛੀਨਾ ਪਰਿਵਾਰ ਨੇ ਆਪਣੇ ਮਨਪਸੰਦ ਗਾਇਕਾਂ ਦੀਆਂ ਉਹ ਲੋੜਾਂ ਪੂਰੀਆਂ ਕੀਤੀਆਂ ਜਿਸ ਨਾਲ ਦੋਵਾਂ ਪਰਿਵਾਰਾਂ ਦੀ ਪੱਕੀ ਸਾਂਝ ਬਣ ਗਈ| ਏਨੀ ਜ਼ਿਆਦਾ ਕਿ ਉਹ ਜਦੋਂ ਵੀ ਅੰਮ੍ਰਿਤਸਰ ਆਉਂਦੀ ਛੀਨਾ ਪਰਿਵਾਰ ਕੋਲ ਹੀ ਰਹਿੰਦੀ| ਇੱਕ ਫੇਰੀ ਤੋਂ ਬਿਨਾ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਟੀ ਨੇ ਉਸਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ ਕਰਨੀ ਸੀ ਤੇ ਉਹਦੇ ਰਹਿਣ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ|
ਦੂਜਾ ਪ੍ਰਤੀਕਰਮ ਵੀ ਅਜਿਹੇ ਵਿਅਕਤੀ ਦਾ ਹੈ ਜਿਹੜਾ ਗਾਇਕੀ ਦਾ ਪ੍ਰੇਮੀ ਹੈ| ਉਸਨੇ ਜਿਹੜੀ ਗਾਇਕਾ ਦੀ ਬਾਤ ਪਾਈ ਹੈ ਉਹ ਪਾਕਿਸਤਾਨ ਦੀ ਰੇਸ਼ਮਾ ਹੈ| ਕਹਿਣ ਨੂੰ ਉਹ ਵੀ ਪੰਜਾਬਣ ਹੈ ਪਰ ਉਸਦਾ ਪੰਜਾਬ ਹੁਣ ਪਾਕਿਸਤਾਨ ਵਿਚ ਹੈ| ਇਹ ਵਿਅਕਤੀ ਕੁਲਦੀਪ ਸਿੰਘ ਸਾਹਿਲ ਹੈ| ਰਾਜਪੁਰਾ ਦਾ ਰਹਿਣ ਵਾਲਾ ਤੇ ਰੇਸ਼ਮਾ ਦਾ ਮੱਦਾਰ|
ਰੇਸ਼ਮਾ ਦਾ ਨਾਂ ਭਾਰਤ ਅਤੇ ਪਾਕਿਸਤਾਨ ਦੇ ਚੋਟੀ ਦੇ ਗਾਇਕਾਂ ਦੀ ਪਹਿਲੀ ਕਤਾਰ ਵਿਚ ਆਉਂਦਾ ਹੈ ਟੱਪਰੀਵਾਸ ਕਬੀਲੇ ਵਿਚ ਪੈਦਾ ਹੋਈ ਪਾਕਿਸਤਾਨ ਦੀ ਇਸ ਗਾਇਕਾ ਨੂੰ ਆਪਣੇ ਜਨਮ ਬਾਰੇ ਸਿਰਫ਼ ਇੰਨਾ ਹੀ ਪਤਾ ਸੀ ਕਿ 1947 ਦੇ ਹੱਲਿਆਂ ਤੋਂ ਦੋ ਵਰ੍ਹੇ ਪਹਿਲਾਂ ਭਾਵ 1945 ਵਿਚ ਪਿਸ਼ਾਵਰ ਦੇ ਕਿਸੇ ਕੈਂਪ ਵਿਚ ਪਿੱਪਲ ਦੇ ਰੁੱਖ ਹੇਠ ਹੋਇਆ ਸੀ| ਫਿਰ ਇਨ੍ਹਾਂ ਦੇ ਕਬੀਲੇ ਨੇ ਬੀਕਾਨੇਰ ਵਿਚ ਆ ਡੇਰਾ ਲਾਇਆ ਜਿੱਥੇ ਤਹਿਸੀਲ ਰਤਨਗੜ੍ਹ ਦੇ ਉਹ ਪੁਰਾਣੇ ਵਸਨੀਕ ਸਨ|
