ਬਲਜੀਤ ਬਾਸੀ
ਕੈਨੇਡਾ ਵਸਦੇ ਪੰਜਾਬੀ ਲੇਖਕ ਤੇ ਚਿੰਤਕ ਸਾਧੂ ਬਿਨਿੰਗ ਦਾ ਨਾਵਲ ‘ਜੁਗਤੂ’ ਇਕ ਐਸੇ ਪਾਤਰ ਦੀ ਆਤਮ-ਵਿਥਿਆ ਹੈ ਜੋ ਸਾਧਾਰਨ ਪੇਂਡੂ ਜ਼ਿੰਦਗੀ ਤੋਂ ਜੁਗਤਾਂ ਲਾ ਲਾ ਕੇ ਸਿਰੇ ਦੀ ਪ੍ਰਾਪਤੀ ਕਰ ਜਾਂਦਾ ਹੈ। ਜੁਗਤਾਂ ਲਾ ਕੇ ਪ੍ਰਾਪਤੀ ਕਰਨੀ ਨਿੰਦਣਯੋਗ ਨਹੀਂ ਬਲਕਿ ਸ਼ਲਾਘਾਯੋਗ ਕਰਮ ਹੀ ਕਿਹਾ ਜਾਵੇਗਾ। ਪਰ ਇਸ ਪਾਤਰ ਦੀਆਂ ਜੁਗਤਾਂ ਸਾਜ਼ਸ਼ੀ ਜਿਹੀਆਂ ਨਾਕਾਰਾਤਮਕ ਹਨ। ਉਸ ਦਾ ਸਵਾਰਥ ਦੂਜਿਆਂ ਨੂੰ ਠਿੱਬੀਆਂ ਲਾ ਕੇ ਸਿਧ ਹੁੰਦਾ ਹੈ। ਇਸ ਕਰਕੇ ਇਹ ਪਾਤਰ ਸਮਾਜਕ ਖਲਨਾਇਕ ਹੋ ਨਿਬੜਦਾ ਹੈ। ਇਹ ਇਕ ਕੌੜੀ ਸੱਚਾਈ ਹੈ ਕਿ ਸਾਡੇ ਸਮਾਜਕ ਜੀਵਨ ਵਿਚ ਬੁਰਾਈ ਦਾ ਇਸ ਕਦਰ ਆਦਰਸ਼ੀਕਰਨ ਹੋ ਰਿਹਾ ਹੈ ਕਿ ਚੰਗਿਆਈ-ਬੁਰਾਈ ਵਿਚਲਾ ਭੇਦ ਹੀ ਮਿਟਦਾ ਜਾ ਰਿਹਾ ਹੈ। ਇਹ ਨਾਵਲ ਸਮਾਜਕ ਵਿਵਸਥਾ ਦੇ ਚੌਥੇ ਪੌੜੇ ‘ਤੇ ਚੜ੍ਹੀ ਸ਼੍ਰੇਣੀ ਦੇ ਪਨਪਣ ਅਤੇ ਵਿਗਸਣ ਦੀ ਵਧੀਆ ਝਲਕ ਪੇਸ਼ ਕਰਦਾ ਹੈ। ਹਾਸਰਸ ਤਕਨੀਕ ਵਿਚ ਰਚਿਆ ਇਹ ਅਤਿ ਦਾ ਰੌਚਿਕ ਨਾਵਲ ਇਸ ਵਿਵਸਥਾ ‘ਤੇ ਕਰੜਾ ਵਿਅੰਗ ਹੈ।
ਜੋ ਕੋਈ ਆਪਣੇ ਕੰਮ ਸਿਰੇ ਚਾੜ੍ਹਨ ਲਈ ਵਸੀਲੇ ਇਕੱਠੇ ਕਰਦਾ ਹੈ, ਉਨ੍ਹਾਂ ਨੂੰ ਢੰਗ ਸਿਰ ਜੁਟਾਉਂਦਾ ਹੈ ਅਰਥਾਤ ਜੁਗਤਾਂ ਲਾਉਂਦਾ ਹੈ, ਅਸੀਂ ਉਸ ਨੂੰ ਜੁਗਤੀ ਕਹਿੰਦੇ ਹਾਂ। ਐਪਰ ਧਰਮ ਕਰਮ ਵਿਚ ਜੁੜਿਆ ਹੋਇਆ ਵਿਅਕਤੀ ਗੁਰਬਾਣੀ ਅਨੁਸਾਰ ਜੁਗਤਾ ਹੈ, ‘ਜੁਗਤਾ ਜੀਉ ਜੁਗਹਜੁਗ ਜੋਗੀ॥’