ਜਸਵੰਤ ਸਿੰਘ ਕੰਵਲ
ਅੱਜ ਵੀ ਮੇਰਾ ਵਿਸ਼ਵਾਸ ਹੈ, ਜੇਕਰ ਲੈਨਿਨ ਦੀ ਜੀਵਨੀ ਮੈਂ ਉਸ ਸਮੇਂ ਨਾ ਪੜ੍ਹਦਾ, ਤੇ ਜ਼ਿੰਦਗੀ ਦੀ ਭਾਲ ਵਿਚ ਮਲਾਇਆ ਤੋਂ ਹਿੰਦੁਸਤਾਨ ਵੱਲ ਧਾਵਾ ਨਾ ਕਰਦਾ ਤਾਂ ਕਦੇ ਲੇਖਕ ਨਾ ਬਣ ਸਕਦਾ। ਮੈਨੂੰ ਇਉਂ ਜਾਪਦਾ ਹੈ ਜਿਵੇਂ ਦੂਰ ਪਿਆ ਮੇਰੇ ਮਨ ਦਾ ਮੋਤੀ ਉਸ ਚੁੱਕ ਕੇ ਲੋਕਾਂ ਦੀ ਮਾਲਾ ਨਾਲ ਜੋੜ ਦਿੱਤਾ ਹੈ। ਹੁਣ ਮੈਨੂੰ ਅਨੁਭਵ ਹੁੰਦਾ ਹੈ, ਮੈਂ ਸਾਰੇ ਮੋਤੀਆਂ ਵਿਚੋਂ ਲਿਸ਼ਕ ਰਿਹਾ ਹਾਂ।
1935, 36, 37 ਤੇ 38 ਦੇ ਸਾਲ ਮੇਰੀ ਜ਼ਿੰਦਗੀ ਦਾ ਅਸਲ ਮੋੜ ਹਨ। ਇਹ ਸਾਲ ਮੈਂ ਮਲਾਇਆ ਦੀ ਜੰਗਲੀ, ਪਹਾੜੀ ਅਤੇ ਸ਼ਹਿਰੀ ਜ਼ਿੰਦਗੀ ਵਿਚ ਘੁਲ-ਮਿਲ ਕੇ ਬਿਤਾਏ ਹਨ। ਕਵਿਤਾ ਲਿਖਣ ਦਾ ਸ਼ੌਕ ਮੈਨੂੰ ਕਿਸੇ ਗੁਰਪੁਰਬ ਦੇ ਜੋੜ ਮੇਲੇ ਸਮੇਂ ਚੰਗੀ ਤਰ੍ਹਾਂ ਕਵਿਤਾ ਨਾ ਪੜ੍ਹ ਸਕਣ ਦੇ ਰੋਹ ਤੇ ਰਸ਼ਕ ਨੇ ਦਿੱਤਾ। ਮੇਰਾ ਪਿਛਵਾੜਾ ਧਾਰਮਿਕ ਸੀ। ਧਰਮ ਰਾਹੀਂ ਮੁਕਤੀ ਹੀ ਨਹੀਂ ਸਗੋਂ ਜ਼ਿੰਦਗੀ, ਸਮਾਜ ਤੇ ਦੇਸ਼ ਦੀਆਂ ਸਮੱਸਿਆਵਾਂ ਵੀ ਹੱਲ ਤੇ ਪ੍ਰਵਾਨ ਚੜ੍ਹਦੀਆਂ ਸਮਝਦਾ ਸਾਂ। ਅਲਜਬਰਾ ਨਾ ਆਉਣ ਕਾਰਨ ਨੌਵੀਂ ਜਮਾਤ ਵਿਚਾਲੇ ਛੱਡ ਕੇ ਮਲਾਇਆ ਨੂੰ ਨੱਠ ਗਿਆ ਸਾਂ। ਇਹ ਸਾਲ ਮੇਰੀ ਉਮਰ ਦੇ ਸਿਖਾਂਦਰੂ ਸਾਲ ਸਨ। ਧਾਰਮਿਕ ਨਿਸ਼ਚਾ ਮੇਰਾ ਪਰਪੱਕ ਸੀ; ਹੋਰ ਮੈਨੂੰ ਕੁਝ ਆਉਂਦਾ ਨਹੀਂ ਸੀ। ਮਲਾਇਆ ਵਿਚ ਧਾਰਮਿਕ ਤੇ ਪਿਆਰ ਦੀਆਂ ਕਵਿਤਾਵਾਂ ਲਿਖਣ ਦੇ ਸ਼ੌਕ ਨੇ ਹੋਰ ਸਾਹਿਤ ਪੜ੍ਹਨ ਲਈ ਮਨ ਵਿਚ ਬੱਤੀ ਸੀਖ ਦਿੱਤੀ।
ਗ਼ੁਲਾਮ ਹੋਣ ਦਾ ਅਹਿਸਾਸ ਤੇ ਆਜ਼ਾਦੀ ਲਈ ਤੜਪ ਵੀ ਮੈਨੂੰ ਮਲਾਇਆ ਨੇ ਹੀ ਬਖ਼ਸ਼ੀ; ਭਾਵੇਂ ਮਲਾਇਆ ਖੁਦ ਅੰਗਰੇਜ਼ਾਂ ਦਾ ਗ਼ੁਲਾਮ ਸੀ। ਮਲਾਇਆ ਵਿਚ ਚੀਨੀ ਆਬਾਦੀ ਪੈਂਤੀ-ਚਾਲੀ ਫ਼ੀ ਸਦੀ ਹੋਵੇਗੀ। ਮੇਰਾ ਬਹੁਤਾ ਵਾਹ ਚੀਨੀਆਂ ਨਾਲ ਹੀ ਸੀ। ਉਨ੍ਹਾਂ ਦਿਨਾਂ ਵਿਚ ਜਾਪਾਨੀ ਚੀਨ `ਤੇ ਅੱਤਿਆਚਾਰ ਢਾਹ ਰਹੇ ਸਨ। ਓਦੋਂ ਮੈਂ ਜੰਗਲ ਵਿਚ ਰਹਿੰਦਾ ਸਾਂ। ਚੀਨੀ ਲੋਕਾਂ ਦੇ ਹਰਾਸੇ ਤੇ ਜੋਸ਼ ਖਾਂਦੇ ਚਿਹਰਿਆਂ ਨੇ ਮੈਨੂੰ ਕੌਮੀ ਲਪੇਟ ਵਿਚ ਲੈ ਲਿਆ। ਚੰਦਾ ਇਕੱਠਾ ਕਰਕੇ ਚੀਨ ਨੂੰ ਭੇਜਿਆ ਜਾਂਦਾ। ਉਸ ਚੰਦੇ ਵਿਚ ਇਕ ਡਾਲਰ ਮੇਰਾ ਵੀ ਸੀ; ਜਦੋਂ ਕੁਲ ਚੌਦ੍ਹਾਂ ਡਾਲਰ ਮਹੀਨਾ ਭਰ ਰਾਤ ਜਾਗਣ ਦੇ ਮਿਲਦੇ ਸਨ। ਇਹ ਜਾਗਾ ਪੰਦਰਾਂ-ਵੀਹ ਦੁਕਾਨਾਂ ਉਤੇ ਦੇਂਦਾ ਸਾਂ। ਹਰ ਦੁਕਾਨਦਾਰ ਦੀ ਮਰਜ਼ੀ ਹੁੰਦੀ ਸੀ, ਮੈਂ ਉਸਦੀ ਦੁਕਾਨ ਅੱਗੇ ਬੈਠਿਆ ਕਰਾਂ। ਚੋਰੀਆਂ ਆਮ ਹੋ ਜਾਇਆ ਕਰਦੀਆਂ ਸਨ ਤੇ ਮੈਨੂੰ ਨੀਂਦ ਮੱਲੋਮੱਲੀ ਆ ਜਾਂਦੀ। ਭਾਵੇਂ ਲੋਕ ਸਿੱਖ ਬਾਈਆਂ ਤੋਂ ਥੋੜ੍ਹਾ ਭੈਅ ਖਾਂਦੇ ਸਨ; ਪਰ ਨੀਂਦ ਵਿਚ ਬੰਦੂਕ ਚੁਰਾਏ ਜਾਣ ਦੀ ਚਿੰਤਾ ਮੈਨੂੰ ਹਮੇਸ਼ਾ ਲੱਗੀ ਰਹਿੰਦੀ । ਓਥੋਂ ਦੀਆਂ ਜ਼ਨਾਨੀਆਂ ਵਿਚ ਮੈਂ ਸ਼ਰੀਫ਼ ਤੇ ਸ਼ਰਮਾਕਲ ਮਸ਼ਹੂਰ ਸਾਂ। ਓਥੋਂ ਦੇ ਹੀ ਦੋ ਹੋਰ ਸਿੱਖ ਸਨ। ਇਕ ਸਾਬੂਦਾਣੇ ਦੀ ਮਿੱਲ ਤੇ ਜਾਗਾ ਦਿਆ ਕਰਦਾ ਸੀ ਤੇ ਦੂਜਾ ਬਲਦ ਗੱਡੀ ਨਾਲ ਜੰਗਲ ਵਿਚੋਂ ਓਬੀ ਢੋਇਆ ਕਰਦਾ ਸੀ। ਮੈਂ ਦੁਕਾਨਾਂ ਵਾਲੀਆਂ ਨਾਲ ਵਾਹਵਾ ਚਹਿਕਿਆ ਰਹਿੰਦਾ। ਉਹ ਮੈਨੂੰ ਮੋਮਬੱਤੀਆਂ ਦੇ ਦਿਆ ਕਰਦੀਆਂ ਸਨ; ਜਿਨ੍ਹਾਂ ਨੂੰ ਬਾਲ ਕੇ ਮੈਂ ਰਾਤੀਂ ਪੜ੍ਹਿਆ ਕਰਦਾ ਸਾਂ। ਅਸਲ ਵਿਚ ਨੀਂਦ ਨੂੰ ਟਾਲਿਆ ਕਰਦਾ ਸਾਂ, ਜਿਹੜੀ ਉਸ ਉਮਰ ਵਿਚ ਮਹਿਬੂਬ ਨਾਲੋਂ ਵੀ ਪਿਆਰੀ ਹੁੰਦੀ ਹੈ।
ਤਾਰੀਖ਼ ਤੇ ਜੁਗਰਾਫ਼ੀਆ ਮੇਰਾ ਜਮਾਤ ਵਿਚ ਵਧੀਆ ਗਿਣਿਆਂ ਜਾਂਦਾ ਸੀ। ਤਾਰੀਖ਼ ਮੈਨੂੰ ਹਿੰਦੁਸਤਾਨ ਤੇ ਇੰਗਲਿਸਤਾਨ ਦੀ ਹੀ ਆਉਂਦੀ ਸੀ; ਬਾਕੀ ਦੁਨੀਆਂ ਕਾਫ਼ਰ ਲਈ ਕੁਰਾਨ ਸੀ। ਮੋਮਬੱਤੀ ਦੇ ਚਾਨਣ ਵਿਚ ਇਕ ਵਾਰ ਉਰਦੂ ਦੇ ਇਕ ਮਾਹਨਾਮੇ ਵਿਚੋਂ ਰੂਸ ਦੇ ਇਨਕਲਾਬ ਬਾਰੇ ਇਕ ਲੇਖ ਪੜ੍ਹਿਆ। ਨਾਂਅ ਥਾਂ ਏਨੇ ਓਪਰੇ ਲੱਗੇ ਕਿ ਯਾਦ ਰੱਖਣੇ ਅਲਜਬਰੇ ਦੀਆਂ ਪ੍ਰੋਪੈਜ਼ੀਸ਼ਨਾਂ ਨਾਲੋਂ ਵੀ ਔਖੇ ਜਾਪੇ। ਯਾਦ ਆਇਆ ਜੁਗਰਾਫ਼ੀਏ ਦੀ ਇਕਾਈ-ਦਹਾਈ ਵਿਚ ਰੂਸ ਵੀ ਪੈਂਦਾ ਸੀ; ਜਿਸਦੇ ਸਾਇਬੇਰੀਆ ਵਿਚ ਟੰਡਰਾਂ ਦੇ ਬਰਫ਼ੀਲੇ ਮੈਦਾਨ, ਰੈਂਡੀਅਰ ਤੇ ਐਸਕੀਮੋ ਰਹਿੰਦੇ ਹਨ, ਜਿਥੇ ਛੇ ਮਹੀਨੇ ਦਿਨ ਤੇ ਛੇ ਮਹੀਨੇ ਰਾਤ ਰਹਿੰਦੀ ਹੈ; ਸਾਰੇ ਲੇਖ ਦੀ ਸਿਰ-ਖਪਾਈ ਵਿਚੋਂ ਇਕ ਲੈਨਿਨ ਦਾ ਨਾਂਅ ਯਾਦ ਰਹਿ ਗਿਆ, ਜਿਹੜਾ ਲੇਖਕ ਨੇ ਆਪਣੀ ਸਹੂਲਤ ਲਈ ਵੱਡਿਓਂ ਛੋਟਾ ਕਰ ਲਿਆ ਸੀ। ਪਾਰਟੀਆਂ ਦੇ ਗਜ਼ ਗਜ਼ ਲੰਮੇ ਨਾਂਅ ਜ਼ਬਾਨ `ਤੇ ਚੜ੍ਹਾ ਲੈਣਾ ਮੇਰੇ ਵੱਸ ਨਹੀਂ ਸੀ, ਕਿਉਂਕਿ ਪਿੰਡੋਂ ਨਿਕਲ ਕੇ ਜੰਗਲ ਵਿਚ ਜਾ ਵੱਸਿਆ ਸਾਂ। ਤੇ ਆਪਣੀ ਹੀ ਸਮਰੱਥਾ ਨਾਲ ਭੁੱਲਿਆ ਤੇ ਨਵਾਂ, ਲਗਾਂ- ਮਾਤਰਾਂ ਜੋੜ ਕੇ ਮੁੜ ਪੜ੍ਹ ਰਿਹਾ ਸਾਂ। ਪਰ ਜਜ਼ਬੇ ਦੇ ਸ਼ੌਕ ਨੇ ਰਿੜ੍ਹਨ ਤੋਂ ਲੈ ਕੇ ਉੱਠ ਖਲੋਣ ਤੱਕ ਮੇਰੀਆਂ ਲੱਤਾਂ ਸਬੂਤੀਆਂ ਕਰ ਦਿੱਤੀਆਂ।
ਇਹ ਗੱਲ ਮੇਰੇ ਖ਼ਾਨੇ `ਚ ਨਹੀਂ ਵੜਦੀ ਸੀ ਕਿ ਰੂਸ ਦੇ ਇਨਕਲਾਬ ਨੇ ਜ਼ਾਰ ਬਾਦਸ਼ਾਹ ਤਖ਼ਤੋਂ ਲਾਹ ਦਿੱਤੇ ਹਨ ਤੇ ਤਾਜ ਤੋੜ ਦਿੱਤੇ ਹਨ। ਮੇਰੇ ਬਣੇ ਵਿਸ਼ਵਾਸਾਂ ਅਨੁਸਾਰ ਰਾਜੇ ਤਪ ਕਰਕੇ ਆਉਂਦੇ ਸਨ; ਭਾਵੇਂ ਰਾਜ ਕਰਨ ਪਿੱਛੋਂ ਨਰਕਾਂ ਨੂੰ ਹੀ ਜਾਂਦੇ। ਪਰ ਗੱਲ ਮੇਰੇ ਲਈ ਅਨੋਖੀ ਸੀ; ਕਿਉਂਕਿ ਅਣਹੋਣੀ ਸੱਚ ਸਾਕਾਰ ਬਣ ਚੁੱਕੀ ਸੀ। ਸਚਿੰਦਰ ਨਾਥ ਸਾਨਿਆਲ ਦੇ ‘ਬੰਦੀ ਜੀਵਨ` ਪੜ੍ਹਨ ਪਿੱਛੋਂ ਆਪਣੇ ਦੇਸ਼ ਦੀ ਆਜ਼ਾਦੀ ਲਈ ਤੜਪ ਮੇਰੇ ਮਨ ਵਿਚ ਭੜਕ ਪਈ। ਰੂਸੀ ਇਨਕਲਾਬ ਦੇ ਜ਼ਾਰ ਨੂੰ ਪਟਕਾਉਣ ਵਾਲੀ ਗੱਲ ਮੇਰੇ ਜ਼ਿਹਨ ਵਿਚ ਚਾਨਣ ਦੀ ਲੀਕ ਵਾਂਗ ਕਦੇ ਟੁੱਟਦੀ ਕਦੇ ਜੁੜਦੀ ਸੀ। ਫਿਰ ਅਜਿਹਾ ਸੁਭਾਗ ਜੁੜਿਆ ਕਿ ਲੈਨਿਨ ਦੀ ਜੀਵਨੀ, ਉਹ ਵੀ ਪੰਜਾਹ-ਸੱਠ ਸਫ਼ੇ ਵਿਚ, ਪੜ੍ਹਨ ਨੂੰ ਮਿਲ ਗਈ। ਮੇਰੇ ਲਈ ਯਸੂ ਮਸੀਹ ਤੇ ਹਜ਼ਰਤ ਮੁਹੰਮਦ ਸਾਹਿਬ ਤੋਂ ਪਿੱਛੋਂ ਇਹ ਤੀਜਾ ਬਦੇਸ਼ੀ ਮਹਾਂਪੁਰਸ਼ ਸੀ ਜਿਸਦਾ ਪ੍ਰਭਾਵ ਮੈਂ ਗੁਰੂ ਗੋਬਿੰਦ ਸਿੰਘ ਵਾਂਗ “ਨਿਰਾ ਉਪਦੇਸ਼ਕ ਹੀ ਨਹੀਂ ਕਰਨੀ ਦਾ ਸੂਰਾ ਪੂਰਾ” ਵਿਚ ਕਬੂਲਿਆ।
ਉਹ ਕਿਤਾਬ ਮੈਂ ਅਗਲੇ ਦਿਨ ਹੀ ਮੋੜ ਕੇ ਵੀ ਦੇਣੀ ਸੀ। ਮੇਰੇ ਲਈ ਅਤਿ ਸ਼ਾਂਤੀ ਵਾਲਾ ਮਾਹੌਲ ਚੀਨੀਆਂ ਦਾ ਕਬਰਿਸਤਾਨ ਸੀ; ਜਿਹੜਾ ਹੋਰ ਮੀਲ ਭਰ ਜੰਗਲ ਵਿਚ ਪਹਾੜੀ ਦੀ ਵੱਖੀ-ਢਾਲ ਹਰਿਆਲੀ ਦੀ ਬੁੱਕਲ ਵਿਚ ਖਾਮੋਸ਼ ਖਾਮੋਸ਼ ਸੀ। ਮੈਂ ਪੈਰੀਂ ਖੜਾਵਾਂ ਖੜਕਾਉਂਦਾ ਗੱਤੇ (ਰਬੜ) ਦੇ ਬਾਗ਼ਾਂ ਵਿਚੋਂ ਦੀ ਲੰਘਦਾ ਕਬਰਿਸਤਾਨ ਆ ਗਿਆ। ਇਕ ਕਬਰ ਦੇ ਫ਼ਰਸ਼ `ਤੇ ਬਹਿ ਕੇ ਲੱਤਾਂ ਹੇਠਾਂ ਲਮਕਾ ਦਿੱਤੀਆਂ। ਮੇਰੇ ਸੱਜੇ ਔਲਿਆਂ ਦਾ ਬੂਟਾ ਕੱਚੇ ਫਲ ਨਾਲ ਭਰਿਆ ਪਿਆ ਸੀ । ਸੂਰਜ ਢਾਈ-ਤਿੰਨ ਘੰਟੇ `ਤੇ ਖਲੋਤਾ ਬੜੇ ਤੇਜ ਪ੍ਰਤਾਪ ਨਾਲ ਮੇਰਾ ਮੂੰਹ ਵੇਖ ਰਿਹਾ ਸੀ। ਲੈਨਿਨ ਦਾ ਜੀਵਨ ਮੇਰੇ ਪੱਟਾਂ `ਤੇ ਵਿਛਿਆ ਹੋਇਆ ਸੀ ਤੇ ਮੈਂ ਵਰਕਾ ਵਰਕਾ ਉਸ ਵਿਚ ਧੱਸਦਾ ਜਾ ਰਿਹਾ ਸਾਂ। ਕਿਤਾਬ ਪੜ੍ਹਦਾ ਪੜ੍ਹਦਾ ਖਲੋ ਜਾਂਦਾ ਸਾਂ। ਤੇ ਇਹ ਆਦਤ ਅੱਜ ਵੀ, ਜਿਉਂ ਦੀ ਤਿਉਂ ਕਾਇਮ ਹੈ। ਮੈਨੂੰ ਰੂਸ ਵਿਚ ਵਾਪਰੀਆਂ ਘਟਨਾਵਾਂ ਕੱਲ੍ਹ ਦੀਆਂ ਜਾਪਦੀਆਂ; ਕੁਲ ਵੀਹ ਵਰ੍ਹੇ ਹੋਣ ਨੂੰ ਆਏ ਸਨ। ਜਦੋਂ ਲੈਨਿਨ ਦੇ ਭਰਾ ਦੀ ਫਾਂਸੀ ਦਾ ਜ਼ਿਕਰ ਆਇਆ; ਮੈਂ ਜਜ਼ਬਾਤ ਵਿਚ ਆ ਕੇ ਰੋ ਪਿਆ। ਮੈਨੂੰ ਔਰੰਗਜ਼ੇਬ ਤੇ ਮੀਰ ਮੰਨੂੰ ਦਾ ਜ਼ੁਲਮ ਤੜਪਾਉਣ ਲੱਗਾ। ਜ਼ਾਰ ਨੇ ਮੰਨੂੰ ਦੀ ਥਾਂ ਮੱਲ ਲਈ। ਤੇ ਅਲੈਗਜ਼ਾਂਦਰ ਬੰਦ ਬੰਦ ਕਟਵਾਉਣ ਵਾਲੇ ਸਿੰਘਾਂ ਦੀ ਕਤਾਰ ਵਿਚ ਆ ਖਲੋਤਾ। ਜ਼ਾਰ ਵਿਰੁੱਧ ਨਫ਼ਰਤ ਅੰਗਰੇਜ਼ ਸਾਮਰਾਜ ਦਾ ਗੋਰਾ ਮੂੰਹ ਕੋਲੇ ਨਾਲ ਕ੍ਰਾਸ ਕਰ ਗਈ; ਕਿਉਂਕਿ ਉਸ ਸੱਜਰੇ ਸ਼ਹੀਦ ਭਗਤ ਤੇ ਉਸਦੇ ਸਾਥੀਆਂ ਨੂੰ ਫਾਹੇ ਲਾਇਆ ਸੀ। ਕਲਕੱਤੇ ਤੋਂ ਪੀਨਾਂਗ ਨੂੰ ਸਮੁੰਦਰੀ ਸਫ਼ਰ ਕਰਦਿਆਂ ਪਾਸੇ ਤੋਂ ਅੰਡੇਮਾਨ ਦਾ ਜਜ਼ੀਰਾ ਦੂਰੋਂ ਤੱਕਿਆ ਸੀ; ਇਸ ਤਰ੍ਹਾਂ ਅਮਰੀਕਾ ਤੋਂ ਆਏ ਗ਼ਦਰੀ ਬਾਬਿਆਂ ਦੀਆਂ ਫਾਂਸੀਆਂ ਤੇ ਉਮਰ ਕੈਦਾਂ ਮੈਨੂੰ ਕਾਲੇ ਪਾਣੀਆਂ ਤੋਂ ਚੁੱਕ ਕੇ ਸਾਇਬੇਰੀਆ ਦੀਆਂ ਯਖ਼ ਬਰਫ਼ਾਂ ਵਿਚ ਲੈ ਗਈਆਂ; ਜਿਥੇ ਐਸਕੀਮੋ ਤੇ ਰੈਂਡੀਅਰ ਤੇ ਬੱਗੇ ਰਿੱਛਾਂ ਦੀਆਂ ਖੱਲਾਂ ਵਿਚ ਘੁਸੜੇ ਛੇ ਮਹੀਨੇ ਘੁਰਨਿਆਂ ਵਿਚੋਂ ਬਾਹਰ ਨਹੀਂ ਨਿਕਲਦੇ ਸਨ। ਜੁਗਰਾਫੀਆ ਮੇਰੇ ਸਿਰ ਦੁਆਲੇ ਘੁੰਮ ਰਿਹਾ ਸੀ ਤੇ ਤਾਰੀਖ਼ ਮੇਰੇ ਸਾਹਮਣੇ। ਲਾਹੌਰ ਦਾ ਕਿਲ੍ਹਾ, ਸਾਹੀਵਾਲ ਦੀ ਜੇਲ੍ਹ, ਕਾਲੇਪਾਣੀ, ਸਾਇਬੇਰੀਆ, ਬ੍ਰਿਸਟਲ ਤੇ ਗਿਲੋਟੀਨ ਹੇਠਾਂ ਲਹੂਲੁਹਾਨ ਦੁਹੱਥੜੀਂ ਪਿੱਟ ਰਹੀ ਸੀ। ਮੈਂ ਹੋਰ ਮਨ ਭਰ ਕੇ ਰੋ ਉੱਠਿਆ। ਕੋਈ ਮੁਰਦਾ ਮੈਨੂੰ ਵਰਚਾਉਣ ਨਾ ਆਇਆ। ਇਕ ਪਲ ਮੈਨੂੰ ਸਾਰਾ ਹਿੰਦੁਸਤਾਨ ਕਬਰਿਸਤਾਨ ਜਾਪਿਆ। ਕਿਉਂਕਿ ਸਰਦਾਰ ਭਗਤ ਸਿੰਘ ਦੀ ਫਾਂਸੀ ਪਿੱਛੋਂ ਗਾਂਧੀ ਨੇ ਇਕ ਸ਼ਾਂਤੀ ਵਰਤਾ ਦਿੱਤੀ ਸੀ। ਸ਼ਾਇਦ ਉਸਦੇ ਦਿਲ ਨੌਜਵਾਨ ਦੀ ਫਾਂਸੀ ਨੇ ਹੌਲ ਪੈਦਾ ਕਰ ਦਿੱਤੇ ਸਨ। ਰੋਂਦਾ, ਸੋਚਦਾ ਤੇ ਹੁੰਗਾਰਦਾ ਆਖਿਰ ਮੈਂ ਲੈਨਿਨ ਦੀ ਮੌਤ ਤਕ ਆਣ ਪੁੱਜਿਆ। ਮੈਂ ਲੰਮਾ ਹਉਕਾ ਭਰਿਆ। ਸੂਰਜ ਦੂਰ ਗੱਤੇ ਦੇ ਬਾਗ਼ਾਂ ਵਿਚ ਮੂਧਾ ਹੋਇਆ ਪਿਆ ਸੀ। ਉਹਦਾ ਤੇਜ ਪ੍ਰਤਾਪ ਹਾਲੇ ਵੀ ਸਾਰੇ ਜੰਗਲ ਦਾ ਸਿਰ ਲਿਸ਼ਕਾ ਰਿਹਾ ਸੀ। ਬਸ ਇਕ ਕਬਰਾਂ ਸਨ, ਜਿਹੜੀਆਂ ਦੁੱਧ-ਚਿੱਟੀ ਸੰਗਮਰਮਰ ਵਾਂਗ ਨਸਾਤਲੀਆਂ ਪਈਆਂ ਸਨ। ਪਰ ਉਸ ਸ਼ਾਮ ਦਾ ਸੂਰਜ ਮੇਰੇ ਅੰਦਰ ਕਿਸੇ ਤੇਜ਼ਾਬ ਦੀ ਅੱਗ ਫੂਕ ਗਿਆ; ਜਿਹੜੀ ਅੱਜ ਵੀ ਲਾਟੀਂ ਬਲ ਰਹੀ ਹੈ। ਲੈਨਿਨ ਦੀ ਕਿਤਾਬ ਦਾ ਫੌਰੀ ਅਸਰ ਮੇਰੇ `ਤੇ ਇਹ ਹੋਇਆ ਕਿ “ਮੈਂ ਛੇਤੀ ਵਾਪਸ ਜਾਣਾ ਹੈ, ਜਾ ਕੇ ਪੜ੍ਹਨਾ ਹੈ, ਆਜ਼ਾਦੀ ਦੀ ਜੱਦੋਜਹਿਦ ਵਿਚ ਹਿੱਸਾ ਲੈਣਾ ਹੈ ਅਤੇ ਸ਼ਹੀਦਾਂ ਦਾ ਕਰਜ਼ਾ ਚੁਕਾਉਣਾ ਹੈ।” ਮੈਂ ਸਾਰਾ ਝੰਜੋੜਿਆ ਗਿਆ ਸਾਂ।
ਮੈਂ ਔਲੇ ਦੀ ਹਰੀ ਕਚਾਰ ਟਾਹਣੀ ਦਾਤਣ ਵਜੋਂ ਤੋੜੀ ਤੇ ਕਬਰਿਸਤਾਨ ਤੋਂ ਹੇਠਾਂ ਉਤਰ ਆਇਆ। ਨੀਵੇਂ ਥਾਂ ਵੱਲ ਭਾਰ ਪੈ ਜਾਣ ਕਾਰਨ ਮੇਰੀ ਖੜਾਂ ਦੀਆਂ ਇਕ ਪਾਸਿਓਂ ਮੇਖਾਂ ਪੁੱਟੀਆਂ ਗਈਆਂ। ਕਿਤਾਬ ਤੇ ਟੁੱਟੀ ਖੜਾਂ ਮੇਰੇ ਇਕ ਹੱਥ ਸੀ ਤੇ ਭਰੇ ਮਨ ਨਾਲ ਦਾਤਣ ਘੁਮਾਉਂਦਾ ਆ ਰਿਹਾ ਸਾਂ। ਰਾਹ ਵਿਚ ਕਬਰਿਸਤਾਨ ਦਾ ਰਾਖਾ, ਓਹੀਓ ਚੀਨੀ, ਜਿਹੜਾ ਮੇਰਾ ਯਾਰ ਵੀ ਸੀ, ਮਿਲ ਪਿਆ।
“ਬਾਈ ਬੱਗੋਸ ਗਾ (ਬਾਈਂ ਚੰਗਾ ਏਂ ?)”
“ਯਆ ਲੈ (ਆਹੋ)।”
“ਆਪਾ ਵਾਚਾ (ਕੀ ਪੜ੍ਹਿਆ ਏ ?)” ਉਸ ਝੁਰੜੀਆਂ `ਚੋਂ ਮੁਸਕਾਂਦਿਆਂ ਪੁੱਛਿਆ।
“ਲੈਨਿਨ, ਔਰਾਂ ਪੀਆਂ ਕਵਨ। (ਮਨੁੱਖ ਦਾ ਦੋਸਤ!)” ਮੈਂ ਦਿਲ ਦੇ ਭਰੋਸੇ ਨਾਲ ਉੱਤਰ ਦਿੱਤਾ।
“ਓ ਬਾਈਆ ਬੱਗੋਸ (ਬਹੁਤ ਹੀ ਚੰਗਾ)।” ਉਹ ਸਿਰ ਹਲੂਣਦਾ ਤੁਰ ਗਿਆ।
ਇਕ ਪੈਰੀਂ ਖੜ੍ਹਾ ਨਾਲ ਉੱਚਾ-ਨੀਵਾਂ ਤੁਰਦਾ ਮੈਂ ਘਰ ਦੇ ਬਾਰ ਦੇ ਅੱਗੇ ਆ ਗਿਆ ਤੇ ਆਪਣੇ ਸਾਥੀ ਨੂੰ ਵੱਟਵੇਂ ਮੂੰਹ ਆਖਿਆ :
“ਬਾਈ, ਮੈਂ ਦੇਸ ਜਾ ਰਿਹਾ ਹਾਂ।”
“ਕਿਉਂ ਕਿਉਂ, ਕੀ ਹੋ ਗਿਆ ?” ਉਸਦੇ ਭਾਣੇ ਦੇਸੋਂ ਕੋਈ ਬੁਰੀ ਖ਼ਬਰ ਆ ਗਈ ਸੀ।
“ਠੀਕ ਹੈ, ਪਰ ਹੁਣ ਮੈਂ ਮਲਾਇਆ ਵਿਚ ਨਹੀਂ ਰਹਿਣਾ।”
“ਕਿਉਂ? ਤੂੰ ਤਾਂ ਹਾਲੇ ਦਸ ਪੈਸੇ ਵੀ ਨਹੀਂ ਕਮਾਏ।”
‘‘ਪਰ ਕਮਾਈ ਦਾ ਵੱਲ ਆ ਗਿਆ ਏ।”
‘‘ਉਹ ਕੀ ?”
‘‘ਤੇਰੀ ਸਮਝ ਵਿਚ ਨਹੀਂ ਆਉਣਾ। ਤੂੰ ਬਲਦਾਂ ਨੂੰ ਕੁੱਟਿਆ ਕਰ ਤੇ ਓਬੀ ਢੋਇਆ ਕਰੇ।” ਭਾਵੇਂ ਓਦੋਂ ਮੈਨੂੰ ਸਮਝਾਉਣ ਦਾ ਵਲ ਆਪ ਨਹੀਂ ਸੀ ਆਉਂਦਾ।
ਮੈਂ ਓਸੇ ਮਹੀਨੇ ਆਪਣਾ ਸਾਈਕਲ ਵੇਚ ਕੇ ਪੀਨਾਂਗ ਆ ਗਿਆ। ਤੇ ਧੁੱਖਦੀ ਹਿੱਕ ਨਾਲ ਕਾਲੇ ਪਾਣੀ ਚੀਰਦਾ ਕਲਕੱਤੇ ਤੋਂ ਪਿੰਡ ਆ ਵੱਜਾ। ਬਿਨਾਂ ਇਤਲਾਹ, ਚਿੱਠੀ-ਪੱਤਰ, ਮੈਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਪਰ ਮੈਨੂੰ ਆਪਣਾ ਪਿੰਡ ਤੇ ਦੇਸ ਸੁਹਣਾ ਤੇ ਮਹਿਕ-ਭਿੰਨਾ ਲੱਗ ਰਿਹਾ ਸੀ। ਮੈਨੂੰ ਪਤਾ ਨਹੀਂ ਸੀ। ਮੈਂ ਕਾਹਦੇ ਨਾਲ ਭਰਿਆ ਪਿਆ ਸਾਂ। ਪਰ ਜਵਾਨ ਮਿਰਗ ਵਾਂਗ ਮੈਨੂੰ ਕਸਤੂਰੀ ਦੀ ਮਸਤੀ ਚੜ੍ਹੀ ਹੋਈ ਸੀ। ਲਾਗਲੇ ਪਿੰਡ ਚੂਹੜਚੱਕ ਵਿਖੇ ਬਾਬਾ ਅਰੂੜ ਸਿੰਘ ਜੀ ਗ਼ਦਰੀ ਕਾਲੇਪਾਣੀ ਦੀ ਉਮਰ ਕੈਦ ਕੱਟ ਕੇ ਵਾਪਸ ਆ ਗਏ ਸਨ ਤੇ ਉਨ੍ਹਾਂ ਥੋੜ੍ਹਾ ਦਮ ਮਾਰ ਕੇ ਜਨਤਾ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਸਟੇਜਾਂ ਉਤੇ ਅੰਗਰੇਜ਼ਾਂ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ।
ਮੇਰੀ ਘਰੋਗੀ ਹਾਲਤ ਕੁਝ ਅਜਿਹੀ ਬਣ ਗਈ ਸੀ ਕਿ ਮੈਂ ਦੁਬਾਰਾ ਪੜ੍ਹਨ ਨਾ ਲੱਗ ਸਕਿਆ। ਪਰ ਪੜ੍ਹਨ ਤੇ ਲਿਖਣ ਦਾ ਸ਼ੌਕ ਮੇਰਾ ਵਾਹੀ ਕਰਵਾਉਣ ਸਮੇਂ ਵੀ ਜਾਰੀ ਰਿਹਾ। ਅੱਗ ਮੇਰੇ ਅੰਦਰ ਭੜਕ ਭੜਕ ਪੈਂਦੀ ਸੀ ਪਰ ਇਹੀ ਅੱਗ ਮੇਰੇ ਕੋਲੋਂ ਰੋਸ਼ਨੀ ਨਹੀਂ ਬਣਦੀ ਸੀ। ਪਿੰਡ ਤੇ ਇਲਾਕੇ ਵਿਚ ਪੁਰਾਣੀ ਪੀੜ੍ਹੀ ਨਾਲ ਮੇਰੀ ਹਮੇਸ਼ਾ ਟੱਕਰ ਲੱਗੀ ਰਹੀ; ਜਿਹੜੀ ਅੰਗਰੇਜ਼ ਵਿਰੁੱਧ ਮੂੰਹ ਵਿਚ ਘੁੰਙਣੀਆਂ ਪਾਈ ਬੈਠੀ ਸੀ। ਇਕ ਵਾਰ ਮੇਰੀ ਭੈਣ ਦਰਵਾਜ਼ੇ ਵਿਚ ਕੱਚੀਆਂ ਕੰਧਾਂ ਦੇ ਪੈਰਾਂ ਵਿਚ ਖੂਬਸੂਰਤੀ ਵਜੋਂ ਪੀਲੀ ਮਿੱਟੀ ਫੇਰ ਰਹੀ ਸੀ। ਮੈਂ ਮਿੱਟੀ ਲੈ ਕੇ ਘਰ ਦੇ ਦੋਹੀਂ ਪਾਸੀਂ ਦਾਤੀ-ਹਥੌੜੇ ਦੇ ਨਿਸ਼ਾਨ ਬਣਾ ਦਿੱਤੇ। ਕੁਦਰਤੀ ਉਨ੍ਹਾਂ ਦਿਨਾਂ ਵਿਚ ਜਲੰਧਰੋਂ ਅੰਗਰੇਜ਼ ਕਮਿਸ਼ਨਰ ਦੌਰੇ `ਤੇ ਆ ਗਿਆ। ਉਹਦੀ ਮੇਮ ਅੱਗੇ ਅੱਗੇ ਆ ਰਹੀ ਸੀ। ਹਥੌੜੇ ਦੇ ਨਿਸ਼ਾਨ ਨੂੰ ਵੇਖ ਕੇ ਉਹ ਰੁਕ ਗਈ। ਮੈਂ ਨਿਸ਼ਾਨ ਹੇਠ ਕੁਝ ਲਿਖਿਆ ਸੀ, ਜਿਹੜਾ ਉਹ ਪੜ੍ਹ ਨਾ ਸਕੀ। ਉਸ ਦੇਸੀ ਅਫ਼ਸਰ ਨੂੰ ਪੁੱਛਿਆ:
“ਇਹ ਕੀ ਲਿਖਿਆ ਏ ?”
