ਜਗਜੀਤ ਸਿੰਘ ਸੋਹਲ: ਪੰਨਾ ਇੱਕ ਇਤਿਹਾਸ ਦਾ

ਬਾਰੂ ਸਤਵਰਗ
ਪਿਛਲੇ ਮਹੀਨੇ ਪੰਜਾਬ ਦੇ ਉਘੇ ਨਕਸਲੀ ਆਗੂ ਜਗਜੀਤ ਸਿੰਘ ਸੋਹਲ ਉਰਫ ਕਰਮ ਚੰਦ ਉਰਫ ਸ਼ਰਮਾ ਜੀ ਦਾ ਪਟਿਆਲਾ ਵਿਚ ਦੇਹਾਂਤ ਹੋ ਗਿਆ। ਉਹ 96 ਵਰਿ੍ਹਆਂ ਦੇ ਸਨ ਅਤੇ ਪਿਛਲੇ ਤਕਰੀਬਨ ਸਾਢੇ ਤਿੰਨ ਦਹਾਕਿਆਂ ਤੋਂ ਰੂਪੋਸ਼ ਸਨ। ਇਨਕਲਾਬੀ ਕਾਰਕੁਨ ਅਤੇ ਲੇਖਕ ਮਰਹੂਮ ਬਾਰੂ ਸਤਵਰਗ ਨੇ ਸਾਰੀ ਉਮਰ ਲੋਕ ਸੰਘਰਸ਼ਾਂ ਦੇ ਲੇਖੇ ਲਾਉਣ ਵਾਲੇ ਕਾਮਰੇਡ ਜਗਜੀਤ ਸਿੰਘ ਸੋਹਲ ਦੇ ਜੀਵਨ ਅਤੇ ਨਕਸਲੀ ਲਹਿਰ ਨੂੰ ਆਧਾਰ ਬਣਾ ਕੇ ਨਾਵਲ ‘ਪੰਨਾ ਇੱਕ ਇਤਿਹਾਸ ਦਾ’ ਲਿਖਿਆ ਸੀ। ਅਸੀਂ ਆਪਣੇ ਪਾਠਕਾਂ ਲਈ ਇਸ ਨਾਵਲ ਦਾ ਇਕ ਕਾਂਡ ਪੇਸ਼ ਕਰ ਰਹੇ ਹਾਂ

ਜਿਸ ਵਿਚ ਨਕਸਲੀ ਲਹਿਰ ਦੇ ਸ਼ੁਰੂਆਤ ਦੌਰ ਦੇ ਝਲਕਾਰੇ ਪੈਂਦੇ ਹਨ ਕਿ ਉਸ ਵਕਤ ਨੌਜਵਾਨਾਂ ਨੇ ਰੁਲ ਰਹੀ ਗਰੀਬ ਜਨਤਾ ਦੇ ਸੁਫਨੇ ਪੂਰੇ ਕਰਨ ਲਈ ਕਿਹੋ ਜਿਹੇ ਕਾਰਜ ਆਰੰਭੇ ਸਨ। ਇਸ ਨਾਵਲ ਵਿਚ ਲੇਖਕ ਨੇ ਜਗਜੀਤ ਸਿੰਘ ਸੋਹਲ ਦਾ ਫਰਜ਼ੀ ਨਾਂ ਸੱਤਿਆਜੀਤ ਰੱਖਿਆ ਹੈ।
ਚੰਦ ਮਿੱਟੀ ਰੰਗੇ ਬੱਦਲਾਂ ਓਹਲਿਉਂ ਬਾਹਰ ਆ ਰਿਹਾ ਸੀ। ਚੰਨ ਚਾਨਣੀ ਪੱਛਮ ਦਿਸ਼ਾ ਵੱਲੋਂ ਚੱਲ ਰਹੀ ਹਵਾ ਨਾਲ ਝੂਮਦੀਆਂ, ਜਵਾਰ ਅਤੇ ਕਮਾਦ ਦੀਆਂ ਫ਼ਸਲਾਂ ਨਾਲ ਖੇਡ ਰਹੀ ਸੀ। ਰਾਧੇ ਰਾਮ ਅਤੇ ਮੈਂਗਲ ਰਾਏਕੋਟ ਤੋਂ ਅੱਚਰਵਾਲ ਨੂੰ ਜਾਂਦੇ ਕੱਚੇ ਰਾਹ ਘੰਟਾ-ਪੌਣਾ ਘੰਟਾ ਤੁਰਦੇ-ਤੁਰਦੇ ਫੇਰ ਉਸ ਰਾਹ ਨੂੰ ਛੱਡ ਕੇ ਫ਼ਸਲਾਂ ਵਿਚਦੀ, ਖਾਲੇ-ਖਾਲ ਪੂਰਬ ਵਾਲੇ ਪਾਸੇ ਤੁਰਨ ਲੱਗੇ ਸਨ। ਰਾਧੇ ਰਾਮ ਮੂਹਰੇ ਤੁਰਿਆ ਜਾ ਰਿਹਾ ਸੀ। ਮੈਂਗਲ ਉਸ ਦੇ ਪਿੱਛੇ-ਪਿੱਛੇ। ਉਹਨਾਂ ਨੂੰ ਖੇਤਾਂ ਵਿਚਲੇ ਕੀੜਿਆਂ-ਮਕੌੜਿਆਂ ਦੀਆਂ ਆਵਾਜ਼ਾਂ ਤੋਂ ਬਿਨਾਂ ਕੋਈ ਹੋਰ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਪੋਲੇ-ਪੋਲੇ ਪੈਰੀਂ ਖਾਲੇ-ਖਾਲ ਵੀਹ ਕੁ ਮਿੰਟ ਤੁਰਨ ਬਾਅਦ ਉਹ ਪੱਕੀਆਂ ਇੱਟਾਂ ਵਾਲੇ ਕੋਠੇ ਕੋਲ ਪਹੁੰਚੇ। ਕੋਠੇ ਮੂਹਰੇ ਡਹੇ ਬਾਣ ਦੇ ਮੰਜੇ `ਤੋਂ ਉਠ ਕੇ ਉਜਾਗਰ ਮਾਹਮਦਪੁਰ ਨੇ ਉਹਨਾਂ ਨਾਲ ਹੱਥ ਮਿਲਾਏ। ਉਸ ਨੇ ਉਹਨਾਂ ਨੂੰ ਹੌਲੀ ਆਵਾਜ਼ `ਚ ਕਿਹਾ-
“ਥੋੜ੍ਹਾ ਅਗਾਹਾਂ ਚੱਲਣੈ। ਮੇਰੇ ਮਗਰੇ-ਮਗਰ ਤੁਰੇ ਆਇਓ।”
ਉਹ ਦੋਵੇਂ ਚੁੱਪ-ਚਾਪ ਦਰਮਿਆਨੇ ਕੱਦ, ਭਰਵੇਂ-ਗੱਠਵੇਂ ਸਰੀਰ ਅਤੇ ਵਿਰਲੇ-ਵਿਰਲੇ ਧੌਲਿਆਂ ਵਾਲੀ ਕਾਲੀ ਲੰਮੀ ਦਾੜ੍ਹੀ ਵਾਲੇ ਉਜਾਗਰ ਮਾਹਮਦਪੁਰ ਦੇ ਮਗਰ-ਮਗਰ ਨੇੜਲੇ ਪਿੰਡ ਵੱਲ ਨੂੰ ਤੁਰੇ। ਅੱਧੇ ਘੰਟੇ ਦੇ ਲੱਗਭਗ ਤੁਰਨ ਬਾਅਦ ਉਹ ਮੱਕੀ ਦੇ ਖੇਤ ਨੇੜਲੇ ਛੱਪਰ `ਚ ਪਹੁੰਚੇ। ਮੱਕੀ ਦੇ ਖੇਤ ਦੇ ਮਾਲਕ ਗੱਭਰੂ ਜੱਗੇ ਨੇ ਉਹਨਾਂ ਨਾਲ ਹੱਥ ਮਿਲਾਏ। ਉਹਨਾਂ ਨੂੰ ਛੱਪਰ ਨੇੜੇ ਡਹੇ ਮੰਜਿਆਂ `ਤੇ ਬਿਠਾਇਆ। ਉਜਾਗਰ ਨੇ ਪੁੱਛਿਆ, “ਕਿਉਂ ਬਈ ਜੱਗਿਆ ਜੱਟਾ! ਸਾਥੀ ਹਾਲੇ ਬਹੁੜਿਆ ਨਹੀਂ?”
“ਹਾਲੇ ਤਾਂ ਬਹੁੜਿਆ ਨਹੀਂ ਚਾਚਾ।” ਉਜਾਗਰ ਨੂੰ ਛੋਟੀ ਉਮਰ ਦਾ ਸਿਆਸੀ ਕਾਡਰ ਅਪਣੱਤ ਨਾਲ ਚਾਚਾ ਹੀ ਆਖਣ ਲੱਗ ਗਿਆ ਸੀ।
“ਚਲੋ, ਬਹੁੜ ਜਾਂਦੈ!”
ਉਜਾਗਰ ਮਾਹਮਦਪੁਰ ਨੇ ਬੋਲਣ ਦੇ ਨਾਲ ਆਪਣੀ ਆਦਤ ਮੁਤਾਬਿਕ ਖੱਬੀ ਅੱਖ ਬੇਮਲੂਮੀ ਮੀਚੀ। ਉਹ ਚਾਰੇ ਹਾਲੇ ਜੱਗੇ ਵੱਲੋਂ ਭੁੰਨ ਕੇ ਰੱਖੀਆਂ ਛੱਲੀਆਂ ਦੇ ਦਾਣੇ ਚੱਬ ਹੀ ਰਹੇ ਸਨ ਕਿ ਇੰਨੇ ਨੂੰ ਸੱਤਿਆਜੀਤ ਆਇਆ। ਉਹਨੇ ਅਨਪੜ੍ਹ ਪੇਂਡੂਆਂ ਵਾਂਗੂ ਪੱਗ ਲੜ ਛੱਡ ਕੇ ਬੰਨ੍ਹੀਂ ਹੋਈ ਸੀ। ਗਲ ਕਲੀਆਂ ਵਾਲਾ ਕੁੜਤਾ ਤੇ ਤੇੜ ਚਾਰਖਾਨੇ ਦਾ ਚਾਦਰਾ ਪਹਿਨੇ ਹੋਏ ਸਨ। ਉਹ ਰਾਧੇ ਰਾਮ ਅਤੇ ਮੈਂਗਲ ਨੂੰ ਗਲਵਕੜੀ ਪਾ ਕੇ ਮਿਲਿਆ। ਕੁਝ ਮਿੰਟ ਸਾਧਾਰਨ ਗੱਲਾਂ ਕਰਨ ਮਗਰੋਂ ਸੱਤਿਆਜੀਤ ਮੈਂਗਲ ਨੂੰ ਆਪਣੇ ਨਾਲ ਲੈ ਕੇ ਖੱਟੇ ਫੁੱਲਾਂ ਨਾਲ ਭਰੀ ਸਣ ਦੀ ਫ਼ਸਲ ਦੇ ਖੇਤ ਵੱਲ ਨੂੰ ਲੈ ਕੇ ਤੁਰਿਆ। ਸਣ ਦਾ ਖੇਤ ਲੰਘ ਕੇ ਉਹ ਜਾਮਣੀ ਰੰਗ ਦੇ ਫੁੱਲਾਂ ਵਾਲੇ ਨਰਮੇ ਦੇ ਖੇਤ ਦੀ ਵੱਟ ਉੱਤੇ ਬੈਠੇ।
“ਹੋਰ ਸੁਣਾ ਮੈਂਗਲ! ਇੰਟੈਰੋਗੇਸ਼ਨ ਸੈਂਟਰ ਦੀ ਯਾਤਰਾ ਕਿਵੇਂ ਰਹੀ?”
“ਸੱਚ ਪੁੱਛਦੈਂ ਭਰਾਵਾ! ਇੰਟੈਰੋਗੇਸ਼ਨ ਸੈਂਟਰ ਵਾਲੇ ਬੁੱਚੜ ਮੈਨੂੰ ਠਿੱਬੀ ਲਾ’ਗੇ।”
ਮੈਂਗਲ ਦੇ ਚਿਹਰੇ ਉੱਤੇ ਪਸਰੀ ਹੀਣ ਭਾਵਨਾ ਦੇ ਰੰਗ ਨੂੰ ਜਾਂਚਦੇ ਸੱਤਿਆਜੀਤ ਨੇ ਅਪਣੱਤ ਨਾਲ ਆਪਣੀ ਬਾਂਹ ਮੈਂਗਲ ਦੇ ਮੋਢਿਆਂ ਉੱਤੇ ਰੱਖ ਕੇ ਬੋਲਣਾ ਸ਼ੁਰੂ ਕੀਤਾ- “ਮੈਂਗਲਾ! ਬੰਦਾ ਡਿੱਗ-ਡਿੱਗ ਹੀ ਸਵਾਰ ਬਣਦੈ। ਬੁੱਚੜ ਠਿੱਬੀ ਲਾ ਗਏ ਤਾਂ ਕੋਈ ਗੱਲ ਨਹੀਂ। ਇੰਟੈਰੋਗੇਸ਼ਨ ਸੈਂਟਰ ਨਾਲ ਵਾਹ ਵੀ ਪਹਿਲੀ ਵਾਰ ਪਿਐ…।” ਸੱਤਿਆਜੀਤ ਨੇ ਬੋਲਦੇ-ਬੋਲਦੇ ਨੇ ਪੁੱਛਿਆ, “… ਠਿੱਬੀ ਕੀ ਲਾ’ਗੇ ਮੈਂਗਲਾ ਉਹ? ਤਾਂ ਕਿ ਆਪਾਂ ਹੋਰ ਨੁਕਸਾਨ ਹੋਣ ਨੂੰ ਰੋਕ ਸਕੀਏ। ਡਰਨ ਘਬਰਾਉਣ ਦੀ ਜ਼ਰੂਰਤ ਨਹੀਂ। ਬੰਦੇ ਨੂੰ ਘਾਟਾਂ ਵੀ ਸਿਖਾਉਂਦੀਐਂ…।”
ਸੱਤਿਆਜੀਤ ਵੱਲੋਂ ਅਪਣੱਤ ਭਰੇ ਅੰਦਾਜ਼ ਵਿਚ ਕੀਤੀ ਗੱਲ ਨੇ ਮੈਂਗਲ ਦੇ ਮਨ `ਚ ਪੈਦਾ ਹੋਈ ਹੀਣ ਭਾਵਨਾ ਕੁਝ ਨਾ ਕੁਝ ਘਟਾਈ। ਉਸ ਅੰਦਰਲੀ ਘਬਰਾਹਟ ਮੱਠੀ ਹੋਈ। ਉਹ ਸਚਾਈ ਪ੍ਰਗਟ ਕਰਨ ਲੱਗਿਆ। ਉਸ ਨੇ ਦੱਸਿਆ ਕਿ ਉਹ ਇੰਟੈਰੋਗੇਸ਼ਨ ਸੈਂਟਰ ਦੇ ਅਣਮਨੁੱਖੀ ਤਸ਼ੱਦਦ ਨੂੰ ਤਾਂ ਹੌਸਲੇ ਨਾਲ ਸਹਿਣ ਕਰਦਾ ਰਿਹਾ ਪਰ ਪੁਲਸੀਆਂ ਦੇ ਦਾਅਪੇਚ ਨੂੰ ਸਮਝ ਨਾ ਸਕਿਆ। ਇੰਟੈਰੋਗੇਸ਼ਨ ਸੈਂਟਰ ਦੇ ਥਾਣੇਦਾਰ ਨੇ ਉਸ ਨੂੰ ਆਖਿਆ, “ਉਏ ਉੱਲੂਆ, ਤੂੰ ਐਵੇਂ ਹੀ ਹੱਡ ਤੜਵਾਈ ਜਾਨੈ… ਤੇਰੇ ਲੀਡਰ ਸੱਤਿਆਜੀਤ ਨੇ ਤਾਂ ਸਾਰਾ ਹੱਗਿਆ-ਮੂਤਿਆ ਬਕ’ਤਾ। ਪਹਿਲਾਂ ਉਹ ਵੀ ਤੇਰੇ ਵਾਂਗੂ ਛਿੱਤਰ ਖਾਈ ਗਿਆ ਸੀ ਪਰ ਜਦ ਅਸੀਂ ਵੱਡੇ ਯੋਧੇ ਨੂੰ ਪੁੱਠੇ ਲਮਕਾ ਕੇ ਸਿਰਾਂ ਥੱਲੇ ਸਟੋਵ ਬਾਲਣ ਲੱਗੇ ਤਾਂ ਰਿੰਗ ਉੱਠਿਆ। ਲੱਗਾ ਖਾਧਾ-ਪੀਤਾ ਗਲੱਛਣ। ਬਹਿੰਦੇ ਨੇ ਸਾਰਾ ਕੁਝ ਦੱਸ’ਤਾ। ਸਾਨੂੰ ਸਾਰਾ ਪਤੈ ਥੋਡੀ ਪਾਰਟੀ `ਚ ਕੌਣ-ਕੌਣ ਨੇ। ਜੇ ਤੂੰ ਭਲੀ ਪੱਤ ਨਾਲ ਦੱਸਣੈ ਤਾਂ ਦੱਸਦੇ। ਉਦੋਂ ਵੀ ਦੱਸੇਂਗਾ ਜਦੋਂ ਸੱਤਿਆਜੀਤ ਸਾਹਮਣੇ ਲੈ ਆਂਦਾ ਪਰ ਬੱਚੂ ਫੇਰ ਅਸੀਂ ਤੈਨੂੰ ਮਾਫ਼ ਨਹੀਂ ਕਰਨਾ…।” ਥਾਣੇਦਾਰ ਵੱਲੋਂ ਮਾਰੀ ਠਿੱਬੀ ਬਾਰੇ ਦੱਸਦਾ-ਦੱਸਦਾ ਮੈਂਗਲ ਧੋਖਾ ਖਾ ਜਾਣ ਬਾਰੇ ਦੱਸਣ ਲੱਗਿਆ- “ਫੇਰ ਭਰਾਵਾ ਸੱਤਿਆਜੀਤ! ਮੈਂ ਸਮਝ ਗਿਆ ਕਿ ਤੂੰ ਸੱਚੀਉਂ ਫੜਿਆ ਗਿਆ ਹੋਵੇਂਗਾ। ਤੂੰ ਸੱਚੀਉਂ ਸਾਰਾ ਕੁਛ ਦੱਸ ਦਿੱਤਾ ਹੋਊ… ਤੇ ਫੇਰ ਭਰਾਵਾ! ਜਿਹੜਾ ਕੁਛ ਮੈਨੂੰ ਪਤਾ ਸੀ, ਸਾਰਾ ਕੁਛ ਉਹ ਬਕ ਦਿੱਤਾ…।”