, ‘ਹਰਖ ਸੋਗ ਦੁਹਹੂੰ ਤੇ ਮੁਕਤੇ॥ ਸਦਾ ਅਲਪਿਤੁ ਜੋਗ ਅਰ ਜੁਗਤੇ॥’ ਮਤਲਬ ਪਰਮਾਤਮਾ ਦੀ ਸ਼ਰਨ ਵਿਚ ਆਉਣ ਵਾਲੇ ਹਮੇਸ਼ਾ ਦੁਖ-ਸੁਖ ਤੋਂ ਮੁਕਤ ਹੁੰਦੇ ਹਨ, ਉਹ ਮਾਇਆ ਤੋਂ ਨਿਰਲੇਪ ਰੱਬ ਨਾਲ ਜੁੜੇ ਚੰਗੀ ਜੀਵਨ ਜੁਗਤ ਵਾਲੇ ਹੁੰਦੇ ਹਨ। ਪਰ ਸਾਡਾ ਪਾਤਰ ਜੁਗਤੀਆਂ ਜਾਂ ਜੁਗਤਿਆਂ ਦੀ ਕੋਟੀ ਵਿਚ ਨਹੀਂ ਆਉਂਦਾ, ਉਹ ਤਾਂ ਜੁਗਤਾਂ ਨੂੰ ਪੁਠੇ ਪਾਸੇ ਲਾਉਣ ਵਾਲਾ ਜੁਗਤੂ ਹੈ। ਉਸਤਾਦ-ਸ਼ਾਗਿਰਦ ਜਾਂ ਗੁਰੂ-ਚੇਲਾ ਦੀ ਤਰ੍ਹਾਂ ਜੁਗਤੀ ਜਾਂ ਜੁਗਤੂ ਵੀ ਇਕ ਸਿਲਸਿਲੇ ਅਨੁਸਾਰ ਵਿਚਰਦੇ ਹੋਏ ਸਮਾਜ ‘ਤੇ ਆਪਣੀ ਜਕੜ ਮਜ਼ਬੂਤ ਕਰਦੇ ਜਾਂਦੇ ਹਨ, ਘਟੋ ਘਟ ਇਸ ਨਾਵਲ ਵਿਚੋਂ ਏਹੀ ਪ੍ਰਭਾਵ ਬਣਦਾ ਹੈ। ਇਸ ਸਿਲਸਿਲੇ ਨੂੰ ਚਲਦਾ ਰੱਖਣ ਲਈ ਹੀ ਲੇਖਕ ਨੇ ਜੁਗਤਪੁੱਛ ਤੇ ਜੁਗਤਗੁਰੂ ਜਿਹੇ ਸ਼ਬਦ ਘੜੇ ਹਨ।
ਕਿਸੇ ਸ਼ਬਦ ਦੇ ਪਿਛੇ ‘ਊ’ ਪਿਛੇਤਰ ਲਾ ਕੇ ਪੰਜਾਬੀ ਵਿਚ ਨਿਖੇਧਾਤਮਕ ਅਰਥਾਂ ਵਾਲੇ ਸ਼ਬਦ ਬਣਾ ਲਏ ਜਾਂਦੇ ਹਨ, ਕੁਝ ਇਸ ਤਰ੍ਹਾਂ ਜਿਵੇਂ ਪਰਸੂ ਪਰਸਾ ਪਰਸ ਰਾਮ। ਗਰੀਬ ਤਾਂ ਗਰੀਬ ਹੈ ਹੀ ਪਰ ਗਰੀਬੂ ਸਾਡੇ ਮਖੌਲ ਦਾ ਪਾਤਰ ਵੀ ਹੈ। ਮੁੰਡਾ ਚੰਗਾ ਭਲਾ ਲੜਕਾ ਹੈ ਪਰ ਮੁੰਡੂ ਢਾਬਿਆਂ ‘ਤੇ ਪੋਚੇ ਫੇਰਦਾ ਇਕ ਅਦਨਾ ਨੌਕਰ ਬਣ ਜਾਂਦਾ ਹੈ। ਚੁੰਨ੍ਹਾਂ ਤੇ ਚੁੰਨੂੰ ਅਤੇ ਭੋਲਾ ਤੇ ਭੋਲੂ ਵਿਚ ਸੂਖਮ ਭੇਦ ਹੈ। ਕਈ ਵਾਰੀ ਤਾਂ ਇਉਂ ਲਗਦਾ ਹੈ ਕਿ ਕਿਸੇ ਸ਼ਬਦ ਦੇ ਪਿਛੇ ‘ਊ’ ਲਾ ਕੇ ਤੀਸਰੀ ਨਾਕਾਰਤਮਕ ਡਿਗਰੀ ਬਣਾਉਣ ਦੀ ਇਹ ਪੰਜਾਬੀ ਜੁਗਤ ਹੈ। ਭਾਸ਼ਾ ਦੀਆਂ ਜੁਗਤਾਂ ਅਜਿਹੀਆਂ ਹੀ ਹੁੰਦੀਆਂ ਹਨ ਜੋ ਇਕ ਹੀ ਸ਼ਬਦ ਵਿਚ ਥੋੜੀ ਘਣੀ ਤਬਦੀਲੀ ਕਰਕੇ ਕੁਝ ਦਾ ਕੁਝ ਅਰਥ ਬਣਾ ਲੈਂਦੀਆਂ ਹਨ, ਕਈ ਵਾਰੀ ਤਾਂ ਅਨਰਥ ਵੀ ਕਰ ਦਿੰਦੀਆਂ ਹਨ।
ਪੰਜਾਬੀ ਦੇ ਜੁਗਤ ਸ਼ਬਦ ਵਿਚ ਯੋਗ ਪਦਾਰਥਕ ਵਸੀਲਿਆਂ ਨੂੰ ਇਕੱਠੇ ਕਰਕੇ ਦਿਮਾਗ ਲੜਾ ਕੇ ਆਪਣੇ ਮੰਤਵ ਨੂੰ ਸਿਰੇ ਚਾੜ੍ਹਨ ਦਾ ਆਸ਼ਾ ਹੈ। ਦਰਅਸਲ ਜੀਵਨ ਜੀਉਣ ਲਈ ਵੀ ਜੀਵਨ ਜੁਗਤ ਚਾਹੀਦੀ ਹੁੰਦੀ ਹੈ। ਸਾਧਨ ਸੀਮਿਤ ਜੁ ਹੁੰਦੇ ਹਨ। ਜੁਗਤ ਕਿੰਨੀ ਸੂਖਮ ਹੋ ਸਕਦੀ ਹੈ, ਇਹ ਭਾਈ ਗੁਰਦਾਸ ਹੀ ਜਾਣਦੇ ਹਨ, ‘ਫੁਲੀ ਵਾਸੁ ਨਿਵਾਸੁ ਹੈ ਕਿਤੁ ਜੁਗਤਿ ਸਮਾਣੀ॥’ ਕਿਸ ਜੁਗਤ ਨਾਲ ਮਹਿਕ ਫੁੱਲ ਵਿਚ ਸਮਾ ਰਹੀ ਹੈ! ਭਾਈ ਗੁਰਦਾਸ ਕਈ ਵਾਰ ਕਮਾਲ ਹੀ ਕਰ ਦਿੰਦੇ ਹਨ। ਗੁਰੂ ਨਾਨਕ ਦੇਵ ਨੇ ਜੁਗਤ ਸ਼ਬਦ ਯੋਗ, ਉਚਿਤ ਦੇ ਅਰਥਾਂ ਵਿਚ ਵੀ ਵਰਤਿਆ ਹੈ, ‘ਸੋਈ ਬ੍ਰਹਮਣ ਪੂਜਣ ਜੁਗਤੁ॥’
ਇਸ ਜੁਗਤ ਦਾ ਸ੍ਰੋਤ ਹੈ ਸੰਸਕ੍ਰਿਤ ਸ਼ਬਦ ‘ਯੁਕਤਿ।’ ਸੰਸਕ੍ਰਿਤ ਸ਼ਬਦਾਂ ਦੀ ਆਖਰੀ ਸਿਹਾਰੀ ()ਿ ਧੁਨੀ ਪੰਜਾਬੀ ਵਿਚ ਜਾਂ ਅਲੋਪ ਹੋ ਜਾਂਦੀ ਹੈ ਜਾਂ ਬਿਹਾਰੀ (ੀ) ਵਿਚ ਬਦਲ ਜਾਂਦੀ ਹੈ। ਇਥੇ ਇਹ ਅਲੋਪ ਹੋ ਗਈ ਹੈ। ‘ਯ’ ਧੁਨੀ ‘ਜ’ ਅਤੇ ‘ਕ’ ‘ਜ’ ਵਿਚ ਵਟ ਗਈਆਂ ਜੋ ਆਮ ਹੀ ਵਰਤਾਰਾ ਹੈ। ਸੋ ਸ਼ਬਦ ਰਹਿ ਗਿਆ ‘ਜੁਗਤ।’ ਹਾਲਾਂਕਿ ਗੁਰਬਾਣੀ ਵਿਚ ਜੁਗਤੀ ਸ਼ਬਦ ਵੀ ਆਇਆ ਹੈ, ‘ਜੋਰੁ ਨ ਜੁਗਤੀ ਛੁਟੈ ਸੰਸਾਰ॥’ (ਗੁਰੂ ਨਾਨਕ ਦੇਵ) ਇਸ ਸੰਸਾਰ ਤੋਂ ਛੁਟਕਾਰਾ ਪਾਉਣ ਲਈ ਕੋਈ ਤਾਕਤ ਨਹੀਂ ਤੇ ਨਾ ਹੀ ਵਿਧ। ਇਸੇ ਤਰ੍ਹਾਂ ਸੰਸਕ੍ਰਿਤ ‘ਮੁਕਤਿ’ ਪੰਜਾਬੀ ਵਿਚ ‘ਮੁਕਤੀ’ ਬਣ ਗਈ। ਯੁਕਤੀ ਦਾ ਅਰਥ ਹੈ-ਜੋੜ, ਮੇਲ, ਸੰਗਮ ਆਦਿ। ਯੁਕਤੀ ਜਾਂ ਜੁਗਤ ਅਧੀਨ ਅਸੀਂ ਆਪਣਾ ਦਿਮਾਗ ਤੇ ਸਾਧਨ ਇਕ ਖਾਸ ਮੰਤਵ ਦੀ ਪੂਰਤੀ ਲਈ ਜੋੜਦੇ ਹਾਂ। ਜਿਸ ਕਿਸੇ ਵਿਚ ਇਸ ਤਰ੍ਹਾਂ ਕਰਨ ਦੀ ਮੁਹਾਰਤ ਹੋ ਜਾਵੇ ਉਹ ਬੰਦਾ ਜੁਗਤੀ ਬਣ ਜਾਂਦਾ ਹੈ। ਰਾਂਝਾ ਵਿਆਹੀ ਹੀਰ ਨੂੰ ਮਿਲਣ ਲਈ ਕਿੰਨੀਆਂ ਜੁਗਤਾਂ ਕਰਦਾ ਹੈ, ਦੇਖੋ ਹਾਸ਼ਿਮ ਦੀ ਹੀਰ ਵਿਚ,
ਮੀਮ ਮੁਖ ਬਿਭੂਤ ਲਗਾਇ ਰਾਂਝਾ,
ਕੰਨੀਂ ਮੁੰਦਰਾਂ ਤੇ ਹੋਇਆ ਜਟਾ ਧਾਰੀ।
ਤੂੰਬਾ ਹੱਥ ਤਾਂਬਾ ਲੱਕ ਲੰਗ ਸੋਹੇ,
ਭਲੀ ਪਾਈ ਸੁ ਜੋਗ ਦੀ ਜੁਗਤ ਸਾਰੀ।
ਜਾਇ ਪਹੁੰਚਿਆ ਰੰਗਪੁਰ ਖੇੜਿਆਂ ਦੇ,