ਉਸ ਦਾ ਪਿਤਾ ਹਾਜੀ ਮੁਹੰਮਦ ਮੁਸਤਾਕ ਵਣਜਾਰਾ ਸੀ ਜੋ ਊਠਾਂ ਦੇ ਕਾਫ਼ਲੇ ਨਾਲ ਜਾਂਦਾ ਸੀ ਅਤੇ ਪੱਛਮ ਦੇ ਇਲਾਕੇ ਵੱਲੋਂ ਊਠ, ਘੋੜੇ, ਗਾਵਾਂ ਤੇ ਮੱਝਾਂ ਲੈ ਕੇ ਰਾਜਸਥਾਨ ਪਰਤ ਜਾਂਦਾ ਸੀ| ਰੇਸ਼ਮਾ ਅਜੇ ਬਹੁਤ ਛੋਟੀ ਸੀ ਕਿ ਮੁਲਕ ਨੂੰ ਵੰਡ ਦਾ ਸੰਤਾਪ ਹੰਢਾਉਣਾ ਪਿਆ| ਉਸ ਨੂੰ ਵੀ ਪਾਕਿਸਤਾਨ ਜਾਣਾ ਪਿਆ ਅਤੇ ਵਣਜਾਰਿਆਂ ਦੇ ਇਸ ਕਾਫ਼ਲੇ ਨੇ ਸਿੱਧ ਦੀ ਰਾਜਧਾਨੀ ਕਰਾਚੀ (ਪਾਕਿਸਤਾਨ) ਨੂੰ ਆਪਣੇ ਰਹਿਣ-ਬਸੇਰੇ ਵਜੋਂ ਚੁਣ ਲਿਆ|
ਰੇਸ਼ਮਾ ਨੇ ਕਦੇ ਕਿਸੇ ਉਸਤਾਦ ਕੋਲੋਂ ਗਾਇਕੀ ਦੀ ਤਾਲੀਮ ਹਾਸਲ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਘਰਾਣੇ ਵਿਚ ਜਨਮ ਲਿਆ ਸੀ| ਬਸ ਗਾਇਕੀ ਉਸ ਦੀ ਰੂਹ ਵਿਚ ਵੱਸੀ ਹੋਈ ਸੀ| ਅਜੇ ਉਹ ਮਸਾਂ ਦਸ ਸਾਲ ਦੀ ਸੀ ਜਦੋਂ ਰੇਡੀਓ ਅਤੇ ਟੈਲੀਵਿਜ਼ਨ ਨਿਰਮਾਤਾ ਸਲੀਮ ਗਿਲਾਨੀ ਨੇ ਇੱਕ ਸ਼ਰਧਾਲੂ ਵਜੋਂ ਉਸ ਨੂੰ ਪਿੰਡ ਸੇਵਨ ਵਿਚ ਸ਼ਾਹਬਾਜ਼ ਕਲੰਦਰ ਦੀ ਦਰਗਾਹ ’ਤੇ ਲੱਗੇ ਮੇਲੇ ਵਿਚ ‘ਦਮਾ ਦਮ ਮਸਤ ਕਲੰਦਰ’ ਕੱਵਾਲੀ ਗਾਉਂਦਿਆਂ ਸੁਣਿਆ| ਗਿਲਾਨੀ ਨੇ ਬਾਲੜੀ ਦੀ ਕਲਾ ਪਛਾਣੀ, ਉਸ ਦੀ ਤਾਰੀਫ਼ ਕੀਤੀ ਅਤੇ ਉਸ ਨੂੰ ਆਪਣਾ ਪਤਾ ਲਿਖ ਕੇ ਦਿੰਦਿਆਂ ਕਰਾਚੀ ਰੇਡੀਓ ਸਟੇਸ਼ਨ ਆਉਣ ਦਾ ਸੱਦਾ ਦੇ ਕੇ ਚਲਾ ਗਿਆ| ਪਰਚੀ ਲੈ ਕੇ ਰੇਡੀਓ ਸਟੇਸ਼ਨ ਪਹੁੰਚ ਗਈ| ਤਾਂ ਉਸ ਦੀ ਆਵਾਜ਼ ਵਿਚ ਰੇਡੀਓ ਲਈ ਪਹਿਲਾਂ ਗੀਤ ਰਿਕਾਰਡ ਕੀਤਾ ਗਿਆ :
ਹੋ ਲਾਲ ਮੇਰੀ ਪਤ ਰੱਖਿਓ
ਭਲਾ ਝੂਲੇ ਲਾਲਨ
ਸਿੰਧੜੀ ਦਾ, ਸੇਵਨ ਦਾ
ਸਖੀ ਸ਼ਾਹਬਾਜ਼ ਕਲੰਦਰ
