ਤਰਲੋਚਨ ਸਿਘ ਦੁਪਾਲਪੁਰ
ਫੋਨ: 408-915-1268
ਦੂਰ ਦਰਾਜ ਦੇ ਇਲਾਕਿਆਂ ਦੀਆਂ ਖਾਣਾਂ ਵਿਚੋਂ ਬੜੀ ਮਿਹਨਤ ਨਾਲ ਸੋਨੇ ਚਾਂਦੀ ਜਿਹੀਆਂ ਬੇਸ਼ਕੀਮਤੀ ਧਾਤਾਂ, ਕੱਚੇ ਮਿਸ਼ਰਣ ਦੇ ਰੂਪ ਵਿਚ ਕੱਢੀਆਂ ਜਾਂਦੀਆਂ ਹਨ। ਕਈ ਤਰ੍ਹਾਂ ਦੇ ਤਰਲ ਪਦਾਰਥਾਂ ਦੀ ਸਹਾਇਤਾ ਨਾਲ ਇਸ ਕੱਚੇ ਮਿਸ਼ਰਣ ਨੂੰ ਮਸ਼ੀਨਾਂ ਰਾਹੀਂ ਸ਼ੁੱਧ ਕੀਤਾ ਜਾਂਦਾ ਹੈ। ਇੰਜ ਪ੍ਰਾਪਤ ਹੋਈਆਂ ਸੋਨੇ ਚਾਂਦੀ ਦੀਆਂ ਡਲੀਆਂ, ਗਹਿਣਿਆਂ ਵਾਂਗ ਕਤੱਈ ਨਹੀਂ ਵਰਤੀਆਂ ਜਾਂਦੀਆਂ ਸਗੋਂ ਕਾਰੀਗਰ ਸੁਨਿਆਰ ਇਨ੍ਹਾਂ ਨੂੰ ਅੱਗ ਦਾ ਸੇਕ ਦੇ ਕੇ, ਭਾਂਤ-ਸੁਭਾਂਤੇ ਗਹਿਣੇ ਬਣਾ ਦਿੰਦਾ ਹੈ। ਸੁਨਿਆਰ ਦੀ ਕਲਾ ਰਾਹੀਂ ਹੋਂਦ ਵਿਚ ਆਏ ਗਹਿਣੇ ਕਿਸੇ ਦੇ ਕੰਨਾਂ ਦੀ, ਕਿਸੇ ਦੀ ਗੋਰੀ ਧੌਣ ਦੀ, ਕਿਸੇ ਦੀ ਵੀਣੀ ਅਤੇ ਕਿਸੇ ਦੇ ਪੈਰਾਂ ਦੀ ਸ਼ਾਨ ਨੂੰ ਚਾਰ ਚੰਨ ਲਾ ਦਿੰਦੇ ਹਨ।
ਠੀਕ ਇਸੇ ਤਰ੍ਹਾਂ ਕਲਮਕਾਰ ਆਪਣੇ ਆਲੇ-ਦੁਆਲੇ ਹੋ-ਬੀਤ ਰਹੇ ਵਰਤਾਰੇ ਵਿਚੋਂ ਹੀ ਕੱਚਾ ਮਸਾਲਾ ਇਕੱਤਰ ਕਰ ਲੈਂਦਾ ਹੈ, ਫਿਰ ਆਪਣੀ ਸੂਝ ਰਾਹੀਂ ਉਸ ਵਿਚੋਂ ਕੁੱਝ ਜ਼ਿਆਦਾ ਚਮਕਦੇ ਦਿਸਦੇ ਟੁਕੜੇ ਅਲੱਗ ਛਾਂਟ ਲੈਂਦਾ ਹੈ। ਕਲਮਕਾਰੀ ਦੀ ਜੁਗਤਿ ਨਾਲ ਇਨ੍ਹਾਂ ਵਿਚੋਂ ਵੀ ਕੁਝ ਕੁ ਨੂੰ ਕਲਮ ਦੀ ਨੋਕ ਵਿਚੀਂ ਲੰਘਾ ਕੇ ਪਾਠਕਾਂ ਅੱਗੇ ਪਰੋਸਦਾ ਹੈ। ਅਗਲੀ ਗੱਲ, ਕਲਮ ਦੀ ਧਾਰ ਵਿਚੋਂ ਨਿਕਲੇ ਹੋਏ ਮਸੌਦੇ ਦੀ ‘ਕੁਆਲਿਟੀ’ ਉਤੇ ਨਿਰਭਰ ਕਰਦੀ ਹੈ ਕਿ ਉਸ ਵਿਚ ਕਿੰਨੀ ਕੁ ‘ਜਾਨ’ ਹੈ।
ਜਦ ਤੋਂ ਧਰਤੀ ਉਪਰ ਲਿਖਣ ਪ੍ਰਕਿਰਿਆ ਦਾ ਆਗ਼ਾਜ਼ ਹੋਇਆ, ਇਹ ਸਿਲਸਿਲਾ ਲਗਾਤਾਰ ਚੱਲਦਾ ਆ ਰਿਹਾ ਹੈ। ਕਦੀ ਕਦੀ ਕਲਮੀ ਯੋਧਾ ਕੁੱਝ ਅਜਿਹੇ ਨੁਕਤਿਆਂ ਦੀ ਉਧੇੜ-ਬੁਣ ਕਰ ਕੇ ਪਾਠਕਾਂ ਦੀ ਨਜ਼ਰ ਕਰ ਦਿੰਦਾ ਹੈ ਕਿ ਉਹ ਲਿਖਤ ਉਨ੍ਹਾਂ ਦੇ ਧੁਰ ਅੰਦਰ ਤੱਕ ਲਹਿ ਜਾਂਦੀ ਹੈ। ਸਰਸਰੀ ਨਜ਼ਰੇ ਕੋਈ ਗੱਲ ਵੈਸੇ ਜੱਗੋਂ ਤੇਰ੍ਹਵੀਂ ਤਾਂ ਹੁੰਦੀ ਨਹੀਂ, ਬੱਸ ਪੇਸ਼ਕਾਰੀ ਦਾ ਢੰਗ ਹੀ ਉਸ ਨੂੰ ਨਵੀਂ ਜਾਂ ਧਿਆਨਯੋਗ ਬਣਾ ਦਿੰਦਾ ਹੈ। ‘ਹਾਲੀ’ ਦੇ ਸ਼ਿਅਰ ਹੈ,
ਕੋਈ ਚੀਜ਼ ਨਈ ਨਹੀਂ ਹੋਤੀ ਐ ‘ਹਾਲੀ’
ਨਈ ਬਣਾ ਦੇਤਾ ਹੈ ਅੰਦਾਜ਼ੇ-ਬਿਆਂ ਉਸ ਕੋ!
ਜਿਵੇਂ ਪਿੱਛੇ ਜਿਹੇ ਸਾਡੇ ਪਿੰਡ ਇਕ ਕੁੜੀ ਦਾ ਵਿਆਹ ਹੋਇਆ। ਗੱਲ ਤਾਂ ਇਹ ਆਮ ਹੀ ਸੀ। ਦੁਨੀਆਂ ‘ਚ ਸੈਂਕੜੇ ਹਜ਼ਾਰਾਂ ਵਿਆਹ ਰੋਜ਼ ਹੁੰਦੇ ਹਨ ਪਰ ਪਿੰਡ ਵਾਲੇ ਮਿੱਤਰ ਨਾਲ ਗੱਲਾਂ ਕਰਦਿਆਂ ਸਹਿਵਨ ਜਦ ਇਸ ਵਿਆਹ ਦਾ ਜ਼ਿਕਰ ਆਇਆ, ਉਦੋਂ ਮੇਰੇ ਕੰਨ ਖੜ੍ਹੇ ਹੋ ਗਏ। ਉਸ ਨੇ ਮੈਨੂੰ ਇਹ ਅਨੋਖੀ ਗੱਲ ਸੁਣਾਈ। ਉਸ ਨੇ ਦੱਸਿਆ ਕਿ ਸਾਡੇ ਪਿੰਡ ਦੇ ਗੁਰਦੁਆਰੇ ਵਿਚ ਜਦੋਂ ਜੰਮੂ ਕਸ਼ਮੀਰ ਤੋਂ ਆਈ ਬਰਾਤ ਅਨੰਦ ਕਾਰਜ ਵਾਸਤੇ ਪਹੁੰਚੀ ਤਾਂ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਜੰਮੂ ਕਸ਼ਮੀਰ ਦੇ ਵਸਨੀਕ ਹੋਣ ਕਰ ਕੇ ਇਕ ਤਾਂ ਬਰਾਤੀ ਊਂ ਗੋਰੇ ਗੋਰੇ; ਦੂਜੀ ਵਿਸ਼ੇਸ਼ ਗੱਲ ਇਹ ਕਿ ਲਗਭਗ ਸੌ ਕੁ ਬੰਦਿਆਂ ਦੀ ਬਰਾਤ ਵਿਚ ਕੋਈ ਇਕ ਵੀ ‘ਸਰਦਾਰ’ ਐਸਾ ਨਹੀਂ ਸੀ ਜਿਸ ਨੇ ਦਾੜ੍ਹੀ ਕੱਟੀ ਹੋਵੇ ਜਾਂ ਸਿਰ ‘ਤੇ ਦਸਤਾਰ ਨਾ ਸਜਾਈ ਹੋਵੇ।
ਇਸ ਦੇ ਉਲਟ ਧੇਤਿਆਂ (ਧੀ ਵਾਲੇ) ਵਾਲੇ ਪਾਸੇ ਬੈਠੇ ਪੰਜਾਬ ਨਿਵਾਸੀ ਮੇਲੀਆਂ ਵਿਚ ਪੱਗ ਵਾਲਾ ਜਾਂ ਸਾਬਤ ਸੂਰਤ ਕੋਈ ਵਿਰਲਾ-ਟਾਵਾਂ ਹੀ ਨਜ਼ਰੀਂ ਪੈ ਰਿਹਾ ਸੀ। ਮਿੱਤਰ ਦੇ ਕਹਿਣ ਮੁਤਾਬਕ ਇਸ ਵਿਲੱਖਣ ਗੱਲ ਦੀ ‘ਚੁਰ ਚੁਰਾ ਮੌਕੇ ਉਤੇ ਹੀ ਹੋਣ ਲੱਗ ਪਈ ਅਤੇ ਪਿੰਡ ਵਿਚ ਵੀ ਕਈ ਦਿਨ ਇਸੇ ਨੁਕਤੇ ‘ਤੇ ਤਬਸਰਾ ਹੁੰਦਾ ਰਿਹਾ। ਮਨ ਵਿਚ ਕੁੱਝ ਸੋਚ ਕੇ ਮੈਂ ਉਸ ਵਿਆਹੁੰਦੜ ਦੇ ਬਾਪ ਨਾਲ ਸੰਪਰਕ ਸਾਧਿਆ। ਉਸ ਨੇ ਦਿਲ ਚੀਰਵੀਂ ਜਾਣਕਾਰੀ ਦਿੱਤੀ ਕਿ ਕੁੜੀ ਦੀ ਇੱਛਾ ਅਨੁਸਾਰ ਪੰਜਾਬ ਵਿਚੋਂ ਕੋਈ ਸਾਬਤ ਸੂਰਤ ਮੁੰਡਾ ਹੀ ਨਾ ਲੱਭਿਆ। ਬੜੇ ਯਤਨ ਕੀਤੇ ਪਰ ਆਖਰ ਨੂੰ ਏਡੀ ਦੂਰ ਦੇ ਇਲਾਕੇ ਵਿਚ ਜਾਣਾ ਪਿਆ। ਉਸ ਨੂੰ ਬੇਨਤੀ ਕਰ ਕੇ ਮੈਂ ਅਨੰਦ ਕਾਰਜ ਦੀਆਂ ਪੰਜ-ਸੱਤ ਫ਼ੋਟੋਆਂ ਵੀ ਮੰਗਵਾ ਲਈਆਂ। ਮੈਂ ਖ਼ੁਦ ਵੀ ਤਸੱਲੀ ਕਰ ਲਈ।