ਵਿਹੜੇ ਹੀਰ ਦੇ ਜਾ ਕੇ ਕੇਸ ਧਾਰੀ।
ਹਾਸ਼ਮ ਸ਼ਾਹ ਮੀਆਂ ਯਾਰ ਵੇਖਣੇ ਨੂੰ,
ਰਾਂਝੇ ਭੇਸ ਵਟਾਇਆ ਹੈ ਖੂਬ ਕਾਰੀ।
ਜੋਗ ਤੇ ਜੁਗਤ ਅਕਸਰ ਸੰਯੁਕਤ ਰੂਪ ਵਿਚ ਆਉਂਦੇ ਹਨ। ਇਸ ਸ਼ਬਦ ਦੇ ਸੰਸਕ੍ਰਿਤ ਰੂਪ ‘ਯੁਕਤਿ’ ਵਿਚ ਤਤਪਰਤਾ, ਤਿਆਰੀ ਤੋਂ ਇਲਾਵਾ, ਅਮਲ, ਵਿਵਹਾਰਕਤਾ ਦੇ ਭਾਵ ਵੀ ਹਨ। ਇਸ ਦੇ ਵਿਉਂਤ, ਵਿਧੀ, ਢੰਗ, ਤਦਬੀਰ ਆਮ ਅਰਥ ਹਨ ਪਰ ਸੰਸਕ੍ਰਿਤ ਵਿਚ ਹੀ ਇਸ ਦੇ ਅਰਥਾਂ ਵਿਚ ਕੁਝ ਗਿਰਾਵਟ ਵੀ ਆ ਗਈ ਜੋ ਜੁਗਤ ਸ਼ਬਦ ਦੇ ਵਿਗੜੇ ਅਰਥਾਂ ਵਿਚ ਵੀ ਪ੍ਰਗਟ ਹੋਈ। ਇਸ ਵਿਚ ਚਤੁਰਾਈ, ਚਲਾਕੀ, ਦਾਅ-ਪੇਚ, ਚਾਲਬਾਜੀ, ਢੋਂਗ ਜਿਹੇ ਭਾਵਾਂ ਦਾ ਸਮਾਵੇਸ਼ ਹੋ ਗਿਆ। ਸੰਸਕ੍ਰਿਤ ਵਿਚ ਇਸ ਦਾ ਅਰਥ ਪਸਾਰਾ ਵਿਸ਼ਾਲ ਹੈ। ਸਾਹਿਤ ਦੇ ਪ੍ਰਸੰਗ ਵਿਚ ਇਹ ਸ਼ਬਦ ਨਾਟਕ ਦੀ ਗੋਂਦ ਦੇ ਆਪਸੀ ਤਾਲਮੇਲ ਵੱਲ ਸੰਕੇਤ ਕਰਦਾ ਹੈ। ਪੰਜਾਬੀ ਵਿਚ ਯੁਕਤੀ ਸ਼ਬਦ ਆਮ ਤੌਰ ‘ਤੇ ਗਿਆਨ ਸਾਹਿਤ ਵਿਚ ਤਰਕ, ਨਿਆਇ, ਦਲੀਲ ਆਦਿ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਸ ਨੂੰ ਅਸੀਂ ‘ਯੁਕਤੀ-ਯੁਕਤ’ ਜੁੱਟ ਵਿਚ ਵੀ ਦੇਖ ਸਕਦੇ ਹਾਂ ਜਿਸ ਦਾ ਮਤਲਬ ਹੁੰਦਾ ਹੈ ਦਲੀਲ ਜਾਂ ਤਰਕ ਸਹਿਤ।