ਦਮਾ ਦਮ ਮਸਤ ਕਲੰਦਰ
ਅਲੀ ਦਮ ਦਮ ਦੇ ਅੰਦਰ
ਅਲੀ ਦਾ ਪਹਿਲਾ ਨੰਬਰ|
ਇਹ ਗੀਤ ਰਿਕਾਰਡ ਕਰਵਾ ਕੇ ਉਹ ਫਿਰ ਆਪਣੇ ਕਾਫ਼ਲੇ ਨਾਲ ਚਲੀ ਗਈ| ਰੇਡੀਓ ਡਾਇਰੈਕਟਰ ਸਮੇਤ ਉਸ ਦੇ ਸਰੋਤੇ ਵੀ ਉਸ ਬਾਰੇ ਕੁਝ ਨਹੀਂ ਸਨ ਜਾਣਦੇ ਕਿ ਉਹ ਕਿੱਥੇ ਰਹਿ ਰਹੀ ਹੈ| ਗਿਲਾਨੀ ਨੇ ਵੱਖ-ਵੱਖ ਅਖ਼ਬਾਰਾਂ/ਰਸਾਲਿਆਂ ਵਿਚ ਉਸ ਦੀ ਫੋਟੋ ਵਾਲਾ ਇਸ਼ਤਿਹਾਰ ਛਪਵਾਇਆ ਤਾਂ ਕਿ ਉਸ ਨੂੰ ਮੁੜ ਰੇਡੀਓ ’ਤੇ ਪੇਸ਼ ਕੀਤਾ ਜਾ ਸਕੇ| ਰੇਸ਼ਮਾ ਨੇ ਕਾਫ਼ੀ ਸਮੇਂ ਬਾਅਦ ਮੁਲਤਾਨ ਵਿਖੇ ਕਿਸੇ ਪਤਰਕਾ ਵਿਚ ਆਪਣੀ ਫੋਟੋ ਤੱਕੀ ਤਾਂ ਡਰ ਗਈ| ਕਿਸੇ ਸਿਆਣੇ ਨੇ ਵਿਚਲੀ ਗੱਲ ਦੱਸੀ ਤਾਂ ਉਸਦੀ ਹੈਰਾਨੀ ਦਾ ਵੀ ਕੋਈ ਅੰਤ ਨਹੀਂ ਸੀ ਤੇ ਖ਼ੁਸ਼ੀ ਦਾ ਵੀ| ਉਸਦਾ ਗਾਇਕਾ ਵਜੋਂ ਨਵਾਂ ਜਨਮ ਹੋ ਚੁੱਕਿਆ ਸੀ|
ਉਹ ਸਾਰੀ ਉਮਰ ਆਪਣੇ ਫ਼ਨ ਨੂੰ ਸ਼ਾਹਬਾਜ਼ ਕਲੰਦਰ ਦੀ ਦੁਆ ਦੱਸਦੀ ਰਹੀ| ਉਸ ਨੇ ਆਪਣੇ ਮੁਲਕ ਨੂੰ ਆਪਣੇ ਦੀਨ ਦੀ ਅਲਾਮਤ ਇਸਲਾਮ ਤੇ ਗਾਇਕੀ ਨੂੰ ਇਬਾਦਤ ਸਵੀਕਾਰ ਕਰਦਿਆਂ ਜ਼ਿੰਦਗੀ ਭਰ ਨਾ ਆਪਣਾ ਦੁਪੱਟਾ ਸਿਰ ਤੋਂ ਉਤਰਨ ਦਿੱਤਾ ਤੇ ਨਾ ਕੋਈ ਅਸੱਭਿਅਕ ਗਾਣਾ ਗਾਇਆ|
ਨਿਰਦੇਸ਼ਕ ਵਜ਼ੀਰ ਅਫ਼ਜ਼ਲ ਉਹ ਸ਼ਖਸੀਅਤ ਸੀ ਜਿਸ ਨੇ ਪਹਿਲੀ ਵਾਰ ਰੇਸ਼ਮਾ ਤੋਂ ਫਿਲਮ ‘ਲੱਖਾ’ ਲਈ ਗੀਤ ਗਵਾਏ ਸਨ| ਇਸ ਤੋਂ ਬਾਅਦ ਉਸ ਨੇ ਵੱਡੀ ਗਿਣਤੀ ਵਿਚ ਫਿਲਮੀ ਗੀਤ ਗਾਏ| ਉਸ ਨੇ ਜ਼ਿਆਦਾਤਰ ਮਕਬੂਲ ਪੰਜਾਬੀ ਸ਼ਾਇਰ ਤੇ ਗਾਇਕ ਮਨਜ਼ੂਰ ਹੁਸੈਨ ਝੱਲਾ ਦੇ ਲਿਖੇ ਗੀਤ ਗਾ ਕੇ ਬਤੌਰ ਗਾਇਕਾ ਆਪਣੀ ਪਛਾਣ ਦਰਜ ਕਰਾਈ| ਉਸ ਦੇ ਤਕਰੀਬਨ ਸਾਰੇ ਹੀ ਗੀਤ ਮਕਬੂਲ ਹੋਏ, ਪਰ ਕੁਝ ਗੀਤ ਉਸ ਦੀ ਪਛਾਣ ਬਣ ਗਏ| ਜਿਵੇਂ:
ਅੱਖੀਆਂ ਨੂੰ ਰਹਿਣ ਦੇ, ਅੱਖੀਆਂ ਦੇ ਕੋਲ ਕੋਲ
ਚੰਨ੍ਹ ਪਰਦੇਸੀਆ, ਬੋਲ ਭਾਵੇਂ ਨਾ ਬੋਲ
ਪੰਜਾਬੀ, ਉਰਦੂ, ਹਿੰਦੀ, ਸਿੱਧੀ, ਡੋਗਰੀ, ਪਹਾੜੀ, ਰਾਜਸਥਾਨੀ ਤੇ ਪੁਸ਼ਤੋਂ ਆਦੀ ਦਰਜਨ ਤੋਂ ਵੱਧ ਬੋਲੀਆਂ ਵਿਚ ਗੀਤ ਗਾਉਣ ਵਾਲੀ ਉਹ ਵਾਹਿਦ ਗਾਇਕਾ ਸੀ| ਅੰਤਕਾਰ ਗਲੇ ਦੇ ਕੈਂਸਰ ਦੀ ਸ਼ਿਕਾਰ ਹੁੰਦਿਆਂ ਵੀ ਉਹ ਔਖੀ ਸੌਖੀ ਗਾਉਂਦੀ ਰਹੀ| ਉਸਨੂੰ ਹੇਠ ਲਿਖੇ ਬੋਲਾਂ ਤੋਂ ਸਕੂਨ ਮਿਲਦਾ|
ਤਰਦ ਕਾਫੀ ਹੈ ਬੇਖੁਦੀ ਕੇ ਲੀਏ
ਮਤ ਲਾਜ਼ਮ ਹੈ ਜ਼ਿੰਦਗੀ ਕੇ ਲੀਏ
ਆਸ਼ੀਆਨੇ ਕੀ ਬਾਤ ਕਰਤੇ ਹੋ
ਦਿਲ ਜਲਾਨੇ ਕੀ ਬਾਤ ਕਰਤੇ ਹੋ
ਏਧਰ ਤੇ ਉਧਰ ਦੇ ਦੋਵਾਂ ਪੰਜਾਬੀ ਨੂੰ ਪਰਨਾਈ ਰੇਸ਼ਮਾ 1996 ਵਿਚ ਇੰਡੋ-ਪਾਕਿ ਸੰਗੀਤ ਸੰਮੇਲਨ ਲਈ ਆਈ ਤਾਂ ਆਪਣੇ ਤੋਂ ਸੋਲ੍ਹਾਂ ਸਾਲ ਵੱਡੀ ਸੁਰਿੰਦਰ ਕੌਰ ਨੂੰ ਮਿਲ ਕੇ ਬੜੀ ਖ਼ੁਸ਼ ਹੋਈ| 2003 ਵਿਚ ਰਾਜਸਥਾਨ ਮੇਲੇ ਲਈ ਆਈ ਤਾਂ ਉਸਨੇ ਆਪਣੀ ਜਨਮ ਭੂਮੀ ਦੇ ਵਸਨੀਕਾਂ ਨੂੰ ਰਾਜਸਥਾਨੀ ਗੀਤਾਂ ਨਾਲ ਨਿਹਾਲ ਕੀਤਾ|
ਰੇਸ਼ਮਾ ਨੇ ਭਾਰਤ ਸਮੇਤ ਆਪਣੇ ਫ਼ਨ ਦਾ ਮੁਜ਼ਾਹਰਾ ਅਮਰੀਕਾ, ਕੈਨੇਡਾ, ਇੰਗਲੈਂਡ, ਰੂਸ, ਤੁਰਕੀ, ਨਾਰਵੇ, ਡੈਨਮਾਰਕ, ਰੋਮਾਨੀਆ ਆਦਿ ਸਮੇਤ ਕਈ ਹੋਰ ਮੁਲਕਾਂ ਵਿਚ ਵੀ ਕੀਤਾ| ਭਾਰਤ ਵਿਚ ਮਿਲੇ ਮਾਣ-ਸਨਮਾਨ ਤੋਂ ਇਲਾਵਾ ਰੇਸ਼ਮਾ ਨੂੰ ਜਨਰਲ ਜ਼ਿਆ ਉਲ ਹੱਕ ਤੋਂ ਲੈ ਕੇ ਪਰਵੇਜ਼ ਮੁਸ਼ੱਰਫ਼ ਤੱਕ ਦੀਆਂ ਸਰਕਾਰਾਂ ਤੋਂ ਵੀ ਮਾਣ-ਸਨਮਾਨ ਅਤੇ ਸਹਾਇਤਾ ਮਿਲਦੀ ਰਹੀ| 2005 