ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਖੇਤਰਫਲ ਪੱਖੋਂ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ਵਿਚ ਵੱਖਰੇ ਮੁਲਕ ਲਈ ਸੰਘਰਸ਼ 1948 ਤੋਂ ਚੱਲ ਰਿਹਾ ਹੈ। ਪਿਛਲੇ ਸਾਢੇ ਸੱਤ ਦਹਾਕਿਆਂ ਦੌਰਾਨ ਬਹੁਤ ਸਾਰੇ ਉਤਰਾਅ-ਚੜ੍ਹਾਅ ਆਏ ਪਰ ਆਪਣੀ ਬਹਾਦਰੀ ਲਈ ਮਸ਼ਹੂਰ ਬਲੋਚਾਂ ਨੇ ਵੱਖ-ਵੱਖ ਸਮਿਆਂ ਦੌਰਾਨ ਪਾਕਿਸਤਾਨੀ ਹਕੂਮਤਾਂ ਦੇ ਨੱਕ ਵਿਚ ਦਮ ਕਰੀ ਰੱਖਿਆ ਹੈ। ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਤੇਜ ਨੇ ਆਪਣੇ ਇਸ ਲੇਖ ਵਿਚ ਬਲੋਚਾਂ ਦੇ ਸੰਘਰਸ਼ਾਂ ਦੇ ਬਹੁਤ ਸਾਰੇ ਦਿਲਚਸਪ ਪੱਖ ਉਘਾੜੇ ਹਨ।
ਮੁਝੇ ਜੰਗ-ਇ-ਆਜ਼ਾਦੀ ਕਾ ਮਜ਼ਾ ਮਾਲੂਮ ਹੈ
ਬਲੋਚੋਂ ਪਰ ਜ਼ੁਲਮ ਕੀ ਇੰਤਹਾ ਮਾਲੂਮ ਹੈ
ਮੁਝੇ ਜ਼ਿੰਦਗੀ ਭਰ ਪਾਕਿਸਤਾਨ ਮੇਂ ਜੀਨੇ ਕੀ ਦੁਆ ਨਾ ਦੋ
ਮੁਝੇ ਪਾਕਿਸਤਾਨ ਮੇਂ ਸਾਠ ਸਾਲ ਜੀਨੇ ਕੀ ਸਜ਼ਾ ਮਾਲੂਮ ਹੈ
ਖੱਬੇ ਪੱਖੀ ਇਨਕਲਾਬੀ ਸ਼ਾਇਰ ਹਬੀਬ ਜਾਲਿਬ (1928-1993) ਦੇ ਉਪਰੋਕਤ ਅਲਫ਼ਾਜ਼ ਪਾਕਿਸਤਾਨ ਵਿਚ ਬਲੋਚਾਂ ਦੀ ਦੁਰਦਸ਼ਾ ਬਾਖ਼ੂਬੀ ਬਿਆਨ ਕਰਦੇ ਹਨ। ਕਮਾਲ ਦੀ ਗੱਲ ਇਹ ਹੈ ਕਿ ਉਹ ਬਲੋਚ ਨਹੀਂ ਸੀ, ਪੰਜਾਬੀ ਸੀ: ਜੰਮਪਲ ਹੁਸ਼ਿਆਰਪੁਰ ਦਾ, ਇੰਤਕਾਲ ਲਾਹੌਰ ਵਿਚ। ਪਰ ਇਨਕਲਾਬੀ ਤੇ ਇਖ਼ਲਾਕਪ੍ਰਸਤ ਹੋਣ ਕਾਰਨ ਉਸ ਨੇ ਕੈਦਾਂ ਕਈ ਕੱਟੀਆਂ। ਢਾਈ ਸਾਲ ਕੋਇਟਾ (ਬਲੋਚ ਰਾਜਧਾਨੀ) ਜੇਲ੍ਹ ਵਿਚ ਵੀ ਕੈਦ ਰਿਹਾ। ਉਸ ਕੈਦ ਦੌਰਾਨ ਉਸ ਨੇ ਬਲੋਚਾਂ ਦੇ ਹਸ਼ਰ ਬਾਰੇ ਜੋ ਕੁਝ ਜਾਣਿਆ-ਸੁਣਿਆ, ਉਸ ਨੇ ਉਸ ਨੂੰ ਬਲੋਚ ਸੰਘਰਸ਼ ਦਾ ਤਰਜਮਾਨ ਬਣਾ ਦਿੱਤਾ।
ਬਲੋਚ ਸੰਘਰਸ਼ 1948 ਤੋਂ ਜਾਰੀ ਹੈ। ਭਾਰਤੀ ਉਪ ਮਹਾਂਦੀਪ ਦੀ ਆਜ਼ਾਦੀ ਤੋਂ 227 ਦਿਨ ਬਾਅਦ ਸ਼ੁਰੂ ਹੋਇਆ ਸੀ ਇਹ ਸੰਘਰਸ਼। 227 ਦਿਨ ਕਲਾਤ ਰਿਆਸਤ (ਬਲੋਚਿਸਤਾਨ ਦਾ ਉਸ ਸਮੇਂ ਦਾ ਨਾਮ) ‘ਆਜ਼ਾਦ’ ਮੁਲਕ ਵਜੋਂ ਕੰਮ ਕਰਦੀ ਰਹੀ। ਕਰਾਚੀ ਸੀ ਉਸ ਸਮੇਂ ਨਵ-ਸਥਾਪਿਤ ਪਾਕਿਸਤਾਨ ਦੀ ਰਾਜਧਾਨੀ। ਉੱਥੇ ਕਲਾਤ ਨੇ ਵੀ ਆਪਣਾ ਦੂਤਘਰ ਸਥਾਪਿਤ ਕੀਤਾ ਜਿੱਥੇ ਉਸ ‘ਮੁਲਕ’ ਦਾ ਆਪਣਾ ਝੰਡਾ ਕਈ ਮਹੀਨਿਆਂ ਤਕ ਝੁੱਲਦਾ ਰਿਹਾ। ਪਰ 27 ਮਾਰਚ 1948 ਨੂੰ ਪਾਕਿਸਤਾਨੀ ਫ਼ੌਜ ਨੇ ਕਲਾਤ ਉੱਤੇ ਚੜ੍ਹਾਈ ਕਰ ਦਿੱਤੀ। ਅਗਲੇ ਦਿਨ ਕਲਾਤ ਦੇ ਖ਼ਾਨ (ਮਹਾਰਾਜਾ) ਨੇ ਪਾਕਿਸਤਾਨ ਨਾਲ ਰਲੇਵੇਂ ਦੇ ਅਹਿਦ ਉੱਤੇ ਦਸਤਖ਼ਤ ਕਰ ਦਿੱਤੇ ਤਾਂ ਜੋ ਰਿਆਸਤ ਨੂੰ ਬੇਲੋੜੇ ਖ਼ੂਨ-ਖਰਾਬੇ ਤੋਂ ਬਚਾਇਆ ਜਾ ਸਕੇ। ਭੂਗੋਲਿਕ ਤੌਰ ’ਤੇ ਰਲੇਵਾਂ ਤਾਂ ਹੋ ਗਿਆ, ਪਰ ਦਿਲ ਨਹੀਂ ਜੁੜੇ। ਬਲੋਚਾਂ ਨੇ ਪਾਕਿਸਤਾਨੀਆਂ ਨੂੰ ਦਿਲੋਂ ਸਵੀਕਾਰ ਨਹੀਂ ਕੀਤਾ। ਹਥਿਆਰਬੰਦ ਸੰਘਰਸ਼ ਸ਼ੁਰੂ ਹੋ ਗਿਆ ਜੋ ਹੁਣ ਤੱਕ ਨਾ ਸਿਰਫ਼ ਜਾਰੀ ਹੈ ਸਗੋਂ ਹੁਣ ਵੱਧ ਖ਼ੂਨੀ ਹੁੰਦਾ ਜਾ ਰਿਹਾ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਇਸ ਸਾਲ 11 ਨਵੰਬਰ ਤੱਕ ਬਲੋਚ ਇੰਤਹਾਪਸੰਦਾਂ ਨੇ ਬਲੋਚਿਸਤਾਨ ਤੇ ਨਾਲ ਲਗਦੇ ਸਿੰਧ ਸੂਬੇ ਵਿਚ 723 ਸੁਰੱਖਿਆ ਕਰਮੀ ਤੇ ਹੋਰ ਲੋਕ ਮਾਰੇ। ਸੁਰੱਖਿਆ ਬਲਾਂ, ਖ਼ਾਸ ਕਰਕੇ ਫ਼ੌਜੀਆਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ 437 ‘ਦਹਿਸ਼ਤਗਰਦ’ ਮਾਰੇ ਗਏ। ਇਨ੍ਹਾਂ ਵਿਚੋਂ ਕਈ ਲੋਕ ਉਹ ਸਨ ਜੋ ਸੁਰੱਖਿਆ ਬਲਾਂ ਨੇ ਜਬਰੀ ਬੰਦੀ ਬਣਾ ਲਏ ਸਨ ਜਾਂ ਜੋ ਫਿਰ ਕਈ ਕਈ ਮਹੀਨਿਆਂ ਤੋਂ ਘਰੋਂ ਲਾਪਤਾ ਸਨ। ਬਲੋਚਾਂ ਦੇ ਹੱਕ ਵਿਚ ਨਾਅਰਾ ਮਾਰਨ ਵਾਲੇ ਹਰ ਵਿਅਕਤੀ ਨੂੰ ਖ਼ੁਫ਼ੀਆ ਏਜੰਸੀਆਂ ਵੱਲੋਂ ਚੁੱਕੇ ਜਾਣ ਦੀਆਂ ਘਟਨਾਵਾਂ ਇਸ ਸੂਬੇ ਦੀ ਹੋਣੀ ਰਹੀਆਂ ਹਨ। ਕਈ ਬਲੋਚ ਬੁੱਧੀਜੀਵੀ ਇਸ ਹੋਣੀ ਤੋਂ ਬਚਣ ਲਈ ਜਲਾਵਤਨ ਹੋ ਕੇ ਵਿਦੇਸ਼, ਖ਼ਾਸ ਕਰਕੇ ਯੂਰੋਪ ਜਾ ਵਸੇ। ਪਰ ਉੱਥੇ ਵੀ ਉਨ੍ਹਾਂ ਦਾ ਬਚਾਅ ਨਹੀਂ ਹੋਇਆ। ਪੱਤਰਕਾਰ ਤੇ ਲੇਖਕ ਸਾਜਿਦ ਹੁਸੈਨ ਉਨ੍ਹਾਂ ਵਿਚੋਂ ਇੱਕ ਸੀ। ਉਹ 2020 ਵਿਚ ਸਵੀਡਨ ਦੇ ਨਿੱਕੇ ਜਿਹੇ ਸ਼ਹਿਰ ਉਪਾਸਲਾ ਨੇੜਲੇ ਦਰਿਆ ਵਿਚੋਂ ਮਰਿਆ ਮਿਲਿਆ। ਪੁਲੀਸ ਨੇ ਉਸ ਦੀ ਮੌਤ ਨੂੰ ਖ਼ੁਦਕੁਸ਼ੀ ਦੱਸਿਆ। ਪਰ ਉਸ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਦਰਿਆ ਫਾਇਰਿਸ ਵਿਚ ਪਾਣੀ ਏਨਾ ਥੋੜ੍ਹਾ ਸੀ ਕਿ ਡੁੱਬ ਕੇ ਮਰਨਾ ਨਾਮੁਮਕਿਨ ਸੀ। ਸਾਜਿਦ ਵੱਲੋਂ ਲਿਖੇ ਨਾਵਲ ਦੇ ਖਰੜੇ ਨੂੰ ਪੂਰਾ ਕਰ ਕੇ ਹੁਣ ਉਸ ਦੇ ਦੋਸਤ ਮੁਹੰਮਦ ਹਨੀਫ਼ ਨੇ ਛਪਵਾਇਆ ਹੈ। ਨਾਮ ਹੈ ‘ਦਿ ਸੈਂਸੀਬਲ ਬਲੋਚ’। ਅਸਿੱਧੇ ਤੌਰ ’ਤੇ ਇਹ ਸਾਜਿਦ ਦੀ ਹੀ ਜੀਵਨ ਕਥਾ ਹੈ। ਬਲੋਚ ਸੰਘਰਸ਼ ਨੂੰ ਜ਼ੁਬਾਨ ਬਖ਼ਸ਼ਦਾ ਹੈ ਇਹ ਨਾਵਲ।
ਸਭ ਤੋਂ ਵੱਡਾ ਸੂਬਾ
ਜ਼ਮੀਨੀ ਰਕਬੇ ਪੱਖੋਂ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਬਲੋਚਿਸਤਾਨ। ਕੁਲ ਪਾਕਿਸਤਾਨੀ ਭੂਮੀ ਦਾ 44 ਫ਼ੀਸਦੀ ਰਕਬਾ ਹੈ ਇਸ ਕੋਲ। ਪਰ ਜ਼ਮੀਨ ਪਥਰੀਲੀ, ਖੁਰਦਰੀ ਤੇ ਖ਼ੁਸ਼ਕ ਹੋਣ ਕਾਰਨ ਮਨੁੱਖੀ ਵਸੋਂ ਕਾਫ਼ੀ ਘੱਟ ਹੈ। 2017 ਵਿਚ ਇਸ ਸੂਬੇ ਦੀ ਆਬਾਦੀ 1.49 ਕਰੋੜ ਸੀ। ਇਸ ਵਿਚੋਂ 69 ਲੱਖ ਬਲੋਚ ਸਨ। ਬਾਕੀ ਪਸ਼ਤੂਨ, ਹਜ਼ਾਰੇ, ਸਿੰਧੀ ਤੇ ਪੰਜਾਬੀ ਹਨ। ਵਸੋਂ ਦਾ ਇਹ ਅਸੰਤੁਲਨ ਬਲੋਚਾਂ ਦੇ ਮਨਾਂ ਵਿਚ ਅਸੁਰੱਖਿਆ ਦੀ ਭਾਵਨਾ ਵਧਾਉਂਦਾ ਆ ਰਿਹਾ ਹੈ। ਉਂਜ ਵੀ ਬਲੋਚ ਕੌਮ ਇੱਕ ਸਾਂਝੀ ਨਸਲ ਨਹੀਂ। ਇਹ ਕੁਰਦਾਂ, ਬ੍ਰਾਹਵੀਆਂ (ਜਾਂ ਬ੍ਰਾਹੁਈਆ) ਤੇ ਅਹਿਮਦਜ਼ਈ ਨਸਲਾਂ ਦਾ ਮਿਸ਼ਰਣ ਹੈ। ਕੁਰਦ, ਸੀਰੀਆ ਤੋਂ ਆਏ; ਤਿੰਨ ਹਜ਼ਾਰ ਵਰ੍ਹੇ ਪਹਿਲਾਂ। ਬ੍ਰਾਹਵੀ ਇਸ ਇਲਾਕੇ ਦੇ ਅਸਲ ਵਾਸੀ ਸਨ। ਅਹਿਮਦਜ਼ਈ, ਅਰਬ ਮੂਲ ਦੇ ਸਨ ਜੋ ਨੌਵੀਂ ਸਦੀ ਵਿਚ ਤਤਕਾਲੀ ਭਾਰਤ ਵਿਚ ਆਏ। ਕਲਾਤ ਦੇ ਖ਼ਾਨ ਅਹਿਮਦਜ਼ਈ ਸਨ (ਆਪਣੀ ਜ਼ੱਦ ਅਰਬੀ ਦੱਸਣ ਵਾਲੇ), ਪਰ ਉਨ੍ਹਾਂ ਨੂੰ ਬ੍ਰਾਹਵੀਆਂ ਦਾ ਭਰਪੂਰ ਸਾਥ ਮਿਲਦਾ ਰਿਹਾ। ਬ੍ਰਾਹਵੀ ਹੁਣ ਵੀ ਉਨ੍ਹਾਂ ਨੂੰ ਆਪਣਾ ਹੀ ਮੰਨਦੇ ਹਨ।