ਯੁਕਤ ਤੋਂ ਹੀ ਸ਼ਬਦ ਬਣਿਆ ਨਿਯੁਕਤ। ਕਿਸੇ ਨੂੰ ਨਿਯੁਕਤ ਕਰਨ ਦਾ ਭਾਵ ਹੈ ਉਸ ਨੂੰ ਕਿਸੇ ਖਾਸ ਮੰਤਵ ਜਾਂ ਯੋਜਨਾ ਪੂਰੀ ਕਰਨ ਲਈ ਲਾਇਆ ਗਿਆ ਹੈ। ਅੱਜ ਕੱਲ੍ਹ ਆਯੁਕਤ ਸ਼ਬਦ ਵੀ ਪ੍ਰਚਲਿਤ ਹੋ ਗਿਆ ਹੈ, ਖਾਸ ਤੌਰ ਉਤੇ ‘ਲੋਕ ਆਯੁਕਤ’ ਘਾੜਤ ਵਿਚ, ਜਿਸ ਦਾ ਵਿਸ਼ੇਸ਼ ਕਾਰਜ ਖੇਤਰ ਸਰਕਾਰੀ ਭ੍ਰਿਸ਼ਟਾਚਾਰ ‘ਤੇ ਨਜ਼ਰਸਾਨੀ ਕਰਨਾ ਹੈ। ਇਹ ਲੋਕਪਾਲ ਦੀ ਹੀ ਤਰ੍ਹਾਂ ਹੈ। ਉਂਜ ਆਯੁਕਤ ਦਾ ਅਰਥ ਕਿਸੇ ਖਾਸ ਕੰਮ ਲਈ ਲਾਇਆ ਕਾਰਿੰਦਾ ਹੁੰਦਾ ਹੈ। ਹਾਈ ਕਮਿਸ਼ਨਰ ਲਈ ਉਚ-ਆਯੁਕਤ ਸ਼ਬਦ ਬਣਾਇਆ ਗਿਆ ਹੈ। ਵਰਤੇ ਜਾਣ ਦੇ ਮਨਸ਼ੇ ਲਈ ਪ੍ਰਯੁਕਤ ਸ਼ਬਦ ਵੀ ਪ੍ਰਯੁਕਤ ਹੁੰਦਾ ਹੈ। ਸੰਯੁਕਤ ਵੀ ਬਹੁਤਿਆਂ ਦਾ ਜੋੜ ਹੀ ਹੈ। ਧਿਆਨ ਰਹੇ ਇਹ ਸਭ ਸ਼ਬਦ ਬੋਲ ਚਾਲ ਵਿਚ ਨਹੀਂ ਬਲਕਿ ਸਾਹਿਤਕ ਪੰਜਾਬੀ ਵਿਚ ਹੀ ਵਰਤੇ ਜਾਂਦੇ ਹਨ। ਕਿਸੇ ਲੇਖਕ ਵਲੋਂ ਵਰਤੇ ਜਾਂਦੇ ਵਿਸ਼ੇਸ਼ ਅਲੰਕਾਰ, ਧੁਨੀਆਂ, ਗੋਂਦਾਂ, ਮਿਥ, ਪੌਰਾਣਿਕ ਹਵਾਲੇ ਆਦਿ ਜੁਗਤਾਂ ਕਹਾਉਂਦੇ ਹਨ। ਇਸ ਆਸ਼ੇ ਲਈ ਇਹ ਸ਼ਬਦ ਅੰਗਰੇਜ਼ੀ ਦeਵਚਿe ਦੇ ਅਨੁਵਾਦ ਵਜੋਂ ਸਾਹਮਣੇ ਆਇਆ ਹੈ। ਜੁਗਤ ਲਈ ਪੰਜਾਬੀ ਦੇ ਕੁਝ ਠੇਠ ਸ਼ਬਦ ਹਨ ਵਿਉਂਤ, ਬੰਨ੍ਹ-ਸੁਬ, ਜੁਗਾੜ, ਹੀਲਾ, ਢੰਗ, ਢੋਂਗ ਆਦਿ।
