ਫਿਲਮਸਾਜ਼-ਸ਼ਾਇਰ ਗੁਲਜ਼ਾਰ ਦੀਆਂ ਬਾਲ ਮੁਹੱਬਤਾਂ

ਕੁਦਰਤ ਕੌਰ
ਉਘੇ ਸ਼ਾਇਰ ਅਤੇ ਫਿਲਮਸਾਜ਼ ਗੁਲਜ਼ਾਰ ਨੇ ਆਪਣੇ ਜ਼ਮਾਨੇ ਦੀਆਂ ਬਿਹਤਰੀਨ ਫਿਲਮਾਂ ਲਿਖੀਆਂ ਅਤੇ ਨਿਰਦੇਸ਼ਤ ਕੀਤੀਆਂ ਹਨ। ਉਨ੍ਹਾਂ ਆਪਣੇ ਫਿਲਮੀ ਕਰੀਅਰ ਦਾ ਆਰੰਭ ਸਾਲ 1963 ਵਿਚ ਫਿਲਮ ‘ਬੰਦਿਨੀ’ ਨਾਲ ਬਤੌਰ ਗੀਤਕਾਰ ਕੀਤਾ ਸੀ। ਇਸ ਫਿਲਮ ਦੇ ਸੰਗੀਤਕਾਰ ਐੱਸ.ਡੀ. ਬਰਮਨ ਸਨ।

ਨਿਰਦੇਸ਼ਕ ਵਜੋਂ ‘ਮੇਰੇ ਅਪਨੇ’ ਉਨ੍ਹਾਂ ਦੀ ਪਲੇਠੀ ਫਿਲਮ ਸੀ ਜੋ 1971 ਵਿਚ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਉਹ ‘ਅਸ਼ੀਰਵਾਦ’, ‘ਆਨੰਦ’, ‘ਖਾਮੋਸ਼ੀ’ ਵਰਗੀਆਂ ਫਿਲਮਾਂ ਦੀ ਪਟਕਥਾ ਲਿਖ ਚੁੱਕੇ ਸਨ। ‘ਮੇਰੇ ਅਪਨੇ’ ਫਿਲਮ ਤਪਨ ਸਿਨਹਾ ਦੀ ਬੰਗਲਾ ਫਿਲਮ ‘ਅਪਾਂਜਨ’ (1969) ਦੀ ਰੀਮੇਕ ਸੀ। ਇਸ ਫਿਲਮ ਵਿਚ ਆਨੰਦੀ ਦੇਵੀ ਦਾ ਮੁੱਖ ਕਿਰਦਾਰ ਮੀਨਾ ਕੁਮਾਰੀ ਨੇ ਨਿਭਾਇਆ ਸੀ। ਇਹ ਵਿਨੋਦ ਖੰਨਾ ਦੀ ਬਤੌਰ ਹੀਰੋ ਪਹਿਲੀ ਫਿਲਮ ਸੀ। ਇਸ ਤੋਂ ਪਹਿਲਾਂ ਵਿਨੋਦ ਖੰਨਾ ਨੇ ਫਿਲਮਾਂ ਵਿਚ ਖਲਨਾਇਕ ਦੇ ਕਿਰਦਾਰ ਨਿਭਾਏ ਸਨ। ਇਸ ਫਿਲਮ ਦੀ ਖੂਬ ਚਰਚਾ ਹੋਈ ਸੀ ਅਤੇ ਬਤੌਰ ਫਿਲਮਸਾਜ਼ ਗੁਲਜ਼ਾਰ ਦੀਆਂ ਧੁੰਮਾਂ ਪੈ ਗਈਆਂ।
ਉਂਝ, ਗੁਲਜ਼ਾਰ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਵਧੇਰੇ ਤਸੱਲੀ ਬੱਚਿਆਂ ਨਾਲ ਸਬੰਧਿਤ ਪ੍ਰੋਜੈਕਟਾਂ ਨਾਲ ਹੀ ਮਿਲਦੀ ਹੈ। ਉਹ ਦੱਸਦੇ ਹਨ ਕਿ ‘ਲੱਕੜੀ ਕੀ ਕਾਠੀ’ ਵਾਲੇ ਗੀਤ ਦੀ ਪ੍ਰੇਰਨਾ ਉਨ੍ਹਾਂ ਨੂੰ ਇਉਂ ਮਿਲੀ ਸੀ ਕਿ ਜੇ ਤੁਸੀਂ ਬੱਚੇ ਨੂੰ ਸੋਟੀ ‘ਤੇ ਬਿਠਾ ਕੇ ਤੋਰਨ ਲੱਗ ਪਓ ਅਤੇ ਕਹੋ ਕਿ ਘੋੜਾ ਚੱਲ ਰਿਹਾ ਹੈ ਤਾਂ ਬੱਚੇ ਨੂੰ ਭਾਵੇਂ ਇਹ ਪਤਾ ਹੁੰਦਾ ਹੈ ਕਿ ਇਹ ਘੋੜਾ ਨਹੀਂ, ਸੋਟੀ ਹੀ ਹੈ ਪਰ ਉਹ ਇਸ ਵਕਤ ਵੀ ਪੂਰਾ ਆਨੰਦ ਲੈਂਦਾ ਹੈ। ਬੰਦਾ ਅਜਿਹਾ ਆਨੰਦ ਕਦੀ ਵੀ ਨਹੀਂ ਲੈ ਸਕਦਾ ਕਿਉਂਕਿ ਬੰਦਾ ਬੱਚੇ ਵਰਗੀ ਵੱਡੀ ਕਲਪਨਾ ਕਰ ਹੀ ਨਹੀਂ ਸਕਦਾ।
ਉਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਬਾਰੇ ਲਿਖਣ ਲਈ ਤੁਹਾਨੂੰ ਬੱਚਿਆਂ ਦੀ ਮਾਨਸਿਕਤਾ ਨੂੰ ਬਹੁਤ ਗਹਿਰਾਈ ਨਾਲ ਸਮਝਣਾ ਪੈਂਦਾ ਹੈ ਬਲਕਿ ਆਪ ਬੱਚਾ ਬਣ ਕੇ ਹੀ ਸੋਚਣਾ ਪੈਂਦਾ ਹੈ। ਇਸ ਸਬੰਧੀ ਉਨ੍ਹਾਂ ‘ਜੰਗਲ ਜੰਗਲ ਬਾਤ ਚਲੀ ਹੈ’ ਬਾਰੇ ਕਿਹਾ ਕਿ ਇਸ ਪ੍ਰੋਜੈਕਟ ਦੇ ਨਿਰਮਾਤਾਵਾਂ ਨੇ ਗੀਤ ਵਿਚ ਆਏ ਸ਼ਬਦ ‘ਚੱਡੀ’ ਬਾਰੇ ਇਤਰਾਜ਼ ਕੀਤਾ ਸੀ ਅਤੇ ਸੁਝਾਅ ਦਿੱਤਾ ਸੀ ਕਿ ‘ਚੱਡੀ’ ਦੀ ਥਾਂ ਸ਼ਬਦ ‘ਲੁੰਗੀ’ ਕਰ ਲਿਆ ਜਾਵੇ; ਅਸਲ ਵਿਚ ਉਨ੍ਹਾਂ ਨੂੰ ‘ਚੱਡੀ’ ਸ਼ਬਦ ਅਸ਼ਲੀਲ ਲੱਗਦਾ ਸੀ ਪਰ ਜਦੋਂ ਗੁਲਜ਼ਾਰ ਨੇ ਫਿਲਮ ਦੀ ਲੋੜ ਬਾਰੇ ਜ਼ਿਕਰ ਕੀਤਾ ਤਾਂ ਨਿਰਮਾਤਾਵਾਂ ਕੋਲ ਕੋਈ ਜਵਾਬ ਨਹੀਂ ਸੀ। ਮਗਰੋਂ ਇਹ ਗੀਤ ਇੰਨਾ ਜ਼ਿਆਦਾ ਹਿੱਟ ਹੋਇਆ ਕਿ ਸਭ ਹੈਰਾਨ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਬਾਰੇ ਲਿਖਣਾ ਆਮ ਲਿਖਣ ਤੋਂ ਕਿਤੇ ਵੱਧ ਔਖਾ ਅਤੇ ਮੁਸ਼ਕਿਲ ਭਰਿਆ ਕੰਮ ਹੈ। ਪੂਰਾ ਧਿਆਨ ਰੱਖਣਾ ਪੈਂਦਾ ਹੈ ਕਿ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਬੱਚਿਆਂ ਦੇ ਸਮਝ ਵੀ ਆ ਰਹੀਆਂ ਹਨ ਜਾਂ ਨਹੀਂ।