ਮੈਂਗਲ ਸ਼ਰਮਸਾਰ ਹੋਇਆ ਬੋਲਣੋਂ ਬੰਦ ਹੋਇਆ। ਸੱਤਿਆਜੀਤ ਵੀ ਅਫਸੋਸਿਆ ਜਿਹਾ ਗਿਆ। ਕੁਝ ਸੈਕਿੰਡ ਦੋਵਾਂ ਦਰਮਿਆਨ ਸੰਘਣੀ ਚੁੱਪ ਪਸਰੀ। ਫੇਰ ਸੱਤਿਆਜੀਤ ਨੇ ਅਫਸੋਸੇ ਅੰਦਾਜ਼ `ਚ ਚੁੱਪ ਤੋੜੀ, “ਖੈਰ ਮੈਂਗਲਾ! ਹੋਇਆ ਤਾਂ ਮਾੜਾ। ਲੋਕ ਆਖਣਗੇ- ਨਕਸਲਬਾੜੀ ਲਹਿਰ ਦਾ ਪਹਿਲਾ ਬੰਦਾ ਫੜਿਆ ਗਿਆ ਤੀ, ਉਸ ਨੇ ਸਾਰਾ ਕੁਛ ਦੱਸ’ਤਾ। ਇਉਂ ਇਖਲਾਕੀ ਪੱਖੋਂ ਲਹਿਰ ਨੂੰ ਸੱਟ ਤਾਂ ਜ਼ਰੂਰ ਵੱਜੂ ਪਰ ਹੁਣ ਬਿਨਾਂ ਪਛਤਾਉਣ ਤੋਂ ਹੋਰ ਕੁਛ ਕੀਤਾ ਵੀ ਨਹੀਂ ਜਾ ਸਕਦਾ। ਫੇਰ ਵੀ ਤੂੰ ਹੌਸਲਾ ਰੱਖ।”
“ਜੇ ਕਿਤੇ ਓਦੋਂ ਮੇਰੇ ਦਿਮਾਗ `ਚ ਆ ਜਾਂਦਾ ਕਿ ਪੁਲਸੀਏ ਬੰਦੇ ਨੂੰ ਮਨਾਉਣ ਖਾਤਰ ਸੌ-ਸੌ ਚਾਲਾਂ ਚੱਲਦੇ ਐ… ਤਾਂ ਮੈਂ ਕੁਛ ਨਾ ਦੱਸਦਾ। ਭਾਵੇਂ ਬੁੱਚੜ ਮੈਨੂੰ ਜਾਨੋਂ ਕਿਉਂ ਨਾ ਮਾਰ ਦਿੰਦੇ।”
“ਦਰਅਸਲ ਮੈਂਗਲਾ! ਤੈਨੂੰ ਮਨ `ਚ ਏਹੋ ਧਾਰ ਲੈਣੀ ਚਾਹੀਦੀ ਸੀ- ਮੈਂ ਕੁਛ ਨਹੀਂ ਦੱਸਣਾ, ਬੇਸ਼ੱਕ ਕੁਛ ਵੀ ਹੋ ਜਾਵੇ।”
“ਓਦੋਂ ਜੇ ਐਨੀ ਔੜ੍ਹ ਜਾਂਦੀ ਤਾਂ ਭਰਾਵਾ! ਮੱਥੇ ਆਹ ਕਲੰਕ ਦਾ ਟਿੱਕਾ ਕਾਸ ਨੂੰ ਲੱਗਦਾ।”
“ਹੁਣ ਹੌਸਲਾ ਰੱਖ। ਜੋ ਹੋ ਗਿਆ- ਸੋ ਹੋ ਗਿਆ। ਨਾਲੇ ਤੂੰ ਕਿਹੜਾ ਜਾਣ-ਬੁਝ ਕੇ ਇਹ ਮਾੜਾ ਕੰਮ ਕੀਤੈ।”
ਉਹ ਉੱਥੇ ਬੈਠੇ ਕੁਝ ਮਿੰਟ ਹੋਰ ਗੱਲਾਂ ਕਰਦੇ ਰਹੇ। ਫੇਰ ਉਹ ਵੱਟ ਉੱਤੋਂ ਉੱਠ ਕੇ ਛੱਪਰ ਵੱਲ ਤੁਰੇ। ਉਹ ਜਦ ਉਹਨਾਂ ਕੋਲ ਵਾਪਿਸ ਪਹੁੰਚੇ, ਉਦੋਂ ਉਹ ਸਾਰੇ ਚਾਹ ਪੀ ਰਹੇ ਸਨ। ਜੱਗੇ ਨੇ ਖਾਲੀ ਹੋਈਆਂ ਬਾਟੀਆਂ, ਨੇੜਲੇ ਖਾਲ੍ਹ ਵਿਚਲੇ ਪਾਣੀ ਨਾਲ ਧੋ ਕੇ ਚੁੱਲ੍ਹੇ ਉਤਲੀ ਪਤੀਲੀ ਵਿਚਲੀ ਚਾਹ ਦੋ ਬਾਟੀਆਂ ਵਿਚ ਪਾ ਕੇ ਮੈਂਗਲ ਅਤੇ ਸੱਤਿਆਜੀਤ ਨੂੰ ਫੜਾਈ। ਅਸਮਾਨ ਵਿਚ ਚੰਦ ਪਹਿਲਾਂ ਦੀ ਤਰ੍ਹਾਂ ਬੱਦਲਾਂ ਨਾਲ ਲੁਕਣ ਮੀਟੀ ਖੇਡੀ ਜਾ ਰਿਹਾ ਸੀ। ਰਾਧੇ ਰਾਮ ਅਤੇ ਮੈਂਗਲ, ਸੱਤਿਆਜੀਤ ਹੋਰਾਂ ਨਾਲ ਹੱਥ ਮਿਲਾ ਕੇ ਮੁੜ ਉਸੇ ਖਾਲ ਤੁਰੇ ਜਿਸ ਖਾਲ ਉਜਾਗਰ ਉਹਨਾਂ ਨੂੰ ਲੈ ਕੇ ਆਇਆ ਸੀ। ਉਹਨਾਂ ਦੇ ਜਾਣ ਤੋਂ ਕੁਝ ਮਿੰਟ ਪਿੱਛੋਂ ਸੱਤਿਆਜੀਤ ਅਤੇ ਉਜਾਗਰ ਨੇ ਸਾਉਣੀ ਦੀਆਂ ਫ਼ਸਲਾਂ ਦੇ ਖੇਤਾਂ ਵਿਚਦੀ ਅੱਚਰਵਾਲ ਵੱਲ ਜਾਂਦੀ ਡੰਡੀ-ਡੰਡੀ ਚਾਲੇ ਪਾਏ।
ਅੱਚਰਵਾਲ ਦੀਆਂ ਨਿਆਈਆਂ ਵਿਚਲੇ ਇੱਕ ਖੁੱਲ੍ਹੇ ਵਿਹੜੇ ਵਾਲੇ ਘਰ ਦਾ ਕੁੱਤਾ ਪੈੜ-ਚਾਲ ਕੰਨੀਂ ਪੈਂਦਿਆਂ ਹੀ ਭੌਂਕਣ ਲੱਗਿਆ। ਘਰ ਦੇ ਵਿਹੜੇ ਵਿਚ ਸੁੱਤੇ ਪਏ ਵਿਯੋਗੀ ਦੇ ਮੰਜੇ ਨੇੜਲੇ ਦੂਸਰੇ ਮੰਜੇ ਉੱਤੇ ਜਾਗਦੇ ਪਏ ਘਰ ਦੇ ਮਾਲਕ ਅਮਰ ਨੇ ਬੋਲਣ ਸਮੇਂ ਬਹੁਤੀ ਨੱਕ ਦੀ ਵਰਤੋਂ ਕਰਦਿਆਂ ਭੌਂਕਦੇ ਕੁੱਤੇ ਨੂੰ ਝਿੜਕਦਿਆਂ ਕਿਹਾ, “ਬਹਿਨੈ ਕਿ ਨਹੀਂ ਕਤੀਹੜਾ ਪਰਾਂ।” ਕੁੱਤਾ ਪੂਛ ਲੱਤਾਂ `ਚ ਲੈ ਕੇ ਮੁੜ ਬੈਠ ਗਿਆ। ਸਉਲੇ ਰੰਗ, ਪਤਲੇ ਵਾਲ਼ਾਂ ਵਾਲੀ ਦਾੜ੍ਹੀ-ਮੁੱਛਾਂ ਵਾਲੇ ਅਮਰ ਨੇ ਮੰਜੇ ਉੱਤੋਂ ਉੱਠ ਕੇ ਆਮ ਰਾਹ ਉਤਲੇ ਫੱਟਿਆਂ ਵਾਲਾ ਫਾਟਕ ਖੋਲਿ੍ਹਆ। ਸੱਤਿਆਜੀਤ ਅਤੇ ਉਜਾਗਰ ਘਰ ਦੇ ਮਾਲਕ ਅਮਰ ਕੋਲ ਦੀ ਲੰਘ ਕੇ ਸਬਾਤ `ਚ ਵਿਛੀ ਦਰੀ ਉਤਲੇ ਗਦੈਲਿਆਂ ਉੱਤੇ ਸੁੱਤੇ ਪਏ ਬੰਤ ਰਾਏਪੁਰ, ਬਾਬਾ ਬੂਝਾ ਸਿੰਘ ਅਤੇ ਦਇਆ ਸਿੰਘ ਹੋਰਾਂ ਕੋਲ ਜਾ ਕੇ ਪਏ। ਕੁਝ ਮਿੰਟਾਂ ਬਾਅਦ ਹੀ ਉਹਨਾਂ ਨੂੰ ਨੀਂਦ ਨੇ ਆ ਘੇਰਿਆ। ਪੰਜਾਬ ਦੀ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੂਸਰੇ ਦਿਨ ਦੀ ਸਵੇਰ ਦੇ ਅੱਠ ਵਜੇ ਸ਼ੁਰੂ ਹੋਈ। ਉਜਾਗਰ ਸਿੰਘ, ਬਾਹਰ ਡਹੇ ਮੰਜੇ ਉੱਤੇ ਕੁਆਰਡੀਨੇਸ਼ਨ ਕਮੇਟੀ ਦੀ ਸਬਾਤ `ਚ ਚੱਲ ਰਹੀ ਮੀਟਿੰਗ ਦੀ ਸੁਰੱਖਿਆ ਕਰਨ ਦੀ ਡਿਊਟੀ ਦੇਣ ਲਈ ਪਹਿਲਾਂ ਹੀ ਤੈਨਾਤ ਹੋ ਕੇ ਬੈਠਾ ਸੀ। ਅਮਰ ਨੇ ਮੀਟਿੰਗ ਕਰ ਰਹੇ ਕਾਮਰੇਡ ਲਈ ਚਾਹ ਅਤੇ ਖਾਣਾ ਤਿਆਰ ਕਰਵਾਉਣ ਦੀ ਡਿਊਟੀ ਸੰਭਾਲ ਲਈ ਸੀ।