ਮਾਦਰੇ-ਵਤਨ ਤੋਂ ਹਜ਼ਾਰਾਂ ਮੀਲ ਦੂਰ ਕੈਲੀਫੋਰਨੀਆ ਬੈਠਿਆਂ ਇਹ ਵੇਰਵਾ ਸੁਣ ਕੇ ਮੇਰੀ ਕਲਮ ਕਲਪਣ ਲੱਗ ਪਈ। ਸ੍ਰੀ ਅਨੰਦਪੁਰ ਸਾਹਿਬ ਦੀ ਠੇਰੀ ‘ਤੇ ਮਨਾਈ ਗਈ 1699 ਵਾਲੀ ਇਨਕਲਾਬੀ ਵਿਸਾਖੀ ਦੀਆਂ ਬਰਕਤਾਂ ਦੀ ਲੋਅ ਥੱਲੇ ਅਜੋਕੇ ਪੰਜਾਬ ਲਈ ਹਾਅ ਦਾ ਨਾਹਰਾ ਮਾਰਦਿਆਂ ਮੈਂ ਛੋਟਾ ਜਿਹਾ ਲੇਖ ਲਿਖਿਆ। ‘ਪੰਜਾਬ ਦੀ ਸਰਦਾਰੀ ਨੂੰ ਹੀ ਸਰਾਪ ਕਿਉਂ?’ ਦੇ ਸਿਰਲੇਖ ਹੇਠ ਮੈਂ ਇਸ ਦੁਖਦਾਈ ਵਰਤਾਰੇ ਨੂੰ ਉਭਾਰਿਆ ਕਿ ਦਿੱਲੀ-ਹਰਿਆਣੇ, ਹਿਮਾਚਲ ਜਾਂ ਜੰਮੂ ਕਸ਼ਮੀਰ ਦੀ ਸਿੱਖੀ ਦੇ ਮੁਕਾਬਲੇ ਪੰਜਾਬ ਦੀ ਸਿੱਖ ਫੁਲਵਾੜੀ ਨੂੰ ਕਾਹਦਾ ਸਰਾਪ ਪਿਆ ਹੋਇਆ ਹੈ? ਪੰਜਾਬ ਵਿਚ ਉਹ ਕਿਹੜਾ ਕਲਹਿਣਾ ਚਿਰਾਗ ਬਲ ਰਿਹਾ ਹੈ ਜੋ ਘਰ ਨੂੰ ਹੀ ਫੂਕਣ ਦਾ ਸਬੱਬ ਬਣਿਆ ਹੋਇਆ ਹੈ? ਹੈ ਕੋਈ ਬੁੱਧੀਜੀਵੀ, ਕੋਈ ਸਮਾਜ ਸ਼ਾਸਤਰੀ ਜੋ ਇਸ ਬਿਮਾਰੀ ਦੀ ਜੜ੍ਹ ਲੱਭ ਸਕੇ? ਪਿੰਡ ਵਾਲੇ ਅਨੰਦ ਕਾਰਜ ਦੀਆਂ ਕੁੱਝ ਫ਼ੋਟੋਆਂ ਸਮੇਤ ਮੇਰਾ ਇਹ ਲੇਖ ਦੇਸ਼-ਵਿਦੇਸ਼ ਦੀਆਂ ਕਈ ਅਖ਼ਬਾਰਾਂ/ਮੈਗਜ਼ੀਨਾਂ ਅਤੇ ਵੈਬਸਾਈਟਾਂ ਨੇ ਛਾਪਿਆ।
ਇਸ ਦੇ ਪ੍ਰਤੀਕਰਮ ਵਜੋਂ ਅਨੇਕਾਂ ‘ਈ-ਮੇਲਾਂ’ ਅਤੇ ਫੋਨ ਆਾਏ। ਤਰਨਤਾਰਨ ਲਾਗੇ ਦੇ ਪਿੰਡ ‘ਮੁੰਡਾ’ ਦੇ ਇਕ ਮੁੰਡੇ ਨੇ ਫੋਨ ‘ਤੇ ਮੇਰੀ ਲਿਖਤ ਦੀ ਤਾਈਦ ਕਰਦਿਆਂ ਆਪਣੀ ਹੱਡ ਬੀਤੀ ਸੁਣਾਈ, “ਤੁਹਾਡੀ ਗੱਲ ਸੌ ਪ੍ਰਤੀਸ਼ਤ ਸੱਚੀ ਹੈ। ਅਸੀਂ ਚਾਰ-ਪੰਜ ਮੁੰਡੇ ਪੰਜਾਬ ਤੋਂ ਜੰਮੂ ਕਸ਼ਮੀਰ ਬੀæਐਡæ ਕਰਨ ਗਏ ਸੀ। ਉਥੋਂ ਦੇ ਸਰਦਾਰ ਸਾਡੀਆਂ ਕਤਰੀਆਂ ਦਾੜ੍ਹੀਆਂ ਦੇਖ-ਦੇਖ ਕੇ ਬੜੇ ਹੈਰਾਨ ਹੁੰਦੇ। ਹੋਰ ਤਾਂ ਹੋਰ, ਤੁਸੀਂ ਉਥੋਂ ਦੇ ਮੁਸਲਿਮ ਨਾਈ ਦੀ ਵਾਰਤਾ ਸੁਣ ਕੇ ਤਾਂ ਦੰਗ ਹੀ ਰਹਿ ਜਾਉਗੇ।
ਮੁਸਲਮਾਨ ਨਾਈ ਨੇ ਪਤਾ ਜੇ ਕੀ ਕਾਰਨਾਮਾ ਕੀਤਾ? ਸੁਣੋ ਜ਼ਰਾ! ਜੰਮੂ ਪਹੁੰਚ ਕੇ ਅਸੀਂ ਚਾਰੇ ਪੰਜੇ ‘ਪੰਜਾਬੀ ਸਰਦਾਰ’ ਹਫ਼ਤੇ ਕੁ ਬਾਅਦ ਕਿਸੇ ਬਾਜ਼ਾਰ ਵੱਲ ਨਿਕਲ ਤੁਰੇ ਤਾਂ ਕਿ ਆਪਣੀਆਂ ਦਾੜ੍ਹੀਆਂ ਦੀ ਛਾਂਗ-ਛੰਗਾਈ ਕਰਵਾ ਸਕੀਏ। ਨਾਈ ਦੀ ਦੁਕਾਨ ਲੱਭਦੇ-ਲਭਾਉਂਦੇ ਇਕ ਮੁਸਲਮਾਨ ਹਜ਼ਾਮਤੀਏ ਦੀ ਦੁਕਾਨ ‘ਚ ਜਾ ਵੜੇ।
‘ਆਉ ਸਰਦਾਰ ਜੀ, ਕਿਵੇਂ ਆਉਣਾ ਹੋਇਆ?’ ਮੁਸਲਮਾਨ ਨਾਈ ਨੇ ਇਨ੍ਹਾਂ ਨੂੰ ਅੰਦਰ ਵੜਦਿਆਂ ਨੂੰ ਪੁੱਛਿਆ।
‘ਜਨਾਬ, ਅਹੀਂ ਕਟਿੰਗ ਕਰਾਉਣ ਆਏ ਹਾਂ।’
‘ਓ ਸਰਦਾਰੋ ਤੁਸੀਂ ਕਟਿੰਗ ਕਰਾਉਣ ਆਏ ਹੋ? ਭਰਾਉ, ਮੈਨੂੰ ਤੇ ਯਾਰਾਂ-ਬਾਰਾਂ ਸਾਲ ਹੋ ਗਏ ਇਹੀ ਕਿੱਤਾ ਕਰਦਿਆਂ, ਮੇਰੀ ਸ਼ਾਪ ਵਿਚ ਕੋਈ ਸਰਦਾਰ ਅੱਜ ਪਹਿਲੀ ਵਾਰ ਹੀ ਆਇਆ ਏ! ਤੁਸੀਂ ਕਿਤਿਉਂ ਦੁਰੇਡਿਉਂ ਆਏ ਲਗਦੇ ਜੇ! ਨਾਲੇ ਤੁਹਾਡਾ ਮਜ਼ਹਬ ਤਾਂ ਸਰਦਾਰ ਜੀ, ਇਸ ਗੱਲ ਦੀ ਇਜਾਜ਼ਤ ਈ ਨਹੀਂ ਦਿੰਦਾ? ਮੈਂ ਤੁਹਾਨੂੰ ਬੇ-ਦੀਨ ਨਹੀਂ ਕਰਾਂਗਾ। ਬਰਾਏ ਮਿਹਰਬਾਨੀ, ਤੁਸੀਂ ਮੇਰੀ ਦੁਕਾਨ ਤੋਂ ਬਾਹਰ ਤਸ਼ਰੀਫ਼ ਲੈ ਜਾਉ।’