ਚਾਰ ਤੋਂ ਪੰਜ ਹਜ਼ਾਰ ਸਾਲ ਪੁਰਾਣੀ ਹੈ ਬਲੋਚ ਸਭਿਅਤਾ। ਬੈਬੀਲੋਨਿਆਈ ਸਭਿਅਤਾ ਦੇ ਜ਼ਮਾਨੇ ਦੀ। ਉਦੋਂ ਹੀ ਕੁਰਦਾਂ ਦੀ ਇਸ ਖ਼ਿੱਤੇ ਵੱਲ ਹਿਜਰਤ ਹੋਈ। ਬ੍ਰਾਹਵੀ ਆਪਣਾ ਮੂਲ ਭਾਰਤ ਦੇ ਦਰਾਵਿੜਾਂ ਨਾਲ ਜੋੜਦੇ ਹਨ। ਉਨ੍ਹਾਂ ਦੀ ਭਾਸ਼ਾ ਦੇ 200 ਤੋਂ ਵੱਧ ਸ਼ਬਦ, ਤਮਿਲ ਸ਼ਬਦਾਂ ਨਾਲ ਮਿਲਦੇ ਜੁਲਦੇ ਹਨ। ਉਂਜ, ਨਸਲੀ ਵਖਰੇਵਿਆਂ ਦੇ ਬਾਵਜੂਦ ਬਲੋਚ ਖ਼ੁਦ ਨੂੰ ਇੱਕ ਕੌਮ ਹੀ ਸਮਝਦੇ ਆਏ ਹਨ। ਇਸ ਵੇਲੇ ਤਿੰਨ ਮੁਲਕਾਂ ਵਿਚ ਵੰਡੇ ਹੋਏ ਹਨ ਉਹ: ਪਾਕਿਸਤਾਨ, ਇਰਾਨ ਤੇ ਅਫ਼ਗਾਨਿਸਤਾਨ। ਇਰਾਨ ਦਾ ਸੀਸਤਾਨ-ਬਲੋਚਿਸਤਾਨ ਸੂਬਾ ਉੱਥੋਂ ਦੇ ਬਲੋਚਾਂ ਦਾ ਗੜ੍ਹ ਹੈ। ਇਸੇ ਤਰ੍ਹਾਂ ਅਫ਼ਗਾਨਿਸਤਾਨ ਵਿਚ ਉਹ ਨਿਮਰੌਦ ਤੇ ਹੇਲਮੰਦ ਸੂਬਿਆਂ ਵਿਚ ਵਸੇ ਹੋਏ ਹਨ। ਪਰ ਉੱਥੇ ਉਹ ਵੱਖਵਾਦੀ ਭਾਵਨਾ ਦਾ ਮੁਜ਼ਾਹਰਾ ਨਹੀਂ ਕਰਦੇ। ਦੂਜੇ ਪਾਸੇ, ਇਰਾਨੀ ਬਲੋਚੀ ਪਾਕਿਸਤਾਨੀ ਬਲੋਚਾਂ ਨਾਲ ਇਕਜੁੱਟ ਹੋਣ ਦੇ ਯਤਨ ਲਗਾਤਾਰ ਕਰਦੇ ਆਏ ਹਨ। ਲਿਹਾਜ਼ਾ, ਖਾੜਕੂਪੁਣਾ ਇਰਾਨੀ ਪਾਸੇ ਵੀ ਹੈ ਅਤੇ ਪਾਕਿਸਤਾਨੀ ਪਾਸੇ ਵੀ। ਪਾਕਿਸਤਾਨ ਵੱਲ ਵੱਧ ਕਿਉਂਕਿ ਬਲੋਚ ਵਸੀਲਿਆਂ ਦੀ ਜੋ ਲੁੱਟ ਪਾਕਿਸਤਾਨ ਵਿਚ ਹੋਈ, ਉਹ ਇਰਾਨ ਵਿਚ ਨਹੀਂ। ਉਂਜ ਵੀ ਸੀਸਤਾਨ ਦੀ ਜ਼ਮੀਨ ਜ਼ਰਖੇਜ਼ ਹੈ। ਪਾਣੀ ਦੇ ਸਰੋਤ ਵੀ ਵੱਧ ਹਨ। ਫ਼ਲ ਖ਼ੂਬ ਹੁੰਦੇ ਹਨ। ਹੁਣ ਤਾਂ ਸਬਜ਼ੀਆਂ ਦੀ ਕਾਸ਼ਤ ਨਿੱਤ ਦੀ ਆਮਦਨ ਦਾ ਚੰਗਾ ਜ਼ਰੀਆ ਬਣ ਗਈ ਹੈ। ਇਸ ਦੇ ਬਾਵਜੂਦ ਆਜ਼ਾਦੀ ਦੀ ਚਾਹਤ ਬਹੁਤ ਫਿੱਕੀ ਨਹੀਂ ਪਈ, ਭਾਵੇਂ ਇਸ ਚਾਹਤ ਦੀ ਸ਼ਿੱਦਤ ਪਾਕਿਸਤਾਨੀ ਬਲੋਚਾਂ ਵਰਗੀ ਨਹੀਂ।
ਸਾਜਿਦ ਹੁਸੈਨ ਆਪਣੇ ਨਾਵਲ ਵਿਚ ਲਿਖਦਾ ਹੈ ਕਿ ਅੱਲ੍ਹਾ ਨਾਇਨਸਾਫ਼ੀ ਨਹੀਂ ਕਰਦਾ। ਉਸ ਨੇ ਪਾਕਿਸਤਾਨੀ ਪਾਸੇ ਬਲੋਚਾਂ ਨੂੰ ਜੇਕਰ ਜ਼ਰਖੇਜ਼ ਜ਼ਮੀਨ ਨਹੀਂ ਦਿੱਤੀ ਤਾਂ ਇਸ ਕਮੀ ਦੀ ਪੂਰਤੀ ਇਸੇ ਜ਼ਮੀਨ ਨੂੰ ਕੀਮਤੀ ਖਣਿਜਾਂ ਨਾਲ ਲੈਸ ਕਰ ਕੇ ਪੂਰੀ ਕਰ ਦਿੱਤੀ ਹੈ। ਤਾਂਬੇ, ਕੋਇਲੇ, ਚਾਂਦੀ, ਸੋਨੇ, ਪਲੈਟੀਨਮ ਤੇ ਯੂਰੇਨੀਅਮ ਦੀਆਂ ਖਾਣਾਂ ਹਨ ਬਲੋਚਿਸਤਾਨ ਵਿਚ। ਕੁਦਰਤੀ ਗੈਸ ਦੇ ਭਰਪੂਰ ਭੰਡਾਰ ਵੀ ਹਨ ਪਥਰੀਲੀ ਭੋਇੰ ਦੇ ਹੇਠਾਂ। ਗੈਸ ਦੀ ਕੁਲ ਪਾਕਿਸਤਾਨੀ ਖ਼ਪਤ ਦੇ ਅੱਧੇ ਹਿੱਸੇ ਦੀ ਪੂਰਤੀ ਬਲੋਚਿਸਤਾਨ ਤੋਂ ਹੁੰਦੀ ਹੈ। ਕਾਲੇ ਲੂਣ ਦੀਆਂ ਵੀ ਦਰਜਨਾਂ ਖਾਣਾਂ ਹਨ। ਹਾਂ, ਪਾਣੀ ਦਾ ਸੋਮਾ ਸਿਰਫ਼ ਜ਼੍ਹੋਬ ਦਰਿਆ ਹੈ ਜੋ ਸਾਰਾ ਸਾਲ ਥੋੜ੍ਹਾ-ਬਹੁਤ ਵਗਦਾ ਰਹਿੰਦਾ ਹੈ। ਲਿਹਾਜ਼ਾ, ਆਬਾਦੀ ਸਿਰਫ਼ ਉਨ੍ਹਾਂ ਥਾਵਾਂ ’ਤੇ ਹੈ ਜਿੱਥੇ ਪਾਣੀ ਦਾ ਕੋਈ ਨਾ ਕੋਈ ਸਰੋਤ ਹੈ। ਅੱਠ ਡਿਵੀਜ਼ਨਾਂ ਵਿਚ ਵੰਡੇ ਇਸ ਸੂਬੇ ਦੇ ਜ਼ਿਲਿ੍ਹਆਂ ਦੀ ਗਿਣਤੀ 37 ਹੈ, ਪਰ ਕੌਮੀ ਅਸੈਂਬਲੀ ਵਿਚ ਪ੍ਰਤੀਨਿਧਤਾ ਇਨ੍ਹਾਂ ਜ਼ਿਲਿ੍ਹਆਂ ਦੇ ਹਿਸਾਬ ਨਾਲ ਨਹੀਂ। ਵਿਦਿਅਕ ਅਦਾਰਿਆਂ ਦੀ ਘਾਟ ਅਤੇ ਸਰਕਾਰੀ ਅਣਗਹਿਲੀ ਨੇ ਬਲੋਚਾਂ ਦੀ ਸਾਖ਼ਰਤਾ ਦਰ 44 ਫ਼ੀਸਦੀ ਤੋਂ ਅਗਾਂਹ ਨਹੀਂ ਜਾਣ ਦਿੱਤੀ। ਔਰਤਾਂ ਦੀ ਇਹ ਦਰ ਤਾਂ ਹੋਰ ਵੀ ਘੱਟ 21 ਫ਼ੀਸਦੀ ਹੈ। ਜਿਹੜੇ ਬਲੋਚ ਧੁਰ-ਅੰਦਰੋਂ ਪਾਕਿਸਤਾਨ-ਪੱਖੀ ਹਨ, ਉਨ੍ਹਾਂ ਨੂੰ ਵੀ ਗਿਲਾ ਇੱਕੋ ਰਿਹਾ ਹੈ ਕਿ ਖਣਿਜਾਂ ਜਾਂ ਗੈਸ ’ਤੇ ਜਿੰਨੀ ਰਾਇਲਟੀ, ਬਲੋਚਿਸਤਾਨ ਨੂੰ ਮਿਲਣੀ ਚਾਹੀਦੀ ਸੀ, ਉਹ ਪਾਕਿਸਤਾਨੀ ਹਕੂਮਤ ਨੇ ਕਦੇ ਨਹੀਂ ਦਿੱਤੀ। ਉਹ ਇਨ੍ਹਾਂ ਵਸੀਲਿਆਂ ਨੂੰ ਲੁੱਟਦੀ ਆਈ ਹੈ, ਸੂਬੇ ਦੀ ਤਰੱਕੀ ਬਾਰੇ ਨਹੀਂ ਸੋਚਦੀ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਖ਼ਿਲਾਫ਼ ਲੋਕ ਰੋਹ ਦੀ ਵਜ੍ਹਾ ਵੀ ਇਹੋ ਹੀ ਹੈ। ਪੱਤਰਕਾਰ ਕਾਮਰਾਨ ਯੂਸੁਫ਼ ਦੀ ਕਿਤਾਬ ‘ਬਲੋਚਿਸਤਾਨ : ਨਾਊ ਏ ਹੌਟ ਬੈੱਡ’ ਦੱਸਦੀ ਹੈ ਕਿ 72 ਫ਼ੀਸਦੀ ਬਲੋਚ ਇਹ ਮਹਿਸੂਸ ਕਰਦੇ ਹਨ ਕਿ ਇਸ ਗਲਿਆਰੇ ਨੇ ਬਲੋਚਾਂ ਦਾ ਭਲਾ ਨਹੀਂ ਕਰਨਾ ਬਲਕਿ ਉਨ੍ਹਾਂ ਦੇ ਸੂਬੇ ਅੰਦਰ ਚੀਨੀਆਂ ਤੇ ਪੰਜਾਬੀਆਂ ਦੀ ਹਿਜਰਤ ਹੋਰ ਵਧਾ ਦੇਣੀ ਹੈ। ਪਹਿਲਾਂ ਹੀ ਸੀ.ਪੀ.ਈ.ਸੀ. ਦੇ ਨਾਲ ਨਾਲ ਚੀਨੀਆਂ ਦੀਆਂ ਕਈ ਬਸਤੀਆਂ ਵਸ ਗਈਆਂ ਹਨ ਜਿਨ੍ਹਾਂ ਵਿਚ ਬਲੋਚਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ। ਬਲੋਚ ਬਾਗ਼ੀ ਗੁੱਟਾਂ, ਖ਼ਾਸ ਕਰਕੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਵੱਲੋਂ ਇਨ੍ਹਾਂ ਬਸਤੀਆਂ ਜਾਂ ਚੀਨੀ ਇੰਜਨੀਅਰਾਂ/ਤਕਨੀਸ਼ੀਅਨਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਏ ਜਾਣ ਦੀ ਮੁੱਖ ਵਜ੍ਹਾ ਇਹੋ ਹੀ ਹੈ। ਦੱਖਣੀ ਬਲੋਚਿਸਤਾਨ (ਮਕਰਾਨ) ਵਿਚ ਜ਼ਮੀਨ ਬਹੁਤ ਹੈ, ਪਰ 95 ਫ਼ੀਸਦੀ ਵਸੋਂ ਗਵਾਦੜ ਬੰਦਰਗਾਹ ਦੇ ਦੁਆਲੇ ਪੰਜ ਫ਼ੀਸਦੀ ਰਕਬੇ ਵਿਚ ਇਸ ਕਰਕੇ ਵਸੀ ਹੋਈ ਹੈ ਕਿਉਂਕਿ ਉੱਥੇ ਬੁਨਿਆਦੀ ਸਹੂਲਤਾਂ ਉਪਲਬਧ ਹਨ। ਬਾਕੀ ਥਾਵਾਂ ਦਾ ਤਾਂ ਰੱਬ ਰਾਖਾ ਹੈ।
ਗਵਾਦੜ ਬੰਦਰਗਾਹ
ਗਵਾਦੜ ਬੰਦਰਗਾਹ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦਾ ਸਭ ਤੋਂ ਅਹਿਮ ਅੰਗ ਹੈ। ਇਹ ਚੀਨ ਨੂੰ ਸਿੱਧੇ ਤੌਰ ’ਤੇ ਹਿੰਦ ਮਹਾਂਸਾਗਰ ਨਾਲ ਜੋੜੇਗਾ। ਇਸ ਰਾਹੀਂ ਚੀਨ ਆਪਣੇ ਸਨਅਤੀ ਉਤਪਾਦ ਬਿਨਾਂ ਕਿਸੇ ਵਲ-ਵਲੇਵੇਂ ਦੇ ਸਿੱਧਾ ਹਿੰਦ ਮਹਾਂਸਾਗਰ ਵਿਚ ਪਹੁੰਚਾ ਸਕੇਗਾ। ਬ੍ਰਿਟਿਸ਼ ਭਾਰਤ ਦੇ ਜ਼ਮਾਨੇ ਵਿਚ ਗਵਾਦੜ ਵਾਲਾ ਇਲਾਕਾ “ਮਾਨ ਦੇ ਸੁਲਤਾਨ ਦੀ ਮਲਕੀਅਤ ਸੀ। ਪਾਕਿਸਤਾਨ ਨੇ 1958 ਵਿਚ “ਮਾਨ ਪਾਸੋਂ ਇਹ ਇਲਾਕਾ ਨਕਦ ਅਦਾਇਗੀ ਕਰ ਕੇ ਖਰੀਦਿਆ। ਮਕਰਾਨ ਇਲਾਕੇ ਵਿਚ ਹੀ ਪਾਕਿਸਤਾਨੀ ਜਲ ਸੈਨਾ ਦੇ ਤਿੰਨ ਵੱਡੇ ਅੱਡੇ ਹਨ। ਇਹ 1971 ਵਿਚ ਭਾਰਤੀ ਜਲ ਸੈਨਾ ਵੱਲੋਂ ਕਰਾਚੀ ਬੰਦਰਗਾਹ ਦੀ ਨਾਕਾਬੰਦੀ ਵਰਗੀ ਸਥਿਤੀ ਤੋਂ ਬਚਾਅ ਦੀ ਖ਼ਾਤਿਰ ਮਕਰਾਨੀ ਸਾਹਿਲ ’ਤੇ ਕਾਇਮ ਕੀਤੇ ਗਏ। ਇਸ ਸਾਹਿਲ ਤੋਂ ਨਾ “ਮਾਨ ਬਹੁਤਾ ਦੂਰ ਹੈ ਅਤੇ ਨਾ ਹੀ ਯਮਨ। ਲਾਲ ਸਾਗਰ ਤੇ ਸੁਏਜ਼ ਨਹਿਰ ਵੀ ਜ਼ਿਆਦਾ ਦੂਰ ਨਹੀਂ। ਚੀਨ, ਗਵਾਦੜ ਤੱਕ ਸੜਕੀ ਸਾਧਨਾਂ ਰਾਹੀਂ ਆਪਣਾ ਮਾਲ ਪਹੁੰਚਾ ਕੇ ਅੱਗੋਂ ਇਸ ਨੂੰ ਸਹਿਜੇ ਹੀ ਅਫਰੀਕੀ, ਯੂਰੋਪੀਅਨ ਤੇ ਦੱਖਣ ਅਮਰੀਕੀ ਮੁਲਕਾਂ ਤੱਕ ਭੇਜ ਸਕਦਾ ਹੈ। ਸ਼ਾਇਦ ਇਨ੍ਹਾਂ ਸਾਰੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਭਾਰਤ ਨੇ ਇਰਾਨ ਦੀ ਚਾਬਹਾਰ ਬੰਦਰਗਾਹ ਵਿਕਸਿਤ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੋਈ ਹੈ। ਚਾਬਹਾਰ (ਫ਼ਾਰਸੀ ਸ਼ਬਦਾਂ ‘ਚਹਾਰ ਬਹਾਰ’ ਦਾ ਛੋਟਾ ਰੂਪ) ਅਰਬ ਸਾਗਰ ਵਿਚ ਖੁੱਲ੍ਹਣ ਵਾਲੀ ਇੱਕੋ-ਇੱਕ ਇਰਾਨੀ ਬੰਦਰਗਾਹ ਹੈ। ਭਾਰਤ, ਸੀ.ਪੀ.ਈ.ਸੀ. ਵਾਂਗ ਇਸ ਬੰਦਰਗਾਹ ਨੂੰ ਮੱਧ ਏਸ਼ੀਆ ਤੇ ਯੂਰੋਪ ਤੱਕ ਸੜਕੀ ਵਪਾਰ ਸਥਾਪਿਤ ਕਰਨ ਵਾਸਤੇ ਵਰਤਣਾ ਚਾਹੁੰਦਾ ਹੈ। ਪਾਕਿਸਤਾਨ ਤੇ ਚੀਨ ਇਸ ਪ੍ਰਾਜੈਕਟ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਉਨ੍ਹਾਂ ਨੇ ਇਰਾਨ ਉੱਤੇ ਇਹ ਪ੍ਰਾਜੈਕਟ ਰੱਦ ਕਰਵਾਉਣ ਲਈ ਦਬਾਅ ਵੀ ਬਣਾਇਆ, ਪਰ ਇਰਾਨ ਨੂੰ ਭਾਰਤ ਨਾਲ ਭਾਈਵਾਲੀ ਵਿਚ ਰਣਨੀਤਕ ਫ਼ਾਇਦਾ ਨਜ਼ਰ ਆਇਆ। ਉਹ ਅਜੇ ਤੱਕ ਝੁਕਿਆ ਨਹੀਂ। ਇਸੇ ਲਈ ਬਲੋਚ ਬਾਗ਼ੀਆਂ ਦੀਆਂ ਸਰਗਰਮੀਆਂ ਨੂੰ ਪਾਕਿਸਤਾਨ, ਚਾਬਹਾਰ ਵਿਚ ਭਾਰਤੀ ਮੌਜੂਦਗੀ ਨਾਲ ਜੋੜਦਾ ਆਇਆ ਹੈ। ਮਕਰਾਨ ਇਲਾਕੇ ਵਿਚ ਪੀਣ ਦੇ ਪਾਣੀ ਜਾਂ ਹੋਰ ਸ਼ਹਿਰੀ ਸਹੂਲਤਾਂ ਦੀ ਘਾਟ ਦੇ ਖ਼ਿਲਾਫ਼ ਪਿਛਲੇ ਚਾਰ ਮਹੀਨਿਆਂ ਤੋਂ ਸ਼ਾਹਰਾਹਾਂ ਉੱਪਰ ਲੱਗਦੇ ਆ ਰਹੇ ਧਰਨਿਆਂ ਪਿੱਛੇ ਵੀ ਭਾਰਤੀ ਹੱਥ ਹੋਣ ਦੇ ਦੋਸ਼ ਪਾਕਿਸਤਾਨੀ ਮੀਡੀਆ ਵਿਚ ਲੱਗਦੇ ਆ ਰਹੇ ਹਨ। ਪਾਕਿਸਤਾਨੀ ਸਿਆਸਤਦਾਨ ਵੀ ਤਿੰਨ ਦਹਿਸ਼ਤੀ ਸੰਗਠਨਾਂ ਨੂੰ ਭਾਰਤ ਦੀ ਸਿੱਧੀ ਸਰਪ੍ਰਸਤੀ ਹਾਸਿਲ ਹੋਣ ਦੇ ਦੋਸ਼ ਲਾਉਂਦੇ ਆਏ ਹਨ।
ਬਹਾਦਰ ਬਲੋਚ
ਆਪਣੀ ਬਹਾਦਰੀ ਲਈ ਮਸ਼ਹੂਰ ਰਹੇ ਹਨ ਬਲੋਚ। 2350 ਵਰ੍ਹੇ ਪਹਿਲਾਂ ਸਿਕੰਦਰ ਮਹਾਨ ਨੇ ਜਦੋਂ ਬਲੋਚਿਸਤਾਨ ਜਿੱਤਣ ਮਗਰੋਂ ਮਕਰਾਨ ਦੇ ਰਸਤੇ ਕੁਝ ਸਮੁੰਦਰੀ ਸਫ਼ਰ ਤੈਅ ਕਰ ਕੇ ਯੂਨਾਨ ਪਰਤਣ ਦਾ ਮਨ ਬਣਾਇਆ ਤਾਂ ਬਲੋਚਾਂ ਨੇ ਉਸ ਦੇ ਨੱਕ ਵਿਚ ਦਮ ਕਰ ਦਿੱਤਾ। ਉਸ ਦੀ ਘੋੜਸਵਾਰ ਫ਼ੌਜ ਦਾ ਇੱਕ ਤਿਹਾਈ ਹਿੱਸਾ (ਤਕਰੀਬਨ ਤਿੰਨ ਹਜ਼ਾਰ ਫ਼ੌਜੀ) ਬਲੋਚਾਂ ਦੀ ਬਹਾਦਰੀ ਅਤੇ ਨਾਲ ਹੀ ਪਾਣੀ ਦੀ ਘਾਟ ਕਾਰਨ ਮਾਰੇ ਗਏ। ਸਿਕੰਦਰ ਨੂੰ ਇਲਾਕਾ ਜਿੱਤਣ ਦੀ ਥਾਂ ਜ਼ਮੀਨੀ ਰਸਤੇ (ਇਰਾਨ ਰਾਹੀਂ) ਯੂਨਾਨ ਪਰਤਣ ਦਾ ਮਨ ਬਣਾਉਣਾ ਪਿਆ। ਇਹ ਪਹਿਲੀ ਵਾਰ ਸੀ ਜਦੋਂ ਸਿਕੰਦਰ ਨੂੰ ਕਿਸੇ ਜੰਗ ਵਿਚ ਜਿੱਤ ਨਸੀਬ ਨਹੀਂ ਹੋਈ।
ਬਲੋਚਾਂ ਦੇ ਮਹਿਮੂਦ ਗ਼ਜ਼ਨਵੀ, ਤੈਮੂਰ ਤੇ ਮੰਗੋਲ ਆਗੂਆਂ ਨਾਲ ਸਬੰਧ ਦੋਸਤਾਨਾ ਨਹੀਂ ਰਹੇ। ਸ਼ਾਹ ਬਲੋਚ ਨੇ 12ਵੀਂ ਸਦੀ ਵਿਚ ਮੰਗੋਲਾਂ ਦੀ ਅਰਬ ਸਾਗਰ ਵੱਲ ਪੇਸ਼ਕਦਮੀ ਸੰਭਵ ਨਾ ਹੋਣ ਦਿੱਤੀ। ਨੌਵੀਂ ਸਦੀ ਵਿਚ ਮੁਹੰਮਦ ਬਿਨ ਕਾਸਿਮ ਦੇ ਹਿੰਦੋਸਤਾਨ ਉੱਤੇ ਹਮਲੇ ਤੋਂ ਬਾਅਦ ਬਲੋਚਾਂ ਨੇ ਇਸਲਾਮ ਧਰਮ ਧਾਰਨ ਕੀਤਾ। ਇਸ ਤੋਂ ਪਹਿਲਾਂ ਉਹ ਹਿੰਦੂ ਜਾਂ ਬੋਧੀ ਸਨ। ਇਰਾਨ ਵਾਲੇ ਪਾਸੇ ਦੇ ਬਲੋਚਾਂ ਦੀ ਬਹੁਗਿਣਤੀ ਪਾਰਸੀ ਸੀ। ਕੁਝ ਪਾਰਸੀ ਰਹੁਰੀਤਾਂ ਕਈ ਬਲੋਚ ਕਬੀਲਿਆਂ ਵਿਚ ਅਜੇ ਵੀ ਪ੍ਰਚੱਲਿਤ ਹਨ, ਖ਼ਾਸ ਕਰਕੇ ਨਵਰੋਜ਼ ਮਨਾਉਣਾ। ਇਸਲਾਮ ਧਾਰਨ ਕਰਨ ਤੋਂ ਬਾਅਦ ਵੀ ਹਿੰਦੂਆਂ ਨਾਲ ਬਲੋਚਾਂ ਦੇ ਤੁਆਲੁੱਕਾਤ ਸੁਖਾਵੇਂ ਰਹੇ। ਕੁਝ ਬਲੋਚ ਖੇਤਰਾਂ ’ਤੇ ਹਿੰਦੂ ਸੀਵਾ (ਸ਼ਿਵਾ ?) ਖ਼ਾਨਦਾਨ ਦਾ ਰਾਜ ਰਿਹਾ। ਬਲੋਚਿਸਤਾਨ ਦੀ ਸੀਬੀ ਡਿਵੀਜ਼ਨ ਇੱਕ ਹਿੰਦੂ ਰਾਣੀ ਸੀਵੀ ਦੇ ਨਾਮ ’ਤੇ ਹੀ ਹੈ। ਇਸ ਵਿਚ ਸੀਬੀ, ਜ਼ਿਆਰਤ, ਡੇਰਾ ਬੁਗ਼ਤੀ, ਕੋਹਲੂ ਤੇ ਹਰਨਾਈ ਜ਼ਿਲ੍ਹੇ ਪੈਂਦੇ ਹਨ। 1947 ਵਾਲੀ ਵੰਡ ਸਮੇਂ ਵੀ ਬਲੋਚਿਸਤਾਨ ਵਿਚ ਹਿੰਦੂਆਂ ਦੀ ਕਤਲੋਗ਼ਾਰਤ ਦੀਆਂ ਘਟਨਾਵਾਂ ਬਹੁਤ ਘੱਟ ਹੋਈਆਂ।
ਕਲਾਤ ਖ਼ਾਨਸ਼ਾਹੀ (ਖ਼ਾਨੇਟ) ਦੀ ਸਥਾਪਨਾ 1666 ਵਿਚ ਹੋਈ। ਉਸ ਤੋਂ ਪਹਿਲਾਂ ਤਕਰੀਬਨ 12ਵੀਂ ਸਦੀ ਤੋਂ ਵੱਖ ਵੱਖ ਕਬੀਲਿਆਂ ਦੀ ਇੱਕ ਮਹਾਂਸੰਘ (ਕਨਫੈਡਰੇਸ਼ਨ) ਸੀ। ਖ਼ਾਨੇਟ ਤੋਂ ਭਾਵ ਹੈ ਖ਼ਾਨ (ਕਮਾਂਡਰ ਜਾਂ ਮੁਖੀ) ਦਾ ਇਲਾਕਾ। ਸ਼ੁਰੂ ਵਿਚ ਇਸ ਖ਼ਾਨੇਟ ਨੇ ਮੁਗ਼ਲ ਬਾਦਸ਼ਾਹਾਂ ਦੀ ਅਧੀਨਗੀ ਸਵੀਕਾਰ ਕੀਤੀ, ਪਰ ਔਰੰਗਜ਼ੇਬ ਦੇ ਆਖ਼ਰੀ ਦਿਨਾਂ ਦੌਰਾਨ ਬਲੋਚ ਖ਼ੁਦਮੁਖ਼ਤਾਰ ਹੋ ਗਏ। ਅਹਿਮਦ ਸ਼ਾਹ ਅਬਦਾਲੀ ਨੇ ਇਹ ਦਬਾਏ ਜ਼ਰੂਰ, ਪਰ 1758 ਵਿਚ ਕਲਾਤ ਦੇ ਖ਼ਾਨ ਨੇ ਅਬਦਾਲੀ ਨੂੰ ਹਰਾ ਕੇ ਮੁਕੰਮਲ ਆਜ਼ਾਦੀ ਹਾਸਿਲ ਕਰ ਲਈ। ਮਹਾਰਾਜਾ ਰਣਜੀਤ ਸਿੰਘ ਨੇ 1818 ਵਿਚ ਕਲਾਤ ’ਤੇ ਧਾਵਾ ਬੋਲਿਆ ਅਤੇ ਚਾਰ ਜ਼ਿਲ੍ਹੇ ਜ਼੍ਹੋਬ, ਕਿਲਾ ਸੈਫਉੱਲ੍ਹਾ, ਮੂਸਾ ਖੇਲ੍ਹ ਤੇ ਬੜਖਾਨ ਖੋਹ ਲਏ। ਇਸ ’ਤੇ ਖ਼ਾਨ ਕਲਾਤ, ਈਸਟ ਇੰਡੀਆ ਕੰਪਨੀ ਦੀ ਸ਼ਰਨ ਵਿਚ ਚਲਾ ਗਿਆ। ਕੰਪਨੀ ਨੇ ਇੱਕ ਪਾਸੇ ਤਾਂ ਮਹਾਰਾਜੇ ਦੀ ਚੜ੍ਹਤ, ਸਫ਼ਾਰਤੀ ਮੁਹਿੰਮ ਦੇ ਜ਼ਰੀਏ ਰੋਕੀ ਅਤੇ ਦੂਜੇ ਪਾਸੇ ਖ਼ਾਨ ਪਾਸੋਂ ਕਈ ਇਲਾਕੇ ਇਵਜ਼ਾਨੇ ਦੇ ਤੌਰ ’ਤੇ ਹਥਿਆ ਲਏ। ਉਂਜ, ਘੱਟੋਘੱਟ 16 ਜ਼ਿਲਿ੍ਹਆਂ ਵਿਚ ਕਲਾਤ ਖ਼ਾਨੇਟ ਦੀ ਖ਼ੁਦਮੁਖ਼ਤਾਰੀ ਬਰਕਰਾਰ ਰਹੀ।
ਪਾਕਿਸਤਾਨ ਬਣਾਏ ਜਾਣ ਦੀ ਗੱਲ ਤੁਰਨ ’ਤੇ ਕਲਾਤ ਦੇ ਖ਼ਾਨ ਸੁਲੇਮਾਨ ਦਾਵੂਦ ਜਾਨ ਨੇ ਮੁਸਲਿਮ ਲੀਗ ਦੇ ਪੱਖ ਦੀ ਹਮਾਇਤ ਮੁਹੰਮਦ ਅਲੀ ਜਿਨਾਹ ਨਾਲ ਦੋਸਤੀ ਦੇ ਆਧਾਰ ’ਤੇ ਕੀਤੀ। ਜਿਨਾਹ 1936 ਤੋਂ ਉਸ ਦਾ ਕਾਨੂੰਨੀ ਸਲਾਹਕਾਰ ਵੀ ਰਿਹਾ ਸੀ। ਜਿਨਾਹ ਜਾਂ ਉਸ ਦੀ ਭੈਣ ਫਾਤਿਮਾ ਜਿਨਾਹ ਦੀਆਂ ਕਲਾਤ ਫੇਰੀਆਂ ਯਾਦਗਾਰੀ ਬਣਾਉਣ ਦੇ ਹੀਲੇ ਖ਼ਾਨ ਵੱਲੋਂ ਉਚੇਚੇ ਤੌਰ ’ਤੇ ਕੀਤੇ ਜਾਂਦੇ ਸਨ। ਜਿਨਾਹ ਨੇ ਵੀ ਉਸ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਪਾਕਿਸਤਾਨ ਦੇ ਮੌਅਕਿਫ਼ ਦੀ ਹਮਾਇਤ ਕਰੇ ਤਾਂ ਕਲਾਤ ਨੂੰ ਪਾਕਿਸਤਾਨੀ ਪ੍ਰੋਟੈਕਟੋਰੇਟ ਵਜੋਂ ਮਾਨਤਾ ਦੇ ਦਿੱਤੀ ਜਾਵੇਗੀ। ਉਹ ਅੰਦਰੂਨੀ ਮਾਮਲਿਆਂ ਵਿਚ ਪੂਰੀ ਤਰ੍ਹਾਂ ਆਜ਼ਾਦ ਹੋਵੇਗਾ। ਇਹ ਵਾਅਦਾ 223 ਦਿਨ ਨਿਭਾਇਆ ਵੀ ਗਿਆ, ਪਰ ਫਿਰ ਕਲਾਤ ਉੱਪਰ ਫ਼ੌਜਾਂ ਚਾੜ੍ਹ ਦਿੱਤੀਆਂ ਗਈਆਂ। ਬਹਾਨਾ ਇਹ ਬਣਾਇਆ ਜਾਂਦਾ ਹੈ ਕਿ ਇਹ ਕਾਰਵਾਈ ਬ੍ਰਿਟੇਨ ਦੇ ਦਬਾਅ ਹੇਠ ਕੀਤੀ ਗਈ। ਬ੍ਰਿਟੇਨ ਦੀ ਵੱਡੀ ਫ਼ੌਜੀ ਗੈਰੀਸਨ, ਅਫ਼ਗਾਨਿਸਤਾਨ ਤੇ ਸੋਵੀਅਤ ਸੰਘ ਉੱਤੇ ਨਜ਼ਰ ਰੱਖਣ ਲਈ ਕੋਇਟਾ ਵਿਚ ਬੈਠੀ ਹੋਈ ਸੀ। ਪਾਕਿਸਤਾਨੀ ਇਤਿਹਾਸਕਾਰਾਂ ਮੁਤਾਬਿਕ ਬ੍ਰਿਟੇਨ ਨਹੀਂ ਸੀ ਚਾਹੁੰਦਾ ਕਿ ‘‘ਆਜ਼ਾਦ ਤਬੀਅਤ ਦਾ ਮਾਲਕ ਖ਼ਾਨ ਕਲਾਤ ਪਾਕਿਸਤਾਨ ਦੀ ਥਾਂ ਕਿਸੇ ਹੋਰ ਮੁਲਕ ਨਾਲ ਜਾ ਰਲੇ।’’ ਇਹ ਵੀ ਮੰਨਿਆ ਜਾਂਦਾ ਹੈ ਕਿ ਖ਼ਾਨ, ਹਿੰਦੋਸਤਾਨ ਨਾਲ ਰਲਣ ਦੀਆਂ ਗੱਲਾਂ ਕਰਨ ਲੱਗ ਪਿਆ ਸੀ।
ਬਲੋਚ ਬਗ਼ਾਵਤਾਂ
1948 ਤੋਂ ਬਾਅਦ ਵਾਲੀ ਸਥਿਤੀ ਨੇ ਪਹਿਲਾਂ 1950 ਤੱਕ, ਫਿਰ 1958-60, 1962-63, 1973-77 ਅਤੇ ਫਿਰ 2004-06 ਦੌਰਾਨ ਬਲੋਚ ਬਗ਼ਾਵਤਾਂ ਨੂੰ ਜਨਮ ਦਿੱਤਾ। 2012 ਤੋਂ ਬਾਅਦ ਤਾਂ ਬਾਗ਼ੀਆਨਾ ਸਰਗਰਮੀਆਂ ਰੁਕ ਹੀ ਨਹੀਂ ਰਹੀਆਂ। ਦਰਅਸਲ, 2006 ਵਿਚ ਪਰਵੇਜ਼ ਮੁਸ਼ੱਰਫ਼ ਦੇ ਪਾਕਿਸਤਾਨੀ ਰਾਸ਼ਟਰਪਤੀ ਵਜੋਂ ਕਾਰਜਕਾਲ ਦੌਰਾਨ ਬਲੋਚ ਨੇਤਾ ਨਵਾਬ ਅਕਬਰ ਬੁਗ਼ਤੀ ਨੂੰ ਜਿਸ ਧੋਖੇ ਨਾਲ ਮਾਰਿਆ ਗਿਆ, ਉਸ ਨੇ ਬਲੋਚਾਂ ਅੰਦਰ ਬਦਲੇ ਦੀ ਜਵਾਲਾ ਪੂਰੀ ਪ੍ਰਚੰਡ ਕਰ ਦਿੱਤੀ। ਅਕਬਰ ਬੁਗ਼ਤੀ ਪਹਿਲਾਂ ਕੁਝ ਬਲੋਚ ਕਬੀਲਿਆਂ ਦਾ ਨੇਤਾ ਸੀ, ਹੁਣ ਉਹ ਸਾਰੇ ਬਲੋਚ ਕੌਮਪ੍ਰਸਤਾਂ ਦਾ ਮਹਾਂਨਾਇਕ ਹੈ।
ਇੱਕ ਦਰਜਨ ਦੇ ਕਰੀਬ ਬਾਗ਼ੀ ਗੁੱਟ ਸਰਗਰਮ ਹਨ ਬਲੋਚਿਸਤਾਨ ਵਿਚ। ਚਾਰ ਦਹਾਕੇ ਪਹਿਲਾਂ ਤੰਕ ਬਲੋਚਾਂ ਦੀ ਲੜਾਈ ਮੁੱਖ ਤੌਰ ’ਤੇ ਪਸ਼ਤੂਨਾਂ ਦੇ ਖ਼ਿਲਾਫ਼ ਸੀ। ਪਸ਼ਤੂਨਾਂ ਦੀ ਬਲੋਚਿਸਤਾਨ ਵੱਲ ਹਿਜਰਤ ਤੇ ਪੱਕਾ ਵਸੇਬਾ ਬਲੋਚ ਸ਼ਨਾਖ਼ਤ ਲਈ ਖ਼ਤਰਾ ਬਣਿਆ ਹੋਇਆ ਸੀ। ਹੁਣ ਦੋਵਾਂ ਕੌਮਾਂ ਵਿਚ ਏਕਾ ਹੈ। ਦੋਵਾਂ ਦੀ ਸਾਂਝੀ ਲੜਾਈ ਪੰਜਾਬੀ ਸਰਦਾਰੀ ਵਾਲੀ ਹਕੂਮਤ-ਇ-ਪਾਕਿਸਤਾਨ ਨਾਲ ਹੈ। ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਸਭ ਤੋਂ ਵੱਡਾ ਤੇ ਤਾਕਤਵਰ ਬਾਗ਼ੀ (ਪਾਕਿਸਤਾਨੀ ਨਜ਼ਰਾਂ ਵਿਚ ਦਹਿਸ਼ਤਗਰਦ) ਗੁੱਟ ਹੈ। ਇਸ ਦਾ ਨੇਤਾ ਅਸਲਮ ਬਲੋਚ (ਅਸਲ ਨਾਮ ਕਰੀਮ ਖ਼ਾਨ) ਹੈ। ਪਸ਼ਤੂਨ ਬਾਗ਼ੀ ਜਮਾਤ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਤੇ ਬੀ.ਐੱਲ.ਏ. ਦਰਮਿਆਨ ਇਸ ਸਮੇਂ ਪੂਰਾ ਤਾਲਮੇਲ ਹੈ। ਬਲੋਚ ਲਿਬਰੇਸ਼ਨ ਫੋਰਸ (ਬੀ.ਐੱਲ.ਐੱਫ.), ਬਲੋਚ ਨੈਸ਼ਨਲਿਸਟ ਆਰਮੀ (ਬੀ.ਐੱਨ.