ਫਿਲਮਸਾਜ਼ ਮਣੀ ਰਤਨਮ ਦਾ ਸਿਨੇਮਾ ਅਤੇ ਸਾਹਿਤ

ਕੁਦਰਤ ਕੌਰ
ਮਣੀ ਰਤਨਮ ਆਪਣੀਆਂ ਨਿਵੇਕਲੀਆਂ ਫਿਲਮਾਂ ਲਈ ਜਾਣਿਆ ਜਾਣ ਵਾਲਾ ਫਿਲਮਸਾਜ਼ ਹੈ। ਉਸ ਨੇ ਮੁੱਖ ਰੂਪ ਵਿਚ ਤੇਲਗੂ ਫਿਲਮੀ ਦੁਨੀਆਂ ਲਈ ਕੰਮ ਕੀਤਾ ਹੈ, ਭਾਵੇਂ ਉਸ ਨੇ ਕੰਨੜ, ਤਮਿਲ ਅਤੇ ਮਲਿਆਲਮ ਫਿਲਮਾਂ ਵੀ ਬਣਾਈਆਂ ਹਨ। ਉਸ ਉਸ ਨੇ ਕੁਝ ਹਿੰਦੀ ਫਿਲਮਾਂ ਵੀ ਬਣਾਈਆਂ ਜਿਨ੍ਹਾਂ ਦੀ ਚਰਚਾ ਵੱਡੇ ਪੱਧਰ ‘ਤੇ ਹੋਈ। ਹੁਣ ਉਸ ਦੀ ਨਵੀਂ ਤੇਲਗੂ ਫਿਲਮ ‘ਠੱਗ ਲਾਈਫ’ ਅਗਲੇ ਸਾਲ 5 ਜੂਨ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।

ਇਸ ਫਿਲਮ ਵਿਚ ਨਾਮਵਰ ਅਦਾਕਾਰ ਕਮਲ ਹਾਸਨ ਤੋਂ ਇਲਾਵਾ ਸਿਲਮ ਬਰਸਾਨ, ਤ੍ਰਿਸ਼ਾ ਕ੍ਰਿਸ਼ਨਨ, ਅਸ਼ੋਕ ਸੇਲਵਨ, ਐਸ਼ਵਰਿਆ ਲਕਸ਼ਮੀ, ਨਾਸਰ, ਚੇਤਨ, ਮਹੇਸ਼ ਮੰਜਰੇਕਰ ਵਰਗੇ ਕਲਾਕਾਰ ਕੰਮ ਕਰ ਰਹੇ ਹਨ। ਇਹ ਫਿਲਮ ਗੈਗਸਟਰਾਂ ਬਾਰੇ ਹੈ ਅਤੇ ਇਸ ਦੀ ਪਟਕਥਾ ਮਣੀ ਰਤਨਮ ਅਤੇ ਕਮਲ ਹਾਸਨ ਨੇ ਰਲ ਕੇ ਲਿਖੀ ਹੈ।
ਮਣੀ ਰਤਨਮ ਦਾ ਮੰਨਣਾ ਹੈ ਕਿ ਸਾਹਿਤ ਅਤੇ ਸਿਨੇਮੇ ਦਾ ਸਬੰਧ ਬਹੁਤ ਗਹਿਰਾ ਹੈ। ਮਣੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੰਨੜ ਫਿਲਮ ‘ਪਲਵੀ ਅਨੂ ਪਲਵੀ’ ਨਾਲ ਕੀਤੀ ਸੀ। ਇਹ ਫਿਲਮ ਸਾਲ 1983 ਵਿਚ ਰਿਲੀਜ਼ ਹੋਈ ਸੀ। ਅਗਲੇ ਸਾਲ 1984 ਵਿਚ ਉਸ ਦੀ ਮਲਿਆਲਮ ਫਿਲਮ ‘ਉਨਾਰੂ’ ਆਈ। ਫਿਰ ਸਾਲ 1985 ਵਿਚ ਉਸ ਦੀਆਂ ਦੋ ਤਮਿਲ ਫਿਲਮਾਂ ਰਿਲੀਜ਼ ਹੋਈਆਂ: ‘ਪਾਗਲ ਨਿਲਾਵੂ’ ਅਤੇ ‘ਇਦੀਆ ਕੋਵਿਲ’। ਫਿਰ ਤਾਂ ਚੱਲ ਸੋ ਚੱਲ। ਹੁਣ ਤੱਕ ਉਹ ਆਪਣੀ ਫਿਲਮਾਂ ਦੇ ਸਿਰ ਬਹੁਤ ਸਾਰੇ ਇਨਾਮ ਵੀ ਹਾਸਲ ਕਰ ਚੁੱਕਾ ਹੈ। ਉਸ ਦਾ ਆਖਣਾ ਹੈ ਕਿ ਕਲਾ ਕਲਾਕਾਰ ਦੀ ਸਦਾ ਹੀ ਲਾਜ ਰੱਖਦੀ ਆਈ ਹੈ।