ਡਾ. ਅਰਸ਼ਦੀਪ ਕੌਰ
ਫੋਨ: +91-98728-54006
‘ਗ਼ਦਰ’ ਅਖਬਾਰ ਗ਼ਦਰ ਲਹਿਰ ਦੀ ਆਵਾਜ਼ ਸੀ। ਇਸ ਦੇ ਪ੍ਰਭਾਵ ਸਦਕਾ ਦੂਜੇ ਦੇਸ਼ਾਂ ਵਿਚ ਆਪ-ਮੁਹਾਰੇ ਗ਼ਦਰ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਅਖਬਾਰ ਵਿਚ ਛਪਦੀ ਕਵਿਤਾ ਨੇ ਗ਼ਦਰੀ ਮੈਂਬਰਾਂ ਵਿਚ ਬਹੁਤ ਵਾਧਾ ਕੀਤਾ। ਅਖ਼ਬਾਰ ਦੀ ਕਵਿਤਾ ਦੇ ਕਿਤਾਬਚੇ ‘ਗ਼ਦਰ ਦੀ ਗੂੰਜ` ਸਿਰਲੇਖ ਹੇਠ ਲੋੜ ਅਨੁਸਾਰ ਛਾਪੇ ਜਾਂਦੇ ਸਨ।
ਇਸੇ ਅਖ਼ਬਾਰ ਵਿਚ ਦਿੱਤੇ ਇੱਕ ਸੁਨੇਹੇ ਨੇ ਹਜ਼ਾਰਾਂ ਹਿੰਦੋਸਤਾਨੀਆਂ ਨੂੰ ਦੇਸ਼ ਆਜ਼ਾਦ ਕਰਵਾਉਣ ਲਈ ਭਾਰਤ ਬੁਲਾ ਲਿਆ ਸੀ।
ਹਿੰਦੋਸਤਾਨੀਆਂ ਨੇ 19ਵੀਂ ਸਦੀ ਦੇ ਅਖੀਰ ਵਿਚ ਆਰਥਿਕ ਤੰਗੀ ਤੋਂ ਨਿਜਾਤ ਪਾਉਣ ਲਈ ਆਪਣਾ ਰੁਖ ਬਾਹਰਲੇ ਦੇਸ਼ਾਂ ਵੱਲ ਕਰ ਲਿਆ। ਕੈਨੇਡਾ ਅਤੇ ਅਮਰੀਕਾ ਦੀ ਧਰਤੀ `ਤੇ ਉਨ੍ਹਾਂ ਨਾਲ ਹੋ ਰਹੇ ਵਤੀਰੇ ਨੇ ਹਿੰਦੋਸਤਾਨੀਆਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ। ਇਸ ਗੁਲਾਮੀ ਤੋਂ ਆਜ਼ਾਦ ਹੋਣ ਲਈ ਹਿੰਦੋਸਤਾਨੀਆਂ ਨੇ ਕ੍ਰਾਂਤੀਕਾਰੀ ਰਸਤੇ ਅਪਣਾਉਂਦਿਆਂ ‘ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ` ਦੀ ਨੀਂਹ ਰੱਖੀ। 21 ਅਪਰੈਲ 1913 ਨੂੰ ਅਸਟੋਰੀਆ (ਅਮਰੀਕਾ) ਵਿਚ ਹੋਈ ਹਿੰਦੋਸਤਾਨੀਆਂ ਦੀ ਮੀਟਿੰਗ ਨੇ ਇਸ ਐਸੋਸੀਏਸ਼ਨ ਦੇ ਆਖ਼ਰੀ ਰੂਪ ਨੂੰ ਸਹਿਮਤੀ ਦੇ ਦਿੱਤੀ। ਇਸ ਵਿਚ ਐਸੋਸੀਏਸ਼ਨ ਦੀ ਕਮੇਟੀ ਬਣਾਈ ਗਈ ਅਤੇ ਕਮੇਟੀ ਦੀ ਸਹਿਮਤੀ ਨਾਲ ਕੁਝ ਫੈਸਲੇ ਲਏ ਗਏ। ਇਨ੍ਹਾਂ `ਚੋ ਇੱਕ ਫੈਸਲਾ ਹਫਤਾਵਾਰੀ ਅਖਬਾਰ ਸ਼ੁਰੂ ਕਰਨ ਦਾ ਸੀ ਜਿਸ ਦਾ ਨਾਮ 1857 ਵਾਲੇ ਗ਼ਦਰ ਤੋਂ ਪ੍ਰਭਾਵਿਤ ਹੋ ਕੇ ‘ਗ਼ਦਰ’ ਰੱਖਿਆ ਗਿਆ।
ਅਖਬਾਰ ਦਾ ਮਕਸਦ ਦੂਰ ਦੁਰਾਡੇ ਬੈਠੇ ਲੋਕਾਂ ਨੂੰ ਆਪਣੇ ਨਾਲ ਜੋੜਨਾ, ਲੋਕਾਂ ਨੂੰ ਅੰਗਰੇਜ਼ੀ ਰਾਜ ਦੀਆਂ ਵਧੀਕੀਆਂ ਤੋਂ ਜਾਣੂ ਕਰਵਾਉਣਾ ਅਤੇ ਰਾਜਨੀਤਕ ਪੱਖ ਤੋਂ ਜਾਗਰੂਕ ਕਰਨਾ ਸੀ ਪਰ ਕੁਝ ਕਾਰਨਾਂ ਕਰ ਕੇ ਇਹ ਅਖਬਾਰ ਐਸੋਸੀਏਸ਼ਨ ਦੀ ਸਥਾਪਨਾ ਤੋਂ ਛੇ ਮਹੀਨੇ ਬਾਅਦ ਪ੍ਰਕਾਸ਼ਿਤ ਹੋ ਸਕਿਆ।
ਪਹਿਲੀ ਨਵੰਬਰ 1913 ਵਿਚ ਲਾਲਾ ਹਰਦਿਆਲ ਦੀ ਸੰਪਾਦਕੀ ਹੇਠ ਉਰਦੂ ਭਾਸ਼ਾ ਵਿਚ ‘ਗ਼ਦਰ’ ਦਾ ਪਹਿਲਾ ਅੰਕ ਕੱਢਿਆ ਗਿਆ। ਦਸੰਬਰ 1913 ਵਿਚ ਗੁਰਮੁਖੀ, 1914 ਵਿਚ ਗੁਜਰਾਤੀ ਅਤੇ 1915 ਵਿਚ ਹਿੰਦੀ ਭਾਸ਼ਾ ਦਾ ਅੰਕ ਕੱਢਿਆ ਗਿਆ। ਇਸ ਤੋਂ ਇਲਾਵਾ ਬੰਗਾਲੀ, ਨੇਪਾਲੀ, ਪਸ਼ਤੋ ਅਤੇ ਅੰਗਰੇਜ਼ੀ ਭਾਸ਼ਾ ਵਿਚ ਲੋੜ ਅਨੁਸਾਰ ਅੰਕ ਛਾਪਿਆ ਜਾਂਦਾ ਸੀ।
ਲਾਲਾ ਹਰਦਿਆਲ ਦੀਆਂ ਲਿਖਤਾਂ ਨੂੰ ਉਰਦੂ ਭਾਸ਼ਾ ਵਿਚ ਯੂ.ਪੀ. ਦੇ ਵਿਸਵੇਸ਼ਵਰ ਪ੍ਰਸ਼ਾਦ ਅਤੇ ਗੁਰਮੁਖੀ ਵਿਚ ਕਰਤਾਰ ਸਿੰਘ ਸਰਾਭਾ ਲਿਖਦੇ ਸਨ। ਸ਼ੁਰੂ ਵਿਚ ਉਰਦੂ ਅੰਕ ਦੀ ਛਪਾਈ ਹੱਥ-ਮਸ਼ੀਨ ਰਾਹੀਂ ਕੀਤੀ ਗਈ ਜਿਸ ਵਿਚ ਇਕੱਲਾ-ਇਕੱਲਾ ਸ਼ਬਦ ਜੋੜਿਆ ਜਾਂਦਾ ਸੀ। ਕਰਤਾਰ ਸਿੰਘ ਸਰਾਭਾ ਅਤੇ ਰਘਵੀਰ ਦਿਆਲ ਦੀ ਮਦਦ ਨਾਲ ਅਖਬਾਰ ਛਾਪਿਆ ਜਾਂਦਾ ਸੀ।
ਜਨਵਰੀ 1914 ਦੇ ਅਖੀਰ ਵਿਚ ਬਿਜਲੀ ਨਾਲ ਚੱਲਣ ਵਾਲੀ ਲਿਥੋ ਮਸ਼ੀਨ ਵੇਲਨਸੀਆ ਸਟਰੀਟ, ਮਕਾਨ ਨੰਬਰ 1324 `ਚ ਲਾਈ ਗਈ। ਅਖਬਾਰ ਦਿਨੋ-ਦਿਨ ਲੋਕਾਂ ਵਿਚ ਹਰਮਨ ਪਿਆਰੀ ਹੋ ਰਹੀ ਸੀ ਜਿਸ ਦੇ ਪ੍ਰਭਾਵ ਅਧੀਨ ਐਸੋਸੀਏਸ਼ਨ ਦਾ ਨਾਮ ਗ਼ਦਰ ਪਾਰਟੀ, ਯੁਗਾਂਤਰ ਆਸ਼ਰਮ ਦਾ ਨਾਮ ਗ਼ਦਰ ਆਸ਼ਰਮ ਅਤੇ ਪਾਰਟੀ ਦੇ ਮੈਂਬਰਾਂ ਨੂੰ ਗ਼ਦਰੀ ਕਿਹਾ ਜਾਣ ਲੱਗ ਪਿਆ।
‘ਗ਼ਦਰ’ ਦੇ ਹਰ ਅੰਕ ਦੇ ਅੱਠ ਸਫ਼ੇ ਹੁੰਦੇ ਸਨ। ਅਖਬਾਰ ਦੇ ਪਹਿਲੇ ਸਫੇ `ਤੇ ਉਪਰਲੇ ਦੋਨਾਂ ਕੋਨਿਆਂ ਉਪਰ ‘ਬੰਦੇ ਮਾਤਰਮ` ਅਤੇ ਉਸ ਦੇ ਥੱਲੇ ਗੁਰਬਾਣੀ ਦੀਆਂ ਤੁਕਾਂ ‘ਜੇ ਚਿੱਤ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ` ਲਿਖੀਆਂ ਜਾਂਦੀਆਂ ਸਨ। ਫਿਰ ਅਖਬਾਰ ਦਾ ਨਾਮ ਵੱਡੇ ਅੱਖਰਾਂ ਵਿਚ ਲਿਖਿਆ ਹੁੰਦਾ ਸੀ।
ਅਖਬਾਰ ਦੇ ਨਾਮ ਨਾਲ ‘ਅੰਗਰੇਜ਼ੀ ਰਾਜ ਦਾ ਵੈਰੀ` ਅਤੇ ਜਿੰਨੀਆਂ ਭਾਸ਼ਾਵਾਂ ਵਿਚ ਅੰਕ ਨਿਕਲਦੇ ਸਨ, ਉਨ੍ਹਾਂ ਦਾ ਜ਼ਿਕਰ ਹੁੰਦਾ ਸੀ। ਗ਼ਦਰ ਅਖ਼ਬਾਰ ਵਿਚ ਸੰਪਾਦਕ, ਲੇਖ ਅਤੇ ਕਵਿਤਾ ਲਿਖਣ ਵਾਲੇ ਦਾ ਨਾਮ ਨਹੀਂ ਲਿਖਿਆ ਜਾਂਦਾ ਸੀ। ਕਿਤੇ-ਕਿਤੇ ਕਵਿਤਾ ਲਿਖਣ ਵਾਲਿਆਂ ਦੇ ਕਲਮੀ ਨਾਮ ਅਤੇ ਲਾਲਾ ਹਰਦਿਆਲ ਦੇ ਕੁਝ ਲੇਖਾਂ ਦੇ ਹੇਠਾਂ ਉਨ੍ਹਾਂ ਦਾ ਨਾਮ ਲਿਖਿਆ ਜਾਂਦਾ ਸੀ।