ਏ.) ਤੇ ਬਲੋਚ ਰਿਪਬਲਿਕਨ ਆਰਮੀ (ਬੀ.ਆਰ.ਏ.) ਵੀ ਆਪੋ-ਆਪਣੀ ਥਾਂ ਸਰਗਰਮ ਹਨ। ਪਾਕਿਸਤਾਨੀ ਫ਼ੌਜ ਨੇ ਇਨ੍ਹਾਂ ਨੂੰ ਟੱਕਰ ਦੇਣ ਲਈ ਅਨਸਾਰ ਅਲ-ਫ਼ੁਰਕਾਨ, ਜੈਸ਼-ਉਲ-ਅਦਲ, ਹਿਜ਼ਬੁਲ ਫ਼ੁਰਕਾਨ ਵਰਗੇ ਸਰਕਾਰੀ ਦਹਿਸ਼ਤੀ ਗਰੁੱਪ ਖੜ੍ਹੇ ਕੀਤੇ ਹੋਏ ਹਨ ਜੋ ਬਲੋਚ ਕੌਮਪ੍ਰਸਤ ਆਗੂਆਂ ਦੇ ਪਿੰਡਾਂ ਵਿਚ ਮਾਰ-ਕਾਟ ਕਰਦੇ ਰਹਿੰਦੇ ਹਨ। ਬੀ.ਐੱਲ.ਏ. ਵੱਡੇ ਦਹਿਸ਼ਤੀ ਕਾਰਿਆਂ (ਜਿਵੇਂ ਕਿ ਕੋਇਟਾ ਰੇਲਵੇ ਸਟੇਸ਼ਨ ’ਤੇ ਬੰਬ ਧਮਾਕੇ ਰਾਹੀਂ 14 ਫ਼ੌਜੀਆਂ ਸਮੇਤ 29 ਜਾਨਾਂ ਲੈਣ ਵਾਲੀ ਹਾਲੀਆ ਘਟਨਾ) ਤੋਂ ਇਲਾਵਾ ਸਰਕਾਰੀ ਦਹਿਸ਼ਤੀ ਗੁੱਟਾਂ ਨਾਲ ਵੀ ਕਰੜੇ ਹੱਥੀਂ ਸਿੱਝਦੀ ਆਈ ਹੈ। ਸਰਕਾਰੀ ਗੁੱਟਾਂ ਨਾਲ ਸਿੱਝਣ ਦਾ ਕੰਮ ਬੀ.ਐੱਲ.ਐੱਫ. ਵੀ ਕਰਦੀ ਆਈ ਹੈ।
ਜਿਵੇਂ ਕਿ ਬਾਗ਼ੀਆਨਾ ਸਰਗਰਮੀਆਂ ਵਾਲੇ ਇਲਾਕਿਆਂ ਵਿਚ ਅਕਸਰ ਵਾਪਰਦਾ ਰਹਿੰਦਾ ਹੈ, ਪਰਿਵਾਰਾਂ ਦੇ ਪਰਿਵਾਰ ਅਹਿੰਸਾ ਜਾਂ ਹਿੰਸਾ ਦੀ ਚੋਣ ਨੂੰ ਲੈ ਕੇ ਆਪੋ ਵਿਚ ਵੰਡੇ ਜਾਂਦੇ ਹਨ। ਬਲੋਚਿਸਤਾਨ ਵਿਚ ਵੀ ਇਹੋ ਕੁਝ ਵਾਪਰਦਾ ਆ ਰਿਹਾ ਹੈ। ਇੱਕ ਪਾਸੇ ਕਬੀਲੇ ਪ੍ਰਤੀ ਵਫ਼ਾਦਾਰੀਆਂ, ਦੂਜੇ ਪਾਸੇ ਪਰਿਵਾਰਕ ਹਿੱਤਾਂ ਨਾਲ ਮੋਹ ਤੇ ਤੀਜੇ ਪਾਸੇ ਕੌਮਪ੍ਰਸਤੀ। ਤਕਰੀਬਨ ਹਰ ਬਲੋਚ ਕੁਨਬਾ ਅਜਿਹੀਆਂ ਵੰਡੀਆਂ ਤੇ ਤਰਫ਼ਦਾਰੀਆਂ ਨਾਲ ਜੂਝਦਾ ਆ ਰਿਹਾ ਹੈ। ਇਸ ਸਮੇਂ ਸੂਬੇ ਦਾ ਮੁੱਖ ਮੰਤਰੀ ਸਰਫ਼ਰਾਜ਼ ਖ਼ਾਨ ਵੀ ਬੁਗ਼ਤੀ ਹੈ ਅਤੇ ਬਲੋਚ ਵੱਖਵਾਦੀ ਲਹਿਰ ਦਾ ਮੁਖੀ ਬ੍ਰਹਮਦਾਗ਼ ਖ਼ਾਨ ਵੀ ਬੁਗ਼ਤੀ ਹੈ। ਦੋਵੇਂ ਨਵਾਬ ਅਕਬਰ ਬੁਗ਼ਤੀ ਦੇ ਪੋਤੇ ਅਤੇ ਆਪੋ ਵਿਚ ਸ਼ਰੀਕ-ਭਰਾ (ਕਜ਼ਿਨ) ਹਨ। ਇੱਕ ਪਾਕਿਸਤਾਨੀ ਇਕਮੁੱਠਤਾ ਦਾ ਮੁਦੱਈ ਹੈ ਅਤੇ ਦੂਜਾ ਬਲੋਚਿਸਤਾਨ ਦੀ ਆਜ਼ਾਦੀ ਦਾ।
ਬਲੋਚਿਸਤਾਨ ਦਾ ਭਵਿੱਖ
ਕੀ ਭਵਿੱਖ ਹੈ ਬਲੋਚਿਸਤਾਨ ਦੀ ਆਜ਼ਾਦੀ ਲਹਿਰ ਦਾ? ਇਸ ਸਵਾਲ ਦਾ ਜਵਾਬ ਤਾਂ ਭਵਿੱਖ ਹੀ ਦੇ ਸਕਦਾ ਹੈ, ਪਰ ਵਰਤਮਾਨ ਇਸ ਲਹਿਰ ਲਈ ਕੋਈ ਸੁਖਾਵੀਂ ਉਮੀਦ ਨਹੀਂ ਜਗਾਉਂਦਾ। ਅਮਰੀਕਾ ਜਾਂ ਚੀਨ ਵਰਗੀਆਂ ਆਲਮੀ ਤਾਕਤਾਂ ਤੋਂ ਇਲਾਵਾ ਪਾਕਿਸਤਾਨ ਦੇ ਸ਼ਰੀਕ ਮੁਲਕ (ਖ਼ਾਸ ਤੌਰ ’ਤੇ ਭਾਰਤ ਤੇ ਇਰਾਨ) ਵੀ ਪਾਕਿਸਤਾਨ ਦੀ ਟੁੱਟ-ਭੱਜ ਨਹੀਂ ਚਾਹੁੰਦੇ। ਉਹ ਉੱਥੇ ਅਸਥਿਰਤਾ ਜ਼ਰੂਰ ਚਾਹੁੰਦੇ ਹਨ; ਛੋਟੇ ਛੋਟੇ ਫੱਟ ਲੱਗਦੇ ਤੇ ਖ਼ੂਨ ਵਹਿੰਦਾ ਵੇਖਣਾ ਚਾਹੁੰਦੇ ਹਨ, ਪਰ ਉਸ ਮੁਲਕ ਦਾ ਕੋਈ ਅੰਗ ਨਹੀਂ ਵੱਢਣਾ ਚਾਹੁੰਦੇ। ਇੱਕ ਅੰਗ ਵੱਢਣਾ ਕਈ ਪਾਸੇ ਵੱਢ-ਟੁੱਕ ਨੂੰ ਉਤਸ਼ਾਹਿਤ ਕਰ ਸਕਦਾ ਹੈ। ਇਸ ਅਮਲ ਦੇ ਸੇਕ ਤੋਂ ਹਰ ਸ਼ਰੀਕ ਬਚਣਾ ਚਾਹੁੰਦਾ ਹੈ। ਲਿਹਾਜ਼ਾ, ਜੋ ਚੱਲ ਰਿਹਾ ਹੈ, ਉਹ ਚਲਦਾ ਰਹੇਗਾ। ਖੁਸ਼ਹਾਲੀ ਲਈ ਲੋੜੀਂਦੇ ਬਹੁਤੇ ਤੱਤਾਂ ਦੀ ਭਰਪੂਰ ਮੌਜੂਦਗੀ ਦੇ ਬਾਵਜੂਦ ਬਲੋਚਿਸਤਾਨ ਪਛੜੇਵੇਂ ਤੇ ਗ਼ੁਰਬਤ ਦੀ ਜਿੱਲ੍ਹਣ ਵਿਚੋਂ ਨੇੜ ਭਵਿੱਖ ਵਿਚ ਬਾਹਰ ਨਹੀਂ ਆ ਸਕੇਗਾ।