ਅੰਮ੍ਰਿਤਸਰ: ਮਹਾਰਾਜਾ ਰਣਜੀਤ ਸਿੰਘ ਵੱਲੋਂ ਜਿੱਤੇ ਤੇ ਬਣਵਾਏ ਗਏ ਇਤਿਹਾਸਕ ਗੋਬਿੰਦਗੜ੍ਹ ਕਿਲੇ ਵਿਚ ਸਾਂਭ-ਸੰਭਾਲ ਦੇ ਚੱਲ ਰਹੇ ਕੰਮ ਦੌਰਾਨ ਕਿਲੇ ਦੀ ਇਕ ਕੰਧ ਵਿਚ ਬਣੇ ਹੋਏ ਗੁਪਤ ਤਹਿਖਾਨੇ ਵਿਚੋਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧਤ 400 ਗੋਲੀਆਂ ਮਿਲੀਆਂ ਹਨ। ਇਹ ਗੋਲੀਆਂ ਲੋਹੇ ਦੇ ਬਕਸੇ ਵਿਚ ਰੱਖੀਆਂ ਹੋਈਆਂ ਸਨ ਜਿਸ ਨੂੰ ਹੁਣ ਜੰਗਾਲ ਲੱਗ ਚੁੱਕਾ ਹੈ।
ਪੁਲਿਸ ਅਨੁਸਾਰ ਇਹ ਗੋਲੀਆਂ ਪੁਰਾਣੀਆਂ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੇ ਸਮੇਂ ਬਾਰੇ ਪਤਾ ਲੱਗ ਸਕੇ। ਇਨ੍ਹਾਂ ਗੋਲੀਆਂ ਦੀ ਗਿਣਤੀ 402 ਹੈ ਤੇ ਇਨ੍ਹਾਂ ਉਪਰ 1944 ਉਕਰਿਆ ਹੋਇਆ ਹੈ। ਇਨ੍ਹਾਂ ਬਾਰੇ ਅਸਲਾ ਮਾਹਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਮਾਮਲਾ ਭਾਰਤੀ ਫੌਜ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਕਿਉਂਕਿ ਲੰਮਾ ਸਮਾਂ ਇਹ ਕਿਲਾ ਭਾਰਤੀ ਫੌਜ ਦੇ ਕਬਜ਼ੇ ਹੇਠ ਰਿਹਾ ਹੈ।
ਗੋਲੀਆਂ ਪ੍ਰਾਪਤ ਕਰਨ ਮਗਰੋਂ ਸੋਚਿਆ ਜਾ ਰਿਹਾ ਸੀ ਕਿ ਇਹ ਗੋਲੀਆਂ ਭਾਰਤੀ ਫੌਜ ਨਾਲ ਹੀ ਸਬੰਧਤ ਹੋਣਗੀਆਂ ਪਰ ਜਦੋਂ ਫੌਜੀ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਗੋਲੀਆਂ ਫੌਜ ਨਾਲ ਸਬੰਧਤ ਨਹੀਂ ਹਨ ਤੇ ਨਾ ਹੀ ਹੁਣ ਇਨ੍ਹਾਂ ਨੂੰ ਵਰਤਣ ਵਾਲੇ ਹਥਿਆਰ ਮੌਜੂਦ ਹਨ। ਗੋਲੀਆਂ ਦਾ ਇਹ ਬਕਸਾ ਕੰਧ ਵਿਚ ਬਣੇ ਹੋਏ ਤਹਿਖਾਨੇ ਵਿਚ ਰੱਖਿਆ ਹੋਇਆ ਸੀ। ਇਥੇ ਕੰਮ ਕਰ ਰਹੇ ਮਜ਼ਦੂਰਾਂ ਵੱਲੋਂ ਜਦੋਂ ਇਸ ਕੰਧ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਕੰਧ ‘ਤੇ ਹੋਏ ਪਲਸਤਰ ਹੇਠਾਂ ਖਾਲੀ ਡੂੰਘੀ ਥਾਂ ਦਿਖਾਈ ਦਿੱਤੀ ਜਿਸ ਵਿਚ ਇਹ ਗੋਲੀਆਂ ਦਾ ਬਕਸਾ ਰੱਖਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਇਤਿਹਾਸਕ ਗੋਬਿੰਦਗੜ੍ਹ ਕਿਲਾ ਭੰਗੀ ਮਿਸਲ ਦੇ ਗੁਜਰ ਸਿੰਘ ਭੰਗੀ ਵੱਲੋਂ ਬਣਵਾਇਆ ਗਿਆ ਸੀ। ਉਸ ਵੇਲੇ ਇਹ ਕੱਚਾ ਕਿਲਾ ਸੀ। ਇਸ ਕਿਲੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਣ ਮਗਰੋਂ ਪੱਕਾ ਕਿਲਾ ਬਣਵਾਇਆ ਤੇ ਇਸ ਦਾ ਨਾਂ ਗੋਬਿੰਦਗੜ੍ਹ ਕਿਲਾ ਰੱਖਿਆ। ਉਹ ਇਸ ਕਿਲੇ ਨੂੰ ਜਿੱਥੇ ਫੌਜੀ ਰਿਹਾਇਸ਼ ਵਜੋਂ ਵਰਤਦੇ ਸਨ, ਉੱਥੇ ਇਸ ਵਿਚ ਟਕਸਾਲ ਵੀ ਸਥਾਪਤ ਕੀਤੀ ਸੀ।
ਇਸ ਮਗਰੋਂ ਇਹ ਕਿਲਾ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ ਤੇ ਤਕਰੀਬਨ 100 ਸਾਲ ਅੰਗਰੇਜ਼ਾਂ ਦੇ ਕਬਜ਼ੇ ਵਿਚ ਰਿਹਾ। ਇਸ ਕਿਲੇ ਵਿਚ ਮਾਈਕਲ ਓ ਡਾਇਰ ਦੀ ਰਿਹਾਇਸ਼ ਵੀ ਰਹੀ ਹੈ। ਦੇਸ਼ ਦੀ ਆਜ਼ਾਦੀ ਮਗਰੋਂ ਇਹ ਕਿਲਾ ਭਾਰਤੀ ਫੌਜ ਦੇ ਕਬਜ਼ੇ ਹੇਠ ਆ ਗਿਆ ਸੀ ਤੇ 2006 ਵਿਚ ਪ੍ਰਧਾਨ ਮੰਤਰੀ ਵੱਲੋਂ ਇਹ ਕਿਲਾ ਪੰਜਾਬ ਸਰਕਾਰ ਨੂੰ ਸੌਂਪਿਆ ਗਿਆ ਸੀ। ਹੁਣ ਇਹ ਕਿਲਾ ਪੰਜਾਬ ਸੈਰ ਸਪਾਟਾ ਵਿਭਾਗ ਕੋਲ ਹੈ ਤੇ ਇਥੇ ਮੁੜ ਉਸਾਰੀ ਤੇ ਸਾਂਭ ਸੰਭਾਲ ਦਾ ਕੰਮ ਚੱਲ ਰਿਹਾ ਹੈ।
Leave a Reply