ਗ਼ਦਰ ਅਖ਼ਬਾਰ ਵਿਚ ਵਾਰਤਕ ਭਾਗ ਲਿਖਣ ਵਾਲੇ ਮੁੱਖ ਗ਼ਦਰੀ ਲਾਲਾ ਹਰਦਿਆਲ, ਵੀਰ ਸਾਵਰਕਰ, ਭਾਈ ਸੰਤੋਖ ਸਿੰਘ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ, ਭਾਈ ਪਰਮਾਨੰਦ, ਭਾਈ ਭਗਵਾਨ ਸਿੰਘ, ਬਾਬਾ ਨਿਧਾਨ ਸਿੰਘ ਚੁੱਘਾ, ਭਾਈ ਰਾਮ ਚੰਦਰ, ਤੇਜਾ ਸਿੰਘ ਸੁਤੰਤਰ, ਰਾਜਾ ਮਹਿੰਦਰ ਪ੍ਰਤਾਪ ਸਿੰਘ ਆਦਿ ਸਨ ਅਤੇ ਕਵਿਤਾ ਲਿਖਣ ਵਾਲੇ ਗਦਰੀ ਆਪਣਾ ਅਸਲੀ ਨਾਮ ਨਹੀਂ ਬਲਕਿ ਕਲਮੀ ਨਾਮ ਲਿਖਦੇ ਸਨ ਜੋ ਕਵਿਤਾ ਦੇ ਅੰਤ ਵਿਚ ਲਿਖਿਆ ਜਾਂਦਾ ਸੀ; ਜਿਵੇਂ ਗ਼ਦਰ ਦਾ ਸਿਪਾਹੀ, ਦੁਖੀਆ ਸਿੰਘ, ਗ਼ਦਰ ਦਾ ਪ੍ਰੇਮੀ ਸਿੰਘ, ਪੰਜਾਬ, ਬਾਗੀ ਸਿੰਘ, ਪ੍ਰੀਤਮ, ਦੁਖੀਆ ਸਿੰਘ ਕਾਮਾਗਾਟਾਮਾਰੂ, ਫਕੀਰ ਆਦਿ।
ਗ਼ਦਰ ਅਖ਼ਬਾਰ 1913 ਤੋਂ 1917 ਦੇ ਅਖੀਰ ਤੱਕ ਲਗਾਤਾਰ ਛਪਦਾ ਰਿਹਾ ਹੈ। 1916-17 ਵਿਚ ਗ਼ਦਰ ਪਾਰਟੀ ਵਿਚ ਕੁਝ ਵਖਰੇਵੇਂ ਆਉਣ ਕਾਰਨ ‘ਗ਼ਦਰ’ ਦੋ ਧੜਿਆਂ ਵੱਲੋਂ ਅਲੱਗ-ਅਲੱਗ ਨਿਕਲਦਾ ਰਿਹਾ। ਇਕ ਪਾਸੇ ਭਗਵਾਨ ਸਿੰਘ ‘ਪ੍ਰੀਤਮ` ਤੇ ਰਾਮ ਸਿੰਘ ਧੁਲੇਤਾ ਅਤੇ ਦੂਸਰੇ ਪਾਸੇ ਰਾਮ ਚੰਦਰ ਰਾਹੀਂ ਕੱਢਿਆ ਜਾਂਦਾ ਸੀ। ਇਸ ਦਾ ਕੋਈ ਮੁੱਲ ਨਹੀਂ ਹੁੰਦਾ ਸੀ ਅਤੇ ਨਾ ਹੀ ਇਸ ਵਿਚ ਵਪਾਰ ਸੰਬਧੀ ਕੋਈ ਇਸ਼ਤਿਹਾਰ ਨਿਕਲਦਾ ਸੀ।
ਸਮੇਂ-ਸਮੇਂ ਅਖ਼ਬਾਰ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ ਜਿਵੇਂ 3 ਮਾਰਚ 1914 ਵਿਚ ਪਹਿਲੇ ਸਫੇ `ਤੇ ਗੁਰੂ ਨਾਨਕ ਦੇਵ ਜੀ ਦੀਆ ਤੁਕਾਂ ਵਿਚ ਸੁਧਾਰ ਕਰ ਕੇ ‘ਜੇ ਚਿਤ` ਦੀ ਜਗ੍ਹਾ ‘ਜਉ ਤਉ` ਲਿਖਣਾ ਸ਼ੁਰੂ ਕਰ ਦਿੱਤਾ ਗਿਆ। 7 ਅਪਰੈਲ 1914 ਨੂੰ ‘ਗ਼ਦਰ` ਅਖਬਾਰ ਦਾ ਨਾਮ ਬਦਲ ਕੇ ‘ਹਿੰਦੋਸਤਾਨ ਗ਼ਦਰ` ਕਰ ਦਿੱਤਾ ਗਿਆ ਅਤੇ ਨਾਲ ਹੀ ਸੰਪਾਦਕ ਦੀ ਜਗ੍ਹਾ ਐਡੀਟਰ ਲਿਖਣਾ ਸ਼ੁਰੂ ਕਰ ਦਿੱਤਾ।