“ਮਿਹਨਤ ਤੇ ਸੱਚ ਦੀ ਤਾਕਤ ਅਤੇ ਈਮਾਨਦਾਰੀ ਦੀ ਪੱਕਿਆਈ।” ਮੈਂ ਮੇਮ ਦੇ ਮੂੰਹ ਵੱਲ ਥੋੜ੍ਹਾ ਔਖਾ-ਟੇਢਾ ਵੇਖ ਰਿਹਾ ਸਾਂ। ਉਹ ਮੂੰਹ ਨੂੰ ਹੋਰ ਪੀਡਾ ਕਰਕੇ ਘਰ ਦੇ ਅੰਦਰ ਵੜ ਗਈ। ਇਕ ਵੇਲਾਂ ਪੁਰਾਣੇ ਸੰਦੂਕ ਦੀ ਉਸ ਪ੍ਰਸੰਸਾ ਕੀਤੀ। ਫਿਰ ਅਜਿਹੀ ਥਾਂ ਆ ਗਈ, ਜਿਥੇ ਲੈਨਿਨ ਤੇ ਸ਼ੇਕਸਪੀਅਰ ਦੀਆਂ ਤਸਵੀਰਾਂ ਬਰਾਬਰ ਕੰਧ `ਤੇ ਚਮੋੜੀਆਂ ਹੋਈਆਂ ਸਨ। ਉਸਦੀ ਇਕ ਅੱਖ ਵਿਚ ਗੁਲਾਬ ਮਹਿਕ ਰਿਹਾ ਸੀ ਤੇ ਦੂਜੀ ਅੱਖ ਵਿਚੋਂ ਲਾਵਾ ਫੁੱਟ ਰਿਹਾ ਸੀ। ਪਰ ਉਨ੍ਹਾਂ ਦੇ ਮਹਾਨ ਹੋਣ ਦਾ ਪ੍ਰਭਾਵ ਮੇਰੀ ਆਤਮਾ `ਤੇ ਪੈ ਚੁੱਕਾ ਸੀ। ਮੇਮ ਨਾਲ ਉਹਦਾ ਕਮਿਸ਼ਨਰ ਖਸਮ ਵੀ ਬਹੁਤ ਔਖਾ ਹੋਇਆ। ਉਸ ਚੂਹੜਚੱਕ ਤੇ ਢੁੱਡੀਕੇ ਦੋਹਾਂ ਪਿੰਡਾਂ ਨੂੰ ਪੁਲੀਟੀਕਲ ਪੱਖੋਂ ਬੁਰਾ- ਭਲਾ ਕਿਹਾ। ਓਹੀ ਬੁਰਾ-ਭਲਾ ਝੋਲੀ-ਚੁੱਕਾਂ, ਜ਼ੈਲਦਾਰਾਂ ਤੇ ਨੰਬਰਦਾਰਾਂ ਮੈਨੂੰ ਮੇਰੀ ਗ਼ੈਰਹਾਜ਼ਰੀ ਵਿਚ ਆਖਿਆ ਕਿਉਂਕਿ ਮੈਂ ਮੁੰਡਾ ਹੋਣ ਨਾਲ ਅੱਖੜ ਵੀ ਬੋਲਦਾ ਸਾਂ। ਸਾਰੇ ਬੇਇੱਜ਼ਤੀ ਤੋਂ ਵੀ ਡਰਦੇ ਸਨ। ਭਾਵੇਂ ਓਦੋਂ ਤਕ ਲੈਨਿਨ ਨਾਲ ਮੇਰੀ ਜਜ਼ਬਾਤੀ ਸਾਂਝ ਹੀ ਸੀ ਤੇ ਮੇਰੇ ਜ਼ਿਹਨ ਨੇ ਰੂਹਾਨੀ ਸਾਂਝ ਨਹੀਂ ਪਾਈ ਸੀ; ਪਰ ਮੇਰੇ ਲਈ ਲੈਨਿਨ ਅਜਿਹਾ ਖੜਕਵਾਂ ਬਾਗੀ ਸਿੱਧ ਹੋਇਆ ਜਿਸਦੀ ਤਸਵੀਰ ਵੀ ਅੰਗਰੇਜ਼ ਸਾਮਰਾਜ ਨੂੰ ਕੰਬਣੀਆਂ ਛੇੜ ਰਹੀ ਸੀ। ਇਹ ਮਾਣ ਮੇਰੇ ਅੰਦਰ ਦਿਨੋ-ਦਿਨ ਅੰਗੜਾਈਆਂ ਲੈ ਲੈ ਕੇ ਜਵਾਨ ਹੁੰਦਾ ਗਿਆ।
ਦੋ ਕੁ ਸਾਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਵਿਚ ਆ ਗਿਆ। ਮੈਨੂੰ ਕਲਰਕਾਂ ਦੇ ਗਰੇਡ ਵਿਚ ਰਖਦਿਆਂ ਜਥੇਦਾਰ ਨੇ ਫ਼ਰਾਖ- ਦਿਲੀ ਨਾਲ ਆਖਿਆ:
“ਤੇਰੀ ਕਿਸੇ ਮਿੱਤਰ ਨੇ ਸਿਫ਼ਾਰਸ਼ ਕੀਤੀ ਹੈ ਕਿ ਤੈਨੂੰ ‘ਅੰਮ੍ਰਿਤਸਰ ਸੈਂਟਰ’ ਵਿਚ ਰੱਖਿਆ ਜਾਵੇ। ਤੂੰ ਚੰਗਾ ਲਿਖਾਰੀ ਬਣ ਜਾਵੇਂਗਾ। ਏਥੇ ਪੜ੍ਹਨ ਲਈ ਗੁਰੂ ਰਾਮਦਾਸ ਲਾਇਬ੍ਰੇਰੀ ਐ। ਊਂ ਤੇਰੇ ਖ਼ਿਆਲ ਕਮਿਊਨਿਸਟਾਂ ਵਾਲੇ ਹਨ। ਚਲ ਆਪੇ ਠੀਕ ਹੋ ਜਾਵੇਂਗਾ।”
ਲਾਇਬ੍ਰੇਰੀ ਦੇ ਲਾਲਚ ਕਾਰਨ ਮੈਂ ਕਲਰਕੀ ਗਰੇਡ ਪ੍ਰਵਾਨ ਕਰ ਲਿਆ; ਜਿਹੜਾ ਕੇਵਲ ਘਰੋਂ ਬੁਲਾ ਕੇ ਇੱਜ਼ਤ ਨਾਲ ਦਿੱਤਾ ਜਾ ਰਿਹਾ ਸੀ। ਪਰ ਮੇਰੇ ਖਿਆਲ ਜਥੇਦਾਰ ਸਾਹਿਬ ਦੇ ਆਖਣ ਅਨੁਸਾਰ ਠੀਕ ਨਾ ਹੋਏ ਤੇ ਅਸਤੀਫ਼ਾ ਦੇ ਕੇ ਮੈਂ ਘਰ ਵਾਪਸ ਆ ਗਿਆ। 1947 ਦੇ ਫ਼ਸਾਦਾਂ ਨੇ ਮੇਰੇ ਸਾਹਮਣੇ ਨਵੀਆਂ ਹਕੀਕਤਾਂ ਨੂੰ ਰੌਸ਼ਨ ਕੀਤਾ ਸੀ। ਸਾਮਰਾਜ ਦੇ ਹਿੱਤ, ਦੇਸੀ ਸਰਮਾਏ- ਦਾਰ ਦੇ ਹਿੱਤ ਸਾਂਝੇ ਹੋ ਗਏ ਅਤੇ ਕਿਸਾਨ ਮਜ਼ਦੂਰ ਦੀ ਕਤਲਾਮ ਦਾ ਦੋਹਾਂ ਰਲ ਕੇ ਮੁੱਢ ਬੰਨ੍ਹ ਦਿੱਤਾ। ਜਮਾਤੀ ਨਿਰਣੇ ਵਾਲਾ ਸਿਧਾਂਤ ਮੇਰੇ ਹੱਡਾਂ ਨਾਲ ਨਹੀਂ ਰੂਹ ਨਾਲ ਵੀ ਰਗੜਾ ਖਾ ਗਿਆ। ਇਕ ਦੋਸਤ ਤੋਂ ਵਿਰੋਧ-ਵਿਕਾਸ ਦਾ ਸਿਧਾਂਤ ਪਹਿਲੀ ਵਾਰ ਸਮਝਿਆ। ਮੇਰੇ ਚੌਫੇਰੇ ਮਿਹਨਤੀ ਦੁਨੀਆਂ ਦਾ ਭਵਿੱਖ ਦੀਵਾਲੀਆ ਬਣਿਆਂ ਪਿਆ ਸੀ । ਕਿਸਾਨੀ ਮਸਲਾ, ਰਿਆਸਤ ਤੇ ਇਨਕਲਾਬ, ਲੈਨਿਨਇਜ਼ਮ ਦੀਆਂ ਨੀਂਹਾਂ, ਆਦਿ ਨੂੰ ਤਸੱਲੀ ਨਾਲ ਪੜ੍ਹਿਆ। ਲੈਨਿਨ ਦਾ ਇਹ ਫ਼ਿਕਰਾ ਮੇਰੇ ਲਈ ਦੁਨੀਆਂ ਭਰ ਦੇ ਸਾਹਿਤ ਵਿਚਲੇ ਤਿੰਨ-ਚਾਰ ਫ਼ਿਕਰਿਆਂ ਵਿਚੋਂ ਇਕ ਹੈ; ਜਿਹੜਾ ਮਨੁੱਖਤਾ ਦੀ ਤਾਰੀਖ਼ ਬਦਲਣ ਦੀ ਸ਼ਕਤੀ ਰਖਦਾ ਹੈ:
“ਹਜ਼ਾਰ ਮੁਸ਼ਕਿਲਾਂ ਦੇ ਬਾਵਜੂਦ ਵੀ ਭਵਿੱਖ ਸਾਡਾ ਹੈ!”