ਮੀਟਿੰਗ ਦੇ ਸ਼ੁਰੂ ਵਿਚ ਹੀ ਸੱਤਿਆਜੀਤ ਵੱਲੋਂ ਮੈਂਗਲ ਵਿਚ ਆਈ ਕਮਜ਼ੋਰੀ ਦੀ ਰਿਪੋਰਟ ਕੀਤੀ ਗਈ। ਕਮੇਟੀ ਮੈਂਬਰਾਂ ਨੇ ਮੈਂਗਲ ਵਿਚ ਆਈ ਕਮਜ਼ੋਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਦੋ-ਸਵਾ ਦੋ ਘੰਟਿਆਂ ਦੇ ਲੰਬੇ ਵਿਚਾਰ-ਵਟਾਂਦਰੇ ਦੌਰਾਨ ਬਹੁਮਤ ਨਾਲ ਅਜਿਹੇ ਫ਼ੈਸਲੇ ਲਏ ਕਿ ਪੰਜਾਬ ਕੁਆਰਡੀਨੇਸ਼ਨ ਕਮੇਟੀ ਦੇ ਮੈਂਬਰਾਂ ਨੂੰ ਤੁਰੰਤ ਅੰਡਰਗਰਾਊਂਡ ਹੋ ਕੇ ਕੁਲਵਕਤੀ ਬਣ ਜਾਣਾ ਚਾਹੀਦਾ ਹੈ। ਉਹਨਾਂ ਸੰਪਰਕਾਂ ਵਿਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਹਨਾਂ ਸੰਪਰਕਾਂ ਦਾ ਮੈਂਗਲ ਨੂੰ ਪਤਾ ਹੈ। ਅਗਲੇ ਕੰਮਾਂ ਦੇ ਅਜੰਡੇ ਨੂੰ ਵਿਚਾਰਦਿਆਂ ਫ਼ੈਸਲਾ ਲਿਆ ਗਿਆ ਕਿ ਭੀਖੀ ਵਾਲੇ ਲਾਲੇ ਦੀ ਮਾਲਕੀ ਹੇਠਲੀ ਜ਼ਮੀਨ ਉੱਤੇ ਖੇਤ ਮਜ਼ਦੂਰਾਂ, ਗਰੀਬ ਕਿਸਾਨਾਂ ਅਤੇ ਹੋਰ ਕਿਰਤੀਆਂ ਨੂੰ ਨਾਲ ਲੈ ਕੇ ਅਤੇ ਢੋਲ ਵਜਾ ਕੇ ਲਾਲ ਝੰਡਾ ਲਹਿਰਾਇਆ ਜਾਵੇਗਾ। ਹਕੀਮਾਂ ਵਾਲੇ ਜਗੀਰਦਾਰ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਬੇਜ਼ਮੀਨੇ ਅਤੇ ਗਰੀਬ ਕਿਸਾਨਾਂ ਨੂੰ ਖੇਤਾਂ `ਤੇ ਕਬਜ਼ਾ ਕਰਨ ਲਈ ਤਿਆਰ ਕੀਤਾ ਜਾਵੇਗਾ। ਬਿਰਲੇ ਦੇ ਰੋਪੜ ਵਿਚਲੇ ਬੀਜ ਫਾਰਮ `ਤੇ ਕਬਜ਼ਾ ਕਰਨ ਲਈ ਉਸ ਫਾਰਮ `ਚ ਕੰਮ ਕਰਨ ਵਾਲੇ ਕਿਰਤੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਕੁਆਰਡੀਨੇਸ਼ਨ ਕਮੇਟੀ ਪੰਜਾਬ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਇਹ ਫੈਸਲੇ ਲੈਣ ਬਾਅਦ ਮੀਟਿੰਗ ਸ਼ਾਮ ਨੂੰ ਸਮਾਪਤ ਹੋਈ। ਫੇਰ ਦਿਨ ਦੇ ਛਿਪਾ ਦੇ ਘੁਸਮੁਸੇ ਵਿਚ ਕਮੇਟੀ ਮੈਂਬਰ ਉੱਥੋਂ ਚੌਕਸੀ ਨਾਲ ਆਪੋ-ਆਪਣੇ ਕੰਮ-ਖੇਤਰ ਨੂੰ ਰਵਾਨਾ ਹੋਏ।
ਕੁਆਰਡੀਨੇਸ਼ਨ ਕਮੇਟੀ ਦੇ ਮੈਂਬਰ ਆਪੋ-ਆਪਣੇ ਕੰਮ-ਖੇਤਰ ਵਿਚ ਪਹੁੰਚ ਕੇ ਤੈਅ ਕੀਤੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਗੁਪਤ ਰਹਿੰਦੇ ਸਰਗਰਮ ਹੋਏ। ਦਇਆ ਸਿੰਘ ਗੁਰਦੇਵ ਮਾਸਟਰ ਨੂੰ ਨਾਲ ਲੈ ਕੇ ਰਾਤਾਂ ਨੂੰ ਗੁਪਤ ਅੱਡਿਆਂ `ਤੇ ਬਿਰਲਾ ਬੀਜ ਫਾਰਮ ਦੇ ਕਿਰਤੀਆਂ ਦੀ ਯੂਨੀਅਨ ਦੇ ਆਗੂਆਂ ਨੂੰ ਬੀਜ ਫਾਰਮ `ਤੇ ਕਬਜ਼ਾ ਕਰਨ ਦੀ ਸੇਧ ਦੇਣ ਵਿਚ ਜੁਟਿਆ। ਬਾਬਾ ਬੂਝਾ ਸਿੰਘ ਨੇ ਪੰਜਾਬ ਦੇ ਵੱਖੋ-ਵੱਖਰੇ ਜ਼ਿਲਿ੍ਹਆਂ ਦੇ ਜ਼ਿੰਮੇਵਾਰ ਕਾਮਰੇਡਾਂ ਵੱਲੋਂ ਆਪੋ-ਆਪਣੇ ਜ਼ਿਲ੍ਹੇ ਦੇ ਸਰਗਰਮਾਂ ਦੇ ਵਿਉਂਤੇ ਸਟੱਡੀ ਸਰਕਲਾਂ `ਚ ਪਹੁੰਚ ਕੇ ਮਾਰਕਸਵਾਦ-ਲੈਨਿਨਵਾਦ ਅਤੇ ਮਾਉ ਵਿਚਾਰਧਾਰਾ ਦਾ ਚਾਨਣ ਵਿਖੇਰਨਾ ਸ਼ੁਰੂ ਕੀਤਾ। ਕਾਮਰੇਡ ਗੰਧਰਵ ਸੈਨ ਨੇ ਸ਼ਿਵਾਲਕ ਦੀਆਂ ਪਹਾੜੀਆਂ ਅੰਦਰਲੇ ਹਾਜੀਪੁਰ ਖੇਤਰ `ਚ ਪਹੁੰਚ ਕੇ ਆਪਣੇ ਪੈਪਸੂ ਮੁਜ਼ਾਰਾ ਘੋਲ ਦੇ ਕੀਮਤੀ ਤਜਰਬੇ ਨੂੰ ਸਾਹਮਣੇ ਰੱਖਦਿਆਂ ਉਸ ਇਲਾਕੇ ਦੇ ਬੇਜ਼ਮੀਨੇ ਗਰੀਬ ਕਿਰਤੀਆਂ ਦਾ ਜ਼ਰਈ ਘੋਲ ਵਿਕਸਤ ਕਰਨ ਲਈ ਮਿਹਨਤ ਕਰਨੀ ਸ਼ੁਰੂ ਕੀਤੀ। ਇਸ ਕੰਮ ਵਿਚ ਗੰਧਰਵ ਸੈਨ ਮੁਜ਼ਾਰਾ ਲਹਿਰ `ਚ ਆਪਣੇ ਨੇੜਲੇ ਸਾਥੀ ਰਹੇ ਅਤੇ ਨਕਸਲਬਾੜੀ ਲਹਿਰ ਨੂੰ ਸਿਧਾਂਤਕ ਪੱਖੋਂ ਠੀਕ ਸਮਝਣ ਵਾਲੇ ਕਾਮਰੇਡ ਛੱਜੂ ਰਾਮ ਵੈਦ ਦਾ ਸਹਿਯੋਗ ਵੀ ਸਮੇਂ-ਸਮੇਂ ਸਿਰ ਲੈਣ ਲੱਗਿਆ। ਬੰਤ ਰਾਏਪੁਰ ਅਤੇ ਪ੍ਰੋ. ਸੱਜਣ ਰਾਮਪੁਰਾ ਮੰਡੀ ਨੇੜਲੇ ਪਿੱਥੋ ਪਿੰਡ ਦੇ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਜਾਗਰਿਤ ਕਰਨ ਲੱਗੇ। ਸੱਤਿਆਜੀਤ ਨੇ ਹਕੀਮਾਂ ਪਿੰਡ ਦੇ ਜਗੀਰਦਾਰ ਖਿਲਾਫ਼ ਇਲਾਕੇ ਦੇ ਬੇਜ਼ਮੀਨੇ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਸ਼ੁਰੂ ਕੀਤਾ। ਨਾਜ਼ਮ ਨੇ ਭੀਖੀ ਦੇ ਧਨਾਢ ਲਾਲੇ ਦੀ ਮਾਲਕੀ ਹੇਠਲੀ ਜਮੀਨ `ਤੇ ਕਬਜ਼ਾ ਕਰਨ ਦੇ ਪ੍ਰੋਗਰਾਮ ਨੂੰ ਲੈ ਕੇ ਭੀਖੀ, ਸਮਾਉਂ ਅਤੇ ਨੇੜੇ-ਨੇੜੇ ਦੇ ਹੋਰ ਪਿੰਡਾਂ ਦੇ ਬੇਜ਼ਮੀਨੇ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਲਈ ਦਿਨ-ਰਾਤ ਇੱਕ ਕਰਨਾ ਸ਼ੁਰੂ ਕੀਤਾ।
ਹਕੀਮਾਂ ਪਿੰਡ ਵਾਲੇ ਜਗੀਰਦਾਰ ਦੀ ਦੋ ਪਿੰਡਾਂ ਵਿਚ ਜ਼ਮੀਨ ਸੀ। ਉਸ ਦੀ ਰੱਕੜਾਂ ਪਿੰਡ ਅਤੇ ਹਕੀਮਾਂ ਪਿੰਡ ਵਿਚ ਦੋ ਹਜ਼ਾਰਾਂ ਘੁਮਾਂ ਦੇ ਲੱਗਭੱਗ ਜ਼ਮੀਨ ਸੀ। ਦੋਵਾਂ ਪਿੰਡਾਂ ਅੰਦਰਲੀ ਜ਼ਮੀਨ ਵਿਚ ਕੀਤੀ ਜਾਣ ਵਾਲੀ ਖੇਤੀ ਦੀ ਦੇਖ-ਰੇਖ ਉਸ ਦੇ ਮੁਖਤਿਆਰ ਹੀ ਕਰਦੇ ਸਨ ਕਿਉਂਕਿ ਜਗੀਰਦਾਰ ਆਪ ਪਹਿਲਾਂ ਭਾਰਤੀ ਫੌਜ ਵਿਚ ਜਨਰਲ ਦੇ ਅਹੁਦੇ `ਤੇ ਤੈਨਾਤ ਰਿਹਾ ਸੀ ਤੇ ਫੇਰ ਜਨਰਲ ਦੇ ਅਹੁਦੇ ਤੋਂ ਰਟਾਇਰ ਹੋਣ ਬਾਅਦ ਉਹ ਆਪਣੇ ਪਰਿਵਾਰ ਸਮੇਤ ਪਟਿਆਲੇ ਵਿਚਲੀ ਆਪਣੀ ਆਲੀਸ਼ਾਨ ਕੋਠੀ ਵਿਚ ਰਹਿਣ ਲੱਗ ਪਿਆ ਸੀ। ਬਸ ਉਹ ਰੱਕੜਾਂ ਅਤੇ ਹਕੀਮਾਂ ਪਿੰਡ ਵਿਚਲੇ ਆਪਣੇ ਖੇਤੀ ਫਾਰਮਾਂ ਵਿਚ ਕੁਝ ਦਿਨਾਂ ਲਈ ਹੀ ਆਉਂਦਾ ਸੀ। ਖੇਤੀ ਫਾਰਮਾਂ ਦੇ ਖਰਚ ਆਮਦਨ ਦਾ ਹਿਸਾਬ-ਕਿਤਾਬ ਮੁਖਤਿਆਰ ਉਸ ਨੂੰ ਪਟਿਆਲੇ ਪਹੁੰਚ ਕੇ ਹੀ ਦੇ ਆਉਂਦੇ ਸਨ।
ਸੱਤਿਆਜੀਤ ਨੇ ਇਨਕਲਾਬੀ ਸਿਆਸਤ ਨਾਲ ਤਕੜਾ ਲਗਾਉ ਰੱਖਣ ਵਾਲੇ ਗੁਰਜੀਤ ਨਾਉਂ ਦੇ ਕਾਮਰੇਡ ਰਾਹੀਂ ਹਕੀਮਾਂ ਪਿੰਡ ਦੇ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਬਾਬੂ ਸਿੰਘ ਅਤੇ ਦਲੀਪ ਸਿੰਘ ਹੋਰਾਂ ਦੇ ਘਰੀਂ ਸੋਟੀ ਧਰਾਅ ਕੀਤਾ। ਉਹ ਪੰਜਵੇਂ-ਸੱਤਵੇਂ ਦਿਨ ਰਾਤ-ਬਰਾਤੇ ਗੁਰਜੀਤ ਨੂੰ ਨਾਲ ਲੈ ਕੇ ਬਾਬੂ ਅਤੇ ਦਲੀਪ ਹੋਰਾਂ ਵਿਚੋਂ ਕਿਸੇ ਨਾ ਕਿਸੇ ਦੇ ਘਰ ਚੌਕਸੀ ਨਾਲ ਜਾਂਦੇ ਅਤੇ ਉਹਨਾਂ ਨੂੰ ਸਿਆਸੀ ਪੱਖੋਂ ਸਿੱਖਿਅਤ ਕਰਨ ਲਈ ਨਕਸਲਬਾੜੀ ਦੀ ਵਿਚਾਰਧਾਰਾ ਅਤੇ ਰਾਜਨੀਤੀ ਨਾਲ ਸਬੰਧਿਤ ਗੱਲਾਂ ਸੁਣਾਉਂਦੇ। ਉਸ ਦੀਆਂ ਗੱਲਾਂ ਦਾ ਉਹਨਾਂ `ਤੇ ਇਸ ਪੱਧਰ ਤੱਕ ਪ੍ਰਭਾਵ ਪਿਆ ਕਿ ਖੁਦ ਉਹ ਵੀ ਅਗਾਹਾਂ ਆਪਣੇ ਪਿੰਡ ਦੇ ਕਈ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਉਹੀ ਗੱਲਾਂ ਕਰਨ ਲੱਗੇ। ਦੀਵਿਆਂ ਤੋਂ ਅਗਾਹਾਂ ਦੀਵੇ ਬਲਣ ਲੱਗ ਪਏ ਸਨ। ਇਹ ਅਮਲ ਤਕਰੀਬਨ ਚਾਰ ਜਾਂ ਸਵਾ ਚਾਰ ਮਹੀਨੇ ਚਲਦਾ ਰਿਹਾ। ਫੇਰ ਬਾਬੂ ਅਤੇ ਦਲੀਪ ਨੇ ਇੱਕ ਰਾਤ ਬਾਬੂ ਕੇ ਬਾਹਰਲੇ ਘਰੇ ਚਾਲੀ-ਬਿਆਲੀ ਖੇਤ ਮਜ਼ਦੂਰ ਅਤੇ ਗਰੀਬ ਕਿਸਾਨ ਚੌਕਸੀ ਨਾਲ ਇਕੱਠੇ ਕੀਤੇ ਜਿਹਨਾਂ ਵਿਚ ਬਹੁਤੇ ਨੌਜਵਾਨ ਸਨ। ਰੁੱਖਾਂ ਦੇ ਟੰਬਿਆਂ ਅਤੇ ਸਰਕੜੇ ਨਾਲ ਛੱਤੇ ਬਾਬੂ ਕੇ ਛੱਪਰ `ਚ ਜਗ ਰਹੀ ਲਾਲਟੈਣ ਦੇ ਮੱਧਮ ਚਾਨਣ `ਚ ਵਿਛੀ ਪੱਟੀ `ਤੇ ਬੈਠੇ ਮਜ਼ਦੂਰਾਂ ਕਿਸਾਨਾਂ ਨੂੰ ਇੱਕ-ਦੂਸਰੇ ਦੇ ਚਿਹਰੇ ਧੁੰਦਲੇ-ਧੁੰਦਲੇ ਦਿਸ ਰਹੇ ਸਨ। ਸੱਤਿਆਜੀਤ ਉਹਨਾਂ ਨੂੰ ਸੰਬੋਧਨ ਕਰਦਾ ਬੋਲਣ ਲੱਗਿਆ, “ਦੇਖੋ ਸਾਥੀਓ! ਇਹ ਤੁਸੀਂ ਵੀ ਜਾਣਦੇ ਹੋ ਕਿ ਥੋਡੇ ਪਿੰਡ ਵਾਲੇ ਜਗੀਰਦਾਰ ਕੋਲ ਜਿਹੜੀ ਏਸ ਪਿੰਡ ਵਿਚ ਅਤੇ ਰੱਕੜਾਂ ਪਿੰਡ ਵਿਚ ਹਜ਼ਾਰਾਂ ਘੁਮਾਂ ਜ਼ਮੀਨ ਹੈ, ਉਹ ਜ਼ਮੀਨ ਉਸ ਨੇ ਆਪਣੇ ਢਿੱਡੋਂ ਨਹੀਂ ਜੰਮੀ। ਨਾ ਹੀ ਜਗੀਰਦਾਰ ਦੇ ਪਿਉ-ਦਾਦੇ ਨੇ ਆਪਣੇ ਢਿੱਡੋਂ ਜੰਮੀ ਤੀ। ਥੋਡੇ ਵਿਚਲੇ ਸਿਆਣੀ ਉਮਰ ਦੇ ਸਾਥੀਆਂ ਨੂੰ ਸ਼ਾਇਦ ਪਤਾ ਹੋਵੇਗਾ ਕਿ ਅੰਗਰੇਜ਼ਾਂ ਨੇ ਇਸ ਜਗੀਰਦਾਰ ਦੇ ਪੜਦਾਦੇ ਦਾ ਇਹਨਾਂ ਦੋਵਾਂ ਪਿੰਡਾਂ ਦੀ ਜ਼ਮੀਨ `ਤੇ ਕਬਜ਼ਾ ਕਰਵਾਇਆ ਤੀ ਕਿਉਂਕਿ ਜਗੀਰਦਾਰ ਦਾ ਪੜਦਾਦਾ ਅੰਗਰੇਜ਼ਾਂ ਦਾ ਪੱਕਾ ਝੋਲੀ-ਚੁੱਕ ਤੀ। ਅੰਗਰੇਜ਼ਾਂ ਨੂੰ ਆਪਣੇ ਦੇਸ਼ ਵਿਚੋਂ ਕੱਢਣ ਵਾਲੇ ਦੇਸ਼ਭਗਤਾਂ ਦੇ ਲਹੂ ਦਾ ਪਿਆਸਾ ਤੀ। ਏਸੇ ਕਰ ਕੇ ਅੰਗਰੇਜ਼ਾਂ ਨੇ ਉਸ ਨੂੰ ਦੋਵਾਂ ਪਿੰਡਾਂ ਦੀ ਜ਼ਮੀਨ ਬਖਸ਼ੀ ਤੀ। ਮੇਰੀ ਏਹ ਗੱਲ ਸੁਣ ਕੇ ਸ਼ਾਇਦ ਥੋਡੇ ਵਿਚੋਂ ਕਈ ਸਾਥੀਆਂ ਦੇ ਦਿਮਾਗ ਵਿਚ ਏਹ ਆਇਆ ਹੋਵੇ ਕਿ ਅੰਗਰੇਜ਼ ਤਾਂ ਸੰਨ ਸੰਤਾਲੀ ਵਿਚ ਚਲੇ ਗਏ ਤੀ, ਫੇਰ ਅੰਗਰੇਜ਼ਾਂ ਦੇ ਚਲੇ ਜਾਣ ਬਾਅਦ ਵੀ ਜ਼ਮੀਨ ਜਗੀਰਦਾਰ ਕੋਲ ਕਿਵੇਂ ਰਹਿ ਗਈ?