ਸਮੇਂ-ਸਮੇਂ `ਤੇ ਗ਼ਦਰ ਅਖ਼ਬਾਰ ਦੇ ਸੰਪਾਦਕ ਵੀ ਬਦਲੇ ਜਾਂਦੇ ਰਹੇ ਹਨ। ਸੰਪਾਦਕਾਂ ਵਿਚ ਲਾਲਾ ਹਰਦਿਆਲ, ਭਗਵਾਨ ਸਿੰਘ ‘ਪ੍ਰੀਤਮ` ਅਤੇ ਰਾਮ ਚੰਦਰ ਦੇ ਨਾਮ ਸ਼ਾਮਲ ਸਨ।
‘ਗ਼ਦਰ’ ਵਿਚ ਕੁਝ ਕਾਲਮ ਲਗਾਤਾਰ ਛਪਦੇ ਰਹੇ ਹਨ ਅਤੇ ਕੁਝ ਸਮੇਂ ਦੀ ਲੋੜ ਅਨੁਸਾਰ। ਇਸ ਵਿਚ ਛਪਦੇ ਕਾਲਮ ‘ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ` ਵਿਚ ਅੰਗਰੇਜ਼ੀ ਸਰਕਾਰ ਵੱਲੋਂ ਭਾਰਤੀਆਂ ਦੀ ਕੀਤੀ ਜਾ ਰਹੀ ਲੁੱਟ ਦਾ ਵੇਰਵਾ ਹੁੰਦਾ ਸੀ। ਇਕ ਹੋਰ ਕਾਲਮ ਵਿਚ ਅੰਗਰੇਜ਼ੀ ਸਰਕਾਰ ਦੀ ਆਰਥਿਕ ਲੁੱਟ ਖਸੁੱਟ ਦੇ ਅੰਕੜਿਆਂ ਨੂੰ ਦਰਸਾਇਆ ਜਾਂਦਾ ਸੀ। ਇਹ 25 ਜੂਨ 1917 ਤੱਕ ਗ਼ਦਰ ਅਖ਼ਬਾਰ ਦਾ ਹਿੱਸਾ ਰਹੇ।
ਅਖ਼ਬਾਰ ਵਿਚ ਕਵਿਤਾ ਦਾ ਕਾਲਮ ਹਰ ਅੰਕ ਵਿਚ ਛਾਪਿਆ ਜਾਂਦਾ ਸੀ। ਇਸ ਵਿਚ ਵੀਰ ਸਾਵਰਕਰ ਦੀ ਜ਼ਬਤ ਕੀਤੀ ਹੋਈ ਕਿਤਾਬ ‘ਤਵਾਰੀਖ ਗ਼ਦਰ 1857` 23 ਦਸੰਬਰ 1913 ਤੋਂ ਲੜੀਵਾਰ 11 ਭਾਗਾਂ ਵਿਚ 24 ਅਪਰੈਲ 1915 ਤੱਕ ਛਪਦੀ ਰਹੀ ਹੈ ਅਤੇ ਭਾਈ ਪਰਮਾਨੰਦ ਜੀ ਦੀ ਕਿਤਾਬ ‘ਤਾਰੀਖੇ-ਹਿੰਦ` ਵੀ ਗ਼ਦਰ ਅਖ਼ਬਾਰ ਦੇ ਕਈ ਅੰਕਾਂ ਵਿਚ ਕਿਸ਼ਤਵਾਰ ਛਪਦੀ ਰਹੀ ਹੈ। ਅਖ਼ਬਾਰ ਦੇ ਪਹਿਲੇ ਸਫ਼ੇ `ਤੇ ਵਿਚਲੇ ਲੇਖਾਂ ਦੀ ਲੜੀ ਛਾਪੀ ਜਾਂਦੀ ਸੀ ਜਿਸ ਵਿਚ ਲੇਖ ਦੇ ਨਾਮ ਨਾਲ ਸਫ਼ਾ ਨੰਬਰ ਵੀ ਲਿਖਿਆ ਹੁੰਦਾ ਸੀ। ਇਹ ਲੇਖਾਂ ਦੀ ਲੜੀ 10 ਨਵੰਬਰ 1914 ਤਕ ਛਪੀ ਹੈ।