ਵਿਚ ਉਸ ਨੂੰ ਪਾਕਿਸਤਾਨ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਸਿਤਾਰਾ-ਏ-ਇਮਤਿਆਜ਼ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ| ਉਸ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਫ਼ਕਰ-ਏ-ਪਾਕਿਸਤਾਨ ਅਤੇ ਲੀਜੈਂਡ ਆਫ ਪਾਕਿਸਤਾਨ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ| ਰੇਸ਼ਮਾ ਨੂੰ ਮੁੜ ਤੋਂ ਕੈਂਸਰ ਹੋ ਗਿਆ ਅਤੇ ਲੰਬਾ ਸਮਾਂ ਕੋਮਾ ਵਿਚ ਰਹਿਣ ਤੋਂ ਬਾਅਦ 3 ਨਵੰਬਰ 2013 ਨੂੰ 67 ਸਾਲ ਦੀ ਉਮਰ ਵਿਚ ਸਦਾ ਲਈ ਅਲਵਿਦਾ ਕਹਿ ਗਈ|
ਜਿੱਥੇ ਰੇਸ਼ਮਾ ਨੂੰ ਓਧਰ ਦੇ ਪੰਜਾਬ ਦੇ ਉੱਚ ਕੋਟੀ ਦੇ ਮਾਣ ਸਨਮਾਨ ਮਿਲੇ ਸੁਰਿੰਦਰ ਕੌਰ ਨੂੰ ਭਾਰਤ ਵਿਚ ਪਦਮਸ਼੍ਰੀ ਸਨਮਾਨ ਨਾਲ ਨਿਵਾਜਿਆ ਗਿਆ| ਇਹ ਗੱਲ ਵੱਖਰੀ ਹੈ ਕਿ ਇਸ ਸਨਮਾਨ ਦੀ ਸਿਫਾਰਸ਼ ਕਰਨ ਵਾਲੀ ਪੰਜਾਬ ਦੀ ਸਰਕਾਰ ਨਹੀਂ| ਸਗੋਂ ਹਰਿਆਣਾ ਸਰਕਾਰ ਸੀ| ਉਂਝ ਸੁਰਿੰਦਰ ਕੌਰ ਵੀ ਆਖਰੀ ਉਮਰੇ ਕਈ ਰੋਗਾਂ ਦੀ ਪੀੜਤ ਸੀ ਤੇ ਉਸਨੇ ਅੰਤਮ ਸਵਾਸ ਅਮਰੀਕਾ ਜਾ ਕੇ ਤਿਆਗੇ ਜਿਥੇ ਉਸਦੀ ਬੇਟੀ ਇਲਾਜ ਲਈ ਲੈ ਗਈ ਸੀ| ਦੋਨੋਂ ਗਾਇਕਾਵਾਂ ਜ਼ਿੰਦਾਬਾਦ!
ਅੰਤਿਕਾ
ਰਾਵੀ ਪਾਰੋਂ ਬੁਸ਼ਰਾ ਏਜਾਜ਼॥
ਮੈਂ ਰੋਈ ਮੈਂ ਰਜ ਕੇ ਰੋਈ, ਮੈਨੂੰ ਕਿਤੇ ਨਾ ਆਵੇ ਕੱਲ੍ਹ|
ਮੈਂ ਉੱਧੜੀ ਜਾਵਾਂ ਅੰਦਰੋਂ, ਮੇਰੀ ਲਹਿੰਦੀ ਜਾਵੇ ਖੱਲ|
ਨੀ ਤੱਤੀਏ ਹੁਣ ਹਿਜਰ ਦੁਪਹਿਰੇ, ਹੁਣ ਮੇਰੇ ਪਾਸੋ ਟਲ|
ਆ ਵਿਹੜੇ ਚੰਦਾ ਮੇਰਿਆ, ਮੇਰੀ ਜ਼ੁਲਫ਼ਾਂ ਦੇ ਵਿਚ ਢਲ|