“ਇਹ ਫ਼ਿਕਰਾ ਕਈ ਸਾਲ ਗੱਤੇ `ਤੇ ਲਿਖਿਆ ਸਾਹਮਣੀ ਕੰਧ ਨਾਲ ਲਟਕਦਾ ਮੈਨੂੰ ਬਲਵਾਨ ਬਣਾਉਂਦਾ ਰਿਹਾ ਹੈ ਅਤੇ ਅੱਜ ਵੀ ਮੇਰੀ ਕਿਸੇ ਵੀ ਕਮਜ਼ੋਰੀ ਨੂੰ ਦਲੇਰੀ ਵਿਚ ਬਦਲ ਸੁੱਟਦਾ ਹੈ। ਮੈਂ ਇਸ ਗੱਲੋਂ ਲੈਨਿਨ ਦਾ ਦੱਣਦਾਰ ਹਾਂ ਕਿ ਉਸਨੇ ਮੇਰਾ ਭਵਿੱਖ ਕਿਸਮਤ ਤੇ ਭਗਵਾਨ ਦੀ ਜਕੜ ਵਿਚੋਂ ਕੱਢ ਕੇ ਮੇਰੇ ਹਵਾਲੇ ਕਰ ਦਿੱਤਾ ਹੈ; ਜਿਸਨੂੰ ਮੈਂ ਮਿਹਨਤ, ਵਿਸ਼ਵਾਸ ਤੇ ਆਪਣੇ ਮਿਹਨਤੀ ਲੋਕਾਂ ਨਾਲ ਜੋੜ ਕੇ ਕੁਝ ਵੀ ਬਣਾ ਸਕਦਾ ਹਾਂ। ਮੈਂ ਇਸ ਗੱਲੋਂ ਵੀ ਲੈਨਿਨ ਦਾ ਅਹਿਸਾਨਮੰਦ ਹਾਂ ਕਿ ਉਸ ਇਨਕਲਾਬ ਜਿੱਤ ਕੇ ਐਲਾਨਿਆ: ਲੋਕਾਂ ਦਾ ਰਾਜ, ਲੋਕਾਂ ਦੀ ਸੇਵਾ ਲਈ।” ਇਸ ਐਲਾਨ ਨੇ ਲੋਕਾਂ ਦੀ ਸ਼ਕਤੀ ਵਿਚ ਮੇਰਾ ਅਟੁੱਟ ਭਰੋਸਾ ਗੱਡ ਦਿੱਤਾ ਹੈ। ਸਗੋਂ ਇਸ ਤੋਂ ਅਗਾਂਹ ਜ਼ਿੰਦਗੀ ਲਈ ਤੇ ਲੋਕਾਂ ਦਾ ਸਾਹਿਤ ਲੋਕਾਂ ਲਈ, ਵਲ ਸੂਰਜ ਦੀ ਲੋਅ ਤੋਂ ਰਾਹਨੁਮਾਈ ਲੈ ਰਿਹਾ ਹਾਂ। ਮੈਨੂੰ ਇਉਂ ਜਾਪਦਾ ਏ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਅਸੂਲਾਂ ਵਿਚ ਲੈਨਿਨ ਸਾਇੰਸੀ ਚਾਨਣ ਬਣ ਕੇ ਫਿਰ ਗਿਆ ਹੈ। ਹਿੰਦੁਸਤਾਨੀ ਜਜ਼ਬਾਤ ਨੂੰ ਇਸ ਚਾਨਣ ਦੀ ਕਿੰਨੀ ਲੋੜ ਸੀ। ਇਸ ਚਾਨਣ ਨੇ ਵਧ ਕੇ ਸਾਰੀ ਮਨੁੱਖਤਾ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਗੋਰੇ, ਕਾਲੇ ਤੇ ਪੀਲੇ ਦੇ ਭੇਦ ਮਿਟਾ ਦਿੱਤੇ ਹਨ।
ਅੱਜ ਵੀ ਮੇਰਾ ਵਿਸ਼ਵਾਸ ਹੈ, ਜੇਕਰ ਲੈਨਿਨ ਦੀ ਜੀਵਨੀ ਮੈਂ ਉਸ ਸਮੇਂ ਨਾ ਪੜ੍ਹਦਾ, ਤੇ ਜ਼ਿੰਦਗੀ ਦੀ ਭਾਲ ਵਿਚ ਮਲਾਇਆ ਤੋਂ ਹਿੰਦੁਸਤਾਨ ਵੱਲ ਧਾਵਾ ਨਾ ਕਰਦਾ ਤਾਂ ਕਦੇ ਲੇਖਕ ਨਾ ਬਣ ਸਕਦਾ। ਮੈਨੂੰ ਇਉਂ ਜਾਪਦਾ ਹੈ ਜਿਵੇਂ ਦੂਰ ਪਿਆ ਮੇਰੇ ਮਨ ਦਾ ਮੋਤੀ ਉਸ ਚੁੱਕ ਕੇ ਲੋਕਾਂ ਦੀ ਮਾਲਾ ਨਾਲ ਜੋੜ ਦਿੱਤਾ ਹੈ। ਹੁਣ ਮੈਨੂੰ ਅਨੁਭਵ ਹੁੰਦਾ ਹੈ, ਮੈਂ ਸਾਰੇ ਮੋਤੀਆਂ ਵਿਚੋਂ ਲਿਸ਼ਕ ਰਿਹਾ ਹਾਂ।