ਇਨ੍ਹਾਂ ਸ਼ਬਦਾਂ ਦਾ ਮੁਢ ਹੈ ‘ਯੁਜ’ ਜਿਸ ਵਿਚ ਜੋੜਨ ਦਾ ਭਾਵ ਹੈ। ਸੰਸਕ੍ਰਿਤ ਵਿਚ ਇਸ ਦਾ ਅਰਥ ਪਸ਼ੂਆਂ ਆਦਿ ਨੂੰ ਜੋੜਨਾ ਅਰਥਾਤ ਜੂਲਾ ਪਾਉਣਾ ਹੈ। ਪੰਜਾਬੀ ਵਿਚ ਕਹਿ ਦਿੰਦੇ ਹਨ-ਗੱਡਾ ਜੋੜ ਲਓ। ਯੁਜ ਦੇ ਹੋਰ ਅਰਥ ਹਨ-ਤਿਆਰ ਕਰਨਾ, ਪ੍ਰਬੰਧ ਕਰਨਾ, ਵਰਤਣਾ, ਸਾਜਣਾ, ਲੈਸ ਕਰਨਾ। ਪੰਜਾਬੀ ਵਿਚ ਆਮ ਤੌਰ ‘ਤੇ ‘ਯ’ ਧੁਨੀ ‘ਜ’ ਵਿਚ ਬਦਲ ਜਾਂਦੀ ਹੈ। ਭਾਵੇਂ ਸਾਡੀ ਭਾਸ਼ਾ ਵਿਚ ਯੁਜ ਸ਼ਬਦ ਨਹੀਂ ਵਰਤਿਆ ਜਾਂਦਾ ਪਰ ਇਸ ਤੋਂ ਬਣੇ ਕੁਝ ਸ਼ਬਦ ਮਿਲ ਜਾਂਦੇ ਹਨ। ਇਨ੍ਹਾਂ ਵਿਚ ਯੋਜਨਾ ਸਭ ਤੋਂ ਅਹਿਮ ਹੈ। ਆਮ ਆਦਮੀ ਕੁਝ ਹਾਸਿਲ ਕਰਨ ਲਈ ਜੁਗਤਾਂ ਵਰਤਦਾ ਹੈ, ਸਰਕਾਰਾਂ ਯੋਜਨਾਵਾਂ ਬਣਾਉਂਦੀਆਂ ਹਨ। ਉਂਜ ਯੋਜਨਾ ਚੰਗੀ-ਮਾੜੀ ਵੀ ਹੋ ਸਕਦੀ ਹੈ। ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਵੀ ਯੋਜਨਾ ਬਣਾਈ ਜਾਂਦੀ ਹੈ। ਯੋਜਨਾ ਤੇ ਜੁਗਤ ਵਿਚ ਫਰਕ ਇਹ ਹੈ ਕਿ ਯੋਜਨਾ ਬਹੁਤਾ ਤੱਥਾਂ ਦਾ ਸਿਲਸਿਲੇਵਾਰ ਵੇਰਵਾ ਹੁੰਦਾ ਹੈ ਜਦ ਕਿ ਜੁਗਤ ਵਿਚ ਸਹਿਜ ਕਲਾ ਵਾਧੂ ਦੀ ਹੁੰਦੀ ਹੈ, ਸਮਝੋ ਭਾਈ ਗੁਰਦਾਸ ਵਾਲੀ ਯੋਜਨਾ ਤੋਂ ਅੱਗੇ ਪਰਿਯੋਜਨਾ ਸ਼ਬਦ ਬਣ ਗਿਆ ਜੋ ਇਕ ਵਿਸ਼ੇਸ਼ ਮਕਸਦ ਹਿਤ ਬਣਾਈ ਯੋਜਨਾ ਹੀ ਹੁੰਦੀ ਹੈ। ਪ੍ਰਯੋਜਨ ਵਿਚ ਕਿਸੇ ਮੰਤਵ ਜਾਂ ਮਕਸਦ ਦਾ ਭਾਵ ਆ ਗਿਆ ਹੈ। ਪਰਿਵਾਰ ਨੂੰ ਯੋਜਨਾਬਧ ਕਰਨ ਵਾਲੇ ਪਰਿਵਾਰ ਨਿਯੋਜਨ ਤੋਂ ਸਭ ਛੋਟੇ ਤੇ ਸੁਖੀ ਪਰਿਵਾਰ ਵਾਕਿਫ ਹਨ। ਕੋਈ ਸਮਾਗਮ ਆਯੋਜਤ ਕੀਤਾ ਜਾਂਦਾ ਹੈ। ਇਕ ਤੋਂ ਵਧ ਪਦਾਰਥਾਂ ਦੇ ਮਿਲਾਣ ਨੂੰ ਸੰਯੋਜਨ ਕਿਹਾ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਅਗੇਤਰ ਲਾ ਕੇ ਸ਼ਬਦ ਦੇ ਅਰਥਾਂ ਵਿਚ ਕਿੰਨਾ ਸੂਖਮ ਅੰਤਰ ਆ ਜਾਂਦਾ ਹੈ।
ਉਂਜ ਤਾਂ ਯੋਜਨ ਸ਼ਬਦ ਵਿਚ ਵੀ ਕਿਸੇ ਨੂੰ ਜੋੜਨ ਜਾਂ ਮਿਲਾਉਣ ਦਾ ਹੀ ਭਾਵ ਹੈ ਪਰ ਇਹ ਦੂਰੀ ਦਾ ਇਕ ਪ੍ਰਾਚੀਨ ਭਾਰਤੀ ਮਾਪ ਵੀ ਹੈ। ਇਸ ਦੀ ਮਾਤਰਾ ਵੱਖ ਵੱਖ ਮੱਤਾਂ ਅਨੁਸਾਰ ਵੱਖ ਵੱਖ ਹੈ। ਕਿਧਰੇ ਦੋ ਕੋਹ, ਕਿਧਰੇ ਚਾਰ ਕੋਹ ਤੇ ਕਿਧਰੇ ਅੱਠ ਕੋਹ ਤੱਕ ਹੈ। ਜੈਨੀਆਂ ਅਨੁਸਾਰ ਇਕ ਯੋਜਨ ਦਸ ਹਜ਼ਾਰ ਕੋਹ ਦਾ ਹੁੰਦਾ ਹੈ। ਪੁਰਾਣਾਂ ਅਨੁਸਾਰ ਧਰਤੀ ਦੇ ਹੇਠਾਂ ਸੱਤ ਪਤਾਲ ਹਨ। ਹਰ ਪਤਾਲ ਦੀ ਲੰਬਾਈ-ਚੌੜਾਈ ਦਸ ਦਸ ਹਜ਼ਾਰ ਯੋਜਨ ਹੈ। ਵੱਡੀ ਮਾਤਰਾ ਵਾਲੇ ਇਸ ਯੋਜਨ ਵਿਚ ਜੋੜ ਦਾ ਹੀ ਭਾਵ ਹੈ, ਬਹੁਤ ਜੁੜੀ ਹੋਈ ਦੂਰੀ। ਅਕਸਰ ਹੀ ਸ਼ਬਦ ਆਮ ਤੋਂ ਖਾਸ ਅਰਥ ਦੇਣ ਵੱਲ ਰੁਚਿਤ ਹੁੰਦੇ ਹਨ। ਯੁਜ ਧਾਤੂ ਦੀ ਅਜੇ ਅਸੀਂ ਤੰਦ ਹੀ ਛੂਹੀ ਹੈ। ਇਸ ਦਾ ਹੋਰ ਬਹੁਤ ਪਸਾਰਾ ਹੈ। ਬਹੁਤ ਸਾਰੀਆਂ ਹਿੰਦ-ਆਰਿਆਈ ਭਾਸ਼ਾਵਾਂ ਵਿਚ ਇਸ ਦੇ ਅਨੇਕਾਂ ਸੁਜਾਤੀ ਸ਼ਬਦ ਮਿਲਦੇ ਹਨ। ਕੁਝ ਹੋਰਾਂ ਦਾ ਜ਼ਿਕਰ ਅਸੀਂ ਅਗਲੇ ਹਫਤੇ ਕਰਾਂਗੇ।
Leave a Reply