… ਸਾਥੀਓ! ਅੰਗਰੇਜ਼ ਬਿਨਾਂ ਸ਼ੱਕ ਚਲੇ ਗਏ ਪਰ ਉਹ ਜਾਂਦੇ-ਜਾਂਦੇ ਭਾਰਤ ਦੇ ਰਾਜ ਦੀ ਵਾਗਡੋਰ ਭਾਰਤ ਵਿਚਲੇ ਆਪਣੇ ਝੋਲੀ-ਚੁੱਕ, ਇਸ ਜਗੀਰਦਾਰ ਵਰਗੇ ਜਗੀਰਦਾਰਾਂ ਅਤੇ ਟਾਟੇ-ਬਿਰਲੇ ਵਰਗੇ ਸਰਮਾਏਦਾਰਾਂ ਦੇ ਹੱਥ ਠੋਕੇ ਸਿਆਸੀ ਲੀਡਰਾਂ ਦੇ ਹੱਥ ਦੇ ਕੇ ਗਏ ਤੀ। ਏਸੇ ਕਰ ਕੇ ਅੱਜ ਵੀ ਏਹ ਲੁਟੇਰੇ ਭਾਰਤ ਦੀ ਜ਼ਮੀਨ ਅਤੇ ਸਨਅਤ ਦੇ ਬਹੁਤ ਵੱਡੇ ਹਿੱਸੇ ਉੱਤੇ ਕਾਬਜ਼ ਨੇ।”
ਸਰੋਤਿਆਂ `ਚ ਸ਼ਾਮਲ ਹਕੀਮਾਂ ਦੇ ਇੱਕ ਖੇਤ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਰਿਟਾਇਰਡ ਸੂਬੇਦਾਰ ਦੇ ਪੜ੍ਹੇ-ਲਿਖੇ ਮੁੰਡੇ ਬਿਹਾਰੇ ਨੇ ਸੱਤਿਆਜੀਤ ਦੀ ਚੱਲਦੀ ਗੱਲ ਦੇ ਵਿਚਦੀ ਬੋਲਦਿਆਂ ਸਵਾਲ ਕੀਤਾ, “ਕਾਮਰੇਡ ਜੀ! ਹੁਣ ਤਾਂ ਵੋਟਾਂ ਦਾ ਰਾਜ ਐ? ਗਰੀਬ-ਅਮੀਰ ਵੋਟਾਂ ਨਾਲ ਸਰਕਾਰ ਬਣਾਉਂਦੇ ਐ।”
“ਸਾਥੀ! ਬਿਹਾਰੇ ਨੂੰ ਰਾਜ ਅਤੇ ਸਰਕਾਰ ਦਾ ਫਰਕ ਸਮਝਾਉ।” ਦਲੀਪ ਨੇ ਬਿਹਾਰੇ ਦੀ ਗੱਲ ਸੁਣ ਕੇ ਸੱਤਿਆਜੀਤ ਨੂੰ ਸੁਝਾਅ ਦਿੱਤਾ। ਸਰੋਤਿਆਂ ਵਿਚੋਂ ਕਈਆਂ ਹੋਰਾਂ ਨੇ ਵੀ ਰਾਜ ਅਤੇ ਸਰਕਾਰ ਦੇ ਫਰਕ ਨੂੰ ਸਮਝਣ ਦੀ ਮੰਗ ਰੱਖੀ। ਸੱਤਿਆਜੀਤ ਉਹਨਾਂ ਵੱਲੋਂ ਰੱਖੀ ਮੰਗ ਪੂਰੀ ਕਰਨ ਲਈ ਬੋਲਣ ਲੱਗਿਆ, “ਦੇਖੋ ਸਾਥੀਓ! ਰਾਜ ਅਤੇ ਸਰਕਾਰ ਇੱਕੋ ਚੀਜ਼ ਨਹੀਂ। ਦੋ ਚੀਜ਼ਾਂ ਨੇ। ਰਾਜ ਦਾ ਅਰਥ ਉਹ ਡੰਡਾ ਹੈ ਜਿਹੜੇ ਡੰਡੇ ਰਾਹੀਂ ਜਗੀਰਦਾਰ ਜ਼ਮੀਨ ਦੇ ਵੱਡੇ ਹਿੱਸੇ ਉੱਤੇ ਕਾਬਜ਼ ਹੁੰਦੇ ਹਨ। ਸਰਮਾਏਦਾਰ ਸਨਅਤ ਦੇ ਵੱਡੇ ਹਿੱਸੇ ਉੱਤੇ ਕਾਬਜ਼ ਹਨ। ਜਗੀਰਦਾਰ, ਸਰਮਾਏਦਾਰ ਅਤੇ ਦੁਨੀਆ ਦੇ ਵੱਡੇ ਲੁਟੇਰੇ ਰਲ-ਮਿਲ ਕੇ ਖੇਤਾਂ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਕਾਮਿਆਂ ਵੱਲੋਂ ਕੀਤੀ ਜਾਂਦੀ ਕਮਾਈ ਦਾ ਵੱਡਾ ਹਿੱਸਾ ਲੁੱਟ ਲੈਂਦੇ ਹਨ। ਲੁੱਟੇ ਜਾਣ ਵਾਲੇ ਗਰੀਬ ਬਣ ਜਾਂਦੇ ਹਨ। ਲੁੱਟਣ ਵਾਲੇ ਇਹ ਲੁਟੇਰੇ ਅਮੀਰ ਬਣ ਜਾਂਦੇ ਹਨ। ਜਦ ਰਾਜ ਦਾ ਡੰਡਾ ਲੁਟੇਰੇ ਜਗੀਰਦਾਰਾਂ, ਸਰਮਾਏਦਾਰਾਂ ਅਤੇ ਸਾਮਰਾਜੀਆਂ ਦੇ ਹੱਥ ਵਿਚ ਹੁੰਦਾ ਹੈ ਤਾਂ ਗਰੀਬ ਅਮੀਰ ਵਿਚਲਾ ਪਾੜਾ ਵਧਦਾ ਤੁਰਿਆ ਜਾਂਦਾ ਹੈ…।”
“ਰਾਜ ਵਿਚ ਕੀ ਕੁਝ ਆਉਂਦੈ? ਕਾਮਰੇਡ ਹੁਣ ਏਹ ਵੀ ਦੱਸੋ?” ਦਲੀਪ ਨੇ ਸੱਤਿਆਜੀਤ ਦੀ ਚੱਲਦੀ ਗੱਲ ਦੇ ਵਿਚਦੀ ਬੋਲਦਿਆਂ ਕਿਹਾ। ਸੱਤਿਆਜੀਤ ਰਾਜ ਦੀ ਬਣਤਰ ਬਾਰੇ ਦੱਸਣ ਲੱਗਿਆ, “… ਰਾਜ ਵਿਚ ਸਾਥੀਓ ਪੁਲਿਸ, ਫੌਜ, ਅਦਾਲਤਾਂ, ਵਗੈਰਾ-ਵਗੈਰਾ ਚੀਜ਼ਾਂ ਸ਼ਾਮਲ ਨੇ। ਆਪਾਂ ਸਾਰੇ ਜਾਣਦੇ ਆਂ ਕਿ ਪੁਲਿਸ ਦੇ ਸਿਪਾਹੀ, ਫੌਜ ਦੇ ਜਵਾਨਾਂ ਅਤੇ ਅਦਾਲਤਾਂ ਦੇ ਜੱਜਾਂ ਦੀ ਚੋਣ ਲੋਕ ਵੋਟਾਂ ਰਾਹੀਂ ਨਹੀਂ ਕਰਦੇ। ਇਹਨਾਂ ਦੀ ਚੋਣ ਤਾਂ ਪੁਲਿਸ, ਫੌਜ ਅਤੇ ਅਦਾਲਤਾਂ ਦੇ ਵੱਡੇ ਅਫਸਰ ਹੀ ਕਰਦੇ ਹਨ। ਉਹ ਵੱਡੇ ਅਫਸਰ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੇ ਧੀਆਂ-ਪੁੱਤਰ ਹੀ ਹੁੰਦੇ ਹਨ। ਕਿਰਤੀ ਕਾਮਿਆਂ ਕੋਲ ਪੈਸੇ-ਧੇਲੇ ਪੱਖੋਂ ਇੰਨੀ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਆਪਣੇ ਮੁੰਡੇ-ਕੁੜੀਆਂ ਨੂੰ ਜ਼ਿਆਦਾ ਪੜ੍ਹਾ-ਲਿਖਾ ਕੇ, ਵੱਡੇ-ਵੱਡੇ ਅਫਸਰ ਬਣਾ ਸਕਣ। ਸਿਪਾਹੀਆਂ, ਫੌਜੀਆਂ ਅਤੇ ਜੱਜਾਂ ਵਗੈਰਾ ਨੂੰ ਭਰਤੀ ਕਰਨ ਵਾਲੇ ਵੱਡੇ ਅਫਸਰ ਤਾਂ ਸਾਥੀਓ! ਜਗੀਰਦਾਰਾਂ ਸਰਮਾਏਦਾਰਾਂ ਦੇ ਮੁੰਡੇ-ਕੁੜੀਆਂ ਹੀ ਬਣਦੇ ਐ। ਫੇਰ ਇਹ ਵੱਡੇ ਅਫਸਰਾਂ ਦਾ ਟੋਲਾ ਆਪਣੀਆਂ ਅਤੇ ਆਪਣੇ ਸਕੇ-ਸਬੰਧੀਆਂ ਦੀ ਮਾਲਕੀ ਹੇਠਲੀ ਜ਼ਮੀਨ-ਜਾਇਦਾਦਾਂ ਅਤੇ ਕਾਰਖਾਨਿਆਂ ਵਗੈਰਾ ਦੀ ਰਾਖੀ ਕਰਦੈ…।”