ਲਉ ਜੀ, ਮੁਸਲਮਾਨ ਤੋਂ ਆਪਣੇ ਧਰਮ ਦਾ ਸਬਕ ਸੁਣਨ ਵਾਲੇ ਇਸ ਪੰਜਾਬੀ ਮੁੰਡੇ ਦੀ ਆਪ ਬੀਤੀ ਸੁਣ ਕੇ ਹੈਰਾਨ ਹੁੰਦਿਆਂ, ਮੈਂ ਫਿਰ ਕਲਮ ਨੂੰ ਹਥਿਆਰ ਬਣਾ ਲਿਆ। ‘ਇਕ ਮੁਸਲਮਾਨ ਦੀ ਕੈਂਚੀ ਨੇ ਕੱਟੀ ਨਾ ਸਿੱਖ ਦੀ ਦਾੜ੍ਹੀ!’ ਦੇ ਸਿਰਲੇਖ ਅਧੀਨ ਇਸ ਵਾਰਤਾ ਨੂੰ ਕਲਮਬੰਦ ਕਰ ਕੇ ਮੀਡੀਏ ਵਿਚ ਭੇਜਿਆ। ਸਿੱਖ ਹਿਤਾਂ ਨਾਲ ਤੇਹ-ਮੋਹ ਰਖਾਉਣ ਵਾਲੇ ਕਈ ਅਖ਼ਬਾਰਾਂ ਅਤੇ ਮੈਗਜ਼ੀਨਾਂ ਨੇ ਇਸ ਨਿਕੜੇ ਜਿਹੇ ਲੇਖ ਨੂੰ ਵੀ ਵੱਡੀ ਪ੍ਰਮੁੱਖਤਾ ਨਾਲ ਛਾਪਿਆ।
ਉਡਦੀ-ਉਡਦੀ ਗੱਲ ਜੰਮੂ ਵੀ ਜਾ ਪਹੁੰਚੀ। ਉਥੇ ਕੰਮ ਕਰ ਰਹੀ ‘ਵਿਰਸਾ ਸੰਭਾਲ ਸੰਸਥਾ’ ਦੇ ਇਕ ਪ੍ਰਬੰਧਕ ਭਾਈ ਮਨਜੀਤ ਸਿੰਘ ਨੇ ਮੇਰੇ ਨਾਲ ਸੰਪਰਕ ਕੀਤਾ। ਇਧਰੋਂ ਉਧਰੋਂ ਫੋਨ ਨੰਬਰ ਲੈ ਕੇ, ਉਨ੍ਹਾਂ ਸਾਡੇ ਪਿੰਡ ਵਿਆਹੁਣ ਗਿਆ ਗੁਰਸਿੱਖ ਲਾੜਾ ਤਾਂ ਲੱਭ ਲਿਆ ਹੈ, ਹੁਣ ਉਹ ਤਰਨਤਾਰਨ ਲਾਗਲੇ ਪਿੰਡ ‘ਮੁੰਡਾ’ ਦੇ ਅਧਿਆਪਕ ਨੂੰ ਲੈ ਕੇ ਜੰਮੂ ਦੇ ਉਸ ਮੁਸਲਿਮ ਨਾਈ ਦੀ ਭਾਲ ਕਰਨ ਲਈ ਸਰਗਰਮ ਹੋਏ ਹੋਏ ਨੇ। ਉਨ੍ਹਾਂ ਦੀ ਯੋਜਨਾ ਹੈ ਕਿ ਜੰਮੂ ਕਸ਼ਮੀਰ ਵਿਚ ਪੰਥਕ ਇਕੱਠ ਕਰ ਕੇ ਇਨ੍ਹਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇ।
ਹੈ ਨਾ ਕਮਾਲ? ਸੱਤ ਸਮੁੰਦਰੋਂ ਪਾਰ, ਕੈਲੀਫੋਰਨੀਆ ਬੈਠਿਆਂ ਚਲਾਇਆ ਹੋਇਆ ਕਲਮ ਹਥਿਆਰ, ਕਰੇ ਦੂਰ ਦੂਰ ਤਕ ਮਾਰ।
Leave a Reply