ਇਸ ਤੋਂ ਇਲਾਵਾ ਅਖ਼ਬਾਰ ਦੇ ਪਹਿਲੇ ਸਫੇ `ਤੇ ਚਿੱਠੀ-ਪੱਤਰ ਅਤੇ ਅਖ਼ਬਾਰ ਲਈ ਚੰਦਾ ਭੇਜਣ ਲਈ ਅਖ਼ਬਾਰ ਦਾ ਪਤਾ ਛਪਦਾ ਰਿਹਾ ਹੈ।
ਗ਼ਦਰ ਅਖ਼ਬਾਰ ਵਿਚ ਇਨ੍ਹਾਂ ਕਾਲਮਾਂ ਤੋਂ ਬਿਨਾ ਬਰਤਾਨਵੀ ਸਰਕਾਰ ਵਿਰੁੱਧ ਦੂਸਰੇ ਦੇਸ਼ਾਂ ਜਿਵੇਂ ਕਿ ਤੁਰਕ, ਮਿਸਰ, ਰੂਸ ਅਤੇ ਆਇਰਲੈਂਡ ਵਿਚ ਹੋ ਰਹੀਆਂ ਗਤੀਵਿਧੀਆਂ ਨੂੰ ਅਖ਼ਬਾਰ ਦਾ ਹਿੱਸਾ ਬਣਾਇਆ ਜਾਂਦਾ ਸੀ। ਇਸ ਤੋਂ ਇਲਾਵਾ ਕੋਈ ਜ਼ਰੂਰੀ ਨੋਟ ਜੋ ਪਾਠਕਾਂ ਨੂੰ ਦੇਣਾ ਹੁੰਦਾ ਸੀ; ਜਿਵੇਂ ਕਿਤੇ ਅਖ਼ਬਾਰ ਵਿਚ ਕੰਮ ਕਰਨ ਵਾਲੇ ਦੀ ਲੋੜ ਹੁੰਦੀ ਸੀ, ਜੇ ਕਿਤੇ ਜਲਸਾ ਹੋਣਾ ਹੁੰਦਾ ਸੀ ਜਾਂ ਕਵਿਤਾ ਭੇਜਣ ਵਾਲਿਆਂ ਦੀ ਅਗਵਾਈ ਕਰਨ ਬਾਰੇ ਅਤੇ ਧੰਨਵਾਦ ਕਰਨਾ ਹੁੰਦਾ ਸੀ ਤਾਂ ਅਖ਼ਬਾਰ ਵਿਚ ਛਾਪ ਦਿੱਤਾ ਜਾਂਦਾ ਸੀ।
‘ਗ਼ਦਰ` ਗ਼ਦਰ ਲਹਿਰ ਦੀ ਆਵਾਜ਼ ਸੀ। ਗ਼ਦਰ ਅਖਬਾਰ ਦੇ ਪ੍ਰਭਾਵ ਸਦਕਾ ਦੂਜੇ ਦੇਸ਼ਾਂ ਵਿਚ ਆਪ-ਮੁਹਾਰੇ ਗ਼ਦਰ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਅਖਬਾਰ ਵਿਚ ਛਪਦੀ ਕਵਿਤਾ ਨੇ ਗ਼ਦਰੀ ਮੈਂਬਰਾਂ ਵਿਚ ਬਹੁਤ ਵਾਧਾ ਕੀਤਾ। ਅਖ਼ਬਾਰ ਦੀ ਕਵਿਤਾ ਦੇ ਕਿਤਾਬਚੇ ‘ਗ਼ਦਰ ਦੀ ਗੂੰਜ` ਸਿਰਲੇਖ ਹੇਠ ਲੋੜ ਅਨੁਸਾਰ ਛਾਪੇ ਜਾਂਦੇ ਸਨ। ਇਸੇ ਅਖ਼ਬਾਰ ਵਿਚ ਦਿੱਤੇ ਇੱਕ ਸੁਨੇਹੇ ਨੇ ਹਜ਼ਾਰਾਂ ਹਿੰਦੋਸਤਾਨੀਆਂ ਨੂੰ ਦੇਸ਼ ਆਜ਼ਾਦ ਕਰਵਾਉਣ ਲਈ ਭਾਰਤ ਬੁਲਾ ਲਿਆ ਸੀ।