“ਤੇ ਬਾਈ ਜੀ! ਸਰਕਾਰ ਕੀ ਹੁੰਦੀ ਐ?” ਪੂਰੇ ਧਿਆਨ ਨਾਲ ਸੱਤਿਆਜੀਤ ਦੀ ਗੱਲ ਸੁਣ ਰਹੇ ਸਰੋਤਿਆਂ ਵਿਚੋਂ ਇੱਕ ਗੱਭਰੂ ਨੇ ਪੁੱਛਿਆ। ਸੱਤਿਆਜੀਤ ਉਸ ਗੱਭਰੂ ਵਲੋਂ ਕੀਤੇ ਸਵਾਲ ਦੇ ਜਵਾਬ ਵਿਚ ਬੋਲਣ ਲੱਗਿਆ, “ਸਾਥੀਆ! ਸਰਕਾਰ ਵੋਟਾਂ ਰਾਹੀਂ ਚੁਣੇ ਜਾਣ ਵਾਲੇ ਐਮ.ਐਲਇਆਂ ਅਤੇ ਐਮ.ਪੀਆਂ ਰਾਹੀਂ ਚੁਣੀ ਜਾਂਦੀ ਹੈ ਜਿਹੜੀ ਪੰਜ ਸਾਲਾਂ ਬਾਅਦ ਬਦਲਦੀ ਰਹਿੰਦੀ ਐ।”
“ਕਾਮਰੇਡ ਜੀ! ਰਾਖਵਾਂਕਰਨ ਕਰ ਕੇ ਤਾਂ ਗਰੀਬਾਂ ਵਿਚੋਂ ਵੀ ਐਮ.ਐਲ.ਏ., ਐਮ.ਪੀ. ਚੁਣੇ ਜਾਂਦੇ ਨੇ।” ਬਿਹਾਰੇ ਨੇ ਸੱਤਿਆਜੀਤ ਦੀ ਗੱਲ ਦੇ ਵਿਚਦੀ ਬੋਲਦਿਆਂ ਟਿੱਪਣੀ ਕੀਤੀ। ਉਹ ਉਸ ਵੱਲੋਂ ਕੀਤੀ ਟਿੱਪਣੀ ਨੂੰ ਰੱਦ ਕਰਨ ਲੱਗਿਆ, “… ਸਾਥੀ! ਰਾਖਵੇਂਕਰਨ ਰਾਹੀਂ ਚੁਣੇ ਗਏ ਦਲਿਤ ਅਸੈਂਬਲੀ ਔਰ ਪਾਰਲੀਮੈਂਟ ਵਿਚ ਅਸਰਦਾਰ ਭੂਮਿਕਾ ਨਿਭਾਉਣ ਤੋਂ ਅਸਮਰੱਥ ਹੁੰਦੇ ਨੇ ਕਿਉਂਕਿ ਇੱਕ ਤਾਂ ਰਾਖਵਾਂਕਰਨ ਰਾਹੀਂ ਚੁਣੇ ਜਾਣ ਵਾਲੇ ਐਮ.ਐਲਇਆਂ ਅਤੇ ਐਮ.ਪੀਆਂ ਦੀ ਗਿਣਤੀ ਆਟੇ ਵਿਚ ਲੂਣ ਜਿੰਨੀ ਹੁੰਦੀ ਐ। ਇੱਕ ਉਹ ਜਗੀਰਦਾਰਾਂ ਸਰਮਾਏਦਾਰਾਂ ਦੀਆਂ ਸਿਆਸੀ ਪਾਰਟੀਆਂ ਦੀ ਟਿਕਟ ਅਤੇ ਸਪੋਰਟ ਨਾਲ ਐਮ.ਐਲ.ਏ., ਐਮ.ਪੀ. ਬਣੇ ਹੁੰਦੇ ਨੇ। ਏਸ ਲਈ ਉਹ ਉਹਨਾਂ ਪਾਰਟੀਆਂ ਤੋਂ ਇੱਕ ਇੰਚ ਵੀ ਬਾਹਰ ਹੋ ਕੇ ਨਹੀਂ ਚੱਲ ਸਕਦੇ।”
“ਬਾਈ ਦੀ ਬਾਤ ਬਿਹਾਰਿਆ ਸੋਲਾਂ ਆਨੇ ਖਰੀ ਐ।” ਇੱਕ ਸਰੋਤਾ ਸੱਤਿਆਜੀਤ ਦੀ ਗੱਲ ਦੀ ਹਮਾਇਤ ਵਿਚ ਬੋਲਦਾ ਬਿਹਾਰੇ ਨੂੰ ਕਹਿਣ ਲੱਗਿਆ, “… ਰਿਜ਼ਰਵੇਸ਼ਨ ਨਾਲ ਚੁਣੇ ਜਾਂਦੇ ਰਹੇ ਐਮ.ਐਲ.ਏ. ਔਰ ਐਮ.ਪੀ. ਹਾਲੇ ਤੱਕ ਜ਼ਮੀਨ ਹੱਦਬੰਦੀ ਦੇ ਕਨੂੰਨਾਂ ਨੂੰ ਤਾਂ ਲਾਗੂ ਕਰਵਾ ਨਹੀਂ ਸਕੇ। ਜ਼ਮੀਨ ਹੱਦਬੰਦੀ ਦੇ ਅਠਾਰਾਂ ਸਟੈਂਡਰਡ ਏਕੜ ਕਨੂੰਨ ਦੇ ਬਾਵਜੂਦ ਇਹ ਜਗੀਰਦਾਰ ਹਜ਼ਾਰਾਂ-ਹਜ਼ਾਰਾਂ ਏਕੜ ਜ਼ਮੀਨ ਰੱਖੀ ਬੈਠੇ ਨੇ।”
“ਭਰਾਵੋ! ਬਿਹਾਰਾ ਤਾਂ ਪੜ੍ਹ-ਲਿਖ ਕੇ ਵੀ ਬੁਧੂ ਐ… ਏਹਨੂੰ ਏਹ ਨੀ ਪਤਾ.. ਕਿ ਜ਼ਮੀਨ ਦੀ ਵੱਟ ਪਿੱਛੇ ਤਾਂ ਸਿਰ ਪਾਟ ਜਾਂਦੇ ਐ। ਬਿਨਾਂ ਡਾਂਗ ਤੋਂ ਕਿਹੜਾ ਬੇਜ਼ਮੀਨਿਆਂ ਨੂੰ ਮੁਰੱਬੇ ਦੇਦੂ।”
“ਏਸ ਸਾਥੀ ਦਾ ਕਹਿਣਾ ਸਾਥੀਓ ਪੂਰਾ ਠੀਕ ਐ”, ਸੱਤਿਆਜੀਤ ਆਪਣੇ ਤੋਂ ਪਹਿਲਾਂ ਬੋਲਣ ਵਾਲੇ ਸਰੋਤੇ ਦੀ ਗੱਲ ਨੂੰ ਆਧਾਰ ਬਣਾ ਕੇ ਜ਼ਮੀਨੀ ਇਨਕਲਾਬ ਦੀ ਰਾਜਨੀਤੀ ਦੱਸਣ ਲੱਗਿਆ। ਇਸ ਰਾਜਨੀਤੀ ਬਾਰੇ ਦੱਸਦਿਆਂ-ਦੱਸਦਿਆਂ ਉਸ ਨੇ ਉਹਨਾਂ ਨੂੰ ਨਕਸਲਬਾੜੀ ਦੇ ਜ਼ਮੀਨੀ ਘੋਲ ਬਾਰੇ ਖੋਲ੍ਹ ਕੇ ਦੱਸਣਾ ਸ਼ੁਰੂ ਕੀਤਾ। ਉਸ ਦੀਆਂ ਗੱਲਾਂ ਦਾ ਸਰੋਤਿਆਂ ਦੇ ਮਨਾਂ `ਤੇ ਹੋ ਰਹਿਆ ਪ੍ਰਤੀਕਰਮ ਉਹਨਾਂ ਦੇ ਚਿਹਰਿਆਂ `ਤੇ ਸਪਸ਼ਟ ਨਜ਼ਰ ਆ ਰਿਹਾ ਸੀ। ਬਹੁਤੇ ਸਰੋਤਿਆਂ ਦੇ ਚਿਹਰੇ ਜੋਸ਼ ਅਤੇ ਹੌਸਲੇ ਦੇ ਮਿਸ਼ਰਨ ਨਾਲ ਦਗ-ਦਗ ਕਰਨ ਲੱਗ ਪਏ ਸਨ। ਕਈਆਂ ਦੇ ਚਿਹਰਿਆਂ `ਤੇ ਗੰਭੀਰਤਾ ਸੀ। ਡਰ ਇੱਕ-ਦੁੱਕਾ ਦੇ ਚਿਹਰਿਆਂ ਉੱਤੇ ਸੀ।
ਸੱਤਿਆਜੀਤ ਵਲੋਂ ਪੰਦਰਾਂ-ਵੀਹਾਂ ਦਿਨਾਂ ਦੇ ਵਕਫੇ ਨਾਲ ਕਰਵਾਈਆਂ ਜਾਣ ਵਾਲੀਆਂ ਮੀਟਿੰਗਾਂ ਵਿਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਵਧਦੀ ਗਈ। ਇੱਕ ਮੀਟਿੰਗ ਵਿਚ ਸੱਤਿਆਜੀਤ ਨੇ ਬਠਿੰਡਾ ਜ਼ਿਲ੍ਹੇ ਵਿਚਲੇ ਭੀਖੀ ਕਸਬੇ ਦੇ ਇੱਕ ਲਾਲੇ ਦੀ ਮਕਾਉਂ ਪਿੰਡ ਨੇੜਲੀ ਜ਼ਮੀਨ ਉੱਤੇ ਪੰਜਾਬ ਦੇ ਨਕਸਬਾੜੀਆਂ ਦੀ ਕੁਆਰਡੀਨੇਸ਼ਨ ਕਮੇਟੀ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਝੁਲਾਏ ਗਏ ਝੰਡੇ ਅਤੇ ਚਲਾਏ ਗਏ ਹਲਾਂ ਵਾਲੇ ਘੋਲ ਦੀ ਰਿਪੋਰਟ ਕੀਤੀ। ਰਿਪੋਰਟ ਉਸ ਨੇ ਇੰਨੇ ਉਤਸ਼ਾਹ ਅਤੇ ਜੋਸ਼ ਨਾਲ ਕੀਤੀ ਕਿ ਮੀਟਿੰਗ ਵਿਚ ਹਾਜ਼ਰ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਵੱਡੇ ਹਿੱਸੇ ਦਾ ਜੋਸ਼ ਠਾਠਾਂ ਮਾਰਨ ਲੱਗਿਆ। ਜਗੀਰਦਾਰ ਦੀ ਹਕੀਮਾਂ ਪਿੰਡ ਵਿਚਲੀ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਉਸ ਲੜਾਕੂ ਹਿੱਸੇ ਦੇ ਡੌਲੇ ਫਰਕਣ ਲੱਗੇ। ਸੱਤਿਆਜੀਤ, ਨਾਜ਼ਮ ਅਤੇ ਨਿਰੰਜਨ ਸਿੰਘ ਅਕਾਲੀ ਹੋਰਾਂ ਦੀ ਅਗਵਾਈ ਹੇਠ ਕਬਜ਼ਾ ਕਰਨ ਦੀ ਠੋਸ ਵਿਉਂਤ ਉਲੀਕੀ ਗਈ।
ਕਬਜ਼ਾ ਕਰਨ ਵਾਲੇ ਦਿਨ ਉਲੀਕੀ ਵਿਉਂਤ ਅਨੁਸਾਰ ਬਾਬੂ ਸਿੰਘ ਅਤੇ ਦਲੀਪ ਸਿੰਘ ਝੰਡੇ ਚੁੱਕ ਕੇ ਸੈਂਕੜੇ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਜੂਮ ਦੇ ਮੂਹਰੇ ਲੱਗੇ। ਸੱਤਿਆਜੀਤ, ਨਾਜ਼ਮ, ਗੁਰਜੀਤ, ਨਿਰੰਜਨ ਅਕਾਲੀ, ਉਜਾਗਰ ਮਾਹਮਦਪੁਰ ਅਤੇ ਕਈ ਹੋਰ ਰੂਪੋਸ਼ ਕਾਮਰੇਡ ਹਥਿਆਰਾਂ ਨਾਲ ਲੈਸ ਹੋ ਕੇ ਕੂਚ ਕਰ ਰਹੇ ਕਿਰਤੀ ਕਾਮਿਆਂ ਦੇ ਹਜੂਮ ਦੀ ਰਾਖੀ ਲਈ ਉਸ ਹਜੂਮ ਦੇ ਆਸੇ-ਪਾਸੇ ਤੁਰਨ ਲੱਗੇ। ਢੋਲ ਦੀ ਦੈਂਗੜ-ਦੈਂਗੜ ਅਤੇ ਨਾਅਰਿਆਂ ਦੀ ਗੂੰਜ ਨੇ ਜਗੀਰਦਾਰ ਦੀ ਜ਼ਮੀਨ ਵਿਚਲੀ ਕੋਠੀ ਵਿਚ ਰਹਿੰਦੇ ਮੁਖਤਿਆਰ ਨੂੰ ਕਾਂਬਾ ਛੇੜਿਆ। ਉਹ ਹਜੂਮ ਦੇ ਜ਼ਮੀਨ ਵਿਚ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਫ਼ਸਲਾਂ ਵਿਚਦੀ ਵਹੁਵੀਟ ਗਿਆ। ਕਾਮਿਆਂ ਵੱਲੋਂ ਜ਼ਮੀਨ ਵਿਚਲੇ ਕਿੱਕਰ ਦੇ ਰੁੱਖ ਉੱਤੇ ਲਾਲ ਝੰਡਾ ਲਹਿਰਾਇਆ ਗਿਆ। ਤੂੜੀ ਵਾਲੇ ਕੁੱਪ ਨੂੰ ਅੱਗ ਲਾਈ ਗਈ। ਖਾਲੀ ਪਈ ਜ਼ਮੀਨ ਵਿਚ ਬੈਲਾਂ ਅਤੇ ਊਠਾਂ ਨਾਲ ਜੁਝਾਰੂਆਂ ਵੱਲੋਂ ਹਲ ਚਲਾਉਣੇ ਸ਼ੁਰੂ ਕੀਤੇ ਗਏ। ਢੋਲ ਦੀ ਦੈਂਗੜ-ਦੈਂਗੜ ਅਤੇ ‘ਜ਼ਮੀਨ ਹਲਵਾਹਕ ਦੀ’ ਨਾਅਰਿਆਂ ਦੀ ਗੂੰਜ ਦੂਰ-ਦੂਰ ਤੱਕ ਫੈਲਣ ਲੱਗ ਪਈ ਸੀ।
ਇਹ ਸਾਰਾ ਕੁਝ ਹੋਣ ਦੇ ਬਾਵਜੂਦ ਕੁਝ ਦਿਨ ਜਗੀਰਦਾਰ ਦੇ ਕਿਸੇ ਬੰਦੇ ਅਤੇ ਰਾਜ ਦੇ ਕਿਸੇ ਅਫਸਰ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ ਪਰ ਹਫਤੇ ਬਾਅਦ ਪੁਲਿਸ ਨੇ ਬਾਬੂ ਅਤੇ ਦਲੀਪ ਹੋਰਾਂ ਦੇ ਘਰਾਂ ਨੂੰ ਆ ਘੇਰਿਆ। ਉਹ ਘਰ ਨਾ ਹੋਣ ਕਾਰਨ ਪੁਲਿਸ ਦੇ ਹੱਥ ਆਉਣ ਬਚ ਗਏ ਅਤੇ ਆਥਣ-ਉਗਣ ਪੈਣ ਲੱਗੇ ਪੁਲਿਸ ਛਾਪਿਆਂ ਕਾਰਨ ਉਹ ਰੂਪੋਸ਼ ਹੋ ਗਏ। ਸੱਤਿਆਜੀਤ, ਨਾਜ਼ਮ, ਗੁਰਜੀਤ, ਨਿਰੰਜਨ ਅਕਾਲੀ ਅਤੇ ਉਜਾਗਰ ਮਾਹਮਦਪੁਰ ਹੋਰੀਂ ਪਹਿਲਾਂ ਹੀ ਰੂਪੋਸ਼ ਹੋ ਕੇ ਕੁਲਵਕਤੀ ਬਣੇ ਹੋਏ ਸਨ। ਜਗੀਰਦਾਰ ਅਤੇ ਉਸ ਦੇ ਮੁਖਤਿਆਰ ਨੇ ਖੁਫੀਆ ਵਿਭਾਗ ਦੇ ਸੁਝਾਅ ਨੂੰ ਮੰਨਦਿਆਂ ਹਕੀਮਾਂ ਪਿੰਡ ਵਿਚ ਪਹਿਲਾਂ ਤੋਂ ਹੀ ਆਉਣਾ ਬੰਦ ਕੀਤਾ ਹੋਇਆ ਸੀ। ਸੱਤਿਆਜੀਤ ਅਤੇ ਦੂਸਰੇ ਹੋਰ ਰੂਪੋਸ਼ ਨਕਸਲੀ ਕਾਮਰੇਡਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ ਇਲਾਕੇ ਦੇ ਪਿੰਡਾਂ ਵਿਚਲੇ ਪਾਰਟੀ ਟਿਕਾਣਿਆਂ `ਤੇ ਛਾਪੇ ਮਾਰਨ ਦੀ ਚਲਾਈ ਹੋਈ ਮੁਹਿੰਮ ਤੇਜ਼ ਕੀਤੀ। ਜਗੀਰਦਾਰ ਦੇ ਹਕੀਮਾਂ ਪਿੰਡ ਵਿਚਲੇ ਖੇਤੀ ਫਾਰਮ ਵਿਚਲੀ ਕੋਠੀ ਵਿਚ ਗੋਲੇ ਕਬੂਤਰ ਪਹਿਲਾਂ ਤੋਂ ਹੀ ਬੋਲਣ ਲੱਗੇ ਹੋਏ ਸਨ।